*ਫੈਡਰਲ ਹਿੰਦੋਸਤਾਨ ਦਾ ਮੁੱਦਾ ਉਭਾਰ ਸਕਦੀ ਕਾਂਗਰਸ?
*ਪੰਥਕ ਉਮੀਦਵਾਰ ਦੇ ਹੱਕ ਵਿੱਚ ਭਾਵਨਾਤਮਕ ਲਹਿਰ ਬਦਲ ਸਕਦੀ ਸਾਰੇ ਸਮੀਕਰਣ
ਪੰਜਾਬੀ ਪਰਵਾਜ਼ ਬਿਊਰੋ
ਤਰਨਤਾਰਨ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਯਾਨੀ 21 ਅਕਤੂਬਰ ਨੂੰ 11 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। 24 ਅਕਤੂਬਰ ਨੂੰ ਕਾਗਜ਼ ਵਾਪਸ ਲੈਣ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੇ ਉਮੀਦਵਾਰ ਚੋਣ ਮੈਦਾਨ ਵਿੱਚ ਰਹਿੰਦੇ ਹਨ। ਪੰਜਾਬ ਦੇ ਮੁੱਖ ਚੋਣ ਅਫਸਰ ਦੇ ਸਰੋਤਾਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਵੱਲੋਂ ਇੱਕ ਹੋਰ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸੇ ਤਰ੍ਹਾਂ ਮਨਦੀਪ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਵੱਲੋਂ ਦੋ ਨਾਮਜ਼ਦਗੀ ਪੱਤਰ ਆਜ਼ਾਦ ਉਮੀਦਵਾਰ ਵਜੋਂ ਭਰੇ ਗਏ ਹਨ।
ਜਿਹੜੇ ਹੋਰ ਆਜ਼ਾਦ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਉਨ੍ਹਾਂ ਵਿੱਚ ਲੱਖਾ ਸਿੰਘ, ਗੁਰਮੀਤ ਕੌਰ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਸਾਰਿਕਾ ਜੌੜਾ, ਹਰਪਾਲ ਸਿੰਘ, ਮਨਦੀਪ ਸਿੰਘ ਸਪੁੱਤਰ ਨਰਿੰਦਰ ਸਿੰਘ ਅਤੇ ਸੰਜੀਵ ਸਿੰਘ ਸ਼ਾਮਲ ਹਨ।
ਇੱਥੇ ਜ਼ਿਕਰਯੋਗ ਹੈ ਕਿ ਤਰਨਾਰਨ ਅਸੈਂਬਲੀ ਚੋਣਾਂ ਵਿੱਚ ਇੱਕ ਸ਼ਿਵ ਸੈਨਾ ਆਗੂ ਨੂੰ ਮਾਰਨ ਅਤੇ ਬਦਨਾਮ ਪੁਲਿਸ ਅਫਸਰ ਸੂਬਾ ਸਿੰਘ ’ਤੇ ਜਾਨ ਲੇਵਾ ਹਮਲਾ ਕਰਨ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਪੰਥਕ ਧਿਰਾਂ ਵੱਲੋਂ ਚੋਣਾਂ ਲੜ ਰਹੇ ਹਨ। ਦੂਜੇ ਪਾਸੇ ਅਕਾਲੀ ਦਲ (ਬਾਦਲ) ਵੱਲੋਂ ਇੱਕ ਧਰਮੀ ਫੌਜੀ ਪਰਿਵਾਰ ਨਾਲ ਸੰਬੰਧਤ ਔਰਤ ਸੁਖਵਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਚੋਣ ਵਿੱਚ ਆਪਣਾ ਵੱਖਰਾ ਉਮੀਦਵਾਰ ਐਲਾਨਿਆ ਹੈ। ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ ਚੋਣ ਮੈਦਾਨ ਵਿੱਚ ਹਨ, ਜਦਕਿ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਵੱਲੋਂ ਦੋ ਵਾਰ ਅਤੇ ਇੱਕ ਵਾਰ ਆਜ਼ਾਦ ਅਸੈਂਬਲੀ ਮੈਂਬਰ ਰਹੇ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜੇਸ਼ ਵਾਲੀਆ ਹਰਮੀਤ ਸਿੰਘ ਸੰਧੂ ਦੇ ਕਵਰਿੰਗ ਉਮੀਦਵਾਰ ਹੋਣਗੇ। ਇੱਥੇ ਜ਼ਿਕਰਯੋਗ ਹੈ ਕਿ ਤਰਨਤਾਰਨ ਦੀ ਵਿਧਾਨ ਸਭਾ ਸੀਟ ਇੱਥੋਂ ਦੇ ਐਮ.ਐਲ.ਏ. ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਹੋ ਜਾਣ ਕਾਰਨ ਲੰਘੇ ਜੂਨ ਮਹੀਨੇ ਵਿੱਚ ਖਾਲੀ ਹੋਈ ਸੀ।
ਉਪਰੋਕਤ ਤੋਂ ਇਲਾਵਾ ਡਾ. ਸੋਹਲ ਦੇ ਇੱਕ ਰਿਸ਼ਤੇਦਾਰ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਸ ਤੋਂ ਲਗਦਾ ਹੈ ਕਿ ਤਰਨਤਾਰਨ ਦੀ ਇਹ ਜ਼ਿਮਨੀ ਚੋਣ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣ ਗਈ ਹੈ। ਇਸ ਨੂੰ 2027 ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਤਰ੍ਹਾਂ ਨਾਲ ਸੈਮੀਫਾਈਨਲ ਸਮਝਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੀਬੀ ਸੁਖਵਿੰਦਰ ਕੌਰ, ਪੰਥਕ ਧਿਰਾਂ ਦੇ ਮਨਦੀਪ ਸਿੰਘ ਅਤੇ ‘ਆਪ’ ਵੱਲੋਂ ਹਰਮੀਤ ਸਿੰਘ ਸੰਧੂ ਦੇ ਚੋਣ ਮੈਦਾਨ ਵਿੱਚ ਹੋਣ ਨਾਲ ਇਹ ਮੁਕਾਬਲਾ ਦਿਲਚਸਪ ਬਣ ਗਿਆ ਹੈ। ਜੇ ਸਰਸਰੀ ਜਿਹਾ ਵੀ ਵਿਸ਼ਲੇਸ਼ਣ ਕਰੀਏ ਤਾਂ ਸਮਝ ਪੈਂਦਾ ਹੈ ਕਿ ਪੰਥਕ ਧਿਰਾਂ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਤਕਰੀਬਨ ਸਾਰੀਆਂ ਛੋਟੀਆਂ ਵੱਡੀਆਂ ਪੰਥਕ ਧਿਰਾਂ ਦੀ ਹਮਾਇਤ ਪ੍ਰਾਪਤ ਹੈ।
ਤਰਨਤਾਰਨ ਦੇ ਇੱਕ ਪੰਥਕ ਸੀਟ ਹੋਣ ਕਾਰਨ ਜਜ਼ਬਾਤੀ ਹਵਾ ਮਨਦੀਪ ਸਿੰਘ ਦੇ ਹੱਕ ਵਿੱਚ ਰਹਿਣ ਦੇ ਆਸਾਰ ਹਨ। ਭਾਵੇਂ ਕਿ ਅਕਾਲੀ ਦਲ (ਬਾਦਲ) ਵੱਲੋਂ ਵੀ ਆਪਣਾ ਉਮੀਦਵਾਰ ਧਰਮੀ ਫੌਜੀਆਂ ਦੇ ਪਰਿਵਾਰ ਵਿੱਚੋਂ ਉਤਾਰੇ ਜਾਣ ਕਾਰਨ ਕੁਝ ਨਾ ਕੁਝ ਪੰਥਕ ਵੋਟਾਂ ਖਿਚਣ ਦੀ ਹੈਸੀਅਤ ਵਿੱਚ ਹੈ, ਪਰ ਅਕਾਲੀ ਦਲ (ਬਾਦਲ) ਵੱਲੋਂ ਅਕਾਲ ਤਖਤ ਸਾਹਿਬ ਤੋਂ ਜਾਰੀ ਦੋ ਦਸੰਬਰ ਦੇ ਹੁਕਮਨਾਮੇ ਨੂੰ ਇੰਨਬਿੰਨ ਲਾਗੂ ਨਾ ਕੀਤੇ ਜਾਣ ਕਾਰਨ ਇਸ ਪੁਰਾਣੀ ਪੰਥਕ ਪਾਰਟੀ ਦਾ ਹਾਲੇ ਵੀ ਲੋਕਾਂ ਵਿੱਚ ਵਿਸ਼ਵਾਸ ਬਹਾਲ ਨਹੀਂ ਹੋਇਆ। ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਪੰਥਕ ਪਿਛੋਕੜ ਹੋਣ ਕਾਰਨ ਜਿੰਨੀਆਂ ਵੀ ਵੋਟਾਂ ਖਿੱਚੇਗੀ, ਉਸ ਦਾ ਸਿੱਧਾ ਘਾਟਾ ਪੰਥਕ ਉਮੀਦਵਾਰ ਨੂੰ ਪਵੇਗਾ। ਪਰ ਮੁਕੰਮਲ ਪੰਥਕ ਧਿਰਾਂ ਦੇ ਮਨਦੀਪ ਸਿੰਘ ਦੇ ਹੱਕ ਵਿੱਚ ਚਲੇ ਜਾਣ ਕਾਰਨ ਮੁੱਖ ਟੱਕਰ ਮਨਦੀਪ ਸਿੰਘ, ਕਾਂਗਰਸੀ ਉਮੀਦਵਾਰ ਕਰਨ ਬਰਾੜ ਅਤੇ ‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਵਿਚਕਾਰ ਵਿਖਾਈ ਦੇ ਰਹੀ ਹੈ।
ਚੋਣ ਮਹਿੰਮ ਜਦੋਂ ਅੱਗੇ ਵਧੇਗੀ ਅਤੇ ਵੋਟਾਂ ਦੀ ਤਰੀਕ ਦੇ ਨੇੜੇ ਜਾਵੇਗੀ ਤਾਂ ਮੁਕਾਬਲਾ ਮੁੱਖ ਤੌਰ ‘ਤੇ ਦੋ ਉਮੀਦਵਾਰਾਂ- ‘ਆਪ’ ਦੇ ਹਰਮੀਤ ਸਿੰਘ ਸੰਧੂ ਅਤੇ ਪੰਥਕ ਧਿਰਾਂ ਦੇ ਉਮੀਦਵਾਰ ਮਨਦੀਪ ਸਿੰਘ ਦੇ ਵਿਚਕਾਰ ਹੀ ਰਹਿ ਜਾਣ ਦੀ ਉਮੀਦ ਹੈ। ਉਂਝ ਚਾਰੋਂ ਪ੍ਰਮੁੱਖ ਧਿਰਾਂ ਵੱਲੋਂ ਇਹ ਸੀਟ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਣਾ ਹੈ। ਚੋਣ ਮੁਹਿੰਮ ਦੇ ਅੱਗੇ ਵਧਣ ਨਾਲ ਉਲਟ ਫੇਰ ਕਿਸੇ ਹੋਰ ਦਿਸ਼ਾ ਵਿੱਚ ਵੀ ਵਾਪਰ ਸਕਦੇ ਹਨ, ਇਸ ਲਈ ਚੋਣ ਵਿਸ਼ਲੇਸ਼ਕਾਂ ਨੂੰ ਚੋਣ ਮੁਹਿੰਮ ਦੇ ਡਾਇਨਿਮਿਕਸ ‘ਤੇ ਤਿੱਖੀ ਨਜ਼ਰ ਰੱਖਣੀ ਹੋਵੇਗੀ। ਉਂਝ ਕਾਂਗਰਸ ਪਾਰਟੀ ਨੇ ਪੰਥਕ ਉਮੀਦਵਾਰ ਦੇ ਮੈਦਾਨ ਵਿੱਚ ਆਉਣ ਦੇ ਚਰਚੇ ਦੇ ਮੱਦੇਨਜ਼ਰ ਪਹਿਲਾਂ ਹੀ ਤਰਨਤਾਰਨ ਚੋਣ ਦਾ ਏਜੰਡਾ ਹਿੰਦੁਸਤਾਨ ਵਰਸਿਜ਼ ਖਾਲਿਸਤਾਨ ਤੈਅ ਕਰਨ ਦਾ ਯਤਨ ਕੀਤਾ ਗਿਆ। ਪਰ ਇੰਨੀ ਉੱਚੀ ਪਿੱਚ ਦੀ ਜਦੋਂ ਮੀਡੀਆ ਦੇ ਹਲਕਿਆਂ ਵਿੱਚ ਆਲੋਚਨਾ ਹੋਣ ਲੱਗੀ ਤਾਂ ਕਾਂਗਰਸ ਪਾਰਟੀ ਨੇ ਆਪਣੀ ਸੁਰ ਨੀਵੀਂ ਕਰ ਲਈ। ਉਂਝ ਖਾਲਿਸਤਾਨ ਦੇ ਮੁਕਾਬਲੇ ਕਾਂਗਰਸ ਪਾਰਟੀ ਜੇ ਕੋਈ ਜਚਦਾ ਫਬਦਾ ਬਦਲ ਦੇਣਾ ਚਾਹੁੰਦੀ ਤਾਂ ਉਸ ਨੂੰ ਹਿੰਦੋਸਤਾਨ ਦਾ ਸੰਕਲਪ ਇਉਂ ਪੇਸ਼ ਕਰਨਾ ਚਾਹੀਦਾ ਸੀ; ਖੁਦਮੁਖਤਾਰ ਸਟੇਟਾਂ ਦੀ ਭਾਰਤੀ ਯੂਨੀਅਨ=ਹਿੰਦੋਸਤਾਨ। ਉਨ੍ਹਾਂ ਦਾ ਇਹ ਸੰਕਲਪ ਭਾਜਪਾ ਦੇ ‘ਹਿੰਦੂ ਭਾਰਤ’ ਨਾਲੋਂ ਪੂਰੀ ਤਰ੍ਹਾਂ ਵੱਖਰਾ ਹੋਵੇਗਾ। ਕਾਂਗਰਸ ਪਾਰਟੀ ਜਿਹੜੀ ਇਤਿਹਾਸ ਵਿੱਚ ਭਾਜਪਾ ਵਾਂਗ ਏਕਾਤਮਕ ਭਾਰਤ ਦੀ ਹੀ ਗੱਲ ਕਰਦੀ ਰਹੀ ਹੈ, ਜੇ ਉਹ ਆਪਣੀ ਗਲਤ ਵਿਰਾਸਤ ਤੋਂ ਖਹਿੜਾ ਛੁਡਾ ਕੇ ਅੱਗੇ ਨਹੀਂ ਤੁਰਦੀ ਤਾਂ ਉਹ ਇਸ ਮੁਲਕ ਵਿੱਚ ਆਪਣੀ ਨਵੀਂ, ਸਹਿਹੋਂਦਪੂਰਨ-ਸੈਕੂਲਰ ਅਤੇ ਰਾਜਾਂ ਦੀ ਖੁਦਮੁਖਤਾਰੀ ਦੀ ਗਾਰੰਟੀ ਕਰਨ ਵਾਲੀ ਪਹੁੰਚ ਨਹੀਂ ਅਪਣਾਉਂਦੀ ਤਾਂ ਕਾਂਗਰਸ ਦਾ ਇੱਕ ਦੇਸ਼ ਪੱਧਰ ਪਾਰਟੀ ਵਜੋਂ ਮੁੜ ਸਥਾਪਤ ਹੋਣਾ ਨਾਮੁਮਕਿਨ ਹੈ। ਅਜਿਹੀ ਪਹੁੰਚ ‘ਹਿੰਦੂ ਭਾਰਤ’ ਦੇ ਕਲੇਸ਼ੀ ਨਾਹਰੇ ਨਾਲੋਂ ਦੇਸ਼ ਵਿੱਚ ਕਿਧਰੇ ਵੱਧ ਪਰਸਪਰ ਏਕਤਾ ਪੈਦਾ ਕਰੇਗੀ। ਇਹਦੇ ਲਈ ਕਾਂਗਰਸ ਨੂੰ ਨਵੀਂ ਅਤੇ ਜਵਾਨ ਲੀਡਰਸ਼ਿੱਪ ਦੀ ਵਿਆਪਕ ਪੱਧਰ ‘ਤੇ ਭਰਤੀ ਕਰਨੀ ਚਾਹੀਦੀ ਹੈ।
ਭਾਜਪਾ ਵੱਲੋਂ ਅਪਣਾਈ ਜਾ ਰਹੀ ‘ਹਿੰਦੂ ਭਾਰਤ’ ਵਾਲੀ ਪਹੁੰਚ ਦੇਸ਼ ਵਿੱਚ ਵੱਡੇ ਕਲੇਸ਼ਾਂ ਨੂੰ ਜਨਮ ਦੇਵੇਗੀ। ਫਿਰ ‘ਹਿੰਦੂ ਭਾਰਤ’ ਦੇ ਮੁਕਾਬਲੇ ਸਿੱਖਾਂ ਲਈ ਵੱਖਰੇ ‘ਖਾਲਿਸਤਾਨ’ ਦੀ ਮੰਗ ਉਭਰਨੀ ਤੈਅ ਹੈ। ਤਰਨਤਾਰਨ ਦੀ ਚੋਣ ਭਾਰਤੀ ਜਨਤਾ ਪਾਰਟੀ ਨੂੰ ਅਜਿਹਾ ਸੁਨੇਹਾ ਵੀ ਦੇਵੇਗੀ। ਤਰਨਤਾਰਨ ਦੀ ਚੋਣ ਵਿੱਚ ਜਿੱਥੋਂ ਤੱਕ ‘ਆਪ’ ਦੇ ਉਮੀਦਵਾਰ ਦਾ ਸਵਾਲ ਹੈ, ਉਸ ਦਾ ਨਿੱਜੀ ਆਧਾਰ ਇਸ ਖਿਤੇ ਵਿੱਚ ਕਾਫੀ ਹੈ ਅਤੇ ਆਪਣਾ ਰਾਜਨੀਤਿਕ ਕਲਾਊਟ ਮੌਜੂਦ ਹੈ। ਇਸ ਦੇ ਨਾਲ ਰਾਜਸੱਤਾ ਦੀ ਸ਼ਕਤੀ ਨੂੰ ਜੋੜ ਕੇ ਉਹ ਦੂਜੇ ਉਮੀਦਵਾਰਾਂ ਲਈ ਚੁਣੌਤੀ ਖੜ੍ਹੀ ਕਰ ਸਕਦਾ ਹੈ।
ਤਰਨਤਾਰਨ ਦੀ ਜ਼ਿਮਨੀ ਚੋਣ ਸਿਰਫ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਦ੍ਰਿਸ਼ਟੀ ਤੋਂ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਇਸ ਨੇ ਅਕਾਲੀ ਦਲ (ਬਾਦਲ), ਅਕਾਲੀ ਦਲ (ਵਾਰਸ ਪੰਜਾਬ ਦੇ) ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਨਵੇਂ ਬਣੇ ਸਿਆਸੀ ਦਲਾਂ ਦਾ ਭਵਿੱਖ ਵੀ ਤੈਅ ਕਰਨਾ ਹੈ। ਇਹ ਚੋਣ ਇਹ ਸੂਹ ਵੀ ਦੇਵੇਗੀ ਕਿ ਪੰਜਾਬ ਵਿੱਚ ਭਾਜਪਾ ਦਾ ਆਉਣ ਵਾਲੇ ਸਮੇਂ ਵਿੱਚ ਕੀ ਭਵਿੱਖ ਹੋਵੇਗਾ। ਇਹ ਪਾਰਟੀ ਆਪਣੇ ਆਪ ਨੂੰ ਇੱਕ ਵੱਖਰੀ ਪਾਰਟੀ ਵਜੋਂ ਸਥਾਪਤ ਕਰ ਸਕੇਗੀ ਜਾਂ ਇਸ ਨੂੰ ਮੁੜ ਕਿਸੇ ਨਾ ਕਿਸੇ ਅਕਾਲੀ ਦਲ ਨਾਲ ਗੱਠਜੋੜ ਵਿੱਚ ਜਾਣਾ ਪਵੇਗਾ।
