ਸੁਸ਼ੀਲ ਦੁਸਾਂਝ
ਸਰੀਰ ਅੰਦਰ ਵੱਸਦੀ ਰੂਹ ਦਾ ਅਸਲ ਨਾਂ ਸੰਗੀਤ ਹੀ ਹੈ। ਇਹ ਉਹ ਅੰਮ੍ਰਿਤ ਧਾਰਾ ਹੈ, ਜੋ ਹਰ ਜ਼ਖ਼ਮ ਨੂੰ ਭਰਦੀ ਹੈ, ਹਰ ਖੁਸ਼ੀ ਨੂੰ ਵਧਾਉਂਦੀ ਹੈ ਅਤੇ ਜੀਵਨ ਨੂੰ ਸੁਰੀਲੇ ਰੰਗ ਵਿੱਚ ਰੰਗਦੀ ਹੈ। ਕਲਪਨਾ ਕਰੋ, ਇੱਕ ਅਜਿਹਾ ਜੀਵਨ ਜਿੱਥੇ ਸੰਗੀਤ ਨਾ ਹੋਵੇ; ਕਿਸ ਤਰ੍ਹਾਂ ਦਾ ਹੋਵੇਗਾ ਫਿਰ ਜੀਵਨ? ਖਾਲੀ-ਖਾਲੀ, ਨੀਰਸ ਅਤੇ ਬੇਰੰਗ। ਸੰਗੀਤ ਰੂਹ ਨੂੰ ਜਗਾਉਣ, ਨਸ਼ਿਆਉਣਾ ਅਤੇ ਰਜਾਉਣ ਦਾ ਨਾਂ ਹੈ; ਪਰ ਨਵੇਂ ਦੌਰ ਵਿੱਚ ਸੰਗੀਤ ਵੀ ਹਰ ਚੀਜ਼ ਵਾਂਗ ਬਾਜ਼ਾਰ ਦੀ ਵਸਤੂ ਬਣ ਗਿਆ ਹੈ। ਜਦੋਂ ਵੀ ਕੋਈ ਚੀਜ਼ ਬਾਜ਼ਾਰ ਵਿੱਚ ਆਉਂਦੀ ਹੈ, ਉਹ ਫੈਸ਼ਨ ਬਣ ਜਾਂਦੀ ਹੈ। ਜਿੱਥੇ ਫੈਸ਼ਨ ਹੈ, ਉੱਥੇ ਰੂਹ ਗਾਇਬ ਹੋ ਜਾਂਦੀ ਹੈ। ਅੱਜ ਸੰਗੀਤ ਨੂੰ ਵੀ ਬਾਜ਼ਾਰ ਨੇ ਆਪਣੇ ਵਪਾਰਕ ਕਲ਼ਾਵੇ ਵਿੱਚ ਲੈ ਲਿਆ ਹੈ ਅਤੇ ਇਹ ਫੈਸ਼ਨ ਟੂਲ ਬਣ ਗਿਆ ਹੈ। ਇਸ ਨਾਲ ਜੀਵਨ ਵਿੱਚੋਂ ਰੂਹ ਨੂੰ ਮਾਰਨ ਦੀ ਤਿਆਰੀ ਹੋ ਰਹੀ ਹੈ।
ਭਾਰਤੀ ਸੰਗੀਤ ਉਦਯੋਗ, ਜੋ ਪਹਿਲਾਂ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਸੀ, ਅੱਜ ਬਿਲੀਅਨ ਡਾਲਰਾਂ ਦਾ ਵਪਾਰ ਬਣ ਗਿਆ ਹੈ। ਸਟੈਟਿਸਟਾ ਰਿਪੋਰਟ ਅਨੁਸਾਰ 2024 ਵਿੱਚ ਇਸ ਦੀ ਕੁੱਲ ਵੈਲਿਊ 53 ਬਿਲੀਅਨ ਰੁਪਏ ਸੀ, ਜੋ 2026 ਤੱਕ 78 ਬਿਲੀਅਨ ਰੁਪਏ ਤੱਕ ਪਹੁੰਚਣ ਵਾਲੀ ਹੈ। ਇਹ ਵਾਧਾ ਸਟ੍ਰੀਮਿੰਗ ਪਲੈਟਫਾਰਮਾਂ ਵਰਗੇ ਸਪਾਟੀਫਾਈ, ਯੂਟਿਊਬ ਅਤੇ ਜੀਓਸਾਵਨ ਕਾਰਨ ਹੈ, ਜਿੱਥੇ 20 ਮਿਲੀਅਨ ਤੋਂ ਵੱਧ ਭੁਗਤਾਨ ਵਾਲੇ ਗਾਹਕ ਹਨ ਅਤੇ ਰਿਵੈਨਿਊ 60 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਪਰ ਇਹ ਵਾਧਾ ਰੂਹ ਨੂੰ ਖੋਰ ਕੇ ਆਇਆ ਹੈ। ਈ.ਐੱਮ.ਐੱਕਸ. ਰਿਪੋਰਟ 2025 ਮੁਤਾਬਕ 80 ਫੀਸਦੀ ਰੈਵੇਨਿਊ ਬਾਲੀਵੁੱਡ ਫਿਲਮਾਂ ਨਾਲ ਜੁੜਿਆ ਹੋਇਆ ਹੈ। ਜਿੱਥੇ ਗੀਤ ਨਾ ਸੰਗੀਤ ਲਈ ਬਣਦੇ ਹਨ, ਨਾ ਭਾਵਨਾ ਲਈ- ਸਿਰਫ਼ ਵੇਚਣ ਲਈ। ‘ਦ ਡਾਇਲਾਗ’ ਰਿਪੋਰਟ 2025 ਮੁਤਾਬਕ ਰੀਜਨਲ ਗੀਤਾਂ ਦੀ ਸਟ੍ਰੀਮਿੰਗ 81 ਫੀਸਦੀ ਵਧੀ ਹੈ, ਪਰ ਇਹ ਵਾਧਾ ਵੀ ਬਾਜ਼ਾਰ ਦੇ ਰੁਝਾਨਾਂ ਨਾਲ ਜੁੜਿਆ ਹੈ, ਨਾ ਕਿ ਕਲਾਤਮਕ ਮੁੱਲ ਨਾਲ। ਨਤੀਜਾ ਇਹ ਹੈ ਕਿ ਸੰਗੀਤ ਰੂਹ ਨੂੰ ਤਸਕੀਨ ਦੇਣ ਵਾਲਾæ ਨਹੀਂ ਰਿਹਾ- ਇਹ ਪੂਰੀ ਤਰ੍ਹਾਂ ਵਪਾਰਕ ਉਤਪਾਦ ਬਣ ਗਿਆ ਹੈ, ਬੱਸ, ਵੇਚੋ, ਭੁੱਲ ਜਾਓ ਤੇ ਨਵਾਂ ‘ਮਾਲ’ ਬਣਾਉਣ ਵਿਚ ਰੁੱਝ ਜਾਓ।
ਜਿਸ ਕਿਸਮ ਦਾ ਗੀਤ-ਸੰਗੀਤ ਅੱਜ ਪਰੋਸਿਆ ਜਾ ਰਿਹਾ ਹੈ, ਉਹ ਗੀਤ-ਸੰਗੀਤ ਨਹੀਂ, ਸ਼ੋਰ ਹੈ। ਸ਼ੋਰ ਸ਼ਾਂਤੀ ਦਾ ਦੁਸ਼ਮਣ ਹੁੰਦਾ ਹੈ। ਪਹਿਲਾਂ ਸੰਗੀਤ ਸਕੂਨ ਦਿੰਦਾ ਸੀ- ਭਜਨਾਂ ਵਿੱਚ ਭਗਤੀ, ਰਾਗਾਂ ਵਿੱਚ ਭਾਵਨਾ; ਪਰ ਅੱਜ ਬਾਜ਼ਾਰ ਨੇ ਇਸ ਨੂੰ ਮਾਨਸਿਕ ਤਣਾਅ ਦਾ ਜ਼ਰੀਆ ਬਣਾ ਦਿੱਤਾ ਹੈ। ਤੇਜ਼-ਤਿੱਖੇ ਅਤੇ ਸ਼ੋਰੀਲੀਆਂ ਬੀਟਾਂ ’ਤੇ ਥਿਰਕਦੇ/ਲੜਖੜਾਉਂਦੇ ਨੌਜਵਾਨਾਂ ਦੀ ਖੁਸ਼ੀ ਅਸਥਾਈ ਹੈ। ਇਸ ਤਰ੍ਹਾਂ ਦਾ ਸੰਗੀਤ ਵਕਤੀ ਮਜ਼ਾ ਹੀ ਦੇ ਸਕਦਾ ਹੈ, ਨਾ ਕਿ ਰੂਹ ਨੂੰ ਛੂਹ ਸਕਦਾ ਹੈ। ਡੀ.ਜੇ. ਨਾਈਟਾਂ ਅਤੇ ਪਾਰਟੀਆਂ ਵਿੱਚ ‘ਟੁੱਲ ਹੋ ਕੇ’ ਦੇਰ ਰਾਤ ਨੂੰ ਘਰ ਪਹੁੰਚਦੇ ਨੌਜਵਾਨ ਸਵੇਰੇ ਸਿਰ ਫੜ ਕੇ ਬੈਠੇ ਦਿਖਾਈ ਦਿੰਦੇ ਹਨ। ਕੀ ਉਸ ਨੂੰ ਸੰਗੀਤ ਕਿਹਾ ਜਾ ਸਕਦਾ ਹੈ, ਜੋ ਸਿਰ ਦੀ ਪੀੜ ਦਾ ਕਾਰਨ ਬਣੇ? ਵਿਗਿਆਨਕ ਅਧਿਐਨਾਂ ਅਨੁਸਾਰ ਤੇਜ਼ ਬੀਟਾਂ ਵਾਲਾ ਸੰਗੀਤ (120-140 ਬੀ.ਪੀ.ਐੱਮ.) ਨੌਜਵਾਨਾਂ ਵਿੱਚ ਚਿੰਤਾ ਅਤੇ ਨੀਂਦ ਦੀ ਕਮੀ ਨੂੰ ਵਧਾਉਂਦਾ ਹੈ। ਆਈ.ਐੱਮ.ਆਈ. ਰਿਪੋਰਟ ਅਨੁਸਾਰ ਭਾਰਤ ਵਿੱਚ 2024 ਵਿੱਚ ਰਿਲੀਜ਼ ਹੋਈਆਂ 25,000 ਤੋਂ ਵੱਧ ਐਲਬਮਾਂ ਵਿੱਚੋਂ 60 ਫੀਸਦੀ ਤੋਂ ਵੱਧ ਵਿੱਚ ਹੀ ਇਹ ਤੇਜ਼ ਬੀਟਾਂ ਅਤੇ ਵਿਵਾਦਮਈ ਥੀਮਾਂ ਸਨ। ਇਹ ਅੰਕੜੇ ਦੱਸਦੇ ਹਨ ਕਿ ਬਾਜ਼ਾਰ ਨੇ ਸੰਗੀਤ ਨੂੰ ਤਣਾਅ ਵਧਾਉਣ ਵਾਲੀ ਵਸਤੂ ਬਣਾ ਦਿੱਤਾ ਹੈ, ਨਾ ਕਿ ਸਕੂਨ ਦੇਣ ਵਾਲਾ ਰਾਗ।
ਹਰ ਰੋਜ਼ ਆਉਂਦੀਆਂ ਮਿਊਜ਼ਿਕ ਐਲਬਮਾਂ ਦੀਆਂ ਵੀਡੀਓਜ਼ ਨੈਤਿਕ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ। ਇਨ੍ਹਾਂ ਨੇ ਸੰਗੀਤ ਨੂੰ ਕੰਨ ਰਸੀ ਦੀ ਥਾਂ ਕਾਮੁਕ ਅੱਖ ਰਸੀ ਬਣਾ ਦਿੱਤਾ ਹੈ। ਅਸ਼ਲੀਲਤਾ ਦੇ ਨਵੇਂ ਤੋਂ ਨਵੇਂ ਰਿਕਾਰਡ ਬਣਾਏ ਜਾ ਰਹੇ ਹਨ। ਪੈਸਾ ਕਮਾਉਣ ਦੀ ਕਾਹਲ ਵਿੱਚ ਮਿਊਜ਼ਿਕ ਐਲਬਮਾਂ ਦੇ ਨਿਰਮਾਤਾ, ਨਿਰਦੇਸ਼ਕ ਅਤੇ ਗਾਇਕ ਹਰ ਜਾਇਜ਼-ਨਾਜਾਇਜ਼ ਹੀਲਾ ਵਰਤਣ ਵਿੱਚ ਲੱਗੇ ਹੋਏ ਹਨ। ਵੀਡੀਓ ਵਿੱਚ ਮਾਡਲ ਲੜਕੀਆਂ ਲਗਭਗ ਨਿਰਵਸਤਰ ਹੀ ਦਿਖਾਈ ਦਿੰਦੀਆਂ ਹਨ। ਸੰਗ-ਸ਼ਰਮ ਅਤੇ ਹਯਾ ਗੁਜ਼ਰੇ ਜ਼ਮਾਨੇ ਦੇ ਸ਼ਬਦ ਹੋ ਗਏ ਹਨ।
ਪੰਜਾਬੀ ਸੰਗੀਤ ਵਿੱਚ ਇਹ ਰੁਝਾਨ ਹੋਰ ਵੀ ਡਰਾਉਣਾ ਹੈ। 2018 ਵਿੱਚ ਪੰਜਾਬ ਸਰਕਾਰ ਨੇ ਵਲਗਰ ਕੰਟੈਂਟ ਰੋਕਣ ਲਈ ਕਲਚਰਲ ਕਮਿਸ਼ਨ ਬਣਾਇਆ ਸੀ, ਪਰ ਪੰਜਾਬੀ ਇੰਡੀ ਮਿਊਜ਼ਿਕ ਐਸੋਸੀਏਸ਼ਨ ਸਰਵੇ ਦੱਸਦਾ ਹੈ ਕਿ 2024 ਵਿੱਚ ਰਿਲੀਜ਼ ਹੋਈਆਂ 5,000 ਤੋਂ ਵੱਧ ਪੰਜਾਬੀ ਐਲਬਮਾਂ ਵਿੱਚੋਂ 40 ਫੀਸਦੀ ਵਿੱਚ ਅਸ਼ਲੀਲਤਾ ਅਤੇ ਹਿੰਸਕ ਥੀਮਾਂ ਸਨ, ਜੋ ਵਿਊਜ਼ ਅਤੇ ਰੈਵੇਨਿਊ ਲਈ ਬਣਾਏ ਜਾਂਦੇ ਹਨ। ਬਾਲੀਵੁੱਡ ਵਿੱਚ ਵੀ ਇਹੀ ਹੈ- 2024 ਵਿੱਚ ਰਿਲੀਜ਼ ਫਿਲਮਾਂ ਦੇ ਗੀਤਾਂ ਵਿੱਚ 70 ਫੀਸਦੀ ਵੀਡੀਓਜ਼ ਨੇ ਅਸ਼ਲੀਲਤਾ ਨੂੰ ਵਧਾਇਆ, ਜਿਸ ਨਾਲ ਯੂਟਿਊਬ ’ਤੇ ਬਿਨਾਂ ਰੋਕ-ਟੋਕ ਨਾਲ 1 ਬਿਲੀਅਨ ਵਿਊਜ਼ ਮਿਲੇ (ਸੈਂਟਰ ਫਾਰ ਮੀਡੀਆ ਸਟੱਡੀਜ਼ ਰਿਪੋਰਟ)। ਇਹ ਅੰਕੜੇ ਨਹੀਂ, ਸਾਡੀ ਸੱਭਿਆਚਾਰਕ ਵਿਰਾਸਤ ਦੀ ਮੌਤ ਹਨ। ਬਾਜ਼ਾਰ ਨੇ ਸੰਗੀਤ ਨੂੰ ਲਾਲਚ ਦਾ ਹਥਿਆਰ ਬਣਾ ਦਿੱਤਾ ਹੈ, ਜਿੱਥੇ ਨੈਤਿਕਤਾ ਦੇ ਪਰੁੱਚੇ ਉੱਡਦੇ ਹਨ।
ਬਾਜ਼ਾਰ ਨਾਲੋਂ ਚਲਾਕ ਬਹਿਰੂਪੀਆ ਕੋਈ ਨਹੀਂ ਹੈ। ਇਹ ਬਾਜ਼ਾਰ ਦੀ ਚਲਾਕੀ ਵਾਲੀ ਘੁਸਪੈਠ ਹੀ ਹੈ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਕਦੋਂ ਸਾਡੇ ਧੁਰ ਅੰਦਰ ਤੀਕ ਪ੍ਰਵੇਸ਼ ਕਰ ਜਾਂਦਾ ਹੈ। ਅਸੀਂ ਅਚੇਤ ਹੀ ਬਾਜ਼ਾਰ ਵੱਲੋਂ ਸੰਚਾਲਿਤ ਹੋਣ ਲੱਗ ਪੈਂਦੇ ਹਾਂ। ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ-ਓੜ੍ਹਨ, ਬੋਲਣ-ਚੱਲਣ, ਸੁਣਨ-ਸੁਣਾਉਣ; ਹਰ ਚੀਜ਼ ਬਾਜ਼ਾਰ ਚਲਾਉਂਦਾ ਹੈ ਅਤੇ ਅਸੀਂ-ਤੁਸੀਂ ਸਾਰੇ ਇਸੇ ਹੋਣੀ ਦਾ ਸ਼ਿਕਾਰ ਹਾਂ। ਆਪਣਾ ਰਿਮੋਟ ਬਾਜ਼ਾਰ ਦੇ ਹੱਥ ਵਿੱਚ ਹੈ। ਇਹ ਬਾਜ਼ਾਰ ਦਾ ਦਖ਼ਲ ਨਹੀਂ, ਸਾਡੇ ’ਤੇ ਕਬਜ਼ਾ ਹੈ। ਇਹ ਉਹ ਬਾਜ਼ਾਰ ਹੈ, ਜੋ ਵਿਸ਼ਵੀਕਰਨ ਦੀਆਂ ਸ਼ਕਤੀਆਂ ਵੱਲੋਂ ਚਲਾਇਆ ਜਾਂਦਾ ਹੈ। ਇਸ ਨੇ ਸਾਡੀ ਬੋਲੀ-ਭਾਸ਼ਾ, ਗੀਤ-ਸੰਗੀਤ, ਸਭ ਕੁਝ ਇਸੇ ਤਰ੍ਹਾਂ ਨਿਗਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਨੂੰ ਬਾਜ਼ਾਰ ਦੀ ਇਸ ਖੁਮਾਰੀ ਵਿੱਚ ਝੂਮਦਿਆਂ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।
ਭਾਰਤ ਵਿੱਚ ਸੰਗੀਤ ਉਦਯੋਗ ਦਾ 87 ਫੀਸਦੀ ਰੈਵੇਨਿਊ ਡਿਜੀਟਲ ਪਲੈਟਫਾਰਮਾਂ ਤੋਂ ਆਉਂਦਾ ਹੈ, ਜਿੱਥੇ ਐਲਗੋਰਿਦਮ ਵਿਊਜ਼ ਨੂੰ ਵਧਾਉਣ ਲਈ ਵਿਵਾਦਾਸਪਦ ਕੰਟੈਂਟ ਨੂੰ ਉਤਸ਼ਾਹਿਤ ਕਰਦੇ ਹਨ। ਮਿਊਜ਼ੀਕਲੀ ਰਿਪੋਰਟ 2025 ਮੁਤਾਬਕ ਭਾਰਤੀ ਸੰਗੀਤ ਜਗਤ ਵਿੱਚੋਂ 70 ਫੀਸਦੀ ਨੇ ਵਿੱਤੀ ਦਬਾਅ ਕਾਰਨ ਸੰਗੀਤ ਛੱਡਣ ਬਾਰੇ ਸੋਚਿਆ ਹੈ, ਜੋ ਦੱਸਦਾ ਹੈ ਕਿ ਬਾਜ਼ਾਰ ਨੇ ਅਸਲ ਕਲਾ ਨੂੰ ਬੇਗਾਨਾ ਕਰ ਦਿੱਤਾ ਹੈ। ਲਾਈਵ ਮਿਊਜ਼ਿਕ ਮਾਰਕੀਟ 2025 ਵਿੱਚ 1390 ਮਿਲੀਅਨ ਡਾਲਰ ਦੀ ਹੈ ਅਤੇ 2034 ਤੱਕ 5968 ਮਿਲੀਅਨ ਡਾਲਰ ਤੱਕ ਪਹੁੰਚੇਗੀ (ਕਸਟਮ ਮਾਰਕੀਟ ਇਨਸਾਈਟਸ), ਪਰ ਇਹ ਵੀ ਫੈਸ਼ਨੇਬਲ ਈਵੈਂਟਾਂ ’ਤੇ ਨਿਰਭਰ ਹੈ, ਨਾ ਕਿ ਅਸਲ ਸੰਗੀਤ ’ਤੇ।
ਪੰਜਾਬੀ ਸੰਗੀਤ ਵਿੱਚ ਇਹ ਬਾਜ਼ਾਰੀ ਪ੍ਰਭਾਵ ਹੋਰ ਵੀ ਡੂੰਘਾ ਹੈ। ਪਹਿਲਾਂ ਪੰਜਾਬੀ ਗੀਤ ਖੇਤਾਂ ਦੀ ਹਰਿਆਲੀ, ਪਿਆਰ ਦੀਆਂ ਕਹਾਣੀਆਂ ਅਤੇ ਲੋਕ-ਵਿਰਾਸਤ ਦੇ ਗਹਿਣੇ ਸਨ। ਅੱਜ ਇਹ ਬੀਟਾਂ ਅਤੇ ਵਲਗਰ ਲਿਰਿਕਸ ਨਾਲ ਭਰੇ ਪਏ ਹਨ। 2024 ਵਿੱਚ ਪੰਜਾਬੀ ਐਲਬਮਾਂ ਵਿੱਚ ਵਲਗਰ ਕੰਟੈਂਟ ਦਾ ਵਾਧਾ 35 ਫੀਸਦੀ ਹੋਇਆ (ਪੰਜਾਬੀ ਮਿਊਜ਼ਿਕ ਐਸੋਸੀਏਸ਼ਨ), ਜੋ ਵਿਊਜ਼ ਲਈ ਬਣਾਇਆ ਜਾਂਦਾ ਹੈ ਅਤੇ ਨੌਜਵਾਨਾਂ ਵਿੱਚ ਅਸ਼ਲੀਲ ਵਿਚਾਰਾਂ ਨੂੰ ਵਧਾਉਂਦਾ ਹੈ। ਸੈਂਟਰ ਫਾਰ ਵੂਮੈਨ ਸਟੱਡੀਜ਼ 2024 ਦੇ ਇੱਕ ਅਧਿਐਨ ਅਨੁਸਾਰ ਅਜਿਹੇ ਗੀਤ ਨੌਜਵਾਨਾਂ ਵਿੱਚ ਲਿੰਗ ਵਿਤਕਰੇ ਨੂੰ 25 ਫੀਸਦੀ ਵਧਾਉਂਦੇ ਹਨ।
ਸੱਚ ਇਹੀ ਹੈ ਕਿ ਬਾਜ਼ਾਰ ਨੇ ਸੰਗੀਤ ਨੂੰ ਵਪਾਰ ਬਣਾ ਕੇ ਇਸ ਦੀ ਰੂਹ ਨੂੰ ਚੁਰਾ ਲਿਆ ਹੈ।
ਬਾਜ਼ਾਰ ਦੀ ਇਹ ਚਲਾਕੀ ਸਾਡੇ ਰੋਜ਼ਾਨਾ ਜੀਵਨ ਵਿੱਚ ਵੀ ਫੈਲੀ ਹੋਈ ਹੈ। ਅਸੀਂ ਨਹੀਂ ਜਾਣਦੇ ਕਿ ਸਾਡੇ ਫ਼ੋਨ ’ਤੇ ਚੱਲ ਰਹੇ ਐਲਗੋਰਿਦਮ ਸਾਨੂੰ ਕਿਹੜੇ ਗੀਤ ਸੁਣਾਉਂਦੇ ਹਨ- ਉਹ ਜੋ ਵੇਚਣ ਯੋਗ ਹੋਣ। 2025 ਵਿੱਚ ਭਾਰਤ ਵਿੱਚ ਮਿਊਜ਼ਿਕ ਟੂਰਿਜ਼ਮ ਮਾਰਕੀਟ 2.46 ਬਿਲੀਅਨ ਡਾਲਰ ਦੀ ਹੈ ਅਤੇ 2033 ਤੱਕ 13.3 ਬਿਲੀਅਨ ਤੱਕ ਪਹੁੰਚੇਗੀ (ਗ੍ਰੈਂਡ ਵਿਊ ਰਿਸਰਚ), ਪਰ ਇਹ ਵੀ ਫੈਸ਼ਨੇਬਲ ਕੌਂਸਰਟਾਂ ’ਤੇ ਨਿਰਭਰ ਹੈ, ਨਾ ਕਿ ਅਸਲੀ ਕਲਾ ’ਤੇ। ਇਸ ਬਾਜ਼ਾਰ ਨੇ ਸਾਡੀ ਸੰਸਕ੍ਰਿਤੀ ਨੂੰ ਵੀ ਨਿਗਲ ਲਿਆ ਹੈ- ਹਰ ਗੀਤ ਇੱਕ ਪ੍ਰੋਡਕਟ ਹੈ। ਅਸੀਂ ਇਸ ਖੁਮਾਰੀ ਵਿੱਚ ਡੁੱਬੇ ਹੋਏ ਹਾਂ ਅਤੇ ਨਹੀਂ ਪਤਾ ਲੱਗ ਰਿਹਾ ਕਿ ਕਦੋਂ ਸਾਡੀ ਜ਼ਮੀਨ ਖਿਸਕ ਗਈ।
ਪਰ ਅਜੇ ਵੀ ਉਮੀਦ ਹੈ। ਜੇ ਅਸੀਂ ਭਾਰਤੀ ਸੰਗੀਤ ਜਗਤ ਦੇ ਉਨ੍ਹਾਂ ਕਲਾਕਾਰਾਂ ਨੂੰ ਸਮਰਥਨ ਦੇਈਏ, ਜੋ ਵਿੱਤੀ ਦਬਾਅ ਵਿੱਚ ਵੀ ਅਸਲੀ ਸੰਗੀਤ ਬਣਾ ਰਹੇ ਹਨ ਅਤੇ ਬਾਜ਼ਾਰ ਨੂੰ ਚੁਣੌਤੀ ਦੇਈਏ, ਤਾਂ ਸੰਗੀਤ ਵਾਪਸ ਰੂਹ ਬਣ ਸਕਦਾ ਹੈ। ਈ.ਵਾਈ. ਰਿਪੋਰਟ ਦੱਸਦੀ ਹੈ ਕਿ 40,000 ਤੋਂ ਵੱਧ ਕ੍ਰਿਏਟਰ ਹਰ ਸਾਲ 20-25 ਹਜ਼ਾਰ ਮੌਲਿਕ ਗੀਤ ਬਣਾਉਂਦੇ ਹਨ, ਪਰ ਬਾਜ਼ਾਰ ਨੇ ਉਨ੍ਹਾਂ ਨੂੰ ਦਬਾ ਦਿੱਤਾ ਹੈ। ਆਓ ਫਿਰ ਆਪਾਂ ਸ਼ੋਰ ਨੂੰ ਰੱਦ ਕਰੀਏ ਤੇ ਚੁਣੀਏ ਅਸਲੀ ਸੰਗੀਤ ਨੂੰ ਤੇ ਲੱਭੀਏ ਆਪਣੀ ਅਸਲੀ ਰੂਹ ਨੂੰ। ਜੇ ਨਹੀਂ, ਤਾਂ ਇਹ ਵਪਾਰਕ ਬਾਜ਼ਾਰ ਸਾਡੀ ਸੱਭਿਆਚਾਰਕ ਰੂਹ ਨੂੰ ਵੀ ਖ਼ਤਮ ਕਰ ਦੇਵੇਗਾ।
