‘ਸਨੀ ਕੁਲਾਰ’ ਨੂੰ ਯਾਦ ਕਰਦਿਆਂ…
ਕੁਲਜੀਤ ਦਿਆਲਪੁਰੀ
ਸ਼ੁੱਕਰਵਾਰ ਯਾਨੀ 3 ਅਕਤੂਬਰ ਦੀ ਸਵੇਰ ਨੂੰ ਘਰੋਂ ਕੰਮ `ਤੇ ਨਿਕਲਿਆ ਤਾਂ ਅਜੇ ਰਸਤੇ ਵਿੱਚ ਹੀ ਸਾਂ ਕਿ ਰੇਡੀਓ ਰੌਣਕ ਮੇਲਾ ਚਲਾਉਂਦੇ ਰਹੇ ਸ. ਮਨਜੀਤ ਸਿੰਘ ਗਿੱਲ ਦਾ ਵ੍ਹੱਟਸਐਪ `ਤੇ ਮੈਸੇਜ ਆ ਗਿਆ, ‘Sorry to give you bad news. Sunny Kular died last night.’ (ਤੁਹਾਨੂੰ ਬੁਰੀ ਖ਼ਬਰ ਦੇਣ ਲਈ ਮੁਆਫ ਕਰਨਾ। ਸਨੀ ਕੁਲਾਰ ਦੀ ਕੱਲ੍ਹ ਰਾਤ ਮੌਤ ਹੋ ਗਈ।) ਮੈਸੇਜ ਪੜ੍ਹਦਿਆਂ ਇੱਕ ਦਮ ਸਦਮਾ ਲੱਗਾ। ਸੱਚਮੁੱਚ ਇਹ ਖ਼ਬਰ ਝੰਜੋੜ ਦੇਣ ਵਾਲੀ ਹੀ ਸੀ- ਅਵਿਸ਼ਵਾਸਯੋਗ ਤੇ ਅਸਹਿ ਵੀ। ਸ. ਗਿੱਲ ਨੂੰ ਮੋੜਵੀਂ ਕਾਲ ਕੀਤੀ ਤਾਂ ਉਨ੍ਹਾਂ ਨਾਲ ਗੱਲ ਨਾ ਹੋ ਸਕੀ।
ਅੱਚਵੀ ਜਿਹੀ ਲੜਨ ਲੱਗੀ ਤਾਂ ਸਿੱਧਾ ਸਨੀ ਕੁਲਾਰ ਦੇ ਛੋਟੇ ਭਰਾ ਰੌਨੀ ਕੁਲਾਰ ਨੂੰ ਫੋਨ ਕਰ ਲਿਆ। ਉਨ੍ਹਾਂ ਦਾ ਫੋਨ ਵਿਅਸਥ ਸੀ ਤੇ ਗੱਲ ਨਾ ਹੋ ਸਕੀ। ਇੰਨੇ ਨੂੰ ਸ. ਗਿੱਲ ਦਾ ਫੋਨ ਆ ਗਿਆ। ਉਨ੍ਹਾਂ ਭਰੇ ਮਨ ਨਾਲ ਇਹ ਦੁਖਦਾਈ ਖ਼ਬਰ ਦੱਸੀ ਕਿ ਸਿਹਤ ਸਬੰਧੀ ਸਮੱਸਿਆ ਕਾਰਨ ਰਾਤ (ਵੀਰਵਾਰ, 2 ਅਕਤੂਬਰ) ਨੂੰ ਸਨੀ ਕੁਲਾਰ ਨੂੰ ਹਸਪਤਾਲ ਲਿਜਾਇਆ ਗਿਆ, ਪਰ…! ਥੋੜ੍ਹੀ ਹੀ ਦੇਰ ਬਾਅਦ ਡਾ. ਹਰਜਿੰਦਰ ਸਿੰਘ ਖਹਿਰਾ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਤਾਂ ਅਣਮੰਨੇ ਮਨ ਨਾਲ ਮੰਨਣਾ ਪਿਆ ਕਿ ਸਨੀ ਭਾਅ ਜੀ ਸੱਚਮੁੱਚ ਹੀ ਨਹੀਂ ਰਹੇ।
ਜਿਉਂ ਜਿਉਂ ਸਨੀ ਕੁਲਾਰ ਦੇ ਅਕਾਲ ਚਲਾਣੇ ਦਾ ਸ਼ਿਕਾਗੋਲੈਂਡ ਤੇ ਫਿਰ ਮਿਡਵੈਸਟ ਵਿੱਚ ਰਹਿੰਦੇ ਭਾਈਚਾਰੇ ਨੂੰ ਪਤਾ ਲੱਗਾ ਤਾਂ ਸਦਮੇ ਦੀ ਇੱਕ ਲਹਿਰ ਜਿਹੀ ਫਿਰ ਗਈ ਤੇ ਬਹੁਤੇ ਇਹ ਖ਼ਬਰ ਸੁਣ/ਜਾਣ ਕੇ ਨਿਸ਼ਬਦ ਤੇ ਜਜ਼ਬਾਤੀ ਹੋ ਗਏ। ਰੇਡੀਓ ਚੰਨ ਪਰਦੇਸੀ ਦੇ ਦਰਸ਼ਨ ਬਸਰਾਓਂ, ਸੋਨੀ ਜੱਜ, ਦਰਸ਼ਨ ਸਿੰਘ ਪੰਮਾ, ਸਤਿੰਦਰ ਸੁਸਾਣਾ, ਬਲਵਿੰਦਰ ਸਿੰਘ ਚੱਠਾ, ਯਾਦਵਿੰਦਰ (ਰਿੰਪੀ) ਖੱਟੜਾ, ਪਰਮਿੰਦਰ ਸਿੰਘ ਗੋਲਡੀ, ਅਮਨ ਕੁਲਾਰ, ਡਾ. ਨਵਦੀਪ ਕੌਰ ਗਿੱਲ ਸਮੇਤ ਇੱਕ ਪਿੱਛੋਂ ਇੱਕ ਦਰਜਨਾਂ ਹੀ ਫੋਨ ਅਤੇ ਮੈਸੇਜ ਆਏ; ਪਰ ਸਭ ਨੂੰ ਇਸ ਖ਼ਬਰ `ਤੇ ਯਕੀਨ ਨਹੀਂ ਸੀ ਹੋ ਰਿਹਾ।
ਅਮਰੀਕਨ ਸਮਾਜ ਵਿੱਚ ਕੰਮਾਂ-ਕਾਰਾਂ ਵਾਲੇ, ਖਾਸ ਕਰ ਦੂਜੇ ਭਾਈਚਾਰਿਆਂ ਦੇ ਲੋਕ ਸ਼ੁੱਕਰਵਾਰ ਨੂੰ ‘ਹੈਪੀ ਫਰਾਈਡੇਅ’ ਦੀ ਲੋਰ ਵਿੱਚ ਹੁੰਦੇ ਹਨ। ਮੈਂ ਕੰਮ `ਤੇ ਪਹੁੰਚਿਆ ਤਾਂ ਮੇਰੇ 4-5 ਸਹਿ-ਕਰਮੀਆਂ ਨੇ ਮੈਨੂੰ ‘ਹੈਪੀ ਫਰਾਈਡੇਅ’ ਆਖ ਸ਼ੁਭ ਸਵੇਰ ਆਖੀ; ਪਰ ਮੈਂ ਉਨ੍ਹਾਂ ਨੂੰ ਕਿਵੇਂ ਦੱਸਦਾ ਕਿ ਇਹ ਤਾਂ ਮੇਰੇ ਅਤੇ ਮੇਰੇ ਭਾਈਚਾਰੇ ਦੇ ਉਨ੍ਹਾਂ ਲੋਕਾਂ ਲਈ ‘ਅਨਹੈਪੀ ਫਰਾਈਡੇਅ’ (ਉਦਾਸੀ ਭਰਿਆ ਸ਼ੁੱਕਰਵਾਰ) ਬਣ ਕੇ ਆਇਆ ਹੈ, ਜੋ ਸਨੀ ਕੁਲਾਰ ਦੇ ਜਾਣੂੰ ਸਨ ਤੇ ਜਿਨ੍ਹਾਂ ਨੂੰ ਇਹ ਪਤਾ ਲੱਗਦਾ ਜਾ ਰਿਹਾ ਸੀ ਕਿ ਸਨੀ ਕੁਲਾਰ ਤਾਂ ‘ਹੈ’ ਤੋਂ ‘ਸੀ’ ਹੋ ਗਿਆ ਹੈ! ਜਿੰਨੇ ਵੀ ਸਨੀ ਕੁਲਾਰ ਦੇ ਪਹਿਚਾਣ ਵਾਲੇ ਹਨ- ਭਾਵੇਂ ਉਨ੍ਹਾਂ ਤੋਂ ਛੋਟੇ ਹਨ ਜਾਂ ਵੱਡੇ ਹਨ ਜਾਂ ਉਨ੍ਹਾਂ ਦੇ ਹਾਣੀ- ਸਭ ਉਨ੍ਹਾਂ ਨੂੰ ਆਪੋ-ਆਪਣੇ ਤਰੀਕੇ ਨਾਲ ਯਾਦ ਕਰਦੇ ਰਹੇ, ਤੇ ਹੁਣ ਵੀ ਕਰ ਰਹੇ ਹਨ।
ਲੰਘੀ 5 ਅਕਤੂਬਰ ਨੂੰ ਸਨੀ ਕੁਲਾਰ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਜਾਣੂੰਆਂ ਦੇ ਸਾਹਾਂ ਵਿੱਚ ਹਉਕੇ ਸਨ ਤੇ ਅੱਖਾਂ ਵਿੱਚ ਹੰਝੂਆਂ ਦੀਆਂ ਘਰਾਲ਼ਾਂ! ਉਨ੍ਹਾਂ ਨਮਿੱਤ ਅਖੰਡ ਪਾਠ ਦੇ ਭੋਗ ਸਮੇਂ ਸਨੇਹੀਆਂ ਵੱਲੋਂ ਉਨ੍ਹਾਂ ਨੂੰ ਯਾਦਾਂ ਭਰੀ ਅਲਵਿਦਾ ਆਖੀ ਗਈ। ਡਾ. ਬਲਵੰਤ ਸਿੰਘ ਹੰਸਰਾ, ਸ. ਹਰਦਿਆਲ ਸਿੰਘ ਦਿਓਲ, ਸ. ਸਰਵਣ ਸਿੰਘ ਰਾਜੂ ਨੇ ਆਪੋ ਆਪਣੇ ਤਰੀਕੇ ਨਾਲ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਸਨੀ ਕੁਲਾਰ ਦੀ ਮਰਗ `ਤੇ ਇਕੱਤਰ ਹੋਏ ਲੋਕ, ਭਾਈਚਾਰੇ ਵਿੱਚ ਉਸ ਦੀ ਵੁੱਕਤ ਦੀ ਸ਼ਾਹਦੀ ਭਰ ਰਹੇ ਸਨ। ਸਨੀ ਕੁਲਾਰ ਭਾਅ ਆਪਣੇ ਜਾਣੂੰਆਂ ਵਿੱਚ ਪਾਣੀ ਵਾਂਗ ਵਿਹਾ ਭਾਵ ਨਿਮਰਤਾ ਨਾਲ ਤੇ ਖਿੜੇ ਮੱਥੇ ਵਿਚਰਿਆ ਅਤੇ ਉਨ੍ਹਾਂ ਦੇ ਮੱਥਿਆਂ ਵਿੱਚ ਆਪਣੇ ਲਈ ਯਾਦ ਦੇ ਰੂਪ ਵਿੱਚ ਵੱਖ-ਵੱਖ ਸ਼ਬਦ ਜੜ ਗਿਆ ਹੈ, ਤੇ ਆਪਣੇ ਸੁਭਾਅ ਦੀ ਵਿਲੱਖਣ ਵਿਆਖਿਆ ਵੀ ਛੱਡ ਗਿਆ ਹੈ: ਡਿਗ ਕੇ (ਭਾਵ ਮਰ ਕੇ) ਵੀ ਉਹ ਝਰਨਾ ਬਣਿਆ, ਤੁਰਦਾ ਸੀ ਤਾਂ ਦਰਿਆ…।
ਵੱਖ-ਵੱਖ ਸੱਭਿਆਚਾਰਕ, ਖੇਡ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਵਿੱਤੀ ਸਹਿਯੋਗ ਦੇਣ ਤੋਂ ਇਲਾਵਾ ਗੁਰਦੁਆਰਾ ਪੈਲਾਟਾਈਨ ਦੀ ਕਾਰਸੇਵਾ ਵਿੱਚ ਵੀ ਯੋਗਦਾਨ ਪਾਉਂਦੇ ਰਹੇ। ਉਨ੍ਹਾਂ ‘ਪੰਜਾਬੀ ਪਰਵਾਜ਼’ ਦੀਆਂ ਦੋਵੇਂ ਨਾਈਟਾਂ- ਸਾਲ 2024 ਅਤੇ ਸਾਲ 2025 ਵਿੱਚ ਵਧ ਚੜ੍ਹ ਕੇ ਇਖਲਾਕੀ ਤੇ ਵਿੱਤੀ ਸਹਿਯੋਗ ਦਿੱਤਾ। ਉਨ੍ਹਾਂ ਵੱਲੋਂ ਮਿਲਿਆ ਹੌਸਲਾ, ਸਹਿਯੋਗ ਅਤੇ ਪਿਆਰ ਹਮੇਸ਼ਾ ਦਿਲ ਵਿੱਚ ਰਹੇਗਾ; ਕਿਉਂਕਿ ਚੰਗੇ ਬੰਦੇ ਬੇਸ਼ੱਕ ਸਰੀਰਕ ਤੌਰ `ਤੇ ਮਰ ਜਾਂਦੇ ਹਨ, ਪਰ ਅਕਸਰ ਯਾਦਾਂ ਵਿੱਚ ਜਿਉਂਦੇ ਰਹਿੰਦੇ ਹਨ।
ਬੀਤੇ ਦੇ ਝਰੋਖੇ `ਚੋਂ ਕੁਝ ਝਲਕਾਂ ਯਾਦ ਆ ਰਹੀਆਂ ਹਨ। ਸਨੀ ਕੁਲਾਰ ਨਾਲ ਮੇਰੀ ਪਹਿਲੀ ਮੁਲਾਕਾਤ ਗੁਰਮੁੱਖ ਸਿੰਘ ਭੁੱਲਰ ਦੇ ਜ਼ਰੀਏ ਸਾਲ 2008 ਵਿੱਚ ਅਪਰੈਲ ਮਹੀਨੇ ਕੋਪਰਨਿਕਸ ਸੈਂਟਰ, ਸ਼ਿਕਾਗੋ (ਗੇਟਵੇਅ ਥੀਏਟਰ) ਵਿੱਚ ਪੀ.ਸੀ.ਐਸ. ਸ਼ਿਕਾਗੋ ਦੇ ‘ਰੰਗਲਾ ਪੰਜਾਬ’ ਪ੍ਰੋਗਰਾਮ ਵਿੱਚ ਹੋਈ ਸੀ। ਅਮਰੀਕਾ ਆਏ ਨੂੰ ਹਾਲੇ ਮੈਨੂੰ 15-16 ਦਿਨ ਹੀ ਹੋਏ ਸਨ। ਉਦੋਂ ਤੋਂ ਹੁਣ ਤੱਕ ਸਨੀ ਕੁਲਾਰ ਨਾਲ ਮੁਹੱਬਤ ਦੀ ਤੰਦ ਜੁੜੀ ਰਹੀ ਹੈ, ਤੇ ਨਾਲ ਹੀ ਉਨ੍ਹਾਂ ਦੇ ਛੋਟੇ ਭਰਾ ਰੌਨੀ ਕੁਲਾਰ ਨਾਲ ਵੀ। ਕਦੇ ਉਹ ਮੈਨੂੰ ‘ਆੜੀ’ ਕਹਿ ਕੇ ਸੰਬੋਧਿਤ ਹੁੰਦੇ ਤੇ ਕਦੇ ‘ਛੋਟੇ ਵੀਰ’ ਆਖ ਦੇ ਮਾਣ-ਤਾਣ ਦਿੰਦੇ। ਜਦੋਂ ਉਹ ਮਿਲਦੇ ਤਾਂ ਚਿਹਰੇ `ਤੇ ਮੁਸਕਾਨ ਹੁੰਦੀ ਤੇ ਜ਼ੁਬਾਨ `ਤੇ ਕੋਈ ਮਖੌਲੀਆ ਟਿੱਪਣੀ। ਹੱਥ ਮਿਲਾਉਣ ਦਾ ਉਨ੍ਹਾਂ ਦਾ ਇੱਕ ਵੱਖਰਾ ਜਿਹਾ ਅੰਦਾਜ਼ ਸੀ, ਜੋ ਮੈਂ ਕਈ ਵਾਰ ਮਹਿਸੂਸ ਕੀਤਾ; ਸ਼ਾਇਦ ਸਨੀ ਕੁਲਾਰ ਦੇ ਹੋਰ ਕਰੀਬੀ ਵੀ ਮਹਿਸੂਸ ਕਰਦੇ ਹੋਣਗੇ। ਉਹ ਹੱਥ ਮਿਲਾਉਂਦਿਆਂ ਹਲਕਾ ਜਿਹਾ ਝਟਕਾਉਂਦੇ ਤੇ ਫਿਰ ਕੋਈ ਮਜ਼ਾਹੀਆ ਵਿਅੰਗ ਕੱਸ ਕੇ ਨਾਲੇ ਹੱਥ ਘੁੱਟ ਲੈਣਾ ਤੇ ਨਾਲੇ ਉਪਰਲੇ ਦੰਦਾਂ ਥੱਲੇ ਹੇਠਲਾ ਬੁੱਲ੍ਹ ਦੱਬ ਕੇ ਸਿਰ ਛੰਡ ਦੇਣਾ; ਤੇ ਫਿਰ ਆਖ ਦੇਣਾ, ‘ਓ ਮੈਂ ਤਾਂ ਮਜ਼ਾਕ ਕਰਦਾ ਸੀ ਆੜੀ, ਗੁੱਸਾ ਨਾ ਕਰ`ਜੀਂ।’
ਭਾਈਚਾਰਕ ਤੇ ਨਿੱਜੀ ਸਮਾਗਮਾਂ ਵਿੱਚ ਉਨ੍ਹਾਂ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਤੇ ਨਾਲ-ਨਾਲ ਸਾਡਾ ਹਲਕਾ-ਫੁਲਕਾ ਮਜ਼ਾਕ ਵੀ ਚੱਲਦਾ ਰਹਿੰਦਾ। ਹਾਲੇ ਪਿੱਛੇ ਜਿਹੇ ਦੀ ਗੱਲ ਹੈ, ਉਹ ਆਪਣੇ ਭਰਾ ਰੌਨੀ ਕੁਲਾਰ ਨਾਲ ਗੁਰਦੁਆਰਾ ਪੈਲਾਟਾਈਨ ਵਿਖੇ ਕਿਸੇ ਸਮਾਗਮ `ਤੇ ਮਿਲੇ। ਉਨ੍ਹਾਂ ਇੱਕ-ਦੋ ਗੱਲਾਂ ਮੈਨੂੰ ਮਜ਼ਾਕ-ਮਜ਼ਾਕ ਵਿੱਚ ਕੀਤੀਆਂ ਤਾਂ ਨਹਿਲੇ `ਤੇ ਦਹਿਲਾ ਮਾਰਨ ਦੀ ਕੋਸ਼ਿਸ਼ `ਚ ਮੈਂ ਕਿਹਾ, “ਭਾਅ ਜੀ, ਪਾਰਕਿੰਗ ਲਾਟ `ਚ ਇੱਕ ਕਾਲੇ ਰੰਗ ਦੀ ਗੱਡੀ ਨੂੰ ਟੋਅ ਕਰਨ ਲੱਗਿਆ ਕੋਈ; ਤੁਹਾਡੀ ਤਾਂ ਨਹੀਂ! ਕਾਰ ਦੀ ਨੰਬਰ ਪਲੇਟ `ਤੇ ਸ਼ਾਇਦ ‘ਕੁਲਾਰ’ ਲਿਖਿਆ।” ਫਿਰ ਉਹ ਬਰਾਛਾਂ ਖਿੜਾਅ ਕੇ ਬੋਲੇ, “ਓ ਭਾਅ! ਤੂੰ ਐਵੇਂ ਨਾ ਸਾਡੀ ਗੱਡੀ ਟੋਅ ਕਰਵਾ ਦਈਂ; ਲੱਗਦਾ ਗੁਰਦੁਆਰੇ ਆਉਣਾ ਬੰਦ ਕਰਾਏਂਗਾ!”
ਰੌਨੀ ਕੁਲਾਰ ਦੀ ਬੇਟੀ ਦੇ 16ਵੇਂ ਜਨਮ ਦਿਨ ਮੌਕੇ ਵਿਲੋਬਰੁੱਕ ਵਿੱਚ ਐਸ਼ਟਨ ਪੈਲੇਸ (ਬੈਂਕੁਇਟ ਹਾਲ) ਵਿੱਚ ਪਾਰਟੀ ਰੱਖੀ ਸੀ। ਰੌਨੀ ਕੁਲਾਰ ਵੱਲੋਂ ਫੋਨ `ਤੇ ਸੱਦਾ ਪੱਤਰ ਆ ਗਿਆ ਸੀ, ਪਰ ‘ਅਪਣੱਤ ਭਰੀ ਧਮਕੀ’ ਵਾਲਾ ਫੋਨ ਸਨੀ ਭਾਅ ਜੀ ਨੇ ਕੀਤਾ, “ਜੇ ਤੂੰ ਨਾ ਆਇਆ ਆੜੀ, ਫੇਰ ਦੇਖ ਲਈਂ!” ਅੱਗਿਓਂ ਮੈਂ ਵੀ ਕਹਿ ਦਿੱਤਾ, “ਭਾਅ ਜੀ, ਆਪਾਂ ਸ਼ਿਕਾਗੋ `ਚ ਨ੍ਹੀਂ ਰਹਿਣਾ!” ਉਹ ਅੱਗਿਓਂ ਹੱਸਣ ਲੱਗੇ ਤੇ ਨਾਲੇ ਕਹਿਣ ਲੱਗੇ, “ਓ ਬਾਬਾ ਤੂੰ ਟਲ਼ ਜਾ!”
ਸੋਗ ਭਰੇ ਇਸ ਮਾਹੌਲ ਵਿੱਚ ਭਾਈਚਾਰੇ ਦਾ ਪ੍ਰਤੀਕਰਮ ਹੈ ਕਿ ਬੜੀ ਛੇਤੀ ਤੁਰ ਗਿਆ ਇੱਕ ਦਿਲਦਾਰ ਸੱਜਣ, ਯਾਰਾਂ ਦਾ ਯਾਰ ਅਤੇ ਹਰ ਇੱਕ ਨੂੰ ਮਿਲਣ-ਗਿਲਣ ਵਾਲਾ ਤੇ ਅਦਬੀ ਸ਼ਖਸੀਅਤ ਵਾਲਾ। ਮੋਹਵੰਤਾ ਇਹ ਸੱਜਣ ਆਪਣੇ ਧਰਮ, ਆਪਣੇ ਭਾਈਚਾਰੇ, ਆਪਣੇ ਸੱਭਿਆਚਾਰ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸ਼ਖਸ ਸੀ। ਹੁਣ ਪਰਿਵਾਰ ਜਿਸ ਸਦਮੇ ਵਿੱਚ ਹੈ, ਉਹ ਬਿਆਨ ਤੋਂ ਬਾਹਰਾ ਹੈ। ਭਾਈਚਾਰੇ ਦੇ ਲੋਕ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਕੁਲਾਰ ਭਰਾ ਹਰ ਇੱਕ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਰਹੇ; ਪਰ ‘ਭਾਈ ਮਰੇ ਬਾਂਹ ਭੱਜਦੀ ਤੇ ਨੈਣੋਂ ਨਾ ਠੱਲ੍ਹਦਾ ਨੀਰ’ ਦੀ ਹੋਣੀ ਤਾਂ ਭਰਾ ਹੀ ਜਾਣਦਾ! ਹੰਸਾਂ ਦੀ ਜੋੜੀ `ਚੋਂ ਇੱਕ ਹੰਸ ਧੁਰ ਦਰਗਾਹ ਦੀ ਉਡਾਰੀ ਮਾਰ ਗਿਆ ਹੈ! ਭਾਈਚਾਰੇ ਲਈ ਇਹ ਵੱਡਾ ਤੇ ਨਾ-ਪੂਰਿਆ ਜਾਣ ਵਾਲਾ ਘਾਟਾ ਹੈ।
ਨਾਮੀ ਕਲਮਕਾਰ ਨਵਤੇਜ ਭਾਰਤੀ ਦੇ ਸ਼ਬਦ ਯਾਦ ਆ ਗਏ ਹਨ ਕਿ ‘ਇੱਕ ਰੁੱਤ ਪੱਤੇ ਦੇ ਜਾਂਦੀ ਏ, ਦੂਜੀ ਲੈ ਜਾਂਦੀ ਏ; ਬਿਰਖ ਕਿਸੇ ਰੁੱਤ ਦਾ ਹੱਥ ਨਹੀਂ ਫੜਦਾ।’ ਸਨੀ ਭਾਅ ਜੀ ਦੇ ਵਿਛੋੜੇ `ਤੇ ਮੇਰੀ ਕਲਮ ਇਉਂ ਸ਼ਰਧਾਂਜਲੀ ਭੇਟ ਕਰਦੀ ਹੈ: “ਜ਼ਿੰਦਗੀ ਦੀ ਟਾਹਣੀਓਂ ਟੁੱਟ ਗਿਆ ਗੁਲਾਬ ਜਿਹਾ ਇੱਕ ਸੱਜਣ, ਪਰ ਮਹਿਕ ਉਸ ਦੀ ਹਾਲੇ ਵੀ ਖਿੱਲਰੀ ਹੋਈ ਹੈ ਚਾਰ-ਚੁਫੇਰੇ।”
ਅਲਵਿਦਾ ਸਨੀ ਕੁਲਾਰ ਭਾਅ ਜੀ…!
——————————
ਸਨੀ ਕੁਲਾਰ ਦਾ ਜੀਵਨ ਵੇਰਵਾ
ਸਨੀ ਕੁਲਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਉਂਕੇ ਤੋਂ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਸ਼ਿਕਾਗੋ ਰਹਿ ਰਹੇ ਸਨ ਅਤੇ ਵੱਖ-ਵੱਖ ਸੰਸਥਾਵਾਂ ਨਾਲ ਸਿੱਧੇ-ਅਸਿੱਧੇ ਤੌਰ `ਤੇ ਜੁੜੇ ਰਹੇ। ਸਥਾਨਕ ਪੰਜਾਬੀ ਸੱਭਿਆਚਾਰਕ ਸਭਾ ਯਾਨੀ ਪੀ.ਸੀ.ਐਸ. ਸ਼ਿਕਾਗੋ ਵਿੱਚ ਸ਼ੁਰੂ ਤੋਂ ਹੀ ਉਨ੍ਹਾਂ ਕਈ ਅਹੁਦਿਆਂ `ਤੇ ਸਰਗਰਮ ਸੇਵਾ ਨਿਭਾਈ। ਉਹ ਪੀ.ਸੀ.ਐਸ. ਨਾਲ ਲੰਮਾ ਸਮਾਂ ਜੁੜੇ ਰਹੇ ਅਤੇ ਇਸਦੇ ਸਹਿ-ਸੰਸਥਾਪਕ ਮੈਂਬਰ, ਬੋਰਡ ਆਫ਼ ਗਵਰਨਰ ਅਤੇ ਇਸਦੇ ਪ੍ਰਧਾਨ ਵੀ ਰਹੇ। ਸਾਲ 2002-2003 ਵਿੱਚ ਪ੍ਰਧਾਨ ਵਜੋਂ ਸ਼ਾਨਦਾਰ ਸੇਵਾ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਉਹ ਸਿੱਖ ਅਮਰੀਕਨ ਹੈਰੀਟੇਜ ਆਰਗੇਨਾਈਜ਼ੇਸ਼ਨ ਦੇ ਸਰਗਰਮ ਮੈਂਬਰ ਵੀ ਰਹੇ। ਸਨੀ ਕੁਲਾਰ 2003 ਵਿੱਚ ਏਸ਼ੀਅਨ ਅਮਰੀਕਨ ਕੋਲੀਸ਼ਨ ਆਫ਼ ਸ਼ਿਕਾਗੋ ਦੇ ਸਾਲਾਨਾ ਡਿਨਰ ਬੈਂਕੁਇਟਸ ਦੀ ਮਨੋਰੰਜਨ ਕਮੇਟੀ ਦੇ ਸਹਿ-ਚੇਅਰਮੈਨ ਸਨ। ਸਾਲ 2005 ਵਿੱਚ ਸ਼ਿਕਾਗੋ ਦੇ ਏਸ਼ੀਅਨ ਅਮਰੀਕਨ ਕੋਲੀਸ਼ਨ ਵੱਲੋਂ ਉਨ੍ਹਾਂ ਨੂੰ ਕਮਿਊਨਿਟੀ ਸਰਵਿਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕੁਝ ਸਮਾਂ ਉਹ ਸ਼ਿਕਾਗੋ ਦੀ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐਫ.ਆਈ.ਏ.) ਨਾਲ ਵੀ ਜੁੜੇ ਰਹੇ।
ਸਨੀ ਕੁਲਾਰ ਸਾਲ 1988-89 ਦੌਰਾਨ ਸ਼ਿਕਾਗੋ ਆਪਣੇ ਮਾਮਾ ਜੀ ਡਾ. ਰੌਬਰਟ ਸਿੰਘ ਤੇ ਅਵਤਾਰ ਸਿੰਘ ਚੀਮਾ ਕੋਲ ਆਵਾਸ ਕਰ ਗਏ ਸਨ। ਸਨੀ ਕੁਲਾਰ ਡੀਪੌਲ ਤੋਂ ਦੂਰਸੰਚਾਰ ਵਿੱਚ ਪੋਸਟ ਗ੍ਰੈਜੂਏਟ ਅਤੇ ਯੂਨੀਵਰਸਿਟੀ ਆਫ ਇਲੀਨਾਏ ਸ਼ਿਕਾਗੋ (ਯੂ.ਆਈ.ਸੀ.) ਤੋਂ ਗ੍ਰੈਜੂਏਟ ਸਨ। ਉਹ ਸ਼ਿਕਾਗੋ ਵਿੱਚ ਬ੍ਰਿਟਿਸ਼ ਪੈਟਰੋਲੀਅਮ (ਬੀ.ਪੀ.) ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਸਨ।
ਸਨੀ ਕੁਲਾਰ ਦਾ ਵਿਆਹ 1996 ਵਿੱਚ ਰੁਪਿੰਦਰ (ਰਿੰਪੀ) ਕੌਰ ਨਾਲ ਹੋਇਆ। ਡਾ. ਰਿੰਪੀ ਕੁਲਾਰ ਸ਼ਿਕਾਗੋ ਦੇ ਨੌਰਥਵੈਸਟਰਨ ਮੈਮੋਰੀਅਲ ਹਸਪਤਾਲ ਵਿੱਚ ਨਿਊਰੋਲੋਜੀ ਵਿਭਾਗ ਵਿੱਚ ਕੰਮ ਕਰਦੇ ਹਨ। ਉਹ ਅਮੈਰੀਕਨ ਇੰਡੀਆ ਮੈਡੀਕਲ ਐਸੋਸੀਏਸ਼ਨ ਆਫ ਸ਼ਿਕਾਗੋ ਨਾਲ ਵੀ ਜੁੜੇ ਰਹੇ। ਜ਼ਿਕਰਯੋਗ ਹੈ ਕਿ ਡਾ. ਰਿੰਪੀ ਕੁਲਾਰ ਆਪਣੇ ਪਰਿਵਾਰ ਅਤੇ ਆਪਣੇ ਪੇਸ਼ੇ- ਦੋਵਾਂ ਪ੍ਰਤੀ ਸਮਰਪਿਤ ਹਨ। ਸਨੀ ਕੁਲਾਰ ਵੱਲੋਂ ਭਾਈਚਾਰਕ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦਿਆਂ ਡਾ. ਰਿੰਪੀ ਕੁਲਾਰ ਬੱਚਿਆਂ ਦੀ ਚੰਗੀ ਦੇਖਭਾਲ ਕਰਦੇ ਰਹੇ। ਸਨੀ ਕੁਲਾਰ ਨੇ ਆਪਣੇ ਅਤੇ ਆਪਣੇ ਛੋਟੇ ਭਰਾ ਰੌਨੀ ਕੁਲਾਰ ਦੇ ਬੱਚਿਆਂ ਨੂੰ ਪੰਜਾਬੀ ਲੋਕ ਨਾਚ ਭੰਗੜੇ ਨਾਲ ਜੋੜੀ ਰੱਖਿਆ।
ਸਨੀ ਕੁਲਾਰ ਅਤੇ ਉਨ੍ਹਾਂ ਦੇ ਪਰਿਵਾਰ- ਪਤਨੀ ਰੁਪਿੰਦਰ (ਰਿੰਪੀ) ਕੁਲਾਰ, ਧੀ ਈਸ਼ਾ ਕੌਰ ਅਤੇ ਪੁੱਤਰ ਪਰਨੀਤ ਕੁਲਾਰ ਨੂੰ ਸਾਲ 2005 ਵਿੱਚ ‘ਏਸ਼ੀਅਨ ਮਾਡਲ ਫੈਮਿਲੀ 2005’ ਅਵਾਰਡ ਪ੍ਰਾਪਤ ਹੋਇਆ ਸੀ। ਇਹ ਪੁਰਸਕਾਰ ਏਸ਼ੀਅਨ ਕ੍ਰੋਨਿਕਲ ਯੂ.ਐਸ.ਏ. ਵੱਲੋਂ ਸਕੋਕੀ ਵਿੱਚ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕੁਲਾਰ ਪਰਿਵਾਰ ਨੂੰ ਉਨ੍ਹਾਂ ਦੇ ਇਕਜੁੱਟ ਪਰਿਵਾਰ ਹੋਣ, ਦੂਜਿਆਂ ਲਈ ਅਨੁਕਰਣ ਕਰਨ ਲਈ ਰੋਲ ਮਾਡਲ ਹੋਣ, ਇੱਥੇ ਤੇ ਆਪਣੇ ਜੱਦੀ ਦੇਸ਼ ਵਿੱਚ ਕਈ ਭਾਈਚਾਰਕ ਸੇਵਾਵਾਂ ਪ੍ਰਦਾਨ ਕਰਨ ਅਤੇ ਅਮਰੀਕਾ ਵਿੱਚ ਏਸ਼ੀਅਨਾਂ ਦੇ ਸਕਾਰਾਤਮਕ ਅਕਸ ਨੂੰ ਪ੍ਰਭਾਵਿਤ ਕਰਨ ਦੇ ਆਧਾਰ `ਤੇ ਚੁਣਿਆ ਗਿਆ ਸੀ। ਇਸ ਮੌਕੇ ਕੁਲਾਰ ਪਰਿਵਾਰ ਨੂੰ ਸਮਾਜਿਕ ਸੇਵਾ ਭਾਵਨਾ ਵਾਲਾ ਦੱਸਿਆ ਗਿਆ ਅਤੇ ਉਨ੍ਹਾਂ ਨੇ ਬੱਚਿਆਂ ਤੇ ਕੁਲਾਰ ਜੋੜੇ ਨੂੰ ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਸ਼ਾਮਲ ਰੱਖਿਆ ਗਿਆ ਸੀ। ਸਨੀ ਕੁਲਾਰ ਨੇ ਸ਼ਿਕਾਗੋ ਵਿੱਚ ਕਈ ਪੰਜਾਬੀ ਸੱਭਿਆਚਾਰਕ, ਸਿੱਖ ਅਮਰੀਕੀ ਅਤੇ ਏਸ਼ੀਆਈ ਅਮਰੀਕੀ ਮੁੱਖ ਧਾਰਾ ਦੇ ਸਮਾਗਮਾਂ ਦਾ ਆਯੋਜਨ/ਸਰਗਰਮ ਸ਼ਮੂਲੀਅਤ ਕੀਤੀ ਹੈ, ਜਿਸ ਵਿੱਚ 4 ਜੁਲਾਈ ਦੀ ਪਰੇਡ, ਸ਼ਿਕਾਗੋ ਵਿੱਚ ਵਿਸਾਖੀ ਪਰੇਡ, ਖੂਨਦਾਨ ਮੁਹਿੰਮਾਂ, ਯੁਵਾ ਸੈਮੀਨਾਰ, ਖੇਡ ਉਤਸਵ, ਸ਼ਿਕਾਗੋ ਮਿਲੇਨੀਅਮ ਪਾਰਕ ਓਪਨਿੰਗ ਡੇ ਸਮਾਰੋਹ, ਸਟੇਟ ਸਟ੍ਰੀਟ ਥੈਂਕਸਗਿਵਿੰਗ ਡੇ ਪਰੇਡ ਅਤੇ ਵ੍ਹਾਈਟ ਸੌਕਸ ਪਾਰਕ ਸ਼ਿਕਾਗੋ ਸ਼ਾਮਲ ਹਨ। ਉਹ ਨੇਵੀ ਪੀਅਰ ਵਿੱਚ ਸ਼ਿਕਾਗੋ ਚਿਲਡਰਨ ਮਿਊਜ਼ੀਅਮ ਵਿਖੇ ‘ਪਾਸਪੋਰਟ ਟੂ ਦ ਵਰਲਡ’ ਕਮੇਟੀ ਦੇ ਸਰਗਰਮ ਮੈਂਬਰ ਵੀ ਰਹੇ। ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨੀ ਕੁਲਾਰ ਨੂੰ ਵਾਸ਼ਿੰਗਟਨ ਡੀ.ਸੀ. ਤੋਂ ‘ਰਾਸ਼ਟਰਪਤੀ ਵਾਲੰਟੀਅਰ ਸੇਵਾ ਪੁਰਸਕਾਰ’ ਨਾਲ ਵੀ ਸਨਮਾਨਿਤ ਕੀਤਾ ਗਿਆ।