ਡਾ. ਅਰਵਿੰਦਰ ਸਿੰਘ ਭੱਲਾ
ਫੋਨ: +91-9463062603
ਇੱਕ ਛਾਂਦਾਰ ਰੁੱਖ ਦੇ ਹੇਠ ਗੁਰੂਦੇਵ ਨੇ ਆਪਣੇ ਸ਼ਿੱਸ਼ਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਫ਼ੁਰਮਾਇਆ ਕਿ ਹਰੇਕ ਮਨੁੱਖ ਨੂੰ ਕਦੇ-ਕਦੇ ਜ਼ਿੰਦਗੀ ਇੱਕ ਨੇਮਤ ਜਾਪਦੀ ਹੈ ਅਤੇ ਕਦੇ-ਕਦੇ ਰੋਜ਼ਮੱਰਾ ਜ਼ਿੰਦਗੀ ਦੇ ਝਮੇਲੇ ਇੱਕ ਅਜ਼ਾਬ ਦੀ ਤਰ੍ਹਾਂ ਦਿਖਾਈ ਦਿੰਦੇ ਹਨ। ਕਦੇ-ਕਦੇ ਜ਼ਿੰਦਗੀ ਖੁਸ਼ਗਵਾਰ ਪਲਾਂ ਦੀ ਯਾਦ ਵਿੱਚ ਪਲਕ ਝਪਕਦਿਆਂ ਬੀਤ ਜਾਂਦੀ ਹੈ ਅਤੇ ਕਦੇ-ਕਦੇ ਤਲਖ਼ ਹਕੀਕਤਾਂ ਤੇ ਅਧੂਰੇ ਸੁਪਨੇ ਜ਼ਿੰਦਗੀ ਦੀਆਂ ਰਾਹਾਂ ਨੂੰ ਦੁਸ਼ਵਾਰ ਬਣਾ ਦਿੰਦੇ ਹਨ।
ਕਦੇ-ਕਦੇ ਆਪਣਿਆਂ ਦੇ ਬੇਗ਼ਾਨੇ ਬਣਨ ਦਾ ਹੇਰਵਾ ਮਨੁੱਖ ਦੇ ਅੰਦਰ ਖ਼ਲਲ ਪੈਦਾ ਕਰਦਾ ਹੈ ਅਤੇ ਕਦੇ-ਕਦੇ ਸੱਤ ਬੇਗ਼ਾਨੇ ਵੀ ਸਾਡੀ ਝੋਲੀ ਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਨਾਲ ਭਰ ਦਿੰਦੇ ਹਨ। ਕਦੇ-ਕਦੇ ਜ਼ਿੰਦਗੀ ਦੇ ਕੈਨਵਸ ਉੱਤੇ ਧਨਕ ਦੇ ਸੱਤੇ ਰੰਗ ਬੜੇ ਸਾਫ਼-ਸਾਫ਼ ਨਜ਼ਰ ਆਉਂਦੇ ਹਨ ਅਤੇ ਕਦੇ-ਕਦੇ ਚਾਰ ਚੁਫੇਰੇ ਸਭ ਕੁਝ ਬੜਾ ਗੰਧਲਾ ਤੇ ਧੁੰਦਲਾ ਜਿਹਾ ਦਿਖਾਈ ਦਿੰਦਾ ਹੈ। ਕਦੇ-ਕਦੇ ਜ਼ਿੰਦਗੀ ਸੋਚਾਂ, ਫ਼ਿਕਰਾਂ ਤੇ ਤੌਖਲਿਆਂ ਵਿੱਚ ਉਲਝੀ ਹੋਈ ਨਜ਼ਰ ਆਉਂਦੀ ਹੈ ਅਤੇ ਕਦੇ-ਕਦੇ ਮੰਝਧਾਰ ਵਿੱਚ ਫਸ ਕੇ ਵੀ ਦੂਰ ਦਿਖਾਈ ਦੇ ਰਹੇ ਸਾਹਿਲ ਤੱਕ ਅਪੜਨ ਦੀ ਉਮੀਦ ਅੰਗੜਾਈ ਲੈਂਦੀ ਹੈ। ਕਦੇ-ਕਦੇ ਇਉਂ ਜਾਪਦਾ ਹੈ ਕਿ ਅਜੇ ਜ਼ਿੰਦਗੀ ਦਾ ਕਰਜ਼ ਚੁਕਾਉਣਾ ਬਾਕੀ ਹੈ ਅਤੇ ਕਦੇ-ਕਦੇ ਇਵੇਂ ਮਹਿਸੂਸ ਹੁੰਦਾ ਜਿਵੇਂ ਅਸੀਂ ਜ਼ਿੰਦਗੀ ਦੀ ਬਾਜ਼ੀ ਜਿੱਤ ਚੁੱਕੇ ਹੋਈਏ। ਕਦੇ-ਕਦੇ ਜ਼ਿੰਦਗੀ ਇੱਕ ਪੇਚੀਦਾ ਤੇ ਗੁੰਝਲਦਾਰ ਬੁਝਾਰਤ ਜਿਹੀ ਪ੍ਰਤੀਤ ਹੁੰਦੀ ਹੈ ਅਤੇ ਕਦੇ-ਕਦੇ ਜ਼ਿੰਦਗੀ ਮਾਂ ਦੀ ਲੋਰੀ ਵਾਂਗੂੰ ਸਕੂਨ ਤੇ ਰਾਹਤ ਦਿੰਦੀ ਸੁਣਾਈ ਦਿੰਦੀ ਹੈ, ਕਦੇ-ਕਦੇ ਜ਼ਿੰਦਗੀ ਇੱਕ ਝੂਠ ਦੇ ਸਹਾਰੇ ਵੀ ਗੁਜ਼ਰ ਜਾਂਦੀ ਹੈ ਅਤੇ ਕਦੇ-ਕਦੇ ਕੌੜੀਆਂ ਸੱਚਾਈਆਂ ਦਾ ਸਾਹਮਣਾ ਕਰਨ ਤੋਂ ਕਤਰਾਉਂਦੇ ਹੋਏ ਸਾਰੀ ਉਮਰ ਬੀਤ ਜਾਂਦੀ ਹੈ, ਕਦੇ-ਕਦੇ ਜ਼ਿੰਦਗੀ ਦੂਜਿਆਂ ਦੇ ਹੰਝੂ ਪੂੰਝਣ ਵਿੱਚ ਗੁਜ਼ਰ ਜਾਂਦੀ ਅਤੇ ਕਦੇ-ਕਦੇ ਜ਼ਿੰਦਗੀ ਬੇਪਰਵਾਹ ਕਹਿਕਹਿਆਂ ਦੀ ਗੂੰਜ ਸੁਣਨ ਨੂੰ ਤਰਸਦਿਆਂ ਲੰਘ ਜਾਂਦੀ ਹੈ, ਕਦੇ-ਕਦੇ ਜ਼ਿੰਦਗੀ ਦਾ ਝੁਕਾਉਣਾ ਵੀ ਕਿਆਮਤ ਵਾਂਗ ਜਾਪਦਾ ਹੈ ਅਤੇ ਕਦੇ-ਕਦੇ ਜ਼ਿੰਦਗੀ ਆਪਣੇ ਮੂਲ ਦੀ ਖੋਜ ਵਿੱਚ ਗੁਜ਼ਰ ਜਾਂਦੀ ਹੈ।
ਗੁਰੂਦੇਵ ਨੇ ਆਪਣੇ ਸ਼ਿੱਸ਼ਾਂ ਨੂੰ ਹਦਾਇਤ ਕੀਤੀ ਕਿ ਆਪਣੀ ਹਯਾਤੀ ਨੂੰ ਜੇਕਰ ਤੁਸੀਂ ਬਾਮਕਸਦ, ਅਰਥ ਭਰਪੂਰ, ਸਕਾਰਾਤਮਕ ਅਤੇ ਰਚਨਾਤਮਿਕ ਢੰਗ ਨਾਲ ਗੁਜ਼ਾਰਨ ਦਾ ਹੁਨਰ ਸਿੱਖ ਲਵੋ ਤਾਂ ਨਿਸ਼ਚਿਤ ਤੌਰ ਉੱਪਰ ਨਿੱਤ ਨਵੇਂ ਰੂਪ ਵਟਾਉਂਦੀ ਜ਼ਿੰਦਗੀ ਤੁਹਾਨੂੰ ਕਦੇ ਬੋਝਲ ਨਹੀਂ ਜਾਪੇਗੀ। ਜੇਕਰ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਨਾਲ ਹਾਸਿਆਂ ਤੇ ਖੁਸ਼ੀਆਂ ਦੇ ਵਣਜਾਰੇ ਬਣ ਕੇ ਵਿਚਰਨ ਦੀ ਸਲਾਹੀਅਤ ਹਾਸਲ ਕਰ ਲਵੋ ਤਾਂ ਤੁਸੀਂ ਨਿਰਮੂਲ ਸੋਚਾਂ ਦੇ ਭੰਵਰਜਾਲ ਵਿੱਚ ਫ਼ਸਣ ਤੋਂ ਬਚ ਜਾਉਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਉੱਤੇ ਰਹਿਮਤਾਂ ਤੇ ਨਿਆਮਤਾਂ ਦੀ ਵਰਖਾ ਹੋਵੇ ਤਾਂ ਪਹਿਲਾਂ ਲੋਕਾਂ ਦੇ ਲਬਾਂ ਉੱਪਰ ਹਲਕੀ ਜਿਹੀ ਮੁਸਕਾਨ ਲਿਆਉਣ ਦਾ ਸਬੱਬ ਬਣੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਆਖ਼ਰੀ ਪਲਾਂ ਵਿੱਚ ਤੁਹਾਨੂੰ ਕੋਈ ਸ਼ਰਮਿੰਦਗੀ ਜਾਂ ਹੇਰਵਾ ਨਾ ਸਤਾਵੇ ਤਾਂ ਜਿਉਂਦੇ ਜੀਅ ਕਦੇ ਮਰਿਆਦਾਵਾਂ ਦੀਆਂ ਲਕੀਰਾਂ ਨੂੰ ਪਾਰ ਕਰਨ ਦਾ ਯਤਨ ਨਾ ਕਰੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪਾਕ ਦਾਮਨ ਰਹਿੰਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹੋ ਤਾਂ ਕਦੇ ਦੂਜਿਆਂ ਦੇ ਦਾਮਨ ਨੂੰ ਗੰਧਲਾ ਨਾ ਕਰੋ। ਸਦਾ ਮੁਤਮੀਨ ਤੇ ਖੁਸ਼ ਰਹਿੰਦੇ ਹੋਏ ਉਸ ਨਿਰੰਕਾਰ ਦੀ ਰਜ਼ਾ ਵਿੱਚ ਰਾਜੀ ਰਹਿਣ ਦਾ ਗੁਰ ਸਿੱਖੋ। ਦੂਜਿਆਂ ਨੂੰ ਉਨ੍ਹਾਂ ਦੇ ਐਬ ਗਿਣਾਉਣ ਤੋਂ ਪਹਿਲਾਂ ਆਪਣੇ ਗੁਨਾਹਾਂ ਦੀ ਫ਼ਹਿਰਿਸਤ ਆਪਣੇ ਸਾਹਮਣੇ ਰੱਖੋ ਅਤੇ ਦੂਸਰਿਆਂ ਨੂੰ ਖ਼ੁਦ ਤੋਂ ਕਮਤਰ ਸਮਝਣ ਦੀ ਭੁੱਲ ਨਾ ਕਰੋ। ਇਸ ਸੱਚਾਈ ਤੋਂ ਕਦੇ ਮੁਨਕਰ ਨਾ ਹੋਵੋ ਕਿ ਇਸ ਕਾਇਨਾਤ ਅੰਦਰ ਤੁਹਾਡੀ ਹਸਤੀ ਇੱਕ ਅਦਨਾ ਜਿਹੇ ਜ਼ੱਰੇ ਤੋਂ ਵੀ ਹਕੀਰ ਹੈ।
ਗੁਰੂਦੇਵ ਨੇ ਇਹ ਵੀ ਫ਼ੁਰਮਾਇਆ ਕਿ ਆਪਣੀ ਸੋਚ ਤੇ ਆਪਣੇ ਅਮਲਾਂ ਉੱਪਰ ਸਮੇਂ-ਸਮੇਂ ‘ਤੇ ਗੌਰ ਕਰਦੇ ਰਿਹਾ ਕਰੋ ਅਤੇ ਲੋੜ ਅਨੁਸਾਰ ਇਨ੍ਹਾਂ ਨੂੰ ਦਰੁਸਤ ਕਰਿਆ ਕਰੋ। ਜਦੋਂ ਤੁਸੀਂ ਸੌੜੀ ਸੋਚ ਦੇ ਧਾਰਨੀ ਬਣ ਕੇ ਵਿਚਰਦੇ ਹੋ ਤਾਂ ਉਸ ਸਮੇਂ ਤੁਸੀਂ ਕੇਵਲ ਆਪਣੇ ਨੁਕਤਾ-ਏ-ਨਿਗਾਹ ਨੂੰ ਠੀਕ ਸਾਬਤ ਕਰਦਿਆਂ ਦੂਸਰਿਆਂ ਦੇ ਜ਼ਾਵੀਏ ਨੂੰ ਮੁੱਢੋਂ ਹੀ ਸਮਝਣ ਤੋਂ ਮੁਨਕਰ ਹੋ ਜਾਂਦੇ ਹੋ। ਇਸ ਸਭ ਦੇ ਨਤੀਜੇ ਵਜੋਂ ਮਨੁੱਖ ਆਪਣੇ ਇਰਦ-ਗਿਰਦ ਦੇ ਲੋਕਾਂ ਨੂੰ ਅਤੇ ਆਪਣੇ ਆਸ-ਪਾਸ ਦੇ ਵਰਤਾਰਿਆਂ ਨੂੰ ਹਮੇਸ਼ਾ ਕੋਸਦਾ ਰਹਿੰਦਾ ਹੈ ਅਤੇ ਰੱਬ ਦੇ ਰੰਗਾਂ ਨੂੰ ਮਾਨਣ ਦੀ ਬਜਾਏ ਆਪਣੇ ਮਨ ਦੇ ਵਲਵਲਿਆਂ ਵਿੱਚ ਉਲਝ ਕੇ ਜ਼ਿੰਦਗੀ ਨੂੰ ਬੇਮਕਸਦ ਗੁਜ਼ਾਰਦਾ ਹੈ। ਗੁਰੂਦੇਵ ਨੇ ਆਪਣੇ ਸ਼ਿੱਸ਼ਾਂ ਨੂੰ ਸਮਝਾਉਂਦੇ ਹੋਏ ਫ਼ੁਰਮਾਇਆ ਕਿ ਜਿਥੋਂ ਤੱਕ ਸੰਭਵ ਹੋ ਸਕੇ ਇਲਮ ਹਾਸਲ ਕਰੋ, ਜ਼ਿੰਦਗੀ ਦੀਆਂ ਗੁੱਝੀਆਂ ਰਮਜ਼ਾਂ ਨੂੰ ਪਹਿਲਾਂ ਸਮਝਣ ਦਾ ਯਤਨ ਕਰੋ, ਆਪਣੇ ਤਜਰਬਿਆਂ ਦੇ ਜ਼ਖੀਰੇ ਨੂੰ ਅਮੀਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੋ ਅਤੇ ਹਰ ਅਜ਼ਮਾਇਸ਼ ਨੂੰ ਕੁਝ ਨਵਾਂ ਸਿੱਖਣ ਦੇ ਇੱਕ ਬੇਸ਼ਕੀਮਤੀ ਅਵਸਰ ਵਿੱਚ ਪਰਿਵਰਤਿਤ ਕਰੋ।
ਗੁਰੂਦੇਵ ਨੇ ਅਖੀਰ ਵਿੱਚ ਆਪਣੇ ਸ਼ਿੱਸ਼ਾਂ ਨੂੰ ਫ਼ੁਰਮਾਇਆ ਕਿ ਯਾਦ ਰੱਖੋ ਕਿ ਸਮਾਂ ਪਰਿਵਰਤਨਸ਼ੀਲ ਹੈ। ਪ੍ਰਸਥਿਤੀਆਂ ਹਮੇਸ਼ਾ ਇੱਕੋ ਜਿਹੀਆਂ ਨਹੀਂ ਰਹਿੰਦੀਆਂ, ਚੰਗੇ-ਮਾੜੇ ਹਾਲਾਤ ਰੁੱਤਾਂ ਵਾਂਗ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਮਨੁੱਖ ਦੀ ਸੋਚ ਵੀ ਬਦਲਦਿਆਂ ਦੇਰ ਨਹੀਂ ਲੱਗਦੀ ਹੈ। ਲਿਹਾਜ਼ਾ ਹਾਲਾਤ ਦੇ ਬਦਲਣ ਦਾ ਕਦੇ ਹਿਰਖ ਨਾਲ ਕਰੋ, ਹਮੇਸ਼ਾ ਖ਼ੁਦ ਨੂੰ ਹਰ ਪ੍ਰਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰੱਖੋ ਅਤੇ ਹਰ ਪਲ ਆਪਣੇ ਸੋਹਣੇ ਰੱਬ ਦੀ ਰਜ਼ਾ ਵਿੱਚ ਜ਼ਿੰਦਗੀ ਦੇ ਬਦਲਦੇ ਰੰਗਾਂ ਨੂੰ ਮਾਨਣ ਦਾ ਉਪਰਾਲਾ ਕਰਿਆ ਕਰੋ। ਇੱਕ ਗੱਲ ਨੂੰ ਹਮੇਸ਼ਾ ਆਪਣੇ ਜ਼ਿਹਨ ਵਿੱਚ ਰੱਖੋ ਕਿ ਆਪਣੀ ਜ਼ਿੰਦਗੀ ਨਾਲ ਗਿਲੇ-ਸ਼ਿਕਵੇ ਕਰਦਿਆਂ ਬੰਦੇ ਦਾ ਬੇੜਾ ਕਦੇ ਪਾਰ ਨਹੀਂ ਲੰਘਦਾ ਹੈ। ਆਪਣੇ ਵਿੱਚ ਇੰਨੀ ਕੁ ਕੁੱਵਤ ਪੈਦਾ ਕਰੋ ਕਿ ਤੁਸੀਂ ਦਰਿਆ ਦੇ ਵਹਿਣ ਦੇ ਰੁਖ ਨੂੰ ਬਦਲ ਸਕੋ ਅਤੇ ਜੇਕਰ ਅਜੇ ਤੱਕ ਤੁਹਾਡੇ ਵਿੱਚ ਦਰਿਆ ਦੇ ਵਹਾਉ ਨੂੰ ਬਦਲਣ ਦਾ ਹੌਸਲਾ ਨਹੀਂ ਤਾਂ ਦਰਿਆ ਦੇ ਕੰਢੇ ਖੜ੍ਹੇ ਹੋ ਕੇ ਦਰਿਆ ਨੂੰ ਕੋਸਣ ਦੀ ਬਜਾਏ ਪਾਣੀ ਦੇ ਵਹਾਉ ਨਾਲ ਇੰਨੀ ਕੁ ਦੂਰ ਤੱਕ ਵਹਿਣ ਦਾ ਹੌਸਲਾ ਜ਼ਰੂਰ ਰੱਖੋ ਕਿ ਜਿੱਥੋਂ ਤੁਸੀਂ ਦਰਿਆ ਦਾ ਰੁਖ਼ ਮੋੜਨ ਦੀ ਤਾਕਤ ਹਾਸਲ ਕਰ ਸਕੋ। ਇਹ ਵੀ ਯਾਦ ਰੱਖਿਓ ਕਿ ਸਬਰ, ਸਿਰੜ ਤੇ ਸਿਦਕ ਜ਼ਿੰਦਗੀ ਵਿੱਚ ਮਨੁੱਖ ਨੂੰ ਕਦੇ ਵੀ ਹਾਰਨ ਨਹੀਂ ਦਿੰਦੇ ਅਤੇ ਉਤਾਵਲੇ ਤੇ ਉਲਾਰੂ ਸੁਭਾਅ ਵਾਲੇ ਲੋਕ ਕਦੇ ਵੀ ਆਪਣੀ ਮੰਜ਼ਿਲ ਉੱਪਰ ਨਹੀਂ ਪਹੁੰਚ ਸਕਦੇ ਹਨ। ਦਰਅਸਲ ਜਦੋਂ ਤੁਸੀਂ ਬਾਹਰ ਦੇ ਸ਼ੋਰ ਨੂੰ ਆਪਣੇ ਅੰਦਰ ਪ੍ਰਵੇਸ਼ ਕਰਨ ਦੀ ਖੁੱਲ੍ਹ ਦਿੰਦੇ ਹੋ ਤਾਂ ਤੁਸੀਂ ਆਪਣੇ ਵਿਚਲਿਤ ਮਨ ਹੱਥੋਂ ਮਜਬੂਰ ਹੋ ਕੇ ਆਪਣੇ ਹੱਥੀਂ ਆਪਣੇ ਅੰਦਰ ਵੱਸੇ ਸਹਿਜ ਨੂੰ ਗਵਾ ਦਿੰਦੇ ਹੋ। ਜ਼ਿੰਦਗੀ ਦੇ ਸਾਰੇ ਰੰਗਾਂ ਨੂੰ ਮਾਣਦਿਆਂ ਆਪਣੀ ਸੋਚ ਦਾਇਰਿਆਂ ਨੂੰ ਵਸੀਹ ਬਣਾਉਣ ਦਾ ਯਤਨ ਕਰੋ ਤਾਂ ਜੋ ਕੋਈ ਵੀ ਵਰਤਾਰਾ ਅਤੇ ਕਿਸੇ ਦਾ ਕੋਈ ਕਥਨ ਜਾਂ ਵਿਹਾਰ ਤੁਹਾਨੂੰ ਧੁਰ ਅੰਦਰੋਂ ਕਦੇ ਪ੍ਰੇਸ਼ਾਨ ਨਾ ਕਰੇ।
