‘ਸਵੇਰਾ’ ਨੇ ਮਨਾਈਆਂ ਰਵਾਇਤੀ ਢੰਗ ਨਾਲ ‘ਤੀਆਂ’

ਖਬਰਾਂ

ਸ਼ਿਕਾਗੋ: ‘ਸਵੇਰਾ’ ਸੰਸਥਾ ਵੱਲੋਂ ਰਵਾਇਤੀ ਢੰਗ ਨਾਲ ਮਨਾਈਆਂ ਗਈਆਂ ‘ਧੀਆਂ ਦੀਆਂ ਤੀਆਂ’ ਦੌਰਾਨ ਗੀਤ ਗਾਉਂਦੀਆਂ, ਰੁਕ ਰੁਕ ਗਿੱਧਾ ਪਾਉਂਦੀਆਂ, ਹੱਥੀਂ ਮਹਿੰਦੀ, ਬਾਹੀਂ ਚੂੜਾ, ਗੁੱਤੀਂ ਪਾਏ ਪਰਾਂਦੇ, ਸਖੀਆਂ ਨਾਲ ਰਲ-ਮਿਲ ਤੀਆਂ ਦਾ ਤਿਓਹਾਰ ਮਨਾਉਂਦੀਆਂ, ਪੰਜਾਬੀ ਰੰਗ ਵਿੱਚ ਰੰਗੀਆਂ ਮੁਟਿਆਰਾਂ ਇੱਕ ਦੂਜੀ ਨਾਲ ਆਪਣੇ ਮਨ ਦੇ ਵਲਵਲੇ ਸਾਂਝੇ ਕਰਦੀਆਂ ਪੂਰੇ ਖੇੜੇ ਵਿੱਚ ਨਜ਼ਰ ਆ ਰਹੀਆਂ ਸਨ।

ਇਸ ਮੌਕੇ ਗੀਤ-ਸੰਗੀਤ ਦੇ ਨਾਲ ਮੁਟਿਆਰਾਂ, ਬੀਬੀਆਂ, ਬਜ਼ੁਰਗ ਔਰਤਾਂ ਨੇ ਆਪਣੇ ਦਿਲ ਦੇ ਵਲਵਲੇ ਪੇਸ਼ ਕੀਤੇ ਤੇ ਤੀਆਂ ਦਾ ਖੂਬ ਅਨੰਦ ਮਾਣਿਆ। ਪੁਰਾਣੇ ਸਮਿਆਂ ਵਿੱਚ ਵਿਆਹੀਆਂ ਕੁੜੀਆਂ ਸਉਣ `ਚ ਪੇਕੇ ਜਾ ਕੇ ਆਪਣੀਆਂ ਸਖੀਆਂ-ਸਹੇਲੀਆਂ ਨੂੰ ਮਿਲ ਕੇ ਆਪਣੀਆਂ ਯਾਦਾਂ ਤਾਜ਼ਾ ਕਰਨ ਲੈਂਦੀਆਂ ਸਨ, ਉਵੇਂ ਹੀ ਸ਼ਿਕਾਗੋ ਦੀਆਂ ਤੀਆਂ ਵਿੱਚ ਵੀ ਕੁੜੀਆਂ ਆਪਣੇ ਚਾਅ ਪੂਰੇ ਕਰ ਲੈਂਦੀਆਂ ਹਨ, ਤੇ ਤੀਆਂ ਉਤੇ ਸ਼ਾਮ ਤੱਕ ਮੁਟਿਆਰਾਂ ਡੀ.ਜੇ. `ਤੇ ਨੱਚਦੀਆਂ ਰਹਿੰਦੀਆਂ ਹਨ। ਐਨ ਉਵੇਂ ਹੀ ‘ਸਵੇਰਾ’ ਦੇ ਤੀਆਂ ਦੇ ਮੇਲੇ ਵਿੱਚ ਦ੍ਰਿਸ਼ ਬਣਿਆ ਪਿਆ ਸੀ। ਖੁੱਲ੍ਹੇ ਅਸਮਾਨ ਹੇਠ ਖਿੜ੍ਹੀ ਧੁੱਪ ਵਿੱਚ ਤੀਆਂ ਦਾ ਰੰਗ ਹੀ ਹੋਰ ਹੋ ਜਾਂਦਾ ਹੈ, ਤੇ ਇਹ ਤੀਆਂ ਪਾਰਕ ਵਿੱਚ ਸ਼ੈੱਡ ਥੱਲੇ ਜੁੜੀਆਂ। ਨਾਲ ਹੀ ਇੱਕ ਦਰਖਤ `ਤੇ ਪਾਈ ਪੀਂਘ ਦਾ ਛੋਟੀਆਂ ਬੱਚੀਆਂ ਦੇ ਨਾਲ ਨਾਲ ਵੱਡੀਆਂ ਮੁਟਿਆਰਾਂ ਨੇ ਵੀ ਝੂਟਣ ਦਾ ਖੂਬ ਅਨੰਦ ਲਿਆ। ਉਨ੍ਹਾਂ ਖੂਹ ਤੋਂ ਪਾਣੀ ਭਰਨ ਦਾ ਸਵਾਂਗ ਰਚਾ ਕੇ ਪਾਣੀ ਭਰਨ ਵਾਲੀਆਂ ਫੋਟੋਆਂ ਖਿੱਚ-ਖਿੱਚ ਅਤੇ ਰੀਲਾਂ ਬਣਾ ਕੇ ਸੋਸ਼ਲ ਮੀਡੀਆ `ਤੇ ਪਾਈਆਂ। ਇਸ ਮੌਕੇ ਉਨ੍ਹਾਂ ਦੇ ਚਾਅ ਡੁੱਲ੍ਹ ਡੁੱਲ੍ਹ ਪੈ ਰਹੇ ਸਨ ਅਤੇ ਰੰਗ-ਬਰੰਗੇ, ਸੋਹਣੇ ਸੋਹਣੇ ਪਹਿਰਾਵਿਆਂ ਤੇ ਹਾਰ-ਸ਼ਿੰਗਾਰ ਵਿੱਚ ਫੱਬੀਆਂ ਪੂਰੇ ਨਾਜ਼-ਨਖਰੇ ਕਰਦੀਆਂ ਬਾਗੋਬਾਗ ਹੋਈਆਂ ਪਈਆਂ ਸਨ।
ਇਸ ਵਾਰ ਤੀਆਂ ਦਾ ਆਗਾਜ਼ ਕਵਿਤਾ ਪਾਠ ਨਾਲ ਕੀਤਾ ਗਿਆ, ਜਿਸ ਵਿੱਚ ਛੋਟੀਆਂ ਬੱਚੀਆਂ ਤੋਂ ਸ਼ੁਰੂਆਤ ਕਰਵਾਉਂਦਿਆਂ ਵੱਡੀਆਂ ਨੇ ਵੀ ਕਵਿਤਾਵਾਂ ਪੜ੍ਹੀਆਂ। ਲਹਿੰਦੇ ਪੰਜਾਬ ਤੋਂ ਵੀ ਇੱਕ ਬੀਬੀ ਨੇ ਕਵਿਤਾ ਪੜ੍ਹੀ। ਇੰਡੀਆਨਾ ਤੋਂ ਆਈ ਕਵਿਤਰੀ ਰਾਕਿੰਦ ਕੌਰ ਨੇ ਤੀਆਂ ਦੇ ਵਿੱਚ ਕਵਿਤਾਵਾਂ ਦਾ ਭਾਗ ਸੰਭਾਲਿਆ। ਉਸ ਨੇ ਬੁਝਾਰਤਾਂ ਵੀ ਪੁੱਛੀਆਂ।
ਬੀਬੀ ਜਸਬੀਰ ਕੌਰ ਮਾਨ, ਜੋ ਕਿ ‘ਸਵੇਰਾ’ ਟੀਮ ਦੀ ਜਾਨ ਹੈ, ਨੇ ਆਈਆਂ ਹੋਈਆਂ ਸਾਰੀਆਂ ਮਹਿਮਾਨ ਬੀਬੀਆਂ/ਮੁਟਿਆਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਤੀਆਂ ਦਾ ਪ੍ਰੋਗਰਾਮ ਸਾਡਾ ਸਭ ਦਾ ਸਾਂਝਾ ਹੈ। ਉਨ੍ਹਾਂ ਨਾਲ ਹੀ ‘ਸਵੇਰਾ’ ਟੀਮ ਦੇ ਕੰਮਾਂ ਬਾਰੇ ਜਾਣੂੰ ਕਰਵਾਇਆ ਕਿ ਜਿਵੇਂ ਕਿਸੇ ਵੀ ਕੁੜੀ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ, ਉਸ ਦੀ ਮਦਦ ਕੀਤੀ ਜਾਂਦੀ ਹੈ। ਬੀਬੀ ਮਾਨ ਨੇ ਕੁਝ ਪੁਰਾਣੇ ਰਸਮੀ ਸ਼ਬਦਾਂ ਬਾਰੇ ਤੀਆਂ ਵਿੱਚ ਜੁੜੀਆਂ ਬੀਬੀਆਂ ਤੋਂ ਨਾਨਕੀ ਸ਼ੱਕ ਆਦਿ ਬਾਰੇ ਪੁੱਛਿਆ ਗਿਆ।
ਇਸ ਤੋਂ ਬਾਅਦ ਰੰਗਾ-ਰੰਗ ਪ੍ਰੋਗਰਾਮ ਸ਼ੁਰੂ ਹੋਇਆ, ਜਿਸ ਵਿੱਚ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਵਿੱਚੋਂ ਸਭ ਤੋਂ ਵੱਧ ਪਿਆਰ ਸੱਸ-ਨੂੰਹ ਤੇ ਪੁੱਤਰ ਦੀ ਨੋਕ-ਝੋਕ ਨੇ ਲੁੱਟਿਆ, ਜਿਸ ਵਿੱਚ ਇਹ ਦਰਸਾਇਆ ਗਿਆ ਕਿ ਜਦ ਸੱਸ ਦੀ ਪੈਨਸ਼ਨ ਲੱਗਦੀ ਹੈ ਤੇ ਸੱਸ ਦੇ ਵੀ ਨਖਰੇ ਵਧ ਜਾਂਦੇ ਹਨ, ਤੇ ਨੂੰਹ-ਪੁੱਤ ਵੀ ਪੈਨਸ਼ਨ ਲੱਗੀ ਮਾਂ ਦੀ ਕਿਵੇਂ ਸੇਵਾ ਕਰਦੇ ਹਨ। ਰਾਜਵਿੰਦਰ ਕੌਰ, ਰਿੰਪਲ ਤੇ ਬਲਜੀਤ ਵੱਲੋਂ ਬੋਲੀਆਂ ਪਾਈਆਂ ਗਈਆਂ। ਉਨ੍ਹਾਂ ਆਪਣੀ ਟੀਮ ਦੇ ਨਾਲ ਗਿੱਧਾ ਪਾ ਕੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ।
ਇਸ ਮੌਕੇ ਸਭ ਤੋਂ ਵੱਡੀ ਉਮਰ ਦੀ ਬੇਬੇ ਮੁਖਤਿਆਰ ਕੌਰ (98 ਸਾਲ) ਅਤੇ 94-94 ਸਾਲ ਦੀਆਂ ਬਜ਼ੁਰਗ ਬੀਬੀਆਂ- ਪ੍ਰਕਾਸ਼ ਵਰਮਾ ਤੇ ਕਰਮਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕਰਨ ਦੇ ਨਾਲ ਨਾਲ ਸਟੇਜ ਉਤੇ ਉਨ੍ਹਾਂ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਗਈਆਂ। ਉਨ੍ਹਾਂ ਦੇ ਸਮੇਂ ਦੇ ਕਿੱਸੇ ਅਤੇ ਬੋਲੀਆਂ ਸੁਣੀਆਂ। ਸੀਰਤ ਕੌਰ ਕਲੇਰ ਵੱਲੋਂ ਆਪਣੇ ਜ਼ਿੰਦਗੀ ਦੇ ਅਨੁਭਵ ਵਿੱਚੋਂ ਕੋਈ ਸਲਾਹ ਪੁੱਛੇ ਜਾਣ `ਤੇ ਵੱਡੀ ਬੇਬੇ ਨੇ ਜਵਾਬ ਵਿੱਚ ਕਿਹਾ ਕਿ ਆਪਣੇ ਵੱਡਿਆਂ ਦਾ ਸਤਿਕਾਰ ਤੇ ਛੋਟੇ ਬੱਚਿਆਂ ਨੂੰ ਪਿਆਰ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਮਨਪ੍ਰੀਤ ਕੌਰ ਦੀ ਧੀ ਤੇ ਬੀਬੀ ਹਰਮੇਸ਼ ਕੌਰ ਬੈਂਸ ਦੀ ਪੋਤੀ ਬੱਚੀ ਰਹਿਮਤ ਕੌਰ, ਜੋ ਤੀਆਂ ਵਿੱਚ ਸਭ ਤੋਂ ਛੋਟੀ ਸੀ, ਨੂੰ ਗਿਫਟ ਹੈਂਪਰ ਦਿੱਤਾ ਗਿਆ। ਇਸ ਮੌਕੇ ਮਰਹੂਮ ਜੌਲੀ ਡੰਡੋਨਾ ਨੂੰ ਵੀ ਯਾਦ ਕੀਤਾ ਗਿਆ।
‘ਸਵੇਰਾ’ ਦੀ ਟੀਮ ਸਵੇਰ ਤੋਂ ਹੀ ਪ੍ਰੋਗਰਾਮ ਦੀ ਤਿਆਰੀ ਵਿੱਚ ਲੱਗੀ ਹੋਈ ਸੀ। ਜਦ ਤੀਆਂ ਵਿੱਚ ਮੇਲ ਇਕੱਠਾ ਹੋਣ ਲੱਗਾ ਤਾਂ ‘ਸਵੇਰਾ’ ਟੀਮ ਮੈਂਬਰਾਂ ਨੇ ਸਟੇਜ ਸੰਭਾਲਣ ਦੀ ਭੂਮਿਕਾ ਬਾਖੂਬੀ ਨਿਭਾਈ। ਮਨਜਿੰਦ ਬਰਾੜ ਟਿਕਟਾਂ ਵਾਲੇ ਟੇਬਲ `ਤੇ ਡਿਊਟੀ ਨਿਭਾਅ ਰਹੀ ਸੀ। ਡਿੰਪੀ ਤੇ ਸੁਖਵੀਰ ਨੇ ਤੀਆਂ `ਚ ਆਈ ਸਭ ਤੋਂ ਵੱਡੀ ਬੇਬੇ ਤੇ ਸਭ ਤੋਂ ਛੋਟੀ ਬੱਚੀ ਨੂੰ ਚੁਣਨ ਸਮੇਤ ਹੋਰ ਜ਼ਿੰਮੇਵਾਰੀਆਂ ਆਪਣੇ ਸਿਰ `ਤੇ ਲਈਆਂ ਹੋਈਆਂ ਸਨ। ਅਖੀਰ ਵਿੱਚ ਬੀਬੀ ਜਸਬੀਰ ਕੌਰ ਮਾਨ ਨੇ ਟੀਮ ਸਵੇਰਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਬੀਬੀਆਂ ਨੇ ਕੱਪੜੇ, ਗਹਿਣੇ, ਜੁੱਤੀਆਂ ਆਦਿ ਦੇ ਸਟਾਲਾਂ ਤੋਂ ਖਰੀਦੋ-ਫਰੋਖਤ ਕੀਤੀ ਅਤੇ ਬਰਫ ਵਾਲੇ ਗੋਲੇ, ਕੜ੍ਹੀ-ਚੋਲ, ਛੋਲੇ-ਪੂਰੀਆਂ ਤੇ ਜਲੇਬੀਆਂ ਦਾ ਸਵਾਦ ਚੱਖਿਆ।

Leave a Reply

Your email address will not be published. Required fields are marked *