*ਵਪਾਰਕ ਜਗਤ ਦੀ ਕਦਰਾਂ-ਕੀਮਤਾਂ ਦੀ ਜਕੜ ਵਿੱਚ ਹੈ ਦੁਨੀਆਂ
*ਕਿਸਾਨ ਕਦਰਾਂ-ਕੀਮਤਾਂ ਹੀ ਕਰ ਸਕਦੀਆਂ ਇਸ ਵਿੰਗ-ਤੜਿੰਗ ਨੂੰ ਸੰਤੁਲਿਤ
-ਜਸਵੀਰ ਸਿੰਘ ਸ਼ੀਰੀ
ਹਾਲ ਹੀ ਵਿੱਚ ਆਏ ਹੜ੍ਹਾਂ ਨਾਲ ਤਕਰੀਬਨ ਚੌਥਾ ਹਿੱਸਾ ਪੰਜਾਬ ਦੀ ਫਸਲ ਤਬਾਹ ਹੋ ਗਈ ਹੈ। ਇਸ ਆਫਤ ਦੇ ਟਾਕਰੇ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਸ਼ਬਦਾਵਲੀ ਘੜੀ ਜਾ ਰਹੀ ਹੈ, ਕੇਂਦਰ ਸਰਕਾਰ ਵੱਲੋਂ ਇਸ ਨਾਲ ਨਜਿੱਠਣ ਲਈ ਜਿਸ ਕਿਸਮ ਦੀ ਪਹੁੰਚ ਅਪਣਾਈ ਜਾ ਰਹੀ ਹੈ, ਉਸ ਤੋਂ ਇਹੋ ਪਤਾ ਲਗਦਾ ਹੈ ਕਿ ਸਾਡੇ ਸਿਆਸਤਦਾਨਾਂ, ਭਾਵੇਂ ਉਹ ਕੇਂਦਰ ਸਰਕਾਰ ਨਾਲ ਸੰਬੰਧਤ ਹੋਣ ਜਾਂ ਰਾਜ ਸਰਕਾਰ ਨਾਲ, ਪੰਜਾਬ ਦੇ ਲੋਕਾਂ ਦੀਆਂ ਲੋੜਾਂ, ਸੰਕਟਾਂ ਅਤੇ ਸੰਵੇਦਨਾਵਾਂ ਤੋਂ ਕੋਹਾਂ ਦੂਰ ਹਨ।
ਧਰਤੀ ਦੇ ਕਿਸੇ ਵੀ ਕੋਨੇ ‘ਤੇ ਵੱਸਦੇ ਪੰਜਾਬ ਦੇ ਹਰ ਬਾਸ਼ਿੰਦੇ ਦੀ ਭਾਵਨਾ ਅੱਜ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਤੱਕ ਰਾਹਤ ਪਹੁੰਚਾਉਣ ਵਾਲੀ ਬਣੀ ਹੋਈ ਹੈ। ਪੰਜਾਬ ਵਿੱਚ ਸ਼ਕਤੀ ਸੰਪਨ ਜਾਂ ਸ਼ਕਤੀ ਤੋਂ ਬਾਹਰ ਸਾਰੇ ਸਿਆਸਤਦਾਨ ਤਾਂ ਭਾਵੇਂ ਜ਼ਰਾ ਕੁ ਪਾਣੀ ਉਤਰਨ ਤੋਂ ਬਾਅਦ ਹੀ ਆਪੋ-ਆਪਣੇ ਸਿਆਸੀ ਰੁਝੇਵਿਆਂ ਵਿੱਚ ਰੁਝ ਗਏ ਹਨ। ਤਰਨਤਾਰਨ ਸੀਟ ‘ਤੇ ਜ਼ਿਮਨੀ ਚੋਣ ਦੀ ਚਰਚਾ ਹੜ੍ਹਾਂ ਦੀ ਮਾਰ ਦੇ ਮਸਲੇ ‘ਤੇ ਭਾਰੂ ਹੋ ਰਹੀ ਹੈ। ਉਪਰੋਕਤ ਸਭ ਕੁਝ ਵਿਖਾਉਂਦਾ ਹੈ ਕਿ ਸਾਡੇ ਸਿਆਸਤਦਾਨ ਆਪੋ-ਆਪਣੇ ਕੈਰੀਅਰ ਲਈ ਸਿਆਸਤ ਵਿੱਚ ਹਨ। ਲੋਕਾਂ ਨਾਲ ਨਾ ਉਨ੍ਹਾਂ ਦਾ ਕੁਝ ਸਾਂਝਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਦੀ ਫਿਕਰ ਹੈ। ਇੱਥੇ ਹੀ ਬੱਸ ਨਹੀਂ! ਸੁਣਨ ਵਿੱਚ ਆਇਆ ਹੈ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਉਨ੍ਹਾਂ ਲੋਕਾਂ ‘ਤੇ ਨਜ਼ਰ ਰੱਖ ਰਹੀਆਂ ਹਨ, ਜਿਹੜੇ ਪੰਜਾਬ ਦੇ ਹੜ੍ਹ ਮਾਰੇ ਲੋਕਾਂ ਤੱਕ ਸਿੱਧੀ ਰਾਹਤ ਪਹੁੰਚਾ ਰਹੇ ਹਨ।
ਹੜ੍ਹ ਪ੍ਰਭਾਵਤ ਖੇਤਰਾਂ ਦੇ ਲੋਕ ਹਾਲੇ ਵੀ ਆਪਣੇ ਘਰਾਂ/ਖੇਤਾਂ ਵਿੱਚ ਤਬਾਹੀ ਮਚਾ ਕੇ ਗਏ ਪਾਣੀ ਵੱਲੋਂ ਪੈਦਾ ਕੀਤੀਆਂ ਗਈਆਂ ਸਮੱਸਿਆਵਾਂ ਨਾਲ ਜੁਝ ਰਹੇ ਹਨ। ਲੋਕ ਆਪਣੀ ਸਾਰੀ ਉਮਰ ਵਿੱਚ ਇੱਕ ਘਰ ਬਣਾਉਂਦੇ ਹਨ ਅਤੇ ਉਸ ਨੂੰ ਸਾਂਭ-ਸਾਂਭ ਕੇ ਰੱਖਦੇ ਹਨ। ਪਰ ਜੇ ਹਰ ਆਏ ਸਾਲ ਘਰਾਂ ਅਤੇ ਖੱਤਿਆਂ ਵਿੱਚ ਦਸ-ਦਸ ਫੁੱਟ ਪਾਣੀ ਫਿਰ ਜਾਵੇ ਤਾਂ ਹਿਸਾਬ ਲਾ ਕੇ ਵੇਖੋ ਇਨ੍ਹਾਂ ਲੋਕਾਂ ਦੀ ਕੀ ਹਾਲਤ ਬਣਦੀ ਹੋਏਗੀ! ਪੁਲਿਸ ਦੇ ਇੱਕ ਸਿਪਾਹੀ ਤੋਂ ਲੈ ਕੇ ਦੁਨੀਆਂ ਦੇ ਚੋਟੀ ਦੇ ਕਾਰਪੋਰੇਟਾਂ ਤੱਕ, ਸਭ ਦੀ ਅੱਖ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ‘ਤੇ ਹੈ। ਇਸ ਨੂੰ ਹਥਿਆਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਸ ਵਿੱਚ ਮੁਜ਼ਾਹਰਾ ਕਰਦੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਅਤੇ ਕਰਵਾਉਣ ਤੋਂ ਲੈ ਕੇ ਉਹ ਸਭ ਕੁਝ ਸ਼ਾਮਲ ਹੈ, ਜਿਹੜਾ ਕਿਸਾਨੀ ਨੂੰ ਆਰਥਕ ਪੱਖੋ ਕਮਜ਼ੋਰ ਕਰਨ ਲਈ ਜ਼ਰੂਰੀ ਹੋਵੇ। ਪੰਜਾਬ ਦੀ ਹਸਤੀ ਦੀ ਜੜ੍ਹ ਪਾਣੀ, ਜ਼ਮੀਨ, ਕਿਸਾਨੀ ਸਮਾਜ ਅਤੇ ਇਸ ਨਾਲ ਜੁੜੇ ਹੋਰ ਕਾਮਗਾਰਾਂ, ਕਾਰੀਗਰਾਂ ਨਾਲ ਬੱਝੀ ਹੋਈ ਹੈ। ਸਾਲ 2020-21 ਵਿੱਚ ਦਿੱਲੀ ‘ਚ ਚੱਲੇ ਕਿਸਾਨ ਸੰਘਰਸ਼ ਦੇ ਸਫਲਤਾ ਪੂਰਬਕ ਸੰਪਨ ਨੇ ਸਾਰੀ ਦੁਨੀਆਂ ਨੂੰ ਇਸ ਦਾ ਨੋਟਿਸ ਲੈਣ ਲਈ ਮਜਬੂਰ ਕਰ ਦਿੱਤਾ ਸੀ।
ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਹੋਰ ਮੁਲਕਾਂ ਵਿੱਚ ਵੱਡੇ-ਵੱਡੇ ਫਾਰਮਾਂ ‘ਤੇ ਖੇਤੀ ਕਰ ਰਹੇ ਅਮੀਰ ਕਿਸਾਨਾਂ ਨੇ ਵੀ ਇਹ ਸਾਫ ਵੇਖਿਆ ਕਿ ਜਿਸ ਦ੍ਰਿੜਤਾ ਨਾਲ ਇਹ ਸੰਘਰਸ਼ ਇੱਕ ਸਾਲ ਤੋਂ ਵੱਧ ਸਮੇਂ ਲਈ ਲੜਿਆ ਗਿਆ ਅਤੇ ਸਫਲਤਾ ਨਾਲ ਸੰਪਨ ਹੋਇਆ, ਉਹ ਹੈਰਾਨ ਕਰਨ ਵਾਲਾ ਸੀ। ਇਸ ਸੰਘਰਸ਼ ਦੇ ਦੌਰਾਨ ਤਕਰੀਬਨ 700 ਕਿਸਾਨ ਸ਼ਹੀਦੀਆਂ ਵੀ ਪ੍ਰਾਪਤ ਕਰ ਗਏ। ਇਹ ਵਰਤਾਰਾ ਇਸ ਸੱਚ ਨੂੰ ਦਰਸਾਉਂਦਾ ਹੈ ਕਿ ਦਰਮਿਆਨੇ ਅਤੇ ਛੋਟੇ ਕਿਸਾਨ ਆਪਣੀਆਂ ਆਜ਼ਾਦ ਰੂਪ ਵਿੱਚ ਸਾਜੀਆਂ ਗਈਆਂ ਸਿੱਖ ਸੰਸਥਾਵਾਂ ਦੀ ਮਦਦ ਨਾਲ ਇੱਕ ਲਾਮਿਸਾਲ ਸੰਘਰਸ਼ ਨੂੰ ਲੰਮੀ ਦੇਰ ਤੱਕ ਲੜ ਸਕਦੇ ਹਨ। ਅਜਿਹੇ ਸੰਘਰਸ਼ ਲਈ ਵਿਕਸਤ ਮੁਲਕਾਂ ਦੇ ਵੱਡੇ ਭੋਇੰ ਮਾਲਕਾਂ ਕੋਲ ਉੱਕਾ ਹੀ ਸਮਾਂ ਨਹੀਂ ਹੈ, ਨਾ ਹੀ ਉਨ੍ਹਾਂ ਕੋਲ ਇਸ ਪੱਧਰ ਦੇ ਸੰਘਰਸ਼ ਲੜਨ ਵਾਲੀ ਸ਼ਕਤੀ ਅਤੇ ਸਬਰ ਮੌਜੂਦ ਹੈ। ਇਸੇ ਲਈ ਕਿਰਸਾਨੀ ਨਾਲ ਜੁੜੇ ਸਾਰੀ ਦੁਨੀਆਂ ਦੇ ਲੋਕ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਅਗਵਾਈ ਵਿੱਚ ਲੜੇ ਜਾ ਰਹੇ ਇਸ ਸੰਘਰਸ਼ ਵੱਲ ਨੀਝ ਨਾਲ ਵੇਖ ਰਹੇ ਸਨ। ‘ਏਥੇ ਕੁਸ਼ ਨੀ ਹੋ ਸਕਦਾ’ ਵਾਲੀ ਪੰਜਾਬੀਆਂ ਦੀ ਨਾ-ਉਮੀਦੀ ਨੂੰ ਇਸ ਸੰਘਰਸ਼ ਨੇ ਇੱਕ ਆਸ ਦੀ ਕਿਰਨ ਦਿੱਤੀ। ਜ਼ਿੰਦਗੀ ਦੇ ਕਿਸੇ ਹਾਂਦਰੂ ਰੁਖ ਵੱਲ ਮੁੜਨ ਦੀ ਆਸ ਬਝਾਈ। ਪੰਜਾਬ ਇਸ ਸੰਘਰਸ਼ ਦਾ ਮੁੱਖ ਧੁਰਾ ਬਣਿਆ ਸੀ, ਇਸ ਲਈ ਇਸ ਸੰਘਰਸ਼ ਵਿੱਚੋਂ ਪੈਦਾ ਹੋਈ ਉਮੀਦ ਅਤੇ ਊਰਜਾ ਵਿੱਚੋਂ ਪੰਜਾਬ ਵਿੱਚ ਲੋਕਾਂ ਨੂੰ ਕਿਸੇ ਸਿਆਸੀ ਬਦਲਾਅ ਦੀ ਆਸ ਬੱਝ ਗਈ ਸੀ। ਕੁਝ ਕਿਸਾਨ ਆਗੂਆਂ ਨੇ ਇਸ ਪਾਸੇ ਵੱਲ ਤੁਰਨ ਦਾ ਯਤਨ ਵੀ ਕੀਤਾ, ਪਰ ਟਰੇਡ ਯੂਨੀਅਨਵਾਦੀ ਸਿਆਸਤ ਦੇ ਛੋਟੇ ਭੁੱਸ ਦਾ ਸ਼ਿਕਾਰ ਕੁਝ ਕਥਿੱਤ ਖੱਬੇ ਪੱਖੀ ਝੁਕਾਅ ਰੱਖਣ ਵਾਲੀਆਂ ਕਿਸਾਨ ਜਥੇਬੰਦੀ ਨੇ ਇਸ ਨੂੰ ਸਾਬੋਤਾਜ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਇਸ ਤੋਂ ਵੀ ਅੱਗੇ ਜਾ ਕੇ ਉਨ੍ਹਾਂ ਵਿੱਚ ਪੰਜਾਬ ਦੇ ਜੱਟ ਕਬੀਲਿਆਂ ਵਾਲਾ ਮਾਰੂ ਸ਼ਰੀਕਾ ਜਾਗ ਪਿਆ, ਜਿਸ ਨੇ ਸਾਰੀ ਖੇਡ ਵਿਗਾੜ ਦਿੱਤੀ। ਜੇ ਇਸ ਸੰਘਰਸ਼ ਰਾਹੀਂ ਪੈਦਾ ਹੋਈ ਲੀਡਰਸ਼ਿਪ ਅਤੇ ਊਰਜਾ ਨੂੰ ਸਫਲਤਾ ਨਾਲ ਪੰਜਾਬ ਦੇ ਸਿਆਸੀ ਖੇਤਰ ਵਿੱਚ ਪਲਟ (ਟਰਾਂਸਫਰ) ਲਿਆ ਜਾਂਦਾ ਤਾਂ ਅੱਜ ਪੰਜਾਬ ਦੀ ਹਾਲਤ ਬਿਲਕੁਲ ਹੋਰ ਹੋਣੀ ਸੀ।
ਇਸ ਪੱਖ ‘ਤੇ ਜ਼ੋਰ ਮੈਂ ਨਿਰ੍ਹਾ ਕਿਸਾਨਾਂ ਨਾਲ ਹਮਦਰਦੀ ਵਿੱਚੋਂ ਹੀ ਨਹੀਂ ਕਰ ਰਿਹਾ, ਸਗੋਂ ਦੁਨੀਆਂ ਵਿੱਚ ਛਿੜੀ ਇਸ ਚਰਚਾ ਕਰਕੇ ਕਰ ਰਿਹਾ ਹਾਂ, ਜਿਸ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਜਨਤਕ ਯੂਨੀਅਨਾਂ ਦੇ ਨਾਲ-ਨਾਲ ਇੱਕ ਸਿਆਸੀ ਪਾਰਟੀ ਦਾ ਗਠਨ ਵੀ ਕਰਨਾ ਚਾਹੀਦਾ। ਇਹ ਇਸ ਲਈ ਕਿ ਸਾਰੀ ਦੁਨੀਆਂ ਦਾ ਪ੍ਰਬੰਧ ਚਲਨ ਤਕਰੀਬਨ ਟਰੇਡਰ ਦੀ ਦ੍ਰਿਸ਼ਟੀ, ਕਦਰਾਂ-ਕੀਮਤਾਂ, ਲੋੜਾਂ ਵਿੱਚੋਂ ਸਾਜਿਆ ਗਿਆ ਹੈ। ਇਹ ਟਰੇਡ ਦੇ ਹਿੱਤ ਵਿੱਚ ਸਾਜਿਆ ਗਿਆ ਸਾਰਾ ਗੋਰਖ ਧੰਦਾ ਵੱਡੇ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਹਿੱਤ ਪੂਰਦਾ ਹੈ। ਇਸ ਦੇ ਉਲਟ ਕਿਸਾਨ ਦੀ ਭੂਮੀ, ਹਕੀਕਤ ਅਤੇ ਕੁਦਰਤ ਨਾਲ ਜੁੜੀ ਮਾਨਸਿਕਤਾ ਇੱਕ ਟਰੇਡਰ ਦੀ ਮਾਨਸਿਕਤਾ ਦੇ ਬਿਲਕੁਲ ਉਲਟ ਹੁੰਦੀ ਹੈ। ਕਿਸਾਨ ਕੋਲ ਸਹਿ ਸੁਭਾ ਜ਼ਿੰਦਗੀ ਦੇ ਰੇਵੀਏ ਵਿੱਚ ਘੜਿਆ ਇੱਕ ਸੱਭਿਆਚਾਰ, ਕਦਰਾਂ-ਕੀਮਤਾਂ ਮੌਜੂਦ ਹਨ। ਕਿਸਾਨਾਂ ਆਪਣੀਆਂ ਕਦਰਾਂ-ਕੀਮਤਾਂ ਰਾਹੀਂ ਵਪਾਰਕ ਜਗਤ ਵੱਲੋਂ ਪੈਦਾ ਕੀਤੀਆਂ ਹਿਸਾਬੀ-ਕਿਤਾਬੀ ਕੀਮਤਾਂ ਨੂੰ ਸੰਤੁਲਿਤ ਕਰ ਸਕਦਾ ਹੈ। ਕਿਸਾਨ ਆਰਥਿਕਤਾ ਜ਼ਮੀਨ ਨਾਲ ਬੱਝੀ ਹੋਣ ਕਾਰਨ ਜੀਵਨ ਨੂੰ ਸਥਿਰਤਾ ਵੀ ਬਖਸ਼ਦੀ ਹੈ। ਇਸ ਲੰਮੀ ਸਥਿਰਤਾ ਵਿੱਚੋਂ ਡੂੰਘੀਆਂ ਕਦਰਾਂ-ਕੀਮਤਾਂ ਰੱਖਣ ਵਾਲੇ ਸੱਭਿਆਚਾਰ ਪੈਦਾ ਹੁੰਦੇ ਹਨ। ਇਸੇ ਸੱਭਿਆਚਾਰ ਦੇ ਇਰਦ-ਗਿਰਦ ਚਿਰ ਸਥਾਈ ਜੀਵਨ ਜੀਣ ਵਾਲੀਆਂ ਕੌਮਾਂ/ਕੌਮੀਅਤਾਂ ਪੈਦਾ ਹੁੰਦੀਆਂ ਹਨ।
ਇਸ ਦੇ ਉਲਟ ਅੱਜ ਦਾ ਸੰਸਾਰ ਵਪਾਰਕ ਜਗਤ ਵੱਲੋਂ ਪੈਦਾ ਕੀਤੀ ਟੱਪਰੀਵਾਸ ਮਾਨਸਿਕਤਾ ਜੀਅ ਰਿਹਾ ਹੈ। ਜ਼ਮੀਨ ਨਾਲ ਇਸ ਦਾ ਰਿਸ਼ਤਾ ਮਾਂ ਵਾਲਾ ਨਹੀਂ, ਸਗੋਂ ਖਰੀਦੋ ਫਰੋਖਤ ਕੀਤੀ ਜਾ ਸਕਣ ਵਾਲੀ ਵਸਤ ਵਾਲਾ ਹੈ। ਇਹੋ ਸੱਭਿਆਚਾਰ ਹੈ, ਜਿਹੜਾ ਮਨੁੱਖ ਨੂੰ ਆਪਣੀਆਂ ਜੜਾਂ ਤੋਂ ਪੁੱਟ ਕੇ ਆਪਣੀ ਆਰਥਿਕ ਮਸ਼ੀਨ ਦਾ ਪੁਰਜਾ ਬਣਾ ਦਿੰਦਾ ਹੈ। ਇਸੇ ਵਿੱਚੋਂ ਅੱਜ ਦੇ ਸੰਸਾਰ ਵਿੱਚ ਰੋਗੀ ਮਾਨਸਿਕਤਾ ਦਾ ਵਿਸਫੋਟ ਹੋ ਰਿਹਾ ਹੈ। ਜਿੰਨੇ ਮੁਲਕ ਵੱਧ ਵਿਕਸਤ ਹਨ, ਉਨ੍ਹਾਂ ਵਿੱਚ ਵੱਧ ਹੋ ਰਿਹਾ। ਇਹੋ ਮਰੀ ਹੋਈ ਮਾਨਸਿਕਤਾ ਹੈ ਜਿਹੜੀ ਫਲਿਸਤੀਨ ਵਿੱਚ ਭੁੱਖੇ ਭਾਣੇ ਬੱਚਿਆਂ, ਔਰਤਾਂ ਦੇ ਗੋਲੀਆਂ ਮਾਰਨ ਤੱਕ ਚਲੀ ਗਈ। ਕੋਈ ਨੇਤਨਯਾਹੂ ‘ਹਿਟਲਰ’ ਦਾ ਰੂਪ ਕਿਵੇਂ ਧਾਰਦਾ, ਇਸ ਨੂੰ ਅਸੀਂ ਅੱਜ ਆਪਣੀਆਂ ਅੱਖਾਂ ਦੇ ਐਨ ਸਾਹਮਣੇ ਵੇਖ ਰਹੇ ਹਾਂ। ਇਸ ਨੇ ਪੱਛਮ ਦੀ ਅਖੌਤੀ ਸੱਭਿਅਤਾ ਦਾ ਜਲੂਸ ਕੱਢ ਦਿੱਤਾ ਹੈ। ਇਸ ਦੇ ਪਤਨ ਦਾ ਇਹ ਸਿਖਰ ਹੈ।
ਇਸੇ ਲਈ ਦੁਨੀਆਂ ਦੇ ਕੁਝ ਅਰਥ ਸ਼ਾਸ਼ਤਰੀ ਜ਼ੋਰ ਦਿੰਦੇ ਹਨ ਕਿ ਆਪਣੇ ਗੈਰ-ਸਿਆਸੀ ਸੰਗਠਨਾਂ ਦੇ ਨਾਲ ਕਿਸਾਨਾਂ ਨੂੰ ਆਪਣਾ ਇੱਕ ਰਾਜਨੀਤਿਕ ਸੰਗਠਨ ਜ਼ਰੂਰ ਅਤੇ ਜਿੰਨੀ ਜਲਦੀ ਹੋ ਸਕੇ ਬਣਾਉਣਾ ਚਾਹੀਦਾ ਹੈ। ਪੰਜਾਬ ਇਸ ਦੀ ਪਹਿਲੀ ਪ੍ਰਯੋਗਸ਼ਾਲਾ ਬਣ ਸਕਦਾ ਹੈ। ਇੱਥੇ ਇਹ ਵੀ ਲਗਦਾ ਹੈ ਕਿ ਜੇ ਪੰਜਾਬ ਦੇ ਕਿਸਾਨ ਕਾਇਮ ਰਹੇ ਤਾਂ ਕਾਰਪੋਰੇਟ ਜਗਤ ਦੀ ਆਖਰੀ ਟੱਕਰ ਪੰਜਾਬ ਦੇ ਕਿਸਾਨਾਂ ਨਾਲ ਹੀ ਹੋਣੀ ਹੈ। ਇਸ ਵਿੱਚ ਜਿਹੜਾ ਜਿੱਤ ਗਿਆ, ਉਸ ਦੀਆਂ ਕਦਰਾਂ-ਕੀਮਤਾਂ ਭਾਰੂ ਹੋ ਜਾਣਗੀਆਂ। ਹਿੰਦੁਸਤਾਨ ਦਾ ਵਪਾਰੀ ਅਤੇ ਕਾਰਪੋਰੇਟ ਜਗਤ ਵੀ ਇਸ ਲੜਾਈ ਵਿੱਚ ਦੁਸ਼ਮਣ ਵਾਲੇ ਪਾਸੇ ਹੋਵੇਗਾ।