*ਤਿੰਨ ਕਥਿਤ ਡਰੱਗ ਤਸਕਰ ਮਾਰੇ ਗਏ; ਸਤੰਬਰ ਤੋਂ ਹੁਣ ਤੱਕ 15ਵੀਂ ਕਾਰਵਾਈ- ਹੁਣ ਤੱਕ 64 ਲੋਕਾਂ ਦੀ ਮੌਤ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕੀ ਫੌਜ ਨੇ ਕੈਰੇਬੀਅਨ ਸਮੁੰਦਰ ਵਿੱਚ ਇੱਕ ਹੋਰ ਫ਼ੌਜੀ ਹਮਲਾ ਕੀਤਾ ਹੈ, ਜਿਸ ਵਿੱਚ ਤਿੰਨ ਕਥਿਤ ਡਰੱਗ ਤਸਕਰ ਮਾਰੇ ਗਏ ਹਨ। ਰੱਖਿਆ ਮੰਤਰੀ ਪੀਟ ਹੈਗਸੇਥ ਨੇ ਸੋਸ਼ਲ ਮੀਡੀਆ ਉੱਤੇ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ। ਹੈਗਸੇਥ ਨੇ ਦੱਸਿਆ ਕਿ ਇਹ ਕਿਸ਼ਤੀ ਇੱਕ ਅਜਿਹੇ ਸੰਗਠਨ ਨਾਲ ਜੁੜੀ ਸੀ, ਜਿਸ ਨੂੰ ਅਮਰੀਕਾ ਨੇ ਪਹਿਲਾਂ ਹੀ ਅਤਿਵਾਦੀ ਐਲਾਨਿਆ ਹੋਇਆ ਹੈ, ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਮਲਾ ਸਤੰਬਰ ਦੀ ਸ਼ੁਰੂਆਤ ਤੋਂ ਹੁਣ ਤੱਕ ਅਮਰੀਕੀ ਫੌਜ ਵੱਲੋਂ ਕੈਰੇਬੀਅਨ ਸਮੁੰਦਰ ਜਾਂ ਪੂਰਬੀ ਪ੍ਰਸ਼ਾਂਤ ਖੇਤਰ ਵਿੱਚ ਡਰੱਗ ਤਸਕਰਾਂ ਉੱਤੇ ਕੀਤੀ 15ਵੀਂ ਹਵਾਈ ਕਾਰਵਾਈ ਹੈ।
ਇਸ ਤਰ੍ਹਾਂ ਦੀਆਂ ਕਾਰਵਾਈਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਵਿੱਚ ਡਰੱਗ ਤਸਕਰੀ ਵਿਰੁੱਧ ਇੱਕ ਵੱਡੀ ਰਣਨੀਤੀ ਦਾ ਹਿੱਸਾ ਹਨ। ਵਿਕੀਪੀਡੀਆ ਅਨੁਸਾਰ ਅਗਸਤ 2025 ਵਿੱਚ ਅਮਰੀਕਾ ਨੇ ਕੈਰੇਬੀਅਨ ਵਿੱਚ ਨੇਵੀ ਤਾਕਤ ਵਧਾਉਣੀ ਸ਼ੁਰੂ ਕੀਤੀ ਸੀ, ਜਿਸ ਨਾਲ ਸਮੁੰਦਰੀ ਰਸਤਿਆਂ ਰਾਹੀਂ ਡਰੱਗ ਪਹੁੰਚਾਉਣ ਵਾਲੇ 80% ਯਤਨਾਂ ਨੂੰ ਰੋਕਿਆ ਗਿਆ। ਇਨ੍ਹਾਂ ਕਾਰਵਾਈਆਂ ਨੇ ਨਾ ਸਿਰਫ਼ ਡਰੱਗ ਤਸਕਰੀ ਨੂੰ ਚੁਣੌਤੀ ਦਿੱਤੀ, ਸਗੋਂ ਵੈਨੇਜ਼ੂਏਲਾ ਨਾਲ ਤਣਾਅ ਵੀ ਵਧਾ ਦਿੱਤਾ ਹੈ। ਹੁਣ ਤੱਕ ਇਨ੍ਹਾਂ ਕਾਰਵਾਈਆਂ ਵਿੱਚ ਘੱਟੋ-ਘੱਟ 64 ਲੋਕ ਮਾਰੇ ਗਏ ਹਨ।
ਇਨ੍ਹਾਂ ਕਾਰਵਾਈਆਂ ਨੇ ਅਮਰੀਕਾ ਨੂੰ ਕੁਝ ਸਫਲਤਾ ਦਿੱਤੀ ਹੈ- ਉਦਾਹਰਨ ਲਈ, ਅਗਸਤ 2025 ਵਿੱਚ ਸ਼ੁਰੂ ਹੋਈ ਓਪਰੇਸ਼ਨ ਪੈਸੇਫਿਕ ਵਾਈਪਰ ਵਿੱਚ ਅਮਰੀਕੀ ਕੋਸਟ ਗਾਰਡ ਨੇ ਪੂਰਬੀ ਪੈਸੇਫਿਕ ਅਤੇ ਕੈਰੇਬੀਅਨ ਵਿੱਚ 34 ਰੋਕਾਂ ਨਾਲ 50 ਟਨ (ਲਗਭਗ 1,00,000 ਪਾਊਂਡ) ਕੋਕੀਨ ਜ਼ਬਤ ਕੀਤੀ, 86 ਸ਼ੱਕੀ ਤਸਕਰ ਗ੍ਰਿਫਤਾਰ ਹੋਏ। ਇਹ ਅਮਰੀਕੀ ਕੋਸਟ ਗਾਰਡ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੋਕੀਨ ਜ਼ਬਤੀ ਹੈ।
ਪਰ ਕੁੱਝ ਹੋਰ ਅੰਕੜੇ ਚਿੰਤਾਜਨਕ ਵੀ ਹਨ। ਨਿਊ ਯਾਰਕ ਟਾਈਮਜ਼ ਅਨੁਸਾਰ 2024 ਵਿੱਚ ਜਮਾਇਕਾ ਵਿੱਚ 2,508 ਕਿਲੋਗ੍ਰਾਮ ਕੋਕੀਨ ਜ਼ਬਤ ਕੀਤਾ ਗਿਆ, ਜੋ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਵਧ ਹੈ। ਵੀਓਲਾ (ੱੌLੳ) ਦੀ ਰਿਪੋਰਟ ਮੁਤਾਬਕ ਵੈਨੇਜ਼ੂਏਲਾ ਰਾਹੀਂ ਹਰ ਸਾਲ 200-250 ਮੈਟ੍ਰਿਕ ਟਨ ਕੋਕੀਨ ਤਸਕਰੀ ਹੁੰਦੀ ਹੈ, ਜੋ ਅਮਰੀਕੀ ਡਰੱਗ ਮੌਤਾਂ (2024 ਵਿੱਚ 80,000 ਤੋਂ ਵੱਧ) ਦਾ ਇੱਕ ਵੱਡਾ ਕਾਰਨ ਹੈ।
ਤਾਜ਼ਾ ਫ਼ੌਜੀ ਹਮਲਿਆਂ ਨੇ ਤਸਕਰਾਂ ਨੂੰ ਰਣਨੀਤੀ ਬਦਲਣ ਲਈ ਮਜਬੂਰ ਕੀਤਾ ਹੈ-ਵਪਾਰੀ ਹੁਣ ਹਵਾਈ ਰਸਤਿਆਂ ਅਤੇ ਅਨਮੈਨਡ ਵੈਸਲਾਂ (ਨਾਰਕੋ-ਸਬਮੇਰੀਨਾਂ) ਵੱਲ ਵਧ ਰਹੇ ਹਨ, ਜਿਵੇਂ ਕਿ ਜੁਲਾਈ 2025 ਵਿੱਚ ਕੋਲੰਬੀਆ ਨੇੜੇ ਇੱਕ ਨਾਰਕੋ-ਸਬ ਫੜੀ ਗਈ ਸੀ।
‘ਡਰੱਗ ਸਪਲਾਈ ਰੋਕਣ ਲਈ ਜ਼ਰੂਰੀ ਕਦਮ’
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਹਮਲਿਆਂ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਹੈ ਕਿ ਇਹ ਅਮਰੀਕਾ ਵਿੱਚ ਡਰੱਗਾਂ ਦੀ ਸਪਲਾਈ ਲਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਹੁਣ ਡਰੱਗ ਕਾਰਟਲਾਂ ਵਿਰੁੱਧ ਹਥਿਆਰਬੰਦ ਸੰਘਰਸ਼ ਵਿੱਚ ਹੈ- ਠੀਕ ਉਸੇ ਕਾਨੂੰਨੀ ਅਧਿਕਾਰ ਅਧੀਨ, ਜੋ 9/11 ਤੋਂ ਬਾਅਦ ਅਤਿਵਾਦ ਵਿਰੁੱਧ ਯੁੱਧ ਲਈ ਵਰਤਿਆ ਗਿਆ ਸੀ। ਇਨ੍ਹਾਂ ਹਮਲਿਆਂ ਵਿੱਚ ਟਰੰਪ ਪ੍ਰਸ਼ਾਸਨ ਨੇ ਖੇਤਰ ਵਿੱਚ ਯੁੱਧਪੋਤਾਂ ਦੀ ਗਿਣਤੀ ਵਧਾ ਦਿੱਤੀ ਹੈ, ਜਿਸ ਨਾਲ ਇਹ ਮੁਹਿੰਮ ਹੋਰ ਤੇਜ਼ ਹੋ ਗਈ ਹੈ।
ਸੀ.ਐੱਨ.ਐੱਨ. ਅਨੁਸਾਰ ਸਤੰਬਰ 2025 ਤੋਂ ਟਰੰਪ ਪ੍ਰਸ਼ਾਸਨ ਨੇ 10 ਹਮਲੇ ਕੀਤੇ ਹਨ, ਜਿਨ੍ਹਾਂ ਵਿੱਚ 37 ਤੋਂ ਵੱਧ ਲੋਕ ਮਾਰੇ ਗਏ ਹਨ। ਇਹ ਕਾਰਵਾਈਆਂ ਵੈਨੇਜ਼ੂਏਲਾ ਅਤੇ ਕੋਲੰਬੀਆ ਨਾਲ ਜੁੜੀਆਂ ਹਨ, ਜਿੱਥੇ ਟਰੈੱਨ ਡੀ ਅਰਾਗੂਆ (ਠਧੳ) ਅਤੇ ਨੈਸ਼ਨਲ ਲਿਬਰੇਸ਼ਨ ਆਰਮੀ (ਓLਂ) ਵਰਗੇ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਟਰੰਪ ਨੇ ਕਾਂਗਰਸ ਨੂੰ ਬੇਨਤੀ ਕੀਤੀ ਹੈ ਕਿ ਡਰੱਗ ਤਸਕਰਾਂ ਨੂੰ ‘ਲਾਜ਼ਮੀ ਲੜਾਈ’ ਵਿੱਚ ਵਰਗੀਕ੍ਰਿਤ ਕੀਤਾ ਜਾਵੇ, ਜਿਸ ਨਾਲ ਫੌਜ ਨੂੰ ਬਿਨਾ ਜਾਂਚ-ਪੜਤਾਲ ਮਾਰਨ ਦਾ ਅਧਿਕਾਰ ਮਿਲ ਜਾਵੇ। ਇਸ ਨਾਲ ਅਮਰੀਕੀ ਫੌਜ ਨੂੰ ਕੋਲੰਬੀਆ ਅਤੇ ਵੈਨੇਜ਼ੂਏਲਾ ਵਿੱਚ ਲੈਂਡ ਅਟੈਕਾਂ ਲਈ ਵੀ ਤਿਆਰੀ ਕਰਨ ਦਾ ਰਾਹ ਖੁੱਲ੍ਹ ਗਿਆ ਹੈ।
ਇਸੇ ਦੌਰਾਨ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਅਮਰੀਕੀ ਕਾਰਵਾਈਆਂ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਹ ਫ਼ੌਜੀ ਮਹਿੰਮਾਂ ਉਨ੍ਹਾਂ ਦੇ ਰਾਜ ਨੂੰ ਅਸਥਿਰ ਕਰਨ ਦਾ ਇੱਕ ਲੁਕਵਾਂ ਯਤਨ ਹੈ।
ਅਮਰੀਕੀ ਰਾਜਨੀਤੀ ਵਿੱਚ ਵਿਵਾਦ
ਟਰੰਪ ਪ੍ਰਸ਼ਾਸਨ ਦੀ ਇਸ ਮਹਿੰਮ ਨੂੰ ਲੈ ਕੇ ਅਮਰੀਕਾ ਦੇ ਅੰਦਰ ਵੀ ਵਿਰੋਧ ਵਧ ਰਿਹਾ ਹੈ। ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਰਾਸ਼ਟਰਪਤੀ ਟਰੰਪ ਕਾਂਗਰਸ ਦੀ ਮਨਜ਼ੂਰੀ ਬਿਨਾ ਸੈਨਿਕ ਕਾਰਵਾਈ ਕਰ ਰਹੇ ਹਨ, ਜੋ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਹੈ। ਸੈਨੇਟ ਮੈਂਬਰ ਰਿਚਰਡ ਬਲੂਮੈਂਥਲ ਨੇ ਕਿਹਾ ਕਿ ਇਸ ਤਰ੍ਹਾਂ ਸੈਨਿਕ ਖੇਤਰ ਨੂੰ ਵਿਸਥਾਰ ਦੇਣਾ ਲਾਪਰਵਾਹੀ ਹੈ। ਇਹ ਅਮਰੀਕੀ ਫੌਜ ਦੀ ਰਾਜਨੀਤਿਕ ਵਰਤੋਂ ਹੈ। ਹਾਲਾਂਕਿ ਟਰੰਪ ਨੇ ਸਾਫ਼ ਕਿਹਾ ਕਿ ਅਸੀਂ ਯੁੱਧ ਦਾ ਐਲਾਨ ਨਹੀਂ ਕਰ ਰਹੇ। ਜੋ ਲੋਕ ਅਮਰੀਕਾ ਵਿੱਚ ਡਰੱਗ ਲੈ ਕੇ ਆ ਰਹੇ ਹਨ, ਅਸੀਂ ਉਨ੍ਹਾਂ ਨੂੰ ਖ਼ਤਮ ਕਰਨਾ ਹੈ।
ਰਿਪਬਲਿਕਨ ਬਹੁਮਤ ਵਾਲੀ ਸੈਨੇਟ ਨੇ ਹਾਲ ਹੀ ਵਿੱਚ ਡੈਮੋਕਰੈਟਸ ਦੇ ਉਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਰਾਸ਼ਟਰਪਤੀ ਨੂੰ ਭਵਿੱਖੀ ਕਿਸੇ ਵੀ ਸੈਨਿਕ ਕਾਰਵਾਈ ਤੋਂ ਪਹਿਲਾਂ ਕਾਂਗਰਸ ਦੀ ਇਜਾਜ਼ਤ ਲੈਣ ਦੀ ਲੋੜ ਦੱਸੀ ਗਈ ਸੀ।
ਇਸ ਮਹਿੰਮ ਨੇ ਅਮਰੀਕੀ ਡਰੱਗ ਸੰਕਟ ਨੂੰ ਰੋਕਣ ਵਿੱਚ ਮਦਦ ਕੀਤੀ ਹੈ। ਸਾਲ 2023 ਵਿੱਚ 1,10,000 ਤੋਂ ਵੱਧ ਡਰੱਗ ਮੌਤਾਂ 2024 ਵਿੱਚ 80,000 ਤੋਂ ਘੱਟ ਹੋ ਗਈਆਂ ਹਨ, ਪਰ ਇਹ ਵੀ ਸਪੱਸ਼ਟ ਹੈ ਕਿ ਫੈਂਟਾਨਿਲ ਵਰਗੀਆਂ ਡਰੱਗਾਂ ਮੁੱਖ ਤੌਰ `ਤੇ ਮੈਕਸੀਕੋ ਰਾਹੀਂ ਲੈਂਡ ਰਸਤੇ ਆਉਂਦੀਆਂ ਹਨ। ਇਸ ਲਈ ਇਹ ਕਾਰਵਾਈਆਂ ਸਿਰਫ਼ ਡਰੱਗ ਯੁੱਧ ਨਹੀਂ, ਸਗੋਂ ਭੂ-ਰਾਜਨੀਤਿਕ ਰਣਨੀਤੀ ਦਾ ਹਿੱਸਾ ਵੀ ਹਨ। ਜੇ ਇਹ ਜਾਰੀ ਰਿਹਾ ਤਾਂ ਅਮਰੀਕਾ ਵਿੱਚ ਨਵਾਂ ਸੰਕਟ ਪੈਦਾ ਹੋ ਸਕਦਾ ਹੈ।
