ਹੜ੍ਹਾਂ ਦੀ ਮਾਰ: ਧੁੱਸੀ ਬੰਨ੍ਹਾਂ ਦੀ ਪੁਕਾਰ

ਵਿਚਾਰ-ਵਟਾਂਦਰਾ

ਤਰਲੋਚਨ ਸਿੰਘ ਭੱਟੀ
ਫੋਨ: +91-9876502607
ਮੌਨਸੂਨ ਸੀਜ਼ਨ 2025 ਦੌਰਾਨ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਅਤੇ ਸਮੇਂ ਦੀਆਂ ਸਰਕਾਰਾਂ ਸਾਹਮਣੇ ਅਣਗਿਣਤ ਚੁਣੌਤੀਆਂ ਨੂੰ ਉਜ਼ਾਗਰ ਕੀਤਾ ਹੈ। ਪੰਜਾਬ ਵਿੱਚ ਕਦੇ ਸੱਤ ਦਰਿਆ, ਕਦੇ ਪੰਜ ਦਰਿਆਂ ਅਤੇ ਹੁਣ ਚਾਰ ਦਰਿਆ- ਰਾਵੀ, ਬਿਆਸ, ਸਤਲੁਜ ਅਤੇ ਘੱਗਰ ਵਗਦੇ ਹਨ। ਹੜ੍ਹਾਂ ਨੂੰ ਰੋਕਣ ਲਈ ਇਨ੍ਹਾਂ ਦਰਿਆਵਾਂ ਦੇ ਕੰਢਿਆਂ ਨੂੰ ਮਜਬੂਤ ਕਰਨ ਲਈ 1950 ਅਤੇ 1960 ਦੇ ਦਹਾਕਿਆ ਦੌਰਾਨ ਦਰਿਆਵਾਂ ਦੇ ਨਾਲ ਨਾਲ ਧੁੱਸੀ ਬੰਨ੍ਹਾਂ ਦਾ ਨਿਰਮਾਣ ਕੀਤਾ ਗਿਆ, ਜੋ ਲਗਭਗ 1365 ਕਿਲੋਮੀਟਰ ਹੈ।

ਦਰਿਆਵਾਂ ਤੋਂ ਇਲਾਵਾ ਮੌਸਮੀ ਨਦੀਆਂ, ਨਾਲਿਆਂ ਅਤੇ ਚੋਆਂ ਦੇ ਨਾਲ ਨਾਲ ਬੰਨ੍ਹ ਬਣਾਏ ਗਏ ਹਨ, ਜੋ ਲਗਭਗ 300 ਕਿਲੋਮੀਟਰ ਹਨ। ਇਹ ਬੰਨ੍ਹ ਮਿੱਟੀ ਦੇ ਬਣਾਏ ਗਏ ਹਨ, ਜੋ ਹੜ੍ਹਾਂ ਨੂੰ ਰੋਕਣ ਦੇ ਨਾਲ ਨਾਲ ਪਬਲਿਕ ਵੱਲੋਂ ਆਵਾਜਾਈ ਲਈ ਵਰਤੇ ਜਾਂਦੇ ਹਨ। ਆਮ ਤੌਰ `ਤੇ ਇਨ੍ਹਾਂ ਬੰਨ੍ਹਾਂ ਦੀ ਔਸਤਨ ਉਚਾਈ 5 ਤੋਂ 10 ਫੁੱਟ ਅਤੇ ਚੌੜਾਈ 10 ਤੋਂ 15 ਫੁੱਟ ਹੈ। ਪੰਜਾਬ ਦੇ ਨਾਲ ਨਾਲ ਧੁੱਸੀ ਬੰਨ੍ਹਾਂ ਨੇ ਵੀ 1958, 1978, 1988, 1993, 2008, 2019, 2023 ਅਤੇ ਹੁਣ 2025 ਵਿੱਚ ਭਿਆਨਕ ਹੜ੍ਹਾਂ ਦੀ ਮਾਰ ਝੱਲੀ ਹੈ। ਮੌਜੂਦਾ ਹੜ੍ਹਾਂ ਦੌਰਾਨ ਪੰਜਾਬ ਵਿੱਚ 70-80 ਥਾਵਾਂ `ਤੇ ਧੁੱਸੀ ਬੰਨ੍ਹ ਟੁੱਟੇ ਹਨ।
ਹਰੇਕ ਸਾਲ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੜ੍ਹਾਂ ਦੀ ਤਿਆਰੀ ਅਤੇ ਰੋਕਥਾਮ ਦੇ ਮੱਦੇਨਜ਼ਰ ਧੁੱਸੀ ਬੰਨ੍ਹਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੜਤਾਲ ਕੀਤੀ ਜਾਂਦੀ ਹੈ। ਚਰਚਾ ਹੈ ਕਿ ਧੁੱਸੀ ਬੰਨ੍ਹ ਬਹੁਤ ਪੁਰਾਣੇ ਹੋ ਚੁੱਕੇ ਹਨ ਅਤੇ ਖਸਤਾ ਹਾਲਤ ਵਿੱਚ ਹਨ। ਬਹੁਤ ਸਾਰੇ ਧੁੱਸੀ ਬੰਨ੍ਹਾਂ ਉਤੇ ਲੋਕਾਂ ਨੇ ਨਾਜ਼ਾਇਜ ਉਸਾਰੀਆਂ ਕੀਤੀਆਂ ਹੋਈਆਂ ਹਨ, ਧੁੱਸੀ ਬੰਨ੍ਹਾਂ ਦੇ ਆਰ-ਪਾਰ ਜਾਣ ਲਈ ਲੋਕਾਂ ਨੇ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਬੰਨ੍ਹਾਂ ਦੀ ਉਚਾਈ ਅਤੇ ਚੌੜਾਈ ਨਾਲ ਛੇੜਛਾੜ ਕੀਤੀ ਹੋਈ ਹੈ। ਮਾਹਰਾਂ ਦੀ ਰਾਏ ਹੈ ਕਿ ਹੜ੍ਹਾਂ ਤੋਂ ਸੁਰੱਖਿਅਤ ਹੋਣ ਲਈ ਧੁੱਸੀ ਬੰਨ੍ਹਾਂ ਦੀ ਉਚਾਈ 10 ਤੋਂ 15 ਫੁੱਟ ਅਤੇ ਚੌੜਾਈ 15 ਤੋਂ 20 ਫੁੱਟ ਲਾਜ਼ਮੀ ਹੈ। ਬੰਨ੍ਹਾਂ ਦੀ ਮਜਬੂਤੀ ਲਈ ਮਿੱਟੀ ਦੇ ਨਾਲ ਨਾਲ ਕੰਨਕਰੀਟ ਦੀ ਵਰਤੋਂ ਵਧੇਰੇ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਡਰੇਨਾਂ ਅਤੇ ਨਹਿਰਾਂ ਜਿਨ੍ਹਾਂ ਦੀ ਲੰਬਾਈ ਲਗਭਗ 8136 ਕਿਲੋਮੀਟਰ ਹੈ, ਦੇ ਨਾਲ ਨਾਲ ਬੰਨ੍ਹਾਂ ਨੂੰ ਵੀ ਮਜਬੂਤ ਕਰਨ ਦੀ ਲੋੜ ਹੈ।
ਪਬਲਿਕ ਡੋਮੇਨ ਵਿੱਚ ਉਪਲਭਧ ਅੰਕੜਿਆਂ ਅਨੁਸਾਰ ਸਾਲ 2022 ਵਿੱਚ ਡਰੇਨਾਂ ਦੀ ਸਫ਼ਾਈ ਉਤੇ 34 ਕਰੋੜ ਰੁਪਏ ਅਤੇ ਹੜ੍ਹ ਸੁਰੱਖਿਆ ਕਾਰਜਾਂ ਉਤੇ ਪੰਜਾਬ ਸਰਕਾਰ ਵੱਲੋਂ 48.32 ਕਰੋੜ ਰੁਪਏ ਖਰਚ ਕੀਤੇ ਗਏ। ਧੁੱਸੀ ਬੰਨ੍ਹਾਂ, ਨਹਿਰਾਂ ਅਤੇ ਡਰੇਨਾਂ ਦੇ ਦੋਹਾਂ ਪਾਸਿਆਂ ਦੇ ਬੰਨ੍ਹਾਂ ਨੂੰ ਮਜਬੂਤ ਕਰਨ ਦੇ ਨਾਲ ਨਾਲ ਦਰਿਆਵਾਂ, ਨਦੀਆਂ ਅਤੇ ਨਾਲਿਆਂ ਦੇ ਪੁਲਾਂ ਦੇ ਹੇਠਾਂ ਅਤੇ ਆਲੇ-ਦੁਆਲੇ ਦੇ ਦਰਿਆਈ ਖੇਤਰ ਜਲ-ਮਾਰਗਾਂ ਦੀ ਸਫ਼ਾਈ ਅਤੇ ਗਾਰ ਕੱਢਣੀ ਵੀ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ ਚੈਕ ਡੈਮਾਂ ਦੇ ਨਿਰਮਾਣ ਲਈ ਲਗਭਗ 485 ਥਾਵਾਂ ਦੀ ਪਛਾਣ ਕੀਤੀ ਗਈ ਅਤੇ ਲਗਭਗ 151 ਪਹਿਲੇ ਬਣੇ ਚੈਕ ਡੈਮਾਂ ਦਾ ਰਖ-ਰਖਾਅ ਕੀਤਾ ਜਾ ਰਿਹਾ ਹੈ। ਧੁੱਸੀ ਬੰਨ੍ਹਾਂ ਨੂੰ ਮਜਬੂਤ ਅਤੇ ਸੁਰੱਖਿਅਤ ਕਰਨ ਦਾ ਮੁੱਖ ਮਕਸਦ ਹੈ, ਦਰਿਆਵਾਂ ਦੇ ਓਵਰਫ਼ਲੋਅ ਦੇ ਪ੍ਰਭਾਵ ਨੂੰ ਘਟਾਉਣਾ ਅਤੇ ਹੜ੍ਹਾਂ ਨੂੰ ਰੋਕਣਾ। ਦਰਿਆਵਾਂ ਵਿੱਚੋਂ ਗਾਰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਖਾਕਾ ਉਲੀਕਿਆ ਗਿਆ ਹੈ, ਲਗਭਗ 48 ਥਾਵਾਂ ਤੋਂ ਗਾਰ ਕੱਢੀ ਜਾਣੀ ਹੈ ਅਤੇ ਦਰਿਆਵਾਂ ਵਿੱਚ ਬਣੇ ਜੰਗਲਾਂ ਦੀ ਕਟਾਈ ਵੀ ਕੀਤੀ ਜਾਵੇਗੀ।
ਪੰਜਾਬ ਵਿੱਚ ਦਰਿਆਵਾਂ ਦੇ ਨਾਲ ਨਾਲ ਬਣੇ ਧੁਸੀ ਬੰਨ੍ਹ ਮੁੱਖ ਤੌਰ `ਤੇ ਨਦੀਆਂ ਦੇ ਕਿਨਾਰਿਆਂ ਨੂੰ ਹੜ੍ਹਾਂ ਤੋਂ ਬਚਾਉਣ ਅਤੇ ਸਿੰਚਾਈ ਪ੍ਰਣਾਲੀਆਂ ਨੂੰ ਸੰਭਾਲਣ ਲਈ ਵਰਤਿਆਂ ਜਾਂਦਾ ਹੈ। ਧੁੱਸੀ ਬੰਨ੍ਹਾਂ ਦੀ ਸੰਭਾਲ ਅਤੇ ਮਜਬੂਤੀ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਦੇ ਡਰੇਨੇਜ਼ ਵਿੰਗ ਦੇ ਜ਼ਿੰਮੇ ਹੈ, ਜੋ ਹਰ ਸਾਲ ਧੁੱਸੀ ਬੰਨ੍ਹਾਂ ਦੀ ਸਬੰਧਤ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪੜਤਾਲ ਕਰਦਾ ਹੈ। ਆਫ਼ਤ ਪ੍ਰਬੰਧਨ ਐਕਟ 2005 ਦੇ ਸੈਕਸ਼ਨ 32 ਅਨੁਸਾਰ ਭਾਰਤ ਸਰਕਾਰ ਅਤੇ ਰਾਜ ਸਰਕਾਰ ਦਾ ਹਰੇਕ ਵਿਭਾਗ/ਦਫ਼ਤਰ ਜੋ ਰਾਜ ਦੇ ਕਿਸੇ ਜ਼ਿਲ੍ਹੇ ਵਿੱਚ ਆਫ਼ਤ ਪ੍ਰਬੰਧਨ ਅਧੀਨ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲਗਾ ਹੋਇਆ ਹੈ, ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਨਿਗਰਾਨੀ ਹੇਠ ਹੋਵੇਗਾ। ਸੈਕਸ਼ਨ 30 ਰਾਹੀਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਅਧਿਕਾਰ ਅਤੇ ਕਾਰਗੁਜ਼ਾਰੀ ਨੂੰ ਪ੍ਰਭਾਸ਼ਿਤ ਕੀਤਾ ਹੈ। ਡਿਪਟੀ ਕਮਿਸ਼ਨਰ/ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਵਾਲੰਟੀਅਰਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰੇਗਾ। ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਉਸਾਰੀ ਮੁਰੰਮਤ ਦੇ ਕਾਰਜਾਂ ਵਿੱਚ ਤਾਲਮੇਲ ਅਤੇ ਤਕਨੀਕੀ ਸਲਾਹ ਵੀ ਦੇਵੇਗਾ। ਸੈਕਸ਼ਨ 34 ਅਧੀਨ ਡਿਪਟੀ ਕਮਿਸ਼ਨਰ/ਜਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਯਕੀਨੀ ਬਣਾਵੇਗਾ ਕਿ ਉਸਾਰੀ, ਮੁਰੰਮਤ ਅਤੇ ਰਾਹਤ ਕਾਰਜਾਂ ਵਿੱਚ ਲੱਗੀਆਂ ਸੰਸਥਾਵਾਂ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ ਅਤੇ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਵੱਲੋਂ ਸਮੇਂ ਸਮੇਂ ਜਾਰੀ ਹਦਾਇਤਾਂ ਅਨੁਸਾਰ ਬਿਨਾਂ ਵਿਤਕਰੇ ਕੰਮ ਕਰਨਗੇ।
‘ਕਾਰਸੇਵਾ’ ਸ਼ਬਦ ਕਿਸੇ ਕਾਰਜ ਨੂੰ ਸ਼ਰਧਾ ਨਾਲ ਪੂਰਾ ਕਰਕੇ ਭਾਈਚਾਰਾ ਅਤੇ ਧਾਰਮਿਕ ਸਦਭਾਵਨਾ ਪੈਦਾ ਕਰਨ ਦਾ ਪ੍ਰਤੀਕ ਹੈ। ਸਿੱਖ ਧਰਮ ਵਿੱਚ ਸੇਵਾ ਨੂੰ ਵਿਸ਼ੇਸ਼ ਤੌਰ `ਤੇ ਉੱਚ ਸਤਿਕਾਰ ਦਿੱਤਾ ਗਿਆ ਹੈ। ‘ਕਾਰਸੇਵਾ’ ਵਿੱਚ ਸੰਗਤ ਦੀ ਅਥਾਹ ਸ਼ਕਤੀ ਹੈ। ਸਮੇਂ ਸਮੇਂ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਤੋਂ ਗੁਰੂਧਾਮਾਂ ਦੀ ‘ਕਾਰਸੇਵਾ’ ਦੀ ਉਸਾਰੀ ਕਰਵਾਈ। ‘ਕਾਰਸੇਵਾ’ ਦਾ ਕੋਈ ਸੀਮਤ ਖੇਤਰ ਨਹੀਂ ਹੈ, ਸਗੋਂ ਮਹਾਪੁਰਖਾਂ ਨੇ ਵਿਸ਼ਵ ਪੱਧਰ `ਤੇ ਮਨੁੱਖਤਾ ਨੂੰ ਦਰਪੇਸ਼ ਕਿਸੇ ਵੀ ਕੁਦਰਤੀ ਆਫ਼ਤ ਦੇ ਸਮੇਂ ‘ਕਾਰਸੇਵਾ’ ਰਾਹੀਂ ਵੱਡਾ ਯੋਗਦਾਨ ਪਾਇਆ ਹੈ। ਪੰਜਾਬ ਵਿੱਚ ਜਲ-ਸਰੋਤਾਂ ਅਤੇ ਵਾਤਾਵਰਣ ਦੀ ਸੰਭਾਲ ਲਈ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੱਵਿਤਰ ਵੇਈਂ ਦੀ ‘ਕਾਰਸੇਵਾ’ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵੱਲੋਂ ਸੜਕਾਂ ਉਤੇ ਦਰਖਤ ਲਗਾਉਣ ਦੀ ‘ਕਾਰਸੇਵਾ’ ਸ਼ੁਰੂ ਕਰਕੇ 550 ਕਿਲੋਮੀਟਰ ਅਤੇ 500 ਪਿੰਡਾਂ ਨੂੰ ਕਵਰ ਕੀਤਾ ਹੈ। ਵਾਤਾਵਰਣ ਸੁਰੱਖਿਆ ‘ਕਾਰਸੇਵਾ’ ਗਰੁੱਪ ਵਲੋਂ ਇਤਿਹਾਸਕ ਗੁਰਦੁਆਰਿਆਂ ਨੂੰ ਜੋੜਨ ਵਾਲੀਆਂ ਸੜਕਾਂ ਨੂੰ ‘ਕਾਰਸੇਵਾ’ ਰਾਹੀਂ ਮੁਕੰਮਲ ਕੀਤਾ ਗਿਆ ਹੈ। ਜ਼ਰੂਰਤ ਹੈ ਕਿ ਹੜ੍ਹਾਂ ਦੀ ਮਾਰ ਕਾਰਨ ਖਰਾਬ ਹੋਏ ਧੁੱਸੀ ਬੰਨ੍ਹਾਂ ਅਤੇ ਡਰੇਨਾਂ ਦੇ ਬੰਨ੍ਹਾਂ ਨੂੰ ‘ਕਾਰਸੇਵਾ’ ਰਾਹੀਂ ਮੁਕੰਮਲ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 8000 ਤੋਂ ਵਧੇਰੇ ਡੇਰੇ ਹਨ, ਜੋ ਵੱਖ ਵੱਖ ਧਰਮਾਂ ਅਤੇ ਸੰਪਰਦਾਵਾਂ ਨਾਲ ਸਬੰਧਤ ਹਨ, ਇਨ੍ਹਾਂ ਵਿੱਚੋਂ ਲਗਭਗ 3000 ਡੇਰੇ ਕਾਰਜਸ਼ੀਲ ਹਨ ਅਤੇ 20-25 ਡੇਰੇ ਐਸੇ ਹਨ, ਜਿਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਲੱਖਾਂ ਵਿੱਚ ਹੈ, ਇਸ ਤੋਂ ਇਲਾਵਾ ਲਗਭਗ 20,000 ਹਜ਼ਾਰ ਦੇ ਕਰੀਬ ਛੋਟੇ-ਵੱਡੇ ਗੁਰਦੁਆਰੇ ਹਨ। ਜੇਕਰ ਨਹਿਰੂ ਯੁਵਾ ਕੇਂਦਰ ਸਗੰਠਨ (ਯੁਵਾ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ) ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ 3,02,743 ਯੂਥ ਕਲੱਬਾਂ ਅਤੇ 86,51,124 ਯੂਥ ਕਲੱਬ ਮੈਂਬਰ ਹਨ। ਪੰਜਾਬ ਰਾਜ ਵਿੱਚ 9208 ਯੂਥ ਕਲੱਬਾਂ ਅਤੇ 2,24,845 ਯੂਥ ਕਲੱਬ ਮੈਂਬਰ ਹਨ। ਪੰਜਾਬ ਵਿੱਚ ਸਮੇਂ ਸਮੇਂ ਆਉਂਦੇ ਹੜ੍ਹਾਂ ਨੇ ਦਰਿਆਵਾਂ ਨਾਲ ਲੱਗਦੇ ਧੁੱਸੀ ਬੰਨ੍ਹਾਂ ਅਤੇ ਮੌਸਮੀ ਨਦੀ, ਨਾਲਿਆਂ ਅਤੇ ਨਹਿਰਾਂ ਨਾਲ ਬਣੇ ਬੰਨ੍ਹਾਂ ਨੂੰ ਕਮਜ਼ੋਰ ਕੀਤਾ ਹੈ, ਜਿਨ੍ਹਾਂ ਨੂੰ ਪੱਕੇ ਤੌਰ `ਤੇ ਮੁਰੰਮਤ ਕਰਨ ਦੀ ਲੋੜ ਹੈ, ਇਹ ਕੰਮ ‘ਕਾਰਸੇਵਾ’ ਰਾਹੀਂ ਵਧੇਰੇ ਸਫ਼ਲਤਾ ਨਾਲ ਸਿਰੇ ਚੜ੍ਹ ਸਕਦਾ ਹੈ। ਜ਼ਰੂਰਤ ਹੈ ਕਿ ਪੰਜਾਬ ਸਰਕਾਰ ਅਤੇ ਸਬੰਧਤ ਡਿਪਟੀ ਕਮਿਸ਼ਨਰ ਪੰਜਾਬ ਵਿੱਚ ਸਥਿਤ ਡੇਰਿਆਂ ਦੇ ਮੁੱਖੀਆਂ, ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਯੂਥ ਕਲੱਬਾਂ ਨੂੰ ਧੁੱਸੀ ਬੰਨ੍ਹਾਂ ਦੀ ਮੁਰੰਮਤ ਲਈ ‘ਕਾਰਸੇਵਾ’ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ। ਸਮਾਂ ਮੰਗ ਕਰਦਾ ਹੈ ਕਿ ਧੁੱਸੀ ਬੰਨ੍ਹਾਂ ਦੀ ਪੁਕਾਰ ਨੂੰ ਸੁਣਿਆ ਜਾਵੇ।

Leave a Reply

Your email address will not be published. Required fields are marked *