*ਗਰੇਟਾ ਥੰਨਬਰਗ ਸਮੇਤ ਮਾਨਵੀ ਕਾਰਕੁੰਨ ਗ੍ਰਿਫਤਾਰੀ ਪਿੱਛੋਂ ਰਿਹਾਅ
*ਕੋਲੰਬੀਆ ਨੇ ਇਜ਼ਰਾਇਲ ਨਾਲੋਂ ਫਰੀ ਟਰੇਡ ਸਮਝੌਤਾ ਤੋੜਿਆ
ਜਸਵੀਰ ਸਿੰਘ ਮਾਂਗਟ
ਇਜ਼ਰਾਇਲ ਨੇ ਸਪੇਨ ਤੋਂ ਗਾਜ਼ਾ ਲਈ ਮਾਨਵੀ ਸਹਾਇਤਾ ਪਹੁੰਚਾਉਣ ਦੇ ਮਕਸਦ ਨਾਲ ਪਿਛਲੇ ਮਹੀਨੇ ਤੁਰੇ ਕਾਫਲੇ ਨੂੰ 2 ਅਕਤੂਬਰ ਨੂੰ ਆਖਰ ਇਜ਼ਰਾਇਲੀ ਮਿਲਟਰੀ ਅਤੇ ਫੌਜ ਨੇ ਰੋਕ ਕੇ ਗ੍ਰਿਫਤਾਰ ਕਰ ਲਿਆ। ਕੁਝ ਦਿਨ ਬਾਅਦ ਇਨ੍ਹਾਂ ਸਾਰੇ ਮਾਨਵੀ ਕਾਕੁੰਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਵਾਤਾਵਰਣ ਅਤੇ ਮਨੁੱਖੀ ਅਧਿਕਾਰਾਂ ਸੰਬੰਧੀ ਸਵੀਡਿਸ਼ ਕਾਰਕੁੰਨ ਗਰੇਟਾ ਥੰਨਬਰਗ ਦੀ ਅਗਵਾਈ ਵਿੱਚ ਇਜ਼ਰਾਇਲ ਵੱਲੋਂ ਗਾਜ਼ਾ ਨੂੰ ਜਾਣ ਵਾਲੀ ਮਾਨਵੀ ਸਹਾਇਤਾ ਨੂੰ ਮਾਰੇ ਬੰਨ੍ਹ ਨੂੰ ਤੋੜਨ ਲਈ ਕੋਈ 500 ਲੋਕਾਂ ਦਾ ਇਹ ਕਾਫਲਾ 40 ਕਿਸ਼ਤੀਆਂ ਵਿੱਚ ਸਵਾਰ ਸੀ।
ਗਾਜ਼ਾ ਵਿੱਚ ਇਜ਼ਰਾਇਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਵਿੱਚ ਰੁਚੀ ਰੱਖਣ ਵਾਲੇ ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਕਾਫਲੇ ‘ਤੇ ਲੱਗੀਆਂ ਹੋਈਆਂ ਸਨ, ਪਰ ਫਲਿਸਤੀਨੀ ਸਮੁੰਦਰੀ ਖੇਤਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਇਜ਼ਰਾਇਲ ਦੀ ਨੇਵੀ ਅਤੇ ਹੋਰ ਫੌਜੀ ਦਸਤਿਆਂ ਨੇ ਇਸ ਕਾਫਲੇ ਨੂੰ ਅੰਤਰਰਾਸ਼ਟਰੀ ਸਮੁੰਦਰੀ ਖੇਤਰ (ਭੂਮੱਧਸਾਗਰ) ਵਿੱਚ ਰੋਕ ਦਿੱਤਾ। ਇਜ਼ਰਾਇਲੀ ਸੁਰੱਖਿਆ ਦਸਤਿਆਂ ਨੇ ਇਸ ਤੋਂ ਪਹਿਲਾਂ ਮਾਨਵੀ ਸਹਾਇਤਾ ਲੈ ਕੇ ਜਾ ਰਹੇ ਇਸ ਕਾਫਲੇ (ਫਲੋਟਿਲਾ) ਨੂੰ ਚਿਤਾਵਨੀ ਦਿੱਤੀ, ਪਰ ਉਨ੍ਹਾਂ ਦੇ ਨਾ ਰੁਕਣ ‘ਤੇ ਫੌਜ ਨੇ ਮਾਨਵੀ ਕਾਰਕੁੰਨਾਂ ‘ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਸੋਸ਼ਲ ਮੀਡੀਆ ‘ਤੇ ਜਾਰੀ ਹੋਈਆਂ ਵੀਡੀਓਜ਼ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਫੌਜੀ ਦਸਤੇ ਆਧੁਨਿਕ ਅਸਲੇ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਨਿਹੱਥੇ ਕਾਰਕੁੰਨਾਂ ਨੂੰ ਹੱਥ ਖੜ੍ਹੇ ਕਰਵਾ ਕੇ ਗ੍ਰਿਫਤਾਰ ਕੀਤਾ। ਗਾਜ਼ਾ ਲਈ ਜਾ ਰਹੇ ਉਪਰੋਕਤ ਕਾਫਲੇ ਵਿੱਚ ਕਾਫੀ ਗਿਣਤੀ ਵਿੱਚ ਪੱਤਰਕਾਰ ਅਤੇ ਵਕੀਲ ਵੀ ਸ਼ਾਮਲ ਸਨ, ਜਿਨ੍ਹਾਂ ਨੇ ਦੱਸਿਆ ਕਿ ਇਜ਼ਰਾਇਲੀ ਫੌਜ ਵੱਲੋਂ ਉਨ੍ਹਾਂ ਦਾ ਸੰਚਾਰ ਪ੍ਰਬੰਧ ਜਾਮ ਕਰ ਦਿੱਤਾ ਗਿਆ ਸੀ। ਫਲੋਟਿਲਾ ਨੂੰ ਜਥੇਬੰਦ ਕਰਨ ਵਾਲੀਆਂ ਸੰਸਥਾਵਾਂ ਨੇ ਦੱਸਿਆ ਕਿ ਕਾਫਲੇ ਵਿੱਚ ਸ਼ਾਮਲ ਕਿਸ਼ਤੀਆਂ ਨੂੰ ਅੰਤਰਰਾਸ਼ਟਰੀ ਪਾਣੀਆਂ ਵਿੱਚ ਰੋਕ ਕੇ ਗ੍ਰਿਫਤਾਰ ਕੀਤਾ ਗਿਆ। ਇਹ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਸ਼ਾਂਤਮਈ ਮਾਨਵ ਸਹਾਇਤਾ ਕਾਰਕੁੰਨਾਂ ‘ਤੇ ਹਮਲਾ ਹੈ। ਉਨ੍ਹਾਂ ਹੋਰ ਕਿਹਾ ਕਿ ਇਹ ਅੰਤਰਰਾਸ਼ਟਰੀ ਪਾਣੀਆਂ ਵਿੱਚ ਮਾਨਵੀ ਕਾਰਕੁੰਨਾਂ ਨੂੰ ‘ਅਗਵਾ’ ਕਰਨ ਵਰਗੀ ਘਟਨਾ ਹੈ। ਇਸ ਦਰਮਿਆਨ ਇਜ਼ਰਾਇਲੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਸ ਨੇ ਕਿਸ਼ਤੀਆਂ ‘ਤੇ ਸਵਾਰ ਕਾਰਕੁੰਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਗਾਜ਼ਾ ਲਈ ਇਨ੍ਹਾਂ ਕਿਸ਼ਤੀਆਂ ਵਿੱਚ ਲਿਆਂਦੀ ਗਈ ਸਹਾਇਤਾ ਨੂੰ ਲੋੜਵੰਦ ਫਲਿਸਤੀਨੀ ਲੋਕਾਂ ਤੱਕ ਪਹੁੰਚਦਾ ਦਿੱਤਾ ਗਿਆ ਹੈ। ਇਜ਼ਰਾਇਲ ਸਰਕਾਰ ਅਨੁਸਾਰ ਗ੍ਰਿਫਤਾਰ ਗਏ ਕਾਰਕੁੰਨਾਂ ਨੂੰ ਇਜ਼ਰਾਇਲੀ ਜੇਲ੍ਹ ਵਿੱਚ ਰੱਖਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਆਪੋ ਆਪਣੇ ਮੁਲਕਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਜ਼ਰਾਇਲ ਦੇ ਵਿਦੇਸ਼ ਮੰਤਰੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਸਾਰੀਆਂ ਕਿਸ਼ਤੀਆਂ ਨੂੰ ਰੋਕ ਲਿਆ ਗਿਆ ਹੈ, ਕੋਈ ਵੀ ਸੁਰਖਿਆ ਦਸਤਿਆਂ ਦਾ ਘੇਰਾ ਤੋੜ ਨਹੀਂ ਸਕਿਆ। (ਇਸ ਦੌਰਾਨ ਕਾਫਲੇ ਵਿੱਚ ਸ਼ਾਮਲ ਕੁਝ ਡਾਕਟਰਾਂ ਦੇ ਗਾਜ਼ਾ ਵਿੱਚ ਪਹੁੰਚ ਕੇ ਮਾਨਵੀ ਰਾਹਤ ਵੰਡਣ ਦੀ ਖ਼ਬਰ ਵੀ ਆ ਰਹੀ ਹੈ।) ਜ਼ਿਕਰਯੋਗ ਹੈ ਕਿ ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਵਿੱਚ ਮਨੁੱਖੀ ਰਸਦ ਨੂੰ ਮਾਰਿਆ ਨਾਕਾ ਤੋੜਨ ਲਈ ਨਿਕਲੀਆਂ ਕਿਸ਼ਤੀਆਂ ਵਿੱਚ ਗਰੇਟਾ ਤੋਂ ਇਲਾਵਾ ਨੈਲਸਨ ਮੰਡੇਲਾ ਦਾ ਪੋਤਰਾ ਮਾਂਡਲਾ ਮੰਡੇਲਾ, ਇਟਲੀ ਦੀ ਪਾਰਲੀਮੈਂਟ ਦੇ ਕਈ ਮੈਂਬਰ ਸ਼ਾਮਲ ਸਨ। ਇਸ ਤੋਂ ਇਲਾਵਾ ਕਈ ਜਾਣੇ-ਪਛਾਣੇ ਪੱਤਰਕਾਰ, ਵਕੀਲ ਅਤੇ ਵਾਤਾਰਵਰਣ ਦੀ ਰਾਖੀ ਲਈ ਕਾਰਜਸ਼ੀਲ ਕਾਰਕੁੰਨ ਵੀ ਸ਼ਾਮਲ ਸਨ।
ਯਾਦ ਰਹੇ, 7 ਅਕਤੂਬਰ 2023 ਨੂੰ ਹਮਾਸ ਦੇ ਖਾੜਕੂਆਂ ਵੱਲੋਂ ਇਜ਼ਰਾਇਲ ਦੇ ਇੱਕ ਫੈਸਟੀਵਲ ‘ਤੇ ਹਮਲਾ ਕਰਕੇ 1250 ਲੋਕ ਮਾਰ ਦਿੱਤੇ ਗਏ ਸਨ, ਜਦਕਿ 250 ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਹਮਲੇ ਤੋਂ ਬਾਅਦ ਇਜ਼ਰਾਇਲ ਵੱਲੋਂ ਗਾਜ਼ਾ ‘ਤੇ ਭਿਆਨਕ ਹਮਲਾ ਕੀਤਾ ਗਿਆ, ਜਿਸ ਵਿੱਚ ਗਜ਼ਾ ਪੱਟੀ ਲਗਪਗ ਥੇਹ ਬਣਾ ਦਿੱਤੀ ਗਈ। ਇਜ਼ਰਾਇਲ ਦੇ ਹਮਲੇ ਹਾਲੇ ਵੀ ਜਾਰੀ ਹਨ ਅਤੇ ਦਰਜਨਾਂ ਲੋਕ ਮਾਰੇ ਜਾ ਰਹੇ ਹਨ। ਉਪਰੋਕਤ ਹਮਲੇ ਤੋਂ ਬਾਅਦ ਇਜ਼ਰਾਇਲੀ ਸਰਕਾਰ ਨੇ ਗਾਜ਼ਾ ਵਿੱਚ ਜਾ ਰਹੀ ਅੰਤਰਰਾਸ਼ਟਰ ਮਾਨਵੀ ਸਹਾਇਤਾ ਨੂੰ ਤਕਰੀਬਨ ਬੰਦ ਕਰ ਦਿੱਤਾ ਹੈ। ਇਸ ਦੇ ਸਿੱਟੇ ਵਜੋਂ ਗਾਜ਼ਾ ਪੱਟੀ ਵਿੱਚ ਲੋਕ ਭੁੱਖ ਨਾਲ ਮਰਨ ਲੱਗੇ ਹਨ। ਖਾਸ ਕਰਕੇ ਬੱਚੇ ਅਤੇ ਔਰਤਾਂ ਭੁੱਖਮਰੀ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਤੋਂ ਇਲਾਵਾ ਇਜ਼ਰਾਇਲ ਅਤੇ ਅਮਰੀਕਾ ਦੀ ਫੂਡ ਏਡ ਏਜੰਸੀ ਵੱਲੋਂ ਲੋਕਾਂ ਨੂੰ ਖੁਰਾਕ ਵੰਡਣ ਦਾ ਝਾਂਸਾ ਦੇ ਕੇ ਵੀ ਮਾਰਿਆ ਜਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 7 ਅਕਤੂਬਰ ਤੋਂ ਬਾਅਦ ਹਮਾਸ ਅਤੇ ਇਜ਼ਰਾਇਲ ਵਿਚਕਾਰ ਸ਼ੁਰੂ ਹੋਈ ਜੰਗ ਵਿੱਚ ਤਕਰੀਬਨ 60,000 ਤੋਂ ਵੱਧ ਫਲਿਸਤੀਨੀ ਮਾਰੇ ਗਏ ਹਨ। ਇਨ੍ਹਾਂ ਵਿੱਚ ਬਹੁਤੇ ਆਮ ਫਲਿਸਤੀਨੀ ਨਾਗਰਿਕ ਹਨ। ਔਰਤਾਂ ਅਤੇ ਬੱਚਿਆਂ ਦੀਆਂ ਵੱਡੀ ਪੱਧਰ ‘ਤੇ ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ 12-15 ਹਜ਼ਾਰ ਲੋਕ ਲਾਪਤਾ ਹਨ, ਜਿਨ੍ਹਾਂ ਬਾਰੇ ਸਮਝਿਆ ਜਾ ਰਿਹਾ ਹੈ ਕਿ ਉਹ ਮਲਬੇ ਹੇਠਾਂ ਦਬ ਕੇ ਮਾਰੇ ਗਏ ਹਨ। 14,000 ਲੋਕ ਗੰਭੀਰ ਰੂਪ ਵਿੱਚ ਅਪਹਾਜ ਹੋ ਗਏ ਹਨ।
ਯਾਦ ਰਹੇ, ਬਰਤਾਨੀਆ ਅਤੇ ਫਰਾਂਸ ਸਮੇਤ ਬਹੁਤ ਸਾਰੇ ਯੂਰਪੀਅਨ ਮੁਲਕਾਂ ਨੇ ਫਲਿਸਤੀਨ ਨੂੰ ਇੱਕ ਆਜ਼ਾਦ ਮੁਲਕ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਇਸ ਨਾਲ ਡੋਨਾਲਡ ਟਰੰਪ ਅਤੇ ਨੇਤਨਯਾਹੂ ‘ਤੇ ਜੰਗਬੰਦੀ ਦਾ ਦਬਾਅ ਵਧ ਗਿਆ ਹੈ। ਇਜ਼ਰਾਇਲੀ ਫੌਜ ਵੱਲੋਂ ਕਤਰ ‘ਤੇ ਕੀਤੇ ਗਏ ਹਮਲਿਆਂ ਕਾਰਨ ਵੀ ਇਜ਼ਰਾਇਲ ਕਾਫੀ ਦਬਾਅ ਵਿੱਚ ਰਿਹਾ ਅਤੇ ਅਖੀਰ ਉਸ ਨੂੰ ਕਤਰ ਦੀ ਸਰਕਾਰ ਕੋਲੋਂ ਉਪਰੋਕਤ ਹਮਲਿਆਂ ਅਤੇ ਇਸ ਦੌਰਾਨ ਹੋਈਆਂ ਹੱਤਿਆਵਾਂ ਲਈ ਮੁਆਫੀ ਮੰਗਣੀ ਪਈ। ਇਸ ਦੌਰਾਨ ਕਈ ਮੁਲਕਾਂ ਦੇ ਆਗੂਆਂ ਨੇ ਨਿਹੱਥੇ ਕਾਰਕੁੰਨਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਨ ਦੀ ਨਿਖੇਧੀ ਕੀਤੀ। ਇੱਕ ਫਲਿਸਤੀਨੀ ਆਗੂ ਨੇ ਕਿਹਾ ਕਿ ਇਹ ਕਾਫਲੇ ਨੂੰ ਅੰਤਰਰਾਸ਼ਟਰੀ ਸਮੁੰਦਰੀ ਖੇਤਰ ਵਿੱਚੋਂ ਗ੍ਰਿਫਤਾਰ ਕਰਨਾ ਮਾਨਵੀ ਸਹਾਇਤਾ ਪਹੁੰਚਾਉਣ ਲਈ ਜਾ ਰਹੇ ਕਾਰਕੁੰਨਾਂ ਨੂੰ ‘ਅਗਵਾ’ ਕਰਨ ਦੇ ਬਰਾਬਰ ਹੈ। ਇਸ ਫੜੋ-ਫੜਾਈ ਵਿੱਚ ਫਲੋਟਿਲਾ ਦੇ ਕਾਫਲੇ ਦੀ ਮੁੱਖ ਆਗੂ ਗਰੇਟਾ ਥੰਨਬਰਗ ਨਿਰਭੈ ਰੂਪ ਵਿੱਚ ਇਜ਼ਰਾਇਲੀ ਸੁਰੱਖਿਆ ਦਸਤਿਆਂ ਨਾਲ ਖਹਿਬੜਦੀ ਨਜ਼ਰ ਆਈ। ਆਜ਼ਾਦ ਮਨੁੱਖੀ ਕਾਰਕੁੰਨਾਂ ਦੇ ਇਸ ਕਾਫਲੇ ਦੀ ਗ੍ਰਿਫਤਾਰੀ ਤੋਂ ਪਿਛੋਂ ਕੋਲੰਬੀਆ ਨੇ ਇਜ਼ਰਾਇਲ ਨਾਲ ਆਪਣਾ ਫਰੀ ਟਰੇਡ ਸਮਝੌਤਾ ਰੱਦ ਕਰ ਦਿੱਤਾ ਅਤੇ ਇਜ਼ਰਾਇਲ ਦੇ ਡਿਪਲੋਮੈਟਿਕ ਅਮਲੇ ਨੂੰ ਆਪਣਾ ਮੁਲਕ ਛੱਡਣ ਦਾ ਹੁਕਮ ਦੇ ਦਿੱਤਾ। ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਕਿਹਾ ਕਿ ਕੋਲੰਬੀਆ ਇਜ਼ਰਾਇਲ ਵੱਲੋਂ ਗ੍ਰਿਫਤਾਰ ਕੀਤੇ ਗਏ ਕਾਰਕੁੰਨਾਂ ਦੇ ਨਾਲ ਹੈ। ਇਸ ਮਨੁੱਖੀ ਰਾਹਤ ਕਾਰਵਾਂ ਦੇ ਗਾਜ਼ਾ ਲਾਗੇ ਪੁੱਜਣ ਦੇ ਨਾਲ ਹੀ ਦੁਨੀਆਂ ਭਰ ਵਿੱਚ ਫਲਿਸਤੀਨ ਦੀ ਆਜ਼ਾਦੀ ਦੇ ਹੱਕ ਵਿੱਚ ਅਤੇ ਇਜ਼ਰਾਇਲ ਵੱਲੋਂ ਗਾਜ਼ਾ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਦੇ ਖਿਲਾਫ ਵੱਡੇ ਵਿਖਾਵੇ ਹੋਣ ਲੱਗੇ। ਇਟਲੀ ਦੀ ਸਭ ਤੋਂ ਵੱਡੀ ਮਜ਼ਦੂਰ ਯੂਨੀਅਨ ਨੇ ਪਿਛਲੇ ਹਫਤੇ ਵੀਰਵਾਰ ਵਾਲੇ ਦਿਨ ਦੇਸ਼ ਭਰ ਵਿੱਚ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ। ਫਰਾਂਸ ਅਤੇ ਇਟਲੀ ਦੇ ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਉਹ ਮਾਨਵੀ ਕਾਰਕੁੰਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਜ਼ਰਾਇਲੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਨਵੀ ਰਾਹਤ ਪਹੁੰਚਾਉਣ ਲਈ ਜਾ ਰਹੇ ਕਾਫਲੇ ਨੂੰ ਅੰਤਰਰਾਸ਼ਟਰੀ ਪਾਣੀਆਂ ਵਿੱਚ ਰੋਕਣਾ ਇੱਕ ਘੋਰ ਅਪਰਾਧ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਗ੍ਰਿਫਤਾਰ ਕੀਤੇ ਗਏ ਦੱਖਣੀ ਅਫਰੀਕਾ ਦੇ ਸ਼ਹਿਰੀਆਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਸੀ।
ਗਰੇਟਾ ਥੰਨਬਰਗ: ਇੱਕ ਕੁੜੀ ਕੂੰਜ ਵਰਗੀ…
ਗਰੇਟਾ ਥੰਨਬਰਗ ਦਾ ਜਨਮ 3 ਜਨਵਰੀ 2003 ਨੂੰ ਸਵੀਡਨ ਦੇ ਸ਼ਹਿਰ ਸਟਕਾਹੋਮ ਵਿੱਚ ਹੋਇਆ। ਉਸ ਦਾ ਪਿਤਾ ਸਵਾਂਤੇ ਥੰਨਬਰਗ ਫਿਲਮ ਐਕਟਰ, ਡਾਇਰੈਕਟਰ ਅਤੇ ਪੋ੍ਰਡਿਊਸਰ ਹੈ। ਗਰੇਟਾ ਦੀ ਮਾਂ ਮਲੀਨਾ ਅਰਨਮੈਨ ਇੱਕ ਓਪੇਰਾ ਗਾਇਕਾ ਵਜੋਂ ਕਾਰਜਰਤ ਹੈ। ਇੱਕ ਕਲਾਕਾਰ ਜੋੜੇ ਦੀ ਇਹ ਧੀ ਛੋਟੀ ਉਮਰ ਤੋਂ ਹੀ ਵਾਤਾਵਰਣਕ ਤਬਦੀਲੀਆਂ ਬਾਰੇ ਸੁਚੇਤ ਹੋ ਗਈ ਸੀ ਅਤੇ ਇਸ ਸੰਬੰਧ ਵਿੱਚ ਪਹਿਲੀ ਸਰਗਰਮੀ ਉਸ ਨੇ ਆਪਣੇ ਘਰ-ਬਾਰ ਤੋਂ ਹੀ ਸ਼ੁਰੂ ਕੀਤੀ। 8 ਸਾਲ ਦੀ ਉਮਰ ਵਿੱਚ ਹੀ ਗਰੇਟਾ ਨੇ ਵਾਤਾਵਰਣਕ ਤਬਦੀਲੀਆਂ ਨੂੰ ਠੱਲ੍ਹ ਮਾਰਨ ਲਈ ਛੋਟੇ-ਛੋਟੇ ਐਕਸ਼ਨ ਸ਼ੁਰੂ ਕਰ ਦਿੱਤੇ ਸਨ। ਮਨੁੱਖੀ ਵਿਘਨ ਕਾਰਨ ਹੋ ਰਹੀਆਂ ਮੌਸਮੀ ਤਬਦੀਲੀਆਂ ਖਿਲਾਫ ਕੋਈ ਐਕਸ਼ਨ ਨਾ ਹੁੰਦਾ ਵੇਖ ਕੇ ਉਹ ਉਦਾਸੀ ਰੋਗ ਦਾ ਸ਼ਿਕਾਰ ਹੋਈ। ਡਾਕਟਰਾਂ ਨੇ ਗਰੇਟਾ ਨੂੰ ਇੱਕ ਮਾਨਸਿਕ ਰੋਗ ‘ਅਸਪਰਜਰ ਸਿੰਡਰੋਮ’ ਦਾ ਸ਼ਿਕਾਰ ਵੀ ਆਖਿਆ ਸੀ। ਅੱਜ ਕੱਲ੍ਹ ਇਸ ਨੂੰ ‘ਆਟਿਸਮ ਸਪੈਕਟਰਮ ਡਿਸਆਰਡਰ’ ਵੀ ਕਿਹਾ ਜਾਂਦਾ ਹੈ। ਥੰਨਬਰਗ ਆਪਣੇ ਆਟਿਸਮ ਨੂੰ ‘ਸੁਪਰਪਾਵਰ’ ਵੀ ਆਖਦੀ ਹੈ। ਇਸ ਮਾਨਸਿਕ ਰੋਗ ਨੇ ਉਸ ਨੂੰ ਆਪਣੀ ਪੂਰੀ ਇਕਾਗਰਤਾ ਮੌਸਮੀ ਤਬਦੀਲੀਆਂ ਵੱਲ ਲਗਾਉਣ ਵਿੱਚ ਮਦਦ ਕੀਤੀ। ਸਾਲ 2018 ਵਿੱਚ 15 ਸਾਲ ਦੀ ਉਮਰ ਵਿੱਚ ਗਰੇਟਾ ਥੰਨਬਰਗ ਨੇ ਸਵੀਡਿਸ਼ ਪਾਰਲੀਮੈਂਟ ਅੱਗੇ ‘ਸਕੂਲ ਸਟਰਾਈਕ ਫਾਰ ਕਲਾਈਮੇਟ’ (ਸੋਲੋ) ਸ਼ੁਰੂ ਕੀਤੀ। ਉਸ ਦੀ ਇਸ ਹੜਤਾਲ ਨੇ ‘ਫਰਾਈਡੇ ਫਾਰ ਫਿਊਚਰ’ ਵਰਗੀ ਨੌਜਵਾਨ ਲਹਿਰ ਨੂੰ ਜਨਮ ਦਿੱਤਾ। ਇਹ ਹੁਣ ਇੱਕ ਨੌਜਵਾਨਾਂ ਵਿੱਚ ਸੰਸਾਰ ਪੱਧਰੀ ਲਹਿਰ ਬਣ ਗਈ ਹੈ, ਜਿਸ ਅਨੁਸਾਰ ਸ਼ੁੱਕਰਵਾਰ ਨੂੰ ਸਕੂਲੀ ਹੜਤਾਲ ਕੀਤੀ ਜਾਂਦੀ ਹੈ।
ਛੋਟੀ ਉਮਰ ਵਿੱਚ ਇੱਕ ਵਾਤਾਵਰਣ ਕਾਰਕੁੰਨ ਵਜੋਂ ਸਥਾਪਤ ਹੋਣ ਤੋਂ ਬਾਅਦ ਉਸ ਨੂੰ ਵਰਲਡ ਇਕਨਾਮਿਕ ਫੋਰਮ ਡੈਵੋਸ ਸਮੇਤ ਮਹੱਤਵਪੂਰਣ ਮੰਚਾਂ ‘ਤੇ ਸੰਬੋਧਨ ਕਰਨ ਦਾ ਮੌਕਾ ਮਿਲਿਆ। ਉਸ ਨੇ ਸੰਯੁਕਤ ਰਾਸ਼ਟਰ ਦੇ ਇੱਕ ਸਮਾਗਮ ਵਿੱਚ ਸੰਸਾਰ ਰਾਜਨੀਤਿਕ ਲੀਡਰਾਂ ਨੂੰ ਮੌਸਮੀ ਤਬਦੀਲੀਆਂ ਲਈ ਕੋਈ ਐਕਸ਼ਨ ਨਾ ਕਰਨ ਬਾਰੇ ਚੁਣੌਤੀ ਭਰੇ ਲਹਿਜੇ ਵਿੱਚ ਸਵਾਲ ਕੀਤੇ ਸਨ। ਉਸ ਨੇ ਆਪਣੇ ਪਰਿਵਾਰ ਦੀ ਜੀਵਨ ਧਾਰਾ ਨੂੰ ਸਾਦਾ, ਸ਼ਾਕਾਹਾਰੀ, ਹਵਾਈ ਸਫਰ ਨਾ ਕਰਨ ਵਾਲੀ, ਜੀਵਨ ਰਾਹ ‘ਤੇ ਤੋਰਿਆ।
ਗਰੇਟਾ ਥੰਨਬਰਗ ਨੂੰ 2019 ਤੋਂ 2023 ਤੱਕ ਪੰਜ ਸਾਲ ਨੋਬਲ ਅਮਨ ਇਨਾਮ ਲਈ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਉਸ ਨੂੰ ਐਮੀਨਸਟੀ ਇੰਟਰਨੈਸ਼ਨਲ ਨੇ ‘ਅੰਬੈਸਡਰ ਔਫ ਦਾ ਕਨਸਾਇੰਸ’ ਦਾ ਇਨਾਮ ਵੀ ਦਿੱਤਾ। ਇਹ ਮਨੁੱਖੀ ਗਤੀਵਿਧੀਆਂ ਕਾਰਨ ਪੈਦਾ ਹੋਈਆਂ ਮੌਸਮੀ ਤਬਦੀਲੀਆਂ ਖਿਲਾਫ ਉਸ ਦੇ ਕੰਮ ਦਾ ਮਾਣ-ਤਾਣ ਹੈ।