* ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ
*ਤਰਨਤਾਰਨ ਦੀ ਜ਼ਿਮਨੀ ਚੋਣ ਦਾ ਅਖਾੜਾ ਵੀ ਭਖਿਆ
ਪੰਜਾਬੀ ਪਰਵਾਜ਼ ਬਿਊਰੋ
ਬਿਹਾਰ ਚੋਣਾਂ ਦਾ ਐਲਾਨ ਭਾਰਤੀ ਚੋਣ ਕਿਮਸ਼ਨ ਵੱਲੋਂ ਕਰ ਦਿੱਤਾ ਗਿਆ ਹੈ। ਵੋਟਾਂ 6 ਅਤੇ 11 ਨਵੰਬਰ ਨੂੰ ਪੈਣਗੀਆਂ, ਜਦਕਿ ਨਤੀਜਾ 14 ਨਵੰਬਰ ਨੂੰ ਐਲਾਨਿਆ ਜਾਣਾ ਹੈ। ਤਰਨਤਾਰਨ ਦੀ ਜ਼ਿਮਨੀ ਚੋਣ ਦੇਸ਼ ਭਰ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਨਾਲ ਹੀ 11 ਨਵੰਬਰ ਨੂੰ ਹੋਣੀ ਤੈਅ ਹੋਈ ਹੈ। ਨਤੀਜਾ ਬਿਹਾਰ ਦੇ ਨਾਲ ਹੀ 14 ਨਵੰਬਰ ਨੂੰ ਐਲਾਨਿਆ ਜਾਣਾ ਹੈ। ਇਹ ਸੀਟ ‘ਆਪ’ ਦੇ ਐਮ.ਐਲ.ਏ. ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਚੋਣਾਂ ਦੇ ਐਲਾਨ ਹੋਣ ਦੇ ਨਾਲ ਹੀ ਚੋਣ ਜਾਬਤਾ ਵੀ ਲਾਗੂ ਹੋ ਗਿਆ ਹੈ।
ਬਿਹਾਰ ਵਿਧਾਨ ਸਭਾ ਲਈ 243 ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਪਹਿਲੇ ਗੇੜ ਵਿੱਚ 121 ਸੀਟਾਂ ਅਤੇ ਦੂਜੇ ਗੇੜ ਵਿੱਚ 122 ਸੀਟਾਂ ‘ਤੇ ਵੋਟਾਂ ਪੈਣਗੀਆਂ; ਜਦਕਿ ਖਤਮ ਹੋ ਰਹੀ ਅਸੈਂਬਲੀ ਵਿੱਚ ਭਾਜਪਾ ਅਤੇ ਉਸ ਦੇ ਭਾਈਵਾਲਾਂ ਕੋਲ 138 ਅਤੇ ਵਿਰੋਧੀ ਧਿਰ ਕੋਲ 103 ਸੀਟਾਂ ਹਨ। ਇਸ ਵਿੱਚ ਵੱਡੀ ਗਿਣਤੀ ਰਾਸ਼ਟਰੀ ਜਨਤਾ ਦਲ ਦੀ ਹੈ, ਜਿਸ ਦੀ ਅਗਵਾਈ ਹੁਣ ਪ੍ਰਮੁੱਖ ਤੌਰ ‘ਤੇ ਤੇਜੱਸਵੀ ਯਾਦਵ ਕਰ ਰਹੇ ਹਨ। ਆਰ.ਜੇ.ਡੀ. ਦੇ ਨਾਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦੇ ਵੀ ਕੁਝ ਵਿਧਾਇਕ ਹਨ। ਕਾਂਗਰਸ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਅਤੇ ਤੇਜੱਸਵੀ ਯਾਦਵ ਨੇ ਮਿਲ ਕੇ ਬੀਤੇ ਦਿਨੀਂ ਬਿਹਾਰ ਵਿੱਚ ਕੀਤੀ ਗਈ ਵਿਸ਼ੇਸ਼ ਸੂਚੀ ਸੋਧ (ਐਸ.ਆਈ.ਆਰ.) ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਵਿਰੋਧੀ ਦਲਾਂ ਨੂੰ ਸ਼ੱਕ ਸੀ ਕਿ ਚੋਣ ਕਮਿਸ਼ਨ ਵੱਲੋਂ ਇਸ ਵਿਸੇLਸ਼ ਸੋਧ ਰਾਹੀਂ ਵਿਰੋਧੀ ਪਾਰਟੀਆਂ ਨਾਲ ਸੰਬੰਧਤ ਵੋਟਰਾਂ ਦੀਆਂ ਵੋਟਾਂ ਹੀ ਕੱਟੀਆਂ ਜਾਣਗੀਆਂ। ਰਾਹੁਲ ਗਾਂਧੀ ਨੇ ਮੁੱਖ ਤੌਰ `ਤੇ ਭਾਜਪਾ ਅਤੇ ਚੋਣ ਕਮਿਸ਼ਨ ਉੱਪਰ ‘ਵੋਟ ਚੋਰੀ’ ਦੇ ਵੀ ਦੋਸ਼ ਲਾਏ ਸਨ। ਉਂਝ ਇਹ ਦੋਸ਼ ਨਿਰਮੂਲ ਨਹੀਂ ਸਨ, ਸਗੋਂ ਬੰਗਲੌਰ ਦੀ ਇੱਕ ਵਿਧਾਨ ਸਭਾ ਸੀਟ ਅਤੇ ਕਰਨਾਟਕਾ ਦੇ ਵਿਧਾਨ ਸਭਾ ਹਲਕੇ ਦਾ ਡੈਟਾ ਪੇਸ਼ ਕਰਦਿਆਂ ਕਾਂਗਰਸ ਨੇ ਦੋਸ਼ ਲਾਏ ਸਨ ਕਿ ਇਨ੍ਹਾਂ ਹਲਕਿਆਂ ਵਿੱਚ ਚੋਣ ਕਮਿਸ਼ਨ ਵੱਲੋਂ ਲੋੜ ਅਨੁਸਾਰ ਵੋਟਾਂ ਵਧਾਈਆਂ ਅਤੇ ਘਟਾਈਆਂ ਗਈਆਂ। ਕਾਂਗਰਸ ਦੇ ਕਾਰਕੁੰਨਾਂ ਵੱਲੋਂ ਇਕੱਠੇ ਕੀਤੇ ਗਏ ਇਸ ਡੈਟੇ ਦੇ ਆਧਾਰ ‘ਤੇ ਹੀ ਕਾਂਗਰਸ ਪਾਰਟੀ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਅਤੇ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵੀ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਵੋਟਾਂ ਦੀ ਹੇਰਾ-ਫੇਰੀ ਤੇ ਚੋਰੀ ਨਾਲ ਜਿੱਤੀਆਂ ਗਈਆਂ ਹਨ। ਇਨ੍ਹਾਂ ਸਾਰੇ ਦੋਸ਼ਾਂ ਦੇ ਬਾਵਜੂਦ ਨਾ ਤਾਂ ਚੋਣ ਕਮਿਸ਼ਨ ਟੱਸ ਤੋਂ ਮੱਸ ਹੋਇਆ ਅਤੇ ਨਾ ਹੀ ਕੇਂਦਰ ਸਰਕਾਰ ਨੇ ਕੋਈ ਕਾਰਵਾਈ ਕੀਤੀ। ਵਿਰੋਧੀ ਧਿਰ ਦੇ ਹੱਕ ਵਿੱਚ ਵੋਟਰਾਂ ਨੂੰ ਪੁੱਛੇ ਦੱਸੇ ਬਗੈਰ ਵੋਟਾਂ ਕੱਟਣ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਨੇ ਪੂਰੀ ਢੀਠਤਾਈ ਨਾਲ ਚੁੱਪ ਵੱਟ ਲਈ ਅਤੇ ਮਾਮਲੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।
ਇੱਥੇ ਜ਼ਿਕਰਯੋਗ ਹੈ ਕਿ ਈ.ਵੀ.ਐਮ. ਨਾਲ ਵੋਟਾਂ ਦੀ ਹੇਰਾ-ਫੇਰੀ ਕਰਨ ਦੇ ਦੋਸ਼ ਤਾਂ ਪਹਿਲਾਂ ਹੀ ਸੱਤਾਧਾਰੀ ਪਾਰਟੀ ਉੱਪਰ ਲਗਦੇ ਰਹੇ ਹਨ, ਪਰ ਵੋਟਾਂ ਕੱਟਣ ਅਤੇ ਜਾਅਲੀ ਬਣਾਉਣ ਦਾ ਮਾਮਲਾ ਕਾਂਗਰਸ ਪਾਰਟੀ ਨੇ ਬੜੀ ਮਿਹਨਤ ਨਾਲ ਸਾਹਮਣੇ ਲਿਆਂਦਾ। ਯਾਦ ਰਹੇ, ਇਸ ਤੋਂ ਪਹਿਲਾਂ ਚੋਣ ਕਮਿਸ਼ਨ ਕਾਂਗਰਸ ਨੂੰ ਵੋਟ ਹੇਰਾ-ਫੇਰੀ ਸੰਬੰਧੀ ‘ਠੋਸ ਤੱਥ’ ਪੇਸ਼ ਕਰਨ ਦੀ ਚੁਣੌਤੀ ਦਿੰਦੇ ਰਹੇ ਹਨ। ਵੋਟ ਚੋਰੀ ਦੇ ਮਸਲੇ ‘ਤੇ ਹੀ ਕਾਂਗਰਸ ਪਾਰਟੀ ਅਤੇ ਤੇਜੱਸਵੀ ਯਾਦਵ ਵੱਲੋਂ ਮਿਲ ਕੇ ਸਾਰੇ ਬਿਹਾਰ ਵਿੱਚ ਇੱਕ ਮਾਰਚ ਕੀਤਾ ਗਿਆ। ਵਿਰੋਧੀ ਪਾਰਟੀਆਂ ਦੇ ਇਸ ਮਾਰਚ ਨੂੰ ਬਿਹਾਰੀ ਲੋਕਾਂ ਨੇ ਭਰਵਾਂ ਹੁੰਘਾਰਾ ਦਿੱਤਾ। ਇਸ ਦਰਮਿਆਨ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਚੋਣ ਕਮਿਸ਼ਨ ਵੱਲੋਂ ਬਿਹਾਰ ਵਿੱਚ ਕੀਤੀ ਗਈ ਵੋਟਰ ਸੂਚੀਆਂ ਦੀ ਵਿਸੇLਸ਼ ਸੁਧਾਈ ਵਿੱਚ ਕੀਤੀਆਂ ਜਾਣ ਵਾਲੀਆਂ ਸੰਭਾਵਤ ਬੇਨਿਯਮੀਆਂ ਖਿਲਾਫ ਵੀ ਲੜਨਾ ਪਿਆ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਦੇ ਇੱਕ ਪ੍ਰਮੁੱਖ ਪਛਾਣ ਪੱਤਰ, ਆਧਾਰ ਕਾਰਡ ਤੇ ਵੋਟਰ ਕਾਰਡ ਨੂੰ ਨਵੀਂ ਵੋਟ ਬਣਾਉਣ ਲਈ ਦਸਤਾਵੇਜ਼ ਵਜੋਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਨਾਗਰਿਕਾਂ ਨੂੰ ਆਪੋ ਆਪਣੀ ਨਾਗਰਿਕਤਾ ਦੇ ਸਬੂਤ ਲਈ ਜਨਮ ਸਰਟੀਫਿਕੇਟ ਦੇਣ ਲਈ ਕਿਹਾ ਸੀ। ਵਿਰੋਧੀ ਪਾਰਟੀਆਂ ਦਾ ਆਖਣਾ ਸੀ ਕਿ ਬਿਹਾਰ ਦੀ ਵੱਡੀ ਰੂਰਲ ਆਬਾਦੀ ਕੋਲ ਜਨਮ ਸਰਟੀਫਿਕੇਟ ਨਹੀਂ ਮਿਲਣਗੇ। ਇਸ ਲਈ ਇਨ੍ਹਾਂ ਲੋਕਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ। ਇਹ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਅਤੇ ਅਦਾਲਤ ਨੇ ਵੋਟਰ ਕਾਰਡ ਅਤੇ ਆਧਾਰ ਕਾਰਡ ਨੂੰ ਬੁਨਿਆਦੀ ਦਸਤਾਵੇਜ਼ ਮੰਨਣ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ। ਵੋਟ ਚੋਰੀ ਦੇ ਦੋਸ਼ ਲੱਗਣ ਕਾਰਨ ਚੋਣ ਕਮਿਸ਼ਨ ਵੱਲੋਂ ਵੋਟਾਂ ਬਣਾਉਣ ਦੇ ਰਾਹ ਵਿੱਚ ਹੋਰ ਅੜਿੱਕੇ ਡਾਹੁਣ ਤੋਂ ਵੀ ਗੁਰੇਜ ਨਹੀਂ ਕੀਤਾ ਗਿਆ।
ਯਾਦ ਰਹੇ, ਬੀਤੇ ਕਈ ਵਰਿ੍ਹਆਂ ਤੋਂ ਕਾਂਗਰਸ ਦੇ ਬਿਹਾਰ ਵਿੱਚ ਪੈਰ ਨਹੀਂ ਲੱਗੇ ਹਨ, ਵਿਰੋਧੀ ਪਾਰਟੀਆਂ ਵਜੋਂ ਰਾਸ਼ਟਰੀ ਜਨਤਾ ਦਲ, ਸੀ.ਪੀ.ਆਈ. (ਐਮ.ਐਲ.) ਅਤੇ ਕੁਝ ਹੋਰ ਛੋਟੀਆਂ ਪਾਰਟੀਆਂ ਕੋਲ ਹੀ ਗਿਣਨਯੋਗ ਸੀਟਾਂ ਹਨ। ਵੋਟ ਚੋਰੀ ਦੇ ਮਾਮਲੇ ‘ਤੇ ਕੀਤੇ ਗਏ ਮਾਰਚ ਸਮੇਤ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਰਾਸ਼ਟਰੀ ਦਲ ਨੇ ਸਖਤ ਮਿਹਨਤ ਕੀਤੀ ਹੈ। ਇਸ ਲਈ ਇਨ੍ਹਾਂ ਪਾਰਟੀਆਂ ਨੂੰ ਇਸ ਵਾਰ ਬਿਹਾਰ ਵਿੱਚ ਵੱਡੇ ਬਦਲਾਅ ਦੀ ਆਸ ਹੈ। ਇੱਕ ਹੋਰ ਪੱਖ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ ਅਤੇ ਮਮਤਾ ਬੈਨਰਜੀ ਸਮੇਤ ਵੱਖ-ਵੱਖ ਪਾਰਟੀਆਂ ਨਾਲ ਚੋਣ ਮਾਹਿਰ ਵਜੋਂ ਸਫਲਤਾ ਪੂਰਵਕ ਭੂਮਿਕਾ ਨਿਭਾਉਣ ਵਾਲਾ ਪ੍ਰਸ਼ਾਂਤ ਕਿਸ਼ੋਰ ਵੀ ਆਪਣੀ ਵੱਖਰੀ ਪਾਰਟੀ ਬਣਾਉਣ ਦਾ ਯਤਨ ਕਰ ਰਿਹਾ ਹੈ। ਉਹ ਪਿਛਲੇ ਦੋ ਸਾਲਾਂ ਤੋਂ ਬਿਹਾਰ ਦੇ ਹਰ ਪਿੰਡ ਦੀ ਪੈਦਲ ਯਾਤਰਾ ਕਰ ਰਿਹਾ ਹੈ। ਉਸ ਨੇ ਭਾਰਤੀ ਜਨਤਾ ਪਾਰਟੀ ‘ਤੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਰਾਜਨੀਤੀ ਕਰਨ ਦੇ ਦੋਸ਼ ਵੀ ਲਾਏ ਹਨ ਅਤੇ ਕਈ ਵੱਡੇ ਘੁਟਾਲਿਆਂ ਦਾ ਜ਼ਿਕਰ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਐਨ.ਡੀ.ਏ. ਤੋਂ ਜਿਉਂ ਹੀ ਸੱਤਾ ਖੁੱਸ ਗਈ ਤਾਂ ਆਜ਼ਾਦ ਭਾਰਤ ਦੇ ਰਾਜਨੀਤਿਕ ਇਤਿਹਾਸ ਵਿੱਚ ਇਹ ਗੱਠਜੋੜ ਸਭ ਤੋਂ ਜ਼ਿਆਦਾ ਭ੍ਰਿਸ਼ਟ ਪ੍ਰਸ਼ਾਸਨ ਦੇਣ ਵਾਲਾ ਸਿਆਸੀ ਗੱਠਜੋੜ ਸਾਬਤ ਹੋਵੇਗਾ। ਇਸ ਹਾਲਤ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਵੀ ਲਗਦਾ ਤਿੰਨ ਧਿਰੀਆਂ ਹੋਣਗੀਆਂ ਅਤੇ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਲੈ ਕੇ ਨਤੀਜੇ ਆਉਣ ਤੱਕ, ਸਾਰੀਆਂ ਧਿਰਾਂ ਦਾ ਵਿੱਤੋਂ ਵੱਧ ਜ਼ੋਰ ਲੱਗੇਗਾ। ਵਿਰੋਧੀ ਧਿਰਾਂ ਨੂੰ ਚੋਣ ਹੇਰਾ-ਫੇਰੀਆਂ ‘ਤੇ ਵੀ ਨਜ਼ਰ ਰੱਖਣੀ ਪਏਗੀ। ਭਾਜਪਾ ਇਨ੍ਹਾਂ ਚੋਣਾਂ ਵਿੱਚ ਕੇਂਦਰੀ ਸੱਤਾ ਦੀ ਰੱਜ ਕੇ ਵਰਤੋਂ ਕਰੇਗੀ ਅਤੇ ਹਰ ਹੀਲੇ ਚੋਣਾਂ ਜਿੱਤਣ ਦਾ ਯਤਨ ਕਰੇਗੀ। ਚੋਣਾਂ ਵਿੱਚ ਸਫਲ ਰਹਿਣ ਲਈ ਵਿਰੋਧੀੰ ਧਿਰ ਵਿੱਚੋਂ ਕਾਂਗਰਸ ਨੂੰ ਇਸ ਵਾਰ ਵੱਡੀ ਭੂਮਿਕਾ ਅਦਾ ਕਰਨੀ ਪਵੇਗੀ। ਤਦ ਹੀ ਵਿਰੋਧੀ ਧਿਰ ਬਿਹਾਰ ਵਿੱਚ ਸਰਕਾਰ ਬਣਾਉਣ ਜੋਗਰੀ ਹੋ ਸਕਦੀ ਹੈ।
ਜਿੱਥੋਂ ਤੱਕ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਸਵਾਲ ਹੈ, ਇਸ ਵਾਸਤੇ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ‘ਆਪ’ ਨੇ ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ; ਜਦਕਿ ਅੰਮ੍ਰਿਤਪਾਲ ਸਿੰਘ ਵਾਲੇ ਅਕਾਲੀ ਦਲ ਵੱਲੋਂ ਸੂਰੀ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਅਤੇ ਇੱਕ ਬਦਨਾਮ ਪੁਲਿਸ ਅਫਸਰ ਨੂੰ ਹਾਲ ਹੀ ਵਿੱਚ ਮਾਰਨ ਦਾ ਦੋਸ਼ ਝੱਲ ਰਹੇ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਾਕੀ ਅਕਾਲੀ ਦਲਾਂ ਵੱਲੋਂ ਵੀ ਇਸ ਉਮੀਦਵਾਰ ਦਾ ਸਾਥ ਦੇਣ ਤੋਂ ਬਿਨਾ ਕੋਈ ਚਾਰਾ ਨਹੀਂ ਹੈ। ਭਾਜਪਾ ਇਸ ਵਾਰ ਇੱਥੇ ਇਕੱਲਿਆਂ ਚੋਣ ਲੜੇਗੀ। ਬਾਦਲ ਦਲ ਨੇ ਆਪਣਾ ਅਲੱਗ ਉਮੀਦਵਾਰ ਦਿੱਤਾ ਹੈ। ਇਸ ਹਾਲਤ ਵਿੱਚ ਇਹ ਮੁਕਾਬਲਾ ਭਾਵੇਂ ਚਾਰ ਕੋਣਾ ਹੋ ਗਿਆ ਹੈ, ਪਰ ਮੁੱਖ ਮੁਕਾਬਲਾ ਮਨਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਹੋਣ ਦੀ ਉਮੀਦ ਹੈ। ‘ਆਪ’ ਨੂੰ ਸੱਤਾਧਾਰੀ ਹੋਣ ਦਾ ਲਾਭ ਮਿਲ ਸਕਦਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਹਰਜੀਤ ਸਿੰਘ ਸੰਧੂ ਨੂੰ ਤਰਨਤਾਰਨ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਅਕਾਲੀ ਦਲ (ਬਾਦਲ) ਨੇ ਬੀਬੀ ਸੁਖਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਹੈ। ਹਰਮੀਤ ਸਿੰਘ ਸੰਧੂ ਅਕਾਲੀ ਦਲ ਵੱਲੋਂ ਦੋ ਵਾਰ ਅਸੈਂਬਲੀ ਮੈਂਬਰ ਰਹਿ ਚੁੱਕੇ ਹਨ। ਇੱਕ ਵਾਰ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਸਨ।
ਕਾਂਗਰਸ ਪਾਰਟੀ ਵੱਲੋਂ ਕਰਨਬੀਰ ਸਿੰਘ ਬੁਰਜ ਮੈਦਾਨ ਵਿੱਚ ਹਨ। ‘ਆਪ’ ਅਤੇ ਕਾਂਗਰਸ ਦੇ ਉਮੀਦਵਾਰਾਂ ਦੀ ਜੇਬ ਭਾਰੀ ਹੈ ਅਤੇ ਬਾਦਲ ਦਲ ਕੋਲ ਵੀ ਮਾਲ-ਮੱਤੇ ਦੀ ਕਮੀ ਨਹੀਂ ਹੈ; ਪਰ ਜੇ ਅੰਮ੍ਰਿਤਪਾਲ ਦਾ ਕ੍ਰਿਸ਼ਮਾ ਚੱਲ ਗਿਆ ਤਾਂ ਬਾਕੀ ਦੇ ਫੌਂਗੀ ਰਹਿਣਗੇ। ਇਸ ਵਾਰ ਹੜ੍ਹਾਂ ਅਤੇ ਨਸ਼ੇ ਦਾ ਮੁੱਦਾ ਵੀ ਇਸ ਚੋਣ ਵਿੱਚ ਮੁੱਖ ਮੁੱਦੇ ਬਣਨਗੇ। ਇਸ ਦਾ ਸਰਕਾਰ ਨੂੰ ਨਿਸ਼ਚਤ ਨੁਕਸਾਨ ਹੋ ਸਕਦਾ ਹੈ, ਪਰ ਹੜ੍ਹ ਵਿੱਚ ਹੜ੍ਹੀਆਂ ਪੇਂਡੂ ਸੜਕਾਂ ਬਣਾਉਣ ਦੀ ਇਸ ਜ਼ਿਲ੍ਹੇ ਤੋਂ ਸ਼ੁਰੂਆਤ ਅਤੇ ਸੱਤਾ ਦੇ ਸਾਧਨ ‘ਆਪ’ ਲਈ ਵਰਦਾਨ ਬਣ ਸਕਦੇ ਹਨ। ਫਿਰ ਵੀ ਮੁਕਾਬਲਾ ਬੇਹੱਦ ਸਖਤ ਹੋਣ ਦੇ ਆਸਾਰ ਹਨ।