*ਮਸ਼ਹੂਰ ਲੱਦਾਖੀ ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁੱਕ ‘ਤੇ ਦੇਸ਼ ਧਰੋਹ ਦਾ ਦੋਸ਼
ਪੰਜਾਬੀ ਪਰਵਾਜ਼ ਬਿਊਰੋ
ਭਾਰਤ ਦੀ ਕੇਂਦਰ ਸਰਕਾਰ ਨੇ ਬਰਫ ਵਾਂਗ ਠੰਡੇ ਸੁਭਾਅ ਦੇ ਮਾਲਕ ਲੱਦਾਖੀਆਂ ਨੂੰ ਛੇੜ ਕੇ ਇੱਕ ਹੋਰ ਤਿੱਬਤ ਭਾਰਤ ਵਾਲੇ ਪਾਸੇ ਸੁਲਘਣ ਲਾ ਲਿਆ ਹੈ। ਯਾਦ ਰਹੇ, ਬੀਤੀ 24 ਸਤੰਬਰ ਨੂੰ ਲੇਹ ਵਿੱਚ ਲੱਦਾਖੀ ਵਿਦਿਆਰਥੀਆਂ ਦਾ ਇੱਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ ਅਤੇ ਇਸ ਨੂੰ ਰੋਕਣ ਲਈ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਚਾਰ ਨੌਜਵਾਨ ਮਾਰੇ ਗਏ ਅਤੇ 80 ਹੋਰ ਜ਼ਖਮੀ ਹੋ ਗਏ ਸਨ।
ਇਸ ਤੋਂ ਪਿੱਛੋਂ ਲੱਦਾਖ ਨੂੰ ਛੇਵੇਂ ਸ਼ਡਿਊਲ ਤਹਿਤ ਸੁਰੱਖਿਅਤ ਕਰਨ ਅਤੇ ਸਟੇਟ ਦਾ ਦਰਜਾ ਦੇਣ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਮਸ਼ਹੂਰ ਵਾਤਾਵਰਣ ਕਾਰਕੁੰਨ ਸੋਨਮ ਵਾਂਗਚੁੱਕ ਨੂੰ ਗ੍ਰਿਫਤਾਰ ਕਰ ਕੇ ਸਰਕਾਰ ਨੇ ਜੋਧਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸਰਕਾਰ ਦਾ ਦੋਸ਼ ਹੈ ਕਿ ਉਸ ਨੇ ਨੌਜਵਾਨਾਂ ਨੂੰ ਹਿੰਸਕ ਕਾਰਵਾਈਆਂ ਲਈ ਭੜਕਾਇਆ। ਗ੍ਰਿਫਤਾਰੀ ਤੋਂ ਪਹਿਲਾਂ ਵਾਂਗਚੁੱਕ ਨੇ ਇੱਕ ਇੰਟਰਵਿਊ ਵਿੱਚ ਕਿਹਾ, ‘ਮੈਂ ਲੇਹ ਵਿੱਚ ਹੋਈ ਹਿੰਸਾ ਕਾਰਨ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ ਅਤੇ ਗ੍ਰਿਫਤਾਰੀ ਲਈ ਤਿਆਰ ਬੈਠਾ ਹਾਂ।’ ਸੋਨਮ ਨੇ ਕਿਹਾ, ‘ਬਾਹਰ ਬੈਠਣ ਨਾਲੋਂ ਜੇਲ੍ਹ ਵਿੱਚ ਬੈਠਾ ਵਾਂਗਚੁੱਕ ਸਰਕਾਰ ਲਈ ਜ਼ਿਆਦਾ ਮਹਿੰਗਾ ਪਵੇਗਾ। ਇਹ ਉਹ ਸਟੀਲ ਹੈ, ਜਿਸ ਨੂੰ ਨਾ ਅੱਗ ਪਿਘਲਾ ਸਕਦੀ ਹੈ, ਨਾ ਬਰਫ ਠਾਰ ਸਕਦੀ ਹੈ।’ ਸੋਨਮ ਵਾਂਗਚੁੱਕ ਨੇ ਕਿਹਾ ਕਿ ਇਹ ਨਜ਼ਾਰਾ ਸਾਰੀ ਦੁਨੀਆਂ ਵੇਖੇਗੀ ਕਿ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ਨਾਲ ਸਰਕਾਰ ਕਿਸ ਕਿਸਮ ਦਾ ਵਰਤਾਅ ਕਰ ਰਹੀ ਹੈ। ਇਸ ਨਾਲ ਸਾਡੀ ਗੱਲ ਹੋਰ ਵਿਆਪਕ ਪੱਧਰ ‘ਤੇ ਦੇਸ਼ ਦੇ ਲੋਕਾਂ ਤੱਕ ਪਹੁੰਚੇਗੀ। ਵਾਂਗਚੁੱਕ ਨੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨਾਂ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।
ਇੱਥੇ ਇਹ ਵੀ ਜ਼ਿਕਰਯੋਗ 2019 ਵਿੱਚ ਜਦੋਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਖਤਮ ਕਰ ਦਿੱਤੀ ਸੀ ਅਤੇ ਇਸ ਤੋਂ ਬਾਅਦ ਪੂਰੇ ਜੰਮੂ-ਕਸ਼ਮੀਰ, ਲੱਦਾਖ ਵੀ ਜਿਸ ਦਾ ਹਿੱਸਾ ਸੀ, ਨੂੰ ਇੱਕ ਯੂਨੀਅਨ ਟੈਰੇਟਰੀ ਵਿੱਚ ਬਦਲ ਦਿੱਤਾ ਸੀ। ਇਸ ਪਿਛੋਂ ਹਾਲ ਦੇ ਸਾਲਾਂ ਵਿੱਚ ਜੰਮੂ-ਕਸ਼ਮੀਰ ਅਸੈਂਬਲੀ ਦੀਆਂ ਚੋਣਾਂ ਤਾਂ ਕਰਵਾ ਦਿੱਤੀਆਂ ਗਈਆਂ, ਪਰ ਲੱਦਾਖ ਖੇਤਰ ਨੂੰ ਇੱਕ ਯੂਨੀਅਨ ਟੈਰੇਟਰੀ ਹੀ ਰੱਖਿਆ ਗਿਆ। ਇੱਥੇ ਹਾਲੇ ਵੀ ਇੱਕ ਤਰ੍ਹਾਂ ਨਾਲ ਗਵਰਨਰੀ ਰਾਜ ਲਾਗੂ ਹੈ; ਜਦਕਿ ਜੰਮੂ-ਕਸ਼ਮੀਰ ਅਸੈਂਬਲੀ ਵਿੱਚ ਉਨ੍ਹਾਂ ਦੇ 4 ਪ੍ਰਤੀਨਿਧ ਹੁੰਦੇ ਸਨ, ਜਿਹੜੇ ਉਨ੍ਹਾਂ ਦੀ ਮੰਗਾਂ, ਭਾਵਨਾਵਾਂ ਨੂੰ ਜਮਹੂਰੀ ਆਵਾਜ਼ ਦਿੰਦੇ ਸਨ। ਹੁਣ ਲੱਦਾਖੀਆਂ ਲਈ ਇਸ ਸੀਮਤ ਜਮਹੂਰੀਅਤ ਦਾ ਰਾਹ ਵੀ ਬੰਦ ਹੋ ਗਿਆ ਹੈ। ਲੱਦਾਖ ਦੇ ਨੌਜਵਾਨ ਮਹਿਸੂਸ ਕਰਨ ਲੱਗੇ ਹਨ ਕਿ ਉਨ੍ਹਾਂ ਨਾਲ ਭਾਰਤ ਸਰਕਾਰ ਨੇ ਧੋਖਾ ਕੀਤਾ ਹੈ। ਨਾ ਹੀ ਉੱਤਰ ਪੂਰਬ ਦੇ ਰਾਜਾਂ ਵਾਂਗ ਉਨ੍ਹਾਂ ਨੂੰ ਛੇਵੇਂ ਸ਼ਡਿਊਲ ਦੇ ਤਹਿਤ ਸੁਰੱਖਿਅਣ ਦਿੱਤਾ ਗਿਆ ਅਤੇ ਨਾ ਹੀ ਲੱਦਾਖ ਨੂੰ ਸਟੇਟ ਦਾ ਦਰਜਾ ਦਿੱਤਾ ਗਿਆ ਹੈ।
ਲੱਦਾਖੀ ਲੋਕਾਂ ਦਾ ਮਹਿਬੂਬ ਆਗੂ ਸੋਨਮ ਵਾਂਗਚੁੱਕ ਲੱਦਾਖ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਇੱਕ ਜਾਣੀ-ਪਛਾਣੀ ਸ਼ਖਸੀਅਤ ਹੈ। ਉਸ ਨੇ ਲੱਦਾਖ ਦੀ ਸਥਾਨਕ ਸੰਸਕ੍ਰਿਤੀ, ਭਾਸ਼ਾ ਅਤੇ ਵਾਤਾਵਰਣ ਨੂੰ ਬਚਾਉਣ ਲਈ ਵੱਡੇ ਯਤਨ ਕੀਤੇ ਹਨ। ਕਈ ਨਵੀਆਂ ਰਵਾਇਤਾਂ (ਇਨੋਵੇਸ਼ਨਜ਼) ਤੋਰੀਆਂ, ਜਿਨ੍ਹਾਂ ਨਾਲ ਇਸ ਖਿਤੇ ਦੇ ਲੋਕ ਆਪਣੇ ਗਲੇਸ਼ੀਅਰਾਂ ਨੂੰ ਬਚਾਅ ਸਕਦੇ ਹਨ। ਵਾਂਗੁਚੱਕ ਨੇ ਗਲੇਸ਼ੀਅਰਾਂ ਦੀ ਸੁਰੱਖਿਆ ਲਈ ਬਰਫ ਦੇ ਸਤੂਪ ਬਣਾਉਣ ਦੀ ਕਾਢ ਕੱਢੀ। ਇਸ ਤੋਂ ਇਲਾਵਾ ਆਪਣੇ ਭੁੱਖ ਹੜਤਾਲ ਦੇ ਤਜਰਬੇ ਵਿੱਚੋਂ ਸੋਨਮ ਵਾਂਗਚੁੱਕ ਨੇ ਸੋਲਰ ਹੀਟਿੰਗ ਟੈਂਟ ਬਣਾਉ ਦਾ ਕਾਰਜ ਵੀ ਇਜ਼ਾਦ ਕੀਤਾ। ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਸੰਸਾਰ ਪੱਧਰ ‘ਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਆਨਰੇਰੀ ਡਿਗਰੀਆਂ ਨਾਲ ਸਨਮਾਨਿਆ ਗਿਆ ਹੈ। ਇਸ ਸੰਬੰਧ ਵਿੱਚ ਗਿਆਨ ਦਾ ਤਬਾਦਲਾ ਵੀ ਉਨ੍ਹਾਂ ਯੂਨੀਵਰਸਿਟੀਆਂ ਨਾਲ ਕੀਤਾ ਗਿਆ। ਇਨ੍ਹਾਂ ਯਤਨਾਂ ਕਾਰਨ ਉਨ੍ਹਾਂ ਨੂੰ ਹਾਲ ਹੀ ਵਿੱਚ ਮੈਗਾਸਾਸੇ ਐਵਾਰਡ ਨਾਲ ਸਨਮਾਨਿਆ ਗਿਆ ਹੈ।
2019 ਵਿੱਚ ਭਾਰਤੀ ਜਨਤਾ ਦੀ ਅਗਾਵਈ ਵਾਲੀ ਸਰਕਾਰ ਵੱਲੋਂ ਜਦੋਂ ਧਾਰਾ 370 ਤੋੜ ਕੇ ਜੰਮੂ-ਕਸ਼ਮੀਰ ਵਿੱਚ ਗਵਰਨਰੀ ਰਾਜ ਲਾਗੂ ਕੀਤਾ ਗਿਆ ਸੀ ਤਾਂ ਲੱਦਾਖ ਦੀ ਲੀਡਰਸ਼ਿੱਪ ਨੇ ਇਸ ਦਾ ਸੁਆਗਤ ਕੀਤਾ ਸੀ। ਉਨ੍ਹਾਂ ਨੂੰ ਆਸ ਸੀ ਕਿ ਇਸ ਬਿਖਰਾਅ ਤੋਂ ਬਾਅਦ ਲੱਦਾਖ ਨੂੰ ਇੱਕ ਵੱਖਰੀ ਸਟੇਟ ਮਿਲ ਜਾਵੇਗੀ। ਭਾਰਤੀ ਜਨਤਾ ਪਾਰਟੀ ਵੱਲੋਂ ਲੱਦਾਖ ਨਾਲ ਇਹ ਵਾਅਦਾ ਕੀਤਾ ਗਿਆ ਕਿ ਲੇਹ ਲੱਦਾਖ ਦੇ ਇਸ ਖੇਤਰ ਨੂੰ ਸੰਵਿਧਾਨ ਦੀ ਧਾਰਾ 244 ਦੇ 6ਵੇਂ ਸ਼ਡਿਊਲ ਵਿੱਚ ਲਿਆਂਦਾ ਜਾਵੇਗਾ। ਇਸ ਦੇ ਤਹਿਤ ਉੱਤਰੀ ਪੂਰਬੀ ਰਾਜਾਂ ਦੇ ਪਹਾੜੀ ਅਤੇ ਕਬਾਇਲੀ ਇਲਾਕਿਆਂ ਦੇ ਸੱਭਿਆਚਾਰਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਬੀਤੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸਥਾਨਕ ਲੋਕਾਂ ਨਾਲ ਇਹ ਵਾਅਦਾ ਦੁਹਰਾਇਆ ਗਿਆ, ਪਰ ਹੋਇਆ ਕੁਝ ਵੀ ਨਾ। ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਵਾਅਦੇ ਵੀ ਧਰੇ ਧਰਾਏ ਰਹਿ ਗਏ। ਇਸ ਖੇਤਰ ਵਿੱਚ ਲੱਗਣ ਵਾਲੇ ਕੁਝ ਵੱਡੀਆਂ ਕੰਪਨੀਆਂ ਦੇ ਕਾਰੋਬਾਰਾਂ ਵਿੱਚ ਵੀ ਸਥਾਨਕ ਲੇਬਰ ਨੂੰ ਬਹੁਤ ਨਿਗੁਣਾ ਰੁਜ਼ਗਾਰ ਮਿਲਿਆ। ਇਸ ਸਾਰੇ ਕੁਝ ਦੀ ਪ੍ਰਾਪਤੀ ਲਈ ਸੋਨਮ ਵਾਂਗਚੁੱਕ ਸਾਂਤਮਈ ਭੁੱਖ ਹੜਤਾਲ ਕਰੀਂ ਬੈਠੇ ਸਨ, ਪਰ ਜਿਵੇਂ ਕਿ ਅਕਸਰ ਹੁੰਦਾ ਹੈ- ਲੱਦਾਖੀ ਨੌਜਵਾਨਾਂ ਦਾ ਸਬਰ ਜੁਆਬ ਦੇਣ ਲੱਗਾ। ਲੱਦਾਖੀ ਨੌਜਵਾਨਾਂ ਵਿੱਚ ਲਗਾਤਾਰ ਫੈਲ ਰਹੀ ਨਿਰਾਸ਼ਾ ਅਤੇ ਗੁੱਸਾ ਲੰਘੀ ਸੁਰੱਖਿਆ ਦਸਤਿਆਂ ਨਾਲ ਸਿੱਧੇ ਟਕਰਾਅ ਵਿੱਚ ਬਦਲ ਗਿਆ। ਭੜਕੇ ਹੋਏ ਨੌਜਵਾਨਾਂ ਨੇ ਇੱਥੇ ਬਣਾਏ ਗਏ ਭਾਰਤੀ ਜਨਤਾ ਪਾਰਟੀ ਦੇ ਦਫਤਰ ਨੂੰ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਪੁਲਿਸ ਦੀਆਂ ਗੱਡੀਆਂ ਦੀ ਵੀ ਸਾੜਫੂਕ ਕੀਤੀ ਗਈ। ਨੌਜਵਾਨਾ ਉੱਤੇ ਨੀਮ ਸੁਰੱਖਿਆ ਬਲਾਂ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ। ਨੌਜਵਾਨਾਂ ਦੇ ਰੋਸ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਗੋਲੀ ਚਲਾਈ ਗਈ, ਜਿਸ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਅਤੇ 80 ਹੋਰ ਜ਼ਖਮੀ ਹੋ ਗਏ ਸਨ। ਇਹ ਘਟਨਾਵਾਂ ਮੁੱਖ ਰੂਪ ਵਿੱਚ ਲੱਦਾਖ ਦੀ ਰਾਜਧਾਨੀ ਲੇਹ ਵਿੱਚ ਵਾਪਰੀਆਂ।
ਇਸ ਦੌਰਾਨ ਭਾਰਤ ਸਰਕਾਰ ਨੇ ਦੋਸ਼ ਲਾਇਆ ਕਿ ਅਮਨ ਪੂਰਬਕ ਸੰਘਰਸ਼ ਦਾ ਦਾਅਵਾ ਕਰ ਰਹੇ ਸੋਨਮ ਵਾਂਗਚੁੱਕ ਨੌਜਵਾਨਾਂ ਦੇ ਸੰਘਰਸ਼ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੇ ਕਈ ਭੜਕਾਊ ਭਾਸ਼ਨਾਂ ਕਾਰਨ ਹੀ ਨੌਜਵਾਨ ਹਿੰਸਕ ਹੋਏ ਹਨ। ਵਾਂਗਚੁੱਕ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਜੋਧਪੁਰ ਜੇਲ੍ਹ ਵਿੱਚ ਭੇਜ ਦਿੱਤਾ ਹੈ ਅਤੇ ਉਨ੍ਹਾਂ ਉੱਪਰ ਨੈਸ਼ਨਲ ਸੁਰੱਖਿਆ ਐਕਟ (ਐਨ.ਐਸ.ਏ.) ਲਗਾ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 5 ਦਿਨਾਂ ਵਿੱਚ ਚਾਰਜਸ਼ੀਟ ਪੇਸ਼ ਕਰਨੀ ਹੁੰਦੀ ਹੈ, ਉਹ ਵੀ ਨਹੀਂ ਕੀਤੀ ਗਈ। ਸੰਭਾਵੀ ਖ਼ਤਰਿਆਂ ਨੂੰ ਭਾਂਪਦਿਆਂ ਵਾਂਗਚੁੱਕ ਦੀ ਪਤਨੀ ਨੇ ਸੁਪਰੀਮ ਵਿੱਚ ਹੈਬੀਅਸ ਕਾਰਪਸ ਦੇ ਅਧੀਨ ਰਿੱਟ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੂੰ ਆਪਣੀ ਪਤਨੀ ਅਤੇ ਹੋਰ ਨਜ਼ਦੀਕੀਆਂ ਨਾਲ ਸੰਪਰਕ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਵਾਂਗਚੁੱਕ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਹ ਸੁਪਰੀਮ ਕੋਰਟ ਵਿੱਚ ਪਹੁੰਚ ਕਰਨ ਦਾ ਯਤਨ ਕਰ ਰਹੀ ਸੀ ਤਾਂ ਦਿੱਲੀ ਦੀਆਂ ਸੜਕਾਂ ‘ਤੇ ਇੱਕ ਗੱਡੀ ਉਸ ਦਾ ਪਿੱਛਾ ਕਰਦੀ ਰਹੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਉਨ੍ਹਾਂ ਦੇ ਪਤੀ ਉੱਤੇ ਬਿਨਾ ਵਜ੍ਹਾ ਝੂਠੇ ਦੋਸ਼ ਲਗਾਏ ਗਏ ਹਨ ਅਤੇ ਦੂਜੇ ਪਾਸੇ ਉਹ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦਾ ਪਿੱਛਾ ਕੀਤਾ ਜਾਂਦਾ ਹੈ। ਉਨ੍ਹਾਂ ਗੁੱਸੇ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੂੰ ਇੰਨੇ ਘਟੀਆ ਪੱਧਰ ‘ਤੇ ਨਹੀਂ ਉਤਰਨਾ ਚਾਹੀਦਾ।
ਲੱਦਾਖ ਦੀ ਆਬਾਦੀ 300,000 ਹੈ, ਜਿਸ ਵਿੱਚ ਜ਼ਿਆਦਾਤਰ ਤਿੱਬਤੀ ਬੁੱਧ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹਨ। ਇਸ ਤੋਂ ਇਲਾਵਾ ਸ਼ੀਆ ਮੁਸਲਮਾਨ ਵੀ ਇਸ ਖੇਤਰ ਦੇ ਵਸਨੀਕ ਹਨ। ਕਾਰਗਿਲ ਜ਼ਿਲ੍ਹੇ ਵਿੱਚ ਬਹੁਗਿਣਤੀ ਮੁਸਲਮਾਨ ਭਾਈਚਾਰੇ ਦੀ ਹੈ, ਜਿਹੜੇ ਆਪਣੇ ਆਪ ਨੂੰ ਜੰਮੂ-ਕਸ਼ਮੀਰ ਵਿੱਚ ਸਮੋਅ ਲੈਣ ਦੀ ਵਕਾਲਤ ਕਰਦੇ ਹਨ। ਜਦਕਿ ਲੇਹ-ਲੱਦਾਖ ਖੇਤਰ ਆਪਣੇ ਆਪ ਲਈ ਵੱਖਰੀ ਸਟੇਟ ਦੀ ਮੰਗ ਕਰ ਰਿਹਾ ਹੈ। ਯਾਦ ਰਹੇ, ਲੇਹ-ਲੱਦਾਖ ਦਾ ਖੇਤਰ ਪਹਾੜੀ ਰੇਗਿਸਤਾਨ ਵਰਗਾ ਹੈ ਅਤੇ ਇਸ ਦੀ ਸਰਹੱਦ ਤਿੱਬਤ ਅਤੇ ਚੀਨ ਨਾਲ ਲਗਦੀ ਹੈ। ਚੀਨੀ ਫੌਜਾਂ ਦੀ ਨਕਲੋ ਹਰਕਤ ਬਾਰੇ ਭਾਰਤੀ ਫੌਜਾਂ ਨੂੰ ਪਹਿਲੀ ਸੂਹ ਇਥੋਂ ਦੇ ਚਰਵਾਹੇ ਹੀ ਦਿੰਦੇ ਹਨ। ਜਦੋਂ ਸਿਆਸੀ ਰਾਹ ਵੱਖਰੇ ਹੋਏ ਤਾਂ ਭਾਜਪਾ ਨੇ ਇਨ੍ਹਾਂ ਲੋਕਾਂ ਅਤੇ ਇਨ੍ਹਾਂ ਦੇ ਆਗੂ ਨੂੰ ਵੀ ਦੇਸ਼ ਧਰੋਹੀ ਆਖਣਾ ਸ਼ੁਰੂ ਕਰ ਦਿੱਤਾ ਹੈ। ਤਿੱਬਤ ਤੋਂ ਬਾਅਦ ਲੱਦਾਖ ਵਿੱਚ ਹੋਏ ਪ੍ਰਦਰਸ਼ਨਾਂ ਨੂੰ ਵੀ ਜੈਨ-ਜੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।