ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ `ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਨੂੰ ਅਸੀਂ ਹਥਲੇ ਅੰਕ ਤੋਂ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ। ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਦੇ ਸ਼ਬਦਾਂ ਵਿੱਚ “ਇਸ ਸਫਰਨਾਮੇ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਬਹੁਤਾ ਖਲਾਰਾ ਨਹੀਂ ਹੈ। ਇਹ ਸਫਰਨਾਮਾ ਪੜ੍ਹ ਕੇ ਪਾਕਿਸਤਾਨ ਇੱਕ ਐਸੀ ਜਗ੍ਹਾ ਲੱਗਣ ਲੱਗ ਜਾਵੇਗੀ, ਜਿੱਧਰ ਜਾਣਾ ਜਰੂਰੀ ਹੈ। ਇਹ ਲਾਹੌਰ ਨਾਲ ਆਪਣੀ ਸਾਂਝ ਨੂੰ ਦਰਸਾਉਂਦਾ ਹੈ।” ਇਹ ਸਭ ਤੇ ਹੋਰ ਬੜਾ ਕੁਝ ਰਵਿੰਦਰ ਸਹਿਰਾਅ ਨੇ ‘ਲਾਹੌਰ ਨਾਲ ਗੱਲਾਂ’ ਵਿੱਚ ਬੜੀ ਖੂਬਸੂਰਤੀ ਨਾਲ ਅੰਕਿਤ ਕੀਤਾ ਹੈ। ਪੇਸ਼ ਹੈ, ਪਹਿਲੀ ਕਿਸ਼ਤ…
ਰਵਿੰਦਰ ਸਹਿਰਾਅ
ਲਾਹੌਰ ਸ਼ਹਿਰ ਦੇਖਣ ਦਾ ਕਈ ਵੇਰ ਬਣਦਾ-ਬਣਦਾ ਟਲਦਾ ਰਿਹਾ। ਜਾਵੇਦ ਬੂਟਾ ਨਾਲ਼ ਵੀ ਕਈ ਵੇਰ ਗੱਲ ਚੱਲੀ। ਕਦੀ ਉਹਦੇ ਨਾਲ਼ ਵਕਤ ਮੈਚ ਨਾ ਕਰਨਾ, ਕਦੀ ਕੰਮ ਦਾ ਮਸਲਾ ਤੇ ਕਦੀ ਵਕਤ ਸਿਰ ਸੱਦਾ ਪੱਤਰ ਨਾ ਮਿਲਣਾ। ਇੱਕ ਵੇਰ ਮਨਜੂਰ ਇਜ਼ਾਜ਼ ਨੇ ਉੱਥੇ ਹੁੰਦੇ ਪੰਜਾਬੀ ਮੇਲੇ ਬਾਰੇ ਦੱਸਿਆ। ਦਿਲ ’ਚ ਡਰ ਵੀ ਹੋਣਾ ਕਿ ਉਥੇ ਕੋਈ ਜਾਣ ਨਾ ਪਹਿਚਾਣ। ਠਹਿਰਿਆ ਕਿੱਥੇ ਜਾਵੇਗਾ। ਘੁਮਾਏ ਫਿਰਾਏਗਾ ਕੌਣ? ਹੋਟਲਾਂ ਵਿੱਚ ਤਾਂ ਜ਼ਿਆਦਾ ਦੇਰ ਠਹਿਰ ਨਹੀਂ ਸਕਦੇ। ਸਾਲਾਂ ਦੇ ਸਾਲ ਲੰਘਦੇ ਗਏ। ਪੈਸੇ ਧੇਲੇ ਦੀ ਵੀ ਮੁਸ਼ਕਲ ਆ ਜਾਣੀ। ਕਿਉਂਕਿ ਸਾਡੇ ਵਰਗੇ ਸੰਵੇਦਨਸ਼ੀਲ ਬੰਦੇ ਪੈਸੇ ਜੋੜਨ ਪੱਖੋਂ ਢਿੱਲੇ ਹੀ ਰਹੇ ਹਨ। ਬਾਹਰਲੇ ਮੁਲਕਾਂ ਵਿੱਚ ਆ ਕੇ ਜਾਂ ਤਾਂ ਤੁਹਾਡੇ ਕੋਲ ਕਿੱਤਾ ਮੁਖੀ ਡਿਗਰੀ ਹੋਵੇ ਤੇ ਜਾਂ ਫਿਰ ਬਾਹਲੇ ਹੀ ਘੱਟ ਪੜ੍ਹੇ ਹੋਵੋ, ਫੇਰ ਹੀ ਡਾਲਰ ਪੌਂਡ ਇਕੱਠੇ ਹੁੰਦੇ ਹਨ। ਪਰ ਅਸੀ ਤਾਂ ਪੰਜਾਬ ਰਹਿੰਦਿਆਂ ‘ਜ਼ਿੰਦਾਬਾਦ-ਮੁਰਦਾਬਾਦ’ ਕਰਦਿਆਂ ਹੀ ਲੰਘਾ ਦਿੱਤੀ।
ਖ਼ੈਰ! ਆਪਾਂ ਅਸਲ ਗੱਲ ਵੱਲ ਆਉਂਦੇ ਹਾਂ। ਕੋਵਿਡ ਵਿੱਚ ਸਾਡਾ ਕਾਰੋਬਾਰ ਵੀ ਬੰਦ ਹੋ ਗਿਆ ਤੇ ਰਿਟਾਇਰਮੈਂਟ ਵੀ ਲੈ ਲਈ। ਨੀਰੂ (ਰਵਿੰਦਰ ਸਹਿਰਾਅ ਦੀ ਪਤਨੀ) ਨੇ ਅਜੇ ਕੰਮ ਕਰਨਾ ਸੀ, ਪਰ ਅਸੀਂ ਫ਼ੈਸਲਾ ਕਰ ਲਿਆ ਕਿ ਕੋਵਿਡ ਦੌਰਾਨ ਕੋਈ ਕੰਮ ਨਹੀਂ ਕਰਨਾ। ਏਸੇ ਦੌਰਾਨ ਮੇਰੀ ਸੋਸ਼ਲ ਸਿਕਿਉਰਿਟੀ (ਪੈਨਸ਼ਨ) ਵੀ ਲੱਗ ਗਈ। ਕੰਮ ’ਚੋਂ ਚਾਰ ਛਿੱਲੜ ਵੀ ਜੋੜੇ ਹੋਏ ਸਨ। ਹੁਣ ਜਦੋਂ ਸੋਸ਼ਲ ਮੀਡੀਆ ਉੱਪਰ ਖ਼ਬਰਾਂ ਪੜ੍ਹਨੀਆਂ ਕਿ ਫਲਾਣਾ ਫਲਾਣਾ ਲਾਹੌਰ ਜਾ ਕੇ ਆਇਆ ਹੈ ਜਾਂ ਗਿਆ ਹੋਇਆ ਹੈ ਤਾਂ ਮਨ ਵਿੱਚ ਚੋਹਲ-ਮੋਹਲ ਹੋਣ ਲੱਗ ਜਾਣੀ, ਪਰ ਕੋਵਿਡ ਵਿੱਚ ਤਾਂ ਸਾਰੇ ਮੁਲਕਾਂ ਦੀਆਂ ਫਲਾਈਟਾਂ ਵੀ ਬੰਦ ਸਨ। ਤੀਜੇ ਆਲਮੀ ਮੁਲਕਾਂ ਦਾ ਤਾਂ ਸਹੂਲਤਾਂ ਨਾ ਮਿਲਣ ਕਾਰਨ ਤੇ ਕੁਝ ਭ੍ਰਿਸ਼ਟਾਚਾਰ ਕਾਰਨ ਹੋਰ ਵੀ ਮੰਦਾ ਹਾਲ ਸੀ। ਲਉ ਜੀ ਕੋਵਿਡ ਹਟਿਆ ਨਹੀਂ ਕਿ ਅਸੀਂ ਜ਼ਿਹਨੀ ਤੌਰ ’ਤੇ ਤਿਆਰ ਹੋ ਗਏ, ਹੁਣ ਤਾਂ ਜਾਣਾ ਈ ਜਾਣਾ। ਇਹ ਗੱਲ ਤਾਂ ਆਮ ਹੀ ਕਹੀ ਜਾਂਦੀ ਹੈ ਕਿ ‘ਜਿਹਨੇ ਲਾਹੌਰ ਨਹੀਂ ਤੱਕਿਆ, ਉਹ ਜੰਮਿਆਂ ਹੀ ਨਹੀਂ।’
ਦੋਸਤ ਗੁਰਬਖ਼ਸ਼ ਭੰਡਾਲ ਤਾਜ਼ਾ-ਤਾਜ਼ਾ ਜਾ ਕੇ ਆਇਆ ਸੀ। ਉਸ ਨਾਲ਼ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕੋਈ ਗੱਲ ਹੀ ਨਹੀਂ। ਉਸ ਕੋਲੋਂ ‘ਹਦਾਇਤ ਨਾਮਾ ਸਫ਼ਰ’ ਲਿਆ ਤੇ ਕਰਤੀਆਂ ਤਿਆਰੀਆਂ ਸ਼ੁਰੂ। ਨਵੰਬਰ ਦੇ ਪਹਿਲੇ ਹਫ਼ਤੇ ਅਸੀਂ ਭਾਰਤੀ ਪੰਜਾਬ ਦੀਆਂ ਟਿਕਟਾਂ ਕਟਵਾ ਲਈਆਂ। ਏਧਰ ਬਾਲਟੀਮੋਰ (ਮੈਰੀਲੈਂਡ) ਰਹਿੰਦੇ ਦੋਸਤ ਡਾ. ਸੁਰਿੰਦਰ ਗਿੱਲ ਨਾਲ਼ ਗੱਲ ਕੀਤੀ, ਜੋ ਅੱਜ ਕੱਲ੍ਹ ਪੱਤਰਕਾਰੀ ਦੇ ਨਾਲ਼ ਕਾਰੋਬਾਰ ਤੇ ਇਮੀਗ੍ਰੇਸ਼ਨ ਸਲਾਹਕਾਰ ਵੀ ਹੈ। ਉਨ੍ਹਾਂ ਵੀ ਆਖਿਆ ਕਿ ਫ਼ਿਕਰ ਨਾ ਕਰੋ ਤੇ ਛੇਤੀ ਫਲਾਣੇ-ਫਲਾਣੇ ਕਾਗਜ਼ ਪੱਤਰ ਭੇਜ ਦਿਉ। ਲਉ ਜੀ, ਦੋ ਕੁ ਹਫ਼ਤਿਆਂ ਵਿੱਚ ਹੀ ਉਨ੍ਹਾਂ ਸਾਨੂੰ ਇੱਕ ਮਹੀਨੇ ਦੇ ਠਹਿਰਨ ਵਾਲਾ ਵੀਜ਼ਾ ਲੁਆ ਦਿੱਤਾ। ਪਾਕਿ ਸਰਕਾਰ ਵੱਲੋਂ ਸਾਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਕਿ ਤੁਸੀਂ ਇਸ ਸਮੇਂ ਵਿੱਚ ਕੋਈ ਵੀ ਤੀਹ ਦਿਨਾਂ ਤੱਕ ਰਹਿ ਸਕਦੇ ਹੋ। ਸਾਡੀ ਖ਼ੁਸ਼ੀ ਦੀ ਹੱਦ ਨਾ ਸੀ। ਪਿਛਲੇ ਕਈ ਸਾਲਾਂ ਤੋਂ ਉੱਧਰ ਵਸਦੇ ਕਈ ਨਵੇਂ ਪੁਰਾਣੇ ਲੇਖਕਾਂ ਨਾਲ਼ ਵੀ ਰਾਬਤੇ ਵਿੱਚ ਸੀ। ਇੱਕ ਹੋਰ ਚੰਗੀ ਗੱਲ ਇਹ ਸੀ ਕਿ ਲਹਿੰਦੇ ਪੰਜਾਬ ਦੇ ਪ੍ਰਸਿੱਧ ਪਾਰਖੂ, ਫ਼ਿਲਮਸਾਜ਼, ਉਲੱਥਾਕਾਰ, ਕਵੀ ਤੇ ਲਾਹੌਰ ਤੋਂ ਨਿਕਲਦੇ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ‘ਡਾਨ’ ਦੇ ਪੰਜਾਬੀ ਮਸਲਿਆਂ ਅਤੇ ਸੱਭਿਆਚਾਰ ਬਾਰੇ ਹਫ਼ਤਾਵਰੀ ਕਾਲਮ ਨਵੀਸ ਮੁਸ਼ਤਾਕ ਸੂਫ਼ੀ ਹੋਰਾਂ ਦੀ ਕਾਵਿ ਕਿਤਾਬ ‘ਖੰਭ ਸੁਨੇਹਾ’ ਦਾ ਸ਼ਾਹਮੁਖੀ ਤੋਂ ਗੁਰਮੁਖੀ ’ਚ ਉਲੱਥਾ ਕਰਕੇ ਨਾਲ਼ ਲਿਜਾ ਰਹੇ ਸੀ। ਮਰਹੂਮ ਜਾਵੇਦ ਬੂਟਾ ਤੇ ਸੁਰਿੰਦਰ ਸੋਹਲ ਇਸ ਨੂੰ ਬੜੇ ਪਿਅਰ ਨਾਲ਼ ਉਲਥਾਇਆ ਤੇ ‘ਚੇਤਨਾ ਪ੍ਰਕਾਸ਼ਨ’ ਵਾਲੇ ਮਿੱਤਰ ਸਤੀਸ਼ ਗੁਲਾਟੀ ਨੇ ਓਨੇ ਹੀ ਪਿਆਰ ਨਾਲ਼ ਇਹਨੂੰ ਛਾਪਿਆ ਸੀ।
ਪੰਜਾਬ ਦੀ ਹਰ ਫੇਰੀ ’ਤੇ ਬੱਚਿਆਂ ਵਾਂਗ ਸਾਡੇ ਨਾਲ਼ ਰਹਿਣ ਵਾਲੇ ਮਨਪ੍ਰੀਤ ਬਸਰਾ ਨੂੰ ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀ। ਉਹ ਪਲਾਹੀ (ਨੇੜੇ ਫਗਵਾੜਾ) ਤੋਂ ਸਾਝਰੇ ਹੀ ਸਾਡੇ ਅਪਾਰਟਮੈਂਟ ਵਿੱਚ ਫਗਵਾੜੇ ਆ ਗਿਆ। ਡੇਢ ਦੋ ਘੰਟੇ ਵਿੱਚ ਅਸੀਂ ਵੀ ਵਾਹਗਾ ਬਾਰਡਰ ਪਹੁੰਚ ਗਏ। ਤੁਰਨ ਤੋਂ ਪਹਿਲਾਂ ਲਾਹੌਰ ਤਾਹਿਰ ਸੰਧੂ ਨੂੰ ਵੀ ਸਮਝਾ ਦਿੱਤਾ ਗਿਆ ਕਿ ਇਮੀਗ੍ਰੇਸ਼ਨ ਹੁੰਦਿਆਂ ਸਾਰ ਹੀ ਤੈਨੂੰ ਫ਼ੋਨ ਕਰ ਦਿਆਂਗੇ, ਪਰ ਭੁੱਲ ਗਏ ਕਿ ਉਧਰ ਤਾਂ ਸਾਡੇ ਫ਼ੋਨ (ਬਿਨਾਂ ਵਾਈ-ਫਾਈ) ਚੱਲਣੇ ਹੀ ਨਹੀਂ।
ਮਨਪ੍ਰੀਤ ਕੋਲ ਵੀ ਉਹਦਾ ਨੰਬਰ ਸੀ, ਜਿਸਨੇ ਸਾਨੂੰ ਭਾਰਤ ਵਾਲੇ ਪਾਸੇ ਛੱਡ ਕੇ ਤਾਹਿਰ ਨੂੰ ਅੰਦਾਜ਼ਨ ਟਾਈਮ ਦੱਸ ਦਿੱਤਾ। ਇੱਧਰੋਂ ਜਾਣ ਵਾਲਾ ਪਹਿਲਾ ਗਰੁੱਪ ਨੌਂ ਵਜੇ ਨਿਕਲ ਚੁੱਕਾ ਸੀ। ਅਸੀਂ ਤਾਂ ਪਹੁੰਚੇ ਹੀ ਨੌਂ ਵਜੇ ਸੀ। ਸੋ ਸਾਨੂੰ ਘੰਟਾ ਡੇਢ ਘੰਟਾ ਹੋਰ ਜ਼ਿਆਦਾ ਲੱਗ ਗਿਆ। ਨਵੰਬਰ 2022 ਦੀ 27 ਤਾਰੀਖ਼ ਸੀ ਤੇ ਦਿਨ ਐਤਵਾਰ। ਤਾਹਿਰ ਇੱਕ ਦੋਸਤ ਨੂੰ ਨਾਲ਼ ਲੈ ਕੇ ਕਦੋਂ ਦਾ ਉਡੀਕ ਰਿਹਾ ਸੀ। ਅਸੀਂ ਸ਼ੁਕਰ ਕੀਤਾ ਕਿ ਚਲੋ ਐਤਵਾਰ ਹੋਣ ਕਰਕੇ ਉਹਨੇ ਅੱਜ ਹਾਈ ਕੋਰਟ ਤਾਂ ਨਹੀਂ ਜਾਣਾ ਸੀ।
ਭਾਰਤ ਵਾਲੇ ਪਾਸੇ ਇਮੀਗ੍ਰੇਸ਼ਨ ਵਾਲਿਆਂ ਰਸ਼ ਕਰਕੇ ਥੋੜ੍ਹਾ ਜ਼ਿਆਦਾ ਵਕਤ ਲਾ ਲਿਆ, ਪਰ ਉਨ੍ਹਾਂ ਦਾ ਵਿਵਹਾਰ ਵਧੀਆ ਸੀ। ਇੱਕ ਅਫ਼ਸਰ ਨੂੰ ਮੈਂ ਕਿਹਾ, “ਜਨਾਬ ਸਾਨੂੰ ਤਾਂ ਲੋਕੀ ਐਵੇਂ ਡਰਾ ਰਹੇ ਸੀ ਕਿ ਭਾਰਤ ਵਾਲੇ ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ।” ਕਹਿੰਦੇ, “ਸਰ ਤੁਸੀਂ ਕੋਈ ਗ਼ੈਰ-ਕਾਨੂੰਨੀ ਕੰਮ ਥੋੜ੍ਹਾ ਕਰ ਰਹੇ ਹੋ। ਵੀਜ਼ਾ ਹੈ ਤੁਹਾਡੇ ਕੋਲ ਅਤੇ ਤੁਸੀਂ ਹੈ ਵੀ ਅਮੈਰਿਕਨ ਸ਼ਹਿਰੀ।” ਸਾਨੂੰ ਉਨ੍ਹਾਂ ਦਾ ਵਿਹਾਰ ਵਾਕਈ ਬਹੁਤ ਚੰਗਾ ਲੱਗਾ। ਕੁਲੀ ਨੇ ਸਾਡਾ ਸਮਾਨ ਜ਼ੀਰੋ ਲਾਈਨ ਤੱਕ ਲੈ ਕੇ ਜਾਣ ਵਾਲੀ ਇੱਕ ਮਿੱਡ ਸਾਈਜ਼ ਬੱਸ ਵਿੱਚ ਰੱਖ ਦਿੱਤਾ। ਭਾਰਤ ਤੋਂ ਮੁੜਨ ਵਾਲੇ ਪਾਕਿਸਤਾਨੀ ਸ਼ਹਿਰੀਆਂ ਦੀ ਖਸਤਾ ਹਾਲਤ ਦੇਖ ਕੇ ਮਨ ਬਹੁਤ ਦੁਖੀ ਹੋਇਆ। ਉਹ ਭਾਰਤ ਤੋਂ ਸਮਾਨ ਦੀਆਂ ਪੰਡਾਂ (ਸੱਚਮੁੱਚ ਹੀ) ਬੰਨ੍ਹ ਕੇ ਲਿਜਾ ਰਹੇ ਸਨ ਤੇ ਇਮੀਗ੍ਰੇਸ਼ਨ ਵਾਲੇ ਉਨ੍ਹਾਂ ਦਾ ਸਮਾਨ ਕੁੱਕੜਾਂ ਵਾਂਗ ਖਿਲਾਰ ਕੇ ਚੈੱਕ ਕਰ ਰਹੇ ਸਨ। ਹੋ ਸਕਦਾ ਪਾਕਿਸਤਾਨ ਵਾਲੇ ਵੀ ਭਾਰਤੀ ਸ਼ਹਿਰੀਆਂ ਨਾਲ਼ ਅਜਿਹਾ ਹੀ ਸਲੂਕ ਕਰਦੇ ਹੋਣ, ਪਰ ਸਾਨੂੰ ਇਹਦਾ ਕੋਈ ਤਜਰਬਾ ਨਹੀਂ ਸੀ।
ਛੋਟੀ ਜਿਹੀ ਬੱਸ ਸਮਾਨ ਅਤੇ ਸਮਾਨ ਮਾਲਕਾਂ ਨਾਲ਼ ਤੁੰਨੀ ਹੋਈ ਸੀ। ਦਸ ਕੁ ਮਿੰਟਾਂ ’ਚ ਉਹ ਸਾਨੂੰ ਪਾਕਿਸਤਾਨ ਵਾਲੇ ਗੇਟ ਕੋਲ ਲੈ ਗਈ। ਹਰ ਇੱਕ ਨੂੰ ਉਤਰਨ ਦੀ ਕਾਹਲ ਤੇ ਰੌਲ਼ਾ-ਰੱਪਾ। ਮੈਂ ਕੁਝ ਔਰਤ ਮੁਸਾਫ਼ਰਾਂ ਦਾ ਸਮਾਨ ਲਾਹ ਕੇ ਦਿੱਤਾ ਤੇ ਆਪਣਾ ਸਭ ਤੋਂ ਬਾਅਦ ’ਚ ਉਤਾਰਿਆ। ਉਨ੍ਹਾਂ ਸ਼ੁਕਰੀਆ ਕੀਤਾ। ਬੱਸ ਉਤਰਦਿਆਂ ਸਾਰ ਹੀ ਬੀ.ਐਸ.ਐਫ਼. ਵਾਲਿਆਂ ਦੀ ਚੈੱਕ ਪੋਸਟ ’ਤੇ ਫਿਰ ਕਾਗਜ਼ ਪੱਤਰ ਦੇਖੇ ਗਏ।
ਸਾਨੂੰ ਚੜ੍ਹਦੇ ਪਾਸੇ ’ਤੇ ਰਸ਼ਕ ਆ ਰਿਹਾ ਸੀ। ਸ਼ੀਸ਼ੇ ਵਾਂਗ ਚਮਕਦੀ ਇਮਾਰਤ ’ਤੇ ਚਾਰ ਇਮੀਗ੍ਰੇਸ਼ਨ ਅਫ਼ਸਰ ਪੂਰੇ ਸਜ-ਧਜ ਕੇ ਡਿਊਟੀ ਦੇ ਰਹੇ ਸਨ। ਤੇ ਏਧਰ ਦੋ ਖਿੜਕੀਆਂ, ਤੇ ਉਹ ਵੀ ਸੱਖਣੀਆਂ। ਉਧਰ ਤਾਹਿਰ ਦੋ ਵੇਰ ਆਪਣਾ ਹਾਈ ਕੋਰਟ ਦਾ ਕਾਰਡ ਦਿਖਾ ਕੇ ਮੁੜ ਚੁੱਕਿਆ ਸੀ, ਪਰ ਅਸੀਂ ਵਿਹਲੇ ਨਹੀਂ ਸੀ ਹੋਏ। ਫਿਰ ਉਹਨੇ ਇੱਕ-ਦੋ ਕੁਲੀਆਂ ਨੂੰ ਦੱਸ ਕੇ ਕਿ ਜਦੋਂ ਆਹ ਸ਼ਕਲਾਂ ਵਾਲੇ ਮੁਸਾਫ਼ਰ ਆਉਣ ਤਾਂ ਮੈਨੂੰ ਫ਼ੋਨ ਕਰ ਦਿਉ। ਮੈਨੂੰ ਸੁੱਖ ਦਾ ਸਾਹ ਆਇਆ।
ਅੱਧੇ ਕੁ ਘੰਟੇ ਦੀ ਉਡੀਕ ਬਾਅਦ ਦੋ ਅਧਿਕਾਰੀ ਆਏ, ਪਰ ਇੱਕ ਕਿਸੇ ਖ਼ਾਸ ਵਿਅਕਤੀ ਨੂੰ ਭੁਗਤਾ ਫਿਰ ਵਾਪਿਸ ਚਲਾ ਗਿਆ। ਐਹੋ ਜਿਹੇ ਥਾਵਾਂ ’ਤੇ ਤੁਸੀਂ ਝਗੜਾ ਵੀ ਨਹੀਂ ਕਰ ਸਕਦੇ। ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਤੁਹਾਨੂੰ ਵੀ ਲੇਟ ਕਰ ਸਕਦੇ ਹਨ। ਮੈਨੂੰ ਕਾਲਜ ਵੇਲੇ ਲੜੀਆਂ ਲੜਾਈਆਂ ਯਾਦ ਆਈਆਂ, ਜਦੋਂ ਅਜਿਹੇ ਅਧਿਕਾਰੀ ਪਲਾਂ ਵਿੱਚ ਹੀ ਸਿੱਧੇ ਕਰ ਦੇਈਦੇ ਸੀ। ਲਾਈਨ ਆਹਿਸਤਾ-ਆਹਿਸਤਾ ਤੁਰਨ ਲੱਗੀ ਤਾਂ ਹੋਰ ਪੰਗਾ ਖੜ੍ਹਾ ਹੋ ਗਿਆ। ਪੰਜ-ਛੇ ਜਣਿਆਂ ਦੇ ਇੱਕ ਬਜ਼ੁਰਗਾਂ ਦੇ ਗਰੁੱਪ ਕੋਲ ਕਾਗਜ਼ ਨਹੀਂ ਸਨ ਪੂਰੇ ਹੋ ਰਹੇ। ਸਾਰੇ ਪਾਕਿਸਤਾਨੀ ਸਨ ਤੇ ਉਹ ਭੰਬਲਭੂਸੇ ਵਿੱਚ ਪੈ ਗਏ। ਉਪਰੋਂ ਅਫ਼ਸਰ ਨੂੰ ਆਖਣ ਕਿ ਸਾਰੇ ਪੇਪਰ ਸਾਡੇ ਕੋਲ ਸਨ, ਤੁਸੀਂ ਦੁਬਾਰਾ ਚੈੱਕ ਕਰੋ। ਪੰਦਰਾਂ-ਵੀਹ ਮਿੰਟਾਂ ਦੀ ਕਸ਼-ਮਕਸ਼ ਤੋਂ ਬਾਅਦ ਇੱਕ ਬਜ਼ੁਰਗ ਔਰਤ ਦੇ ਬੈਗ ਵਿੱਚੋਂ ਲੋੜੀਂਦੇ ਕਾਗਜ਼ ਮਿਲ ਗਏ। ਸਾਰਿਆਂ ਨੂੰ ਸੁੱਖ ਦਾ ਸਾਹ ਆਇਆ। ਸਾਡੀ ਵਾਰੀ ਆਈ ਤਾਂ ਅਫ਼ਸਰ ਕਹਿੰਦਾ, “ਸਰਦਾਰ ਜੀ ਦੇਰੀ ਲਈ ਮਾਜ਼ਰਤ (ਮੁਆਫ਼ੀ) ਚਾਹੁੰਨਾਂ।” ਸਾਡੇ ਵੀਜ਼ੇ ਚੈੱਕ ਕੀਤੇ ਅਤੇ ਮਿੰਟਾਂ-ਸਕਿੰਟਾਂ ਵਿੱਚ ਹੀ ਸਾਨੂੰ ਫ਼ਾਰਗ ਕਰ ਦਿੱਤਾ। ਅੱਗੋਂ ਸਮਾਨ ਚੈੱਕ ਕਰਨ ਵਾਲਿਆਂ ਵੀ ਫ਼ੁਰਤੀ ਦਿਖਾਈ। ਕਹਿੰਦੇ, “ਸਰਦਾਰ ਜੀ ਤੁਸੀਂ ਜਾ ਸਕਦੇ ਹੋ।” ਇਉਂ ਲੱਗਿਆ ਜਿਵੇਂ ਭਵਸਾਗਰ ਪਾਰ ਕਰ ਲਿਆ ਹੋਵੇ। ਕੁਲੀ ਨੇ ਸਾਡਾ ਸਮਾਨ ਸੰਭਾਲਿਆ। ਬਿਲਡਿੰਗ ’ਚੋਂ ਬਾਹਰ ਨਿਕਲੇ ਤਾਂ ਤਾਹਿਰ ਸੰਧੂ ਵੀ ਉਡੀਕ ਕਰ ਰਿਹਾ ਸੀ, ਪਰ ਅਜੇ ਸਾਨੂੰ ਇੱਕ ਕਿਲੋਮੀਟਰ ਦਾ ਫ਼ਾਸਲਾ ਤੁਰਨਾ ਪੈਣਾ ਸੀ। ਅਸੀਂ ਕੁਲੀ ਦੇ ਪਿੱਛੇ-ਪਿੱਛੇ ਤੁਰ ਪਏ। ਤਾਹਿਰ ਦਾ ਦੋਸਤ ਬਿਲਾਵਲ ਕਾਰ ਕੋਲ ਉਡੀਕ ਰਿਹਾ ਸੀ। ਦੁਆ ਸਲਾਮ ਹੋਈ। ਸਾਡੀ ਭੁੱਖ ਬਾਰੇ ਪੁੱਛਿਆ ਤੇ ਕਹਿੰਦੇ ਤੁਹਾਡੇ ਲਈ ਰਸਤੇ ਵਿੱਚੋਂ ਪਾਏ (ਖਰੌੜੇ) ਪੈਕ ਕਰਵਾ ਲਿਆਏ ਹਾਂ; ਪਰ ਸਾਨੂੰ ਤਾਂ ਲਾਹੌਰ ਹੋਟਲ ਵਿੱਚ ਪਹੁੰਚਣ ਦੀ ਕਾਹਲ ਸੀ। ਦੋਵੇਂ ਜਣੇ ਰਸਤੇ ’ਚ ਜਾਂਦਿਆਂ ਸਾਨੂੰ ਖ਼ਾਸ-ਖ਼ਾਸ ਥਾਵਾਂ ਬਾਰੇ, ਪਿੰਡਾਂ ਬਾਰੇ ਤੇ ਫੂਡ ਆਦਿ ਬਾਰੇ ਵੀ ਦੱਸਦੇ ਜਾ ਰਹੇ ਸਨ ਅਤੇ ਅਸੀਂ ਕਿਹੜੀਆਂ-ਕਿਹੜੀਆਂ ਥਾਵਾਂ ਦੇਖਣੀਆਂ ਹਨ, ਬਾਰੇ ਪੁੱਛ ਵੀ ਰਹੇ ਸਨ। ਉਧਰ ਲਾਹੌਰ ਵਿੱਚ ਮੁਸ਼ਤਾਕ ਸੂਫੀ ਵੀ ਉਡੀਕ ਰਿਹਾ ਸੀ। ਮੁਸ਼ਤਾਕ ਨਾਲ਼ ਮੇਰੀ ਜਾਣ-ਪਛਾਣ ਪੰਝੀ-ਤੀਹ ਸਾਲ ਪੁਰਾਣੀ ਸੀ। ਜਦੋਂ ਉਹ ‘ਅਪਨਾ’ ਦੀ ਕਾਨਫ਼ਰੰਸ ਵਿੱਚ (1997) ਵਾਸ਼ਿੰਗਟਨ ਡੀ.ਸੀ. ਆਇਆ ਸੀ। ਮੈਨੂੰ ਯਾਦ ਹੈ, ਇੰਗਲੈਂਡ ਤੋਂ ਮਜ਼ਹਰ ਤਿਰਮਜ਼ੀ ਤੇ ਪੰਜਾਬ ਤੋਂ ਅਨੰਦ ਜੋੜੀ (ਜਗਜੀਤ ਸਿੰਘ ਤੇ ਉਰਮਲਾ ਅਨੰਦ) ਵੀ ਆਏ ਸਨ। ਅਸੀਂ ਇੱਕ ਦਿਨ ਮਨਜੂਰ ਏਜ਼ਾਜ਼, ਜਾਵੇਦ ਬੂਟਾ, ਸਫ਼ੀਰ ਰਾਮਾਹ ਆਦਿ ਨਾਲ਼ ਆਪਣੇ ਘਰ ਖਾਣੇ ’ਤੇ ਬੁਲਾਇਆ ਸੀ। ਬਾਬਾ ਨਜ਼ਮੀ, ਜਿਸ ਨਾਲ਼ ਸਾਡੀ ਮੁਲਾਕਾਤ ਕੁਝ ਮਹੀਨੇ ਪਹਿਲਾਂ ਹੀ ਸਤੀਸ਼ ਗੁਲਾਟੀ ਨੇ ਟੋਰਾਂਟੋ (ਕੈਨੇਡਾ) ਵਿਖੇ ਕਰਾਈ ਸੀ, ਵੀ ਸਾਡੀ ਉਡੀਕ ਕਰ ਰਿਹਾ ਸੀ। ਉਂਜ ਬਾਬਾ ਨਜ਼ਮੀ ਅਤੇ ਤਾਹਿਰ ਦੀ ਵੀ ਵਾਹਵਾ ਬਣਦੀ ਹੈ। ਪੰਜਾਬੀ ਬੋਲੀ ਦੇ ਮਸਲਿਆਂ ਅਤੇ ਕਈ ਵੇਰ ਲੇਖਕਾਂ ਦੇ ਨਿੱਜੀ ਕੇਸ ਉਹ ਬਿਨਾਂ ਫ਼ੀਸ ਲਿਆਂ ਲੜਦਾ ਹੈ। ਖ਼ੈਰ! ਗੱਲਾਂ-ਗੱਲਾਂ ਵਿੱਚ ਪਤਾ ਹੀ ਨਾ ਲੱਗਿਆ ਕਦੋਂ ਅਸੀਂ ਹੋਟਲ ਅੱਗੇ ਆਣ ਰੁਕੇ। ਗੁੱਲਬਰਗ ਇਲਾਕੇ ਦਾ ਇਹ ਹੋਟਲ ਓਬੈਨ (ੌਭੳਂ) ਬੜਾ ਆਲੀਸ਼ਾਨ ਸੀ। ਤਾਹਿਰ ਨੇ ਪਹਿਲਾਂ ਹੀ ਇਹ ਬੁੱਕ ਕਰਵਾ ਛੱਡਿਆ ਸੀ, ਪਰ ਫਿਰ ਵੀ ਸਾਡੀ ਸਹਿਮਤੀ ਲਈ ਸਾਨੂੰ ਕਮਰਾ ਦਿਖਾਇਆ। ਸਾਨੂੰ ਪਸੰਦ ਆਇਆ। ਰੈਸਟੋਰੈਂਟ ਹੋਟਲ ਦੀ ਸਿਖ਼ਰਲੀ ਮੰਜ਼ਿਲ ’ਤੇ ਸੀ। ਅਸੀਂ ਤਿੰਨਾਂ ਨੇ ਰਾਤ ਦਾ ਖਾਣਾ ਖਾਧਾ। ਤਾਹਿਰ ਨੇ ਘਰ ਸਾਇਮਾ ਅਤੇ ਬੱਚਿਆਂ ਨੂੰ ਫ਼ੋਨ ਕਰਕੇ ਦੱਸਿਆ ਤਾਂ ਉਹ ਵੀ ਸਾਨੂੰ ਮਿਲਣ ਲਈ ਕਾਹਲੇ ਸਨ, ਪਰ ਅਸੀਂ ਥੱਕੇ ਵੀ ਹੋਏ ਸੀ ਅਤੇ ਆਪਣੇ ਕਮਰੇ ਜਾ ਕੇ ਨਹਾ-ਧੋ ਕੇ ਆਰਾਮ ਵੀ ਕਰਨਾ ਚਾਹੁੰਦੇ ਸੀ। ਇੱਕ ਕਾਰਨ ਇਹ ਵੀ ਸੀ ਕਿ ਮੁਸ਼ਤਾਕ ਸੂਫ਼ੀ ਹੋਰੀਂ ਸਾਡੇ ਨਾਲ਼ ਸਾਝਰੇ ਹੀ ਬਾਬਾ ਬੁਲ੍ਹੇ ਸ਼ਾਹ ਦੇ ਦਰਬਾਰ ਚੱਲਣਾ ਸੀ। ਸੋ ਅਸੀਂ ਤਾਹਿਰ ਤੋਂ ਮੁਆਫ਼ੀ ਚਾਹੀ ਤੇ ਕੱਲ੍ਹ ਫਿਰ ਮਿਲਣ ਦਾ ਵਾਅਦਾ ਲਿਆ। ਸਵੇਰੇ ਸੋਮਵਾਰ ਹੋਣ ਕਾਰਨ ਉਸਨੇ ਵੀ ਹਾਈ ਕੋਰਟ ਜਾਣਾ ਸੀ।
—————————————
ਲਾਹੌਰ ਨਾਲ਼ ਭਲਾ ਕਿਹੜੇ ਪੰਜਾਬੀ ਦਾ ਗੱਲਾਂ ਕਰਨ ਨੂੰ ਚਿੱਤ ਨਹੀਂ ਕਰਦਾ!
ਲਾਹੌਰ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਰਾਜਨੀਤੀ, ਫ਼ਿਲਮ, ਫ਼ੈਸ਼ਨ, ਕਲਾ, ਸਾਹਿਤ, ਸਿੱਖਿਆ, ਇਮਾਰਤਸਾਜ਼ੀ ਦਾ ਮਰਕਜ਼ ਕਹਾਉਂਦਾ ਸੀ। ਇਸਨੇ ਹਰੇਕ ਖੇਤਰ ਨਾਲ਼ ਜੁੜੀਆਂ ਸੰਸਾਰ-ਪ੍ਰਸਿੱਧ ਹਸਤੀਆਂ ਪੈਦਾ ਕੀਤੀਆਂ, ਜਿਨ੍ਹਾਂ ਦੀ ਕਾਰ-ਕਰਦਗੀ ’ਤੇ ਪੂਰਾ ਬਰੇ-ਸਗੀਰ ਮਾਣ ਕਰਦਾ ਹੈ। ਜਿਹੜਾ ਕਿਹਾ ਜਾਂਦਾ ਹੈ: ‘ਜਿਸਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ’, ਇਸਦੇ ਗਹਿਰੇ ਅਰਥ ਹਨ। ਜੇ ਸਾਡਾ ਆਪਣੇ ਇਤਿਹਾਸ, ਸਕਾਫ਼ਤ, ਕਲਾ, ਸਾਹਿਤ ’ਤੇ ਹੋਰ ਕੋਮਲ ਕਲਾਵਾਂ ਨਾਲ਼ ਸਜਿੰਦਾ ਨਾਤਾ ਨਹੀਂ ਜੁੜਦਾ ਤਾਂ ਸਮਝੋ ਸਾਡੇ ਅੰਦਰ ਸੂਝ ਤੇ ਸੰਵੇਦਨਾ ਦਾ ਵੱਡਾ ਹਿੱਸਾ ਸੁੱਤਾ ਪਿਆ ਹੈ, ਜਿਸ ਨੂੰ ਜਗਾਉਣ ਲਈ ਸਾਡੀ ਸੁਰਤ ਨੂੰ ਜੁੰਬਿਸ਼ ਦੇਣ ਦੀ ਲੋੜ ਹੈ। ਲਾਹੌਰ ਜਾਣ ਨਾਲ਼, ਲਾਹੌਰ ਨੂੰ ਵੇਖਣ, ਜਾਨਣ ਤੇ ਸਮਝਣ ਨਾਲ਼ ਸਾਡੇ ਅੰਦਰਲੇ ਬੰਦ ਕਈ ਕਿਵਾੜ ਖੁੱਲ੍ਹਦੇ ਹਨ। ਬੰਦੇ ਅੰਦਰ ਇੱਕ ਨਵਾਂ ਸੰਸਾਰ ਉਦੈ ਹੁੰਦਾ ਹੈ, ਜਾਗਦਾ ਹੈ, ਕਰਵਟ ਲੈਂਦਾ ਹੈ। ਉਹਦੀ ਸੂਝ-ਸੁਰਤ ਦਾ ਕੋਈ ਸੁੱਤਾ ਹਿੱਸਾ, ਭਾਵੇਂ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਜਾਗ ਪੈਂਦਾ ਹੈ। ਏਸੇ ਨੂੰ ਬੰਦੇ ਦਾ ਜੰਮਣਾ ਕਹਿੰਦੇ ਨੇ। ਇਹੋ ਕਾਰਨ ਹੈ ਕਿ ਲਾਹੌਰ ਨੂੰ ਵੇਖਣ-ਮਿਲਣ ਦੀ ਖਿੱਚ ਹਰੇਕ ਪੰਜਾਬੀ-ਮਨ ਵਿੱਚ ਤੁਣਕੇ ਮਾਰਦੀ ਰਹਿੰਦੀ ਹੈ…।
ਰਵਿੰਦਰ ਸਹਿਰਾਅ ਦਾ ਲਾਹੌਰ ਨੂੰ ਮਿਲਣਾ ਕੇਵਲ ਇਮਾਰਤਾਂ, ਬਜ਼ਾਰਾਂ ਤੇ ਬੰਦਿਆਂ ਨੂੰ ਮਿਲਣਾ ਹੀ ਨਹੀਂ, ਸਦੀਆਂ ਤੋਂ ਪੰਜਾਬੀਆਂ ਦੇ ਸਾਂਝੇ ਸਾਹ ਲੈਂਦੇ ਅਹਿਸਾਸ ਦੀ ਧੜਕਣ ਨੂੰ ਸੁਣਨਾ ਵੀ ਹੈ।…ਦੋਹਾਂ ਪੰਜਾਬਾਂ ਵਿੱਚ ਅਜਿਹੇ ਕਰੋੜਾਂ ਲੋਕ ਹਨ, ਜਿਨ੍ਹਾਂ ਦੀਆਂ ਜੜ੍ਹਾਂ ਤੇ ਯਾਦਾਂ ਇੱਕ ਦੂਜੇ ਮੁਲ਼ਕ ਨਾਲ਼ ਜੁੜੀਆਂ ਹੋਈਆਂ ਹਨ…। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਬੰਦ ਦਿਲਾਂ ਨੂੰ ਖੋਲ੍ਹਦਾ ਹੈ। ਸਾਂਝੇ ਲਾਹੌਰ ਨਾਲ਼ ਜੋੜਦਾ ਹੈ, ਜਿਸ ਬਾਰੇ ਲੋਕ ਗੀਤ ਪ੍ਰਚੱਲਿਤ ਹਨ: ਉੱਚੇ ਬੁਰਜ ਲਾਹੌਰ ਦੇ, ਜਿੱਥੇ ਬਲ਼ਦੇ ਚਾਰ ਮਿਸ਼ਾਲ…।
-ਵਰਿਆਮ ਸਿੰਘ ਸੰਧੂ
