*ਭਾਜਪਾ ਅਤੇ ‘ਆਪ’ ਆਗੂਆਂ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ
*ਭੁੱਲਰ ਦੀ ਰਿਹਾਈ ਲਈ ਮਾਹੌਲ ਬਣਿਆ
ਜਸਵੀਰ ਸਿੰਘ ਸ਼ੀਰੀ
ਬੰਦੀਛੋੜ ਦਿਵਸ ਮੌਕੇ ਦੁਨੀਆਂ ਭਰ ਦੀਆਂ ਨਾਨਕ ਲੇਵਾ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਬਾਦਲ ਦਲ ਵੱਲੋਂ ਨਿਯੁਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਮਰ ਕੈਦਾਂ ਤੋਂ ਕਿਤੇ ਜ਼ਿਆਦਾ ਸਜ਼ਾ ਭੁਗਤ ਚੁੱਕੇ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਬਿਖ਼ਰੀ ਹੋਈ ਸਿੱਖ ਸਿਆਸੀ ਸ਼ਕਤੀ ਨੂੰ ਵੀ ਏਕਾ ਕਰਨ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ। ਦੇਸ਼ ਦੀਆਂ ਵੱਖੋ-ਵੱਖ ਜੇਲ੍ਹਾਂ ਵਿੱਚ ਰਹਿ ਕੇ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮੁੱਦਾ ਵਿਸ਼ੇਸ਼ ਤੌਰ ‘ਤੇ ਚੁੱਕਿਆ ਜਾ ਰਿਹਾ ਹੈ।
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਭਾਜਪਾ ਦੇ ਇੱਕ ਸੀਨੀਅਰ ਆਗੂ ਆਰ.ਪੀ. ਸਿੰਘ ਅਤੇ ‘ਆਪ’ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਚੁੱਕਿਆ ਹੈ। ਵੱਖ-ਵੱਖ ਪੰਥਕ ਸੰਗਠਨਾਂ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਰਟ ਦੇ ਫੈਸਲੇ ਤੋਂ ਬਾਅਦ ਪ੍ਰੋ. ਭੁੱਲਰ ਦੀ ਰਿਹਾਈ ਲਈ ਭਾਵੇਂ ਇਹ ਦੇਰ ਨਾਲ ਉੱਠੀ ਆਵਾਜ਼ ਹੈ, ਪਰ ਅਸੀਂ ਮੰਗ ਕਰਦੇ ਹਾਂ ਕਿ ਪ੍ਰੋ. ਭੁੱਲਰ ਦੀ ਪੱਕੀ ਰਿਹਾਈ ਹੋਵੇ। ਇੱਥੇ ਜ਼ਿਕਰਯੋਗ ਹੈ ਕਿ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਵੀ ਦਿੱਲੀ ਦੀ ਭਾਜਪਾ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਭਾਜਪਾ ਆਗੂ ਆਰ.ਪੀ. ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ 2022 ਤੋਂ ਬਾਅਦ ਉਨ੍ਹਾਂ ਨੇ ਦੀਵਾਲੀ ਨਹੀਂ ਮਨਾਈ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਤੱਕ ਉਹ ਦੀਵਾਲੀ ਨਹੀਂ ਮਨਾਉਣਗੇ। ਯਾਦ ਰਹੇ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ 28 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਅੰਮ੍ਰਿਤਸਰ ਵਿਖੇ ਮਾਨਸਿਕ ਰੋਗਾਂ ਦੇ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਦ੍ਰਿਸ਼ਟੀ ਤੋਂ ਕੌਮੀ ਇਨਸਾਫ ਮੋਰਚੇ ਵੱਲੋਂ 21 ਅਕਤੂਬਰ ਨੂੰ ਬੰਦੀਛੋੜ ਦਿਵਸ ਮੌਕੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੱਕ ਇੱਕ ਮਾਰਚ ਕੀਤਾ ਗਿਆ, ਜਿਸ ਵਿੱਚ ਕਿਸਾਨ ਆਗੂ ਦਰਸ਼ਨਪਾਲ ਨੇ ਵੀ ਸ਼ਮੂਲੀਅਤ ਕੀਤੀ; ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬੁੜੈਲ ਜੇਲ੍ਹ ਤੋਂ ਕਾਫੀ ਉਰ੍ਹਾਂ ਹੀ ਬੈਰੀਕੇਡ ਲਗਾ ਕੇ ਮਾਰਚ ਨੂੰ ਰੋਕ ਲਿਆ ਗਿਆ। ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਗੁਰਚਰਨ ਸਿੰਘ ਹਵਾਰਾ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀ ਇੱਥੇ ਹੀ ਧਰਨਾ ਲਗਾ ਕੇ ਬੈਠ ਗਏ ਅਤੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਨ ਮਗਰੋਂ ਇਹ ਮਾਰਚ ਸਮਾਪਤ ਕਰ ਦਿੱਤਾ ਗਿਆ।
ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕਰਦਿਆਂ ਦੱਸਿਆ ਕਿ ਪਹਿਲੀ ਨਵੰਬਰ ਨੂੰ ਅਰਦਾਸ ਦਿਵਸ ਮਨਾਇਆ ਜਾਵੇਗਾ ਅਤੇ 14 ਨਵੰਬਰ ਨੂੰ ਦਿੱਲੀ ਵੱਲ ਮਾਰਚ ਕੀਤਾ ਜਾਵੇਗਾ। ਇਸ ਸੰਬੰਧੀ ਤਿਆਰੀਆਂ ਅਤੇ ਮੋਰਚੇ ਦੀਆਂ ਸਰਗਰਮੀਆਂ ਨੂੰ ਪਿੰਡ-ਪਿੰਡ ਪਹੁੰਚਾਉਣ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਇਸ ਵਾਰ ਲਹਿੰਦੇ ਪੰਜਾਬ ਵਿੱਚ ਵੀ ਬੰਦੀਛੋੜ ਦਿਵਸ ਮਨਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ। ਫੈਸਲਾਬਾਦ (ਲਾਇਲਪੁਰ) ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਜੇਬੀ 57 ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਵਿਖੇ ਦੀਵਾਲੀ ਅਤੇ ਬੰਦੀਛੋੜ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁਸਲਿਮ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ।
ਪ੍ਰੋ. ਦਵਿੰਦਰਪਾਲ ਸਿੰਘ ਦਾ ਪਰਿਵਾਰ, ਖਾਸ ਕਰਕੇ ਉਨ੍ਹਾਂ ਦੀ ਪਤਨੀ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਹਨ, ਪਰ ਨਾ ਤੇ ਅਕਾਲੀ ਦਲ ਦੀ ਸਰਕਾਰ ਨੇ ਅਤੇ ਨਾ ਹੀ ਦਿੱਲੀ ਦੀ ‘ਆਪ’ ਤੇ ਭਾਜਪਾ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਲਈ ਕੋਈ ਚਾਰਾ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌ ਸਾਲਾ ਸ਼ਤਾਬਦੀ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਸਿੱਖ ਬੰਦੀਆਂ ਦੀ ਰਿਹਾਈ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਇਸ ਦੇ ਬਾਵਜੂਦ ਬੰਦੀ ਸਿੰਘ ਦੀ ਰਿਹਾਈ ਨਹੀਂ ਹੋ ਸਕੀ। ਸਿੱਖ ਸੰਗਠਨ ਮੰਗ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਦੀ ਸਾਢੇ ਪੰਜ ਸੌ ਸਾਲਾ ਸ਼ਤਾਬਦੀ ‘ਤੇ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ ਅਤੇ ਮਾਨਵੀ ਆਧਾਰ ‘ਤੇ ਸਿੱਖ ਬੰਦੀਆਂ ਨੂੰ ਰਿਹਾਅ ਕੀਤਾ ਜਾਵੇ।
ਦਿੱਲੀ ਵਿੱਚ ਜਦੋਂ ‘ਆਪ’ ਸਰਕਾਰ ਮੌਜੂਦ ਸੀ ਤਾਂ ਉਹ ਵੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿੱਚ ਟਾਲ-ਮਟੋਲ ਹੀ ਕਰਦੀ ਰਹੀ। ਇੱਕ ਮਾਨਸਿਕ ਰੋਗੀ ਸਿੱਖ ਨੂੰ ਤੇ ਮਾਨਵਤਾ ਦੇ ਆਧਾਰ ‘ਤੇ ਹੀ ਰਿਹਾਅ ਕੀਤਾ ਜਾ ਸਕਦਾ ਹੈ। ਅਜਿਹਾ ਵਿਅਕਤ, ਜਿਸ ਨੂੰ ਹੁਣ ਆਪਣੇ ਆਪ ਦੀ ਵੀ ਸੁਧ-ਬੁਧ ਨਹੀਂ ਹੈ, ਕਿਸ ਸਰਕਾਰ ਲਈ ਕਿਹੋ ਜਿਹਾ ਖਤਰਾ ਹੋ ਸਕਦਾ ਹੈ? ਇਸ ਤੋਂ ਇਲਾਵਾ ਅਕਾਲੀ ਦਲ ਨਾਲੋਂ ਆਪਣਾ ਨਾਤਾ ਤੋੜਦਿਆਂ ਜਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਤਾਲਾਸ਼ ਰਹੀ ਹੈ ਤਾਂ ਉਸ ਨੂੰ ਆਪਣੀਆਂ ਜਵਾਨੀਆਂ ਜੇਲ੍ਹਾਂ ਵਿੱਚ ਬਿਤਾ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।
ਸਿੱਖ ਬੰਦੀਆਂ ਦੇ ਮਾਮਲੇ ਵਿੱਚ ਭਾਰਤ ਸਰਕਾਰ ਦੱਖਣੀ ਅਫਰੀਕਾ ਦੀ ਨਸਲਵਾਦੀ ਗੋਰੀ ਸਰਕਾਰ ਨੂੰ ਵੀ ਮਾਤ ਪਾ ਚੁੱਕੀ ਹੈ। ਕੈਦ ਕੱਟਣ ਦੇ ਮਾਮਲੇ ਵਿੱਚ ਕਦੀ ਮਰਹੂਮ ਨੈਲਸਨ ਮੰਡੇਲਾ ਦੀ ਮਿਸਾਲ ਦਿੱਤੀ ਜਾਂਦੀ ਸੀ, ਪਰ ਭਾਰਤ ਵਿੱਚ ਬੰਦ ਕਈ ਸਿੱਖ ਕੈਦੀ ਉਸ ਤੋਂ ਵੀ ਵਧੇਰੇ ਸਮਾਂ ਜੇਲ੍ਹ ਵਿੱਚ ਬਿਤਾ ਚੁੱਕੇ ਹਨ। ਕਾਲਿਆਂ ਦੇ ਵੋਟ ਅਧਿਕਾਰ ਲਈ ਦੱਖਣੀ ਅਫਰੀਕਾ ਦੀ ਗੋਰੀ ਨਸਲਵਾਦੀ ਸਰਕਾਰ ਖਿਲਾਫ ਸੰਘਰਸ਼ ਕਰਨ ਵਾਲੇ ਮਹਾਨ ਆਗੂ ਨੈਸਲਨ ਮੰਡੇਲਾ ਨੇ 27 ਸਾਲ ਕੈਦ ਕੱਟੀ ਸੀ, ਪਰ ਦਵਿੰਦਰ ਸਿੰਘ ਭੁੱਲਰ ਪਿਛਲੇ 10-15 ਸਾਲਾਂ ਤੋਂ ਮਾਨਸਿਕ ਰੋਗ ਦਾ ਸ਼ਿਕਾਰ ਹੋਣ ਦੇ ਬਾਵਜੂਦ 28 ਸਾਲ ਜੇਲ੍ਹ ਵਿੱਚ ਬਿਤਾ ਚੁੱਕੇ ਹਨ।
ਜੇ ਬੰਦੀਛੋੜ ਦਿਵਸ ਦੇ ਅਸਲ ਸੁਨੇਹੇ ਵੱਲ ਜਾਈਏ, ਤਦ ਵੀ ਗੁਰੂ ਹਰਗੋਬਿੰਦ ਸਾਹਿਬ ਦਾ 52 ਰਾਜਿਆਂ ਨੂੰ ਆਪਣੇ ਨਾਲ ਰਿਹਾਅ ਕਰਵਾਉਣਾ ਇਹੋ ਸੁਨੇਹਾ ਦਿੰਦਾ ਹੈ। ਗੁਰੂ ਸਾਹਿਬ ਨੇ ਆਪਣੇ ਨਾਲ ਮਾਲੀਆ ਨਾ ਦੇਣ ਦੇ ਇੱਕ ਰਾਜਨੀਤਿਕ ਮਾਮਲੇ ਕਾਰਨ ਗਵਾਲੀਅਰ ਜੇਲ੍ਹ ਵਿੱਚ ਬੰਦ ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ। ਅਜੋਕੇ ਹਿੰਦੋਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀ ਵੀ ਰਾਜਨੀਤਿਕ ਕਾਰਨਾਂ ਕਰਕੇ 28-30 ਸਾਲਾਂ ਤੋਂ ਜੇਲ੍ਹਾਂ ਵਿੱਚ ਹਨ, ਇਸ ਲਈ ਮੌਜੂਦਾ ਸਰਕਾਰ ਸਿੱਖਾਂ ਦਾ ਇਤਿਹਾਸਕ ਕਰਜ਼ਾ ਮੋੜਨ ਦੇ ਮਕਸਦ ਨਾਲ ਹੀ ਸਿੱਖ ਰਾਜਨੀਤਿਕ ਬੰਦੀਆਂ ਨੂੰ ਰਿਹਾਅ ਕਰ ਸਕਦੀ ਹੈ; ਪਰ ਇਹਦੇ ਲਈ ਕਿਸੇ ਸਟੇਟਸਮੈਨ ਅਤੇ ਜਿਗਰੇ ਵਾਲੇ ਸਿਆਸਤਦਾਨ ਦੀ ਲੋੜ ਹੈ।
