ਬਲਜਿੰਦਰ*
ਫੋਨ:+919815040500
ਖੇਡਾਂ ਦਾ ਮੂਲ ਉਦੇਸ਼ ਮਨੁੱਖੀ ਏਕਤਾ, ਸਹਿਯੋਗ ਅਤੇ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ ਹੈ, ਨਾ ਕਿ ਸਿਆਸੀ ਵਿਵਾਦਾਂ ਨੂੰ ਹਵਾ ਦੇਣਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਵਰਗੇ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਵਿੱਚ ਜਿਸ ਤਰ੍ਹਾਂ ਸਿਆਸਤ ਨੇ ਖੇਡ ਭਾਵਨਾ ਨੂੰ ਤਾਰ ਤਾਰ ਕੀਤਾ ਹੈ, ਉਸ ਲਈ ਸਾਰੀ ਦੁਨੀਆਂ ਵਿੱਚ ਦੋਹਾਂ ਮੁਲਕਾਂ ਦੀ ਰੱਜ ਕੇ ਭੰਡੀ ਹੋਈ ਹੈ। ਇਹ ਕੋਈ ਗਲ਼ੀ ਕ੍ਰਿਕਟ ਨਹੀਂ ਸੀ, ਇਹ ‘ਦੀ ਜੈਂਟਲਮੈਨ ਗੇਮ’ ਕਹੀ ਜਾਣ ਵਾਲ਼ੀ ਖੇਡ ਦਾ ਆਲਮੀ ਮੁਕਾਬਲਾ ਸੀ, ਜਿਸ ਨੂੰ ਸਾਰੀ ਦੁਨੀਆਂ ਦੇਖ਼ ਰਹੀ ਸੀ। ਜੇਕਰ ਰਾਜਨੀਤਿਕ ਤਣਾਅ ਕਾਰਨ ਖੇਡਾਂ ਨੂੰ ਬਾਈਕਾਟ ਕਰਨਾ ਪੈਂਦਾ ਹੈ ਤਾਂ ਉਹ ਠੀਕ ਹੈ, ਪਰ ਜੇ ਖੇਡਾਂ ਵਿੱਚ ਹਿੱਸਾ ਲੈਣਾ ਹੈ ਤਾਂ ਖੇਡਾਂ ਨਾਲ ਜੁੜੀਆਂ ਭਾਵਨਾਵਾਂ, ਕਦਰਾਂ-ਕੀਮਤਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਵੀ ਲਾਜ਼ਿਮ ਬਣਦੀ ਸੀ।
ਇਤਿਹਾਸ ਗਵਾਹ ਹੈ ਕਿ ਪ੍ਰਾਚੀਨ ਓਲੰਪਿਕ ਖੇਡਾਂ ਦੀ ਸ਼ੁਰੂਆਤ ਜਦ ਯੂਨਾਨ ਵਿੱਚ ਹੋਈ ਸੀ ਤਾਂ ਇਸਦਾ ਮੁੱਖ ਉਦੇਸ਼ ਆਪਸੀ ਲੜਾਈਆਂ ਨੂੰ ਰੋਕ ਕੇ ਸ਼ਾਂਤੀ ਨੂੰ ਉਤਸ਼ਾਹਿਤ ਕਰਨਾ ਸੀ। ਉਸ ਸਮੇਂ ਇਨ੍ਹਾਂ ਖੇਡਾਂ ਨੂੰ ਓਥੋਂ ਦੇ ਕਬੀਲਿਆਂ ਦੀ ਜਿੱਤ-ਹਾਰ ਵਜੋਂ ਵੇਖਿਆ ਜਾਂਦਾ ਸੀ, ਜਿਸ ਵਿੱਚ ਜੰਗੀ ਮੈਦਾਨਾਂ ਦੀ ਥਾਂ ਖੇਡ ਮੈਦਾਨਾਂ ਵਿੱਚ ਮੁਕਾਬਲਾ ਹੁੰਦਾ। ਉਸ ਵੇਲ਼ੇ ਇਨ੍ਹਾਂ ਖੇਡਾਂ ਲਈ ਵਿਸ਼ੇਸ਼ ਨਿਯਮ ਅਤੇ ਕਾਇਦੇ ਬਣਾਏ ਗਏ ਸਨ ਤਾਂ ਜੋ ਨਿਰਪੱਖਤਾ ਬਣੀ ਰਹੇ। ਅੱਜ ਵੀ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਵੱਲੋਂ ਓਲੰਪਿਕ ਚਾਰਟਰ ਬਣਾਇਆ ਗਿਆ ਹੈ, ਜਿਸ ਨੂੰ ਸਾਰੇ ਮੁਲਕਾਂ ਨੂੰ ਮੰਨਣਾ ਪੈਂਦਾ ਹੈ। ਭਾਵੇਂ ਦੋ ਵਿਰੋਧੀ ਮੁਲਕਾਂ ਵਿਚਾਲੇ ਜਿੰਨਾ ਮਰਜ਼ੀ ਤਣਾਅ ਹੋਵੇ, ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਚਾਰਟਰ ਦੇ ਨਿਯਮਾਂ ਅਨੁਸਾਰ ਵਿਹਾਰ ਕਰਨਾ ਪੈਂਦਾ ਹੈ। ਇਹ ਚਾਰਟਰ ਖੇਡਾਂ ਨੂੰ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਰੱਖਣ ਲਈ ਬਣਾਇਆ ਗਿਆ ਹੈ, ਜਿਸ ਨਾਲ ਖੇਡਾਂ ਨੂੰ ਵਿਸ਼ਵ ਵਿਆਪੀ ਏਕਤਾ ਦੇ ਪ੍ਰਤੀਕ ਵਜੋਂ ਸਥਾਪਿਤ ਕੀਤਾ ਜਾਂਦਾ ਹੈ।
ਭਾਰਤ-ਪਾਕਿਸਤਾਨ ਪ੍ਰਸੰਗ ਵਿੱਚ ਜੇਕਰ ਖੇਡ ਹੋਈ ਹੈ ਤਾਂ ਖੇਡ ਨਾਲ਼ ਜੁੜੀਆਂ ‘ਆਫ਼ ਦੀ ਫ਼ੀਲਡ’ ਰਵਾਇਤਾਂ ਨੂੰ ਅੱਖੋਂ ਪਰੋਖੇ ਕਿੰਝ ਕੀਤਾ ਜਾ ਸਕਦਾ ਸੀ! ਕ੍ਰਿਕਟ, ਜੋ ਦੋਹਾਂ ਮੁਲਕਾਂ ਵਿਚਾਲੇ ਭਾਵਨਾਤਮਕ ਆਨ, ਬਾਨ ਅਤੇ ਸ਼ਾਨ ਦਾ ਮਾਧਿਅਮ ਬਣ ਗਿਆ ਹੈ, ਇਸ ਨੂੰ ਸਪੋਰਟਸਮੈਨ ਸਪਿਰਟ ਨਾਲ਼ ਖੇਡਣਾ ਬਣਦਾ ਹੈ, ਨਾ ਕਿ ਰਾਜਨੀਤਿਕ ਰੰਗ ਦੇਣਾ ਚਾਹੀਦਾ ਹੈ। ਪਹਿਲਾਂ ਤਾਂ ਸਾਡੇ ਅਹੁਦੇਦਾਰ ਸਰਕਾਰੀ ਇਸ਼ਾਰਿਆਂ ਉਤੇ ਕ੍ਰਿਕਟ ਨੂੰ ਵਪਾਰਕ ਤੌਰ `ਤੇ ਵਰਤ ਕੇ ਪੈਸਾ ਬਣਾਉਂਦੇ ਰਹੇ ਤੇ ਫ਼ੇਰ ਲੋਕਾਂ ਦੀਆਂ ਅੱਖਾਂ ਪੂੰਝਣ ਨੂੰ ਬੇਲੋੜੀ ਡਰਾਮੇਬਾਜ਼ੀ ਕਰਨ ਲੱਗ ਪਏ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਵਰਗੀਆਂ ਸੰਸਥਾਵਾਂ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਨੇ ਖੇਡ ਨੂੰ ਨੁਕਸਾਨ ਪਹੁੰਚਾਇਆ ਹੈ। ਏਸ਼ੀਆ ਕੱਪ ਵਿੱਚ ਭਾਰਤੀ ਟੀਮ ਪਾਕਿਸਤਾਨ ਨਾਲ ਤਿੰਨ ਵਾਰ ਖੇਡੀ, ਪਰ ਰਾਜਨੀਤਿਕ ਤਣਾਅ ਕਾਰਨ ਕਈ ਘਟੀਆ ਹਰਕਤਾਂ ਵੇਖੀਆਂ ਗਈਆਂ। ਮਿਸਾਲ ਵਜੋਂ, ਹੱਥ ਨਾ ਮਿਲਾਉਣਾ ਜਾਂ ਏ.ਸੀ.ਸੀ. ਪ੍ਰੈਜ਼ੀਡੈਂਟ ਤੋਂ ਟਰਾਫੀ ਨਾ ਲੈਣ ਵਰਗੀਆਂ ਕਾਰਵਾਈਆਂ ਨੇ ਖੇਡਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ। ਹੁਣ ਜਦੋਂ ਨਕਵੀ ਟਰਾਫੀ ਲੈ ਗਿਆ ਤਾਂ ਪਿੱਟਦੇ ਕਿਉਂ ਹੋ! ਅਗਲ਼ਾ ਵੀ ਏ.ਸੀ.ਸੀ. ਪ੍ਰੈਜ਼ੀਡੈਂਟ ਹੈ, ਓਹਦੀ ਵੀ ਆਪਣੀ ਈਗੋ ਆ…। ਏਥੇ ਤਾਂ ਪਿੰਡ ਦਾ ਸਰਪੰਚ ਮਾਣ ਨ੍ਹੀਂ ਹੁੰਦਾ! ਜਦ ਉਦੋਂ ਟਰਾਫੀ ਨਹੀਂ ਲਈ ਤਾਂ ਨਹੀਂ ਲਈ! ਹੁਣ ਥੁੱਕ ਕੇ ਨਾ ਚੱਟੋ। ਅਜਿਹਾ ਵਿਹਾਰ ਨਾ ਸਿਰਫ਼ ਖੇਡਾਂ ਨੂੰ ਰਾਜਨੀਤਿਕ ਅਖਾੜਾ ਬਣਾਉਂਦਾ ਹੈ, ਬਲਕਿ ਖਿਡਾਰੀਆਂ ਦੇ ਮਨੋਬਲ ਨੂੰ ਵੀ ਠੇਸ ਪਹੁੰਚਾਉਂਦਾ ਹੈ। ਰਹਿੰਦਾ-ਖੁਹੰਦਾ ਗੋਦੀ ਮੀਡੀਆ… ਇਹਦੇ ਤਾਂ ਕਿਆ ਹੀ ਕਹਿਣੇ! ਇਹ ਸਭ ਕੋਝੀਆਂ ਹਰਕਤਾਂ ਰਾਜਨੀਤੀ ਕਰਨ ਵਾਲਿਆਂ ਵੱਲੋਂ ਖਿਡਾਰੀਆਂ `ਤੇ ਥੋਪੀਆਂ ਗਈਆਂ ਲੱਗਦੀਆਂ ਹਨ, ਜੋ ਵੋਟਾਂ ਖ਼ਾਤਿਰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕਰ ਰਹੀਆਂ ਹਨ।
ਤਰਕਸੰਗਤ ਤੌਰ `ਤੇ ਵਿਚਾਰੀਏ ਤਾਂ ਖੇਡਾਂ ਵਿੱਚ ਰਾਜਨੀਤੀ ਦੀ ਘੁਸਪੈਠ ਨੇ ਕਈ ਨੁਕਸਾਨ ਕੀਤੇ ਹਨ। ਪਹਿਲਾ, ਖੇਡਾਂ ਦੀ ਨਿਰਪੱਖਤਾ ਨੂੰ ਖਤਰੇ ਵਿੱਚ ਪਾਇਆ ਹੈ। ਦੂਜਾ, ਖਿਡਾਰੀਆਂ ਨੂੰ ਰਾਜਨੀਤਿਕ ਔਜ਼ਾਰ ਬਣਾ ਕੇ ਉਨ੍ਹਾਂ ਦੇ ਕਰੀਅਰ ਨੂੰ ਪ੍ਰਭਾਵਿਤ ਕੀਤਾ ਹੈ। ਤੀਜਾ, ਇਹ ਪੂਰੀ ਦੁਨੀਆਂ ਵਿੱਚ ਭੰਡੀ ਪ੍ਰਚਾਰ ਦਾ ਕਾਰਨ ਬਣੀ। ਜੇਕਰ ਰਾਜਨੀਤਿਕ ਕਾਰਨਾਂ ਕਰਕੇ ਪਾਕਿਸਤਾਨ ਨਾਲ ਖੇਡ ਨਹੀਂ ਖੇਡਣੀ ਤਾਂ ਪੂਰਨ ਬਾਈਕਾਟ ਕੀਤਾ ਜਾ ਸਕਦਾ ਸੀ, ਜਿਵੇਂ ਵਰਲਡ ਲੇਜੇਂਡ ਚੈਂਪੀਅਨਸ਼ਿਪ ਵਿੱਚ ਹਰਭਜਨ ਸਿੰਘ, ਸ਼ਿਖਰ ਧਵਨ ਤੇ ਯੂਸਫ਼ ਪਠਾਨ ਨੇ ਬਾਈਕਾਟ ਕੀਤਾ ਸੀ। ਉਨ੍ਹਾਂ ਦੀ ਕਿਹੜਾ ਕਿਸੇ ਨੇ ਲੱਤ ਭੰਨ ਦਿੱਤੀ! ਪਰ ਜੇ ਖੇਡਾਂ ਵਿੱਚ ਹਿੱਸਾ ਲੈਣਾ ਹੈ ਤਾਂ ਖੇਡਾਂ ਦੇ ਨਿਯਮਾਂ ਅਤੇ ਭਾਵਨਾ ਨੂੰ ਮੰਨਣਾ ਲਾਜ਼ਿਮ ਹੈ। ਆਈ.ਸੀ.ਸੀ. ਨੂੰ ਵੀ ਰਾਜਨੀਤਿਕ ਦਖ਼ਲ ਨੂੰ ਰੋਕਣ ਲਈ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ, ਪਰ ਲਗਦਾ ਆਈ.ਸੀ.ਸੀ. ਵੀ ਬੀ.ਸੀ.ਸੀ.ਆਈ. ਦੇ ਫੰਡਾਂ ਦਾ ਡੰਡਾ ਭਾਰੂ ਪਿਆ ਲਗਦਾ ਹੈ।
ਅੰਤ ਵਿੱਚ, ਖੇਡਾਂ ਨੂੰ ਰਾਜਨੀਤੀ ਤੋਂ ਮੁਕਤ ਰੱਖ ਕੇ ਹੀ ਅਸੀਂ ਉਨ੍ਹਾਂ ਨੂੰ ਆਲਮੀ ਸ਼ਾਂਤੀ ਅਤੇ ਏਕਤਾ ਦੇ ਪ੍ਰਤੀਕ ਵਜੋਂ ਸਥਾਪਿਤ ਕਰ ਸਕਦੇ ਹਾਂ। ਭਾਰਤ-ਪਾਕਿਸਤਾਨ ਵਰਗੇ ਮੈਚਾਂ ਨੂੰ ਰਾਜਨੀਤਿਕ ਅਖਾੜਾ ਬਣਾਉਣ ਦੀ ਬਜਾਏ ਖੇਡਾਂ ਵਜੋਂ ਵੇਖਣਾ ਚਾਹੀਦਾ ਹੈ। ਜੰਗ ਦੇ ਮੈਦਾਨ ਵਿੱਚ ਹੀ ਜੰਗੀ ਗੱਲਾਂ ਸ਼ੋਭਦੀਆਂ ਨੇ…। ਖੇਡ ਮੈਦਾਨ ਤਾਂ ਆਲਮੀ ਏਕਤਾ ਤੇ ਮਿਲਵਰਤਨ ਦੇ ਪ੍ਰਤੀਕ ਹਨ। ਇਨ੍ਹਾਂ ਵਿੱਚ ਆਪਣੀ ਗੰਦੀ ਸੜੀ ਹੋਈ ਰਾਜਨੀਤੀ ਨਾ ਵਾੜੋ, ਇਹ ਨਾ ਸਿਰਫ਼ ਖਿਡਾਰੀਆਂ ਲਈ ਬਲਕਿ ਪੂਰੇ ਸਮਾਜ ਲਈ ਨੁਕਸਾਨਦਾਇਕ ਹੋਵੇਗਾ।
—
*ਸਹਾਇਕ ਪ੍ਰੋਫੈਸਰ, ਸਰੀਰਕ ਸਿੱਖਿਆ ਵਿਭਾਗ,
ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸਧਾਰ, ਲੁਧਿਆਣਾ।