ਮਾਤ ਭਾਸ਼ਾ ਦਿਵਸ `ਤੇ ਵਿਸ਼ੇਸ਼
*ਪੰਜਾਬ ਦੀ ਭਾਸ਼ਾ ਤੇ ਸੱਭਿਅਤਾ ਅਮੀਰ ਵਿਰਸੇ ਦੀ ਮਾਲਕ ਹੈ
*ਗੁਰੂ ਗ੍ਰੰਥ ਸਾਹਿਬ ਪੰਜਾਬ ਦੀ ਬੌਧਿਕ ਪਰੰਪਰਾ ਦੀ ਸਿਖਰ
ਪਰਮਜੀਤ ਸਿੰਘ ਢੀਂਗਰਾ
ਫੋਨ: +91-9417358120
ਭੂਗੋਲਿਕ ਤੌਰ ਉਤੇ ਪੰਜਾਬ ਦੀਆਂ ਹੱਦਾਂ ਲਗਾਤਾਰ ਬਦਲਦੀਆਂ ਰਹੀਆਂ ਹਨ, ਪਰ ਹੱਦਾਂ ਦੇ ਬਦਲਣ ਨਾਲ ਭਾਸ਼ਾ ਤੇ ਬੌਧਿਕ ਪਰੰਪਰਾਵਾਂ ਨਹੀਂ ਬਦਲਦੀਆਂ, ਜਿੰਨੀ ਦੇਰ ਤੱਕ ਉਨ੍ਹਾਂ ਪ੍ਰਤੀ ਹੀਣਤਾ ਵਾਲੀ ਦ੍ਰਿਸ਼ਟੀ ਨਾ ਅਪਨਾਈ ਜਾਵੇ। ਪੰਜਾਬ ਦੀ ਪ੍ਰਾਚੀਨ ਹੜੱਪਾ ਸੱਭਿਅਤਾ ਸਾਡੀ ਮੁੱਢਲੀ ਗਿਆਨ ਪਰੰਪਰਾ ਹੈ। ਇਹਨੂੰ ਦ੍ਰਾਵੜਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਜੋ ਇੱਥੋਂ ਦੇ ਮੂਲ ਨਿਵਾਸੀ ਸਨ। ਬਲੋਚਿਸਤਾਨ ਵਿੱਚ ਬਰਾਹੁਈ ਲੋਕਾਂ ਦੀ ਬੋਲੀ ਵਿੱਚ ਅੱਜ ਵੀ ਦ੍ਰਾਵੜੀ ਪ੍ਰਭਾਵ ਮਿਲਦਾ ਹੈ। ਪੰਜਾਬੀ ਵਿੱਚ ਕਣਕ ਸ਼ਬਦ ਉਸ ਜਾਤੀ ਦੀ ਬੋਲੀ ਵਿੱਚੋਂ ਆਇਆ ਹੈ। ਇਸੇ ਤਰ੍ਹਾਂ ਘੋੜਾ, ਮੋਰ, ਨੀਰ, ਤੁੰਬਾ ਵਰਗੇ ਸ਼ਬਦ ਦ੍ਰਾਵੜੀ ਭਾਸ਼ਾ ਦੀ ਦੇਣ ਹਨ।
ਡਾ. ਜਸਪਾਲ ਸਿੰਘ ਨੇ ਹੜੱਪਾ ਬਾਰੇ ਖੋਜ ਕਰਕੇ ਸਪਸ਼ਟ ਕੀਤਾ ਹੈ ਕਿ ਇਹ ਪੰਜਾਬ ਦੀ ਪ੍ਰਾਚੀਨ ਸਭਿਅਤਾ ਹੈ ਤੇ ਇਹਦੀ ਬੋਲੀ ਉਸ ਵੇਲੇ ਦੀ ਪੰਜਾਬੀ ਸੀ। ਇਸ ਲਈ ਪੰਜਾਬੀ 5500 ਵਰ੍ਹੇ ਪੁਰਾਣੀ ਬੋਲੀ ਹੈ ਤੇ ਇਹਦੀਆਂ ਗਿਆਨ ਪਰੰਪਰਾਵਾਂ ਇਸ ਸੱਭਿਅਤਾ ਤੋਂ ਅਰੰਭ ਹੁੰਦੀਆਂ ਹਨ। ਉਨ੍ਹਾਂ ਦੇ ਕੱਢੇ ਗਏ ਸਿੱਟੇ ਦਿਲਚਸਪ ਹਨ- ਹੜੱਪਾ ਦੇ ਲੋਕ ਸ਼ਾਂਤੀ ਪਸੰਦ ਸਨ ਤੇ ਉਨ੍ਹਾਂ ਕੋਲ ਕਿਸੇ ਪ੍ਰਕਾਰ ਦੀ ਫੌਜੀ ਤਾਕਤ ਨਹੀਂ ਸੀ। ਨਾ ਤਾਂ ਉਨ੍ਹਾਂ ਦਾ ਕੋਈ ਰਾਜਾ ਸੀ ਤੇ ਨਾ ਹੀ ਵੱਡੀਆਂ ਵੱਡੀਆਂ ਇਮਾਰਤਾਂ ਸਨ। ਉਥੋਂ ਮਿਲੇ ਪਿੰਜਰ ਅੱਜ ਦੇ ਪੰਜਾਬ ਦੇ ਲੋਕਾਂ ਦੇ ਜੁਸਿਆਂ ਨਾਲ ਮੇਲ ਖਾਂਦੇ ਹਨ। ਉਹ ਲੋਕ ਜ਼ਰੂਰ ਕੋਈ ਭਾਸ਼ਾ ਬੋਲਦੇ ਸਨ, ਜੋ ਪੰਜਾਬੀ ਦੇ ਨੇੜਲੀ ਸੀ। ਹੜੱਪਾ ਵਾਸੀਆਂ ਕੋਲ ਲਿਖਣ ਕਲਾ ਸੀ। ਉਨ੍ਹਾਂ ਦੇ ਇਹ ਦਸਤਾਵੇਜ਼ ਦੁਨੀਆ ਵਿੱਚ ਸਭ ਤੋਂ ਪ੍ਰਾਚੀਨ ਹਨ। ਇਹ ਮਿਸਰ ਤੇ ਮੈਸੋਪੋਟੇਮੀਆ ਤੋਂ ਵੀ ਪੁਰਾਣੇ ਹਨ। ਇੱਥੋਂ ਦੇ ਨਿਵਾਸੀ ਬਿਨਾ ਕਿਸੇ ਬਾਹਰੀ ਦਬਾਅ ਦੇ ਵਸਦੇ ਸਨ। ਇਹ ਲੋਕ ਖੇਤੀਬਾੜੀ, ਕੰਮ ਧੰਦਿਆਂ, ਸ਼ਿਲਪ ਤੇ ਉਤਪਾਦਨ ਵਿੱਚ ਮਾਹਿਰ ਸਨ। ਇਸ ਤਰ੍ਹਾਂ ਸਪਸ਼ਟ ਹੈ ਕਿ ਪੰਜਾਬ ਦੀ ਭਾਸ਼ਾ ਤੇ ਸੱਭਿਅਤਾ ਅਮੀਰ ਵਿਰਸੇ ਦੀ ਮਾਲਕ ਹੈ। ਇਸ ਸੱਭਿਅਤਾ ਦੇ ਨਸ਼ਟ ਹੋਣ ਦਾ ਕਾਰਨ ਦਰਿਆ ਰਾਵੀ ਦਾ ਮੁਹਾਣਾ ਬਦਲਣ ਜਾਂ ਫਿਰ ਬਿਮਾਰੀਆਂ ਤੇ ਕੁਦਰਤੀ ਆਫਤਾਂ ਹੋ ਸਕਦੀਆਂ ਹਨ।
ਮਹਾਂਭਾਰਤ ਵਿੱਚ ਮਦਰ ਦੇਸ਼ ਦਾ ਜ਼ਿਕਰ ਮਿਲਦਾ ਹੈ ਤੇ ਇੱਥੋਂ ਦੇ ਲੋਕਾਂ ਨੂੰ ਵਾਹੀਕ ਕਿਹਾ ਜਾਂਦਾ ਸੀ, ਜਿਸਦਾ ਸੰਬੰਧ ਬਲਖ ਦੇ ਪੁਰਾਣੇ ਨਾਂ ਬਾਹਲੀਕ ਨਾਲ ਹੈ। ਇਹ ਬਾਹਲੀਕ ਕਿਸੇ ਸਮੇਂ ਪੰਜਾਬ ਦੇ ਵਾਸੀ ਸਨ। ਮਦਰ ਪੁਰਾਤਨ ਪੰਜਾਬ ਦਾ ਇੱਕ ਨਾਂ ਹੈ। ਹੜੱਪਾ ਵਿੱਚੋਂ 3000 ਸਿੱਕੇ ਤੇ ਮੋਹਰਾਂ ਮਿਲੀਆਂ ਹਨ। ਇਨ੍ਹਾਂ ਉਪਰ ਲਿਖੀ ਲਿਪੀ ਭਾਵੇਂ ਅਜੇ ਤੱਕ ਪੜ੍ਹੀ ਨਹੀਂ ਗਈ, ਪਰ ਇਹਦਾ ਅਰਥ ਹੈ ਕਿ ਪੰਜਾਬ ਦੇ ਹੜੱਪਾ ਵਾਸੀਆਂ ਕੋਲ ਲਿਖਣ ਕਲਾ ਸੀ। ਹੋ ਸਕਦੈ ਉਨ੍ਹਾਂ ਕੋਲੋਂ ਲਿਪੀ ਮਿਸਰੀਆਂ ਕੋਲ ਗਈ ਹੋਵੇ। ਇਸ ਸੱਭਿਅਤਾ ਕੋਲ ਕਲਾ, ਲਿਪੀ, ਜੜ੍ਹੀਆਂ ਬੂਟੀਆਂ, ਭਵਨ ਨਿਰਮਾਣ, ਨਾਲੀਆਂ, ਸੜਕਾਂ, ਗਲੀਆਂ, ਗੁਸਲਖਾਨੇ, ਬੈਲ ਗੱਡੀਆਂ, ਕਾਂਸੀ ਵਰਗੀਆਂ ਧਾਤਾਂ ਤੇ ਮਿੱਟੀ ਦੀ ਹਸਤਕਲਾ ਦੇ ਲੋਕ ਗਿਆਨ ਦਾ ਖਜ਼ਾਨਾ ਸੀ।
ਪੰਜਾਬ ਦੀ ਅਗਲੀ ਬੌਧਿਕ ਪਰੰਪਰਾ ਰਿਗਵੇਦ ਤੋਂ ਮੰਨੀ ਜਾਂਦੀ ਹੈ। ਇਸਦੀ ਰਚਨਾ ਇੱਕ ਕਾਲ ਵਿੱਚ ਨਹੀਂ ਸਗੋਂ ਲੰਮੇ ਅੰਤਰਾਲ ਵਿੱਚ ਹੋਈ ਹੈ। ਇਹ ਉਹ ਸਮੇਂ ਸਨ, ਜਦੋਂ ਇੱਕ ਤਾਂ ਬੌਧਿਕ ਤੌਰ `ਤੇ ਮਨੁੱਖ ਏਨਾ ਵਿਕਸਤ ਨਹੀਂ ਸੀ ਹੋਇਆ ਕਿ ਉਹ ਤਰਕ ਨਾਲ ਕਿਸੇ ਸਥਿਤੀ, ਵਰਤਾਰੇ ਜਾਂ ਸਮਕਾਲ ਦਾ ਲੇਖਾ-ਜੋਖਾ ਕਰ ਸਕੇ। ਇਸ ਲਈ ਇਸ ਵਿਚਲੇ ਵਰਤਾਰੇ ਕਿਸੇ ਇਤਿਹਾਸਕ ਸਥਿਤੀ ਜਾਂ ਪਿਛੋਕੜ ਨਾਲ ਜੁੜਨ ਦੀ ਬਜਾਏ ਮਿੱਥਾਂ ਤੇ ਕੁਦਰਤੀ ਵਰਤਾਰਿਆਂ ਨੂੰ ਕਾਲਪਨਿਕ ਸੰਸਾਰ ਵਿੱਚ ਚਿੱਤਰ ਕੇ ਮਨੁੱਖ ਨੂੰ ਅਦਭੁੱਦਤਾ ਦੇ ਸੰਸਾਰ ਵਿੱਚ ਲੈ ਜਾਂਦੇ ਹਨ, ਜਿੱਥੇ ਤਰਕ/ਵਿਤਰਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।
ਦੂਜਾ, ਉਦੋਂ ਅਜੇ ਲਿਖਣ ਕਲਾ ਹੋਂਦ ਵਿੱਚ ਨਹੀਂ ਸੀ ਆਈ। ਇਹ ਸਾਰੇ ਬਿਰਤਾਂਤ ਮੌਖਿਕ ਪਰੰਪਰਾ ਵਿੱਚ ਅੱਗੇ ਤੁਰਦੇ ਹਨ। ਮੌਖਿਕਤਾ ਕਦੇ ਵੀ ਸੌ ਫੀਸਦੀ ਭਰੋਸੇਯੋਗ ਨਹੀਂ ਹੁੰਦੀ। ਇਹ ਲਗਪਗ 8ਵੀਂ-9ਵੀਂ ਸਦੀ ਵਿੱਚ ਆ ਕੇ ਸਾਡੇ ਕੋਲ ਪ੍ਰਮਾਣਿਕ ਹੁੰਦੇ ਹਨ ਤੇ ਚੌਧਵੀਂ ਸਦੀ ਵਿੱਚ ਆ ਕੇ ਲਿਖਤੀ ਰੂਪ ਵਿੱਚ ਪ੍ਰਗਟ ਹੁੰਦੇ ਹਨ। ਇਨ੍ਹਾਂ ਦਾ ਦਸਤਾਵੇਜ਼ੀਕਰਨ ਸੰਸਕ੍ਰਿਤ ਵਿੱਚ ਮਿਲਦਾ ਹੈ, ਜਦ ਕਿ ਵੇਦਾਂ ਦੀ ਅਸਲ ਭਾਸ਼ਾ ਵੇਦਿਕ ਹੈ, ਜੋ ਸੰਸਕ੍ਰਿਤ ਨਾਲੋਂ ਕਾਫੀ ਭਿੰਨ ਹੈ।
ਇਹ ਕਿਹਾ ਜਾਂਦਾ ਹੈ ਕਿ ਖਾਸ ਤੌਰ ਉਤੇ ਰਿਗਵੇਦ ਦੀ ਰਚਨਾ ਪੰਜਾਬ ਵਿੱਚ ਹੋਈ; ਉਸ ਵੇਲੇ ਜੇ ਇਹ ਸਥਾਨਕ ਵਸੋਂ ਨੂੰ ਸੰਬੋਧਤ ਸੀ ਤਾਂ ਇਹਦੀ ਭਾਸ਼ਾ ਸਥਾਨਕ ਹੋਣੀ ਚਾਹੀਦੀ ਸੀ। ਜੇ ਇਹ ਕਿਸੇ ਖਾਸ ਉਚ ਵਰਗ ਲਈ ਰਚੇ ਗਏ ਤਾਂ ਆਮ ਲੋਕਾਂ ਲਈ ਇਹਦਾ ਮਹੱਤਵ ਦੁਜੈਲਾ ਹੋ ਜਾਂਦਾ ਹੈ। ਗਿਆਨ ਪਰੰਪਰਾ ਵਿੱਚ ਸੰਸਕ੍ਰਿਤ ਆਮ ਲੋਕਾਂ, ਸ਼ੂਦਰਾਂ ਤੇ ਔਰਤਾਂ ਨੂੰ ਬੋਲਣ ਦੀ ਮਨਾਹੀ ਸੀ। ਇਹਦਾ ਅਰਥ ਹੋਇਆ ਕਿ ਆਮ ਲੋਕਾਂ ਦੀ ਭਾਸ਼ਾ ਕੋਈ ਵੱਖਰੀ ਬੋਲੀ ਸੀ। ਜੇ ਬੋਲੀ ਸੀ ਤਾਂ ਉਹਦੇ ਕੋਲ ਆਪਣੀ ਗਿਆਨ ਪਰੰਪਰਾ ਜ਼ਰੂਰ ਹੋਵੇਗੀ। ਪੰਜਾਬ ਦੇ ਪ੍ਰਚੀਨ ਇਤਿਹਾਸ ਵਿੱਚੋਂ ਇਸਨੂੰ ਗਾਇਬ ਕਰ ਦਿੱਤਾ ਗਿਆ ਹੈ।
ਵੇਦਾਂ ਤੋਂ ਵੀ ਪ੍ਰਾਚੀਨ ਬੁੱਧ ਦਾ ਫਲਸਫਾ ਹੈ, ਜੋ ਪਾਲੀ ਜ਼ਬਾਨ ਵਿੱਚ ਹੈ। ਪਾਲੀ ਨੂੰ ਵਰਤਣ `ਤੇ ਕੋਈ ਪਾਬੰਦੀ ਨਹੀਂ ਸੀ। ਇਹਦਾ ਮਤਲਬ ਹੈ ਕਿ ਪਾਲੀ ਆਮ ਲੋਕਾਂ ਦੀ ਜ਼ਬਾਨ ਸੀ। ਮਹਾਰਾਜਾ ਅਸ਼ੋਕ ਦੇ ਸਮੇਂ ਪਾਲੀ ਕੋਲ ਖਰੋਸ਼ਟੀ ਲਿਪੀ ਸੀ, ਜਿਸ ਵਿੱਚ ਬੁੱਧ ਦਾ ਫਲਸਫਾ ਮਿਲਦਾ ਹੈ। ਬੁੱਧ ਦਾ ਫਲਸਫਾ ਜ਼ਿੰਦਗੀ ਤੇ ਯਥਾਰਥ ਨਾਲ ਜੁੜਿਆ ਨਜ਼ਰ ਆਉਂਦਾ ਹੈ। ਬੁੱਧ ਹੋਣ ਦਾ ਮਤਲਬ ਹੈ- ਆਪਣੇ ਆਪ ਨੂੰ ਸਮਝਣਾ। ਇਹ ਸਮਝ ਮਨੁੱਖ ਨੂੰ ਬੁੱਧ ਬਣਾ ਦਿੰਦੀ ਹੈ। ਇਸ ਤਰ੍ਹਾਂ ਪੰਜਾਬ ਦੀ ਬੌਧਿਕ ਪਰੰਪਰਾ ਬੁੱਧ ਦੇ ਫਲਸਫੇ ਦੇ ਵਧੇਰੇ ਨੇੜੇ ਹੈ।
ਪ੍ਰਾਚੀਨ ਕਾਲ ਤੋਂ ਪੰਜਾਬ ਬੌਧਿਕਤਾ ਦਾ ਕੇਂਦਰ ਰਿਹਾ ਹੈ। ਕੌਸ਼ਤਿਕ ਬ੍ਰਾਹਮਣ ਵਿੱਚ ਵੀ ਆਉਂਦਾ ਹੈ ਕਿ ਪੰਜਾਬ ਕਿਸੇ ਸਮੇਂ ਗਿਆਨ ਦਾ ਕੇਂਦਰ ਸੀ ਤੇ ਦੂਰੋਂ ਦੂਰੋਂ ਲੋਕ ਇੱਥੇ ਗਿਆਨ ਪ੍ਰਾਪਤੀ ਲਈ ਆਉਂਦੇ ਸਨ। ਜਦੋਂ ਉਹ ਵਾਪਸ ਜਾਂਦੇ ਸਨ ਤਾਂ ਲੋਕ ਉਤਸੁਕਤਾ ਨਾਲ ਉਨ੍ਹਾਂ ਨੂੰ ਸੁਣਨਾ ਚਾਹੁੰਦੇ ਸਨ। ਉਦੋਂ ਇਹਦਾ ਨਾਂ ਉਦੀਚਯ ਪ੍ਰਦੇਸ਼ ਭਾਵ ਉੱਚਾ ਸਥਾਨ ਸੀ। ਇਹ ਭੂਗੋਲਿਕਤਾ ਤੇ ਗਿਆਨ ਦੋਹਾਂ ਵਿੱਚ ਉਚਾ ਸੀ। ਇਹਦਾ ਅਰਥ ਹੈ ਕਿ ਲੋਕਾਂ ਕੋਲ ਆਪਣੀ ਜ਼ਬਾਨ ਸੀ, ਜੋ ਕਲਾਸੀਕਲ ਜ਼ਬਾਨਾਂ ਤੋਂ ਵੱਖਰੀ ਸੀ। ਇਹ ਲੋਕਾਂ ਦੇ ਸੱਭਿਆਚਾਰ ਤੇ ਜ਼ਿੰਦਗੀ ਦੇ ਸਰੋਕਾਰਾਂ ਦੀ ਜ਼ਬਾਨ ਸੀ। ਯੂਨਾਨੀ ਵਿਦਵਾਨਾਂ ਦਾ ਮੱਤ ਹੈ ਕਿ ਪੰਜਾਬ ਦੀ ਬੋਲੀ ਨੇ ਪ੍ਰਾਚੀਨ ਆਰੀਆ ਭਾਸ਼ਾ ਦੇ ਗੁਣਾਂ ਨੂੰ ਵਿਸ਼ੇਸ਼ ਤੌਰ ਉੱਤੇ ਸੰਭਾਲਿਆ ਹੋਇਆ ਹੈ। ਇਹ ਭਾਸ਼ਾਵਾਂ ਦੇ ਲੈਣ-ਦੇਣ ਦੀ ਸਥਿਤੀ ਨੂੰ ਜ਼ਾਹਰ ਕਰਦੀ ਹੈ।
ਬਹੁਤੇ ਵਿਦਵਾਨ ਇਸ ਮੱਤ ਦੇ ਹਨ ਕਿ ਵੇਦਿਕ ਬੋਲੀ ਪੰਜਾਬ ਦੀ ਪ੍ਰਾਚੀਨ ਭਾਸ਼ਾ ਸੀ ਤੇ ਸੰਸਕ੍ਰਿਤ ਬਾਅਦ ਵਿੱਚ ਸੰਸਕਾਰੇ ਰੂਪ ਵਿੱਚ ਜਨਮ ਲੈਂਦੀ ਹੈ। ਦੁਨੀਆ ਦਾ ਪਹਿਲਾ ਵਿਆਕਰਣਕਾਰ ਪਾਣਿਨੀ ਪੰਜਾਬ ਵਿੱਚ ਪੈਦਾ ਹੋਇਆ ਤੇ ਜਦੋਂ ਉਹਨੇ ਆਪਣਾ ਵਿਆਕਰਣ ‘ਅਸ਼ਟਾਧਿਆਏ’ ਰਚਿਆ ਤਾਂ ਉਹ ਵੇਦਿਕ ਭਾਸ਼ਾ ਛੰਦਸ ਦੇ ਮੁਕਾਬਲੇ ਇਸਨੂੰ ਲੌਕਿਕ ਭਾਸ਼ਾ ਕਹਿੰਦਾ ਹੈ। ਵਿਆਕਰਣ ਹਮੇਸ਼ਾ ਬੋਲਚਾਲ ਦੀ ਬੋਲੀ ਦੀ ਹੁੰਦੀ ਹੈ ਤੇ ਇਹਦਾ ਅਰਥ ਹੋਇਆ ਪਾਣਿਨੀ ਨੇ ਆਪਣੇ ਸਮੇਂ ਬੋਲੀ ਜਾਣ ਵਾਲੀ ਬੋਲੀ ਦੇ ਵਿਆਕਰਣਕ ਨੇਮ ਲੱਭੇ। ਜਿਨ੍ਹਾਂ ਨੂੰ ਪਿਸ਼ਾਚ ਜਾਂ ਬੋਲੀ ਨੂੰ ਪਿਸ਼ਾਚੀ ਕਿਹਾ ਜਾਂਦਾ ਹੈ; ਨਿਸਚੇ ਹੀ ਇਹ ਸਥਾਨਕ ਲੋਕਾਂ ਤੇ ਉਨ੍ਹਾਂ ਦੀ ਬੋਲੀ ਵੱਲ ਨਕਾਰਾਤਮਕ ਰਵੱਈਏ ਨੂੰ ਦਰਸਾਉਂਦਾ ਹੈ।
645 ਈ. ਵਿੱਚ ਯੁਆਨ ਚੁਆਂਗ ਨਾਂ ਦਾ ਇੱਕ ਚੀਨੀ ਯਾਤਰੀ ਹਰਸ਼ ਵਰਧਨ ਦੇ ਸਮੇਂ ਮੱਧ ਏਸ਼ੀਆ ਤੇ ਗੰਧਾਰ ਵਿੱਚੋਂ ਹੁੰਦਾ ਹੋਇਆ ਹਿੰਦ ਆਇਆ। ਉਹ ਸਿੰਧ ਦਰਿਆ ਨੇੜੇ ਸ਼ਲਾਤੁਰ ਪਿੰਡ ਕੋਲ ਪਹੁੰਚ ਕੇ ਲਿਖਦਾ ਹੈ- ਇਹ ਸਥਾਨ ਰਿਸ਼ੀ ਪਾਣਿਨੀ ਦਾ ਜਨਮ ਸਥਾਨ ਹੈ, ਇੱਥੇ ਉਨ੍ਹਾਂ ਦੀ ਮੂਰਤੀ ਵੀ ਬਣੀ ਹੋਈ ਹੈ। ਇੱਥੋਂ ਦੇ ਲੋਕ ਹੁਣ ਵੀ ਉਹਦੇ ਸ਼ਾਸਤਰ ਦਾ ਮੁਤਾਲਿਆ ਕਰਦੇ ਹਨ ਤੇ ਬਾਕੀ ਇਲਾਕਿਆਂ ਦੇ ਲੋਕਾਂ ਨਾਲੋਂ ਇੱਥੋਂ ਦੇ ਬਾਸ਼ਿੰਦੇ ਵਿਦਵਤਾ ਵਿੱਚ ਮਾਹਿਰ ਤੇ ਸਿਆਣੇ ਹਨ। ਨਿਸਚੇ ਹੀ ਪਾਣਿਨੀ ਦੇ ਸਮੇਂ ਲੋਕ ਭਾਸ਼ਾ ਵਿੱਚ ਗਿਆਨ ਦੀ ਪਰੰਪਰਾ ਹੋਵੇਗੀ, ਜੋ ਬਾਅਦ ਵਿੱਚ ਕਿਸੇ ਕਾਰਨ ਨਸ਼ਟ ਕਰ ਦਿੱਤੀ ਗਈ ਤੇ ਪਾਣਿਨੀ ਦੀ ਵਿਆਕਰਣ ਨੂੰ ਵੀ ਕਲਾਸੀਕਲ ਪਰੰਪਰਾ ਨਾਲ ਜੋੜਨ ਦਾ ਜਤਨ ਕੀਤਾ ਗਿਆ।
ਆਰੀਆਂ ਦਾ ਜੱਦੀ ਸਥਾਨ ਇਰਾਨ ਤੇ ਇਹਦੇ ਆਲੇ-ਦੁਆਲੇ ਦਾ ਇਲਾਕਾ ਹੈ। ਨਿਸਚੇ ਹੀ ਆਰੀਆਂ ਦੀ ਬੋਲੀ ਦੀਆਂ ਜੜ੍ਹਾਂ ਇਰਾਨੀ ਵਿੱਚ ਹੋਣਗੀਆਂ। ਭਾਸ਼ਾਵਾਂ ਕਦੇ ਵੀ ਕਿਸੇ ਸ਼ੁਧ ਰੂਪ ਵਿੱਚ ਨਹੀਂ ਹੁੰਦੀਆਂ। ਇਨ੍ਹਾਂ ਦੇ ਰੂਪ ਬਣਦੇ/ਵਿਗਸਦੇ ਤੇ ਨਸ਼ਟ ਹੁੰਦੇ ਰਹਿੰਦੇ ਹਨ। ਸਿਰਫ਼ ਵਿਆਕਰਣਿਕ ਰੂਪ ਛੇਤੀ ਨਹੀਂ ਬਦਲਦੇ। ਭਾਸ਼ਾਵਾਂ ਬੋਲਚਾਲ ਦੀ ਪੱਧਰ ਉੱਤੇ ਹੀ ਵਿਕਾਸ ਕਰਦੀਆਂ ਹਨ। ਵਿਕਾਸ ਦੇ ਪੜਾਵਾਂ `ਤੇ ਇਹ ਇੱਕ ਦੂਜੀ ਕੋਲੋਂ ਲੈਣ-ਦੇਣ ਕਰਦੀਆਂ ਰਹਿੰਦੀਆਂ ਹਨ ਤੇ ਇਹ ਸਿਲਸਿਲਾ ਕਦੇ ਖਤਮ ਨਹੀਂ ਹੁੰਦਾ। ਹਰ ਭਾਸ਼ਾ ਨੇ ਅਗਲੀ ਪੀੜ੍ਹੀ ਕੋਲ ਜਾ ਕੇ ਬਹੁਤ ਕੁਝ ਨਵਾਂ ਗ੍ਰਹਿਣ ਕਰਨਾ ਤੇ ਪੁਰਾਣੇ ਦਾ ਤਿਆਗ ਕਰਨਾ ਹੁੰਦਾ ਹੈ। ਇਹ ਦਰੁਸਤ ਹੈ ਕਿ ਜਦੋਂ ਕਿਸੇ ਬੋਲੀ ਜਾਂ ਭਾਸ਼ਾ ਨੂੰ ਰਾਜਸੀ ਛਤਰ-ਛਾਇਆ ਮਿਲ ਜਾਂਦੀ ਹੈ ਤਾਂ ਨਿਸਚੇ ਹੀ ਉਹਦਾ ਪ੍ਰਭਾਵ ਵੱਧ ਜਾਂਦਾ ਹੈ।
ਕਲਾਸੀਕਲ ਭਾਸ਼ਾਵਾਂ ਦੇ ਵਿਕਾਸ ਦਾ ਜੋ ਪੌੜੀ ਪ੍ਰਬੰਧ ਸਿਰਜਿਆ ਜਾਂਦਾ ਹੈ, ਉਹ ਵੀ ਆਪਹੁਦਰਾ ਨਜ਼ਰ ਆਉਂਦਾ ਹੈ, ਕਿਉਂਕਿ ਅਸਲ ਭਾਸ਼ਾ ਤਾਂ ਉਹ ਹੁੰਦੀ ਹੈ ਜਿਸਨੂੰ ਲੋਕ ਬੋਲਦੇ ਤੇ ਜਿਸ ਦਾ ਵਿਕਾਸ ਕਰਦੇ ਹਨ। ਇਹ ਉਨ੍ਹਾਂ ਦੇ ਹਾਸਿਆਂ, ਰੋਣਿਆਂ, ਦੁੱਖਾਂ, ਸੁੱਖਾਂ, ਪੀੜਾਂ, ਹੇਰਵਿਆਂ ਤੇ ਮਰਨਿਆਂ-ਪਰਨਿਆਂ ਦੀ ਭਾਸ਼ਾ ਹੁੰਦੀ ਹੈ ਜਦ ਕਿ ਕਲਾਸੀਕਲ ਭਾਸ਼ਾ ਕੁਝ ਕੁ ਲੋਕਾਂ ਦੇ ਸੂਤਰਬੱਧ ਵਿਚਾਰਾਂ ਦਾ ਸੰਗ੍ਰਹਿ ਹੁੰਦੀ ਹੈ। ਜਿਹੜਾ ਇਹ ਮੱਤ ਪੇਸ਼ ਕੀਤਾ ਜਾਂਦਾ ਹੈ ਕਿ ਕਲਾਸੀਕਲ ਭਾਸ਼ਾਵਾਂ ਵਿੱਚੋਂ ਸਫਰ ਕਰਦੀਆਂ ਆਧੁਨਿਕ ਭਾਰਤੀ ਬੋਲੀਆਂ ਗਿਆਰਵੀਂ-ਬਾਰਵੀਂ ਸਦੀ ਵਿੱਚ ਪ੍ਰਗਟ ਹੋਈਆਂ ਹਨ, ਇਹ ਦਰੁਸਤ ਨਹੀਂ। ਲੋਕ ਬੋਲੀਆਂ ਤਾਂ ਲੋਕ ਵਿੱਚ ਹੀ ਵਿਕਾਸ ਕਰਦੀਆਂ ਹਨ ਤੇ ਇੰਜ ਹੀ ਸਾਡੀਆਂ ਬੋਲੀਆਂ ਬਣੀਆਂ ਹਨ। ਇਹ ਸਿਰਫ਼ ਕਲਾਸੀਕਲ ਹੈਜੇਮਨੀ ਸਥਾਪਤ ਕਰਨ ਦਾ ਢੋਂਗ ਸੀ, ਇਸ ਤੋਂ ਸਿਵਾ ਇਹਦਾ ਕੋਈ ਤਰਕ ਨਜ਼ਰ ਨਹੀਂ ਆਉਂਦਾ।
ਜਦੋਂ ਗਿਆਰਵੀਂ-ਬਾਰਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਆਪਣਾ ਪਿੰਡਾ ਸੰਵਾਰ ਰਹੀ ਸੀ ਤਾਂ ਨਿਸਚੇ ਹੀ ਉਸ ਕੋਲ ਆਪਣੀ ਗਿਆਨ ਪਰੰਪਰਾ ਸੀ। ਕੰਨ ਪਾਟੇ ਜੋਗੀ, ਨਾਥ, ਸਾਧ ਇਸੇ ਪਰੰਪਰਾ ਦੀ ਅਗਲੀ ਕੜੀ ਸਨ। ਬਾਬਾ ਫਰੀਦ ਤੇ ਅੱਦਹਮਾਣ ਵਰਗੇ ਕਵੀ ਇਸੇ ਪਰੰਪਰਾ ਦੀ ਦੇਣ ਹਨ। ਬਾਬਾ ਫਰੀਦ ਨੇ ਇਸਲਾਮਿਕ ਪਰੰਪਰਾ ਨੂੰ ਪੰਜਾਬੀ ਭਾਸ਼ਾ ਨਾਲ ਜੋੜ ਕੇ ਨਵੀਂ ਗਿਆਨ ਪਰੰਪਰਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਪਿਛੋਕੜ ਵਿੱਚ ਇਰਾਨੀ ਸੂਫ਼ੀ ਬੌਧਿਕਤਾ ਦੇ ਸੂਤਰ ਪਏ ਹਨ, ਪਰ ਉਨ੍ਹਾਂ ਨੇ ਆਪਣੀ ਭਾਸ਼ਾ ਵਿੱਚ ਇਸ ਗਿਆਨ ਪਰੰਪਰਾ ਦਾ ਸਥਾਨਕ ਸਕੂਲ ਅਰੰਭਿਆ, ਜੋ ਬਾਅਦ ਵਿੱਚ ਪੰਜਾਬੀ ਸੂਫ਼ੀ ਬੌਧਿਕਤਾ ਦੇ ਵੱਖ ਵੱਖ ਪੜਾਅ ਤਿਆਰ ਕਰਦਾ ਹੈ।
ਗੁਰੂ ਨਾਨਕ ਸਾਹਿਬ ਨੇ ਪੰਜਾਬ ਦੀ ਬੌਧਿਕ ਪਰੰਪਰਾ ਨੂੰ ਨਵਾਂ ਤਰਕਸ਼ਾਸਤਰ ਦਿੱਤਾ। ਉਨ੍ਹਾਂ ਦੇ ਸਾਹਮਣੇ ਦੋ ਗਿਆਨ ਪਰੰਪਰਾਵਾਂ ਸਨ, ਜਿਨ੍ਹਾਂ ਵਿੱਚ ਕੋਈ ਸੰਵਾਦੀ ਰਿਸ਼ਤਾ ਨਹੀਂ ਸੀ। ਇੱਕ ਸਨਾਤਨੀ ਪਰੰਪਰਾ ਸੀ, ਜੋ ਆਰੀਆਂ ਦੇ ਆਉਣ ਤੋਂ ਬਾਅਦ ਲੰਮੇ ਸਮੇਂ ਵਿੱਚ ਵਜੂਦ ਵਿੱਚ ਆਉਂਦੀ ਹੈ। ਦੂਸਰੀ ਇਸਲਾਮਿਕ ਪਰੰਪਰਾ ਸੀ, ਜੋ ਬਾਹਰੋਂ ਆਈ। ਇਸ ਪਰੰਪਰਾ ਦਾ ਆਗਮਨ ਜਬਰੀ ਕਿਸਮ ਦਾ ਸੀ। ਇਸਨੇ ਬਾਅਦ ਵਿੱਚ ਭਾਰਤ ਦੇ ਬਹੁਤ ਸਾਰੇ ਲਤਾੜੇ ਤੇ ਹੇਠਲੇ ਪੱਧਰ ਦੀ ਨਰਕੀ ਜ਼ਿੰਦਗੀ ਜਿਊਣ ਵਾਲੇ ਮਨੁੱਖਾਂ ਨੂੰ ਆਕਰਸ਼ਿਤ ਕੀਤਾ, ਕਿਉਂਕਿ ਉਨ੍ਹਾਂ ਵਿੱਚ ਵਰਣ ਵਿਵਸਥਾ ਨਹੀਂ ਸੀ ਤੇ ਸਾਰੇ ਮਨੁੱਖ ਬਰਾਬਰੀ ਦੇ ਰੁਤਬੇ ਵਾਲੇ ਸਨ। ਭਾਵੇਂ ਇਸਲਾਮ ਨੇ ਮੁਢਲੇ ਰੂਪ ਵਿੱਚ ਜੋਰ ਜਬਰੀ ਵੀ ਧਰਮ ਪਰਿਵਰਤਨ ਦੀ ਲਹਿਰ ਚਲਾਈ ਤੇ ਅੱਲ੍ਹਾ ਦੇ ਨਾਂ `ਤੇ ਇਹਦਾ ਵਿਸਥਾਰ ਵੀ ਕੀਤਾ; ਪਰ ਸੂਫੀਆਂ ਦੇ ਪ੍ਰਭਾਵ ਤੇ ਨਰਮਾਈ ਨੇ ਵੀ ਇਸਲਾਮ ਦੇ ਫੈਲਾਅ ਵਿੱਚ ਵੱਡੀ ਭੂਮਿਕਾ ਨਿਭਾਈ।
ਗੁਰੂ ਨਾਨਕ ਸਾਹਿਬ ਨੇ ਦੋਹਾਂ ਪਰੰਪਰਾਵਾਂ ਨਾਲ ਸੰਵਾਦ ਰਚਾਇਆ ਤੇ ਇਹਦੇ ਲਈ ਚਾਰ ਉਦਾਸੀਆਂ ਕੀਤੀਆਂ। ਉਹ ਨਵੇਂ ਨਿਆਰੇ ਧਰਮ ਤੇ ਫਲਸਫੇ ਲਈ ਲੋਕਾਂ ਨੂੰ ‘ਇੱਕ ਅਕਾਲ ਪੁਰਖ’ ਦਾ ਸੁਨੇਹਾ ਦੇ ਰਹੇ ਸਨ। ਇਸ ਵਿੱਚ ਨਾ ਤਾਂ ਇਸਲਾਮ ਵਾਲੀ ਕੱਟੜਤਾ ਸੀ ਤੇ ਨਾ ਵਹਿਮਾਂ-ਭਰਮਾਂ ਲਈ ਕੋਈ ਸਥਾਨ ਸੀ। ਊਚ-ਨੀਚ, ਵੱਡੇ-ਛੋਟੇ, ਅਮੀਰ-ਗਰੀਬ, ਔਰਤ-ਪੁਰਸ਼ ਵਿੱਚ ਕੋਈ ਵਿਤਕਰਾ ਨਹੀਂ ਸੀ। ਸਾਰਿਆਂ ਨੂੰ ਬਰਾਬਰ ਦਾ ਰੁਤਬਾ ਤੇ ਜਿਊਣ ਦਾ ਹੱਕ ਸੀ। ਉਨ੍ਹਾਂ ਨੇ ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਕਿਹਾ ਕਿ ਉਹ ਸੱਚੇ ਮੁਸਲਮਾਨ ਜਾਂ ਸੱਚੇ ਹਿੰਦੂ ਬਣਨ ਤੇ ਪਖੰਡਾਂ ਨੂੰ ਛੱਡ ਕੇ ਜ਼ਿੰਦਗੀ ਦੇ ਅਰਥ ਲੱਭਣ। ਉਨ੍ਹਾਂ ਨੇ ਅਜਿਹੀ ਗਿਆਨ ਪਰੰਪਰਾ ਸਥਾਪਤ ਕੀਤੀ, ਜਿਸ ਵਿੱਚ ‘ਸੁੱਚ’ ਤੋਂ ‘ਸੱਚ’ ਦੇ ਸਫਰ ਦੀ ਗੱਲ ਕੀਤੀ। ਸੱਚ ਦੀ ਪ੍ਰਾਪਤੀ ਹੀ ਇਹਦਾ ਅੰਤਿਮ ਉਦੇਸ਼ ਹੈ।
ਇਸ ਪਰੰਪਰਾ ਕੋਲ ਦੋ ਤਾਕਤਾਂ ਬੜੀਆਂ ਮੁਲਵਾਨ ਸਨ- ਪਹਿਲੀ, ਸ਼ਬਦ ਦੀ ਤਾਕਤ ਜਿਸ ਵਿੱਚ ਪਹਿਲੀਆਂ ਧਾਰਮਿਕ ਪ੍ਰਕਿਰਿਆਵਾਂ ਰੱਦ ਹੋ ਜਾਂਦੀਆਂ ਸਨ। ਦੂਜੀ, ਲਿਪੀ ਜਿਸ ਵਿੱਚ ਪ੍ਰਵਚਨਾਂ ਨੂੰ ਬਾਣੀ ਰੂਪ ਵਿੱਚ ਦਰਜ ਕਰਕੇ ਉਨ੍ਹਾਂ ਦੀ ਪ੍ਰਮਾਣਿਕਤਾ ਸਿੱਕੇਬੰਦ ਕਰ ਦਿੱਤੀ ਗਈ। ਸ਼ਬਦ ਲਈ ਗੁਰੂ ਜੀ ਨੇ ਸਥਾਨਕ ਭਾਸ਼ਾ ਨੂੰ ਪਹਿਲ ਦਿੱਤੀ; ਹਾਲਾਂਕਿ ਆਪਣੇ ਗਿਆਨ ਦੇ ਪਾਸਾਰ ਲਈ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਵੀ ਲਏ। ਮੱਧਕਾਲ ਵਿੱਚ ਭਾਸ਼ਾਵਾਂ ਵਿੱਚ ਉਹੋ ਜਿਹਾ ਵੈਰ-ਵਿਰੋਧ ਨਜ਼ਰ ਨਹੀਂ ਆਉਂਦਾ, ਜਿਹੋ ਜਿਹਾ ਬਸਤੀ ਕਾਲ ਵਿੱਚ ਆ ਕੇ ਸੰਪਰਦਾਇਕ ਰੂਪ ਧਾਰਦਾ ਹੈ।
ਗੁਰੂ ਪਰੰਪਰਾ ਨੇ ਗੁਰੂ ਨਾਨਕ ਸਾਹਿਬ ਦੇ ਆਦਰਸ਼ਾਂ ਤੇ ਫਲਸਫੇ ਦਾ ਲਗਾਤਾਰ ਵਿਕਾਸ ਕੀਤਾ, ਪਰ ਪ੍ਰਮਾਣਿਕ ਕਸੌਟੀ ਉਹੀ ਰੱਖੀ। ਗੁਰੂ ਅਰਜਨ ਸਾਹਿਬ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੁਨੀਆ ਦੇ ਇਤਿਹਾਸ ਵਿੱਚ ਅਨੋਖੀ ਹੈ। ਇਹੋ ਜਿਹਾ ਕੋਈ ਸਰਬ ਸਾਂਝਾ ਗ੍ਰੰਥ ਹੋਰ ਕਿਤੇ ਨਹੀਂ ਮਿਲਦਾ, ਜਿਸ ਵਿੱਚ ਸਮਕਾਲੀ ਧਰਮਾਂ ਦੇ ਪ੍ਰਮਾਣਿਕ ਭਗਤਾਂ, ਸੂਫੀਆਂ, ਸੰਤਾਂ, ਭੱਟਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਸਥਾਨ ਮਿਲਿਆ ਹੋਵੇ। ਇਸ ਗ੍ਰੰਥ ਵਿੱਚ ਸਮੁੱਚੀ ਮਾਨਵਤਾ ਦੇ ਭਲੇ ਲਈ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਹੈ। ਇਸ ਨੇ ਸਮਾਜਿਕ ਦਰਜੇਬੰਦੀਆਂ ਤੇ ਊਚ-ਨੀਚ ਦੇ ਭਾਵਾਂ ਨੂੰ ਖਤਮ ਕਰਕੇ ਬੋਲੀਆਂ ਦੇ ਵਿਤਕਰੇ ਨੂੰ ਵੀ ਤੋੜ ਦਿੱਤਾ। ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਦੀ ਬੌਧਿਕ ਪਰੰਪਰਾ ਦੀ ਸਿਖਰ ਕਿਹਾ ਜਾ ਸਕਦਾ ਹੈ। ਇਸ ਵਿਚਲੇ ਵਿਸ਼ਵ ਦਰਸ਼ਨ ਨੂੰ ਪਛਾਣਨ ਦੀ ਲੋੜ ਹੈ। ਇਸਨੇ ਸਾਡੀ ਭਾਸ਼ਾ ਨੂੰ ਵਿਸ਼ਵ ਦਰਜਾ ਬਖਸ਼ਿਆ ਹੈ।
ਵਰਤਮਾਨ ਸਮੇਂ ਵਿੱਚ ਜੇ ਪੰਜਾਬ ਦੀ ਬੌਧਿਕ ਪਰੰਪਰਾ ਦੀ ਗੱਲ ਕਰੀਏ ਤਾਂ ਇੱਕ ਖਲਾਅ ਨਜ਼ਰ ਆਉਂਦਾ ਹੈ। ਪੰਜਾਬ ਦੇ ਇਤਿਹਾਸ, ਸਭਿਆਚਾਰ, ਧਰਮ, ਲਹਿਰਾਂ, ਵਿਸ਼ੇਸ਼ ਘਟਨਾਵਾਂ ਤੇ ਹੋਰ ਬਹੁਤ ਕੁਝ ਨੂੰ ਪੰਜਾਬੀ ਜ਼ਬਾਨ ਵਿੱਚ ਲਿਖਣ ਤੇ ਪੇਸ਼ ਕਰਨ ਦੀ ਥਾਂ ਅੰਗਰੇਜ਼ੀ ਦਾ ਸਹਾਰਾ ਲਿਆ ਜਾ ਰਿਹਾ ਹੈ। ਪੰਜਾਬ ਦੇ ਇਤਿਹਾਸ, ਸਮਾਜਿਕ ਵਿਗਿਆਨਾਂ, ਅਰਥਚਾਰੇ ਤੇ ਹੋਰ ਕਈ ਵਿਸ਼ਿਆਂ ਬਾਰੇ ਗੱਲਬਾਤ ਦਾ ਮਾਧਿਅਮ ਅੰਗਰੇਜ਼ੀ ਹੈ। ਇਹ ਠੀਕ ਹੈ ਕਿ ਪੰਜਾਬ ਤੇ ਪੰਜਾਬੀ ਦੀ ਗੱਲ ਅੰਗਰੇਜ਼ੀ ਰਾਹੀਂ ਦੂਸਰੇ ਲੋਕਾਂ ਤੱਕ ਜਾਣੀ ਚਾਹੀਦੀ ਹੈ, ਪਰ ਉਸ ਨੂੰ ਪੰਜਾਬੀ ਭਾਸ਼ਾ ਦੀ ਗਿਆਨ ਪਰੰਪਰਾ ਦਾ ਅੰਗ ਬਣਾਉਣਾ ਵੀ ਜ਼ਰੂਰੀ ਹੈ। ਗੱਲ ਅਸੀਂ ਪੰਜਾਬ ਦੀ ਕਰਨੀ ਹੈ, ਪਰ ਅੰਗਰੇਜ਼ੀ ਵਿੱਚ। ਇਹਦਾ ਮਤਲਬ ਹੈ ਅਸੀਂ ਆਪਣੀ ਭਾਸ਼ਾ ਦੇ ਗਿਆਨ ਤੇ ਸਮਰੱਥਾ ਤੋਂ ਕੋਰੇ ਹਾਂ। ਗੁਰੂ ਸਾਹਿਬਾਨ ਨੇ ਸਾਨੂੰ ਭਾਸ਼ਾ ਤੇ ਲਿਪੀ ਇਸੇ ਕਰਕੇ ਦਿੱਤੀ ਸੀ ਕਿ ਅਸੀਂ ਆਪਣੀ ਗਿਆਨ ਪਰੰਪਰਾ ਦੀ ਸੰਭਾਲ ਕਰਦੇ ਹੋਏ ਇਹਦਾ ਵਿਕਾਸ ਕਰੀਏ, ਪਰ ਅਸੀਂ ਉਸਤੋਂ ਖੁੰਝ ਗਏ ਹਾਂ।
ਇਹ ਸਾਡੀ ਭਾਸ਼ਾ ਦੀ ਤ੍ਰਾਸਦੀ ਬਣੀ ਹੋਈ ਹੈ ਕਿ ਆਪਣੇ ਬਾਰੇ ਜਾਣਨ ਲਈ ਸਾਨੂੰ ਪਰਾਈ ਭਾਸ਼ਾ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਪੰਜਾਬੀ ਨੇ ਹੁਣ ਤੱਕ ਲੋਕ ਪਰੰਪਰਾ ਵਿੱਚ ਵਿਕਾਸ ਕੀਤਾ ਤੇ ਕਰ ਰਹੀ ਹੈ। ਸਰਕਾਰਾਂ ਤੇ ਸਾਡੇ ਨਾਮਨਿਹਾਦ ਬੁੱਧੀਜੀਵੀਆਂ ਨੇ ਇਸਨੂੰ ਵਿਗਾੜਿਆ ਭਾਵੇਂ ਹੋਵੇ, ਇਹਦਾ ਸੰਵਾਰਿਆ ਕੁਝ ਨਹੀਂ। ਜੇ ਸਾਡੇ ਵਿਦਵਾਨ ਪਰਾਈ ਬੋਲੀ ਦੇ ਨਾਲ ਨਾਲ ਆਪਣੀ ਭਾਸ਼ਾ ਵਿੱਚ ਵੀ ਉਹੀ ਗੱਲਾਂ ਕਹਿਣ ਦੇ ਸਮਰੱਥ ਹੁੰਦੇ ਤਾਂ ਅੱਜ ਸਾਡੀ ਭਾਸ਼ਾ ਨੂੰ ਤਕਨਾਲੌਜੀ ਵਿੱਚ ਵਰਤੇ ਜਾਣ ਤੋਂ ਕੋਈ ਨਹੀਂ ਸੀ ਰੋਕ ਸਕਦਾ। ਇਹਦੇ ਲਈ ਭਾਸ਼ਾ ਦਾ ਰੋਡਮੈਪ ਤਿਆਰ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੀ ਬੌਧਿਕਤਾ ਨੂੰ ਗਿਆਨ ਦੀ ਪਰੰਪਰਾ ਵਿੱਚ ਢਾਲ ਸਕੀਏ।
