ਡੀ.ਆਈ.ਜੀ. ਭੁੱਲਰ ਦੀ ਗ੍ਰਿਫਤਾਰੀ ਨਾਲ ਭ੍ਰਿਸ਼ਟਾਚਾਰ ਦੇ ਖਾਤਮੇ ਦੀ ਫੂਕ ਨਿਕਲੀ

ਖਬਰਾਂ ਵਿਚਾਰ-ਵਟਾਂਦਰਾ

*ਹੋਰ ਤੰਦਾਂ ਉਧੜਨ ਨਾਲ ਬਣ ਸਕਦਾ ਵੱਡਾ ਸਿਆਸੀ ਮਾਮਲਾ
ਜਸਵੀਰ ਸਿੰਘ ਮਾਂਗਟ
ਪੰਜਾਬ ਵਿੱਚ ਇੱਕ ਪਾਸੇ ਤਰਨਤਾਰਨ ਜ਼ਿਮਨੀ ਚੋਣ ਦਾ ਅਖਾੜਾ ਮਘਣ ਲੱਗਿਆ ਹੈ, ਦੂਜੇ ਪਾਸੇ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਫਸਰ ਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰੀ ਨੇ ਪੰਜਾਬ ਦੀ ਅਫਸਰਸ਼ਾਹੀ ਅਤੇ ਸਿਆਸੀ ਹਲਕਿਆਂ ਵਿੱਚ ਵੱਡੀ ਹਲਚਲ ਮਚਾ ਦਿੱਤੀ ਹੈ। ਪੰਜਾਬ ਦੀ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਗੋਬਿੰਦਗੜ੍ਹ ਮੰਡੀ ਦੇ ਇੱਕ ਕਾਰੋਬਾਰੀ ਤੋਂ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਸੀ.ਬੀ.ਆਈ. ਨੇ ਗ੍ਰਿਫਤਾਰ ਕੀਤਾ ਹੈ।

ਸੀ.ਬੀ.ਆਈ. ਵੱਲੋਂ ਉਨ੍ਹਾਂ ਨੂੰ ਮੁਹਾਲੀ ਦੇ ਜ਼ਿਲ੍ਹਾ ਪੁਲਿਸ ਕੰਪਲੈਕਸ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਦੇ ਘਰੋਂ 7 ਕਰੋੜ ਦੀ ਰਾਸ਼ੀ ਅਤੇ ਢਾਈ ਕਿੱਲੋ ਸੋਨਾ ਬਰਾਮਦ ਹੋਇਆ। ਉਨ੍ਹਾਂ ਦੇ ਘਰੋਂ ਅਤੇ ਫਾਰਮ ਤੋਂ ਮਹਿੰਗੀ ਵਿਦੇਸ਼ੀ ਸ਼ਰਾਬ ਦੀਆਂ 168 ਬੋਤਲਾਂ ਮਿਲੀਆਂ ਹਨ। ਇਸੇ ਤਰ੍ਹਾਂ ਮਹਿੰਗੇ ਭਾਅ ਦੀਆਂ ਗੱਡੀਆਂ ਬਰਾਮਦ ਕੀਤੀਆਂ ਗਈ ਹਨ। ਮਾਮਲੇ ਦੀ ਪੜਤਾਲ ਹਾਲੇ ਜਾਰੀ ਹੈ। ਮੁਅੱਤਲ ਡੀ.ਆਈ.ਜੀ. ਦੇ ਨਾਲ ਕ੍ਰਿਸ਼ਾਨੂੰ ਨਾਂ ਦਾ ਇੱਕ ਦਲਾਲ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜਾ ਡੀ.ਆਈ.ਜੀ. ਭੁੱਲਰ ਵੱਲੋਂ 5 ਲੱਖ ਰੁਪਏ ਰਿਸ਼ਵਤ ਹਾਸਲ ਕਰਨ ਆਇਆ ਫੜਿਆ ਗਿਆ। ਉਸ ਦੇ ਘਰੋਂ ਵੀ 20 ਲੱਖ ਰੁਪਏ ਕੈਸ਼ ਮਿਲੇ ਹਨ।
ਇਧਰ ਪੰਜਾਬ ਸਰਕਾਰ ਨੇ ਕੁਝ ਦਿਨ ਤੱਕ ਖਾਮੋਸ਼ੀ ਧਾਰੀ ਰੱਖਣ ਪਿੱਛੋਂ ਸਬੰਧੰਤ ਅਫਸਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਕੇਸ ਸੰਬੰਧੀ ਗੋਬਿੰਦਗੜ੍ਹ ਸਕਰੈਪ ਦੇ ਕਾਰੋਬਾਰੀ ਅਕਾਸ਼ ਬੱਤਾ ਨੇ 11 ਅਕਤੂਬਰ ਨੂੰ ਸੀ.ਬੀ.ਆਈ ਕੋਲ ਕੇਸ ਦਰਜ ਕਰਵਾਇਆ ਸੀ। ਸੀ.ਬੀ.ਆਈ. ਨੇ ਗ੍ਰਿਫਤਾਰੀ ਤੋਂ ਪਹਿਲਾਂ ਇਸ ਮਸਲੇ ਦੀ ਬਿੜਕ ਤੱਕ ਨਹੀਂ ਲੱਗਣ ਦਿੱਤੀ। ਇਹ ਮਸਲਾ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਪਾਰਟੀ ਦੇ ਖਿਲਾਫ ਵਿਰੋਧੀ ਪਾਰਟੀਆਂ ਵੱਲੋਂ ਚੁੱਕਿਆ ਜਾਣ ਲੱਗਾ ਹੈ।
ਪੰਜਾਬ ਵਿੱਚ ਸਰਕਾਰੀ ਧਿਰ ਦੇ ਮਨਿਸਟਰ ਅਤੇ ਐਮ.ਐਲ.ਏ. ਤੇ ਵੱਡੀ ਅਫਸਰਸ਼ਾਹੀ ਇਸ ਬਾਰੇ ਖਾਮੋਸ਼ ਹੈ। ਵਿਰੋਧੀ ਧਿਰ ਵੱਲੋਂ ਕਾਂਗਰਸੀ ਐਮ.ਐਲ.ਏ. ਸੁਖਪਾਲ ਸਿੰਘ ਖਹਿਰਾ ਇਸ ਖਿਲਾਫ ਕੁਝ ਖੁੱਲ੍ਹ ਕੇ ਬੋਲੇ ਹਨ। ਗ੍ਰਿਫਤਾਰੀ ਤੋਂ ਮਗਰੋਂ ਡੀ.ਆਈ.ਜੀ. ਭੁੱਲਰ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਡੀ.ਆਈ.ਜੀ. ਭੁੱਲਰ ਖਿਲਾਫ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਕਾਰੋਬਾਰੀ ਅਕਾਸ਼ ਬੱਤਾ ਨੇ ਸ਼ਿਕਾਇਤ ਕੀਤੀ ਸੀ। ਉਨ੍ਹਾਂ ਅਨੁਸਾਰ ਸੀ.ਬੀ.ਆਈ. ਨੇ ਪਹਿਲਾਂ ਪੂਰੀ ਪੜਤਾਲ ਕਰਨ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਹੈ। ਬੱਤਾ ਦਾ ਆਖਣਾ ਹੈ ਕਿ ਉਨ੍ਹਾਂ ਖਿਲਾਫ ਸਰਹਿੰਦ ਥਾਣੇ ਵਿੱਚ ਕੀਤਾ ਗਿਆ ਕੇਸ ਝੂਠਾ ਹੈ। ਇਸੇ ਨੂੰ ਖਤਮ ਕਰਨ ਲਈ ਉਨ੍ਹਾਂ ਨੇ ਦਲਾਲ ਰਾਹੀਂ ਡੀ.ਆਈ.ਜੀ. ਤੱਕ ਪਹੁੰਚ ਕੀਤੀ ਸੀ। ਕੁਝ ਨਿਰਪੱਖ ਸੂਤਰਾਂ ਦਾ ਆਖਣਾ ਹੈ ਕਿ ਇਹ ਟੈਕਸ ਦੀ ਚੋਰੀ ਚਕਾਰੀ ਦਾ ਚੱਕਰ ਹੈ।
ਯਾਦ ਰਹੇ, ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ ਦੇ ਬੇਟੇ ਹਨ। ਇੱਕ ਸੋਸ਼ਲ ਮੀਡੀਆ ਅਨੁਸਾਰ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਭਰਤੀ ਵੀ ਉਨ੍ਹਾਂ ਦੇ ਪਿਤਾ ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ ਵੱਲੋਂ ਨਿਯਮਾਂ ਤੋਂ ਬਾਹਰ ਜਾ ਕੇ ਤਰਸ ਦੇ ਆਧਾਰ ‘ਤੇ ਕਰਵਾਈ ਗਈ ਸੀ! ਉਹ ਡੀ.ਐਸ.ਪੀ. ਵਜੋਂ ਭਰਤੀ ਹੋਏ ਸਨ। ਇੱਕ ਹੋਰ ਸੋਸ਼ਲ ਪੋਸਟ ਵਿੱਚ ਇੱਕ ਸਾਬਕਾ ਪੁਲਿਸ ਅਫਸਰ ਨੇ ਦੱਸਿਆ ਕਿ ਭੁੱਲਰ ਦੀ ਨੌਕਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਡੀ.ਐਸ.ਪੀ. ਵਜੋਂ ਉਹ ਜਦੋਂ ਛੇਹਰਟਾ ਥਾਣੇ ਦੀ ਇੰਸਪੈਕਸ਼ਨ ਕਰਨ ਗਏ ਸਨ ਤਾਂ ਸੰਤਰੀ ਗੇਟ ਤੋਂ ਥੋੜ੍ਹਾ ਲਾਂਭੇ ਸੀ। ਦੋ ਤਿੰਨ ਮਿੰਟ ਬਾਅਦ ਜਦੋਂ ਉਹ ਆਇਆ ਤਾਂ ਹਰਚਰਨ ਸਿੰਘ ਭੁੱਲਰ ਨੇ ਉਸ ਨੂੰ ਗੰਦੀ ਗਾਲ੍ਹ ਕੱਢ ਦਿੱਤੀ। ਅੱਗੋਂ ਸੰਤਰੀ ਨੇ ਗੁੱਸੇ ਵਿੱਚ ਰਾਈਫਲ ਕਾਕ ਕਰ ਲਈ ਅਤੇ ਸਾਹਿਬ ਦੇ ਹੱਥ ਉੱਪਰ (ਹੈਂਡਸ ਅੱਪ) ਕਰਵਾ ਲਏ। ਐਸ.ਐਚ.ਓ. ਦੇ ਆਉਣ ਤੱਕ ਉਸੇ ਤਰ੍ਹਾਂ ਖੜ੍ਹੇ ਰਹਿਣ ਲਈ ਕਿਹਾ।
ਯਾਦ ਰਹੇ, ਮੰਡੀ ਗੋਬਿੰਦਗੜ੍ਹ ਵਿੱਚ ਲੋਹੇ ਦਾ ਕਾਰੋਬਾਰ ਵੱਡੀ ਪੱਧਰ ‘ਤੇ ਹੁੰਦਾ ਹੈ। ਇਸੇ ਤਰ੍ਹਾਂ ਇੱਥੇ ਸਕਰੈਪ ਇਕੱਠਾ ਕਰਨ ਦਾ ਵੀ ਵੱਡਾ ਵਪਾਰ ਚਲਦਾ ਹੈ। ਸਕਰੈਪ ਦੇ ਕਾਰੋਬਾਰੀ ਅਕਾਸ਼ ਬੱਤਾ ਦਾ ਆਖਣਾ ਹੈ ਕਿ ਉਨ੍ਹਾਂ ਖਿਲਾਫ ਚਲਦੇ ਕੇਸ ਦਾ ਨਿਬੇੜਾ ਕਰਨ ਲਈ ਡੀ.ਆਈ.ਜੀ. ਭੁੱਲਰ ਵੱਲੋਂ 8 ਲੱਖ ਰੁਪਏ ਮਹੀਨਾ ਰਿਸ਼ਵਤ ਵਜੋਂ ਮੰਗੇ ਗਏ ਸਨ। ਇੱਕ ਦਲਾਲ ਕ੍ਰਿਸ਼ਾਨੂੰ ਡੀ.ਆਈ.ਜੀ. ਭੁੱਲਰ ਵਾਸਤੇ ਉਪਰੋਕਤ ਵਿੱਚੋਂ 5 ਲੱਖ ਰਪਏ ਲੈ ਰਿਹਾ ਸੀ ਤਾਂ ਸੀ.ਬੀ.ਆਈ. ਨੇ ਮੌਕੇ ‘ਤੇ ਪਹੁੰਚ ਕੇ ਸੰਬੰਧਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਲੋਹੇ ਦੇ ਕਾਰੋਬਾਰੀ ਅਕਾਸ਼ ਬੱਤਾ ਖਿਲਾਫ ਥਾਣਾ ਸਰਹਿੰਦ ਵਿੱਚ ਮੁਕੱਦਮਾ ਨੰਬਰ 155, ਸਾਲ 2023 ਵਿੱਚ ਦਰਜ ਕੀਤਾ ਗਿਆ ਸੀ। ਹੇਠਲੇ ਪੱਧਰ ‘ਤੇ ਮੁਕੱਦਮਾ ਖਤਮ ਕਰਵਾਉਣ ਦੇ ਕਾਰੋਬਾਰੀ ਦੇ ਯਤਨ ਜਦੋਂ ਨਾਕਾਮ ਰਹੇ ਤਾਂ ਇੱਕ ਕ੍ਰਿਸ਼ਾਨੂੰ ਨਾਮ ਦੇ ਵਿਅਕਤੀ ਰਾਹੀਂ ਡੀ.ਆਈ.ਜੀ. ਭੁੱਲਰ ਨਾਲ ਸੰਪਰਕ ਸਾਧਿਆ ਗਿਆ। ਉਸ ਨੇ ਸੇਵਾ ਪਾਣੀ ਦੇ ਨਾਂ ‘ਤੇ ਪੈਸੇ ਮੰਗੇ। ਨਾਲ ਹੀ ਮਹੀਨਾ ਬੰਨ੍ਹਣ ਲਈ ਜ਼ੋਰ ਪਾਇਆ।
ਮੁੱਖ ਦਲਾਲ ਕ੍ਰਿਸ਼ਾਨੂੰ ਬਾਰੇ ਸੋਸ਼ਲ ਮੀਡੀਆ ‘ਤੇ ਹੋਰ ਵੀ ਬਹੁਤ ਕੁਝ ਚੱਲ ਰਿਹਾ ਹੈ। ਉਸ ਦੇ ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਸਿਆਸਤਦਾਨਾਂ ਅਤੇ ਅਧਿਕਾਰੀਆਂ ਨਾਲ ਵੀ ਨਜ਼ਦੀਕੀਆਂ ਦੱਸੀਆਂ ਜਾ ਰਹੀਆਂ ਹਨ। ਇਹ ਵਿਅਕਤੀ ਇੱਕ ਪ੍ਰੋਫੈਸ਼ਨਲ ਦਲਾਲ ਜਾਪਦਾ ਹੈ, ਜਿਸ ਦੇ ਪੰਜਾਬ ਦੀ ਅਫਸਰਸ਼ਾਹੀ ਅਤੇ ਸਿਆਸਤਦਾਨਾਂ ਵਿੱਚ ਵਿਆਪਕ ਸੰਬੰਧ ਹਨ। ਉਂਝ ਪੰਜਾਬ ਦੇ ਸਿਆਸੀ ਆਗੂ ਅਤੇ ਅਫਸਰਸ਼ਾਹੀ ਜਿੰਨੀ ਤੇਜ਼ੀ ਨਾਲ ਅਮੀਰ ਹੁੰਦੇ ਹਨ, ਉਸ ਦੇ ਸੰਦਰਭ ਵਿੱਚ ਲੋਕਾਂ ਲਈ ਇਹ ਕੋਈ ਹੈਰਾਨੀਜਨਕ ਵਰਤਾਰਾ ਨਹੀਂ ਹੈ। ਸਗੋਂ ਇਹ ਕੇਸ ਇਸ ਭ੍ਰਿਸ਼ਟ ਵਰਤਾਰੇ ਦਾ ਕਿਣਕਾ ਮਾਤਰ ਹੈ।
ਇੱਥੇ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਪੰਚਕੂਲਾ ਵਿੱਚ ਸਥਿਤ ਕੋਠੀ ਵਿੱਚੋਂ ਜਲੇ ਹੋਏ ਨੋਟ ਮਿਲੇ ਸਨ; ਪਰ ਇਸ ਕੇਸ ਨੂੰ ਬੜੀ ਸਫਾਈ ਨਾਲ ਮੈਨੇਜ ਕਰ ਲਿਆ ਗਿਆ ਸੀ। ਇਸੇ ਤਰ੍ਹਾਂ ਪੱਤਰਕਾਰ ਤੋਂ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਬਣੇ ਰਵੀ ਸਿੱਧੂ ਦੇ ਘਰੋਂ ਨੋਟਾਂ ਦੀਆਂ ਸੈਲਫਾਂ ਭਰੀਆਂ ਮਿਲੀਆਂ ਸਨ। ਉਸ ਵਕਤ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ; ਪਰ ਮੀਡੀਆ ਵਿੱਚ ਹੱਦੋਂ ਪਰੇ੍ਹ ਲਾਈਮ ਲਾਈਟ ਵਿੱਚ ਆਏ ਇਸ ਹਾਈ ਪ੍ਰੋਫਾਈਲ ਕੇਸ ਵਿੱਚ ਰਵੀ ਸਿੱਧੂ ਨੂੰ ਕੁਝ ਨਹੀਂ ਸੀ ਹੋਇਆ। ਗਵਾਹਾਂ ਦੇ ਮੁੱਕਰ ਜਾਣ ਕਾਰਨ ਉਹ ਬਰੀ ਹੋ ਗਿਆ ਸੀ। ਇਸ ਲਈ ਲੋਕਾਂ ਦੀ ਜ਼ੁਬਾਨ ‘ਤੇ ਇਹ ਸ਼ਬਦ ਚੜ੍ਹ ਗਿਆ ਹੈ ਕਿ ‘ਇੱਥੇ ਕੁਝ ਨਹੀਂ ਹੋਣਾ।’
ਰਵੀ ਸਿੱਧੂ ਵਾਲਾ ਕੇਸ ਸ਼ਾਇਦ ਪੰਜਾਬ ਵਿਜੀਲੈਂਸ ਬਿਊਰੋ ਨੇ ਦਰਜ ਕੀਤਾ ਸੀ। ਇਹ ਕੇਸ ਸੀ.ਬੀ.ਆਈ. ਨੇ ਦਰਜ ਕੀਤਾ ਹੈ। ਸਵਾਲ ਫਿਰ ਉਠਣਾ ਸੁਭਾਵਿਕ ਹੈ ਕਿ ਇੱਕ ਉਚ ਪੁਲਿਸ ਅਫਸਰ ਦੇ ਖਿਲਾਫ ਇਹ ਕੇਸ ਆਪਣੇ ਅੰਤਿਮ ਅੰਜਾਮ ਤੱਕ ਪਹੁੰਚੇਗਾ? ਕੀ ਇਸ ਮਸਲੇ ਦੀਆਂ ਤੰਦਾਂ ਆਸੇ-ਪਾਸੇ ਅਤੇ ਹੋਰ ਉਪਰ ਦੀ ਅਫਸਰਸ਼ਾਹੀ ਤੱਕ ਵੀ ਜਾ ਸਕਦੀਆਂ ਹਨ? ਸੁਆਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਇਹ ਧੰਦਾ ਡੀ.ਆਈ.ਜੀ. ਭੁੱਲਰ ਇਕੱਲੇ ਕਰਦੇ ਸਨ ਜਾਂ ਇਸ ਦੇ ਰੇਸ਼ੇ ਸਿਆਸੀ ਜਮਾਤ ਨਾਲ ਵੀ ਜੁੜੇ ਹੋਏ ਹਨ। ਸੀ.ਬੀ.ਆਈ. ਕੇਂਦਰ ਸਰਕਾਰ ਦੇ ਅਧੀਨ ਹੈ, ਪੰਜਾਬ ਵਿੱਚ ਤਰਨਤਾਰਨ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਪ੍ਰਚਾਰ ਚੱਲ ਰਿਹਾ ਹੈ। ਅਗਾਂਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਹੁਣ ਸਾਲ ਕੁ ਦਾ ਸਮਾਂ ਹੀ ਬਚਿਆ ਹੈ। ਇਸ ਕੇਸ ਦੀ ਵੀ ਸੱਤਾਧਾਰੀ ਧਿਰ ਨੂੰ ਜ਼ਿਮਨੀ ਚੋਣ ਵਿੱਚ ਕਾਫੀ ਸੱਟ ਲੱਗੇਗੀ। ਪਰ ਜੇ ਮਾਮਲੇ ਦੀਆਂ ਸਿਆਸੀ ਤੰਦਾਂ ਨਿਕਲ ਆਉਂਦੀਆਂ ਹਨ ਤਾਂ 2027 ਦੀਆਂ ਚੋਣਾਂ ਦੇ ਸੰਦਰਭ ਵਿੱਚ ਆਮ ਆਦਮੀ ਪਾਰਟੀ ਪਾਰਟੀ ਦੀ ਭਰੋਸੇਯੋਗਤਾ ਨੂੰ ਨਾ ਸਹਿਣਯੋਗ ਸੱਟ ਵੱਜ ਸਕਦੀ ਹੈ। ਇਸ ਨਾਲ ਇਸ ਪਾਰਟੀ ਲਈ ਆਪਣੀ ਸਿਆਸੀ ਹੋਂਦ ਦਾ ਖ਼ਤਰਾ ਵੀ ਖੜਾ੍ਹ ਹੋ ਸਕਦਾ ਹੈ; ਕਿਉਂਕਿ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਅਦੇ ਨਾਲ ਹੀ ਇਹ ਪਾਰਟੀ ਸੱਤਾ ਵਿੱਚ ਆਈ ਸੀ। ਬਾਕੀ ਰਾਜਾਂ ਵਿੱਚ ਆਪਣੀ ਇਸ਼ਤਿਹਾਰ ਮੁਹਿੰਮ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਮੁਕੰਮਲ ਤੌਰ ‘ਤੇ ਖਤਮ ਕਰਨ ਦਾ ਦਾਅਵਾ ਵੀ ਕਰਦੀ ਹੈ।
____________________________________
ਭੁੱਲਰ ਦੀਆਂ ਬੇਨਾਮੀ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ
ਮੁਅੱਤਲ ਡੀ.ਆਈ.ਜੀ. ਭੁੱਲਰ ਦੇ ਭ੍ਰਿਸ਼ਟਾਚਾਰ ਕੇਸ ਸਬੰਧੀ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਐਂਟਰੀ ਨੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ। ਈ.ਡੀ. ਨੇ ਸੀ.ਬੀ.ਆਈ. ਤੋਂ ਭੁੱਲਰ ਦੀਆਂ ਜਾਇਦਾਦਾਂ ਨਾਲ ਜੁੜੇ ਦਸਤਾਵੇਜ਼ ਮੰਗ ਲਏ ਹਨ ਅਤੇ ਹੁਣ ਛਾਪਿਆਂ ਦੌਰਾਨ ਬਰਾਮਦ ਵਸਤਾਂ ਦੀ ਪੂਰੀ ਜਾਣਕਾਰੀ ਲਈ ਜਾਵੇਗੀ। ਇਸ ਤੋਂ ਬਾਅਦ ਈ.ਡੀ. ਮਨੀ ਲਾਂਡਰਿੰਗ ਐਕਟ ਅਧੀਨ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਦੇ ਛਾਪਿਆਂ ਦੌਰਾਨ ਅੰਬਾਲਾ, ਮੋਹਾਲੀ, ਚੰਡੀਗੜ੍ਹ ਅਤੇ ਰੋਪੜ ਸਮੇਤ 7 ਥਾਵਾਂ `ਤੇ ਕਾਰਵਾਈ ਕੀਤੀ ਗਈ। ਹੁਣ ਇਸ ਕੇਸ ਦੀਆਂ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ।
ਇਸ ਕੇਸ ਵਿੱਚ ਰੋਪੜ ਰੇਂਜ ਦੇ ਪੰਜ ਹੋਰ ਆਈ.ਪੀ.ਐੱਸ. ਅਫ਼ਸਰ ਵੀ ਸੀ.ਬੀ.ਆਈ. ਦੇ ਰਡਾਰ `ਤੇ ਹਨ, ਜਿਹੜੇ ਭੁੱਲਰ ਦੇ ਅਧੀਨ ਹੀ ਕੰਮ ਕਰਦੇ ਰਹੇ ਹਨ। ਉਨ੍ਹਾਂ ਨੂੰ ਰਿਸ਼ਵਤਕਾਂਡ ਅਤੇ ਵਿਚੋਲੇ ਕ੍ਰਿਸ਼ਨੂੰ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਪੈਣਗੇ। ਅਧਿਕਾਰਤ ਸੂਤਰਾਂ ਅਨੁਸਾਰ ਭੁੱਲਰ ਇਨ੍ਹਾਂ ਅਧਿਕਾਰੀਆਂ ਨੂੰ ਸਰਵਿਸ ਦੌਰਾਨ ਅਜਿਹੇ ਹੁਕਮ ਦਿੰਦਾ ਸੀ, ਜੋ ਜਾਂਚ ਵਾਲੇ ਵਿਸ਼ੇ ਹਨ। ਇਹ ਪੰਜ ਅਧਿਕਾਰੀ ਕੌਣ ਹਨ, ਇਸ ਦਾ ਰਾਜ ਅਜੇ ਨਹੀਂ ਖੁੱਲਿ੍ਹਆ, ਪਰ ਸੀ.ਬੀ.ਆਈ. ਉਨ੍ਹਾਂ ਤੋਂ ਪੁੱਛਗਿੱਛ ਕਰਨ ਵਾਲੀ ਹੈ।
ਪੰਜਾਬ ਸਰਕਾਰ ਨੇ ਵੀ ਆਪਣੇ ਪੱਧਰ `ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਛਾਪਿਆਂ ਦੌਰਾਨ ਸਾਹਮਣੇ ਆਈਆਂ 71 ਜਾਇਦਾਦਾਂ ਵਿੱਚੋਂ ਕੁਝ ਬੇਨਾਮੀ ਹਨ, ਜਿਨ੍ਹਾਂ ਨੂੰ ਅਟੈਚ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਪੰਜਾਬ ਦਾ ਰੈਵਨਿਊ ਵਿਭਾਗ ਸੀ.ਬੀ.ਆਈ. ਤੋਂ ਦਸਤਾਵੇਜ਼ਾਂ ਦੀਆਂ ਕਾਪੀਆਂ ਲੈ ਕੇ ਵੈਰੀਫਿਕੇਸ਼ਨ ਕਰ ਰਿਹਾ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਜ਼ਬਤ ਕਰ ਲਵੇਗਾ। ਇਹ ਜਾਇਦਾਦਾਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਹਨ ਅਤੇ ਭੁੱਲਰ ਨੇ ਇਨ੍ਹਾਂ ਨੂੰ ਰਿਸ਼ਵਤ ਦੇ ਪੈਸਿਆਂ ਨਾਲ ਹੀ ਖਰੀਦਿਆ ਸੀ।
ਇੱਕ ਵੀਡੀਓ ਵਿੱਚ ਅਕਾਸ਼ ਬੱਤਾ ਨੇ ਖੁਲਾਸਾ ਕੀਤਾ ਕਿ ਭੁੱਲਰ ਨੇ ਉਸ ਨੂੰ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਤੋਂ ਫ਼ੋਨ ਕਰਵਾਇਆ ਅਤੇ ਦੋ ਭਰਾਵਾਂ ਵਿਚਕਾਰ ਝਗੜਾ ਵਧਾ ਕੇ ਉਨ੍ਹਾਂ ਦੀ ਜ਼ਮੀਨ ਨੂੰ ਬਹੁਤ ਘੱਟ ਕੀਮਤ `ਤੇ ਖਰੀਦ ਲਿਆ। ਉਸ ਵਿਅਕਤੀ ਦਾ ਭਰਾ ਪੰਜਾਬ ਵਿੱਚ ਰਹਿੰਦਾ ਸੀ ਅਤੇ ਪਰਿਵਾਰ ਅਮਰੀਕਾ ਵਿੱਚ, ਪਰ ਭੁੱਲਰ ਨੇ ਉਨ੍ਹਾਂ ਨੂੰ ਇੱਕ ਦੂਜੇ ਵਿਰੁੱਧ ਭੜਕਾ ਦਿੱਤਾ। ਇਸ ਵੀਡੀਓ ਨੇ ਕੇਸ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।
ਇਸੇ ਦੌਰਾਨ ਭੁੱਲਰ `ਤੇ ਹੁਣ ਸਮਰਾਲਾ ਵਿੱਚ ਉਸ ਦੇ ਫਾਰਮਹਾਊਸ `ਤੇ ਵੱਡੀ ਤਾਦਾਦ ਵਿਚ ਸ਼ਰਾਬ ਦੀਆਂ ਬੋਤਲਾਂ ਰੱਖਣ ਦਾ ਵੀ ਦੋਸ਼ ਲੱਗਾ ਹੈ, ਜੋ ਉਸ ਦੇ ਭ੍ਰਿਸ਼ਟ ਚਰਿੱਤਰ ਨੂੰ ਹੋਰ ਬੇਪਰਦਾ ਕਰ ਰਿਹਾ ਹੈ। ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਇਹ ਸਿਰਫ਼ ਇੱਕ ਅਧਿਕਾਰੀ ਦਾ ਮਾਮਲਾ ਨਹੀਂ, ਸਗੋਂ ਪੂਰੇ ਸਿਸਟਮ ਵਿੱਚ ਵਿਆਪਕ ਭ੍ਰਿਸ਼ਟਾਚਾਰ ਦੀ ਨਿਸ਼ਾਨਦੇਹੀ ਹੈ। ਭੁੱਲਰ ਦੇ ਕੇਸ ਨੇ ਆਮ ਲੋਕਾਂ ਵਿੱਚ ਵੀ ਗੁੱਸਾ ਪੈਦਾ ਕੀਤਾ ਹੈ।
ਜੇਕਰ ਜਾਂਚ ਨਿਰਪੱਖ ਰਹੀ ਤਾਂ ਇਹ ਕੇਸ ਪੰਜਾਬ ਵਿੱਚ ਨਿਆਂ ਪ੍ਰਣਾਲੀ ਦੀ ਮਜਬੂਤੀ ਲਈ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ। ਭੁੱਲਰ ਵੱਲੋਂ ਆਪਣੀ ਆਮਦਨ ਤੋਂ 10 ਗੁਣਾ ਵੱਧ ਵਸੂਲੀਆਂ ਕੀਤੇ ਜਾਣ ਦੇ ਖਦਸ਼ੇ ਹਨ। ਰੋਪੜ ਰੇਂਜ ਵਿੱਚ ਉਸ ਦੇ ਕਾਰਜਕਾਲ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਉਸ ਨੇ ਪੁਲਿਸ ਨੂੰ ਰਿਸ਼ਵਤ ਲਈ ਵਰਤਿਆ। ਇੱਕ ਸੂਤਰ ਨੇ ਦੱਸਿਆ ਕਿ ਭੁੱਲਰ ਨੇ ਨਾ ਸਿਰਫ਼ ਜ਼ਮੀਨਾਂ ਖਰੀਦੀਆਂ, ਸਗੋਂ ਵਿਦੇਸ਼ੀ ਯਾਤਰਾਵਾਂ ਅਤੇ ਮਹਿੰਗੇ ਵਾਹਨਾਂ `ਤੇ ਵੀ ਵਾਧੂ ਖਰਚ ਕੀਤੇ।
ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਨਵੇਂ ਨਹੀਂ ਹਨ। ਪਿਛਲੇ ਕੁਝ ਸਾਲਾਂ ਵਿੱਚ ਕਈ ਆਈ.ਪੀ.ਐੱਸ. ਅਧਿਕਾਰੀ ਵੱਖ-ਵੱਖ ਕੇਸਾਂ ਵਿੱਚ ਫਸੇ ਹਨ। ਭੁੱਲਰ ਦਾ ਕੇਸ ਇੱਕ ਚੇਤਾਵਨੀ ਹੈ ਕਿ ਅਧਿਕਾਰੀ ਵਰਗ ਨੂੰ ਆਪਣੇ ਰਵੱਈਏ ਨੂੰ ਬਦਲਣਾ ਪਵੇਗਾ। ਜਿਵੇਂ ਕਿ ਉਰਦੂ ਕਵੀ ਐਹਤਿਸ਼ਾਮ ਅਖ਼ਤਰ ਨੇ ਕਿਹਾ ਹੈ: “ਸ਼ਹਿਰ ਦੇ ਹਨੇਰੇ ਨੂੰ ਇੱਕ ਚਰਾਗ਼ ਕਾਫ਼ੀ ਹੈ, ਸੌ ਚਰਾਗ਼ ਜਲਦੇ ਹਨ ਇੱਕ ਚਰਾਗ਼ ਜਲਣ ਤੋਂ।” ਇਹ ਕੇਸ ਉਸ ਚਰਾਗ਼ ਵਾਂਗ ਹੈ, ਜੋ ਪੰਜਾਬ ਦੇ ਅਧਿਕਾਰੀ ਵਿਭਾਗ ਦੇ ਹਨੇਰੇ ਨੂੰ ਰੌਸ਼ਨੀ ਦੇ ਰਿਹਾ ਹੈ। ਜਾਂਚ ਜਾਰੀ ਹੈ ਅਤੇ ਅੱਗੇ ਹੋਰ ਖੁਲਾਸੇ ਹੋਣੇ ਬਾਕੀ ਹਨ।

Leave a Reply

Your email address will not be published. Required fields are marked *