ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬੱਤ ਦਾ ਭਲਾ॥
ਸਤਨਾਮ ਕੌਰ ਮੁਕਤਸਰ
ਸਿੱਖ ਜਦੋਂ ਵੀ ਗੁਰਦੁਆਰੇ ਵਿੱਚ, ਸੰਗਤ ਵਿੱਚ ਜਾਂ ਵਿਅਕਤੀਗਤ ਰੂਪ ਵਿੱਚ ਅਰਦਾਸ ਕਰਦਾ ਹੈ ਤਾਂ ਅਰਦਾਸ ਦੇ ਅਖੀਰ ਵਿੱਚ ਗੁਰੂ ਸਹਿਬਾਨ, ਸ਼ਹੀਦਾਂ ਤੇ ਪੰਥ ਤੋਂ ਵਿਛੜੇ ਗੁਰਦੁਆਰਿਆਂ ਨੂੰ ਯਾਦ ਕਰਨ ਤੋਂ ਬਾਅਦ ਅਕਾਲ ਪੁਰਖ ਤੋਂ ਨਾਮ ਦਾ ਦਾਨ, ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ ਮੰਗਦਾ ਹੈ। ਸਿੱਖ ਜਦੋਂ ਸਰੱਬਤ ਦਾ ਭਲਾ ਮੰਗਦਾ ਹੈ ਤਾਂ ਉਹ ਉਹਦੇ ਵਿੱਚ ਆਪਣਾ ਭਲਾ ਵੀ ਦੇਖਦਾ ਹੈ। ਸਰਬੱਤ ਦਾ ਮਤਲਬ ਹੈ- ਸਭ ਸੰਸਾਰ ਦਾ ਭਲਾ; ਇੱਕੋ ਇੱਕ ਇਹੀ ਸਿੱਖ ਕੌਮ ਹੈ, ਜੋ ਹਰ ਲਈ ਅਰਦਾਸ ਕਰਦੀ ਹੈ।
ਇਹ ਉਹ ਚੜ੍ਹਦੀ ਕਲਾ ਹੈ, ਜੋ ਅਸੀਂ ਪੰਜਾਬ ਵਿੱਚ ਆਏ ਹੜ੍ਹਾਂ ਵਿੱਚ ਦੇਖੀ ਹੈ। ਬੇਸ਼ੱਕ ਇਹ ਚੜ੍ਹਦੀ ਕਲਾ ਦਾ ਨਾਮ ਅਸੀਂ ਗੁਰਦੁਆਰਿਆਂ ਅਤੇ ਧਾਰਮਿਕ ਸਟੇਜਾਂ `ਤੇ ਗੂੰਜਦੇ ਦੇਖਿਆ ਹੈ, ਜੋ ਸਿੱਖ ਧਰਮ ਦਾ ਇੱਕ ਬਹੁਤ ਮਹੱਤਵਪੂਰਨ ਸਿਧਾਂਤ ਹੈ, ਜੋ ਇੱਕ ਸਕਾਰਾਤਮਕ ਸੇਧ ਨੂੰ ਜਨਮ ਦਿੰਦਾ ਹੈ ਜਿਸ ਦਾ ਅਰਥ ਹੈ- ਹਮੇਸ਼ਾ ਉੱਚੀ ਆਤਮਕ ਅਵਸਥਾ ਵਿੱਚ ਰਹਿਣਾ, ਖੁਸ਼ਮਿਜ਼ਾਜ਼ ਰਹਿਣਾ, ਹਿੰਮਤ ਤੇ ਹੌਸਲੇ ਕਦੇ ਨਾ ਛੱਡਣਾ, ਮਾਨਸਿਕ ਮਨੋਬਲ ਨੂੰ ਕਾਇਮ ਰੱਖਣਾ ਅਤੇ ਸਕਾਰਾਤਮਕ ਅਨਰਜੀ ਨਾਲ ਭਰੇ ਰਹਿਣਾ, ਚਾਹੇ ਹਾਲਾਤ ਕਿੰਨੇ ਵੀ ਮੁਸ਼ਕਲ ਭਰੇ ਹੋਣ। ਸਿੱਖ ਕੌਮ ਵਿੱਚ ਚੜ੍ਹਦੀ ਕਲਾ ਜੀਵਨ ਦਰਸ਼ਨ ਦਾ ਇੱਕ ਹਿੱਸਾ ਹੈ, ਜੋ ਦਸ ਗੁਰੂ ਸਹਿਬਾਨ ਤੇ ਗੁਰੂ ਗ੍ਰੰਥ ਸਹਿਬ ਦੀਆਂ ਸਿੱਖਿਆਵਾਂ ਨਾਲ ਜੁੜਿਆ ਹੋਇਆ ਹੈ। ਚੜ੍ਹਦੀ ਕਲਾ ਦਾ ਜੋ ਜ਼ਜਬਾ ਤੇ ਹਿੰਮਤ ਸਿੱਖਾਂ ਤੇ ਪੰਜਾਬੀਆਂ ਵਿੱਚ ਹੈ, ਉਹ ਉਨ੍ਹਾਂ ਦਾ ਮਨੋਬਲ ਕਦੇ ਨਹੀਂ ਡਿੱਗਣ ਦਿੰਦਾ।
ਇਸ ਚੜ੍ਹਦੀ ਕਲਾ ਦੀ ਮਿਸਾਲ ਅਸੀਂ ਸਭ ਨੇ, ਜੋ ਪੰਜਾਬ ਵਿੱਚ ਹੜ੍ਹਾਂ ਦੀ ਆਫਤ ਆਈ ਹੈ, ਉਸ ਵਿੱਚ ਦੇਖ ਸਕਦੇ ਹਾਂ। ਪੰਜਾਬ ਪਾਣੀਆਂ ਨਾਲ ਘਿਰ ਗਿਆ, ਬੰਨ੍ਹ ਟੁੱਟ ਗਏ, ਘਰ ਬਾਰ, ਮਾਲ ਡੰਗਰ, ਸਾਜ਼ੋ-ਸਮਾਨ ਸਭ ਰੁੜ੍ਹ ਗਿਆ, ਨਿੱਕੇ ਨਿਆਣੇ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਮਾਵਾਂ-ਭੈਣਾਂ ਸਭ ਦਰਿਆਵਾਂ ਦੇ ਸੀਨੇ ਅੱਗੇ ਖੜ੍ਹ ਗਏ ਬੰਨ੍ਹ ਬੰਨਣ ਲਈ। ਇਹਨੂੰ ਕਹਿੰਦੇ ਨੇ ਚੜ੍ਹਦੀ ਕਲਾ! ਕਈ ਤੇ ਇਹੋ ਜਿਹੇ ਵੀ ਵੇਖੇ ਗਏ, ਜੋ ਆਪਣੇ ਆਰਜ਼ੀ ਪੁਲ ਖੁਦ ਬਣਾ ਰਹੇ ਸੀ। ਦਿਨ ਰਾਤ ਇੱਕ ਕਰਕੇ ਬਿਨਾ ਰੁਕੇ, ਬਿਨਾ ਸਾਹ ਲਏ ਕੋਈ ਲੰਗਰ ਤਿਆਰ ਕਰ ਰਿਹਾ ਸੀ ਤੇ ਕੋਈ ਮਿੱਟੀ ਦੇ ਬੋਰੇ ਭਰ ਭਰ ਕੇ ਸੈਲਾਬ ਅੱਗੇ ਦਰਿਆਵਾਂ ਦੇ ਕੰਢਿਆਂ `ਤੇ ਲਾ ਰਹੇ ਸਨ। ਹੜ੍ਹਾਂ ਦੇ ਪਾਣੀਆਂ ਨੂੰ ਰੋਕਣਾ ਤੇ ਫਿਰ ਚੜ੍ਹਦੀ ਕਲਾ ਤੇ ਫਤਿਹ ਦੇ ਜੈਕਾਰੇ ਲਾਉਣੇ ਇਹ ਹੋਰ ਕੋਈ ਨਹੀਂ, ਸਿਰਫ ਪੰਜਾਬੀ ਭਾਈਚਾਰਾ ਹੀ ਕਰ ਸਕਦਾ ਹੈ, ਜਿਹਦੇ ਵਿੱਚ ਚੜ੍ਹਦੀ ਕਲਾ ਦੀ ਸ਼ਕਤੀ ਪੰਜਾਬ ਦੇ ਗੁਰੂਆਂ-ਪੀਰਾਂ, ਸ਼ਹੀਦਾਂ, ਯੋਧਿਆਂ ਨੇ ਕੁੱਟ ਕੁੱਟ ਕੇ ਭਰੀ ਹੋਈ ਹੈ। ਜਿੰਨਾ ਇਨ੍ਹਾਂ ਹੜ੍ਹਾਂ ਵਿੱਚ ਲੋਕਾਂ ਦਾ ਜ਼ਜਬਾ ਉਤਸ਼ਾਹ ਦੇਖਿਆ, ਇੰਝ ਲੱਗਦਾ ਸੀ ਕਿ ਪੰਜਾਬ ਦੀ ਮਿੱਟੀ ਦੇ ਕਣ ਕਣ ਵਿੱਚ ਚੜ੍ਹਦੀ ਕਲਾ ਦਾ ਸਰੂਰ ਹੈ।
ਸੰਨ 2023 ਵਿੱਚ ਵੀ ਪੰਜਾਬ ਵਿੱਚ ਹੜ੍ਹ ਆਏ ਸਨ, ਉਦੋਂ ਵੀ ਪੰਜਾਬੀਆਂ ਨੇ ਦਰਿਆਵਾਂ ਦੇ ਬੰਨ੍ਹਾਂ ਨੂੰ ਬੰਨ੍ਹ ਕੇ ਸਾਬਿਤ ਕਰ ਦਿੱਤਾ ਸੀ ਕਿ ਅਸੀਂ ਇੱਕ ਹਾਂ ਤੇ ਸਾਡੇ ਜਜ਼ਬੇ ਨੂੰ ਕੋਈ ਦਰਿਆ ਹੋਵੇ ਜਾਂ ਇਨਸਾਨ, ਕੋਈ ਵੀ ਢਾਹ ਨਹੀਂ ਲਾ ਸਕਦਾ। ਅਜੇ ਉਸ ਦੀ ਮਾਰ ਤੋਂ ਪੰਜਾਬੀ ਉੱਠੇ ਹੀ ਨਹੀਂ ਸਨ, ਦੁਬਾਰਾ ਫਿਰ 2025 ਵਿੱਚ ਹੜ੍ਹਾਂ ਦੇ ਸੰਕਟ ਨੇ ਇਨ੍ਹਾਂ ਨੂੰ ਘੇਰ ਲਿਆ ਤੇ ਇਹ ਉਸ ਤੋਂ ਵੀ ਵੱਡਾ ਸੰਕਟ ਸੀ। ਉਦੋਂ ਵੀ ਤੇ ਹੁਣ ਵੀ ਸਰਕਾਰਾਂ ਇਨ੍ਹਾਂ ਅੱਗੇ ਫੇਲ੍ਹ ਹੋ ਗਈਆਂ, ਪਰ ਪੰਜਾਬੀ ਭਾਈਚਾਰੇ ਦੀ ਇੱਕਮੁੱਠਤਾ ਨੇ ਬੜੀ ਸ਼ਾਨੋ-ਸ਼ੌਕਤ ਨਾਲ ਸਾਰੇ ਵਰਗ ਵਿੱਚ ਲੋਕਾਂ ਦਾ ਦਿਲ ਜਿੱਤ ਲਿਆ ਤੇ ਇਹ ਸਾਬਿਤ ਕਰ ਦਿੱਤਾ ਕਿ ਮੁਸੀਬਤਾਂ ਨਾਲ ਕਿਵੇਂ ਲੜਨਾ ਹੈ ਤੇ ਨਾਲ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਇਹ ਉਹ ਹੀ ਪੰਜਾਬ ਤੇ ਪੰਜਾਬੀ ਨੇ, ਜਿਨ੍ਹਾਂ ਮੁਗਲਾਂ, ਅਬਦਾਲੀ, ਬਾਬਰ ਤੇ ਅੰਗਰੇਜ਼ਾਂ ਦੇ ਜ਼ੁਲਮ ਸਹੇ ਤੇ ਲੜੇ ਅਤੇ 1947 ਵਿੱਚ ਦੇਸ਼ ਨੂੰ ਭਗਤ ਸਿੰਘ ਵਰਗਿਆਂ ਤੇ ਹੋਰ ਪੰਜਾਬੀ ਯੋਧਿਆਂ ਨੇ ਹਿੰਦੁਸਤਾਨ ਦੀ ਧਰਤੀ ਨੂੰ ਗੋਰਿਆਂ ਤੋਂ ਆਜ਼ਾਦੀ ਦਿਵਾਈ ਤੇ ਜਿਹੜੇ ਅੱਜ ਇਨ੍ਹਾਂ ਦੇ ਹੀ ਦੁਸ਼ਮਣ ਬਣੀ ਫਿਰਦੇ ਨੇ; ਤੇ ਜਿਹੜੇ ਆਪਣੇ ਅੱਜ ਪੀਲੀਆਂ ਪੱਗਾਂ ਬੰਨ ਕੇ ਸ਼ਰਾਬੀ ਕਬਾਬੀ ਖੁਦ ਦਿੱਲੀ ਵਾਲਿਆਂ ਦੇ ਗੁਲਾਮ, ਭਗਤ ਸਿੰਘ ਦੇ ਵਾਰਿਸ ਬਹਿਰੂਪੀਏ ਨੇ, ਫੋਕੇ ਤੇ ਝੂਠੇ ਲਾਰਿਆਂ ਵਾਲੇ ਇਹ ਹੜ੍ਹ ਉਨ੍ਹਾਂ ਦੀ ਹੀ ਦੇਣ ਨੇ, ਪਰ ਪੰਜਾਬੀਆਂ ਨੇ ਹਾਰ ਨਹੀ ਮੰਨੀ ਤੇ ਡਟੇ ਰਹੇ, ਅਤੇ ਅਜੇ ਵੀ ਜੂਝ ਰਹੇ ਹਨ।
ਦੁੱਖ, ਦਰਦ ਗਮ ਤੇ ਹੈ ਹੀ, ਪਰ ਇੱਕ ਪਾਸੇ ਖੁਸ਼ੀ ਇਹ ਵੀ ਹੈ ਕਿ ਸਾਰਾ ਸਮਾਜ ਵਰਗ ਚਾਹੇ ਉਹ ਮੁਸਲਿਮ, ਹਿੰਦੂ (ਸਾਰੇ ਨਹੀਂ) ਈਸਾਈ ਭਾਈਚਾਰਾ ਹੋਵੇ ਇਸ ਮੁਸ਼ਕਿਲ ਘੜੀ ਵਿੱਚ ਅੱਜ ਸਭ ਪੰਜਾਬ ਤੇ ਪੰਜਾਬੀਆਂ ਨਾਲ ਆ ਕੇ ਖੜੇ ਹੋ ਗਏ ਹਨ। ਉਹ ਇਹ ਸੋਚਦੇ ਹਨ ਕਿ ਇਹ ਸਿੱਖ ਹੀ ਹਨ, ਜੋ ਪੂਰੇ ਸੰਸਾਰ ਵਿੱਚ ਵੀ ਜਦੋਂ ਕਿਸੇ `ਤੇ ਸੰਕਟ ਜਾਂ ਕੁਦਰਤੀ ਆਫਤ ਆਉਂਦੀ ਹੈ ਤਾਂ ਇਹ ਸਭ ਤੋਂ ਅੱਗੇ ਹੋ ਕੇ ਬਿਨਾ ਭੇਦ ਭਾਵ ਸਭ ਦੀ ਸਹਾਇਤਾ ਲਈ ਆਉਂਦੇ ਹਨ, ਲੋਕਾਂ ਦੇ ਮਨ ਵਿੱਚ ਇਹ ਗੱਲ ਬੈਠ ਗਈ ਸੀ; ਤੇ ਜਦੋਂ ਉਨ੍ਹਾਂ ਨੂੰ ਕੇਂਦਰ ਦੀ ਚੁੱਪੀ ਦਾ ਪਤਾ ਲੱਗਾ ਤੇ ਉਹ ਸਾਰੇ ਪੰਜਾਬ ਨਾਲ ਆ ਖੜੇ ਹੋਏ, ਚਾਹੇ ਇਹ ਹਮਦਰਦੀ ਸੀ ਜਾਂ ਸਰਕਾਰਾਂ ਦੇ ਮਤਰਏਪਣ ਜਾਂ ਚਾਹੇ ਇਹ ਸਿੱਖਾਂ ਵੱਲੋਂ ਹਰ ਥਾਂ ਲਾਏ ਲੰਗਰਾਂ ਦਾ ਕਮਾਲ ਸੀ ਜਾਂ ਉਨ੍ਹਾਂ ਦੇ ਦਿਆਲੂਪੁਣੇ, ਪਰ ਨਤੀਜਾ ਸਕਾਰਾਤਮਕ (ਪੌਜ਼ਿਟਿਵ) ਸੀ। ਸਭ ਵਰਗ ਨੇ ਇਹ ਸਾਬਿਤ ਕਰ ਦਿੱਤਾ ਕਿ ਜਿੰਨਾ ਮਰਜ਼ੀ ਵੋਟਾਂ ਲਈ ਸਾਨੂੰ ਧਰਮਾਂ ਵਿੱਚ ਵੰਡੀ ਜਾਉ, ਪਰ ਅਸੀਂ ਅੱਜ ਵੀ ਇੱਕ ਹਾਂ।
ਲੋਕਾਂ ਨੂੰ ਖੁਸ਼ ਕਰਨ ਲਈ ਜਿੱਥੇ ਸਾਰੀਆਂ ਪਾਰਟੀਆਂ ਦਾ ਵੀ ਪੂਰਾ ਸਿਆਸੀ ਲਾਹਾ ਲੈਣ ਲਈ ਜ਼ੋਰ ਲੱਗਾ ਹੋਇਆ ਸੀ, ਉੱਥੇ ਕਾਂਗਰਸੀ ਲੁਟੇਰੇ, ਬਹਿਰੂਪੀਏ ਤੇ ਪੰਥ ਗੱਦਾਰਾਂ ਦੀਆਂ ਨੋਟੰਕੀਆਂ ਵੀ ਨਜ਼ਰ ਆ ਰਹੀਆਂ ਸਨ, ਜਿਨ੍ਹਾਂ 70 ਸਾਲਾਂ ਵਿੱਚ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਤੇ ਅੱਗ ਦੀ ਭੱਠੀ ਵਿੱਚ ਵੀ ਝੋਕਿਆ, ਜਿਹੜੇ ਅੱਜ ਪੰਜਾਬ ਤੇ ਪੰਜਾਬੀਆਂ ਦੇ ਹਮਦਰਦ ਬਣੇ ਫਿਰਦੇ ਸੀ। ਜਿਨ੍ਹਾਂ ਮੁੜ ਕੇ ਕਦੇ ਸ਼ਕਲ ਨਹੀਂ ਵਿਖਾਉਣੀ ਹੁੰਦੀ, ਉਹ ਵੀ ਪੱਬਾਂ ਭਾਰ ਹੋਈ ਬੈਠੇ ਸਨ ਤੇ ਫੋਟੋ ਸੈਸ਼ਨਾਂ ਰਾਹੀਂ ਮਗਰਮੱਛਾਂ ਵਾਲੇ ਹੰਝੂ ਵਹਾ ਰਹੇ ਸਨ। ਜਿਨ੍ਹਾਂ ਸਿੰਗਰਾਂ ਲੱਚਰ ਗੀਤ ਗਾ ਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪੁੱਠੇ ਰਾਹ ਪਾਇਆ, ਉਹ ਵੀ ਇਸ ਮੈਦਾਨ ਵਿੱਚ ਪੱਬਾਂ ਭਾਰ ਹੋ ਕੇ ਕੁੱਦ ਗਏ, ਪਤਾ ਉਨ੍ਹਾਂ ਨੂੰ ਵੀ ਹੈ ਕਿ ਇਨ੍ਹਾਂ ਪੰਜਾਬੀਆਂ ਨੇ ਹੀ ਉਨ੍ਹਾਂ ਨੂੰ ਅਸਮਾਨੇ ਚੜ੍ਹਾਇਆ ਹੈ, ਜੇ ਨਾ ਅੱਗੇ ਆਏ ਤਾਂ ਅਰਸ਼ਾਂ ਤੋਂ ਫਰਸ਼ਾਂ `ਤੇ ਵੀ ਆ ਸਕਦੇ ਹਨ। ਪੰਜਾਬੀਆਂ ਦੀ ਸ਼ਕਤੀ ਦਾ ਤਾਂ ਸਭ ਨੂੰ ਪਤਾ ਹੈ। ਚਲੋ ਕੁੱਝ ਤਾਂ ਚੰਗਾ ਹੋਇਆ ‘ਦੇਰ ਆਏ ਦਰੁਸਤ ਆਏ’, ਪਰ ਪੰਜਾਬੀਆਂ ਨੂੰ ਲੀਡਰਾਂ ਦੀਆਂ ਚੱਲ ਰਹੀਆਂ ਨੋਟੰਕੀਆਂ ਦਾ ਸਭ ਪਤਾ ਹੈ ਤੇ ਸ਼ੀਸੇ ਵਾਂਗ ਸਭ ਕੁਝ ਸਾਫ ਵੀ ਦਿਸ ਰਿਹਾ ਸੀ, ਇਸ ਕਰਕੇ ਸ਼ੋਸ਼ਲ ਮੀਡੀਆ ਰਾਹੀਂ ਇਸ ਚੀਜ਼ ਦਾ ਵਧ ਚੜ੍ਹ ਕੇ ਵਿਰੋਧ ਵੀ ਹੋ ਰਿਹਾ ਸੀ।
ਇਸ ਸੰਕਟ ਦੀ ਘੜੀ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਪੰਜਾਬੀਆਂ ਦੀ ਏਕਤਾ ਤੇ ਚੜ੍ਹਦੀ ਕਲਾ, ਜਿਸ ਦਾ ਵੱਡੇ ਵੱਡੇ ਯੂ-ਟਿਊਬਰ ਚੈਨਲਾਂ `ਤੇ ਬੜੇ ਜ਼ੋਰਾਂ ਸ਼ੋਰਾਂ ਨਾਲ ਚਰਚਾ ਹੋ ਰਹੀ ਸੀ ਤੇ ਨਾਲ ਸਰਕਾਰਾਂ ਨੂੰ ਫਿੱਟ ਲਾਹਣਤਾਂ ਵੀ ਪੈ ਰਹੀਆਂ ਸਨ। ਯੂ-ਟਿਊਬਰ ਇਹ ਚਰਚਾ ਕਰ ਰਹੇ ਸਨ ਕਿ ਜੇ ਕੁਛ ਸਿੱਖਣਾ ਹੋਵੇ ਤਾਂ ਪੰਜਾਬ ਤੇ ਪੰਜਾਬੀਆਂ ਤੋਂ ਸਿੱਖਣਾ ਚਾਹੀਦਾ ਹੈ, ਮੁਸੀਬਤ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ। ਉਹ ਇਹ ਵੀ ਜ਼ਿਕਰ ਕਰ ਰਹੇ ਸਨ ਕਿ ਕੇਂਦਰ ਸਰਕਾਰ ਦੀ ਚੁੱਪੀ ਤੇ ਸਟੇਟ ਸਰਕਾਰ ਦੀ ਨੋਟੰਕੀ ਦੇ ਬਾਵਜੂਦ ਉਨ੍ਹਾਂ ਨੂੰ ਅਣਗੌਲਿਆ ਕਰਕੇ ਇਹ ਇਕੱਲੇ ਆਪਸ ਵਿੱਚ ਨਿੱਕੇ ਬੱਚੇ ਤੋਂ ਲੈ ਕੇ ਵਡੇਰੀ ਉਮਰ ਦੇ ਬਜ਼ੁਰਗਾਂ ਤੱਕ- ਸਭ ਬਿਨਾ ਕੁਝ ਸੋਚੇ ਸਮਝੇ ਇਸ ਮੁਸੀਬਤ ਨਾਲ ਡਟਣ ਲਈ ਹੜ੍ਹਾਂ ਦੇ ਪਾਣੀਆਂ ਅੱਗੇ ਡੱਟ ਗਏ ਤੇ ਦਿਨ ਰਾਤ ਬੰਨ੍ਹ ਬੰਨ੍ਹਣ ਲਈ ਤੇ ਦਰਿਆਵਾਂ ਦੇ ਰੁਖ ਬਦਲਣ ਲਈ ਹਿੱਕਾਂ ਤਾਣ ਕੇ ਡਟ ਗਏ।
ਉਹ ਇਹ ਵੀ ਬਿਆਨ ਕਰ ਰਹੇ ਸਨ ਕਿ ਇਨ੍ਹਾਂ ਦਾ ਸਭ ਕੁਝ ਬਰਬਾਦ ਹੋ ਗਿਆ, ਘਰ ਢਹਿ ਗਏ, ਮਾਲ ਡੰਗਰ ਰੁੜ੍ਹ ਗਿਆ, ਫਸਲਾਂ ਬਰਬਾਦ ਹੋ ਗਈਆਂ ਪਰ ਫੇਰ ਵੀ ਹੱਸ ਕੇ ਕਹਿੰਦੇ ‘ਚੜ੍ਹਦੀ ਕਲਾ’ ਵਿੱਚ ਹਾਂ, ਇਹ ਉਸ ਵਾਹਿਗੁਰੂ ਦੀ ਰਜ਼ਾ ਹੈ। ਕੁਝ ਲੋਕ ਪਾਣੀ ਵਿੱਚ ਘਿਰੇ ਹੋਣ ਦੇ ਬਾਵਜੂਦ ਵਾਲੰਟੀਅਰਾਂ ਨੂੰ ਚਾਹ ਪਾਣੀ ਤੇ ਖਾਣਾ ਪੀਣਾ ਪੁੱਛ ਰਹੇ ਸੀ; ਇਸ ਨੂੰ ਕਹਿੰਦੇ ਹਨ ‘ਚੜ੍ਹਦੀ ਕਲਾ।’ ਇੱਥੋਂ ਤੱਕ ਕਿ ਕਈ ਯੂ-ਟਿਊਬਰਾਂ ਦੁਆਰਾ ਛੋਟੇ ਬੱਚਿਆਂ ਤੋਂ ਪੁੱਛਿਆ ਗਿਆ ਕਿ ਤੁਸੀਂ ਪਾਣੀ ਵਿੱਚ ਘਿਰੇ ਹੋ, ਕੀ ਤੁਹਾਨੂੰ ਡਰ ਨਹੀਂ ਲੱਗਦਾ? ਤੇ ਉਨ੍ਹਾਂ ਮਾਸੂਮ ਬੱਚਿਆਂ ਨੇ ਮੁਸਕਰਾ ਕੇ ਕਿਹਾ, ‘ਡਰ ਕਾਹਦਾ?’ ਉਸ ਵਕਤ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਵੀ ਆਏ ਤੇ ਉਨ੍ਹਾਂ ਬੱਚਿਆਂ ਅਤੇ ਆਪਣੇ ਆਪ `ਤੇ ਬੜਾ ਫਕਰ ਵੀ ਮਹਿਸੂਸ ਹੋਇਆ ਕਿ ਮੈਂ ਵੀ ਖੁਸ਼ਕਿਸਮਤੀ ਨਾਲ ਇੱਕ ਪੰਜਾਬੀ ਹਾਂ ਤੇ ਪੰਜਾਬ ਦੀ ਧਰਤੀ `ਤੇ ਜਨਮ ਲਿਆ ਹੈ। ਜੇ ਇਨ੍ਹਾਂ ਬੱਚਿਆਂ ਵਿੱਚ ਇੰਨੀ ਚੜ੍ਹਦੀ ਕਲਾ ਹੈ ਤਾਂ ਨੌਜਵਾਨਾਂ ਤੇ ਬਜ਼ੁਰਗਾਂ ਵਿੱਚ ਕਿੰਨੀ ਹੋਵੇਗੀ!
ਚੜ੍ਹਦੀ ਕਲਾ ਦੀ ਇੱਕ ਹੋਰ ਮਿਸਾਲ ਇਹ ਸੀ ਕਿ ਇਸ ਮੁਸੀਬਤ ਦੀ ਘੜੀ ਵਿੱਚ ਇੱਕ ਦੂਜੇ ਦੀ ਮਦਦ ਲਈ ਖੁਦ ਲੋਕੀ ਹਜੂਮ ਬਣਾ ਕੇ ਟਰੈਕਟਰ-ਟਰਾਲੀਆਂ ਰਾਹਤ ਸਮੱਗਰੀ ਦੀਆਂ ਭਰ ਭਰ ਕੇ ਪਾਣੀ ਵਿੱਚ ਘਿਰੇ ਲੋਕਾਂ ਤੇ ਮਾਲ ਡੰਗਰ ਲਈ ਪਹੁੰਚਾ ਰਹੇ ਸਨ, ਜਿਵੇਂ ਕੀੜੀਆਂ ਅਸਪਣੇ ਭੌਂ ਵੱਲ ਖਾਣਾ ਲਿਜਾ ਰਹੀਆਂ ਹੁੰਦੀਆਂ ਹਨ, ਕੀੜੀਆਂ ਵੀ ਆਪਣਾ ਖਾਣਾ ਇਕੱਠਾ ਕਰਕੇ ਸਰਦੀ ਵਾਲੀ ਮੁਸੀਬਤ ਵੇਲੇ ਇਕੱਠੀਆਂ ਹੀ ਖਾਂਦੀਆਂ ਹਨ ਤੇ ਗਰਮੀ ਆਉਣ ਤੱਕ ਬਾਹਰ ਨਹੀਂ ਆਉਂਦੀਆਂ। ਇੱਥੇ ਵੀ ਇਹੋ ਜਿਹਾ ਹਾਲ ਦਿਸ ਰਿਹਾ ਸੀ। ਰੱਬ ਨੇ ਹਰ ਲਈ ਇੱਕ ਹੀਲਾ ਵਸੀਲਾ ਬਣਾਇਆ ਹੁੰਦਾ ਹੈ, ਚਾਹੇ ਉਹ ਜਾਨਵਰ ਹੋਵੇ ਜਾਂ ਇਨਸਾਨ। ਇੱਥੋਂ ਤੱਕ ਕਿ ਆਪ ਡੁੱਬੇ ਹੋਣ ਦੇ ਬਾਵਜੂਦ ਲਹਿੰਦੇ ਪੰਜਾਬ ਦੇ ਦਰਿਆਵਾਂ ਵਿੱਚ ਘਿਰੇ ਤੇ ਡੁੱਬੇ ਲੋਕਾਂ ਦੀ ਵੀ ਸਿੱਖ ਸੰਸਥਾਵਾਂ ਵੱਲੋਂ ਰਾਹਤ ਸਮੱਗਰੀ ਭੇਜ ਕੇ ਮਦਦ ਕੀਤੀ ਜਾ ਰਹੀ ਸੀ।
ਕਿਸੇ ਨੇ ਇਨ੍ਹਾਂ ਸੇਵਾ ਕਰਨ ਵਾਲਿਆਂ ਨੂੰ ਕੋਈ ਸੱਦਾ ਨਹੀਂ ਦਿੱਤਾ, ਸਭ ਕੁਝ ਅਕਾਲ ਪੁਰਖ ਦੀ ਮਿਹਰ ਨਾਲ ਹੋ ਰਿਹਾ ਸੀ। ਕਿਸੇ ਦਾ ਕੋਈ ਪਤਾ ਸੁਰ ਨਹੀਂ ਸੀ ਕਿੱਥੋਂ ਆ ਰਹੇ ਸਨ, ਕਿੱਧਰ ਜਾ ਰਹੇ ਸਨ ਤੇ ਕੌਣ ਸਨ; ਬੱਸ ਲਗਾਤਾਰ ਸੇਵਾ ਹੋ ਰਹੀ ਸੀ ਤੇ ਅਜੇ ਵੀ ਬੇਹਿਸਾਬਾ ਚੱਲ ਰਹੀ ਹੈ। ਬੱਸ ਇੱਥੇ ਹੀ ਨਹੀਂ ਸੀ, ਇਨ੍ਹਾਂ ਦੇ ਜੋਸ਼, ਜ਼ਜਬੇ ਤੇ ਹੌਸਲੇ ਨੇ ਪੰਜਾਬ ਤੋਂ ਬਾਹਰ ਵੱਸ ਰਹੇ ਭਾਵੇਂ ਉਹ ਐਨ.ਆਰ.ਆਈ. ਨੇ ਜਾਂ ਕਿਸੇ ਹੋਰ ਸੂਬੇ ਦੇ ਨਿਵਾਸੀ, ਕਲਾਕਾਰ, ਬਾਲੀਵੁੱਡ ਸਿਤਾਰੇ- ਇਨ੍ਹਾਂ ਸਭ ਨੇ ਉਨ੍ਹਾਂ ਨੂੰ ਵੀ ਸੇਵਾ `ਤੇ ਲਾ ਦਿੱਤਾ। ਇਹ ਸਭ ਕੁਝ ਵੇਖ ਕੇ ਦੇਸ਼ ਨੂੰ ਵੰਡਣ ਵਾਲੇ ਬੇਸ਼ਰਮ ਭਾਜਪਾਈ ਅੱਗ ਭੜਕਾਊ ਲੀਡਰ, ਜਿਨ੍ਹਾਂ ਨੇ ਕਦੇ ਪੰਜਾਬ ਦਾ ਭਲਾ ਨਹੀਂ ਸੋਚਿਆ ਤੇ ਨਾ ਹੀ ਸੋਚਣਾ ਹੈ ਅਤੇ ਪੰਜਾਬ ਤੇ ਸਿੱਖਾਂ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਵਿਹਾਰ ਕੀਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਏ, ਪੰਜਾਬ ਡੁੱਬਿਆ ਪਇਆ ਸੀ ਜੋ ਕਿਸੇ ਹੋਰ ਦੇਸ਼ ਦਾ ਹਿੱਸਾ ਨਹੀਂ ਸੀ, ਇੱਕ ਭਾਰਤ ਦਾ ਹਿੱਸਾ ਸੀ, ਪਰ ਉਸ ਨੂੰ ਅਫਗਾਨਿਸਤਾਨ ਦਾ ਫਿਕਰ ਪਇਆ ਸੀ, ਜਿੱਥੇ ਤਾਜ਼ਾ ਤਾਜ਼ਾ ਭੂਚਾਲ ਆਇਆ ਸੀ ਤੇ ਕਈ ਜਹਾਜ਼ ਭਰ ਕੇ ਉਨ੍ਹਾਂ ਲਈ ਰਾਹਤ ਸਮੱਗਰੀ ਭੇਜੀ, ਉਹ ਵੀ ਲੋਕਾਂ ਦੇ ਟੈਕਸ ਦੇ ਪੈਸੇ ਦੀ। ਟਵੀਟ ਕਰਕੇ ਅਫਗਾਨੀਆਂ ਲਈ ਦੁੱਖ ਵੀ ਜ਼ਹਿਰ ਕੀਤਾ ਅਤੇ ਪੰਜਾਬ ਤੇ ਪੰਜਾਬੀਆਂ ਲਈ ਉਹਦੇ ਮੂੰਹੋਂ ਕੁਝ ਨਾ ਫੁੱਟਿਆ ਤੇ ਨਾ ਹੀ ਇੱਕ ਸ਼ਬਦ ਬੋਲਿਆ ਗਿਆ।
ਇਸ ਤੋਂ ਸਾਫ ਪਤਾ ਲੱਗਦਾ ਸੀ ਕਿ ਉਹ ਪੰਜਾਬ ਨੂੰ ਕਿੰਨੀ ਨਫਰਤ ਕਰਦਾ ਹੈ, ਕਦੇ ਇਹ ਦੋਗਲਾ ਮੁਸਲਮਾਨਾਂ ਦਾ ਵੈਰੀ ਹੋ ਜਾਂਦਾ ਹੈ ਤੇ ਕਦੇ ਹਮਦਰਦ, ਮੋਦੀ ਦੇ ਇਸ ਵਰਤਾਰੇ ਦਾ ਵੀ ਲੋਕਾਂ ਦੇ ਦਿਲਾਂ ਵਿੱਚ ਗਹਿਰਾ ਅਸਰ ਕੀਤਾ। ਭਾਵੇਂ ਉਹ ਸਾਰੇ ਭਾਜਪਾਈ ਕਈ ਦਿਨ ਚੁੱਪੀ ਧਾਰੀ ਬੈਠੈ ਸਨ ਤੇ ਉਨ੍ਹਾਂ ਦਾ ਜਦੋਂ ਇਸ ਗੱਲ ਦਾ ਸਾਰੇ ਦੇਸ਼ ਵਿੱਚ ਵਿਰੋਧ ਹੋਣ ਲੱਗਾ, ਫਿਰ ਦਿਖਾਵੇ ਦੇ ਤੌਰ `ਤੇ ਥੋੜ੍ਹੇ ਜਿਹੇ ਰਾਸ਼ਨ ਦੇ ਟਰੱਕ ਯੂ.ਪੀ. ਤੇ ਦਿੱਲੀ ਤੋਂ ਭਿਜਵਾ ਕੇ ਹਮਦਰਦੀ ਜਿਤਾਈ। ਸ਼ਾਇਦ ਇਹ ਸਭ ਪੰਜਾਬ ਵਿੱਚ ਭਾਜਪਾ ਦੀ ਸਾਖ ਨੂੰ ਕਾਇਮ ਰੱਖਣ ਲਈ ਹੀ ਕੀਤਾ ਸੀ। ਇਹ ਵੀ ਹੋ ਸਕਦਾ ਸੀ ਕਿ ਪੰਜਾਬੀ ਭਾਜਪਾਈ ਲੀਡਰਾਂ ਨੇ ਹੀ ਆਪਣੀ ਕੁੱਤੇ ਖਾਣੀ ਹੋਣੋਂ ਬਚਾਉਣ ਲਈ ਕੇਂਦਰ ਸਰਕਾਰ ਦੇ ਲੇਲੜੇ ਕੱਢੇ ਹੋਣ। ਜਿਹੜੇ ਯੋਗੀ ਵਰਗੇ ਅੱਗ ਭੜਕਾਊ ਕਹਿੰਦੇ ਸੀ ਕਿ ਮਸਜਿਦਾਂ ਤੇ ਗੁਰਦੁਆਰੇ ਢਾਹ ਦੇਣੇ ਚਾਹੀਦੇ ਨੇ, ਜਿਨ੍ਹਾਂ ਗੁਰਦੁਆਰਿਆਂ ਨੂੰ ਢਾਹੁਣ ਦੀ ਗੱਲ ਸਟੇਜਾਂ `ਤੇ ਹੱਸ ਹੱਸ ਕਰਦੇ ਸੀ, ਉਨ੍ਹਾਂ ਭੇਖੀ ਸਾਧੂਆਂ ਰਾਹੀਂ ਵੀ ਪੰਜਾਬ ਵੱਲ ਰਾਹਤ ਸਮੱਗਰੀ ਦੇ ਟਰੱਕ ਰਵਾਨਾ ਕੀਤੇ ਗਏ। ਸਾਧੂ ਸੰਤ ਕਿਸੇ ਦਾ ਵੈਰੀ ਨਹੀਂ ਹੁੰਦਾ, ਪਰ ਇਹ ਸਾਰੇ ਸਾਧੂ ਦੇ ਭੇਖ ਵਿੱਚ ਢੋਂਗੀ ਨੇ। ਜੋ ਵੀ ਸੀ, ਜਿੱਥੋਂ ਵੀ ਆ ਰਿਹਾ ਸੀ ਉਨ੍ਹਾਂ ਢਾਹੇ ਜਾਣ ਵਾਲੇ ਗੁਰਦੁਆਰਿਆਂ ਤੇ ਬਾਬੇ ਨਾਨਕ ਦੇ ਲੰਗਰ ਦਾ ਕਮਾਲ ਸੀ ਜਿਸ ਦੀ ਪੂਰੇ ਸੰਸਾਰ ਵਿੱਚ ਚਰਚਾ ਹੁੰਦੀ ਰਹੀ ਹੈ ਤੇ ਰਹਿੰਦੀ ਦੁਨੀਆਂ ਤੱਕ ਹੁੰਦੀ ਰਹੇਗੀ, ਜਿਸ ਦੀ ਚੰਗਿਆੜੀ ਦੀਵਾ ਤੇਲ ਬਣ ਸਭ ਦੇ ਮਨਾ ਵਿੱਚ ਲੱਗੀ ਤੇ ਸੇਵਾ ਭਾਵਨਾ ਵਾਲੀ ਜੋਤ ਜਗੀ। ਇਨ੍ਹਾਂ ਭੇਖੀਆਂ ਨੇ ਤਾਂ ਦਸ ਸਾਲਾਂ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਤੇ ਇਹ ਕੁਝ ਦਿਨਾਂ ਵਿੱਚ ਹੀ ਕਮਾਲ ਇਹ ਸੀ ਕਿ ਸਾਰੇ ਹਿੰਦੁਸਤਾਨ ਵਿੱਚੋਂ ਵੱਖ ਵੱਖ ਥਾਵਾਂ ਤੋਂ ਲੋਕ ਹੁਮ-ਹੁੰਮਾ ਕੇ ਪੰਜਾਬ ਦੀ ਮਦਦ ਲਈ ਉਮੜ ਪਏ।
ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ‘ਮਾਨਿਸ ਕੀ ਜਾਤ ਸਭੈ ਏਕੈ ਪਹਿਚਾਨਬੋ॥’ ਦੀ ਦਿੱਖ ਇਨ੍ਹਾਂ ਹੜ੍ਹਾਂ ਵਿੱਚ ਦੇਖੀ ਗਈ। ਸਭ ਤੋਂ ਵੱਡੀ ਸਕਾਰਾਤਮਕਤਾ (ਪੌਜ਼ਿਟਿਵੀਟੀ) ਇਹ ਆਈ ਕਿ ਪਿਛਲੇ ਕੁਝ ਚਿਰ ਤੋਂ ਲੋਕਾਂ ਨੂੰ ਸਿਆਸੀ ਪਾਰਟੀਆਂ ਵੱਲੋਂ ਧਰਮਾਂ ਵਿੱਚ ਵੰਡਿਆ ਜਾ ਰਿਹਾ ਸੀ ਤੇ ਲੋਕਾਂ ਵਿੱਚ ਨਫਰਤ ਦਾ ਬੀਜ ਬੀਜਿਆ ਜਾ ਰਿਹਾ ਸੀ, ਪਰ ਇਨ੍ਹਾਂ ਪੰਜਾਬ ਵਿੱਚ ਆਏ ਹੜ੍ਹਾਂ ਨੇ ਉਹ ਨਫਰਤ ਦਾ ਬੀਜ ਉੱਗਣ ਤੋਂ ਪਹਿਲਾਂ ਹੀ ਜਿਹੜੀ ਰੇਤਾ ਮਿੱਟੀ ਦਰਿਆਵਾਂ ਦੇ ਪਾਣੀਆਂ ਨਾਲ ਆਈ, ਉਨ੍ਹਾਂ ਵਿੱਚ ਦੱਬ ਦਿੱਤਾ ਤੇ ਨਕਾਰਾ ਕਰ ਦਿੱਤਾ। ਪੰਜਾਬ ਦੇ ਹੌਸਲੇ ਨੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਏਕਤਾ ਤੇ ਭਾਈਚਾਰੇ ਨੂੰ ਕੋਈ ਵੰਡ ਨਹੀ ਸਕਦਾ, ਇਹ ਕਰਾਮਾਤ ਅੱਗੇ ਕਿਸੇ ਸਟੇਟ ਵਿੱਚ ਨਹੀਂ ਹੋਈ, ਜਿਹੜੀ ਪੰਜਾਬ ਤੇ ਪੰਜਾਬੀਅਤ ਨੇ ਕਰ ਦਿਖਾਈ। ਸਭ ਤੋਂ ਪਹਿਲਾਂ ਮੁਸਲਿਮ ਭਾਈਚਾਰਾ ਵੱਧ ਚੜ੍ਹ ਕੇ ਅੱਗੇ ਆਇਆ, ਜਿਨ੍ਹਾਂ ਨੂੰ ਜਿਹਾਦੀ, ਬਹਿਰੂਪੀਏ, ਦੇਸ਼ਧ੍ਰੋਹੀ ਤੇ ਪਾਕਿਸਤਾਨ ਭੇਜ ਦਿਉ, ਪਤਾ ਨਹੀ ਕਿਹੜੇ ਕਿਹੜੇ ਨਾਮ ਦਿੱਤੇ ਸੀ ਤੇ ਅੱਜ ਫੇਰ 1947 ਤੋਂ ਪਹਿਲਾਂ ਵਾਂਗ ਇੱਕ ਦੂਜੇ ਦੇ ਗਲੇ ਸਿੱਖਾਂ ਤੇ ਮੁਸਲਿਮਾਂ ਨੂੰ ਲੱਗਦਿਆਂ ਵੇਖਿਆ। ਜਿਹੜੀਆਂ ਸਰਕਾਰਾਂ ਇੱਕ ਦੂਜੇ ਨੂੰ ਆਪਸ ਵਿੱਚ ਵੰਡ ਰਹੀਆਂ ਸਨ, ਇਨ੍ਹਾਂ ਹੜ੍ਹਾਂ ਨੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਤੇ ਗਲੇ ਮਿਲਾ ਦਿੱਤਾ।
ਸਿਆਸੀ ਪਾਰਟੀਆਂ ਦਾ ਟੀਚਾ ਹੁੰਦਾ ਹੈ ਕਿ ਵੋਟਾਂ ਦੀ ਖਾਤਿਰ ਲੋਕਾਂ ਨੂੰ ਵੰਡਣਾ ਤੇ ਆਪਣਾ ਸਿਆਸੀ ਲਾਹਾ ਲੈਣਾ। ਇਨ੍ਹਾਂ ਨੂੰ ਦੇਸ਼ ਦੀ ਜਨਤਾ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ ਤੇ ਫਿਰ ਇਹ ਬੜੇ ਐਸ਼ੋ ਅਰਾਮ ਨਾਲ ਰਹਿੰਦੇ ਹਨ ਉਨ੍ਹਾਂ ਦੇ ਸਿਰ `ਤੇ, ਜਿਨ੍ਹਾਂ ਇਨ੍ਹਾਂ ਨੂੰ ਵੋਟਾਂ ਦੇ ਕੇ ਗੱਦੀਆਂ `ਤੇ ਬੈਠਾਇਆ ਹੁੰਦਾ ਤੇ ਵੋਟਾਂ ਤੋਂ ਬਾਅਦ ਵੱਡੇ ਵੱਡੇ ਵਾਅਦੇ ਕਰ ਕੇ ਮੁਕਰਨਾ, ਰਫੂ ਚੱਕਰ ਹੋਣਾ, ਗੱਲਾਂ ਦਾ ਕੜਾਹ ਬਣਾਉਣਾ ਆਦਿ ਇਹ ਇਨ੍ਹਾਂ ਦੀ ਸ਼ੁਰੂ ਤੋਂ ਹੀ ਫਿਤਰਤ ਰਹੀ ਹੈ। “ਕੋਈ ਮਰੇ ਜਾਂ ਜੀਵੇ, ਸੁਥਰਾ ਘੋਲ ਪਤਾਸੇ ਪੀਵੇ” ਸ਼ਾਇਦ ਇਹ ਤੁੱਕ ਇਨ੍ਹਾਂ ਲੀਡਰਾਂ ਲਈ ਹੀ ਬਣੀ ਹੋਵੇ। ਪਰ ਸਾਨੂੰ ਚਾਹੀਦਾ ਹੈ ਕਿ ਅਸੀ ਇੱਕਮੁੱਠ ਕਿਵੇਂ ਰਹਿਣਾ ਹੈ, ਜੇ ਅਸੀਂ ਨਿਰਾ-ਪੁਰਾ ਇਨ੍ਹਾਂ ਨੰਗ ਸਰਕਾਰਾਂ ਦੇ ਆਸਰੇ ਰਹਿੰਦੇ, ਸੋਚੋ ਜ਼ਰਾ ਕੀ ਹੁੰਦਾ? ਏਕੇ ਵਿੱਚ ਰਹੋਗੇ ਤੇ ਚੜ੍ਹਦੀ ਕਲਾ ਵਿੱਚ ਰਹੋਗੇ- ਸਾਨੂੰ ਇਹ ਸਮਝਣ ਦੀ ਲੋੜ ਹੈ। ਇੱਕ ਉਂਗਲ ਨਾਲ ਨਾ ਮਾਰਿਆ ਜਾਂਦਾ ਨਾ ਹੀ ਕੋਈ ਗੰਢ ਖੁੱਲ੍ਹਦੀ ਹੈ, ਚੰਗੀ ਸੱਟ ਮਾਰਨ ਲਈ ਪੰਜਾਂ ਉਂਗਲੀਆਂ ਦਾ ਘਸੁੰਨ ਬਣਾਉਣਾ ਪੈਂਦਾ ਹੈ ਤੇ ਗੰਢਾਂ ਖੋਲ੍ਹਣ ਲਈ ਦੋਨੋਂ ਹੱਥ ਵਰਤਣੇ ਪੈਂਦੇ ਹਨ। ਤੁਹਾਡੇ ਖਿੰਡੇ-ਪੁੰਡੇ ਰਹਿਣ ਦੀਆਂ ਸਰਕਾਰਾਂ ਫਾਇਦਾ ਉਠਾਉਂਦੀਆਂ ਆਈਆਂ ਨੇ ਤੇ ਉਠਾਉਂਦੀਆਂ ਰਹਿਣਗੀਆਂ, ਤੁਹਾਨੂੰ ਭੰਬਲਭੂਸੇ ਵਿੱਚ ਪਾ ਕੇ ਉਜਾੜਨਗੀਆਂ ਤੇ ਤੁਹਾਡੀ ਹਰ ਚੀਜ਼ `ਤੇ ਕਾਬਿਜ਼ ਵੀ ਹੋਣਗੀਆਂ, ਤੇ ਹੋ ਵੀ ਰਹੀਆਂ ਹਨ। ਵੈਸੇ ਇਸ ਹੜ੍ਹਾਂ ਦੀ ਮਾਰ ਨੇ ਪੰਜਾਬੀਆਂ ਨੂੰ ਬਹੁਤ ਕੁਝ ਸਿਖਾਇਆ ਹੈ ਤੇ ਅਜੇ ਹੋਰ ਇਨ੍ਹਾਂ ਦੀਆਂ ਚਾਲਾਂ ਨੂੰ ਸਿੱਖਣ ਤੇ ਇਕੱਠੇ ਹੋਣ ਦੀ ਲੋੜ ਹੈ।
ਜਿਸ ਚੜ੍ਹਦੀ ਕਲਾ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਪੰਥ ਵਿੱਚੋਂ ਨਿਕਲੀ ਹੈ ਤੇ ਹੁਣ ਪੰਜਾਬ ਵਿੱਚ ਤੇ ਸ਼ੋਸ਼ਲ ਮੀਡੀਆ `ਤੇ ਵੀ ਪੰਥਕ ਗੱਲ ਹੋਣ ਲੱਗੀ ਹੈ। ਸਾਨੂੰ ਸਭ ਚੀਜ਼ਾਂ ਤੋਂ ਉਪਰ ਉੱਠ ਕੇ ਇਸ ਆਵਾਜ਼ `ਤੇ ਪਹਿਰਾ ਦੇਣਾ ਚਾਹੀਦਾ ਹੈ ਤੇ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਅਖੌਤੀ ਲੀਡਰਾਂ ਦੀਆਂ ਚਾਲਾਂ ਤੋਂ ਪੰਜਾਬ ਦਾ ਖਹਿੜਾ ਕਿਵੇਂ ਛੁਡਵਾਉਣਾ ਹੈ। ਜਿਹੜੀਆਂ ਬਾਹਰਲੀਆਂ ਤਾਕਤਾਂ ਆ ਕੇ ਪੰਜਾਬ ਵਿੱਚ ਹੱਕ ਜਮਾਈ ਬੈਠੀਆਂ ਹਨ, ਉਨ੍ਹਾਂ ਦੀਆਂ ਪਾਈਆਂ ਜ਼ੰਜੀਰਾਂ ਤੋਂ ਪੰਜਾਬ ਨੂੰ ਮੁਕਤ ਕਿਵੇਂ ਕਰਵਾਉਣਾ ਹੈ? ਮੇਰੀ ਇਹੀ ਦੁਆ ਹੈ ਕਿ ਰੱਬ ਸੋਹਣਾ ਇਸ ਸੰਕਟ ਦੀ ਘੜੀ ਤੋਂ ਖਹਿੜਾ ਛੁਡਵਾਏਗਾ ਤੇ ਇਸ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇਗਾ ਤੇ ਜੋ ਸੰਕਟ ਦੀ ਘੜੀ ਪੰਜਾਬ ਤੇ ਪੰਜਾਬੀਆਂ ਤੇ ਆਈ, ਉਸ ਤੋਂ ਛੁਟਕਾਰਾ ਮਿਲੇ ਤੇ ਸਭ ਨੂੰ ਦੁਬਾਰਾ ਵਸੇਬਾ ਮਿਲੇ। ਰੱਬ ਰਾਖਾ!