ਗੁਰੂ ਨਾਨਕ ਦੀ ਬਾਣੀ ਅਤੇ ਧਾਰਮਿਕ ਤੇ ਸਮਾਜਿਕ ਤਾਣਾ-ਬਾਣਾ

ਖਬਰਾਂ ਵਿਚਾਰ-ਵਟਾਂਦਰਾ

ਡਾ. ਆਤਮਜੀਤ ਵੱਲੋਂ ‘ਮੈਂ ਨਾਨਕ ਦੀ ਬਾਣੀ ਹਾਂ’ ਦਾ ਨਾਟਕੀ ਪਾਠ
ਗੁਰਬਾਣੀ ਪੜ੍ਹਨ ਦੇ ਬਾਵਜੂਦ ਅਸੀਂ ਇਸ ਦੇ ਭਾਵ ਤੋਂ ਦੂਰ ਕਿਉਂ?
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਨੇ ਆਪਣੇ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦੇ ਬੀਤੇ ਦਿਨੀਂ ਕੀਤੇ ਨਾਟਕੀ ਪਾਠ ਦੇ ਅਖੀਰ ਵਿੱਚ ਤਿੰਨ ਸਵਾਲ ਖੜ੍ਹੇ ਕੀਤੇ: ਪਹਿਲਾ, ਮੈਨੂੰ ਸਮਝਾਇਆ ਜਾਵੇ ਕਿ ਕਿਉਂ ਭਾਈ ਮਰਦਾਨਾ ਦੇ ਵੰਸ਼ ਗੋਲਡਨ ਟੈਂਪਲ ਵਿੱਚ ਕੀਰਤਨ ਨਹੀਂ ਕਰ ਸਕਦੇ? ਦੂਜਾ ਸਵਾਲ ਕਿ ਬੇਸ਼ੱਕ ਅਸੀਂ ਔਰਤ ਨੂੰ ਉਚ ਥਾਂ ਦੇ ਦਿੱਤੀ, ਪਰ ਇੱਕ ਔਰਤ ਕਿਉਂ ਨਹੀਂ ਗੋਲਡਨ ਟੈਂਪਲ ਵਿੱਚ ਕੀਰਤਨ ਕਰ ਸਕਦੀ? ਤੀਜੀ ਗੱਲ, ਅਸੀਂ ਜਿੱਥੇ ਮਰਜੀ ਕਹਿ ਦਈਏ ਕਿ ਸਾਡੇ ਵਿੱਚ ਜਾਤ-ਪਾਤ ਨਹੀਂ ਹੈ। ਗੁਰੂ ਨਾਨਕ ਸਾਹਿਬ ਜਿਨ੍ਹਾਂ ਕਦਰਾਂ-ਕੀਮਤਾਂ ਲਈ ਲੜੇ ਸਨ, ਉਹ ਕਿੰਨੀਆਂ ਅਹਿਮ ਸਨ, ਪਰ ਅਸੀਂ ਅਜੇ ਵੀ ਉਨ੍ਹਾਂ ਤੋਂ ਊਣੇ ਕਿਉਂ ਹਾਂ? ਭਾਵ ਜਾਤ-ਪਾਤ ਵਿੱਚ ਅਸੀਂ ਅੱਜ ਵੀ ਬੱਝੇ ਹੋਏ ਹਾਂ। ਇਸ ਨਾਟਕ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਮਾਜਿਕ ਫਿਲਾਸਫੀ ਨੂੰ ਨਵੇਂ ਸਿਰੇ ਤੋਂ ਦੇਖਣ-ਘੋਖਣ ਦੀ ਕੋਸ਼ਿਸ਼ ਕੀਤੀ ਗਈ ਅਤੇ ਗੁਰੂ ਸਾਹਿਬ ਦਾ ਹਿੰਦੁਸਤਾਨ ਵਿੱਚ ਨਿਵੇਕਲਾ ਸਥਾਨ ਨਿਸ਼ਚਿਤ ਕਰਨ ਦਾ ਯਤਨ ਹੋਇਆ ਹੈ।

ਡਾ. ਆਤਮਜੀਤ ਨੇ ਕਿਹਾ ਕਿ ਬਾਬੇ ਨਾਨਕ ਦਾ ਭਾਈ ਮਰਦਾਨੇ ਨਾਲ ਕੀ ਰਿਸ਼ਤਾ ਹੈ, ਇਹ ਬਾਣੀ ਨੇ ਹੀ ਸਾਨੂੰ ਦੱਸਿਆ ਹੈ: “ਮਰਦਾਨਿਆਂ ਰਬਾਬ ਵਜਾ, ਕਾਈ ਸਿਫ਼ਤ ਖੁਦਾ ਦੇ ਦੀਦਾਰ ਦੀ ਕਰੀਏ।” ਪਰ ਕੁਝ ਵਕਤੀ ਦਬਾਅਵਾਂ ਕਰਕੇ ਅਸੀਂ ਭਾਈ ਮਰਦਾਨੇ ਦੇ ਪਰਿਵਾਰ ਨੂੰ ਦਰਬਾਰ ਸਾਹਿਬ ਕੀਰਤਨ ਕਰਨ ਨਹੀਂ ਦੇ ਰਹੇ। ਇਸ ਤੋਂ ਇਲਾਵਾ ਅਸੀਂ ਅਜੇ ਵੀ ਔਰਤ ਦੇ ਬਾਇਲੌਜੀਕਲ ਸੱਚ ਨੂੰ ਗੰਦਗੀ ਮੰਨਦੇ ਹਾਂ। ਕੀ ਇਹ ਗੁਰੂ ਨਾਨਕ ਦੇ ਨਿਯਮਾਂ ਦੇ ਅਨੁਕ੍ਰਿਤ ਹੈ? ਉਨ੍ਹਾਂ ਕਿਹਾ ਕਿ ਮੇਰਾ ਮਕਸਦ ਹੈ ਕਿ ਗੁਰੂ ਨਾਨਕ ਸਾਹਿਬ ਦੀਆਂ ਕਦਰਾਂ-ਕੀਮਤਾਂ ਬਾਰੇ ਸੋਚਿਆ ਤਾਂ ਜਾਵੇ! ਉਨ੍ਹਾਂ ਕਿਹਾ ਕਿ ‘ਨਾਨਕ ਵਰਗਾ ਨਾਨਕ ਹੀ ਸੀ।’ ਉਹਦੇ (ਗੁਰੂ ਨਾਨਕ) ਦਿਲ `ਤੇ ਹਿੰਦੂ-ਮੁਸਲਿਮ ਦੀ ਧੁੰਦਲੀ ਜਹੀ ਲੀਕ ਵੀ ਨਹੀਂ!
ਨਾਟਕੀ ਪਾਠ ਦੌਰਾਨ ਡਾ. ਆਤਮਜੀਤ ਨੇ ਕੁਝ ਪਾਤਰਾਂ- ਮਹਾਂ-ਦਰਸ਼ਕ, ਬਾਣੀ, ਮਰਦਾਨਾ, ਲੱਖੋ, ਸਾਬਰਾ, ਬਸ਼ੀਰਾ, ਪਰੋਹਿਤ ਆਦਿ ਦੀ ਵਾਰਤਾਲਾਪ ਰਾਹੀਂ ਤਿੰਨ ਹਜ਼ਾਰ ਸਾਲ ਦੇ ਇਤਿਹਾਸ `ਤੇ ਝਾਤ ਪੁਆਈ ਅਤੇ ਉਸ ਦੌਰਾਨ ਪੈਦਾ ਹੋਈਆਂ ਸਮਾਜਿਕ-ਧਾਰਮਿਕ ਕੁਰੀਤੀਆਂ ਤੇ ਆਡੰਬਰਵਾਦ ਉਤੇ ਨਾਨਕ ਬਾਣੀ ਨੂੰ ਆਧਾਰ ਬਣਾ ਕੇ ਵਿਅੰਗਾਤਮਕ ਚੋਟ ਕੀਤੀ। ਜਿਵੇਂ ਕਿ ਪਹਿਲਾਂ ਚਾਣਕਯ ਨੇ ਚੰਦਰਗੁਪਤ ਮੌਰੀਆ ਅੱਗੇ ਲਿਆਂਦਾ। ਮਗਰੋਂ (ਕਥਿਤ) ਛੋਟੀਆਂ ਜਾਤਾਂ ਦਾ ਇਹ ਸਾਮਰਾਜ ਬ੍ਰਾਹਮਣਾਂ ਨੂੰ ਪਚਿਆ ਨਹੀਂ।… ਬਲਾਂ ਵਾਲੇ ਨਿਰਬਲਾਂ ਦੀ ਬਲੀ ਲੈਂਦੇ ਆਏ ਨੇ ਤੇ ਲੈ ਰਹੇ ਨੇ; ਪੁਰੋਹਿਤ ਬਲੀ ਨੂੰ ਪਵਿੱਤਰ ਕਾਰਜ ਕਹਿੰਦੇ ਨੇ। ਇੱਕ ਸੰਵਾਦ ਸੀ, ‘ਝਗੜਾ ਰਿਸ਼ੀਆਂ ਦਾ, ਯੁੱਧ ਰਾਜਿਆਂ ਦੇ ਤੇ ਮਰਨ ਵਾਲੇ ਆਮ ਲੋਕ!’ ਇਸੇ ਤਰ੍ਹਾਂ ਬਾਣੀ ਦਾ ਮਹਾਂ-ਦਰਸ਼ਕ ਨੂੰ ਇਹ ਕਹਿਣਾ, ‘ਲੜਦਾ ਬੰਦਾ ਤੇ ਭੁਗਤਦੀ ਔਰਤ ਐ!’ ਔਰਤ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਹੈ। ਵਿਅੰਗ ਦਾ ਇੱਕ ਹੋਰ ਨਮੂਨਾ ਦੇਖੋ, ‘ਬ੍ਰਹਮਚਰਯ ਦਾ ਢੰਡੋਰਚੀ ਪੁਜਾਰੀ ਤੀਵੀਂ ਦੇਖ ਕੇ ਪਿਘਲ ਜਾਂਦੈ।’ ਔਰਤ ਦਾ ਦੁਖਦਾਇਕ ਬਿਆਨ, “ਨੌਂ ਮਹੀਨੇ ਦਾ ਤਪ ਕਰਕੇ ਜੀਵ ਪੈਦਾ ਕਰੀਦਾ, ਫੇਰ ਸਾਡੇ `ਤੇ ਸੂਤਕ ਲਾ ਦੇਂਦੇ; ਅਸੀਂ ਨਾਪਾਕ ਹੋ ਜਾਂਦੀਆਂ।” ਸਮਾਜਿਕ ਸੱਚ ਇਹ ਹੈ ਕਿ ਰਿਸ਼ਤੇ ਦਾ ਰੁੱਖ ਕੇਵਲ ਔਰਤ ਬੀਜ ਸਕਦੀ ਏ।
ਨਾਟਕੀ ਪਾਠ ਦੌਰਾਨ ਡਾ. ਆਤਮਜੀਤ ਨੇ ਕਦੇ ਆਵਾਜ਼ ਉਚੀ ਤੇ ਕਦੇ ਨੀਵੀਂ ਅਤੇ ਹਾਵ-ਭਾਵ ਬਦਲ ਕੇ ਵੱਖ-ਵੱਖ ਦ੍ਰਿਸ਼ਾਂ ਦੇ ਵਾਰਤਾਲਾਪੀ ਉਤਰਾਅ-ਚੜ੍ਹਾਅ ਨੂੰ ਦਿਲਚਸਪ ਬਣਾਈ ਰੱਖਿਆ। ਬਾਣੀ ਲਿਖੇ ਜਾਣ ਤੋਂ ਡੇਢ ਹਜ਼ਾਰ ਸਾਲ ਪਹਿਲਾਂ ਦਾ ਬਿਰਤਾਂਤ/ਹਾਲਾਤ; ਸਤੀ ਪ੍ਰਥਾ ਦਾ ਜ਼ਿਕਰ ਅਤੇ ਉਸ `ਤੇ ਵਿਅੰਗ; ਜਾਤ-ਪਾਤ (“ਅਸੀਂ ਬੇਦੀਆਂ ਦੇ ਮਰਾਸੀ, ਤੂੰ ਮਲੇਛਾਂ ਦਾ!” ਸੰਵਾਦ ਕਥਿਤ ਜਾਤਾਂ ਵਿੱਚ ਹੋਰ ਕਥਿਤ ਨੀਵੀਂਆਂ ਜਾਤਾਂ ਦੀ ਗਵਾਹੀ) ਤੇ ਮੂਰਤੀ-ਪੂਜਾ; ਚਾਰ ਵਰਣ; ਪੋਥੀਆਂ ਪੜ੍ਹਨ ਪਰ ਉਨ੍ਹਾਂ ਤੇ ਵਿਚਾਰ ਨਾ ਕਰਨ ਆਦਿ ਤੋਂ ਇਲਾਵਾ ਮਹਾਂ-ਦਰਸ਼ਕ ਦਾ ਇਹ ਡਾਇਲਾਗ ਵੀ ਧਿਆਨ ਮੰਗਦਾ ਹੈ, “ਬ੍ਰਾਹਮਣ ਦਾ ਝੂਠ ਤਾਂ ਉਦੋਂ ਸ਼ੁਰੂ ਹੋ ਗਿਆ ਜਦੋਂ ਉਸਨੇ ਰਿਗਵੇਦ ਵਿੱਚ ਸਵਾਰਥੀ ਮੰਤਰ ਜੋੜੇ; ਮਨੂੰ ਸਮਰਿਤੀ ਨੂੰ ਕੂੜੇ ਨਾਲ ਭਰ ਦਿੱਤਾ।” ਅਤੇ “ਪੁਰੋਹਿਤ ਆਪਣਾ ਹਿਤ ਹਮੇਸ਼ਾ ਉਪਰ ਰੱਖਦੇ ਨੇ।”
(ਭਾਈ) ਮਰਦਾਨੇ ਦਾ ਆਪਣੀ ਅੰਮਾਂ ਨੂੰ ਗੁਰੂ ਨਾਨਕ ਬਾਰੇ ਬਿਆਨ ਬੜਾ ਅਸਰਦਾਰ ਹੈ: “ਉਨ੍ਹਾਂ ਦਾ ਮਜ਼੍ਹਬ ਜ਼ਾਤੀ ਮੁਕਤੀ ਤਕ ਮਹਿਦੂਦ ਨਹੀਂ, ਬਹੁਤ ਪਾਰ ਜਾਂਦੈ। ਉਨ੍ਹਾਂ ਦੀ ਰੂਹਾਨੀਅਤ ਨਿਜੀ ਜ਼ਿਆਰਤ ਨਹੀਂ। ਉਹ ਹਮੇਸ਼ਾ ਲੋਕਾਈ ਬਾਰੇ ਸੋਚਦੇ ਨੇ।…ਕਿਸੇ ਮਜ਼੍ਹਬ ਦੀ ਮੁਖ਼ਾਲਫ਼ਤ ਨਹੀਂ ਕਰਦੇ।…ਸਿਰਫ਼ ਏਨਾ ਆਖਦੇ ਨੇ, ਮਜ਼L੍ਹਬ ਦਾ ਇੱਕ ਛਿੱਲੜ ਹੁੰਦੈ ਜੋ ਅੰਦਰਲੇ ਫਲ ਦੀ ਹਿਫ਼ਾਜ਼ਤ ਕਰਦੈ! ਛਿੱਲੜ ਨੂੰ ਫਲ ਨਾ ਬਣਾਉ; ਧਰਮ ਦੀ ਗਿਰੀ ਨੂੰ ਚੱਖੋ।”
ਇਸ ਮੌਕੇ ਲੇਖਕ ਰਵਿੰਦਰ ਸਹਿਰਾਅ ਨੇ ਕਿਹਾ ਕਿ ਅਸਲ ਵਿੱਚ ਕਿਸੇ ਵੀ ਨਾਟਕ, ਕਵਿੱਤਾ, ਕਹਾਣੀ ਜਾਂ ਲੇਖ ਦੀ ਕਰਾਮਾਤ ਹੀ ਇਹ ਹੁੰਦੀ ਹੈ ਕਿ ਉਹ ਤੁਹਾਨੂੰ ਆਪਣੇ ਨਾਲ ਤੋਰ ਲੈਂਦੀ ਹੈ। ਉਨ੍ਹਾਂ ਡਾ. ਆਤਮਜੀਤ ਦੀ ਤਾਰੀਫ ਵਿੱਚ ਕਿਹਾ ਕਿ ਸਾਡੇ ਧੰਨਭਾਗ ਹਨ ਕਿ ਇਹ ਸ਼ਿਕਾਗੋ ਵਿੱਚ ਰਹਿ ਕੇ ਜਾਂਦੇ ਹਨ ਅਤੇ ਇੱਥੇ ਮਹਿਫਿਲਾਂ ਲੱਗੀਆਂ ਰਹਿੰਦੀਆਂ ਹਨ ਤੇ ਦਰਸ਼ਕ ਪਿੱਛੇ ਜਿਹੇ ਇਨ੍ਹਾਂ ਵੱਲੋਂ ਖੇਡੇ ਨਾਟਕ ਦੇਖ ਹੀ ਚੁਕੇ ਹਨ। ਉਨ੍ਹਾਂ ਕਿਹਾ ਕਿ ਵੈਸੇ ਸ਼ਿਕਾਗੋ ਨੂੰ ਵਿੰਡੀਸਿਟੀ ਕਿਹਾ ਜਾਂਦਾ ਹੈ, ਪਰ ਡਾ. ਆਤਮਜੀਤ ਨੇ ਵਿੰਡੀਸਿਟੀ ਵਿੱਚ ਸਾਹਿਤ ਦੀਆਂ ਹਵਾਵਾਂ ਤੇਜ਼ ਕਰ ਦਿੱਤੀਆਂ ਹਨ।
ਇਸ ਮੌਕੇ ਹੋਏ ਸਵਾਲ-ਜਵਾਬ ਸੈਸ਼ਨ ਦੌਰਾਨ ਸਿਨਸਿਨੈਟੀ ਤੋਂ ਆਏ ਰਸ਼ਪਾਲ ਸਿੰਘ ਸਹੋਤਾ ਨੇ ਕਿਹਾ ਕਿ ਅਸੀਂ ਇਹ ਰੁਕਾਵਟ ਪਾ ਛੱਡੀ ਹੈ ਕਿ ਅਸੀਂ ਆਪਣੇ ਗੁਰੂਆਂ ਨੂੰ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਸਵਾਲ ਕੀਤਾ, ਤੁਸੀਂ (ਡਾ. ਆਤਮਜੀਤ) ਇਹ ਮਹਿਸੂਸ ਨਹੀਂ ਕੀਤਾ ਕਿ ਸਾਡੀ ਸੁਸਾਇਟੀ ਵਿੱਚ ਇਹ ਸਮੱਸਿਆ ਪੈਦਾ ਕੀਤੀ ਗਈ ਹੈ, ਜੋ ਅਸੀਂ ਨਾਨਕ ਪਾਤਰ ਨਹੀਂ ਬਣਾ ਸਕੇ?
ਡਾ. ਆਤਮਜੀਤ ਨੇ ਸਪਸ਼ਟ ਕੀਤਾ ਕਿ ਆਪਣੀ ਮਰਿਆਦਾ ਪਰੰਪਰਾ ਕਰ ਕੇ ਗੁਰੂ ਨਾਨਕ ਨੂੰ ਸਟੇਜ `ਤੇ ਨਹੀਂ ਲੈ ਕੇ ਆ ਸਕਦੇ। ਉਨ੍ਹਾਂ ਕਿਹਾ ਕਿ ਮੇਰਾ ਅਸਲ ਮਕਸਦ ਸੀ ਕਿ ਗੁਰੂ ਨਾਨਕ ਨੂੰ ਅਸੀਂ ਕਿੰਨਾ ਕੁ ਸਮਝ ਸਕੀਏ? ਉਨ੍ਹਾਂ ਕਿਹਾ ਕਿ ਮੈਨੂੰ ਪੂਰੇ ਇਤਿਹਾਸ ਵਿੱਚ ਬਾਬਾ ਨਾਨਕ ਅਜਿਹੇ ਸ਼ਖਸ ਲੱਗੇ ਹਨ, ਜਿਨ੍ਹਾਂ ਵਰਗਾ ਕੋਈ ਹੋਰ ਨਹੀਂ। ਗੁਰੂ ਨਾਨਕ ਰਿਜਨ ਅਤੇ ਰਿਲਿਜਨ ਤੋਂ ਉਤੇ ਹੈ; ਗੁਰੂ ਨਾਨਕ ਜਾਤ ਤੇ ਲਿੰਗ ਤੋਂ ਉਤੇ ਹੈ। ਸਭ ਤੋਂ ਕਮਾਲ ਦੀ ਗੱਲ, ਗੁਰੂ ਨਾਨਕ ਸੰਪਰਦਾਇ ਤੋਂ ਉਪਰ ਸਨ। ਦੂਜੀ ਗੱਲ, ਗੁਰੂ ਨਾਨਕ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ। ਉਨ੍ਹਾਂ ਦੀ ਜ਼ਿੰਦਗੀ ਨੂੰ ਪੜ੍ਹ ਕੇ ਸੱਚ ਤੁਹਾਡੇ ਅੰਦਰ ਆਪਣੇ ਆਪ ਉਤਰਨਾ/ਵਾਪਰਨਾ ਸ਼ੁਰੂ ਹੋ ਜਾਂਦਾ ਹੈ।
ਡਾ. ਇੰਦਰਬੀਰ ਸਿੰਘ ਗਿੱਲ ਨੇ ਰਸ਼ਪਾਲ ਸਿੰਘ ਸਹੋਤਾ ਦੀ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸੇ ਨਾਟਕ ਵਿੱਚ ਗੁਰੂ ਨਾਨਕ ਸਾਹਿਬ ਨੂੰ ਵਿਅਕਤੀਗਤ ਤੌਰ `ਤੇ ਹਾਜ਼ਰ ਨਹੀਂ ਕਰ ਸਕਦੇ, ਕਿਉਂਕਿ ਲੋਕ ਦੇਖ ਕੇ ਪੂਜਣ ਨਾ ਲੱਗ ਜਾਣ। ਹਾਲਾਂਕਿ ਅਸੀਂ ਬਾਬੇ ਨਾਨਕ ਦੀਆਂ ਮੂਰਤੀਆਂ ਬਣਾ ਕੇ ਧਰ ਲਈਆਂ ਹਨ ਤੇ ਪੰਜਾਬ ਵਿੱਚ ਤਾਂ ਪੂਜਾ ਵੀ ਹੋ ਰਹੀ ਹੈ। ਡਾ. ਇੰਦਰਬੀਰ ਸਿੰਘ ਗਿੱਲ ਨੇ ਆਪਣੇ ਵਿਚਾਰ ਪ੍ਰਗਟਾਏ ਕਿ ਅਸੀਂ ਕਿਸੇ ਅਕਾਰ ਦੇ ਪੁਜਾਰੀ ਨਹੀਂ ਹਾਂ, ਨਿਰੰਕਾਰ (ਬਾਬੇ ਨਾਨਕ ਨੂੰ ਨਿਰੰਕਾਰੀ ਕਿਹਾ ਜਾਂਦਾ ਹੈ) ਦੇ ਪੁਜਾਰੀ ਹਾਂ। ਉਨ੍ਹਾਂ ਕਿਹਾ ਕਿ ਬਹੁਤ ਸਾਡੀਆਂ ਚੀਜ਼ਾਂ ਸਾਡੇ ਵਿੱਚ ਆ ਗਈਆਂ ਹਨ, ਜਿਵੇਂ ਔਰਤਾਂ/ਮਰਾਸੀਆਂ ਨੂੰ (ਦਰਬਾਰ ਸਾਹਿਬ ਵਿੱਚ) ਕੀਰਤਨ ਕਰਨ ਦਾ ਹੱਕ ਨਹੀਂ। ਇਹ ਹਮੇਸ਼ਾ ਇਉਂ ਨਹੀਂ ਸੀ। ਜਦ ਗੋਰਿਆਂ ਨੇ, ਮਹੰਤਾਂ/ਨਿਰਮਲਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਕਬਜ਼ਾ ਕੀਤਾ, ਇਹ ਚੀਜ਼ਾਂ ਉਦੋਂ ਸਾਡੇ ਵਿੱਚ ਟੀਕਾ ਕੀਤੀਆਂ ਗਈਆਂ। ਬੀਬੀਆਂ ਨੇ ਬੱਚਿਆਂ ਤੇ ਟੱਬਰ ਦੀਆਂ ਜੜ੍ਹਾਂ ਬਣਾਉਂਦੀਆਂ ਹੁੰਦੀਆਂ ਹਨ; ਜੇ ਅਸੀਂ ਉਨ੍ਹਾਂ ਨੂੰ (ਕੀਰਤਨ ਕਰਨ ਤੋਂ) ਹਟਾ ਦਿਆਂਗੇ ਤਾਂ ਅੱਧਾ ਤਾਂ ਧੁਰਾ ਟੁੱਟ ਗਿਆ! ਦੂਜਾ ਕੀਰਤਨ ਕਰਨ ਵਾਲਿਆਂ ਦਾ ਪਰਿਵਾਰਕ ਕਿੱਤਾ ਸੀ, ਉਨ੍ਹਾਂ ਨੂੰ (ਆਪਣੇ ਨਾਲੋਂ) ਤੋੜ ਦਿੱਤਾ; ਜੋ ਅਸਲੀ ਰਬਾਬੀ ਕੀਰਤਨ ਸੀ, ਅਸੀਂ ਉਸ ਤੋਂ ਵੀ ਟੁੱਟ ਗਏ ਹਾਂ। ਹੁਣ ਕੀਰਤਨ ਇੱਕ ਵਪਾਰ ਬਣ ਗਿਆ ਹੈ।
ਇਨ੍ਹਾਂ ਵਿਚਾਰਾਂ ਦੇ ਜਵਾਬ ਵਿੱਚ ਡਾ. ਆਤਮਜੀਤ ਨੇ ਕਿਹਾ ਕਿ ਕਈ ਫੈਸਲੇ ਸਾਡੀ ਕਮਿਊਨਿਟੀ ਤੱਤ-ਭੜੱਤ ਵਿੱਚ ਲੈ ਲੈਂਦੀ ਹੈ। ਉਨ੍ਹਾਂ ਇੱਕ ਗੋਰੇ ਫਿਲਾਸਫਰ, ਜਿਸ ਨੇ ਮਰਾਸੀਆਂ ਉਤੇ ਪੀਐਚ.ਡੀ. ਕੀਤੀ, ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਲਾਹੌਰ ਵਿੱਚ ਬਹਿ ਕੇ ਮਰਾਸੀਆਂ ਨਾਲ ਗੱਲਬਾਤ ਕੀਤੀ ਅਤੇ ਲਿਖਿਆ ਕਿ ਭਾਈ ਚਾਂਦ ਤੇ ਭਾਈ ਲਾਲ ਦਾ ਪਰਿਵਾਰ ਤੇ ਬਾਕੀ ਲੋਕ ਕਿੱਦਾਂ ਰੁਲ਼ੇ? ਕੁਝ ਲੋਕ (ਮਰਾਸੀ) ਫਿਲਮਾਂ ਵਿੱਚ ਚਲੇ ਗਏ, ਪਰ ਜਿਨ੍ਹਾਂ ਨੂੰ ਸਿਰਫ ਕੀਰਤਨ ਕਰਨਾ ਹੀ ਆਉਂਦਾ ਸੀ, ਉਹ ਹੋਰ ਕੁਝ ਕਰ ਹੀ ਨਾ ਸਕੇ। ਇਹ ਸਾਰਾ ਦਬਾਅ 1947 ਦਾ ਹੈ, ਉਸ ਤੋਂ ਪਹਿਲਾਂ ਇਹ ਦਰਬਾਰ ਸਾਹਿਬ ਤੇ ਗੁਰਦੁਆਰਿਆਂ ਵਿੱਚ ਕੀਰਤਨ ਕਰਦੇ ਰਹੇ ਹਨ।
ਗੁਰਦੁਆਰਾ ਪੈਲਾਟਾਈਨ ਦੇ ਸਾਬਕਾ ਪ੍ਰਧਾਨ ਪ੍ਰੋ. ਕੁਲਵੰਤ ਸਿੰਘ ਹੁੰਦਲ ਨੇ ਕਿਹਾ ਕਿ ਕਈ ਵਾਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਾਨਕ ਜੀ ਆਏ, ਦਸ ਜੋਤਾਂ (ਗੁਰੂ ਸਾਹਿਬਾਨ) ਆਏ, ਪੈਗੰਬਰ ਵੀ ਆਏ, ਰਾਮ ਚੰਦਰ ਜੀ, ਕ੍ਰਿਸ਼ਨ ਜੀ, ਬੁੱਧ ਜੀ ਆਏ; ਪਰ ਤਾਣੀ ਸਿੱਧੀ ਕਿਉਂ ਨਹੀਂ ਹੁੰਦੀ? ਇਸ ਸਵਾਲ ਦੇ ਜਵਾਬ ਵਿੱਚ ਡਾ. ਆਤਮਜੀਤ ਨੇ ਕਿਹਾ ਕਿ ਜ਼ਿੰਦਗੀ ਵਿੱਚ ਵਿਕਾਰ ਆਉਣੇ ਹੀ ਆਉਣੇ ਹਨ, ਇਹ ਪ੍ਰੋਸੈਸ ਹੈ ਜੋ ਚੱਲਦਾ ਰਹਿਣਾ ਹੈ। ਧਰਮ ਦੇ ਖੇਤਰ ਤੋਂ ਬਾਹਰ ਚਾਲੇ ਜਾਓ, ਇੱਕ ਰਾਏ ਹਰ ਥਾਂ ਨਹੀਂ ਹੋ ਸਕਦੀ; ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਲੀਹ ਨੂੰ ਨਾ ਛੱਡੀਏ।
ਗੁਰਦੁਆਰਾ ਵ੍ਹੀਟਨ ਦੇ ਹੈੱਡ ਗ੍ਰੰਥੀ ਭਾਈ ਮਹਿੰਦਰ ਸਿੰਘ ਨੇ ਡਾ. ਆਤਮਜੀਤ ਵੱਲੋਂ ਇਸ ਨਾਟਕੀ ਪਾਠ ਵਿੱਚ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਦੇਣ ਦੀ ਤਾਰੀਫ ਕੀਤੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਦੀ ਬਾਣੀ ਪੜ੍ਹੀ ਵੀ ਜਾਂਦੀ ਹੈ ਤੇ ਗਾਈ ਵੀ ਜਾਂਦੀ ਹੈ, ਪਰ ਅਸੀਂ ਉਸ ਨੂੰ ਸਮਝਣ ਦਾ ਯਤਨ ਨਹੀਂ ਕਰਦੇ।
ਸਾਜਿਦ ਚੌਧਰੀ ਨੇ ਆਪਣੇ ਵਿਚਾਰ ਪ੍ਰਗਟਾਏ ਕਿ ਜਿਵੇਂ ਸਾਰਿਆਂ ਦੇ ਆਪੋ ਆਪਣੇ ਅਕੀਦੇ ਹਨ, ਵੱਡੀ ਸਮੱਸਿਆ ਇਹ ਹੈ ਕਿ ਹਰ ਕੋਈ ਆਪੋ-ਆਪਣੇ ਪਰਿਵਾਰ, ਰਿਸ਼ਤਿਆਂ ਦੇ ਮੋਹ, ਆਪਣੀਆਂ ਲੋੜਾਂ ਦੇ ਜਾਲ਼ ਵਿੱਚ ਜਕੜਿਆ ਹੋਇਆ ਹੈ, ਪਰ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਬਾਬਾ ਜੀ (ਗੁਰੂ ਨਾਨਕ) ਅਤੇ ਹੋਰ ਸੂਫੀ ਸੰਤਾਂ ਨੇ ਲੋਕਾਈ ਨੂੰ ਇਨ੍ਹਾਂ ਜਾਲ਼ਾਂ ਦੀ ਜਕੜ ਵਿੱਚੋਂ ਨਿਕਲਣ ਦਾ ਹੋਕਾ ਦਿੱਤਾ।
ਜਨਾਬ ਇਜਾਜ਼ ਭੱਟੀ ਨੇ ਡਾ. ਆਤਮਜੀਤ ਦੇ ਨਾਟਕੀ ਪਾਠ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਗੁਰੂ ਨਾਨਕ ਸਾਹਿਬ ਦੀ ਸਿਫਤ ਸਾਲਾਹ ਵਿੱਚ ਸਰ ਮੁਹੰਮਦ ਇਕਬਾਲ ਦਾ ਸ਼ੇਅਰ ਸਾਂਝਾ ਕੀਤਾ, “ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਏਕ ਮਰਦ-ਏ-ਕਾਮਿਲ ਨੇ ਜਗਾਇਆ ਖਵਾਬ ਸੇ।” ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਤੌਹੀਦ ਮਿਲਾਉਣ ਦੀ ਸੀ ਅਤੇ ਸਾਨੂੰ ਵੀ ਗੁਰੂ ਸਾਹਿਬ ਵੱਲੋਂ ਦਰਸਾਈਆਂ ਉਚ ਕਦਰਾਂ-ਕੀਮਤਾਂ/ਇਨਸਾਨੀਅਤ ਨੂੰ ਅਪਨਾਉਣ ਅਤੇ ਪ੍ਰੋਮੋਟ ਕਰਨ ਦੀ ਲੋੜ ਹੈ।
ਸਰਵਣ ਸਿੰਘ ਬੋਲੀਨਾ ਨੇ ਡਾ. ਆਤਮਜੀਤ ਨੂੰ ਸਬੰਧਿਤ ਹੁੰਦਿਆਂ ਕਿਹਾ ਕਿ ਜਿਹੜੇ ਤੁਸੀਂ ਸਵਾਲ ਉਠਾਏ ਹਨ, ਉਨ੍ਹਾਂ ਬਾਰੇ ਗੁਰਦੁਆਰਿਆਂ ਵਿੱਚ ਕੰਮ ਹੋ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਕੀ ਕੋਈ ਅਜਿਹਾ ਸਿਸਟਮ ਬਣ ਸਕਦਾ ਹੈ- ਸਾਡੇ ਵਿੱਚ ਜੋ ਕਮੀਆਂ ਹਨ, ਇਹ ਕਿਉਂ ਨਹੀਂ ਦੂਰ ਹੋ ਰਹੀਆਂ, ਦੀ ਜਵਾਬਦੇਹੀ ਕਰ ਸਕੇ? ਇਸ `ਤੇ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਕੁਝ ਗੁਰੂਘਰਾਂ ਵਿੱਚ ਇਹ ਕਮੀਆਂ ਦੂਰ ਹੋ ਰਹੀਆਂ ਹਨ, ਪਰ ਸਾਨੂੰ ਆਪ ਵੀ ਗੁਰਬਾਣੀ ਪੜ੍ਹਨ ਤੇ ਪ੍ਰਚਾਰਨ ਦੇ ਰਾਹ ਤੁਰਨ ਦੀ ਲੋੜ ਹੈ।
ਰੋਜ਼ੀ ਧਾਲੀਵਾਲ ਨੇ ਕਿਹਾ ਕਿ ਆਪਾਂ ਨੂੰ ਇਨਸਾਨੀਅਤ ਵਿੱਚ ਉਪਰ ਉਠਣ ਦੀ ਲੋੜ ਹੈ, ਪਰ ਆਪਾਂ ਇਨਸਾਨ ਇਸ ਤਰ੍ਹਾਂ ਦੇ ਹਾਂ ਕਿ ਪਹਿਰਾਵੇ ਜਾਂ ਭੇਸਭੂਸਾ ਤੋਂ ਕਿਸੇ ਬਾਰੇ ਅੰਦਾਜ਼ੇ ਲਾ ਲੈਂਦੇ ਹਾਂ; ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਉਹ ਅਸਲ ਵਿੱਚ ਚੰਗੇ ਜਾਂ ਭਲਾਈ ਵਾਲੇ ਕੰਮ ਵੀ ਕਰਦੇ ਹਨ। ਗੁਰਦੁਆਰਾ ਪੈਲਾਟਾਈਨ ਦੇ ਸਾਬਕਾ ਪ੍ਰਧਾਨ ਡਾ. ਪਰਦੀਪ ਸਿੰਘ ਗਿੱਲ, ਭੁਪਿੰਦਰ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਮੱਕੜ ਅਤੇ ਹੋਰਨਾਂ ਨੇ ਵੀ ਆਪਣੇ ਸੰਖੇਪ ਵਿਚਾਰ ਪ੍ਰਗਟਾਏ।
ਇਸੇ ਦੌਰਾਨ ਸ. ਅਮਰਦੇਵ ਸਿੰਘ ਬੰਦੇਸ਼ਾ ਨੇ ‘ਪੰਜਾਬੀ ਪਰਵਾਜ਼’ ਨੂੰ ਭੇਜੇ ਇੱਕ ਬਿਆਨ ਵਿੱਚ ਕਿਹਾ ਕਿ ਡਾ. ਆਤਮਜੀਤ ਦੀ ਨਾਟਕ ਪਾਠ ਦੀ ਪੇਸ਼ਕਾਰੀ ਨੇ ਸਰੋਤਿਆਂ ਨੂੰ ਇਤਿਹਾਸਕ ਪਿਛੋਕੜ ਦੀਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਝਲਕੀਆਂ ਦਾ ਇੱਕ ਤਰ੍ਹਾਂ ਨਾਲ ਫਿਲਮੀਕਰਨ ਕਰਕੇ ਕੀਲਿਆ ਕਿ ਸਾਰੇ ਪਾਤਰ ਜੀਵਤ ਦਿਸਣ ਲੱਗ ਪਏ। ਪਾਤਰਾਂ ਮੂੰਹੋਂ ਕਹਾਵਤਾਂ ਅਤੇ ਮੁਹਾਵਰੇ ਬੁਲਾ ਕੇ ਬੋਲੀ ਦੀ ਅਮੀਰੀ ਨੂੰ ਦਰਸਾਇਆ ਗਿਆ। ਸ. ਬੰਦੇਸ਼ਾ ਨੇ ਕਿਹਾ ਕਿ ਬਾਬਾ ਨਾਨਕ ਜੀ ਨਾਲ ‘ਦੇਵ’ ਜੋੜਨਾ ਅਤੇ ਮਨਘੜ੍ਹਤ ਪਾਤਰ ਬਾਲੇ ਨੂੰ ਇਸ ਨਾਟਕ ਰਾਹੀਂ ਪੇਸ਼ ਕਰਨਾ ਇਤਰਾਜ਼ਯੋਗ ਹੈ। ਨਾਟਕ ਦੇ ਅਖੀਰ ਵਿੱਚ ਦਰਸਾਈਆਂ ਤਿੰਨ ਕੁਰੀਤੀਆਂ ਨੇ ਫਿਰ ਸਿੱਖੀ ਵਿੱਚ ਆਏ ਨਿਘਾਰ ਨੂੰ ਵੰਗਾਰਦਿਆਂ ਸੋਚਣ ਲਈ ਝੰਜੋੜਿਆ ਹੈ।
ਇਹ ਪ੍ਰੋਗਰਾਮ ਗਲੋਬਲ ਪੰਜਾਬੀ ਮਿਲਾਪ ਵੱਲੋਂ ਠਾਕਰ ਸਿੰਘ ਬਸਾਤੀ, ਸਾਜਿਦ ਚੌਧਰੀ ਅਤੇ ਰਵਿੰਦਰ ਸਹਿਰਾਅ ਨੇ ਸਾਂਝੇ ਯਤਨਾਂ ਨਾਲ ਕਰਵਾਇਆ ਗਿਆ। ਮਹਿਮਾਨਾਂ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਸੀ, ਜਿਸ ਦੀ ਸੇਵਾ ਅਮਰੀਕ ਸਿੰਘ ਸ਼ਿਕਾਗੋ (ਅਮਰ ਕਾਰਪੈਟਸ) ਵੱਲੋਂ ਕੀਤੀ ਗਈ। ਡਾ. ਆਤਮਜੀਤ ਲਈ ਤੋਹਫਾ ਅਤੇ ਮਾਇਕ ਮਦਦ ਰਵਿੰਦਰ ਸਹਿਰਾਅ ਵੱਲੋਂ ਭੇਟ ਕੀਤੀ ਗਈ। ਪਿੱਠਵਰਤੀ ਸੰਗੀਤ ਅਕਾਸ਼ ਨੇ ਦਿੱਤਾ। ਠਾਕਰ ਸਿੰਘ ਬਸਾਤੀ ਨੇ ਪ੍ਰੋਗਰਾਮ ਲਈ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅਜਿਹਾ ਪ੍ਰੋਗਰਾਮ ਕਿਸੇ ਗੁਰਦੁਆਰਾ ਸਾਹਿਬ ਕਰਨ ਲਈ ਡਾ. ਆਤਮਜੀਤ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਵਣ ਸਿੰਘ ਰਾਜੂ ਨੇ ਪੱਲਿਓਂ ਪੈਸੇ ਲਾ ਕੇ ਸਿੱਖੀ ਨਾਲ ਸਬੰਧਤ ਪੋਸਟਰ ਤਿਆਰ ਕਰਵਾਏ ਹਨ, ਜੋ ਇਸ ਪ੍ਰੋਗਰਾਮ ਦੌਰਾਨ ਵੀ ਰੱਖੇ ਗਏ, ਜਿਨ੍ਹਾਂ ਉਤੇ ਵੱਖ-ਵੱਖ ਗੈਰ-ਸਿੱਖ ਚਿੰਤਕਾਂ ਦੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਸਬੰਧੀ ਟਿੱਪਣੀਆਂ ਸਨ।

Leave a Reply

Your email address will not be published. Required fields are marked *