*ਹਰਿਆਣਾ ਦੇ ਦੋ ਪੁਲਿਸ ਅਫਸਰਾਂ ਵੱਲੋਂ ਖੁਦਕੁਸ਼ੀ
*ਮੁਹੰਮਦ ਮੁਸਤਫਾ ਦੇ ਬੇਟੇ ਦੀ ਭੇਦਭਰੀ ਹਾਲਤ ‘ਚ ਮੌਤ
ਪੰਜਾਬੀ ਪਰਵਾਜ਼ ਬਿਊਰੋ
ਲੰਘੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਫਸਰਾਂ ਖਿਲਾਫ ਇੱਕ ਸਾੜ੍ਹਸਤੀ ਚੱਲ ਰਹੀ ਹੈ। ਇਸ ਸਾਰੇ ਕੁਝ ਦਾ ਕਾਰਨ ਤੇ ਕੋਈ ਇੱਕ ਨਹੀਂ, ਪਰ ਇਹ ਗੱਲ ਕਿਸੇ ਨਾ ਕਿਸੇ ਤਰ੍ਹਾਂ ਸਾਫ ਹੋ ਰਹੀ ਹੈ ਕਿ ਸਾਡੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿੱਚ ਫੈਲਿਆ ਅੰਤਾਂ ਦਾ ਭ੍ਰਿਸ਼ਟਾਚਾਰ ਹੁਣ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਵਾਲੀ ਐਲੀਟ ਕਿਸਮ ਦੀ ਅਫਸਰਸ਼ਾਹੀ ਨੂੰ ਵੀ ਪ੍ਰਭਾਵਤ ਕਰਨ ਲੱਗਾ ਹੈ। ਇਸ ਦੇ ਨਾਲ ਹੀ ਸਾਡੇ ਸਮਾਜ ਵਿੱਚ ਫੈਲੀ ਜਾਤੀ ਕਿਸਮ ਦੀ ਪਾਟੋਧਾੜ ਵੀ ਭ੍ਰਿਸ਼ਟ ਸੱਭਿਆਚਾਰ ਨਾਲ ਲਿਪਟ-ਵਿਲਟ ਕੇ ਆਪਣਾ ਨਾਂਹਮੁਖੀ ਪ੍ਰਭਾਵ ਛੱਡ ਰਹੀ ਹੈ।
ਇਸੇ ਮਹੀਨੇ ਦੇ ਪਹਿਲੇ ਅੱਧ ਵਿੱਚ ਹਰਿਆਣਾ ਪੁਲਿਸ ਦੇ ਇੱਕ ਸੀਨੀਅਰ ਪੁਲਿਸ ਅਫਸਰ ਵਾਈ ਪੂਰਨ ਕੁਮਾਰ ਨੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਆਪਣੇ ਖੁਦਕੁਸ਼ੀ ਨੋਟ ਵਿੱਚ 10 ਸੀਨੀਅਰ ਅਫਸਰਾਂ ਵੱਲੋਂ ਉਸ ਨੂੰ ਜਾਤੀ ਆਧਾਰ `ਤੇ ਤੰਗ ਪ੍ਰੇਸ਼ਾਨ ਕਰਨ ਬਾਰੇ ਨੋਟ ਲਿਖ ਕੇ ਆਤਮ ਹੱਤਿਆ ਕੀਤੀ। ਉਸ ਦੀ ਲਾਸ਼ ਹਾਲੇ ਮੌਰਚਰੀ ਵਿੱਚ ਹੀ ਪਈ ਸੀ ਕਿ ਰੋਹਤਕ ਸਾਈਬਰ ਸੈਲ ਦੇ ਇੱਕ ਏ.ਐਸ.ਆਈ. ਸੰਦੀਪ ਕੁਮਾਰ ਨੇ ਪੂਰਨ ਕੁਮਾਰ ‘ਤੇ ਗੰਭੀਰ ਰੂਪ ਵਿੱਚ ਭ੍ਰਿਸ਼ਟ ਹੋਣ ਦੇ ਦੋਸ਼ ਲਾਉਂਦਿਆਂ ਖੁਦਕੁਸ਼ੀ ਕਰ ਲਈ। ਉਨ੍ਹਾਂ ਆਪਣੇ ਖੁਦਕੁਸ਼ੀ ਨੋਟ ਵਿੱਚ ਖੁਦ ਨੂੰ ਇਸ ਕੇਸ ਵਿੱਚ ਲਪੇਟੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ। ਖੁਦਕੁਸ਼ੀ ਕਰਨ ਤੋਂ ਪਹਿਲਾਂ ਸੰਦੀਪ ਕੁਮਾਰ ਨੇ ਪੂਰਨ ਕੁਮਾਰ ਦੀ ਪਤਨੀ ਅਵਨੀਤ ਕੁਮਾਰ ‘ਤੇ ਵੀ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ।
ਇਸੇ ਤਰ੍ਹਾਂ ਪੰਜਾਬ ਦੇ ਸੀਨੀਅਰ ਸਾਬਕਾ ਪੁਲਿਸ ਅਫਸਰ ਮੁਹੰਮਦ ਮੁਸਤਫਾ ਦੇ ਬੇਟੇ ਐਡਵੋਕੇਟ ਅਕੀਲ ਅਖ਼ਤਰ ਦੀ ਨਸ਼ੇ ਵਾਲੀ ਦਵਾਈ ਦੀ ਜ਼ਿਆਦਾ ਮਾਤਰਾ ਲਏ ਜਾਣ ਕਾਰਨ ਮੌਤ ਹੋ ਗਈ, ਇਸ ਨੂੰ ਵੀ ਇੱਕ ਤਰ੍ਹਾਂ ਨਾਲ ਖੁਦਕੁਸ਼ੀ ਹੀ ਸਮਝਿਆ ਜਾ ਰਿਹਾ ਹੈ। ਅਕੀਲ ਨੇ ਮਰਨ ਤੋਂ ਕੁਝ ਦਿਨ ਪਹਿਲਾਂ ਆਪਣੀ ਇੱਕ ਵੀਡੀਓ ਯੂ.ਟਿਊਬ ‘ਤੇ ਪਾਈ ਸੀ, ਜਿਸ ਵਿੱਚ ਉਸ ਨੇ ਆਪਣੇ ਪਿਤਾ ਮੁਹੰਮਦ ਮੁਸਤਫਾ ‘ਤੇ ਦੋਸ਼ ਲਾਏ ਕਿ ਉਸ ਦੇ ਆਪਣੀ ਨੂੰਹ (ਅਕੀਲ ਦੀ ਪਤਨੀ) ਨਾਲ ਜਿਸਮਾਨੀ ਰਿਸ਼ਤੇ ਹਨ। ਮੁਹੰਮਦ ਮੁਸਤਫਾ ਦਾ ਇਹ ਵਕੀਲ ਮੁੰਡਾ ਇਸ ਵੀਡੀਓ ਵਿੱਚ ਜ਼ਿੰਦਗੀ ਤੋਂ ਇੱਕ ਤਰ੍ਹਾਂ ਨਾਲ ਹਾਰਿਆ ਹੋਇਆ ਅਤੇ ਬੇਹੱਦ ਉਦਾਸ ਨਜ਼ਰ ਆਇਆ।
ਪਹਿਲਾਂ ਜੇ ਹਰਿਆਣਾ ਪੁਲਿਸ ਦੇ ਖੇਮੇ ਵਿੱਚ ਵਾਪਰੀਆਂ ਘਟਨਾਵਾਂ ‘ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੂਰਨ ਕੁਮਾਰ ਦੀ ਖੁਦਕੁਸ਼ੀ ਦਾ ਕੇਸ ਏਨਾ ਸਿੱਧਾ ਨਹੀਂ, ਜਿੰਨਾ ਇਹ ਸਰਸਰੀ ਨਜ਼ਰੇ ਵਿਖਾਈ ਦਿੰਦਾ ਹੈ। ਇਸ ਮਸਲੇ ਵਿੱਚ ਅਗਲੀ ਗੁੰਝਲ ਉਦੋਂ ਸਾਹਮਣੇ ਆਈ ਜਦੋਂ ਰੋਹਤਕ ਸਾਈਬਰ ਸੈਲ ਦੇ ਸਹਾਇਕ ਸਬ-ਇੰਸਪੈਕਟਰ ਨੇ ਵਾਈ ਪੂਰਨ ਕੁਮਾਰ ਅਤੇ ਉਸ ਦੀ ਪਤਨੀ ਅਵਨੀਤ ਪੀ. ਕੁਮਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਅਤੇ ਬਾਅਦ ਵਿੱਚ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਰੋਹਤਕ ਲਾਗੇ ਖੇਤਾਂ ਵਿੱਚੋਂ ਮਿਲੀ। ਇਸ ਤੋਂ ਅਗਲੇ ਦਿਨ ਜ਼ਿਲ੍ਹਾ ਅਦਾਲਤ ਦੇ ਦਖਲ ਤੋਂ ਬਾਅਦ ਆਈ.ਪੀ.ਐਸ. ਅਫਸਰ ਪੂਰਨ ਕੁਮਾਰ ਦਾ ਪੋਸਟਮਾਰਟਮ ਨਿਆਂਇਕ ਨਿਗਰਾਨੀ ਵਿੱਚ ਹੋਣ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ। ਪੂਰਨ ਕੁਮਾਰ ਦੀ ਪਤਨੀ ਅਵਨੀਤ ਕੁਮਾਰ ਸਰਕਾਰ ਤੋਂ ਮੰਗ ਕਰ ਰਹੀ ਸੀ ਕਿ ਉਨ੍ਹਾਂ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਪੂਰਨ ਕੁਮਾਰ ਦੇ ਸੂਸਾਈਡ ਨੋਟ ਵਿੱਚ ਹੈ; ਪਰ ਬਾਅਦ ਵਿੱਚ ਸਰਕਾਰ ਵੱਲੋਂ ਨਿਆਂ ਦੇਣ ਦੇ ਵਾਅਦੇ ‘ਤੇ ਉਨ੍ਹਾਂ ਪੂਰਨ ਕੁਮਾਰ ਦੀ ਦੇਹ ਦਾ ਸਸਕਾਰ ਕਰਨਾ ਸਵੀਕਾਰ ਕਰ ਲਿਆ। ਇਹੋ ਜਿਹੀਆਂ ਮੰਗਾਂ ਨੂੰ ਲੈ ਕੇ ਹੀ ਹੁਣ ਏ.ਐਸ.ਆਈ. ਸੰਦੀਪ ਕੁਮਾਰ ਦੀ ਦੇਹ ਮੌਰਚਰੀ ਵਿੱਚ ਪਈ ਹੈ।
ਇਹ ਵਰਤਾਰਾ ਦੱਸਦਾ ਹੈ ਕਿ ਹਰਿਆਣਾ ਪੁਲਿਸ ਵਿੱਚ ਜਾਤੀ ਲੀਹਾਂ ਨਾਲ ਜੁੜ ਕੇ ਭ੍ਰਿਸ਼ਟ ਜਾਂ ਇਮਾਨਦਾਰ ਹੋਣ ਦੇ ਨਾਂ ‘ਤੇ ਲਾਬੀਆਂ ਬਣੀਆਂ ਹੋਈਆਂ ਹਨ। ਆਮ ਤੌਰ ‘ਤੇ ਜਨਰਲ ਜਾਤਾਂ ਵਾਲੇ ਅਫਸਰ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਹਨ, ਜਦਕਿ ਦਲਿਤ ਜਾਤਾਂ ਵਾਲਿਆਂ ਨੂੰ ਭ੍ਰਿਸ਼ਟਾਚਾਰ ਆਖਿਆ ਜਾਂਦਾ ਹੈ। ਪਰ ਇਹ ਸੱਚਾਈ ਹੈ ਕਿ ਦਲਿਤ ਜਾਤਾਂ ਵਿੱਚੋਂ ਆਉਣ ਵਾਲੇ ਕਈ ਅਫਸਰ ਤੇਜ਼ੀ ਨਾਲ ਐਲੀਟ ਕਲਾਸਾਂ ਦੇ ਮੇਚ ਦੇ ਹੋਣ ਲਈ ਹੱਦੋਂ ਵੱਧ ਭ੍ਰਿਸ਼ਟ ਹੋ ਜਾਂਦੇ ਹਨ। ਭ੍ਰਿਸ਼ਟ ਕਿਸਮ ਦਾ ਲੈਣ-ਦੇਣ ਭਾਵੇਂ ਜਨਰਲ ਜਾਤਾਂ ਦੇ ਅਫਸਰਾਂ ਵਿੱਚ ਵੀ ਘੱਟ ਨਹੀਂ ਹੈ, ਪਰ ਇਮਾਨਦਾਰ ਅਤੇ ਭ੍ਰਿਸ਼ਟ ਕਿਸਮ ਦੀ ਇੱਕ ਵੰਡ ਸਰਕਾਰੀ ਮੁਲਾਜ਼ਮ ਤਬਕੇ ਵਿੱਚ ਆਮ ਤੌਰ ‘ਤੇ ਹੋ ਗਈ ਹੈ। ਇਸ ਆਧਾਰ ‘ਤੇ ਇਹ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੇ ਸਿਰਤੋੜ ਯਤਨ ਕਰਦੇ ਹਨ। ਏ.ਐਸ.ਆਈ. ਸੰਦੀਪ ਕੁਮਾਰ ਨੇ ਆਪਣੇ ਸੂਸਾਈਡ ਨੋਟ ਅਤੇ ਵੀਡੀਓ ਸੁਨੇਹੇ ਵਿੱਚ ਦੋਸ਼ ਲਾਇਆ ਕਿ ਖੁਦਕੁਸ਼ੀ ਕਰਨ ਵਾਲੇ ਆਈ.ਪੀ.ਐਸ. ਅਫਸਰ ਵਾਈ ਪੂਰਨ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਅਵਨੀਤ ਪੀ. ਕੁਮਾਰ ਬੇਹੱਦ ਭ੍ਰਿਸ਼ਟ ਸਨ/ਹਨ। ਖੁਦਕੁਸ਼ੀ ਤੋਂ ਬਾਅਦ ਏ.ਐਸ.ਆਈ. ਸੰਦੀਪ ਕੁਮਾਰ ਦਾ ਪਰਿਵਾਰ ਵੀ ਮੰਗ ਕਰ ਰਿਹਾ ਹੈ ਕਿ ਉਸ ਦੇ ਖੁਦਕੁਸ਼ੀ ਨੋਟ ਦੇ ਆਧਾਰ ‘ਤੇ ਐਫ.ਆਈ.ਆਰ. ਦਰਜ ਕੀਤੀ ਜਾਵੇ। ਜਦੋਂ ਤੱਕ ਅਜਿਹਾ ਨਹੀਂ ਕੀਤਾ ਜਾਂਦਾ, ਸੰਦੀਪ ਦੀ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੰਦੀਪ ਕੁਮਾਰ ਦੇ ਘਰ ਵੀ ਪਹੁੰਚੇ ਅਤੇ ਡੂੰਘਾਈ ਨਾਲ ਕੇਸ ਦੀ ਪੜਤਾਲ ਕਰਨ ਦਾ ਵਿਸ਼ਵਾਸ ਦਿਵਾਇਆ। ਕੁਝ ਅਪੁਸ਼ਟ ਸੂਤਰਾਂ ਅਨੁਸਾਰ ਪੂਰਨ ਕੁਮਾਰ ਦੇ ਗੰਨਮੈਨ ਸੁਸ਼ੀਲ ਕੁਮਾਰ, ਉਨ੍ਹਾਂ ਦੀ ਪਤਨੀ ਅਵਨੀਤ ਕੁਮਾਰ, ਬਠਿੰਡਾ ਰੂਰਲ ਦੇ ਐਮ.ਐਲ.ਏ. ਅਮਿੱਤ ਰਤਨ ਦੇ ਖਿਲਾਫ ਸੰਦੀਪ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ।
ਸੰਦੀਪ ਕੁਮਾਰ ਵੱਲੋਂ ਰਿਕਾਰਡ ਕੀਤੇ ਗਏ ਵੀਡੀਓ ਮੈਸੇਜ ਵਿੱਚ ਕਿਹਾ ਗਿਆ ਹੈ ਕਿ ਰੋਹਤਕ ਰੇਂਜ ਵਿੱਚ ਨਿਯੁਕਤ ਹੋਣ ਤੋਂ ਬਾਅਦ ਪੂਰਨ ਕੁਮਾਰ ਨੇ ਇਮਾਨਦਾਰ ਅਫਸਰਾਂ ਦੀ ਥਾਂ ਭ੍ਰਿਸ਼ਟ ਅਫਸਰਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਸੀਨੀਅਰ ਅਫਸਰ ਇਮਾਨਦਾਰ ਅਫਸਰਾਂ ਦੀਆਂ ਫਾਈਲ ਬਲੌਕ ਕਰ ਲੈਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤੰਗ ਕਰਕੇ ਪੈਸਿਆਂ ਦੀ ਮੰਗ ਕਰਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਮਹਿਲਾ ਪੁਲਿਸ ਅਫਸਰਾਂ ਦੀ ਬਦਲੀ ਬਦਲੇ ਉਨ੍ਹਾਂ ਦਾ ਜਿਣਸੀ ਸੋਸ਼ਣ ਕੀਤਾ ਜਾਂਦਾ ਸੀ। ਸੰਦੀਪ ਨੇ ਆਪਣੇ ਵੀਡੀਓ ਅਤੇ ਲਿਖਤੀ ਸੁਨੇਹੇ ਵਿੱਚ ਕਿਹਾ, “ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬੇਹੱਦ ਡੂੰਘੀਆਂ ਹਨ। ਮੈਂ ਆਪਣੇ ਖਿਲਾਫ ਕੇਸ ਤੋਂ ਡਰਦਿਆਂ ਖੁਦਕੁਸ਼ੀ ਕਰ ਰਿਹਾ ਹਾਂ।” ਸੰਦੀਪ ਕੁਮਾਰ ਨੇ ਕਿਹਾ ਕਿ ਆਈ.ਪੀ.ਐਸ. ਅਫਸਰ ਪੂਰਨ ਕੁਮਾਰ ਅਤੇ ਉਸ ਦੇ ਪਰਿਵਾਰ ਦੀ ਜਾਇਦਾਦ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸੰਦੀਪ ਕੁਮਾਰ ਨੇ ਰੋਹਤਕ ਦੇ ਹੁਣ ਤਬਦੀਲ ਕਰ ਦਿੱਤੇ ਗਏ ਅਫਸਰ ਨਰੇਂਦਰ ਬਿਜਾਰਨੀਆ ਦੀ ਤਾਰੀਫ ਕੀਤੀ, ਜਿਨ੍ਹਾਂ ਦਾ ਨਾਮ ਪੂਰਨ ਕੁਮਾਰ ਦੇ ਖੁਦਕੁਸ਼ੀ ਨੋਟ ਵਿੱਚ ਆਇਆ ਸੀ।
ਯਾਦ ਰਹੇ, ਇਸ ਤੋਂ ਪਹਿਲਾਂ ਵਾਈ. ਪੂਰਨ ਕੁਮਾਰ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ 10 ਸੀਨੀਅਰ ਅਫਸਰਾਂ ‘ਤੇ ਘੋਰ ਜਾਤੀ ਵਿਤਕਰਾ, ਮਿੱਥ ਕੇ ਮਾਨਸਿਕ ਤਸ਼ੱਦਦ, ਜਨਤਕ ਤੌਰ ‘ਤੇ ਬੇਇਜ਼ਤੀ ਕਰਨ ਦੇ ਦੋਸ਼ ਲਾਏ ਸਨ। ਇੱਥੇ ਇਹ ਜਾਣਕਾਰੀ ਵੀ ਮਿਲੀ ਹੈ ਕਿ ਏ.ਐਸ.ਆਈ. ਸੰਦੀਪ ਕੁਮਾਰ ਨੇ ਇੱਕ ਹੌਲਦਾਰ ਸੁਸ਼ੀਲ ਕੁਮਾਰ ਨੂੰ ਗ੍ਰਿਫਤਾਰ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਸੀ। ਉਹ ਮਰਹੂਮ ਆਈ.ਪੀ.ਐਸ. ਅਫਸਰ ਪੂਰਨ ਕੁਮਾਰ ਦਾ ਗੰਨਮੈਨ ਰਿਹਾ ਹੈ। ਇੱਕ ਸ਼ਰਾਬ ਦੇ ਠੇਕੇਦਾਰ ਨੇ ਦੋਸ਼ ਲਾਇਆ ਸੀ ਕਿ ਸੁਸ਼ੀਲ ਕੁਮਾਰ ਨੇ ਉਸ ਕੋਲੋਂ ਆਈ.ਪੀ.ਐਸ. ਅਫਸਰ ਪੂਰਨ ਕੁਮਾਰ ਦੇ ਨਾਂ ‘ਤੇ ਢਾਈ ਲੱਖ ਰੁਪਏ ਮੰਗੇ ਸਨ। ਰੋਹਤਕ ਦੇ ਨਵੇਂ ਪੁਲਿਸ ਸੁਪਰਡੈਂਟ ਐਸ.ਐਸ. ਭੌਰੀਆ ਨੇ ਕਿਹਾ, “ਸੰਦੀਪ ਕੁਮਾਰ ਸਾਡੇ ਵਿਭਾਗ ਵਿੱਚ ਬੇਹੱਦ ਮਿਹਨਤੀ ਅਤੇ ਇਮਾਨਦਾਰ ਅਫਸਰ ਸੀ।” ਇਸ ਤਰ੍ਹਾਂ ਆਈ.ਪੀ.ਐਸ. ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਖਿਲਾਫ ਸੰਦੀਪ ਕੁਮਾਰ ਦੀ ਖੁਦਕੁਸ਼ੀ ਖੜ੍ਹੀ ਕਰ ਲਈ ਗਈ ਹੈ। ਮਾਮਲਾ ਬਰਾਬਰ ਦਾ ਬਣ ਗਿਆ ਹੈ।
ਹਰਿਆਣਾ ਦੇ ਪੁਲਿਸ ਅਫਸਰਾਂ ਦੀ ਬਿਆਨਬਾਜ਼ੀ ਤੋਂ ਵੀ ਜਨਰਲ ਅਤੇ ਦਲਿਤ ਵਰਗਾਂ ਵਿਚਕਾਰ ਡੂੰਘੀ ਦੁਫੇੜ ਨਜ਼ਰ ਆਉਂਦੀ ਹੈ। ਇਹ ਅਸਲ ਵਿੱਚ ਭਾਰਤੀ ਸਮਾਜਕ ਪ੍ਰਬੰਧ ਦਾ ਹੀ ਪ੍ਰਤੌਅ ਹੈ, ਜਿਹੜਾ ਸ਼ਹਿਰੀਕਰਨ ਦੇ ਬਾਵਜੂਦ ਜਾਤ-ਪਾਤੀ ਮਾਨਸਿਕਤਾ ਨੂੰ ਤਿਲਾਂਜਲੀ ਨਹੀਂ ਦੇ ਰਿਹਾ।
ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਦਾ ਮਾਮਲਾ
ਪੰਜਾਬ ਪੁਲਿਸ ਵਿੱਚੋਂ ਐਡੀਸ਼ਨਲ ਡੀ.ਜੀ.ਪੀ. ਵਜੋਂ ਰਿਟਾਇਰ ਹੋਏ ਸੀਨੀਅਰ ਪੁਲਿਸ ਅਫਸਰ ਮੁਹੰਮਦ ਮੁਸਤਫਾ ਦੇ ਪੁੱਤਰ ਐਡਵੋਕੇਟ ਅਕੀਲ ਅਖਤਰ ਦੀ ਬੀਤੀ 17 ਅਕਤੂਬਰ ਨੂੰ ਕਿਸੇ ਦਵਾਈ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਹ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਦਾ ਸੀ।
ਇਸ ਦੌਰਾਨ ਪੰਚਕੂਲਾ ਪੁਲਿਸ ਨੇ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦਾ ਪਤਨੀ ਤੇ ਸਾਬਕਾ ਮੰਤਰੀ ਰਜੀਆ ਸੁਲਤਾਨਾ ਖਿਲਾਫ ਪੁੱਤਰ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੰਚਕੂਲਾ ਦੇ ਮਨਸਾ ਦੇਵੀ ਥਾਣੇ ਵਿਚ ਕਿਸੇ ਗੁਆਂਢੀ ਦੀ ਸ਼ਿਕਾਇਤ ‘ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਅਖ਼ਬਾਰੀ ਰਿਪੋਰਟਾਂ ਅਨੁਸਾਰ ਅਕੀਲ ਪੰਚਕੂਲਾ ਸਥਿਤ ਆਪਣੇ ਘਰ ਵਿੱਚ ਹੀ ਬੇਹੋਸ਼ ਮਿਲਿਆ ਸੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮੁਹੰਮਦ ਮੁਸਤਫਾ ਪੰਜਾਬ ਵਿੱਚ ਸਿੱਖ ਖਾੜਕੂਵਾਦ ਵੇਲੇ ਚਰਚਿਤ ਅਫਸਰਾਂ ਵਿੱਚੋਂ ਰਹੇ ਹਨ। ਉਨ੍ਹਾਂ ਉਤੇ ਸਿੱਖ ਨੌਜੁਆਨਾਂ ‘ਤੇ ਤਸ਼ੱਦਦ ਕਰਵਾਉਣ ਅਤੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ/ਮਰਾਉਣ ਦੇ ਵੀ ਦੋਸ਼ ਲਗਦੇ ਰਹੇ ਹਨ। ਉਹ 2021 ਵਿੱਚ ਪੰਜਾਬ ਪੁਲਿਸ ਵਿੱਚੋਂ ਰਿਟਾਇਰ ਹੋਏ ਅਤੇ ਕਾਂਗਰਸ ਪਾਰਟੀ ਦੇ ਨੇੜੇ ਰਹੇ। ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਮਲੇਰਕੋਟਲਾ ਤੋਂ ਤਿੰਨ ਵਾਰ ਪੰਜਾਬ ਅਸੈਂਬਲੀ ਦੇ ਮੈਂਬਰ ਰਹਿ ਚੁੱਕੇ ਹਨ। ਕਾਂਗਰਸ ਸਰਕਾਰ ਵਿੱਚ ਮੰਤਰੀ ਵੀ ਰਹੇ। ਉਨ੍ਹਾਂ ਦੇ ਬੇਟੇ ਅਕੀਲ ਅਖਤਰ ਦੀ ਮਰਨ ਤੋਂ ਪਹਿਲਾਂ ਨੈਟ ‘ਤੇ ਪਾਈ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹਨੇ ਮੁਹੰਮਦ ਮੁਸਤਫਾ ਦੇ ਆਪਣੀ ਨੂੰਹ (ਅਕੀਲ ਦੀ ਪਤਨੀ) ਨਾਲ ਜਿਸਮਾਨੀ ਸੰਬੰਧਾਂ ਦੇ ਦੋਸ਼ ਲਾਏ ਹਨ। ਅਕੀਲ ਇਸ ਵੀਡੀਓ ਵਿੱਚ ਡੂੰਘੇ ਡਿਪਰੈਸ਼ਨ ਵਿੱਚ ਨਜ਼ਰ ਆਇਆ। ਉਸ ਨੇ ਕਿਹਾ ਕਿ ਮੁਹੰਮਦ ਮੁਸਤਫਾ ਇਸ ਨਾਜਾਇਜ਼ ਰਿਸ਼ਤੇ ‘ਤੇ ਮਾਣ ਵੀ ਕਰਦੇ ਹਨ। ਇਹ ਵੀਡੀਓ ਕਾਫੀ ਲੰਮੀ ਹੈ ਅਤੇ ਅਕੀਲ ਇਸ ਵਿੱਚ ਹੋਰ ਵੀ ਬਹੁਤ ਕੁਝ ਕਹਿੰਦਾ ਹੈ। ਅਕੀਲ ਦੀ ਦੇਹ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਸਹਾਰਨਪੁਰ ਲਾਗੇ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਦਫਨਾ ਦਿੱਤਾ ਗਿਆ। 33 ਸਾਲਾ ਅਕੀਲ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਇਸ ਮਾਮਲੇ ਵਿੱਚ ਇਹ ਸ਼ੰਕੇ ਵੀ ਉਠ ਰਹੇ ਹਨ ਕਿ ਇਹ ਕਿਧਰੇ ਕਤਲ ਦਾ ਮਾਮਲਾ ਤਾਂ ਨਹੀਂ ਹੈ?
