ਜੋ ਨਜ਼ਰੀਆ ਬਦਲ ਸਕੇ, ਉਹੀ ਰਿਸ਼ਤੇ ਬਚਾਅ ਸਕੇ

ਅਧਿਆਤਮਕ ਰੰਗ

ਡਾ. ਅਰਵਿੰਦਰ ਸਿੰਘ ਭੱਲਾ*
ਫੋਨ: +91-9463062603
ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਸੰਬੋਧਨ ਕਰਦਿਆਂ ਫ਼ੁਰਮਾਇਆ ਕਿ ਜੇ ਹੋ ਸਕੇ ਤਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਰਤਾ ਕੁ ਅੱਖਾਂ ਬੰਦ ਕਰ ਲਿਆ ਕਰੋ। ਸੱਚ ਜਾਣਿਓ! ਅਜਿਹਾ ਕਰਨ ਨਾਲ ਰਿਸ਼ਤੇ ਨਿਭਾਉਣੇ ਕਾਫੀ ਹੱਦ ਤੱਕ ਆਸਾਨ ਹੋ ਜਾਂਦੇ ਹਨ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਕੁਝ ਗੌਰ ਨਾਲ ਦੂਸਰਿਆਂ ਵਿੱਚੋਂ ਐਬ ਦੇਖਣ ਦੇ ਆਦੀ ਹੋ ਜਾਂਦੇ ਹਾਂ ਤਾਂ ਰਿਸ਼ਤਿਆਂ ਦਾ ਨਿੱਘ, ਰਿਸ਼ਤਿਆਂ ਦੀ ਪਾਕੀਜ਼ਗੀ ਤੇ ਆਪਣੇਪਨ ਦਾ ਅਹਿਸਾਸ ਕਿਤੇ ਗੁਆਚ ਜਾਂਦਾ ਹੈ ਅਤੇ ਇਨਸਾਨ ਦੀ ਝੋਲੀ ਪੈ ਜਾਂਦੀ ਹੈ ਬਸ ਰਿਸ਼ਤਿਆਂ ਵਿਚਲੀ ਕੁੜੱਤਣ, ਆਪਸੀ ਨਫ਼ਰਤ, ਈਰਖਾ, ਗਿਲੇ-ਸ਼ਿਕਵੇ ਤੇ ਰੋਸੇ। ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਇਹ ਸੱਚਾਈ ਸਾਨੂੰ ਪਹਿਲੇ ਦਿਨ ਤੋਂ ਹੀ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਕੋਈ ਵੀ ਮਨੁੱਖ ਕਦੇ ਵੀ ਸੰਪੂਰਨ ਨਹੀਂ ਹੁੰਦਾ ਹੈ।

ਦਰਅਸਲ ਸਾਨੂੰ ਦੂਸਰਿਆਂ ਨੂੰ ਉਨ੍ਹਾਂ ਦੇ ਅਧੂਰੇਪਣ ਸਹਿਤ ਹੀ ਅਪਣਾਉਣ ਦਾ ਹੁਨਰ ਸਿੱਖਣ ਦੀ ਲੋੜ ਹੁੰਦੀ ਹੈ। ਸਾਨੂੰ ਇਸ ਗੱਲ ਵੱਲ ਵੀ ਤਵੱਜੋ ਦੇਣੀ ਚਾਹੀਦੀ ਹੈ ਕਿ ਸਾਡੇ ਵਿੱਚ ਵੀ ਲੱਖਾਂ ਕਮੀਆਂ ਅਤੇ ਬੁਰਾਈਆਂ ਪਾਈਆਂ ਜਾਂਦੀਆਂ ਹਨ। ਜੇਕਰ ਸਾਡੇ ਨਾਲ ਵੀ ਕੋਈ ਚਾਰ ਕਦਮ ਚੱਲ ਰਿਹਾ ਹੈ ਤਾਂ ਉਸ ਨੇ ਵੀ ਸਾਨੂੰ ਸਾਡੀਆਂ ਕਮੀਆਂ ਸਹਿਤ ਅਪਣਾਉਣ ਦਾ ਜੇਰਾ ਦਿਖਾਇਆ ਹੈ। ਇਨਸਾਨੀ ਰਿਸ਼ਤਿਆਂ ਵਿੱਚ ਮੋਹ, ਪਿਆਰ ਅਤੇ ਸਤਿਕਾਰ ਤਦ ਹੀ ਕਾਇਮ ਰਹਿ ਸਕਦਾ ਹੈ, ਜੇਕਰ ਮਨੁੱਖ ਆਪਣਿਆਂ ਤੇ ਪਰਾਇਆਂ ਦੀਆਂ ਗ਼ਲਤੀਆਂ ਨੂੰ ਥੋੜ੍ਹਾ ਕੁ ਦਰਗੁਜ਼ਰ ਕਰੇ, ਦੂਸਰਿਆਂ ਨੂੰ ਥੋੜ੍ਹਾ ਕੁ ਬਰਦਾਸ਼ਤ ਕਰੇ, ਥੋੜ੍ਹਾ ਕੁ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ ਅਤੇ ਥੋੜ੍ਹਾ ਕੁ ਮੂੰਹੋਂ ਕੋਈ ਗੱਲ ਕੱਢਣ ਲੱਗਿਆਂ ਪਰਹੇਜ਼ ਵਰਤ ਲਏ ਤਾਂ ਯਕੀਨੀ ਤੌਰ ਉਪਰ ਮਨੁੱਖ ਦੂਸਰਿਆਂ ਦੇ ਦਿਲਾਂ ਉਤੇ ਰਾਜ ਕਰ ਸਕਦਾ ਹੈ, ਲੇਕਿਨ ਅਫ਼ਸੋਸ ਮਨੁੱਖ ਆਪਣੇ ਉਲਾਰੂ ਸੁਭਾਅ, ਬੇਸਬਰੇਪਣ, ਬੇਸਮਝੀ ਅਤੇ ਜ਼ਹਾਲਤ ਕਾਰਨ ਮਨੁੱਖੀ ਰਿਸ਼ਤਿਆਂ ਦੀਆਂ ਪੇਚੀਦਗੀਆਂ ਨੂੰ ਨਾ ਤਾਂ ਸਮਝ ਪਾਉਂਦਾ ਹੈ ਤੇ ਨਾ ਹੀ ਆਪਸੀ ਰਿਸ਼ਤਿਆਂ ਦੀ ਖੂਬਸੂਰਤੀ ਨੂੰ ਕਾਇਮ ਰੱਖ ਪਾਉਂਦਾ ਹੈ।
ਮੁਰਸ਼ਦ ਨੇ ਫ਼ੁਰਮਾਇਆ ਕਿ ਜ਼ਿੰਦਗੀ ਕੋਈ ਰਿਸ਼ਤਿਆਂ ਨੂੰ ਪਰਖਣ ਵਾਲੀ ਪ੍ਰਯੋਗਸ਼ਾਲਾ ਨਹੀਂ ਕਿ ਜਿੱਥੇ ਮਿੰਟ ਮਿੰਟ ਬਾਅਦ ਅਸੀਂ ਆਪਣੇ ਵੱਲੋਂ ਨਿਰਧਾਰਤ ਮਾਪਦੰਡਾਂ ਉੱਪਰ ਦੂਜਿਆਂ ਨੂੰ ਪਰਖ ਕੇ ਆਪਣੇ ਕਰੀਬ ਜਾਂ ਆਪਣੇ ਤੋਂ ਦੂਰ ਕਰੀਏ। ਮੁਰਸ਼ਦ ਨੇ ਇਸ ਗੱਲ ਦੀ ਵੀ ਤਲਕੀਨ ਕੀਤੀ ਕਿ ਰਿਸ਼ਤਿਆਂ ਦੀ ਬੇਹੁਰਮਤੀ ਕਰਨ ਤੋਂ ਹਮੇਸ਼ਾ ਗੁਰੇਜ਼ ਕਰੋ, ਇੱਕ ਦੂਜੇ ਪ੍ਰਤੀ ਸਮਰਪਣ ਭਾਵ ਰੱਖੋ, ਦੂਜਿਆਂ ਦੀਆਂ ਖ਼ਾਮੀਆਂ ਨੂੰ ਛੱਜ ਵਿੱਚ ਪਾ ਕੇ ਨਾ ਛੱਟੋ, ਤਕਰਾਰ ਦਾ ਰਾਹ ਛੱਡ ਕੇ ਸੰਵਾਦ ਰਚਾਉਣ ਨੂੰ ਪਹਿਲ ਦਿਉ, ਆਪਣੀ ਇੱਛਾ ਨੂੰ ਦੂਸਰਿਆਂ ਉੱਪਰ ਠੋਸਣ ਦੀ ਹਸਰਤ ਨਾ ਪਾਲੋ, ਦੂਸਰਿਆਂ ਦੇ ਸਵੈਮਾਣ ਨੂੰ ਠੇਸ ਨਾ ਪਹੁੰਚਾਉ ਅਤੇ ਆਪਣੇ ਨਜ਼ਰੀਏ ਨੂੰ ਵਿਸ਼ਾਲ ਬਣਾਉਣ ਦਾ ਯਤਨ ਕਰੋ। ਰਿਸ਼ਤਿਆਂ ਦੀਆਂ ਕੋਮਲ ਤੰਦਾਂ ਨੂੰ ਟੁੱਟਣ ਤੋਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰੋ।
ਚਾਰ ਦਿਨਾਂ ਦੀ ਜ਼ਿੰਦਗੀ ਵਿੱਚ ਇੱਕ ਦੂਜੇ ਪ੍ਰਤੀ ਕੋਈ ਮੰਦਭਾਵਨਾ ਨਾ ਰੱਖੋ ਅਤੇ ਇੱਕ ਦੂਜੇ ਪ੍ਰਤੀ ਕੋਈ ਪੱਕੀਆਂ ਧਾਰਨਾਵਾਂ ਨਾ ਕਾਇਮ ਕਰੋ। ਪਤਾ ਨਹੀਂ ਮਨੁੱਖ ਨੂੰ ਅਗਲੀ ਸਵੇਰ ਦਾ ਸੂਰਜ ਦੇਖਣਾ ਨਸੀਬ ਹੋਵੇ ਜਾਂ ਨਾ ਹੋਵੇ ਅਤੇ ਕੌਣ ਜਾਣਦਾ ਹੈ ਕਿ ਅਗਲੇ ਦਮ ਆਵੇ ਜਾਂ ਨਾ ਆਵੇ; ਲਿਹਾਜ਼ਾ ਆਪਣੇ ਜੀਵਨ ਨੂੰ ਕੁਝ ਮੁੱਠੀ ਭਰ ਕਰੀਬੀ ਲੋਕਾਂ ਦੇ ਸੰਗ ਹੱਸਦੇ-ਹਸਾਉਂਦੇ ਗੁਜ਼ਾਰੋ ਅਤੇ ਆਪਣੇ ਕਰੀਬੀ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਨਿਵਾਸ ਕਰੋ। ਗਰੂਰ ਦੀ ਕੰਧ ਉੱਤੇ ਖੜ੍ਹੇ ਹੋ ਕੇ ਕਦੇ ਵੀ ਲੋਕਾਂ ਨੂੰ ਆਪਣੇ ਤੋਂ ਕਮਤਰ ਸਮਝਣ ਦੀ ਭੁੱਲ ਨਾ ਕਰੋ। ਸਭ ਤਰ੍ਹਾਂ ਦੇ ਮਖੌਟੇ ਉਤਾਰ ਕੇ ਲੋਕਾਂ ਦੀਆਂ ਖੁਸ਼ੀਆਂ ਗ਼ਮੀਆਂ ਨੂੰ ਆਪਣਾ ਸਮਝਦੇ ਹੋਏ ਲੋਕਾਂ ਨਾਲ ਦਿਲਾਂ ਦੀ ਸਾਂਝ ਪਾਉਣ ਦਾ ਯਤਨ ਕਰੋ। ਇਹ ਗੱਲ ਹਮੇਸ਼ਾ ਤੁਹਾਡੇ ਜ਼ਿਹਨ ਵਿੱਚ ਰਹੇ ਕਿ ਇਹ ਮਨੁੱਖੀ ਰਿਸ਼ਤੇ ਹੀ ਤੁਹਾਡੀ ਜ਼ਿੰਦਗੀ ਦਾ ਅਸਲ ਸਰਮਾਇਆ ਹਨ। ਜੇਕਰ ਤੁਹਾਡੇ ਦਿਲ ਕਰੀਬ ਕੋਈ ਨਹੀਂ ਜਾਂ ਤੁਸੀਂ ਕਿਸੇ ਦਿਲ ਦੀ ਧੜਕਨ ਨਹੀਂ ਤਾਂ ਇਹ ਸਮਝ ਲਉ ਕਿ ਜ਼ਿੰਦਗੀ ਵਿੱਚ ਤੁਹਾਡੇ ਕੋਲ ਬਹੁਤ ਕੁਝ ਹੋਣ ਦੇ ਬਾਵਜੂਦ ਤੁਸੀਂ ਆਪਣੇ ਅੰਦਰ ਇੱਕ ਖ਼ਲਾਅ ਅਤੇ ਇਕੱਲਾਪਨ ਮਹਿਸੂਸ ਕਰਦੇ ਰਹੋਗੇ। ਰਿਸ਼ਤੇ ਨਿਭਾਉਣ ਲਈ ਸ਼ਰਤਾਂ ਤੈਅ ਨਾ ਕਰੋ, ਬਲਕਿ ਰਿਸ਼ਤਿਆਂ ਦੇ ਬੁਨਿਆਦੀ ਤਕਾਜ਼ੇ ਪੂਰੇ ਕਰਨ ਲਈ ਕੋਸ਼ਿਸ਼ ਕਰਦੇ ਰਹੋ।
ਅੱਜ ਕੱਲ੍ਹ ਹਾਲਾਤ ਇਹ ਬਣੇ ਹੋਏ ਹਨ ਕਿ ਮਨੁੱਖੀ ਰਿਸ਼ਤੇ ਨਾ ਛੱਡਣ ਯੋਗ ਰਹੇ, ਨਾ ਨਿਭਾਉਣ ਦੇ ਕਾਬਲ। ਬਜ਼ੁਰਗ ਨੇ ਆਪਣੇ ਸ਼ਿਸ਼ ਨੂੰ ਫ਼ੁਰਮਾਇਆ ਕਿ ਇਸ ਫ਼ਾਨੀ ਸੰਸਾਰ ਵਿੱਚ ਜਦੋਂ ਤੱਕ ਇੱਕ ਦੂਜੇ ਨਾਲ ਮਿਲਦਿਆਂ-ਵਰਤਦਿਆਂ ਕੋਈ ਇਨਸਾਨ ਨਸ਼ਰ ਨਹੀਂ ਹੋ ਜਾਂਦਾ ਤਾਂ ਰਿਸ਼ਤਿਆਂ ਦਾ ਭਰਮ ਬਣਿਆ ਰਹਿੰਦਾ ਹੈ ਅਤੇ ਇੱਕ ਦੂਜੇ ਪ੍ਰਤੀ ਮੋਹ, ਮੁਹੱਬਤ ਤੇ ਆਪਣੇਪਣ ਦਾ ਕੱਚ ਸੱਚ ਦੁਨੀਆਂ ਦੀਆਂ ਨਜ਼ਰਾਂ ਤੋਂ ਲੁਕਿਆ-ਛੁਪਿਆ ਰਹਿੰਦਾ ਹੈ। ਲੇਕਿਨ ਜਦੋਂ ਕਿਸੇ ਇਨਸਾਨ ਵਲੋਂ ਰਿਸ਼ਤਿਆਂ ਦੇ ਤਮਾਮ ਤਕਾਜ਼ੇ ਪੂਰੇ ਕਰਨ ਦੇ ਬਾਵਜੂਦ ਉਸ ਦੇ ਸਵੈਮਾਣ ਨੂੰ ਠੇਸ ਪਹੁੰਚਾਈ ਜਾਂਦੀ ਹੈ, ਜਦੋਂ ਉਸ ਨੂੰ ਜਾਣ-ਬੁੱਝ ਕੇ ਸਾਰਿਆਂ ਵਿੱਚ ਜ਼ਲੀਲ ਕੀਤਾ ਜਾਂਦਾ ਹੈ, ਜਦੋਂ ਕੋਈ ਗੁਨਾਹ ਕੀਤੇ ਬਿਨਾਂ ਉਸ ਨੂੰ ਕਟਹਿਰੇ ਵਿੱਚ ਖੜ੍ਹੇ ਕਰਕੇ ਸਜ਼ਾ ਸੁਣਾਈ ਜਾਂਦੀ ਹੈ, ਉਸ ਉਤੇ ਕੋਈ ਝੂਠੀ ਤੋਹਮਤ ਲਗਾਈ ਜਾਂਦੀ ਹੈ ਜਾਂ ਫਿਰ ਜਦੋਂ ਕੋਈ ਰਿਸ਼ਤਿਆਂ ਨੂੰ ਨਿਭਾਉਂਦੇ ਹੋਏ ਉਸ ਨੂੰ ਘੁੱਟਣ ਦਾ ਅਹਿਸਾਸ ਹੋਣਾ ਆਰੰਭ ਹੋ ਜਾਵੇ ਤਾਂ ਇਸ ਸਭ ਦੇ ਨਤੀਜੇ ਵਜੋਂ ਉਸ ਮਨੁੱਖ ਦਾ ਕਰੀਬੀ ਤੋਂ ਕਰੀਬੀ ਰਿਸ਼ਤਿਆਂ ਤੋਂ ਮੋਹ ਭੰਗ ਹੋ ਜਾਣਾ ਬੇਹੱਦ ਸੁਭਾਵਿਕ ਹੈ।
ਗੱਲ ਤਾਂ ਹੱਦੋਂ ਵੱਧ ਉਸ ਸਮੇਂ ਹੋ ਜਾਂਦੀ ਹੈ, ਜਦੋਂ ਤੁਸੀਂ ਉਨ੍ਹਾਂ ਅੱਗੇ ਖੁਦ ਨੂੰ ਬੇਬਸ, ਕਮਤਰ ਅਤੇ ਅਪਮਾਨਿਤ ਹੁੰਦੇ ਹੋ, ਜਿਨ੍ਹਾਂ ਅੱਗੇ ਤੁਸੀਂ ਆਪਣੇ ਕੱਦ ਤੋਂ ਵੱਡਾ ਅਕਸ ਸਿਰਜਿਆ ਹੁੰਦਾ ਹੈ। ਇੱਕ ਦੂਜੇ ਨਾਲ ਵਾਬਸਤਾ ਰਿਸ਼ਤਿਆਂ ਵਿੱਚ ਤਰੇੜਾਂ ਉਸ ਸਮੇਂ ਜੱਗ ਜ਼ਾਹਰ ਹੁੰਦੀਆਂ ਹਨ, ਜਦੋਂ ਜਿਨ੍ਹਾਂ ਨੂੰ ਤੁਸੀਂ ਆਪਣੀ ਹਥੇਲੀ ਤੋਂ ਚੋਗਾ ਚੁਗਾਇਆ ਹੁੰਦਾ ਹੈ, ਉਹੋ ਹੀ ਕਮਜ਼ਰਫ ਲੋਕ ਤੁਹਾਡੀ ਕਿਰਦਾਰਕੁਸ਼ੀ ਕਰਨ ਲੱਗ ਜਾਂਦੇ ਹਨ ਜਾਂ ਫਿਰ ਤੁਹਾਨੂੰ ਹਾਸ਼ੀਏ ਉੱਤੇ ਧਕੇਲ ਕੇ ਆਪਣੇ ਰਾਹ ਆਪ ਬਣਾਉਣੇ ਸ਼ੁਰੂ ਕਰ ਦਿੰਦੇ ਹਨ। ਦਰਅਸਲ ਇਨਸਾਨ ਨੂੰ ਦੁਨੀਆਂ ਦੀ ਮੋਹ ਮਾਇਆ ਦੇ ਤਿਆਗ ਦਾ ਖਿਆਲ ਵੀ ਅਕਸਰ ਉਸ ਸਮੇਂ ਆਉਂਦਾ ਹੈ, ਜਦੋਂ ਦੁਨੀਆਂ ਉਸ ਨੂੰ ਆਪਣੀਆਂ ਤਰਜੀਹਾਂ ਵਿੱਚੋਂ ਵਿਸਾਰ ਦਿੰਦੀ ਹੈ। ਜਿਸ ਸੰਸਾਰ ਵਿੱਚ ਕੁਝ ਵੀ ਸਥਿਰ ਨਹੀਂ, ਉਥੇ ਇਨਸਾਨ ਵੱਲੋਂ ਸਦੀਵੀਂ ਰਿਸ਼ਤਿਆਂ ਦੀ ਭਾਲ ਕਰਨ ਦੀ ਵਿਅਰਥ ਕੋਸ਼ਿਸ਼ ਕੀਤੀ ਜਾਂਦੀ ਹੈ।
ਦੁਨਿਆਵੀ ਹਕੀਕਤਾਂ ਤੋਂ ਚੰਗੀ ਤਰ੍ਹਾਂ ਜਾਣੂੰ ਹੋਣ ਦੇ ਬਾਵਜੂਦ ਸਭ ਕੁਝ ਜਾਣਦਿਆਂ-ਬੁਝਦਿਆਂ ਇਨਸਾਨ ਮਨੁੱਖੀ ਰਿਸ਼ਤਿਆਂ ਦੇ ਚੱਕਰਵਿਊ ਵਿੱਚ ਉਲਝੇ ਰਹਿਣ ਨੂੰ ਹੀ ਜ਼ਿੰਦਗੀ ਸਮਝਣ ਦੀ ਭੁੱਲ ਕਰਦਾ ਦਿਖਾਈ ਦਿੰਦਾ ਹੈ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਇਸ ਛਲਾਵੇ ਵਰਗੇ ਸੰਸਾਰ ਵਿੱਚ ਹਰ ਕੋਈ ਆਪਣੀਆਂ ਗਰਜ਼ਾਂ ਨਾਲ ਬੱਝਿਆ ਹੋਇਆ ਹੈ। ਇਸ ਸੁਪਨੇ ਨਿਆਈਂ ਸੰਸਾਰ ਵਿੱਚ ਰਿਸ਼ਤਿਆਂ ਦਾ ਟੁੱਟਣਾ ਕੋਈ ਅਣਹੋਣੀ ਨਹੀਂ, ਸਗੋਂ ਇਹ ਤਾਂ ਰੋਜ਼ਮੱਰ੍ਹਾ ਜ਼ਿੰਦਗੀ ਦਾ ਇੱਕ ਸਧਾਰਨ ਜਿਹਾ ਵਰਤਾਰਾ ਹੈ। ਅਸਲ ਵਿੱਚ ਰਿਸ਼ਤਿਆਂ ਦੇ ਤਲਿਸਮ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ, ਬੇਸ਼ੱਕ ਇਸ ਮੁਆਸ਼ਰੇ ਵਿੱਚ ਮਨੁੱਖ ਇਕੱਲਿਆਂ ਨਹੀਂ ਰਹਿ ਸਕਦਾ ਹੈ, ਲੇਕਿਨ ਦੇਖਿਆ ਜਾਵੇ ਤਾਂ ਅਜਿਹੇ ਰਿਸ਼ਤੇ ਨਿਭਾਉਣ ਦਾ ਵੀ ਕੀ ਲਾਭ ਹੈ ਕਿ ਜਿੱਥੇ ਤੁਸੀਂ ਮਹਿਜ਼ ਇੱਕ ਖਿਲੌਣੇ ਦੀ ਤਰ੍ਹਾਂ ਵਰਤੇ ਜਾ ਰਹੇ ਹੋਵੋ। ਅਜਿਹੇ ਰਿਸ਼ਤਿਆਂ ਦਾ ਕੀ ਫਾਇਦਾ ਕਿ ਦੂਸਰੇ ਲੋਕ ਤੁਹਾਨੂੰ ਆਪਣੇ ਮਨ ਪਰਚਾਵੇ ਜਾਂ ਨਿੱਜੀ ਮੁਫਾਦ ਦੀ ਖ਼ਾਤਰ ਇਸਤੇਮਾਲ ਕਰ ਰਹੇ ਹੋਣ। ਲਿਹਾਜ਼ਾ ਮਨੁੱਖੀ ਰਿਸ਼ਤਿਆਂ ਦੀ ਦੁਨੀਆਂ ਦੀਆਂ ਗੁੱਝੀਆਂ ਰਮਜਾਂ ਨੂੰ ਸਮਝੋ ਤਾਂ ਜੋ ਰਿਸ਼ਤਿਆਂ ਦੀ ਬੇਹੁਰਮਤੀ ਦੇ ਫਲਸਰੂਪ ਹੋਣ ਵਾਲੇ ਨਾਕਾਬਿਲੇ ਬਰਦਾਸ਼ਤ ਦਰਦ ਤੋਂ ਤੁਸੀਂ ਨਿਜ਼ਾਤ ਹਾਸਲ ਕਰ ਸਕੋ। ਬਜ਼ੁਰਗ ਨੇ ਇਹ ਵੀ ਫ਼ੁਰਮਾਇਆ ਕਿ ਕੱਚ ਵਰਗੇ ਰਿਸ਼ਤੇ ਜਦੋਂ ਚਕਨਾਚੂਰ ਹੁੰਦੇ ਹਨ ਤਾਂ ਰੂਹ ਤੱਕ ਜ਼ਖ਼ਮੀ ਹੋ ਜਾਂਦੀ ਹੈ।

*ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ (ਹਰਿਆਣਾ)

Leave a Reply

Your email address will not be published. Required fields are marked *