ਅਮਰੀਕੀ ਫੌਜ `ਚ ਦਾਹੜੀ ਰੱਖਣ ਦਾ ਰੁਝਾਨ ਖਤਮ ਕਰਨ ਦੀ ਚਰਚਾ

ਖਬਰਾਂ ਵਿਚਾਰ-ਵਟਾਂਦਰਾ

*ਇਸ ਮਸਲੇ ਨੂੰ ਇਉਂ ਨਜਿੱਠਣਾ ਆਸਾਨ ਨਹੀਂ
*ਸਿੱਖ, ਮੁਸਲਿਮ ਅਤੇ ਯਹੂਦੀ ਜਵਾਨਾਂ ਵਿੱਚ ਚਿੰਤਾ ਵਧੀ
ਪੰਜਾਬੀ ਪਰਵਾਜ਼ ਬਿਊਰੋ
ਪਿਛਲੇ ਕੁਝ ਸਾਲਾਂ ਵਿੱਚ ਜਿਵੇਂ ਦੁਨੀਆਂ ‘ਤੇ ਸੱਜੇ ਪੱਖੀ ਸਿਆਸਤ ਦਾ ਬੋਲਬਾਲਾ ਹੋਇਆ ਹੈ ਤਾਂ ਸੰਬੰਧਤ ਮੁਲਕਾਂ ਵਿੱਚ ਧਾਰਮਿਕ, ਭਾਸ਼ਾਈ ਜਾਂ ਨਸਲੀ ਘੱਟਗਿਣਤੀਆਂ ਦੇ ਜੀਣ-ਥੀਣ ਲਈ ਸਪੇਸ ਸੁੰਗੜਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਈ ਸਾਲ ਫਰਾਂਸ ਵਿੱਚ ਸਿੱਖਾਂ ਦੀ ਪੱਗ ਦਾ ਮਸਲਾ ਉੱਠਦਾ ਰਿਹਾ ਹੈ। ਭਾਰਤ ਵਿੱਚ 1947 ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ, ਸਿੱਖ ਧਾਰਮਿਕ ਚਿੰਨ੍ਹਾਂ ਦੇ ਮਾਮਲੇ ਉਭਰਦੇ ਰਹੇ ਹਨ ਅਤੇ ਛੋਟੇ ਵੱਡੇ ਸੰਘਰਸ਼ ਤੋਂ ਬਾਅਦ ਹੱਲ ਵੀ ਹੁੰਦੇ ਰਹੇ ਹਨ।

ਲੰਘੀ 30 ਸਤੰਬਰ ਨੂੰ ਮੇਰਾਈਨ ਕੌਰਪਸ (ਇਹ ਵਿਭਾਗ ਅਮਰੀਕੀ ਨੇਵੀ ਅਧੀਨ ਹੈ ਤੇ ਜਲ, ਥਲ ਅਤੇ ਹਵਾਈ- ਤਿੰਨਾਂ ਪੱਧਰਾਂ ‘ਤੇ ਕੰਮ ਕਰਦਾ ਹੈ) ਬੇਸ ਕੁਆਂਟੀਕੋ ਵਿਖੇ ਸੀਨੀਅਰ ਮਿਲਟਰੀ ਲੀਡਰਾਂ ਨੂੰ ਸੰਬੋਧਨ ਕਰਦਿਆਂ ਡਿਫੈਂਸ ਸਕੱਤਰ ਪੀਟ ਹੈਗਸੈਥ ਨੇ ਕਿਹਾ ਕਿ ਉਹ ਅਮਰੀਕੀ ਫੌਜ ਵਿੱਚ ਹਰ ਕਿਸੇ ਨੂੰ ਪ੍ਰੋਫੈਸ਼ਨਲ ਦਿੱਖ ਵਿੱਚ (ਕਲੀਨ ਸ਼ਵੇਨ) ਵੇਖਣਾ ਚਾਹੁੰਦਾ ਹੈ। ਇਸ ਬਿਆਨ ਦੇ ਛਪਣ ਨਾਲ ਦੁਨੀਆਂ ਭਰ ਦੇ ਸਿੱਖ ਹਲਕਿਆਂ ਵਿੱਚ ਇੱਕ ਹਿਲਜੁਲ ਹੋਣ ਲੱਗੀ ਹੈ। ਵਰਜੀਨੀਆ ਦੇ ਕੁਆਂਟੀਕੋ ਵਿਖੇ ਉਨ੍ਹਾਂ ਦੁਨੀਆਂ ਭਰ ਵਿੱਚ ਨਿਯੁਕਤ ਅਮਰੀਕੀ ਫੌਜੀ ਜਨਰਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹੀਂ ਦਿਨੀਂ ਮੇਰੇ ਸਾਰੇ ਨਿਰਦੇਸ਼ਾਂ ਵਿੱਚ ਇਹ ਗੱਲ ਸਾਫ ਕੀਤੀ ਗਈ ਹੈ ਕਿ ਉਹ ਆਪਣੀ ਫੌਜੀ ਵਰਦੀ ਵਿੱਚ ਹਰ ਇੱਕ ਨੂੰ ਕਲੀਨ ਸ਼ੇਵ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਫੌਜ ਵਿੱਚ ਵੱਖ-ਵੱਖ ਕਿਸਮ ਦੀਆਂ ਦਾਹੜੀਆਂ ਰੱਖਣ ਦੇ ਦਿਨ ਹੁਣ ਲੱਦ ਗਏ ਹਨ।
ਇਹ ਨੀਤੀ 2010 ਤੋਂ ਪਹਿਲਾਂ ਵਾਲੇ ਸਖ਼ਤ ਨਿਯਮਾਂ ਵੱਲ ਵਾਪਸੀ ਹੈ, ਜਿਸ ਵਿੱਚ ਜ਼ਿਆਦਾਤਰ ਧਾਰਮਿਕ ਛੋਟਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਹ ਨੀਤੀ 1981 ਦੇ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਜੁੜੀ ਹੋਈ ਹੈ, ਜਿਸ ਵਿੱਚ ਫੌਜੀਆਂ ਲਈ ਸਖ਼ਤ ਗਰੂਮਿੰਗ ਨਿਯਮ ਬਣਾਏ ਗਏ ਸਨ। ਪਹਿਲਾਂ 2010 ਵਿੱਚ ਇਹ ਨਿਯਮ ਢਿੱਲੇ ਕੀਤੇ ਗਏ ਸਨ, ਪਰ ਹੁਣ ਵਾਪਸ ਸਖ਼ਤ ਹੋ ਰਹੇ ਹਨ। ਅਮਰੀਕੀ ਰੱਖਿਆ ਵਿਭਾਗ ਨੇ ਸਾਰੀਆਂ ਫੌਜੀ ਸ਼ਾਖਾਵਾਂ ਨੂੰ ਹੁਕਮ ਦਿੱਤਾ ਹੈ ਕਿ ਧਾਰਮਿਕ ਛੋਟਾਂ ਸਮੇਤ ਜ਼ਿਆਦਾਤਰ ਦਾਹੜੀ ਵਾਲੀਆਂ ਛੋਟਾਂ ਨੂੰ 60 ਦਿਨਾਂ ਵਿੱਚ ਹਟਾ ਦਿੱਤਾ ਜਾਵੇ। ਇਹ ਛੋਟਾਂ ਸਿਰਫ਼ ਵਿਸ਼ੇਸ਼ ਬਲਾਂ ਲਈ ਰੱਖੀਆਂ ਗਈਆਂ ਹਨ, ਜਿੱਥੇ ਸਥਾਨਕ ਲੋਕਾਂ ਵਿੱਚ ਘੁਲ਼ਣ-ਮਿਲਣ ਲਈ ਅਸਥਾਈ ਛੋਟ ਦਿੱਤੀ ਜਾਂਦੀ ਹੈ।
ਇਸ ਨੀਤੀ ਦਾ ਸਭ ਤੋਂ ਵੱਡਾ ਅਸਰ ਸਿੱਖ ਜਵਾਨਾਂ `ਤੇ ਪੈ ਰਿਹਾ ਹੈ। ਸਿੱਖ ਭਾਈਚਾਰੇ ਲਈ ਦਾਹੜੀ ਅਤੇ ਪੱਗ ਧਾਰਮਿਕ ਪਛਾਣ ਦਾ ਅਨਿੱਖੜਵਾਂ ਹਿੱਸਾ ਹਨ। ਸਿੱਖ ਕੋਲੀਸ਼ਨ ਨੇ ਇਸ ਨੀਤੀ `ਤੇ ਗਹਿਰੀ ਚਿੰਤਾ ਅਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਫ਼ੈਸਲਾ ਫੌਜ ਵਿੱਚ ਸੇਵਾ ਕਰ ਰਹੇ ਧਾਰਮਿਕ ਜਵਾਨਾਂ ਨੂੰ ਹਾਸ਼ੀਏ `ਤੇ ਧੱਕ ਦੇਵੇਗਾ। ਇੱਕ ਸਿੱਖ ਜਵਾਨ ਨੇ ਸੋਸ਼ਲ ਮੀਡੀਆ `ਤੇ ਲਿਖਿਆ, “ਮੇਰੇ ਕੇਸ ਮੇਰੀ ਪਛਾਣ ਹਨ। ਇਹ ਵਿਸ਼ਵਾਸਘਾਤ ਵਾਂਗੂੰ ਹੈ।”
ਪੀਟ ਹੈਗਸੈਥ ਦੇ ਬਿਆਨ ਦਾ ਅਮਰੀਕਾ ਵਿੱਚ ਵਿਚਰਦੀਆਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਵਿੱਚ ਵਿਚਰਦੇ ਵੱਖ-ਵੱਖ ਅਕਾਲੀ ਦਲਾਂ ਨੇ ਇਸ ਮਾਮਲੇ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਾਰਤ ਤੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੀ ਮੰਗ ਕੀਤੀ ਹੈ।
ਪੀਟ ਹੈਗਸੈਥ ਅਨੁਸਾਰ ਦਾਹੜੀ ਵਧਾਉਣ ਤੋਂ ਇਲਾਵਾ ਲੰਮੇ ਕੇਸ ਰੱਖਣ ਅਤੇ ਇਸ ਸੰਬੰਧ ਵਿੱਚ ਆਪਣੀ ਪਰਸਨਲ ਦਿੱਖ ਬਣਾਉਣ ਦੀ ਇਜਾਜ਼ਤ ਵੀ ਨਹੀਂ ਹੋਏਗੀ। ਯਾਦ ਰਹੇ, ਅਮਰੀਕੀ ਡਿਫੈਂਸ ਸਕੱਤਰ ਦੇ ਉਪਰੋਕਤ ਬਿਆਨ ਵਿੱਚ ਔਰਤਾਂ ਬਾਰੇ ਬਹੁਤਾ ਕੁਝ ਨਹੀਂ ਕਿਹਾ ਗਿਆ; ਪਰ ਪੀਟ ਹੈਗਸੈਥ ਦਾ ਇਹ ਆਖਣਾ ਕਿ ਸਰੀਰਕ ਸ਼ਕਤੀ ਵਾਲੇ ਕੰਮਾਂ ਦੇ ਮਾਮਲੇ ਵਿੱਚ ਫੌਜ ਵਿੱਚ ਭਰਤੀ ਹੋਣ ਵਾਲੀਆਂ ਔਰਤਾਂ ਮਰਦਾਂ ਦੇ ਬਰਾਬਰ ਹੋਣੀਆਂ ਚਾਹੀਦੀਆਂ ਹਨ, ਹੀ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਫੌਜ ਵਿੱਚ ਔਰਤਾਂ ਦੀ ਭਰਤੀ ਸੰਬੰਧੀ ਅਮਰੀਕੀ ਸਰਕਾਰ ਦੀ ਪਹੁੰਚ ਕਿਹੋ ਜਿਹੀ ਹੋਵੇਗੀ। ਇੱਥੇ ਦਿਲਚਸਪ ਤੱਥ ਇਹ ਹੈ ਕਿ ਅਮਰੀਕੀ ਫੌਜ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਜ਼ਿਆਦਾ ਭਾਰੇ ਕੰਮਾਂ ਦੇ ਮਾਮਲੇ ਵਿੱਚ ਕੁਝ ਛੋਟਾਂ ਮਿਲੀਆਂ ਹੋਈਆਂ ਹਨ। ਡਿਫੈਂਸ ਸਕੱਤਰ ਨੇ 1990 ਦੇ ਨਿਯਮਾਂ ਤੋਂ ਪਹਿਲਾਂ ਵਾਲੇ ਦੌਰ ਨੂੰ ਪੁਨਰਸੁਰਜੀਤ ਕਰਨ ਦੀ ਗੱਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਫੌਜੀ ਦਿੱਖ ਅਤੇ ਅਨੁਸ਼ਾਸਨੀ ਨਿਯਮਾਂ ਬਾਰੇ ਪਿਛਲੇ 35 ਸਾਲ ਦਾ ਮੁਲੰਕਣ ਕਰ ਰਹੇ ਹਾਂ। ਪੀਟ ਹੈਗਸੈਥ ਨੇ ਆਪਣੇ ਨਿਰਦੇਸ਼ ਵਿੱਚ ਧਾਰਮਿਕ ਆਸਥਾ ਸਮੇਤ, ਸਾਰੀ ਕਿਸਮ ਦੀਆਂ ਦਾਹੜੀਆਂ ਰੱਖਣ ਵਾਲੇ ਫੌਜੀਆਂ ਨੂੰ ਬਾਹਰ ਦਾ ਰਸਤਾ ਵਿਖਾਉਣ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਫੌਜ ਵਿੱਚ ਜਿਹੜਾ ਵੀ ਮੁਲਾਜ਼ਮ ਸ਼ੇਵ ਨਹੀਂ ਕਰਨਾ ਚਾਹੁੰਦਾ, ਉਹ ਕਿਸੇ ਹੋਰ ਰੁਜ਼ਗਾਰ ਦੀ ਤਾਲਾਸ਼ ਕਰ ਸਕਦਾ ਹੈ।
ਅਮਰੀਕੀ ਨੇਵੀ ਵਿੱਚੋਂ ਰਿਟਾਇਰ ਹੋਏ ਇੱਕ ਸਿੱਖ ਅਫਸਰ ਸੁਖਬੀਰ ਤੂਰ ਨੇ ਇਸ ਬਾਰੇ ਇੱਕ ਗੱਲਬਾਤ ਵਿੱਚ ਕਿਹਾ ਕਿ ਪੀਟ ਹੈਗਸੈਥ ਨੂੰ ਅਮਰੀਕੀ ਫੌਜ ਅੰਦਰਲੀ ਅਸਲੀਅਤ ਦਾ ਪਤਾ ਨਹੀਂ ਹੈ। ਉਨ੍ਹਾਂ ਕਿਹਾ, “ਮੈਨੂੰ ਲਗਦਾ ਹੈ, ਹੈਗਸੈਥ ਨੂੰ ਉਨ੍ਹਾਂ ਮਸਲਿਆਂ ਬਾਰੇ ਪਤਾ ਨਹੀਂ ਹੈ, ਜਿਨ੍ਹਾਂ ਬਾਰੇ ਉਹ ਗੱਲ ਕਰ ਰਿਹਾ ਹੈ। ਜਿਸ ਢੰਗ ਨਾਲ ਡਿਫੈਂਸ ਸਕੱਤਰ ਨੇ ਇਸ ਬਾਰੇ ਗੱਲ ਕੀਤੀ ਹੈ, ਇਹ ਬੇਹੱਦ ਅਪਮਾਨਜਨਕ ਹੈ।” ਸੈਂਕੜੇ ਹੋਰ ਸਿੱਖਾਂ ਸਮੇਤ ਸੁਖਬੀਰ ਨੂੰ ਵੀ ਅਮਰੀਕੀ ਫੌਜੀ ਵਰਦੀ ਵਿੱਚ ਦਾਹੜੀ ਰੱਖਣ ਅਤੇ ਪੱਗ ਬੰਨ੍ਹਣ ਦੀ ਛੂਟ ਦਿੱਤੀ ਗਈ। ਉਸ ਨੇ ਕਿਹਾ ਕਿ ਫੌਜ ਵਿੱਚ ਦਾਹੜੀ ਨਾ ਰੱਖਣ ਬਾਰੇ ਨਵੇਂ ਨਿਰਦੇਸ਼ ਬਹੁਤ ਸਾਰੇ ਮੁਸਲਮਾਨਾਂ ਅਤੇ ਸਿੱਖਾਂ ਦਾ ਕੈਰੀਅਰ ਤਬਾਹ ਕਰ ਸਕਦੇ ਹਨ। ਉਂਝ ਅਮਰੀਕੀ ਫੌਜੀ ਫੋਰਸਾਂ ਨਾਲ ਨੇੜੇ ਤੋਂ ਵਾਹ ਰੱਖਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਫੌਜੀ ਦਿੱਖ ਸਾਰੀ ਦੁਨੀਆਂ ਵਿੱਚ ਹੀ ਵੰਨ-ਸਵੰਨੀ ਹੋ ਰਹੀ ਹੈ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ। ਧਾਰਮਿਕ ਸ਼ਰਧਾ ਤੋਂ ਲੈ ਕੇ ਚਮੜੀ ਅਤੇ ਚਿਹਰੇ ਦੇ ਰੋਗਾਂ ਤੱਕ। ਇੱਕ ਅੰਦਾਜ਼ੇ ਅਨੁਸਾਰ ਤਕਰੀਬਨ ਪੰਤਾਲੀ ਫੀਸਦੀ ਕਾਲੇ ਫੌਜੀਆਂ ਦੇ ਵਾਰ-ਵਾਰ ਸੇLਵ ਕਰਨ ਨਾਲ ‘ਸੂਡੋ ਫੌਲੀਕੁਲਾਇਟਸ’ ਨਾਂ ਦੀ ਬਿਮਾਰੀ ਹੋ ਜਾਂਦੀ ਹੈ। ਇਨ੍ਹਾਂ ਫੌਜੀਆਂ ਨੂੰ ਸੁਚੱਜੇ ਢੰਗ ਨਾਲ ਕੱਟੀ ਹੋਈ ਛੋਟੀ ਦਾਹੜੀ ਰੱਖਣ ਦੀ ਅਮਰੀਕੀ ਫੌਜ ਵਿੱਚ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਹਿਸਪੈਨਿਕ ਲੋਕਾਂ ਵਿੱਚ ਇਹ ਬਿਮਾਰੀ ਕਾਫੀ ਹੁੰਦੀ ਹੈ; ਪਰ ਗੋਰੇ ਫੌਜੀਆਂ ਵਿੱਚ ਸਿਰਫ ਤਿੰਨ ਫੀਸਦੀ ਹੈ।
ਅਮਰੀਕੀ ਫੌਜ ਵਿੱਚ 20 ਸਾਲ ਤੱਕ ਸਕਿੱਨ ਸਪੈਸਲਿਸਟ ਵਜੋਂ ਕੰਮ ਕਰਨ ਵਾਲੇ ਡਾਕਟਰ ਸਿਲਬਰਨ ਸੋਡਨ ਨੇ ਕਿਹਾ ਕਿ ਕੁਝ ਲੋਕਾਂ ਦੇ ਘੁੰਗਰਾਲੇ ਵਾਲ ਹੋਣ ਕਾਰਨ ਵੀ ਉਨ੍ਹਾਂ ਨੂੰ ਸ਼ੇਵ ਕਰਨ ਵਿੱਚ ਸਮੱਸਿਆ ਆਉਣ ਲਗਦੀ ਹੈ। ਇਸ ਕਾਰਨ ਵਾਲ ਅੰਦਰ ਵੱਲ ਉੱਗਣ ਲਗਦੇ ਹਨ, ਜਿਸ ਕਾਰਨ ਚਿਹਰੇ ‘ਤੇ ਵੱਡੇ ਦਾਗ ਪੈ ਸਕਦੇ ਹਨ। ਯਾਦ ਰਹੇ, ਜਦੋਂ ਅਮਰੀਕੀ ਸਰਕਾਰ ਸ਼ੇਵ ਕਰਨ ਦੇ ਮਾਮਲੇ ਵਿੱਚ ਸਖਤੀ ਕਰਨ ਲੱਗੀ ਹੈ ਤਾਂ ਦੂਜੇ ਪਾਸੇ ਨਾਟੋ ਨਾਲ ਸੰਬੰਧਤ ਫੌਜਾਂ ਵਿੱਚ ਚਿਹਰੇ ‘ਤੇ ਵਾਲਾਂ ਦੇ ਮਾਮਲੇ ਵਿੱਚ ਵਿਲੱਖਣਤਾਵਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ। ਪਿਛਲੇ ਸਾਲ ਬਰਤਾਨੀਆ ਦੀ ਫੌਜ ਨੇ ਚਿਹਰੇ ‘ਤੇ ਦਾਹੜੀ ਰੱਖਣ ਸੰਬੰਧੀ ਬੈਨ ਖਤਮ ਕਰ ਦਿੱਤਾ ਹੈ। ਕੈਨੇਡਾ, ਡੈਨਮਾਰਕ, ਜਰਮਨੀ ਅਤੇ ਬੈਲਜੀਅਮ ਜਿਹੇ ਮੁਲਕਾਂ ਨੇ ਵੀ ਫੌਜੀਆਂ ਨੂੰ ਚਿਹਰੇ ‘ਤੇ ਦਾਹੜੀ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ। ਸਾਲ 2022 ਵਿੱਚ ਆਸਟਰੇਲੀਅਨ ਏਅਰ ਫੋਰਸ ਨੇ ਦਾਹੜੀ ਵਾਲੇ ਫੌਜੀਆਂ ‘ਤੇ ਬੈਨ ਖਤਮ ਕਰ ਦਿੱਤਾ ਹੈ।
ਫੌਜ ਵਿੱਚ ਦਾਹੜੀ ਰੱਖਣ ਜਾਂ ਨਾ ਰੱਖਣ ਦੇ ਮਸਲੇ ਦਾ ਇਸ ਵਕਤ ਉੱਠਣ ਦਾ ਕੀ ਕੋਈ ਰਾਜਨੀਤਿਕ ਐਂਗਲ ਵੀ ਹੋ ਸਕਦਾ ਹੈ? ਖਾਸ ਕਰਕੇ ਪੰਜਾਬੀ ਡਾਇਸਪੋਰਾ ਨਾਲ ਸੰਬੰਧਤ? ਕੁਝ ਰਾਜਨੀਤਿਕ ਵਿਸ਼ਲੇਸ਼ਕ ਆਖਦੇ ਹਨ ਕਿ ਇਹ ਹੋ ਸਕਦਾ ਹੈ। ਅਮਰੀਕਾ ਭਾਰਤ ਨੂੰ ਚੀਨ ਅਤੇ ਰੂਸ ਦੇ ਖੇਮੇ ਵਿੱਚ ਜਾਣ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਕੁਝ ਦਿਨ ਪਹਿਲਾਂ ਜਦੋਂ ਇਕ 70 ਸਾਲਾ ਪੰਜਾਬੀ ਔਰਤ ਸੁਰਜੀਤ ਕੌਰ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਤਾਂ ਅਮਰੀਕੀ ਸਰਕਾਰ ਵੱਲੋਂ ਇੱਕ ਟੀਮ ਕਿਸੇ ਬਿਜ਼ਨਸ ਸੰਬੰਧੀ ਸਮਝੌਤੇ ਦੇ ਮਾਮਲੇ ਵਿੱਚ ਭਾਰਤ ਆਈ ਹੋਈ ਸੀ। ਸੁਰਜੀਤ ਕੌਰ ਦੀ ਡਿਪੋਰਟੇਸ਼ਨ ਇਸ ਸੰਦਰਭ (ਕੌਂਟੈਕਸਟ) ਵਿੱਚ ਇੱਕ ਸੰਕੇਤਕ ਕਾਰਵਾਈ ਸੀ। ਭਾਵੇਂ ਦੋਹਾਂ ਮੁਲਕਾਂ ਵਿਚਕਾਰ ਟਰੇਡ ਟੈਰਿਫਸ ਨੂੰ ਹਟਾਉਣ ਜਾਂ ‘ਫਰੀ ਟਰੇਡ ਐਗਰੀਮੈਂਟ’ ਕਰਨ ਵਿੱਚ ਹਾਲੇ ਕੋਈ ਸਫਲਤਾ ਨਹੀਂ ਮਿਲੀ, ਪਰ ਭਾਰਤ ਨੂੰ ਆਪਣੇ ਪੱਖ ਵਿੱਚ ਜਿੱਤਣ ਲਈ ਅਮਰੀਕਾ ਭਾਰਤ ਨੂੰ ਯਕੀਨ ਦਿਵਾਉਣ ਦੇ ਯਤਨ ਵਿੱਚ ਹੈ ਕਿ ਸਾਡੇ ਨਾਲ ਮਿਲ ਕੇ ਚੱਲੋ, ਸਿੱਖ ਤੇ ਸਾਡੇ ਲਈ ਘੜੇ ਦੀ ਮੱਛੀ ਹਨ। ਜਦੋਂ ਚਾਹੀਏ ਕੰਨ ਮਰੋੜ ਸਕਦੇ ਹਾਂ। ਅਮਰੀਕੀ ਫੌਜ ਵਿੱਚ ਦਾਹੜੀ ਦਾ ਮਾਮਲਾ ਚੁੱਕਣ ਦੇ ਮਾਮਲੇ ਵਿੱਚ ਵੀ ਇਸ ਰਾਜਨੀਤਿਕ ਪੱਖ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿੱਚ ਸਿੱਖ ਲੀਡਰਸ਼ਿਪ ਦੇ ਕਮਜ਼ੋਰ ਹੋਣ ਕਾਰਨ ਅਜਿਹੇ ਮਾਮਲਿਆਂ ਖਿਲਾਫ ਸਿੱਖ ਲੀਡਰਾਂ ਵੱਲੋਂ ਆਵਾਜ਼ ਵੀ ਚੱਜ ਨਾਲ ਨਹੀਂ ਉਠਾਈ ਜਾ ਰਹੀ।
ਚੇਤੇ ਰਹੇ, ਸਿੱਖ ਅਮਰੀਕੀ ਫੌਜ ਵਿੱਚ 1917 ਤੋਂ ਸੇਵਾ ਦੇ ਰਹੇ ਹਨ। ਪਹਿਲੇ ਵਿਸ਼ਵ ਯੁੱਧ ਵਿੱਚ ਵੀ ਉਹ ਸ਼ਾਮਲ ਸਨ। ਭਗਤ ਸਿੰਘ ਥਿੰਦ 1917 ਵਿੱਚ ਅਮਰੀਕੀ ਫੌਜ ਵਿੱਚ ਭਰਤੀ ਹੋਣ ਵਾਲੇ ਪਹਿਲੇ ਜਾਣੇ-ਪਛਾਣੇ ਸਿੱਖ ਸਨ। ਉਨ੍ਹਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਮਿਲੀ ਸੀ, ਪਰ ਇਹ ਇੱਕ ਅਪਵਾਦ ਸੀ। 1980 ਦੇ ਦਹਾਕੇ ਵਿੱਚ ਸਖ਼ਤ ਨਿਯਮਾਂ ਨੇ ਦਾਹੜੀ ਅਤੇ ਪੱਗ `ਤੇ ਪਾਬੰਦੀ ਲਗਾ ਦਿੱਤੀ। ਫਿਰ 2010 ਵਿੱਚ ਬਦਲਾਅ ਆਇਆ। ਕੈਪਟਨ ਸਿਮਰਨਪ੍ਰੀਤ ਸਿੰਘ ਲਾਂਬਾ ਅਤੇ ਡਾ. ਮੇਜਰ ਕਮਲਜੀਤ ਸਿੰਘ ਕਲਸੀ ਵਰਗੇ ਦੋ ਸਿੱਖ ਅਧਿਕਾਰੀਆਂ ਨੂੰ ਧਾਰਮਿਕ ਛੋਟ ਦਿੱਤੀ ਗਈ। ਇਹ ਇੱਕ ਮਿਸਾਲ ਬਣ ਗਈ ਅਤੇ 2017 ਵਿੱਚ ਦਾਹੜੀ, ਪੱਗ ਅਤੇ ਹੋਰ ਧਾਰਮਿਕ ਚਿੰਨ੍ਹਾਂ ਨੂੰ ਸਥਾਈ ਇਜਾਜ਼ਤ ਮਿਲ ਗਈ। ਜੁਲਾਈ 2025 ਵਿੱਚ ਨੀਤੀ ਨੂੰ ਅਪਡੇਟ ਕੀਤਾ ਗਿਆ ਸੀ, ਪਰ ਧਾਰਮਿਕ ਖੁਲ੍ਹਾਂ ਨੂੰ ਬਰਕਰਾਰ ਰੱਖਿਆ ਗਿਆ। ਹੁਣ ਇਹ ਨਵੀਂ ਨੀਤੀ ਉਨ੍ਹਾਂ ਸਾਰੇ ਪ੍ਰਗਤੀਸ਼ੀਲ ਬਦਲਾਵਾਂ ਨੂੰ ਪਿੱਛੇ ਧੱਕ ਰਹੀ ਹੈ।
ਸਿੱਖ ਜਵਾਨਾਂ ਨੇ ਬਹੁਤ ਵਾਰ ਸਾਬਤ ਕੀਤਾ ਹੈ ਕਿ ਦਾਹੜੀ ਅਤੇ ਪੱਗ ਉਨ੍ਹਾਂ ਦੇ ਫੌਜੀ ਕੰਮ ਵਿੱਚ ਰੁਕਾਵਟ ਨਹੀਂ ਬਣਦੇ। ਉਨ੍ਹਾਂ ਨੇ ਗੈਸ ਮਾਸਕ ਅਤੇ ਹੋਰ ਟੈਸਟ ਪਾਸ ਕੀਤੇ ਹਨ। ਇਸ ਦੇ ਬਾਵਜੂਦ ਇਹ ਨੀਤੀ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਨੂੰ ਚੁਣੌਤੀ ਦੇ ਰਹੀ ਹੈ। ਇਹ ਅਧਿਕਾਰ ਪਹਿਲੀ ਵਾਰ 1981 ਦੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਮਾਨਤਾ ਪ੍ਰਾਪਤ ਹੋਏ ਸਨ। ਅੱਜ ਜੇਕਰ ਇਹ ਨੀਤੀ ਲਾਗੂ ਹੋ ਗਈ ਤਾਂ ਸਿੱਖ ਜਵਾਨਾਂ ਨੂੰ ਆਪਣੇ ਧਰਮ ਅਤੇ ਕਰੀਅਰ ਵਿੱਚੋਂ ਇੱਕ ਚੁਣਨਾ ਪੈ ਸਕਦਾ ਹੈ। ਇਹ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਪਛਾਣ ਨੂੰ ਠੇਸ ਪਹੁੰਚਾਏਗਾ, ਸਗੋਂ ਫੌਜ ਵਿੱਚ ਬਰਾਬਰਤਾ ਦੀ ਲੜਾਈ ਨੂੰ ਵੀ ਪ੍ਰਭਾਵਿਤ ਕਰੇਗਾ। ਸਿੱਖ ਕੋਲੀਸ਼ਨ ਵਰਗੇ ਸੰਗਠਨ ਇਸ ਵਿਰੁੱਧ ਆਵਾਜ਼ ਉਠਾ ਰਹੇ ਹਨ ਅਤੇ ਅਦਾਲਤੀ ਰਾਹ ਵੀ ਅਪਣਾ ਸਕਦੇ ਹਨ।
ਜੇਕਰ ਇਹ ਨੀਤੀ ਲਾਗੂ ਹੋ ਗਈ ਤਾਂ ਫੌਜ ਵਿੱਚ ਘੱਟ-ਗਿਣਤੀਆਂ ਵਿੱਚ ਭਾਰੀ ਵਿਰੋਧ ਫੈਲ ਸਕਦਾ ਹੈ। ਇੰਟਰਸੈਪਟ ਦੀ ਰਿਪੋਰਟ ਅਨੁਸਾਰ, ਇਹ ਨੀਤੀ ਨਸਲ ਅਤੇ ਧਰਮ ਆਧਾਰਤ ਵਿਤਕਰੇ ਨੂੰ ਵਧਾਉਂਦੀ ਹੈ। ਇਸ ਨਾਲ ਫੌਜ ਵਿੱਚ ਨਸਲੀ ਅਸਮਾਨਤਾ ਵਧ ਸਕਦੀ ਹੈ, ਜੋ ਅਮਰੀਕੀ ਫੌਜ ਦੀ ਇਕਰੂਪਤਾ ਦੇ ਨਾਂ `ਤੇ ਲਾਗੂ ਕੀਤੀ ਜਾ ਰਹੀ ਹੈ। ਰੱਖਿਆ ਮੰਤਰੀ ਕਹਿ ਰਹੇ ਹਨ ਕਿ ਦਾਹੜੀ ਗੈਸ ਮਾਸਕ ਦੀ ਸਹੀ ਵਰਤੋਂ ਵਿੱਚ ਰੁਕਾਵਟ ਪਾਉਂਦੀ ਹੈ ਅਤੇ ਯੂਨਿਟ ਵਿੱਚ ਇਕਰੂਪਤਾ ਬਣਾਈ ਰੱਖਣ ਲਈ ਜ਼ਰੂਰੀ ਹੈ; ਪਰ ਮਾਹਿਰ ਤੇ ਭਾਈਚਾਰਕ ਸੰਗਠਨ ਕਹਿ ਰਹੇ ਹਨ ਕਿ ਇਹ ਧਾਰਮਿਕ ਆਜ਼ਾਦੀ `ਤੇ ਹਮਲਾ ਹੈ।

Leave a Reply

Your email address will not be published. Required fields are marked *