ਸਮੇਂ ਦੀ ਅੱਖ
ਦਰਸ਼ਨ ਜੋਗਾ
ਫੋਨ: +91-9872001856
ਸਮਾਂ ਅਤੇ ਸ਼ਿਕਾਰ `ਚ ਇੱਕੋ ਸਮਾਨਤਾ ਲੱਗਦੀ ਹੈ। ਸਮਾਂ ਬਦਲਦਾ ਹੈ, ਸ਼ਿਕਾਰ ਵੀ ਬਦਲਦਾ ਹੈ, ਪਰ ਸਮਾਂ ਐਸਾ ਜੋ ਕਦੇ ਮੁਆਫ਼ ਨਹੀਂ ਕਰਦਾ। ਸਮੇਂ-ਸਮੇਂ ਦੀ ਗੱਲ ਹੁੰਦੀ ਐ। ਰਿਆਸਤਾਂ ਵੇਲੇ ਦੀ ਗੱਲ ਯਾਦ ਆਉਂਦੀ ਐ। ਮਾਲਵੇ ਦਾ ਇਲਾਕਾ ਰਾਜਿਆਂ ਦਾ ਰਾਜ। ਵਣ, ਕਰੀਰਾਂ, ਕਿੱਕਰਾਂ ਫਰਵਾਹਾਂ ਤੇ ਜੰਡਾਂ ਵਾਲੀ ਧਰਤੀ। ਦੂਰ-ਦੂਰ ਤਕ ਰੋਹੀ। ਰਾਜਾ ਸ਼ਿਕਾਰ ਖੇਡਣ ਨਿਕਲਦਾ। ਲਾਮ-ਲਸ਼ਕਰ ਨਾਲ ਹੁੰਦਾ। ਕਿਸੇ ਪਿੰਡ `ਚੋਂ ਲੰਘਦੇ ਦੀ ਨਿਗ੍ਹਾ ਖੂਹ ਤੋਂ ਪਾਣੀ ਭਰਦੀਆਂ `ਤੇ ਜਾ ਪੈਂਦੀ।
ਮਾਪਿਆਂ ਦੇ ਬਾਗ `ਚ ਖਿੜੀ ਕਲੀ ਕਾਮੁਕ ਅੱਖ ਦਾ ਸ਼ਿਕਾਰ ਹੋ ਜਾਂਦੀ। ਮਨ ਦੀ ਕਿਸੇ ਨੇ ਕੀ ਪੁੱਛਣੀ ਸੀ। ਚੰਮ ਰਸੀਆਂ ਦੇ ਵਿਹੜੇ ਨਾਜ਼ੁਕ ਜ਼ਿੰਦੜੀ ਨਾਲ ਜੋ ਬੀਤੇ ਸੋ ਜਾਣੇ। ਟੱਬਰ ਦੇ ਪਿਤਲੇ ਜੀਅ ਜਗੀਰਾਂ ਦੇ ਮਾਲਕ ਬਣ ਮਾਲੋ-ਮਾਲ ਹੋ ਜਾਂਦੇ। ਪਿੰਡਾਂ ਦੇ ਮਾਲਕ ਬਣ ਜਾਂਦੇ। ਵੇਖਦੇ ਵੇਖਦੇ ਟੁੱਟੇ ਘਰਾਂ `ਚ ਹਵੇਲੀਆਂ ਉਸਰ ਜਾਂਦੀਆਂ। ਕਤਰਵੀਆਂ ਦਾਹੜੀਆਂ ਚਿੱਟੇ ਦੁੱਧ ਪਹਿਰਾਵੇ। ਖ਼ਲਕਤ ਨੇੜੇ ਢੁੱਕ-ਢੁੱਕ ਬਹਿੰਦੀ। ਤਖ਼ਤਾਂ ਨਾਲ ਰਿਸ਼ਤੇ ਜੋ ਜੁੜ ਜਾਂਦੇ। ਅਥਾਹ ਸੁਪਨੇ ਸਜਾਈ ਬੈਠਾ ਕੋਮਲ ਮਨ ਅੰਦਰੇ ਈ ਮਰੋੜਿਆ ਜਾਂਦਾ। ਸੇਰ-ਸੇਰ ਸੋਨੇ, ਚਾਂਦੀ ਦੇ ਜੇਵਰ ਹੱਥਾਂ-ਪੈਰਾਂ `ਚ ਜ਼ਰੂਰ ਛਣਕਦੇ ਦਿਸਦੇ, ਪਰ ਅੰਦਰਲਾ ਕਿਸ ਨੇ ਪੁੱਛਿਆ? ਕੰਡਾ ਤਾਂ ਜ਼ਰੂਰ ਚੁੱਭਦਾ ਹੋਊਗਾ। ਕੋਈ ਚੀਸ ਵੀ ਅੰਦਰ ਵੱਜਦੀ ਹੋਵੇਗੀ। ਬਾਬਲ ਦੇ ਵਿਹੜੇ ਜਦ ਸੁਘੜ ਸਿਆਣੀ ਰੁਤਬੇ ਵਾਲੀ ਆਉਂਦੀ। ਆਂਢ-ਗੁਆਂਢ ਦੀਆਂ ਔਰਤਾਂ ਮੋਹ ਨਾਲ ਮਿਲਦੀਆਂ। ਰੇਸ਼ਮੀ ਲਿਬਾਸ `ਚ ਚੰਦ ਵਰਗੇ ਮੁਖੜੇ `ਚੋਂ ਅਤਰ ਦੀ ਮਹਿਕ ਆਉਂਦੀ। ਅੰਦਰਲਾ ਸੁੰਨ ਹੁੰਦਾ।
—
ਰੰਗੀ ਫੌਜੀ ਛੁੱਟੀ ਆਉਂਦਾ। ਜਹਿਰਮੋਰੀ ਵਰਦੀ ਲਾਹ ਕੇ ਤੇੜ ਚਾਦਰਾ ਬੰਨ੍ਹ ਲੈਂਦਾ। ਪੇਚਾਂ ਵਾਲੀ ਪੱਗ ਦੀ ਥਾਂ ਡੱਬੀਦਾਰ ਪਰਨਾ ਸਿਰ `ਤੇ ਲਪੇਟਦਾ। ਗੋਧੇ ਝਿਊਰ ਹੋਰੀਂ ਤਾਂ ਕਿੱਦੇਂ ਦੇ ਉਡੀਕਦੇ ਹੁੰਦੇ। ਆਥਣੇ ਬਾਣ ਦੇ ਮੰਜਿਆਂ `ਤੇ ਬੈਠਿਆਂ `ਚ ਫੌਜੀ ਦੀ ਥ੍ਰੀ ਐਕਸ ਰੰਮ ਉਡਦੀ। ਤੜਕੇ ਸੰਦੇਹਾਂ ਦਿਨ ਚੜ੍ਹਦੇ ਨਾਲ ਈ ਟੋਲੀ ਤੋੜੇ ਆਲੀ ਬੰਦੂਕ ਲੈ ਕੇ ਖੇਤਾਂ ਨੂੰ ਨਿਕਲ ਜਾਂਦੀ। ਖੇਤਾਂ `ਚ ਖੜੇ ਮੀਂਹ ਦੇ ਪਾਣੀ ਦੀ ਬਣੀ ਝੀਲ `ਚ ਤੈਰਦੀਆਂ ਮੁਰਗਾਬੀਆਂ ਫੌਜੀ ਦੀ ਰਾਈਫ਼ਲ ਦਾ ਨਿਸ਼ਾਨਾ ਬਣਦੀਆਂ। ਹਿੱਕ `ਤੇ ਹੱਥ ਮਾਰ ਕੇ ਇੱਕ ਲੱਤ `ਤੇ ਨੱਚਦਾ ਰੰਗੀ ਬੋਲਦਾ, “ਫੌਜੀ ਦੇ ਨਿਸ਼ਾਨੇ ਤੋਂ ਸ਼ਿਕਾਰ ਭੱਜ ਨ੍ਹੀਂ ਸਕਦਾ।” ਵੇਖਦੇ ਵੇਖਦੇ ਪਲਾਂ `ਚ ਮਨਮੋਹਕ ਜਾਨਵਰ ਫੜ-ਫੜ ਕਰਦਾ ਦਮ ਤੋੜ ਜਾਂਦਾ। ਕਦੇ-ਕਦੇ ਆਥਣੇ ਮੁੜਦਿਆਂ ਦੇ ਹੱਥ `ਚ ਫੜੇ ਪਰਨੇ `ਚੋਂ ਸਹੇ (ਖਰਗੋਸ਼) ਦੀ ਰੱਤ ਚਿਉਂਦੀ ਦਿਸਦੀ। ਜਿੱਦੇਂ ਕਿਤੇ ਏਸ ਟੋਲੀ ਦੇ ਧੱਕੇ ਰੋਝ ਚੜ੍ਹ ਜਾਂਦਾ, ਉਸ ਦਿਨ ਤਾਂ ਸੱਥ `ਚ ਤਖ਼ਤਪੋਸ਼ `ਤੇ ਬੈਠੇ ਗਾਲੜੀ ਵੀ ਛੱਪੜੀ ਵਿਹੜੇ ਬੰਨੀ ਚੱਕਮੇਂ ਪੈਰੀਂ ਹੋ ਲੈਂਦੇ। ਮੁੜਦਿਆਂ ਹਰੇਕ ਨੇ ਪੱਲੇ `ਚ ਸੇਰ-ਸੇਰ ‘ਮਾਲ’ ਪਵਾਇਆ ਹੁੰਦਾ।
ਗੱਲ ਕੀ, ਜਿੰਨੇ ਦਿਨ ਰੰਗੀ ਪਿੰਡ ਰਹਿੰਦਾ ਨਿੱਤ ਮਸਾਲੇ ਭੁਜਦੇ। ਰੰਮ ਮੁਕ ਜਾਂਦੀ। ਠੇਕੇ ਦੀ ਪ੍ਰਧਾਨ ਹੁੰਦੀ। ਕਦੇ-ਕਦੇ ਪਰਦੇ ਨਾਲ ਰੂੜੀ ਮਾਰਕਾ ਵੀ ਰੂੰਅ ਦੇ ਫੰਬੇ ਨਾਲ ਟੇਸਟ ਹੁੰਦੀ। ਇਹ ਬਿਨਾ ਡਿਗਰੀ ਆਲੀ ਦੇ ਆਵਦੇ ਹੀ ਨਜ਼ਾਰੇ ਹੁੰਦੇ। ਵੇਖਦੇ ਵੇਖਦੇ ਰੰਗੀ ਪੈਨਸ਼ਨ ਆ ਗਿਆ। ਵਿਹੜੇ ਆਲਿਆਂ `ਚ ਠੁੱਕ ਬਣਾਉਣ ਨੂੰ ਚਾਰ ਕਮਰਿਆਂ ਦਾ ਸ਼ਹਿਰੀ ਤਰਜ਼ ਦਾ ਮਕਾਨ ਵਿੱਢ ਲਿਆ। ਛੱਤਾਂ ਪੈਗੀਆਂ। ਰੰਗੀ ਦੇ ਰੰਗ ਨਿਆਰੇ ਚਲਦੇ ਰਹੇ। ਪੱਕੇ ਫਰਸ਼ ਜਦੋਂ ਪਹੁੰਚੋਂ ਦੂਰ ਲੱਗਦੇ ਦਿਸੇ, ਇੱਕ ਵਾਰੀ ਗੋਹੇ ਦੀ ਮਿੱਟੀ ਦੀਆਂ ਤਲੀਆਂ ਫੇਰਤੀਆਂ। ਨਾਲੇ ਕਹਿੰਦੇ ਭਰਤ ਨਵੀਂ ਪਾਈ ਐ ਦਬਜੂਗੀ। ਇੱਕ ਦੋ ਬਾਰਾਂ ਨੂੰ ਤਖ਼ਤੇ ਲਗਵਾਲੇ। ਭੈੜੇ ਭੈੜੇ ਯਾਰ ਮੇਰੀ ਬੱਲੋ ਦੇ, ਵੈਲੀ ਜੱਟਾਂ ਦੀ ਢਾਣੀ `ਚ ਰਲਿਆ ਪਿੰਡ `ਚ ਖਹਿਬੜ ਪਿਆ। ਐਸਾ ਉਲਝਿਆ ਜਾਂ ਉਲਝਾਇਆ ਠਾਣੇ ਕਚਹਿਰੀ ਦੇ ਚੱਕਰ `ਚ ਫਸਿਆ `ਕੱਲਾ ਰਹਿ ਗਿਆ। ਕੌਲੀ ਦੇ ਯਾਰ ਭਾਲ਼ੇ ਨਾ ਥਿਆਏ। ਚਾਦਰੇ ਦੀ ਥਾਂ ਤੇੜ ਪਰਨਾ ਰਹਿ ਗਿਆ। ਨਸ਼ੱਈ ਸਰੀਰ ਸਾਥ ਛੱਡ ਗਿਆ। ਘਰ ਦੀਆਂ ਛੱਤਾਂ ਮੀਂਹਾਂ `ਚ ਧਰਲ ਧਰਲ ਚਿਊਣ ਲੱਗ ਪਈਆਂ। ਪੱਕੀਆਂ ਇੱਟਾਂ ਰੇਹੀ ਬਣ ਭੁਰਨ ਲੱਗੀਆਂ। ਰੀਝਾਂ ਨਾਲ ਵਿੱਢਿਆ ਘਰ ਵਿਰਾਨ ਹੋਇਆ ਪਿਆ ਦਿਸਿਆ ਕਰੇ। ਮੁਰਗਾਬੀਆਂ, ਖਰਗੋਸ਼ਾਂ ਦਾ ਸ਼ਿਕਾਰੀ ਵਕਤ ਦਾ ਸ਼ਿਕਾਰ ਹੋ ਗਿਆ। ਹੁਣ ਜਦੋਂ ਕਦੇ ਪਿੰਡ ਦੇ ਛੱਪੜੀ ਵਿਹੜੇ ਕੋਲੋਂ ਦੀ ਲੰਘਦਾਂ, ਰੰਗੀ ਫੌਜ ਦੇ ਠਾਠ-ਬਾਠ ਯਾਦ ਆਉਂਦੇ ਨੇ। ਆਪ ਕਦੇ ਨੀਂ ਦਿਸਿਆ।
—
ਦਫ਼ਤਰ `ਚ ਇਕ ਨਰਮ ਸੁਭਾਅ ਦਾ ਕੂੰਨਾ ਮੁੰਡਾ ਸੀ। ਸਕੂਟਰ ਨੂੰ ਐਂ ਰੱਖਦਾ ਚਮਕਾਅ ਚਮਕਾਅ ਕੇ। ਪੱਗ ਬੰਨਦਾ ਪੋਚਵੀਂ। ਹੋਣੀ ਐਸੀ ਵਾਪਰੀ ਆਥਣੇ ਡਿਊਟੀ ਤੋਂ ਪਿੰਡ ਨੂੰ ਜਾਂਦੇ ਦਾ ਸਕਟੂਰ ਬਿਨਾ ਲਾਈਟਾਂ ਵਾਲੇ ਟਰੈਕਟਰ-ਟਰਾਲੀ `ਚ ਜਾ ਵੱਜਿਆ। ਬੈਂਕ ਤੋਂ ਕਿਸ਼ਤਾਂ `ਤੇ ਲਏ ਟਰੈਕਟਰ ਵਾਲੇ ਜੱਟ ਦੀ ਅਣਗਹਿਲੀ ਨਾਲ ਭਰ ਗੱਭਰੂ ਜੁਆਨ ਮਿੱਠੀ ਦੁਨੀਆ ਤੋਂ ਤੁਰ ਗਿਆ ਭੰਗ ਦੇ ਭਾਣੇ। ਜੱਟ ਤੁਰਿਆ ਜਾਂਦਾ ਮੁਕਦਮੇ `ਚ ਉਲਝ ਗਿਆ। ਆਖੇ, “ਕਰਜ਼ੇ ਨੇ ਤਾਂ ਪਹਿਲਾਂ ਈ ਮਾਰੇ ਏ ਸੀ। ਉਤੋਂ ਆਹ ਹੋਰ ਆ ਪਈ।” ਸ਼ਿਕਾਰ ਫਸ ਗਿਆ, ਸ਼ਿਕਾਰੀਆਂ ਨੂੰ ਮੌਜ ਬਣ ਗਈ। ਪੁਲਸੀਏ ਮੁੱਛਾਂ ਵੱਟ ਦੇਈਂ ਜਾਣ। ਜੱਟ ਵਿਚਾਰਾ ਸਣੇ ਟਰੈਕਟਰ ਸਦਰ ਠਾਣੇ ਪਹੁੰਚ ਗਿਆ। ਕਾਲੇ ਕੋਟ ਨਸੀਹਤਾਂ ਦੇਣ ਲੱਗੇ ਫੀਸ ਬੋਝੇ `ਚ ਪਾ। ਆਖਣ ਕੱਲ੍ਹ ਨੂੰ ਦੁਪਹਿਰ ਤੋਂ ਪਹਿਲਾਂ ਬੰਦਾ ਬਾਹਰ ਆਜੂ ਨਾਲੇ ਟਰੈਕਟਰ ਵੀ। ਇਸ਼ਾਰੇ ਨਾਲ ਸਮਝਾ ਕੇ ਮੁਨਸ਼ੀ ਨੂੰ ਲਿਫ਼ਾਫ਼ਾ ਤਿਆਰ ਕਰਨ ਲਾ`ਤਾ। ਚੰਗਾ ਭਲਾ ਬੰਦਾ ਸ਼ਿਕਾਰ ਹੋ ਗਿਆ। ਸਮਝ ਤਾਂ ਆਉਂਦੀ ਐ, ਪਰ ਕੀ ਕਰੀਏ!
ਮੁੰਡੇ ਵਿਚਾਰੇ ਦੇ ਘਰੇ ਸੱਥਰ ਵਿਛ ਗਿਆ। ਉਹਦੇ ਘਰਵਾਲੀ ਤੇ ਬੱਚਿਆਂ ਦਾ ਫ਼ਿਕਰ ਸਭ ਦੇ ਚਿਹਰਿਆਂ `ਤੇ ਦਿਸਣ ਲਗਿਆ। ਮੂੰਹੋਂ ਮੂੰਹ ਗੱਲਾਂ ਹੋਣ ਲੱਗੀਆਂ। ਸਹੁਰਿਆਂ ਨਾਲ ਬਹੂ ਦੀ ਪਹਿਲਾਂ ਈ ਘੱਟ ਬਣਦੀ ਸੀ। ਅਨਪੜ੍ਹ ਟੱਬਰ ਕੀ ਸੁੱਝੇ? ਮਹਿਕਮੇ ਵਾਲਿਆਂ ਨੇ ਮੁੰਡੇ ਦੀ ਥਾਂ `ਤੇ ਘਰਵਾਲੀ ਨੂੰ ਨੌਕਰੀ ਦੇਣ ਦੇ ਕਾਗ਼ਜ਼ ਤਿਆਰ ਕਰਕੇ ਚੰਡੀਗੜ੍ਹ ਭੇਜ`ਤੇ। ਪਿੱਛਾ ਕੌਣ ਕਰੇ? ਔਰਤ ਰੋਜ਼ ਵਾਂਗੂੰ ਦਫ਼ਤਰ ਦੇ ਗੇੜੇ ਮਾਰਨ ਲੱਗੀ। ਵੇਲਾ ਕਿਹੜੇ ਕੌਣ ਜੇਬ `ਚੋਂ ਪੰਜੀ ਕੱਢਦੈ। ਜੇ ਕੋਈ ਘਰਵਾਲਿਆਂ `ਚੋਂ ਮਗਰ ਜਾਵੇ ਤਾਂ ਹੀ ਐਂ। ਬਾਬੂ ਆਪਣੀ ਦਫ਼ਤਰੀ ਭਾਸ਼ਾ `ਚ ਗੱਲ ਕਰਕੇ ਖਹਿੜਾ ਛੁਡਾਅ ਜਾਂਦੇ। ਔਰਤ ਆਖੇ ਮੇਰੀ ਕੋਈ ਸੁਣਦਾ ਨ੍ਹੀਂ।
ਕਈ ਦਿਨਾਂ ਮਗਰੋਂ ਦਫ਼ਤਰ ਦਾ ਚਪੜਾਸੀ ਉਹਦੇ ਨੌਕਰੀ ਦੇ ਕਾਗਜ਼ ਦਫ਼ਤਰ `ਚ ਫੜਾਈ ਜਾਵੇ। ਪੁੱਛਣ `ਤੇ ਕਹਿਣ ਲੱਗਿਆ, “ਜੀ ਤਿੰਨ ਦਿਨ ਲਗੇ ਸਾਨੂੰ, ਮੈਂ ਵੀ ਨਾਲ ਗਿਆ ਸੀ।” ਵਾਰ ਐਤਵਾਰ ਵੀ ਚੰਡੀਗੜ੍ਹ ਰਹੇ ਅਸੀਂ। “ਓਏ ਇਹ ਦੋ ਦਿਨ ਤਾਂ ਦਫ਼ਤਰ ਵੀ ਬੰਦ ਹੁੰਦੇ ਨੇ।” “ਬੱਸ ਜੀ ਕੰਮ ਨੇ ਉਲਝਾਈ ਰੱਖੇ। ਲੇਟ ਹੋਗੇ।’” ਔਰਤ ਵੀ ਨੀਵੀਂ ਪਾਈ ਚੁੱਪ ਖੜੀ ਸੀ।
ਕਿੰਨੇ ਹੀ ਹੋਰ ਟੋਟੇ ਅੱਖਾਂ ਮੂਹਰੇ ਭੱਜਣ ਲੱਗੇ। ਮਨ ਕੁਲਝਣ ਲੱਗ ਪਿਆ। ਬੰਦਾ ਸਿਰ `ਤੇ ਤਾਜ ਸਜਾ ਕੇ ਸਹਿਨਸ਼ਾਹ ਅਖਵਾਉਂਦੈ। ਸਮੇਂ ਨੂੰ ਆਪਣੇ ਕਾਬੂ `ਚ ਸਮਝ ਕੇ ਰੀਝਾਂ ਸੁਪਨਿਆਂ ਦਾ ਸ਼ਿਕਾਰ ਕਰਦੈ। ਰੰਗੀ ‘ਬੰਦਾ’ ਆਪਣੇ ਈ ਰੰਗਾਂ `ਚ ਜੀਭ ਦੇ ਸੁਆਦ ਦੀ ਖ਼ਾਤਰ ਕਾਦਰ ਦੀ ਕੁਦਰਤ ਦੀ ਸਤਰੰਗੀ ਫੁਲਵਾੜੀ ਉਜਾੜਦਾ ਤੁਰਿਆ ਫਿਰਦੈ। ਅਬਲਾ ਦੀ ਹਾਅ ਮਾੜੀ; ਪਰ ਕੌਣ ਪਰਵਾਹ ਕਰਦੈ। ਸਗੋਂ ਮੁਸ਼ਕਲਾਂ ਮਜਬੂਰੀਆਂ `ਚ ਮੌਜ ਬਣ`ਗੀ, ਦੇਹ ਦੇ ਸ਼ਿਕਾਰੀ ਨੂੰ। ਮਨੁੱਖ ਨੇ ਕਦੇ ਨਾ ਸੋਚਿਆ ਕਿ ਸਮਾਂ ਕਦੇ ਵੀ ਆਪਣੀ ਅੱਖ ਬੰਦ ਨ੍ਹੀਂ ਕਰਦਾ। ਸਮੇਂ ਨੂੰ ਕੋਈ ਹਰਨਾਕਸ਼, ਸਿਕੰਦਰ ਅਧੀਨ ਨਹੀਂ ਕਰ ਸਕਿਆ। ਬੰਦਾ ਜਿੰਨੇ ਮਰਜ਼ੀ ਸ਼ਿਕਾਰ ਕਰ`ਲੇ। ਸਮਾਂ ਐਸੀ ਝਪਟ ਮਾਰਦੈ, ਨਾ ਰਾਜਾ ਰਹੇ ਨਾ ਰੰਕ। ਪਰ ਜੇ ਬੰਦਾ ਸੋਚੇ! ਵਕਤ ਸਾਹਮਣੇ ਅਸੀਂ ਨਿਮਾਣੇ ਵਕਤ ਜਿਹਾ ਸ਼ੈਤਾਨ ਨਾ ਕੋਈ।