ਗਾਜ਼ਾ ਜੰਗਬੰਦੀ: ਕੰਬਦੇ ਪਾਣੀਆਂ `ਤੇ ਵੱਜੀ ਲਕੀਰ?

ਖਬਰਾਂ ਵਿਚਾਰ-ਵਟਾਂਦਰਾ

*ਟਰੰਪ ਦਾ ਧੱਕੜਪੁਣਾ ਜੰਗਬੰਦੀ ਕਰਵਾਉਣ ਦੇ ਕੰਮ ਆਇਆ
*ਇਜ਼ਰਾਇਲ ਹਮਾਸ ਦੇ ਗਾਜ਼ਾ ਪੱਟੀ ਵਿੱਚ ਮੁੜ ਕਾਬਜ਼ ਹੋਣ ਤੋਂ ਦੁਖੀ
ਪੰਜਾਬੀ ਪਰਵਾਜ਼ ਬਿਊਰੋ
ਅੰਤ ਜਦੋਂ ਗਾਜ਼ਾ ਵਿੱਚ ਕੁਝ ਵੀ ਵੱਸਣ ਯੋਗ ਨਹੀਂ ਬਚਿਆ ਤਾਂ ਮੱਧਪੂਰਬ ਦੇ ਦੋ ਮੁਲਕਾਂ- ਮਿਸਰ ਤੇ ਕਤਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਉਸ ਦੇ ਦਾਮਾਦ ਜੇਰਡ ਕੁਸ਼ਨੇਰ, ਨੇ ਆਪੋ ਆਪਣੀਆਂ ਭੁਮਿਕਾਵਾਂ ਨਿਭਾਉਂਦਿਆਂ ਹਮਾਸ ਅਤੇ ਇਜ਼ਰਾਇਲ ਵਿਚਕਾਰ ਚੱਲਦੀ ਜੰਗ ਨੂੰ ਰੋਕ ਦਿੱਤਾ ਹੈ। ਉਂਝ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭੂਮਿਕਾ ਇਸ ਜੰਗਬੰਦੀ ਨੂੰ ਲਾਗੂ ਕਰਵਾਉਣ ਵਿੱਚ ਕੇਂਦਰੀ ਰਹੀ ਹੈ। ਇੱਕ ਧੱਕੜ ਆਗੂ ਹੀ ਇਸ ਕਿਸਮ ਦੀ ਜੰਗਬੰਦੀ ਕਰਵਾ ਸਕਦਾ ਸੀ।

ਇਹ ਤੱਥ ਸਮਝਣ ਵਾਲਾ ਹੈ ਕਿ ਕਿਸੇ ਵਿਅਕਤੀ ਦੇ ਔਗੁਣ ਹੀ ਜ਼ਿੰਦਗੀ ਦੇ ਕਿਸੇ ਹੋਰ ਪੱਖ ਤੋਂ ਉਸ ਦੇ ਗੁਣ ਬਣ ਜਾਂਦੇ ਹਨ। ਜੇ.ਡੀ. ਵੈਂਸ ਨੇ ਕਿਹਾ ਕਿ ਜੰਗਬੰਦੀ ਆਸ ਨਾਲੋਂ ਵੱਧ ਸਫਲ ਰਹੀ ਹੈ। ਭਾਵੇਂ ਜੰਗਬੰਦੀ ਹੋਈ ਹੋਈ ਹੈ, ਪਰ ਪਿਛਲੇ ਬਾਰਾਂ ਦਿਨਾਂ ਦੌਰਾਨ ਹਮਾਸ ਅਤੇ ਇਜ਼ਰਾਇਲੀ ਫੌਜ ਵਿਚਕਾਰ ਹੋਈਆਂ ਝੱੜਪਾਂ ਵਿੱਚ 60 ਦੇ ਕਰੀਬ ਫਲਿਸਤੀਨੀ ਅਤੇ ਦੋ ਇਜ਼ਰਾਇਲ ਦੇ ਫੌਜੀ ਮਾਰੇ ਗਏ ਹਨ।
ਇਸ ਸਮਝੌਤੇ ਦੇ ਤਹਿਤ ਪਹਿਲੇ ਗੇੜ ਵਿੱਚ ਦੋਹਾਂ ਧਿਰਾਂ ਵਿਚਾਲੇ ਗੋਲੀ ਬੰਦੀ ਹੋ ਗਈ ਹੈ ਅਤੇ ਦੋਹਾਂ ਮੁਲਕਾਂ ਵੱਲੋਂ ਇੱਕ ਦੂਜੇ ਦੇ ਬਣਾਏ ਗਏ ਬੰਦੀ ਰਿਹਾਅ ਕੀਤੇ ਜਾ ਰਹੇ ਹਨ। ਇਜ਼ਰਾਇਲ ਵੱਲੋਂ ਇੱਕ ਇਜ਼ਰਾਇਲੀ ਬੰਦੀ ਦੇ ਬਦਲੇ 15 ਫਲਿਸਤੀਨੀ ਛੱਡੇ ਜਾਣੇ ਹਨ। ਇਹ ਫਲਿਸਤੀਨੀ ਬੰਦੀ ਇਜ਼ਰਾਇਲ ਵੱਲੋਂ ਬੀਤੇ ਦੋ ਸਾਲ ਚੱਲੀ ਜੰਗ ਵਿੱਚ ਹਿਰਾਸਤ ਵਿੱਚ ਲਏ ਗਏ ਸਨ। ਇਨ੍ਹਾਂ ਵਿੱਚੋਂ ਬਹੁਤਿਆਂ ਦੀ ਉਮਰ 30 ਸਾਲ ਤੋਂ ਘੱਟ ਹੈ। ਬਿਨਾ ਕੋਈ ਕੇਸ ਚਲਾਏ ਇਨ੍ਹਾਂ ਬੰਦੀਆਂ ਨੂੰ ਫੌਜੀ ਹਿਰਾਸਤ ਵਿੱਚ ਰੱਖਿਆ ਗਿਆ। ਕਾਫੀ ਵੱਡੀ ਗਿਣਤੀ ਵਿੱਚ ਨਾਬਾਲਗ ਬੱਚੇ ਵੀ ਹਨ, ਜਿਨ੍ਹਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਇਸ ਤੋਂ ਇਲਾਵਾ ਇਜ਼ਰਾਇਲ ਵੱਲੋਂ ਸਵਾ ਸੌ `ਤੋਂ ਉਪਰ ਲਾਸ਼ਾਂ ਵੀ ਗਾਜ਼ਾ ਅਥਾਰਟੀ ਨੂੰ ਵਾਪਸ ਕੀਤੀਆਂ ਗਈਆਂ ਹਨ। ਇਨ੍ਹਾਂ ਫਲਿਸਤੀਨੀ ਬੰਦੀਆਂ ਦੇ ਪਰਿਵਾਰਾਂ ਨੂੰ ਵੀ ਇਨ੍ਹਾਂ ਬਾਰੇ ਜ਼ਿੰਦਾ ਜਾਂ ਮਰੇ ਹੋਣ ਦਾ ਪਤਾ ਨਹੀਂ ਸੀ। ਉਧਰ ਹਮਾਸ ਵੱਲੋਂ ਇਜ਼ਰਾਇਲ ਨੂੰ 8 ਲਾਸ਼ਾਂ ਵਾਪਸ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 1-2 ਬਾਰੇ ਇਜ਼ਰਾਇਲ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਸ਼ਹਿਰੀਆਂ ਦੀਆਂ ਲਾਸ਼ਾਂ ਨਹੀਂ ਹਨ। ਯਾਦ ਰਹੇ, 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਇਲ ਵਿੱਚ ਕੀਤੇ ਗਏ ਹਮਲੇ ਵਿੱਚ 250 ਦੇ ਕਰੀਬ ਲੋਕਾਂ ਨੂੰ ਬੰਦੀ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚ 20 ਦੀ ਮੌਤ ਹੋ ਗਈ ਸੀ। ਇਜ਼ਰਾਇਲ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਜੇ ਜੰਗ ਦੌਰਾਨ ਮਾਰੇ ਗਏ ਸਾਰੇ 20 ਬੰਦੀਆਂ ਦੀਆਂ ਲਾਸ਼ਾਂ ਵਾਪਸ ਨਾ ਕੀਤੀਆਂ ਗਈਆਂ ਤਾਂ ਉਹ ਗਾਜ਼ਾ ਵਿੱਚ ਆ ਰਹੀ ਸਾਰੀ ਕੌਮਾਂਤਰੀ ਸਹਾਇਤਾ ਰੋਕ ਦੇਵੇਗਾ ਅਤੇ ਜੰਗ ਦੁਬਾਰਾ ਤੋਂ ਛੇੜ ਦੇਵੇਗਾ। ਜਦਕਿ ਹਮਾਸ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਕੋਲ ਜਿੰਨੇ ਕੁ ਬੰਦੀਆਂ ਬਾਰੇ ਜਾਣਕਾਰੀ ਸੀ, ਉਨ੍ਹਾਂ ਦੀਆਂ ਲਾਸ਼ਾਂ ਵਾਪਸ ਕਰ ਦਿੱਤੀਆਂ ਗਈਆਂ ਹਨ, ਬਾਕੀ ਕਿਸ ਤਰ੍ਹਾਂ ਮਾਰੇ ਗਏ ਅਤੇ ਕਦੋਂ ਮਾਰੇ ਗਏ, ਇਹਦੇ ਸੰਬੰਧੀ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਵਿੱਚ ਕੀਤੀ ਗਈ ਤਬਾਹੀ ਨੇ ਸਾਰੀ ਪੱਟੀ ਨੂੰ ਇੱਕ ਤਰ੍ਹਾਂ ਨਾਲ ਖੰਡਰ ਵਿੱਚ ਬਦਲ ਦਿੱਤਾ ਹੈ। ਹਮਾਸ ਦੀ ਇਸ ਦਲੀਲ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸਵਿਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਹਮਾਸ ਦਾ ਕਾਡਰ ਤੱਦੀ ਨਾਲ ਲਾਸ਼ਾਂ ਦੀ ਖੋਜ ਕਰ ਰਿਹਾ ਹੈ, ਪਰ ਇੰਨੀ ਬਰਬਾਦੀ ਅਤੇ ਮਲਬੇ ਵਿੱਚੋਂ 10-12 ਲਾਸ਼ਾਂ ਨੂੰ ਲੱਭਣਾ ਇੱਕ ਬੇਹੱਦ ਦੁੱਭਰ ਕਾਰਜ ਹੈ। ਇਸ ਬਿਆਨ ਨਾਲ ਇਜ਼ਰਾਇਲ ਵੱਲੋਂ ਸਮਝੌਤਾ ਤੋੜਨ ਅਤੇ ਮੁੜ ਜੰਗ ਛੇੜਨ ਦੀਆਂ ਸੰਭਾਵਨਾਵਾਂ ਫਿਲਹਾਲ ਮੱਧਮ ਪੈ ਗਈਆਂ ਹਨ।
ਹਮਾਸ ਵੱਲੋਂ 7 ਅਕਤੂਬਰ 2023 ਨੂੰ ਕੀਤੇ ਗਏ ਹਮਲੇ ਵਿੱਚ ਬਣਾਏ ਗਏ ਬੰਦੀਆਂ ਵਿੱਚੋਂ ਜਿਨ੍ਹਾਂ ਦੀ ਮੌਤ ਹੋ ਗਈ ਸੀ, ਉਨ੍ਹਾਂ ਵਿੱਚੋਂ ਪੰਜ ਦੀਆਂ ਲਾਸ਼ਾਂ ਇਜ਼ਰਾਇਲ ਨੂੰ ਵਾਪਸ ਕਰ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ਵਿੱਚੋਂ ਚਾਰ ਦੀ ਪਹਿਚਾਣ ਹੋ ਗਈ ਹੈ। ਜਦਕਿ ਇੱਕ ਪੰਜਵੇਂ ਵਿਅਕਤੀ ਦੀ ਇਜ਼ਰਾਇਲੀ ਬੰਦੀਆਂ ਵਿੱਚੋਂ ਨਹੀਂ ਸੀ। ਇਸ ਹਾਲਤ ਵਿੱਚ ਇਜ਼ਰਾਇਲ ਹਮਾਸ ਤੋਂ ਆਪਣੇ ਬਾਕੀ ਬਚਦੇ ਬੰਦੀਆਂ ਦੀਆਂ ਲਾਸ਼ਾਂ ਵਾਪਸ ਕਰਨ ਲਈ ਕਹਿ ਰਿਹਾ ਹੈ। ਯਾਦ ਰਹੇ, ਦੋਹਾਂ ਧਿਰਾਂ ਵਿਚਕਾਰ ਹੋਏ 20 ਨੁਕਾਤੀ ਸਮਝੌਤੇ ਵਿੱਚ ਇੱਕ ਸ਼ਰਤ ਇਹ ਵੀ ਹੈ ਕਿ ਗਾਜ਼ਾ ਵਿੱਚ ਹਰ ਰੋਜ਼ ਰਸਦ ਦੇ 600 ਟਰੱਕ ਭੇਜੇ ਜਾਣਗੇ; ਪਰ ਇਜ਼ਰਾਇਲੀ ਫੌਜ ਵੱਲੋਂ ਹਾਲੇ ਤੱਕ 300 ਦੇ ਕਰੀਬ ਟਰੱਕ ਹੀ ਅੰਦਰ ਜਾਣ ਦਿੱਤੇ ਜਾ ਰਹੇ ਹਨ। ਸਮਝੌਤੇ ਦੇ ਦੂਜੇ ਗੇੜ ਨੂੰ ਲਾਗੂ ਕਰਨ ਲਈ ਦੋਹਾਂ ਧਿਰਾਂ ਵਿਚਕਾਰ ਹਾਲੇ ਵੀ ਮਿਸਰ ਵਿੱਚ ਗੱਲਬਾਤ ਚੱਲ ਰਹੀ ਹੈ। ਇੱਕ ਪਾਸੇ ਅਰਬ ਮੁਲਕ ਹਮਾਸ ਅਤੇ ਇਜ਼ਰਾਇਲ ਵਿਚਕਾਰ ਹੋਏ ਸਮਝੌਤੇ ਅਨੁਸਾਰ 600 ਟਰੱਕ ਗਾਜ਼ਾ ਵਿੱਚ ਜਾਣ ਲਈ ਦਬਾਅ ਬਣਾ ਰਹੇ ਹਨ। ਉਧਰ ਇਜ਼ਰਾਇਲ ਦੇ ਰਾਸ਼ਟਰਪਤੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਆਪਣੇ ਹਥਿਆਰ ਸੁੱਟ ਦੇਵੇ ਨਹੀਂ ਤਾਂ ਇਸ ਮਕਸਦ ਲਈ ਟੇਢੇ (ਜੰਗੀ) ਤਰੀਕੇ ਵਰਤੇ ਜਾਣਗੇ; ਪਰ ਨੇਤਨਯਾਹੂ ਦੇ ਇਸ ਬਿਆਨ ਤੋਂ ਬਾਅਦ ਹਮਾਸ ਨੇ ਗਾਜ਼ਾ ਵਿੱਚ ਨਵੇਂ-ਨਵੇਂ ਹਥਿਆਰ ਲਹਿਰਾਏ। ਇਸ ਤੋਂ ਸਾਰੀ ਦੁਨੀਆਂ ਵਿੱਚ ਖਦਸ਼ੇ ਖੜ੍ਹੇ ਹੋ ਗਏ ਸਨ ਕਿ ਗਾਜ਼ਾ ਵਿੱਚ ਹੋਇਆ ਅਮਨ ਸਮਝੌਤਾ ਕਿਧਰੇ ਕੰਬਦੇ ਪਾਣੀ `ਤੇ ਵੱਜੀ ਲੀਕ ਹੀ ਸਬਤ ਨਾ ਹੋਵੇ!
ਗਾਜ਼ਾ ਜੰਗ ਬੰਦੀ ਸ਼ਾਇਦ ਇੰਨੀ ਜਲਦੀ ਨਾ ਹੁੰਦੀ, ਜੇ ਇਜ਼ਰਾਇਲੀ ਫੌਜ ਨੇ ਕਤਰ ਵਿੱਚ ਚੱਲ ਰਹੀ ਗੱਲਬਾਤ ਵਿੱਚ ਸ਼ਾਮਲ ਸੀਨੀਅਰ ਹਮਾਸ ਲੀਡਰਾਂ ‘ਤੇ ਹਵਾਈ ਹਮਲੇ ਨਾ ਕੀਤੇ ਹੁੰਦੇ। ਇਸ ਕਾਰਨ ਜੇ ਅਮਰੀਕਾ ਇਜ਼ਰਾਇਲ ਨਾਲੋਂ ਵਿੱਥ ਨਾ ਬਣਾਉਂਦਾ ਤਾਂ ਪਾਕਿਸਤਾਨ ਸਮੇਤ ਸਾਰੇ ਮਿਡਲ ਈਸਟ ਵਿੱਚੋਂ ਅਮਰੀਕੀ ਸਿਆਸੀ ਅਤੇ ਫੌਜੀ ਪ੍ਰਭਾਵ ਦਾ ਸਫਾਇਆ ਹੋ ਸਕਦਾ ਸੀ। ਦੂਜੇ ਪਾਸੇ ਗਰੇਟਾ ਥਨਬਰਗ ਦੀ ਅਗਵਾਈ ਵਿੱਚ ਹੋਏ ਕੌਮਾਂਤਰੀ ਵਿਰੋਧ ਨੇ ਵੀ ਵੱਡਾ ਪ੍ਰਭਾਵ ਛੱਡਿਆ। ਇਸ ਦੀ ਹਮਾਇਤ ਵਿੱਚ ਦੁਨੀਆਂ ਭਰ ਵਿੱਚ ਹੋਏ ਪ੍ਰਦਰਸ਼ਨਾਂ ਤੋਂ ਇਹ ਵੀ ਲੱਗਣ ਲੱਗ ਪਿਆ ਸੀ ਕਿ ਇਜ਼ਰਾਇਲ ਵੱਲੋਂ ਗਾਜ਼ਾ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਦਾ ਵਿਰੋਧ ਬਹੁਤ ਵੱਡੇ ਜਨਤਕ ਕਾਫਲਿਆਂ ਨੂੰ ਇਸ ਦੇ ਵਿਰੋਧ ਲਈ ਰਵਾਨਾ ਕਰ ਸਕਦਾ ਹੈ। ਇਸ ਤੋਂ ਇਲਾਵਾ ਗਾਜ਼ਾ ਜੰਗ ਬਾਰੇ ਯੂਰਪੀ ਮੁਲਕਾਂ ਖਾਸ ਕਰਕੇ ਫਰਾਂਸ, ਜਰਮਨੀ ਅਤੇ ਇੰਗਲੈਂਡ ਦੀ ਬਦਲੀ ਪਹੁੰਚ ਨੇ ਵੀ ਇਸ ਜੰਗਬੰਦੀ ਨੂੰ ਤੱਦੀ ਨਾਲ ਅੱਗੇ ਤੋਰਨ ਲਈ ਪ੍ਰਭਾਵ ਛੱਡਿਆ। ਯੂਰਪ ਨੇ ਆਜ਼ਾਦ ਫਲਿਸਤੀਨ ਦੇ ਪੱਖ ਵਿੱਚ ਉਤਰਨ ਲਈ ਭਾਵੇਂ ਦੇਰ ਕਰ ਦਿੱਤੀ, ਪਰ ਅਖੀਰ ਵਿੱਚ ਉਨ੍ਹਾਂ ਦਰੁਸਤ ਫੈਸਲੇ ਕੀਤੇ। ਗਾਜ਼ਾ ਵਿੱਚ ਜਿਸ ਕਿਸਮ ਦਾ ਵਢਾਂਗਾ ਇਜ਼ਰਾਇਲ ਵੱਲੋਂ ਕੀਤਾ ਜਾ ਰਿਹਾ ਸੀ, ਉਸ ਦੌਰਾਨ ਇਜ਼ਰਾਇਲ ਨੂੰ ਹਥਿਆਰ ਅਤੇ ਅਸਲਾ ਬਰੂਦ ਸਪਲਾਈ ਕਰਨ ਤੋਂ ਅੱਗੇ ਜਾ ਕੇ ਉਸ ਦੀ ਸਿਆਸੀ ਹਮਾਇਤ ਕਰਨ ਨੇ ਲਗਪਗ ਮੁਕੰਮਲ ਪੱਛਮੀ ਸੱਭਿਅਤਾ ਦੀ ਭਰੋਸੇਯੋਗਤਾ ਨੂੰ ਬੁਰੀ ਤਰ੍ਹਾਂ ਦਾਗੀ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਜੰਗਬੰਦੀ ਨੇ ਯੂਰਪ ਅਤੇ ਅਮਰੀਕਾ ਦੀ ਸਾਖ ਨੂੰ ਕਿਸੇ ਹੱਦ ਤੱਕ ਬਚਾਅ ਲਿਆ ਹੈ ਅਤੇ ਮਿਡਲ ਈਸਟ ਵਿੱਚ ਅਮਰੀਕੀ ਦਖਲ ਦੀਆਂ ਸੰਭਾਵਨਾਵਾਂ ਵੀ ਕਾਇਮ ਹਨ। ਰਾਸ਼ਟਰਪਤੀ ਟਰੰਪ ਵੱਲੋਂ ਜੰਗਬੰਦੀ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਨਾਲ ਅਮਰੀਕਾ ਮੱਧ ਪੂਰਬੀ ਅਤੇ ਹੋਰ ਇਸਲਾਮਿਕ ਮੁਲਕਾਂ ਨੂੰ ਇਹ ਜਚਾਉਣ ਵਿੱਚ ਕਾਮਯਬ ਹੋ ਗਿਆ ਹੈ ਕਿ ਕਤਰ ਵਿੱਚ ਹਮਾਸ ਦੀ ਲੀਡਰਸਿੱLਪ `ਤੇ ਇਜ਼ਰਾਇਲ ਨੇ ਹਮਲੇ ਅਮਰੀਕਾ ਨੂੰ ਬਿਨਾ ਵਿਸ਼ਵਾਸ ਵਿੱਚ ਲਏ ਕੀਤੇ ਸਨ; ਜਦਕਿ ਅਜਿਹਾ ਜਾਪਦਾ ਨਹੀਂ ਸੀ, ਕਿਉਂਕਿ ਇੰਗਲੈਂਡ ਅਤੇ ਜੌਰਡਨ ਆਦਿ ਵੱਲੋਂ ਇਜ਼ਰਾਇਲੀ ਦੇ ਹਮਲਾਵਰ ਜਹਾਜ਼ਾਂ ਨੂੰ ਤੇਲ ਸਪਲਾਈ ਕੀਤਾ ਗਿਆ ਸੀ।

Leave a Reply

Your email address will not be published. Required fields are marked *