ਫ਼ਿਜੀ ਦੀ ਤਰੱਕੀ ਵਿੱਚ ਪੰਜਾਬੀਆਂ ਦਾ ਯੋਗਦਾਨ

ਗੂੰਜਦਾ ਮੈਦਾਨ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਅਤੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ਵਿੱਚ ਮੰਨਵਾਇਆ ਹੈ। ਫ਼ਿਜੀ ਨਾਲ ਭਾਰਤੀਆਂ ਤੇ ਪੰਜਾਬੀਆਂ ਦਾ ਨਾਤਾ ਕਾਫੀ ਪੁਰਾਣਾ ਦੱਸਿਆ ਜਾਂਦਾ ਹੈ। ਪੰਜਾਬੀਆਂ ਦੀ ਪਹਿਲੀ ਅਤੇ ਮਹੱਤਵਪੂਰਨ ਆਮਦ ਇੱਥੇ ਸੰਨ 1900 ਅਤੇ 1930 ਦੇ ਦਰਮਿਆਨ ਹੋਈ ਮੰਨੀ ਜਾਂਦੀ ਹੈ।

ਸਮਾਂ ਬੀਤਣ ਨਾਲ ਭਾਰਤ ਤੋਂ ਗੁਜਰਾਤੀ ਵਪਾਰੀ ਅਤੇ ਵੱਖ-ਵੱਖ ਖੇਤਰਾਂ ਵਿੱਚ ਨਿਪੁੰਨਤਾ ਪ੍ਰਾਪਤ ਕਾਮੇ ਵੀ ਇੱਥੇ ਆਣ ਵੱਸੇ ਸਨ। ਫ਼ਿਜੀ ਵਿੱਚ ਵੱਸਦੇ ਪੰਜਾਬੀਆਂ ਦੀ ਸੰਖਿਆ ਬੇਸ਼ੱਕ ਜ਼ਿਆਦਾ ਨਹੀਂ ਹੈ, ਪਰ ਜਿੰਨੀ ਵੀ ਹੈ, ਉਸਦਾ ਪ੍ਰਭਾਵ ਇੱਥੇ ਬਹੁਤ ਹੀ ਮਹੱਤਵਪੂਰਨ ਅਤੇ ਪ੍ਰਸ਼ੰਸਾਯੋਗ ਹੈ। ਉਨ੍ਹਾਂ ਨੂੰ ਫ਼ਿਜੀ `ਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਦਾ ਸ਼ਰਫ਼ ਹਾਸਿਲ ਸੀ। ਪੇਸ਼ ਹੈ, ਇਸ ਸਾਂਝ ਦਾ ਸੰਖੇਪ ਵੇਰਵਾ…

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008

ਪ੍ਰਸ਼ਾਂਤ ਮਹਾਂਸਾਗਰ ਦੇ ਦੱਖਣੀ ਹਿੱਸੇ ਵਿੱਚ ਮੌਜੂਦ ਅਤੇ ਨਿੳਜ਼ੀਲੈਂਡ ਤੋਂ ਦੋ ਹਜ਼ਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਫ਼ਿਜੀ ਨਾਂ ਦਾ ਮੁਲਕ ਲਗਪਗ 330 ਤੋਂ ਵੱਧ ਟਾਪੂਆਂ ਦਾ ਸਮੂਹ ਹੈ ਤੇ ਇਸਦਾ ਰਕਬਾ ਕੁੱਲ ਮਿਲਾ ਕੇ 18,274 ਵਰਗ ਕਿਲੋਮੀਟਰ ਬਣਦਾ ਹੈ। ਦਿਲਚਸਪ ਗੱਲ ਹੈ ਕਿ ਫ਼ਿਜੀ ਦੀ ਕੁੱਲ ਵੱਸੋਂ ਇਸ ਵਕਤ ਭਾਵ ਸਾਲ 2025 ਵਿੱਚ 9,33,000 ਦੇ ਕਰੀਬ ਹੈ ਤੇ ਇਸ ਵਿੱਚੋਂ ਵੀ 87 ਫ਼ੀਸਦੀ ਵੱਸੋਂ ਕੇਵਲ ਦੋ ਹੀ ਟਾਪੂਆਂ ’ਤੇ ਵੱਸਦੀ ਹੈ, ਜਿਨ੍ਹਾਂ ਦੇ ਨਾਂ ਵਿਤੀ ਲੇਵੂ ਅਤੇ ਵੇਨੂਆ ਲੇਵੂ ਹਨ। ਇਸ ਮੁਲਕ ਨੂੰ ਬਰਤਾਨਵੀ ਸਾਮਰਾਜ ਕੋਲੋਂ 10 ਅਕਤੂਬਰ 1970 ਨੂੰ ਆਜ਼ਾਦੀ ਮਿਲੀ ਸੀ। ਇੱਥੇ ਜਨਸੰਖਿਆ ਘਣਤਾ ਲਗਪਗ 46 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਇੱਥੋਂ ਦੀ ਆਬਾਦੀ ਦਾ 64 ਫ਼ੀਸਦੀ ਹਿੱਸਾ ਈਸਾਈ ਧਰਮ ਦਾ ਪੈਰੋਕਾਰ ਹੈ, ਜਦੋਂ ਕਿ ਹਿੰਦੂ ਅਤੇ ਮੁਸਲਿਮ ਧਰਮਾਂ ਵਿੱਚ ਆਸਥਾ ਰੱਖਣ ਵਾਲਿਆਂ ਦੀ ਆਬਾਦੀ ਕ੍ਰਮਵਾਰ 28 ਫ਼ੀਸਦੀ ਅਤੇ 6 ਫ਼ੀਸਦੀ ਦੇ ਕਰੀਬ ਹੈ। ਇੱਥੋਂ ਦੀ ਕਰੰਸੀ ਦਾ ਨਾਂ ‘ਫ਼ਿਜੀਅਨ ਡਾਲਰ’ ਹੈ।
ਫ਼ਿਜੀ ਨਾਲ ਭਾਰਤੀਆਂ ਦਾ ਨਾਤਾ ਕਾਫੀ ਪੁਰਾਣਾ ਦੱਸਿਆ ਜਾਂਦਾ ਹੈ। ਇਤਿਹਾਸ ਦੇ ਵਰਕਿਆਂ ’ਤੇ ਦਰਜ ਜਾਣਕਾਰੀ ਦੱਸਦੀ ਹੈ ਕਿ ਸੰਨ 1879 ਤੋਂ 1916 ਦੇ ਦਰਮਿਆਨ ਭਾਰਤ ਅਤੇ ਫ਼ਿਜੀ- ਦੋਹਾਂ ਮੁਲਕਾਂ ਵਿੱਚ ਬਰਤਾਨਵੀ ਰਾਜ ਕਾਇਮ ਸੀ ਤੇ ਇਸ ਕਾਲ ਖੰਡ ਦੌਰਾਨ ਬਰਤਾਨਵੀ ਹਾਕਮ ਹੀ ਲਗਪਗ 60 ਹਜ਼ਾਰ ਭਾਰਤੀਆਂ ਨੂੰ ਗੰਨੇ ਦੀ ਖੇਤੀ ਵਾਸਤੇ ਬਤੌਰ ਮਜ਼ਦੂਰ ਭਾਰਤ ਤੋਂ ਇੱਥੇ ਲੈ ਕੇ ਆਏ ਸਨ। ਉਹ ਮਜ਼ਦੂਰ ਬਾਅਦ ਵਿੱਚ ਇੱਥੇ ਹੀ ਵੱਸ ਗਏ ਤੇ ਹੌਲੀ-ਹੌਲੀ ਫ਼ਿਜੀ ਦੇ ਸੱਭਿਆਚਾਰ ਵਿੱਚ ਭਾਰਤੀ ਸੱਭਿਆਚਾਰ ਦੇ ਕਈ ਲੱਛਣ ਇਕਮਿਕ ਹੀ ਹੋ ਗਏ। ਇੱਥੋਂ ਤੱਕ ਕਿ ਭਾਸ਼ਾਈ ਦੀਵਾਰਾਂ ਨੂੰ ਤੋੜ ਕੇ ਇੱਥੋਂ ਦੇ ਵਾਸੀਆਂ ਨੇ ਫ਼ਿਜੀ ਦੀ ਸਥਾਨਕ ਭਾਸ਼ਾ ਅਤੇ ਭਾਰਤੀਆਂ ਦੀ ਹਿੰਦੀ ਭਾਸ਼ਾ ਦਾ ਮੇਲ ਕਰਾ ਕੇ ‘ਫ਼ਿਜੀ-ਹਿੰਦੀ’ ਨਾਂ ਦੀ ਭਾਸ਼ਾ ਨੂੰ ਜਨਮ ਦਿੱਤਾ ਸੀ, ਜੋ ਇੱਥੇ ਖ਼ੂਬ ਵਰਤੀ ਜਾਂਦੀ ਹੈ ਤੇ ਇੱਥੋਂ ਦੀ ਦਫ਼ਤਰੀ ਭਾਸ਼ਾ ਵੀ ਬਣ ਚੁੱਕੀ ਹੈ। ਸਮਾਂ ਬੀਤਣ ਨਾਲ ਭਾਰਤ ਤੋਂ ਗੁਜਰਾਤੀ ਵਪਾਰੀ ਅਤੇ ਵੱਖ-ਵੱਖ ਖੇਤਰਾਂ ਵਿੱਚ ਨਿਪੁੰਨਤਾ ਪ੍ਰਾਪਤ ਕਾਮੇ ਇੱਥੇ ਆਣ ਵੱਸੇ ਸਨ।
ਫ਼ਿਜੀ ਵਿੱਚ ਵੱਸਦੇ ਪੰਜਾਬੀਆਂ ਦੀ ਸੰਖਿਆ ਬੇਸ਼ੱਕ ਜ਼ਿਆਦਾ ਨਹੀਂ ਹੈ, ਪਰ ਜਿੰਨੀ ਵੀ ਹੈ, ਉਸਦਾ ਪ੍ਰਭਾਵ ਇੱਥੇ ਬਹੁਤ ਹੀ ਮਹੱਤਵਪੂਰਨ ਅਤੇ ਪ੍ਰਸ਼ੰਸਾਯੋਗ ਹੈ। ਵੀਹਵੀਂ ਸਦੀ ਦੇ ਅਰੰਭ ਵਿੱਚ ਇੱਥੇ ਪੰਜਾਬੀਆਂ ਨੇ ਪੁੱਜਣਾ ਸ਼ੁਰੂ ਕਰ ਦਿੱਤਾ ਸੀ। ਇਹ ਪੰਜਾਬੀ ਲੋਕ ਇੱਥੇ ਆਏ ਤਾਂ ਬਤੌਰ ਗੰਨਾ ਮਜ਼ਦੂਰ ਸਨ, ਪਰ ਬਾਅਦ ਵਿੱਚ ਇਨ੍ਹਾਂ ਨੇ ਅਤੇ ਇਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਇੱਥੇ ਆਪਣੇ ਕਾਰੋਬਾਰ ਸਥਾਪਿਤ ਕੀਤੇ ਤੇ ਫ਼ਿਜੀ ਦੀ ਅਰਥ ਵਿਸਥਾ ਨੂੰ ਇੱਕ ਵੱਡਾ ਹੁਲਾਰਾ ਦਿੱਤਾ ਸੀ। ਫ਼ਿਜੀਅਨ ਦੋ ਡਾਲਰ ਦੇ ਨੋਟ ਉਤੇ ਗੰਨਾ ਲੀਡਰ ਵਜੋਂ ਸ. ਮਿਹਰ ਸਿੰਘ ਦੀ ਫੋਟੋ ਵੀ ਪ੍ਰਕਾਸ਼ਿਤ ਕੀਤੀ ਗਈ ਸੀ।
ਪੰਜਾਬੀਆਂ ਦੀ ਪਹਿਲੀ ਅਤੇ ਮਹੱਤਵਪੂਰਨ ਆਮਦ ਇੱਥੇ ਸੰਨ 1900 ਅਤੇ 1930 ਦੇ ਦਰਮਿਆਨ ਹੋਈ ਮੰਨੀ ਜਾਂਦੀ ਹੈ ਤੇ ਇੱਥੇ ਆਉਣ ਵਾਲੇ ਜ਼ਿਆਦਾਤਰ ਪੰਜਾਬੀਆਂ ਦਾ ਪਿਛੋਕੜ ਜਲੰਧਰ ਅਤੇ ਹੁਸ਼ਿਆਰਪੁਰ ਆਦਿ ਜ਼ਿਲਿ੍ਹਆਂ ਨਾਲ ਜੁੜ੍ਹਿਆ ਹੋਇਆ ਸੀ। ਪ੍ਰਾਪਤ ਅੰਕੜਿਆਂ ਅਨੁਸਾਰ ਸੰਨ 1921 ਦੀ ਜਨਗਣਨਾ ਅਨੁਸਾਰ ਇੱਥੇ 61 ਹਜ਼ਾਰ ਭਾਰਤੀ ਵੱਸਦੇ ਸਨ, ਜਿਨ੍ਹਾਂ ਵਿੱਚੋਂ ਪੰਜਾਬੀਆਂ ਦੀ ਸੰਖਿਆ 449 ਸੀ। ਇਸੇ ਤਰ੍ਹਾਂ ਸਥਾਨਕ ਲੇਬਰ ਵਿਭਾਗ ਦੇ ਅੰਕੜਿਆਂ ਅਨੁਸਾਰ ਸੰਨ 1927 ਤੋਂ 1930 ਤੱਕ ਇੱਥੇ ਪੁੱਜੇ ਪੰਜਾਬੀਆਂ ਵਿੱਚ 1508 ਮਰਦ ਅਤੇ 18 ਔਰਤਾਂ ਸ਼ਾਮਿਲ ਸਨ। ਫ਼ਿਜੀ ਵਿਖੇ ਆ ਕੇ ਇਨ੍ਹਾਂ ਪੰਜਾਬੀਆਂ ਨੇ ਇੱਥੋਂ ਦੇ ਪੱਛਮੀ ਜ਼ਿਲਿ੍ਹਆਂ ਵਿੱਚ ਅਤੇ ਲਾਬਾਸਾ ਨਾਮਕ ਖੇਤਰ ਦੇ ਆਸ-ਪਾਸ ਟਿਕਾਣਾ ਕਰ ਲਿਆ ਸੀ। ਬਾਅਦ ਵਿੱਚ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਆਦਿ ਵਿਦੇਸ਼ੀ ਮੁਲਕਾਂ ਤੋਂ ਚੱਲ ਕੇ ਵੀ ਬਹੁਤ ਸਾਰੇ ਪੰਜਾਬੀ ਲੋਕ ਫ਼ਿਜੀ ਵਿਖੇ ਆਣ ਪੁੱਜੇ ਸਨ। ਸਾਲ 1956 ਵਿੱਚ ਇੱਥੇ ਭਾਰਤੀਆਂ ਦੀ ਗਿਣਤੀ 26 ਹਜ਼ਾਰ ਤੋਂ ਵੀ ਘੱਟ ਰਹਿ ਗਈ ਸੀ ਤੇ ਉਨ੍ਹਾਂ ਵਿੱਚੋਂ ਵੀ ਪੰਜਾਬੀਆਂ ਦੀ ਗਿਣਤੀ ਕੇਵਲ 468 ਸੀ। ਸੰਨ 1966 ਦੀ ਜਨਗਣਨਾ ਅਨੁਸਾਰ ਫ਼ਿਜੀ ਅੰਦਰ ਪੰਜਾਬੀਆਂ ਦੀ ਸੰਖਿਆ 3002 ਸੀ, ਜੋ ਸੰਨ 1996 ਵਿੱਚ ਇਹ ਅੰਕੜਾ 3076 ਹੋ ਗਿਆ ਸੀ। ਸਾਲ 2007 ਦੀ ਜਨਗਣਨਾ ਮੁਤਾਬਿਕ ਫ਼ਿਜੀ ਅੰਦਰ ਵੱਸਦੇ ਪੰਜਾਬੀ ਲੋਕ ਗਿਣਤੀ ਪੱਖੋਂ ਕੇਵਲ 2577 ਹੀ ਰਹਿ ਗਏ ਸਨ।
ਆਪਣੀ ਧਾਰਮਿਕ ਫ਼ਿਤਰਤ ਅਨੁਸਾਰ ਪੰਜਾਬੀਆਂ ਨੇ ਇੱਥੇ ਵੀ ਆਪਣੇ ਇਸ਼ਟ ਨੂੰ ਯਾਦ ਕਰਨ ਲਈ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕਰ ਦਿੱਤੀ ਸੀ, ਜਿਨ੍ਹਾਂ ਵਿੱਚ ‘ਗੁਰਦੁਆਰਾ ਸਾਹਿਬ ਸੰਬੂਲਾ’, ‘ਗੁਰੂ ਰਵਿਦਾਸ ਗੁਰਦੁਆਰਾ ਨਾਸੀਨੂ’, ‘ਸਿੱਖ ਟੈਂਪਲ ਲੌਤੁਕਾ’, ‘ਗੁਰਦੁਆਰਾ ਲਾਬਾਸਾ’ ਅਤੇ ‘ਸਿੱਖ ਟੈਂਪਲ ਤਗੀ-ਤਗੀ’ ਆਦਿ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਇੱਥੇ ਇਹ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਇਨ੍ਹਾਂ ਗੁਰੂਘਰਾਂ ਵਿੱਚ ਆਉਣ ਵਾਲੇ ਹਰੇਕ ਲੋੜਵੰਦ ਲਈ ਲੰਗਰ ਅਤੇ ਰਾਤ ਨੂੰ ਵਿਸ਼ਰਾਮ ਕਰਨ ਦੀ ਵਿਵਸਥਾ ਸਦਾ ਹੀ ਮੌਜੂਦ ਰਹਿੰਦੀ ਹੈ। ਸ. ਸੰਪੂਰਨ ਸਿੰਘ ਨਾਮਕ ਗੁਰਮੁਖ਼ ਹਸਤੀ ਨੇ ਸੰਨ 1922 ਵਿੱਚ ‘ਸਿੱਖ ਟੈਂਪਲ ਸੰਬੂਲਾ’ ਦੀ ਸਥਾਪਨਾ ਕੀਤੀ ਸੀ, ਜੋ ਕਿ ਫ਼ਿਜੀ ਵਿਖੇ ਸਥਾਪਿਤ ਕੀਤਾ ਜਾਣ ਵਾਲਾ ਪਹਿਲਾ ਸਿੱਖ ਗੁਰੂਘਰ ਸੀ। ਇਸੇ ਤਰ੍ਹਾਂ ਸੰਨ 1939 ਵਿੱਚ ਸ੍ਰੀ ਲੱਛੂ ਰਾਮ, ਸ੍ਰੀ ਰੱਖਾ ਰਾਮ, ਸ੍ਰੀ ਬਖ਼ਸ਼ੀ ਰਾਮ, ਸ੍ਰੀ ਮੇਲੂ ਰਾਮ, ਸ੍ਰੀ ਖ਼ੁਸ਼ੀ ਰਾਮ ਅਤੇ ਸ੍ਰੀ ਮਹਿੰਗਾ ਰਾਮ ਆਦਿ ਟਰੱਸਟੀਆਂ ਦੀ ਅਗਵਾਈ ਵਿੱਚ ਨਾਸੀਨੂ ਨਾਮਕ ਇਲਾਕੇ ਵਿੱਚ ‘ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ’ ਦੀ ਸਥਾਪਨਾ ਕੀਤੀ ਗਈ ਸੀ ਤੇ ਦਿਲਚਸਪ ਤੱਥ ਇਹ ਹੈ ਕਿ ਇਹ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਭਾਰਤ ਤੋਂ ਬਾਹਰ ਬਣਨ ਵਾਲਾ ਇਹ ਸ਼ਾਇਦ ਸਭ ਤੋਂ ਪਹਿਲਾ ਗੁਰਦੁਆਰਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਲਾਬਾਸਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਅਜਿਹਾ ਇਕਲੌਤਾ ਗੁਰੂਘਰ ਹੈ, ਜੋ ਫ਼ਿਜੀ ਦੀ ਮੁੱਖ ਭੂਮੀ ਆਖੇ ਜਾਂਦੇ ਵਿੱਤੀ ਲੇਵੂ ਨਾਮਕ ਟਾਪੂ ਤੋਂ ਬਾਹਰ ਸਥਿਤ ਹੈ ਤੇ ਫ਼ਿਜੀ ਦੇ ਦੂਸਰੇ ਸਭ ਤੋਂ ਵੱਡੇ ਟਾਪੂ ‘ਵੇਨੂਆ ਲੇਵੂ’ ਉਤੇ ਹਾਜ਼ਰ ਹੈ।
ਪੰਜਾਬੀਆਂ ਨੇ ਇੱਥੇ ਆਪਣੀ ਪੈਂਠ ਕਾਇਮ ਕਰਦਿਆਂ ਬੜੇ ਹੀ ਮਜਬੂਤ ਸਮਾਜਿਕ ਅਤੇ ਸੱਭਿਅਚਾਰਕ ਸੰਗਠਨਾਂ ਦੀ ਸਥਾਪਨਾ ਵੀ ਕੀਤੀ, ਜਿਨ੍ਹਾਂ ਵਿੱਚ ‘ਸਿੱਖ ਐਜੂਕੇਸ਼ਨਲ ਸੁਸਾਇਟੀ’ ਅਤੇ ‘ਫ਼ਿਜੀ ਸਿੱਖ ਐਸੋਸੀਏਸ਼ਨ’ ਆਦਿ ਜਿਹੇ ਨਾਮਵਰ ਅਤੇ ਮਹੱਤਵਪੂਰਨ ਸੰਗਠਨ ਵੀ ਸ਼ਾਮਿਲ ਹਨ। ਇੱਥੇ ਸਿੱਖਿਆ ਨੂੰ ਆਪਣੀ ਪ੍ਰਾਥਮਿਕਤਾ ਦਰਸਾਉਂਦਿਆਂ ਇਨ੍ਹਾਂ ਪੰਜਾਬੀਆਂ ਨੇ ਇੱਥੇ ਕਿੰਡਰਗਾਰਟਨ ਸਕੂਲ, ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਸਕੂਲ, ‘ਖ਼ਾਲਸਾ ਹਾਈ ਸਕੂਲ’ ਅਤੇ ਇੱਥੋਂ ਤੱਕ ਕਿ ਉੱਚ-ਵਿੱਦਿਆ ਪ੍ਰਦਾਨ ਕਰਨ ਹਿਤ ‘ਖ਼ਾਲਸਾ ਕਾਲਜ’ ਜਿਹੀਆਂ ਉੱਚ-ਕੋਟੀ ਦੀਆਂ ਵਿਦਿਅਕ ਸੰਸਥਾਵਾਂ ਵੀ ਕਾਇਮ ਕਰ ਦਿੱਤੀਆਂ ਸਨ। ਇੱਥੇ ਸੰਨ 1958 ਵਿੱਚ ਪਹਿਲੇ ‘ਖ਼ਾਲਸਾ ਹਾਈ ਸਕੂਲ’ ਦੀ ਸਥਾਪਨਾ ਕੀਤੀ ਗਈ ਸੀ, ਤਾਂ ਜੋ ਪੰਜਾਬੀਆਂ ਦੇ ਬੱਚਿਆਂ ਨੂੰ ਪਹਿਲੇ ਦਿਨੋਂ ਹੀ ਗੁਰਮੁਖੀ ਅੱਖਰਾਂ ਵਿੱਚ ਵਿੱਦਿਆ ਦਾਨ ਦਿੱਤਾ ਜਾ ਸਕੇ। ਇਸ ਸਕੂਲ ਵਿਖੇ ਸੰਨ 1972 ਵਿੱਚ 491 ਬੱਚੇ ਪੜ੍ਹਦੇ ਸਨ, ਜਿਨ੍ਹਾਂ ਵਿੱਚੋਂ 124 ਵਿਦਿਆਰਥੀ ਸਿੱਖ ਸਨ। ਇਸਦੇ ਨਾਲ ਹੀ ਆਸ-ਪਾਸ ਦੇ ਇਲਾਕਿਆਂ ਵਿੱਚ ‘ਗੁਰੂ ਨਾਨਕ ਖ਼ਾਲਸਾ ਪ੍ਰਾਇਮਰੀ ਸਕੂਲ’, ‘ਖ਼ਾਲਸਾ ਪ੍ਰਾਇਮਰੀ ਸਕੂਲ ਨਦੌਰੀ’ ਆਦਿ ਦੀ ਸਥਾਪਨਾ ਵੀ ਕਰ ਦਿੱਤੀ ਗਈ ਸੀ। ਇੱਥੇ ਵੱਸਦੇ ਸਮੂਹ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਬੋਲਣ, ਲਿਖਣ ਅਤੇ ਸਾਂਭਣ ਪ੍ਰਤੀ ਜਾਗਰੂਕ ਹਨ ਤੇ ਚੜ੍ਹਦੇ ਪੰਜਾਬ ਦੀ ਪੰਜਾਬੀ ਇੱਥੇ ਖ਼ੂਬ ਬੋਲੀ ਤੇ ਵਰਤੀ ਜਾਂਦੀ ਹੈ। ਇਥੇ ਵੱਸਦੇ ਸਮੂਹ ਪੰਜਾਬੀ ਗੁਰਪੁਰਬਾਂ ਤੋਂ ਇਲਾਵਾ ਦੀਵਾਲੀ ਅਤੇ ਹੋਲੀ ਜਿਹੇ ਭਾਰਤੀ ਤਿਉਹਾਰਾਂ ਨੂੰ ਬੜੇ ਹੀ ਉਤਸ਼ਾਹ ਤੇ ਪ੍ਰੇਮ ਨਾਲ ਮਨਾਉਂਦੇ ਹਨ।
ਫ਼ਿਜੀ ਦੀਆਂ ਨਾਮਵਰ ਪੰਜਾਬੀ ਸ਼ਖ਼ਸੀਅਤਾਂ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਭਾਈ ਸੰਪੂਰਨ ਸਿੰਘ ਸੰਘਾ ਦਾ ਨਾਂ ਸਾਹਮਣੇ ਆਉਂਦਾ ਹੈ, ਜਿਨ੍ਹਾਂ ਨੂੰ ਕਿ ਇੱਥੋਂ ਦਾ ਪਹਿਲਾ ਸਿੱਖ ਗ੍ਰੰਥੀ ਜਾਂ ਸਿੱਖ ਧਰਮ ਪ੍ਰਚਾਰਕ ਹੋਣ ਦਾ ਮਾਣ ਦਿੱਤਾ ਜਾਂਦਾ ਹੈ। ਸ. ਮਿਹਰ ਸਿੰਘ ਇੱਥੋਂ ਦੀ ਸਭ ਤੋਂ ਪਹਿਲੀ ਗੰਨਾ ਉਤਪਾਦਕ ਯੂਨੀਅਨ ਦੇ ਪ੍ਰਧਾਨ ਸਨ ਤੇ ਉਹ ਇਸ ਅਹੁਦੇ ’ਤੇ ਸੰਨ 1937 ਤੋਂ 1944 ਤੱਕ ਕਾਇਮ ਰਹੇ ਸਨ। ਸ. ਉਜਾਗਰ ਸਿੰਘ ਉਹ ਹਸਤੀ ਸਨ, ਜਿਨ੍ਹਾਂ ਨੇ ਸੰਨ 1968 ਵਿੱਚ ਨਾਸੀਨੂ ਇਲਾਕੇ ਤੋਂ ਵਿਧਾਨ ਪਰਿਸ਼ਦ ਦੀ ਚੋਣ ਜਿੱਤੀ ਸੀ। ਉਨ੍ਹਾਂ ਨੇ ਇਹ ਚੋਣ ਫ਼ਿਜੀ ਦੀ ‘ਨੈਸ਼ਨਲ ਫ਼ੈਡਰੇਸ਼ਨ ਪਾਰਟੀ’ ਵੱਲੋਂ ਲੜੀ ਸੀ ਤੇ ਉਧਰ ਇਸੇ ਪਾਰਟੀ ਵੱਲੋਂ ਸੰਸਦ ਮੈਂਬਰ ਦੀ ਚੋਣ ਲੜਦਿਆਂ ਸ. ਸਰਵਣ ਸਿੰਘ ਨੇ ਕਾਮਯਾਬੀ ਹਾਸਿਲ ਕੀਤੀ ਸੀ ਤੇ ਉਹ ਸੰਨ 1972 ਤੋਂ 1979 ਤੱਕ ਸੱਤ ਸਾਲ ਲਈ ਉਕਤ ਅਹੁਦੇ ’ਤੇ ਬਿਰਾਜਮਾਨ ਰਹੇ ਸਨ।
ਆਪਣੀ ਜਵਾਨੀ ਵੇਲੇ ਫ਼ੁੱਟਬਾਲ ਦੇ ਉੱਘੇ ਖਿਡਾਰੀ ਰਹੇ ਕੁੰਵਰ ਵਤਨ ਸਿੰਘ ਸੰਨ 1970 ਤੋਂ 1977 ਤੱਕ ਫ਼ਿਜੀ ਦੀ ਸੈਨੇਟ ਦੇ ਮੈਂਬਰ ਰਹੇ ਸਨ। ਫ਼ਿਜੀ ਦੇ ਹੀ ‘ਖ਼ਾਲਸਾ ਕਾਲਜ’ ਦੇ ਹੋਣਹਾਰ ਵਿਦਿਆਰਥੀ ਰਹੇ ਸ. ਪ੍ਰਦੀਪ ਸਿੰਘ ਨੇ ਬਤੌਰ ਦੇਸੀ ਵੈਦ, ਹਰਬਲ ਦਵਾਈਆਂ ਅਤੇ ‘ਆਕਿਊਪੰਕਚਰ ਇਲਾਜ ਵਿਧੀ’ ਰਾਹੀਂ ਪ੍ਰੈਕਟਿਸ ਕਰਦਿਆਂ ਚੰਗੀ ਸੋਭਾ ਖੱਟੀ ਸੀ। ਵਰਤਮਾਨ ਸਮੇਂ ਅੰਦਰ ਆਸਟਰੇਲੀਆ ਦੇ ਬ੍ਰਿਸਬੇਨ ਵਿਖੇ ਵੱਸ ਰਹੇ ਸ. ਪ੍ਰਦੀਪ ਸਿੰਘ ਦੀ ਪਿੱਠ ਸੁਣਦੀ ਹੈ ਕਿ ਬਤੌਰ ਵੈਦ ਕੰਮ ਕਰਦਿਆਂ ਉਨ੍ਹਾਂ ਨੇ ਸੈਂਕੜੇ ਲੋੜਵੰਦਾਂ ਦਾ ਮੁਫ਼ਤ ਇਲਾਜ ਵੀ ਕੀਤਾ ਸੀ। ਉਧਰ ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਉਰਦੂ ਜ਼ੁਬਾਨਾਂ ਦੇ ਮਾਹਿਰ ਸ. ਜੋਗਿੰਦਰ ਸਿੰਘ ਕੰਵਲ ਨੂੰ ਫ਼ਿਜੀ ਵਿਖੇ ਸਥਿਤ ‘ਖ਼ਾਲਸਾ ਕਾਲਜ’ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਦਾ ਸ਼ਰਫ਼ ਵੀ ਹਾਸਿਲ ਹੋਇਆ ਸੀ। ਉਨ੍ਹਾਂ ਦੀਆਂ ਰਚੀਆਂ ‘ਮੇਰਾ ਦੇਸ਼ ਮੇਰੇ ਲੋਕ’, ‘ਸਵੇਰਾ’ ਅਤੇ ‘ਧਰਤੀ ਮੇਰੀ ਮਾਂ’ ਆਦਿ ਪੁਸਤਕਾਂ ਕਾਫੀ ਪਸੰਦ ਕੀਤੀਆਂ ਗਈਆਂ ਸਨ। ਉਨ੍ਹਾਂ ਨੂੰ ‘ਏ ਹੰਡਰਡ ਯੀਅਰਜ਼ ਆਫ਼ ਹਿੰਦੀ ਇਨ ਫ਼ਿਜੀ’ ਨਾਮੀ ਚਰਚਿਤ ਪੁਸਤਕ ਰਚਣ ਲਈ ਅੱਜ ਵੀ ਬੜੇ ਆਦਰ ਸਹਿਤ ਯਾਦ ਕੀਤਾ ਜਾਂਦਾ ਹੈ। ਸਿੱਖਿਆ ਸ਼ਾਸਤਰੀ ਸ. ਗੁਰਮੀਤ ਸਿੰਘ ਨੂੰ ਵੀ ਬਤੌਰ ਹਾਈ ਸਕੂਲ ਮੁਖੀ, ਅਧਿਆਪਕ ਸਿਖਲਾਈ ਕਾਲਜ ਦੇ ਮੁਖੀ ਅਤੇ ‘ਯੂਨੀਵਰਸਿਟੀ ਆਫ਼ ਸਾਊਥ ਪੈਸੇਫ਼ਿਕ’ ਵਿਖੇ ਬਤੌਰ ਲੈਕਚਰਾਰ ਸ਼ਾਨਦਾਰ ਸੇਵਾ ਨਿਭਾਉਣ ਦਾ ਸ਼ਰਫ਼ ਹਾਸਿਲ ਹੋ ਚੁੱਕਾ ਹੈ। ਬਜ਼ੁਰਗ ਸ. ਫ਼ੁੰਮਣ ਸਿੰਘ ਹੁਰਾਂ ਨੂੰ ਜਿੱਥੇ ਪਹਿਲੇ ਵਿਸ਼ਵ ਯੁੱਧ ਵਿੱਚ ਬਤੌਰ ਸੈਨਿਕ ਕੰਮ ਕਰਨ ਦਾ ਮੌਕਾ ਮਿਲਿਆ ਸੀ, ਉੱਥੇ ਹੀ ਸ. ਜੀਵਨ ਸਿੰਘ ਉਹ ਸ਼ਖ਼ਸ ਹਨ, ਜਿਨ੍ਹਾਂ ਨੇ ਵੀਹਵੀਂ ਸਦੀ ਦੇ ਚੌਥੇ ਦਹਾਕੇ ਦੌਰਾਨ ਫ਼ਿਜੀ ਦੇ ਪੁਲਿਸ ਵਿਭਾਗ ਵਿੱਚ ਸੇਵਾ ਨਿਭਾਈ ਸੀ ਤੇ ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਲਾਮਿਸਾਲ ਦਲੇਰੀ ਦਾ ਮੁਜ਼ਾਹਰਾ ਕਰਕੇ ‘ਡਿਫ਼ੈਂਸ ਮੈਡਲ’ ਵੀ ਹਾਸਿਲ ਕੀਤਾ ਸੀ। ਕਿਹਾ ਜਾਂਦਾ ਹੈ ਕਿ ਉਹ ਫ਼ਿਜੀ ਦੇ ‘ਸੂਵਾ’ ਇਲਾਕੇ ਵਿੱਚ ਸੇਵਾ ਨਿਭਾਉਣ ਵਾਲੇ ਆਖ਼ਰੀ ਪਗੜੀਧਾਰੀ ਪੁਲਿਸ ਅਫ਼ਸਰ ਸਨ।

Leave a Reply

Your email address will not be published. Required fields are marked *