*ਏਅਰ ਬੇਸ ਤੋਂ ਲੈ ਕੇ ਸਿਵਲ ਏਅਰ ਪੋਰਟ ਬਨਣ ਦਾ ਇਤਿਹਾਸ*
*ਏਅਰ ਫੋਰਸ ਵੱਲੋਂ ਤਜਵੀਜ਼ ਲਿਖਣ ਤੇ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਨੂੰ ਲੱਗੇ ਸਿਰਫ ਕੁਝ ਘੰਟੇ
*ਉਸੇ ਦਿਨ ਹੀ ਹਵਾਈ ਅੱਡਾ ਉਸਾਰਨ ਦੀ ਤਿਆਰੀ ਵਿੱਢ ਦਿੱਤੀ ਦਿੱਲੀ ਨੇ
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
ਨੌਂ ਕੁ ਸਾਲ ਪਹਿਲਾਂ ਯਾਨੀ 15 ਸਤੰਬਰ 2016 ਨੂੰ ਇੰਟਰਨੈਸ਼ਨਲ ਏਅਰ ਪੋਰਟ ਦਾ ਸਟੇਟਸ ਹਾਸਲ ਕਰਨ ਵਾਲਾ ਚੰਡੀਗੜ੍ਹ ਸਿਵਲ ਹਵਾਈ ਅੱਡਾ ਅੱਜ ਤੋਂ 70 ਵਰ੍ਹੇ ਪਹਿਲਾਂ ਫੌਜੀ ਹਵਾਈ ਅੱਡੇ ਦੀ ਸ਼ਕਲ ਵਿੱਚ ਤਿਆਰ ਹੋਇਆ ਸੀ। ਇਹਦਾ ਹੈਰਾਨੀ ਵਾਲਾ ਪਹਿਲੂ ਇਹ ਹੈ ਕਿ ਇੱਥੇ ਹਵਾਈ ਅੱਡਾ ਬਣਾਉਣ ਦਾ ਫੁਰਨਾ ਫੁਰਨ, ਤਜਵੀਜ ਤਿਆਰ ਕਰਨ, ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਮਿਲਣ, ਮਨਜ਼ੂਰੀ ਲੈਟਰ ਏਅਰ ਫੋਰਸ ਹੈਡ ਕੁਆਟਰ `ਤੇ ਪੁੱਜਦੀ ਹੋਣ ਦਾ ਅਮਲ ਕੁਝ ਘੰਟਿਆਂ ਵਿੱਚ ਹੀ ਨੇਪਰੇ ਚੜ੍ਹਿਆ। ਇਸ ਕਹਾਣੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਦੋਂ ਦੀਆਂ ਸਰਕਾਰਾਂ ਖਾਸ ਕਰਕੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਸਰਕਾਰ ਚਲਾਉਣ ਦਾ ਤਰੀਕਾ–ਏ-ਕਾਰ ਕੀ ਸੀ, ਤੇ ਅਫਸਰਸ਼ਾਹੀ ਦੀ ਮਨਸ਼ਾ ਕੰਮਾਂ `ਚ ਅੱਜ ਕੱਲ੍ਹ ਵਾਂਗ ਅੜਿਕਾ ਡਾਹੁਣ ਦੀ ਨਹੀਂ ਸੀ ਹੁੰਦੀ।
ਕਹਾਣੀ ਇਉਂ ਹੋਈ ਕਿ 1961–62 ਦੇ ਨੇੜੇ ਦੀ ਗੱਲ ਹੈ, ਇੱਕ ਦਿਨ ਏਅਰ ਫੋਰਸ ਦਾ ਇੱਕ ਉੱਚ ਕੋਟੀ ਦਾ ਅਫਸਰ ਸ. ਪਦਮ ਸਿੰਘ ਗਿੱਲ ਆਪਣੇ ਇੱਕ ਹੋਰ ਸਾਥੀ ਅਫਸਰ ਨਾਲ ਡਕੋਟਾ ਹਵਾਈ ਜਹਾਜ਼ `ਤੇ ਕਸ਼ਮੀਰ ਤੋਂ ਦਿੱਲੀ ਤੱਕ ਦੀ ਉਡਾਨ ਭਰ ਰਿਹਾ ਸੀ। ਜਿੱਥੇ ਅੱਜ ਕੱਲ੍ਹ ਚੰਡੀਗੜ੍ਹ ਹਵਾਈ ਅੱਡਾ ਹੈ, ਉਥੇ ਉਨ੍ਹਾਂ ਨੇ ਇੱਕ ਬਹੁਤ ਵੱਡਾ ਕੱਪਰ (ਰੜਾ ਮੈਦਾਨ) ਦੇਖਿਆ। ਸ. ਗਿੱਲ ਨੂੰ ਇਹ ਥਾਂ ਹਵਾਈ ਅੱਡਾ ਬਣਾਉਣ ਲਈ ਢੁਕਵੀਂ ਜਾਪੀ। ਉਨ੍ਹਾਂ ਆਪਣਾ ਡਕੋਟਾ ਜਹਾਜ਼ ਕੱਪਰ ਵਿੱਚ ਉਤਾਰ ਲਿਆ। ਜਹਾਜ਼ ਨੂੰ ਦੇਖਣ ਲਈ ਪਿੰਡਾਂ ਦੇ ਲੋਕ `ਕੱਠੇ ਹੋ ਗਏ। ਸ. ਗਿੱਲ 1974 ਵਿੱਚ ਏਅਰਫੋਰਸ `ਚੋਂ ਬਤੌਰ ਏਅਰ ਕਮਾਂਡਰ (ਬ੍ਰਿਗੇਡੀਅਰ ਦੇ ਬਰਾਬਰ) ਰਿਟਾਇਰ ਹੋਏ, ਪਰ ਉਦੋਂ ਉਨ੍ਹਾਂ ਦਾ ਰੈਂਕ ਸ਼ਾਇਦ ਇਸ ਤੋਂ ਛੋਟਾ ਹੋਵੇ। ਪਿੰਡ ਦੇ ਕਿਸੇ ਬੰਦੇ ਤੋਂ ਸਾਇਕਲ ਮੰਗ ਕੇ ਸ. ਗਿੱਲ ਨੇ ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਵੱਲ ਨੂੰ ਸਾਇਕਲ ਸਿੱਧਾ ਕਰ ਦਿੱਤਾ। ਉਨ੍ਹੀਂ ਦਿਨੀਂ ਪੰਜਾਬ ਸਕੱਤਰੇਤ ਦੀ ਇਮਾਰਤ ਅਜੇ ਬਣੀ ਨਹੀਂ ਸੀ ਤੇ ਮੁੱਖ ਮੰਤਰੀ ਦਾ ਦਫਤਰ ਸੈਕਟਰ 12 ਵਾਲੇ ਪੰਜਾਬ ਇੰਜੀਨੀਅਰ ਕਾਲਜ ਵਾਲੀ ਇਮਾਰਤ `ਚੋਂ ਹੀ ਚੱਲਦਾ ਸੀ। ਉਦੋਂ ਮੁੱਖ ਮੰਤਰੀ ਨੂੰ ਮਿਲਣਾ ਕੋਈ ਔਖਾ ਕੰਮ ਨਹੀਂ ਸੀ ਹੁੰਦਾ, ਸ. ਪਦਮ ਸਿੰਘ ਗਿੱਲ ਦੇ ਪਿਤਾ ਦੀ ਵੈਸੇ ਵੀ ਮੁੱਖ ਮੰਤਰੀ ਕੈਰੋਂ ਨਾਲ ਵਾਕਫੀਅਤ ਸੀ। ਵਾਕਫੀਅਤ ਦੀ ਇੱਕ ਵਜਾਹ ਇਹ ਵੀ ਸੀ ਕਿ ਸ. ਪਦਮ ਸਿੰਘ ਦੇ ਪਿਤਾ ਸ. ਚੰਨਣ ਸਿੰਘ ਗਿੱਲ ਦਾ ਸ. ਕੈਰੋਂ ਨਾਲ ਇੱਕ ਵਾਰੀ ਚੰਗਾ ਵਾਹ ਪੈ ਚੁੱਕਿਆ ਸੀ।
ਗੱਲ 1948-50 ਦੀ ਹੋਵੇਗੀ ਕਿ ਸ. ਚੰਨਣ ਸਿੰਘ ਉਨ੍ਹੀਂ ਦਿਨੀਂ ਸਰਕਲ ਇੰਸਪੈਕਟਰ ਆਫ ਸਕੂਲਜ਼ ਦੇ ਅਹੁਦੇ `ਤੇ ਤਾਇਨਾਤ ਸਨ, ਜਿਹਨੂੰ ਅੱਜ ਕੱਲ੍ਹ ਸਰਕਲ ਐਜੂਕੇਸ਼ਨ ਅਫਸਰ ਆਖਿਆ ਜਾਂਦਾ ਹੈ। ਸ. ਕੈਰੋਂ ਦੀ ਪਤਨੀ ਬੀਬੀ ਰਾਮ ਕੌਰ ਉਦੋਂ ਪ੍ਰਾਇਮਰੀ ਸਕੂਲ ਟੀਚਰ ਸੀ। ਬੀਬੀ ਰਾਮ ਕੌਰ ਦੇ ਖਿਲਾਫ ਸ਼ਿਕਾਇਤ ਇਹ ਸੀ ਕਿ ਉਹ ਆਪਣੀ ਡਿਊਟੀ `ਤੇ ਬਹੁਤ ਘੱਟ ਹਾਜ਼ਰੀ ਦਿੰਦੀ ਹੈ। ਇਹ ਸ਼ਿਕਾਇਤ ਦੀ ਪੜਤਾਲ ਸ. ਚੰਨਣ ਸਿੰਘ ਗਿੱਲ ਨੇ ਕੀਤੀ ਸੀ। ਸ. ਕੈਰੋਂ ਉਨ੍ਹੀਂ ਦਿਨੀਂ ਪੰਜਾਬ ਦੇ ਵਜ਼ੀਰ ਹੋਣਗੇ ਜਾਂ ਘੱਟੋ-ਘੱਟ ਸਾਬਕਾ ਵਜੀਰ ਤਾਂ ਜਰੂਰ ਹੋਣਗੇ; ਕਿਉਂਕਿ ਸ. ਕੈਰੋਂ 1947 ਤੋਂ 1949 ਤੱਕ ਪੰਜਾਬ ਦੇ ਵਿਕਾਸ ਅਤੇ ਮੁੜ ਵਸੇਬਾ ਵਜੀਰ ਰਹੇ। ਪਤਾ ਨਹੀਂ ਸ. ਚੰਨਣ ਸਿੰਘ ਗਿੱਲ ਨੇ ਬੀਬੀ ਰਾਮ ਕੌਰ ਦੀ ਕੋਈ ਤਰਫਦਾਰੀ ਕੀਤੀ ਜਾਂ ਨਾ ਕੀਤੀ, ਪਰ ਦੋਹਾਂ ਹੀ ਹਾਲਤਾਂ ਵਿੱਚ ਸ. ਗਿੱਲ ਅਤੇ ਸ. ਕੈਰੋਂ ਦੀ ਚੰਗੀ ਵਾਕਫੀਅਤ ਹੋਣ ਜਾਣੀ ਲਾਜ਼ਮੀ ਸੀ।
ਚਲੋਂ ਖੈਰ! ਸ. ਪਦਮ ਸਿੰਘ ਸਿੱਧੇ ਹੀ ਮੁੱਖ ਮੰਤਰੀ ਕੋਲ ਚਲੇ ਗਏ ਅਤੇ ਮਕਸਦ ਦੱਸਦਿਆਂ ਸ. ਕੈਰੋਂ ਨੂੰ ਆਖਿਆ ਕਿ ਅਸੀਂ ਇੱਥੇ ਹਵਾਈ ਅੱਡਾ ਬਣਾਉਣਾ ਚਾਹੁੰਦੇ ਹਾਂ। ਸ. ਕੈਰੋਂ ਨੇ ਆਖਿਆ ਕਿ ਪੰਜਾਬ ਵਾਸਤੇ ਇਹ ਬੜੀ ਖੁਸ਼ੀ ਦੀ ਗੱਲ ਹੋਵੇਗੀ, ਏਅਰ ਫੋਰਸ ਤਜਵੀਜ਼ ਘੱਲੇ ਤਾਂ ਅਸੀਂ ਝੱਟ ਮਨਜ਼ੂਰੀ ਦੇ ਦਿਆਂਗੇ। ਸ. ਪਦਮ ਸਿੰਘ ਨੇ ਉਸੇ ਵਕਤ ਕਾਗਜ਼ ਚੁੱਕਿਆ ਅਤੇ ਏਅਰ ਫੋਰਸ ਵੱਲੋਂ ਤਜਵੀਜ਼ ਵਾਲੀ ਚਿੱਠੀ ਹੱਥ ਨਾਲ ਲਿਖੀ ਤੇ ਥੱਲੇ ਆਪਣੇ ਦਸਤਖਤ ਕਰਕੇ ਕਾਗਜ਼ ਮੁੱਖ ਮੰਤਰੀ ਦੇ ਹੱਥ ਵਿੱਚ ਫੜ੍ਹਾ ਦਿੱਤਾ। ਅਗਲੇ ਹੀ ਪਲ ਮੁੱਖ ਮੰਤਰੀ ਨੂੰ ਇਸ ਤਜਵੀਜ਼ ਵਾਲੇ ਕਾਗਜ ਉਤੇ “ਮਨਜ਼ੂਰ ਹੈ” ਲਿਖ ਕੇ ਆਪਣੇ ਦਸਤਖਤ ਕੀਤੇ, ਘੰਟੀ ਮਾਰ ਕੇ ਮੁਤੱਲਕਾ ਸੈਕਟਰੀ ਨੂੰ ਸੱਦ ਕੇ ਉਹਦੇ ਹੱਥ ਕਾਗਜ਼ ਫੜਾਉਂਦਿਆਂ ਹੁਕਮ ਦਿੱਤਾ ਕਿ ਮਨਜ਼ੂਰੀ ਦੀ ਇਤਲਾਹ ਗਿੱਲ ਸਾਹਿਬ ਦੇ ਦਿੱਲੀ ਏਅਰ ਫੋਰਸ ਦੇ ਹੈੱਡ ਕੁਆਟਰ ਪੁੱਜਣ ਤੋਂ ਪਹਿਲਾਂ ਉਥੇ ਅੱਪੜਨੀ ਚਾਹੀਦੀ ਹੈ। ਇਵੇਂ ਹੀ ਹੋਇਆ ਕਿ ਗਿੱਲ ਸਾਹਿਬ ਵੱਲੋਂ ਸ. ਕੈਰੋਂ ਤੋਂ ਵਿਦਾ ਲੈ ਕੇ ਸਾਇਕਲ `ਤੇ ਆਪਣੇ ਡਕੋਟਾ ਜਹਾਜ਼ ਤੱਕ ਪਹੁੰਚਣ ਅਤੇ ਜਹਾਜ਼ ਰਾਹੀਂ ਦਿੱਲੀ ਹੈੱਡਕੁਆਟਰ ਜਾਣ ਵਿੱਚ ਜਿਨ੍ਹਾਂ ਵਕਤ ਲੱਗਿਆ, ਓਨੇ ਵਕਤ ਦੌਰਾਨ ਹੀ ਟੈਲੀਗ੍ਰਾਮ, ਟੈਲੀਪ੍ਰਿੰਟਰ ਜਾਂ ਕਿਸੇ ਹੋਰ ਜ਼ਰੀਏ ਮਨਜ਼ੂਰੀ ਦੀ ਇਤਲਾਹ ਏਅਰ ਫੋਰਸ ਹੈੱਡ ਕੁਆਟਰ ਨੂੰ ਪਹੁੰਚ ਗਈ ਸੀ। ਇਹ ਤੋਂ ਪਹਿਲਾਂ ਕਿ ਸ. ਗਿੱਲ ਆਪਣੇ ਅਫਸਰਾਂ ਨੂੰ ਇਹ ਖੁਸ਼ਖਬਰੀ ਦਿੰਦੇ, ਅਫਸਰ ਪਹਿਲਾਂ ਹੀ ਉਨ੍ਹਾਂ ਨੂੰ ਸਾਬਾਸ਼ ਦੇਣ ਲਈ ਤਿਆਰ ਖੜ੍ਹੇ ਸਨ। ਏਅਰ ਫੋਰਸ ਹਾਈਕਮਾਂਡ ਨੇ ਉਸੇ ਦਿਨ ਹੀ ਸ. ਪਦਮ ਸਿੰਘ ਗਿੱਲ ਦੀ ਡਿਊਟੀ ਲਗਾ ਦਿੱਤੀ ਕਿ ਉਹ ਹੀ ਹਵਾਈ ਅੱਡੇ ਦੀ ਉਸਾਰੀ ਆਪਣੀ ਨਿਗਰਾਨੀ ਹੇਠ ਕਰਾਉਣ।
ਸ. ਪਦਮ ਸਿੰਘ ਗਿੱਲ ਵੱਲੋਂ ਸਰਕਾਰ ਅਤੇ ਏਅਰ ਫੋਰਸ ਦੀ ਹਾਈ ਕਮਾਂਡ ਨੂੰ ਬਿਨ੍ਹ ਭਰੋਸੇ `ਚ ਲਿਆਂ ਏਅਰ ਫੋਰਸ ਦੇ ਆਧਾਰ `ਤੇ ਖੁਦ ਹੀ ਅਜਿਹੀ ਤਜਵੀਜ਼ ਲਿਖ ਦੇਣ ਪਿੱਛੇ ਉਨ੍ਹਾਂ ਦੀ ਦਲੇਰੀ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੀ ਆਪਣੀ ਫੋਰਸ ਵਿੱਚ ਚੰਗੀ ਪੈਂਠ ਸੀ। ਬਤੌਰ ਫਾਈਟਰ ਪਾਇਲਟ ਦੂਜੀ ਸੰਸਾਰ ਜੰਗ ਦੌਰਾਨ ਉਨ੍ਹਾਂ ਨੇ ਬਰਮਾ ਫਰੰਟ `ਤੇ ਚੰਗਾ ਨਾਮਣਾ ਖੱਟਿਆ ਸੀ। ਦੂਜਾ ਕਾਰਨ ਇਹ ਕਿ ਉਸ ਵੇਲੇ ਏਅਰ ਫੋਰਸ ਦੇ ਡਿਪਟੀ ਚੀਫ ਸ. ਅਰਜਨ ਸਿੰਘ ਨਾਲ ਉਨ੍ਹਾਂ ਦੀ ਚੰਗੀ ਨੇੜਤਾ ਸੀ ਤੇ ਉਹ ਇਕੱਠੇ ਹੀ ਏਅਰ ਫੋਰਸ ਵਿੱਚ ਮੀਆਂਵਾਲੀ ਭਰਤੀ ਹੋਏ ਸਨ। ਔਲ਼ਖ ਗੋਤੀ ਸ. ਅਰਜਨ ਸਿੰਘ ਦਾ ਪਿਛਲਾ ਪਿੰਡ ਤਰਨਤਾਰਨ ਜ਼ਿਲ੍ਹੇ `ਚ ਨਾਰਲੀ ਸੀ, ਪਰ ਉਨ੍ਹਾਂ ਦਾ ਪਰਿਵਾਰ ਲਾਇਲਪੁਰ ਜ਼ਿਲ੍ਹੇ ਦੀ ਬਾਰ ਵਿੱਚ ਖੇਤੀ ਕਰਦਾ ਸੀ ਤੇ ਸ. ਗਿੱਲ ਦੇ ਪਿਤਾ ਉੱਥੇ ਬਤੌਰ ਐਜੂਕੇਸ਼ਨ ਅਫਸਰ ਤਾਇਨਾਤ ਸਨ। ਦੋਹਾਂ ਪਰਿਵਾਰਾਂ ਦੇ ਆਪਸੀ ਗੂ੍ਹੜੇ ਸਬੰਧ ਸਨ। ਸ. ਪਦਮ ਸਿੰਘ ਨੇ ਹਾਈ ਕਮਾਂਡ ਦੀਆਂ ਹਦਾਇਤਾਂ ਮੁਤਾਬਿਕ ਹਵਾਈ ਅੱਡੇ ਦੀ ਉਸਾਰੀ ਤੇਜ਼ੀ ਨਾਲ ਸ਼ੁਰੂ ਤੇ ਮੁਕੰਮਲ ਕਰਾਈ। ਇਸ ਖਾਤਰ ਬਹੁਤੀ ਜ਼ਮੀਨ ਪਿੰਡ ਬਹਿਲਾਣਾ ਅਤੇ ਭਬਾਤ (ਨਗਰ ਕੌਂਸਲ ਜ਼ੀਰਕਪੁਰ) ਦੀ ਐਕੁਆਇਰ ਹੋਈ। ਇਸੇ ਹਵਾਈ ਅੱਡੇ ਦੀ ਪਟੜੀ ਨੂੰ ਇਸਤੇਮਾਲ ਕਰਦਿਆਂ 1972-73 ਵਿੱਚ ਸਿਵਲ ਹਵਾਈ ਅੱਡਾ ਸ਼ੁਰੂ ਹੋਇਆ, ਜਿਹੜਾ ਕਿ 2016 ਵਿੱਚ ਇੰਟਰਨੈਸ਼ਨਲ ਹਵਾਈ ਅੱਡਾ ਬਣਿਆ।
ਸ. ਪਦਮ ਸਿੰਘ ਗਿੱਲ ਦਾ ਜੱਦੀ ਪਿੰਡ ਮੋਗਾ ਤਹਿਸੀਲ ਵਿੱਚ ਕੋਕਰੀ ਸੀ, ਉਨ੍ਹਾਂ ਦੇ ਪਿਤਾ ਨੇ 1952 ਵਿੱਚ ਰਿਟਾਇਰਮੈਂਟ ਲੈਣ ਤੋਂ ਬਾਅਦ ਆਪਣੀ ਰਿਹਾਇਸ਼ ਜਲੰਧਰ ਕੀਤੀ ਅਤੇ ਬਾਅਦ ਵਿੱਚ ਕੇਂਦਰੀ ਵਜੀਰ ਬਣੇ ਸ. ਸਵਰਨ ਸਿੰਘ ਨਾਲ ਕੰਪਨੀ ਬਾਗ ਵਿੱਚ ਇੱਕ ਇੰਡੀਆ ਕਾਲਜ ਸ਼ੁਰੂ ਕੀਤਾ। 1962-63 ਜਦੋਂ ਚੰਡੀਗੜ੍ਹ ਦੇ ਮੁਢਲੇ ਸੈਕਟਰਾਂ ਦੀ ਤਾਮੀਰ ਹੋਈ ਤਾਂ ਰਿਟਾਇਰ ਅਫਸਰਾਂ ਨੂੰ ਉਥੇ ਰਿਹਾਇਸ਼ੀ ਪਲਾਟ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਗਿੱਲ ਪਰਿਵਾਰ ਨੂੰ ਸੈਕਟਰ 3 ਵਿੱਚ 30 ਨੰਬਰ ਪਲਾਟ ਮਿਲਿਆ। ਅਸਟੇਟ ਦਫਤਰ ਨੇ ਖੁਦ ਆ ਕੇ ਕੋਠੀ ਬਣਾਉਣ ਖਾਤਰ 80 ਹਜ਼ਾਰ ਰੁਪਏ ਦਾ ਕਰਜਾ ਦਿੱਤਾ। ਸ. ਪਦਮ ਸਿੰਘ ਦਾ ਵੱਡਾ ਭਰਾ ਪਰਫੂਲ ਸਿੰਘ ਵੀ ਫੌਜ ਵਿੱਚੋਂ ਬ੍ਰਿਗੇਡੀਅਰ ਰਿਟਾਇਰ ਹੋਇਆ ਤੇ ਅੱਜ ਕੱਲ੍ਹ ਪੂਨੇ ਸੈਟਲ ਹੈ। ਛੋਟਾ ਭਾਈ ਰਜਿੰਦਰ ਸਿੰਘ ਐਮ.ਬੀ.ਬੀ.ਐਸ. ਡਾਕਟਰ ਹੈ ਤੇ ਇੰਗਲੈਂਡ ਸੈਟਲ ਹੈ। ਸ. ਪਦਮ ਸਿੰਘ ਨੇ ਆਖਰੀ ਵਕਤ ਅਮਰੀਕਾ ਵਿੱਚ ਗੁਜਾਰਿਆ ਅਤੇ 2008 ਵਿੱਚ ਫੌਤ ਹੋਏ। ਗਿੱਲ ਭਰਾਵਾਂ ਦੀ ਮਾਤਾ ਸਰਦਾਰਨੀ ਜਗੀਰ ਕੌਰ ਰਾਏਕੋਟ ਤਹਿਸੀਲ ਵਿੱਚ ਪੈਂਦੇ ਪਿੰਡ ਬੱਸੀਆਂ ਤੋਂ ਗੋਧੇ ਕੇ ਲਾਣੇ ਵਿੱਚੋਂ ਸ. ਸੱਜਣ ਸਿੰਘ ਉੱਪਲ਼ ਦੀ ਧੀ ਸੀ ਤੇ ਉਹ ਸਿੱਖ ਗਰਲਜ਼ ਸਕੂਲ ਸਿੱਧਵਾਂ ਖੁਰਦ ਤੋਂ 1916 ਦੀ ਮੈਟ੍ਰਿਕ ਪਾਸ ਸੀ। ਬੀਬੀ ਜਗੀਰ ਕੌਰ ਆਪਣੇ ਪਤੀ ਸ. ਚੰਨਣ ਸਿੰਘ ਦੇ ਫੌਤ ਹੋਣ ਜਾਣ ਅਤੇ ਆਪਣੇ ਬੇਟਿਆਂ ਦੇ ਬਾਹਰ ਸੈਟਲ ਹੋਣ ਜਾਣ ਕਰਕੇ ਆਪਣੇ ਆਖਰੀ ਵਕਤ ਸੰਨ 2000 ਤੱਕ 3 ਸੈਕਟਰ ਵਾਲੀ 30 ਨੰਬਰ ਕੋਠੀ ਵਿੱਚ ਇਕੱਲੀ ਹੀ ਰਹਿੰਦੀ ਰਹੀ। ਇਕੱਲ ਕਾਰਨ ਉਹ ਆਪਣੇ ਪੇਕੇ ਬੱਸੀਆਂ ਤੋਂ ਆਪਣੇ ਭਤੀਜਿਆਂ ਦੇ ਬੱਚਿਆਂ ਨੂੰ ਸਕੂਲ ਛੁੱਟੀਆਂ ਦੌਰਾਨ ਆਪਣੇ ਕੋਲ ਸੱਦ ਲੈਂਦੀ। ਉਨ੍ਹਾਂ ਬੱਚਿਆਂ ਵਿੱਚੋਂ ਬੀਬੀ ਜੀ ਦੇ ਭਤੀਜੇ ਸ. ਜਗਦੀਪ ਸਿੰਘ ਦੇ ਬੇਟੇ ਪ੍ਰੀਤੀ ਰਾਜ ਸਿੰਘ ਬਿੱਟੂ ਦੀਆਂ ਹਰੇਕ ਛੁੱਟੀਆਂ ਇਸੇ ਕੋਠੀ ਵਿੱਚ ਗੁਜ਼ਰਦੀਆਂ ਰਹੀਆਂ। ਬਿੱਟੂ ਆਪਣੇ ਪਿਤਾ ਦੀ ਭੂਆ ਨੂੰ ਵੀ ਭੂਆ ਹੀ ਆਖਦਾ ਹੈ। ਭੂਆ ਦੱਸਦੀ ਹੁੰਦੀ ਸੀ ਕਿ 31 ਨੰਬਰ ਕੋਠੀ ਉੱਘੇ ਅਕਾਲੀ ਆਗੂ ਹਰਚਰਨ ਸਿੰਘ ਹੁਡਿਆਰਾ ਅਤੇ 32 ਨੰਬਰ `ਚ ਪ੍ਰਤਾਪ ਸਿੰਘ ਕੈਰੋਂ ਰਹਿੰਦਾ ਸੀ। ਆਪਣੀ ਮਾਤਾ ਦੀ ਫੌਤਗੀ ਤੋਂ ਇੱਕ ਸਾਲ ਬਾਅਦ ਬੇਟਿਆਂ ਨੇ ਇਹ ਕੋਠੀ 2001 ਵਿੱਚ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ 1 ਕਰੋੜ 40 ਲੱਖ ਵਿੱਚ ਵੇਚ ਦਿੱਤੀ।
ਉੱਪਰ ਜ਼ਿਕਰ ਵਿੱਚ ਆ ਚੁੱਕਾ ਹੈ ਕਿ ਪ੍ਰੀਤੀ ਰਾਜ ਸਿੰਘ ਬਿੱਟੂ ਮੇਰੇ ਭਰਾ ਮਨਜੀਤ ਇੰਦਰ ਸਿੰਘ ਰਾਜਾ ਦਾ ਗੂੜ੍ਹਾ ਆੜੀ ਹੈ। ਬਿੱਟੂ ਤੇ ਰਾਜਾ ਕਿਸੇ ਕੰਮ ਚੰਡੀਗੜ੍ਹ ਗਏ। ਬਿੱਟੂ ਦਾ ਰਾਜੇ ਨੂੰ ਉਹ ਕੋਠੀ ਦਿਖਾਉਣ ਦਾ ਚਿੱਤ ਕੀਤਾ, ਜਿੱਥੇ ਉਹਦੇ ਬਚਪਨ ਦੀਆਂ ਹਰੇਕ ਛੁੱਟੀਆਂ ਬੀਤੀਆਂ ਸਨ। ਦੋਵੇਂ ਜਾਣੇ ਕੋਠੀ ਅੰਦਰ ਚਲੇ ਗਏ। ਸਬੱਬ ਨਾਲ ਕੋਠੀ ਦਾ ਨਵਾਂ ਮਾਲਕ ਮਨਪ੍ਰੀਤ ਸਿੰਘ ਬਾਦਲ ਵੀ ਹਾਜ਼ਰ ਮਿਲ ਗਿਆ। ਬਿੱਟੂ ਨੇ ਮਨਪ੍ਰੀਤ ਸਿੰਘ ਨੂੰ ਇਸ ਕੋਠੀ ਨਾਲ ਆਪਣੀ ਸਾਂਝ ਬਾਰੇ ਦੱਸਿਆ ਤੇ ਉਹਨੇ ਬਿੱਟੂ ਹੁਰਾਂ ਦਾ ਚੰਗਾ ਮਾਣ ਸਤਿਕਾਰ ਕਰਦਿਆਂ ਕੋਠੀ ਅੰਦਰੋਂ ਬਾਹਰੋਂ ਰੀਝ ਨਾਲ ਦਿਖਾਈ। ਚਾਹ ਪੀਂਦਿਆਂ-ਪੀਂਦਿਆਂ ਮਨਪ੍ਰੀਤ ਸਿੰਘ ਨੇ ਰਾਜੇ ਤੇ ਬਿੱਟੂ ਨੂੰ ਸ. ਪਦਮ ਸਿੰਘ ਗਿੱਲ ਵੱਲੋਂ ਹਵਾਈ ਅੱਡਾ ਸ਼ੁਰੂ ਕਰਵਾਉਣ ਵਾਲੀ ਵਿਥਿਆ ਸੁਣਾਈ, ਜੋ ਉਹਨੇ ਪਦਮ ਸਿੰਘ ਗਿੱਲ ਹੁਰਾਂ ਤੋਂ ਕੋਠੀ ਦਾ ਸੌਦਾ ਕਰਨ ਵੇਲੇ ਚੱਲੀਆਂ ਗੱਲਾਂ ਬਾਤਾਂ ਦੌਰਾਨ ਸੁਣੀ ਸੀ। ਬਾਅਦ `ਚ ਬਿੱਟੂ ਦੇ ਪਿਤਾ ਸ. ਜਗਦੀਪ ਸਿੰਘ ਤੇ ਚਾਚਾ ਰਿਟਾਇਰ ਆਈ.ਪੀ.ਐਸ. ਅਫਸਰ ਸ. ਸੁਰਿੰਦਰ ਸਿਘ ਨੇ ਇਸ ਵਿਥਿਆ ਦੀ ਤਸਦੀਕ ਕੀਤੀ ਤੇ ਮੈਨੂੰ ਕੁਝ ਗੱਲਾਂ ਹੋਰ ਵੀ ਦੱਸੀਆਂ। ਬਿੱਟੂ ਤੇ ਰਾਜੇ ਤੋਂ ਇਹ ਕਹਾਣੀ ਸੁਣਨ ਤੋਂ ਬਾਅਦ ਮੇਰੇ ਮਨ ਵਿੱਚ ਖਿਆਲ ਆਇਆ ਕਿ ਜੇ ਉਦੋਂ ਫੌਜੀ ਅੱਡਾ ਨਾ ਬਣਦਾ ਤਾਂ ਅੱਜ ਦੀ ਤਰੀਕ ਵਿੱਚ ਚੰਡੀਗੜ੍ਹ ਵਾਸਤੇ ਉਚੇਚਾ ਸਿਵਲ ਏਅਰ ਪੋਰਟ ਬਣਨਾ ਬਹੁਤ ਔਖਾ ਹੋਣਾ ਸੀ; ਕਿਉਂਕਿ ਚੰਡੀਗੜ੍ਹ ਦੇ ਨੇੜੇ-ਤੇੜੇ ਇੰਨੀ ਖਾਲੀ ਜ਼ਮੀਨ ਲੱਭਣੀ ਔਖੀ ਹੋਣੀ ਸੀ।