ਬਾਬਾ ਬੁੱਢਾ ਜੀ ਦੀਆਂ ਸੇਵਾਵਾਂ, ਸਿਮਰਨ ਤੇ ਸੰਦੇਸ਼ ਸਬੰਧੀ ਸੈਮੀਨਾਰ

ਖਬਰਾਂ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਬਾਬਾ ਬੁੱਢਾ ਸਾਹਿਬ ਦੀਆਂ ਸੇਵਾਵਾਂ, ਸਿਮਰਨ ਤੇ ਸੰਦੇਸ਼ ਸਬੰਧੀ ਲੰਘੀ 25 ਅਕਤੂਬਰ ਨੂੰ ਗੁਰਦੁਆਰਾ ਪੈਲਾਟਾਈਨ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਗੁਰਦੁਆਰਾ ਪੈਲਾਟਾਈਨ ਵਿਖੇ ਕਾਰ ਸੇਵਾ ਦੇ ਮੋਢੀ ਸ. ਸਤਨਾਮ ਸਿੰਘ ਔਲਖ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੌਰਾਨ ਬਾਬਾ ਬੁੱਢਾ ਜੀ ਦੀਆਂ ਪਹਿਲੇ ਛੇ ਗੁਰੂ ਸਾਹਿਬਾਨ ਨਾਲ ਸੇਵਾਵਾਂ ਪ੍ਰਤੀ ਜਾਣਕਾਰੀ ਸਾਂਝੀ ਕੀਤੀ ਗਈ।

ਸੈਮੀਨਾਰ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ ਗਈ। ਇਸ ਦੌਰਾਨ ਭਾਈਚਾਰੇ ਵਿੱਚੋਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟਾਏ। ਸ. ਔਲਖ ਨੇ ਦੱਸਿਆ ਕਿ ਸਾਡਾ ਟੀਚਾ ਬਾਬਾ ਬੁੱਢਾ ਜੀ ਦੀਆਂ ਸੇਵਾਵਾਂ ਪ੍ਰਤੀ ਸ਼ਿਕਾਗੋਲੈਂਡ ਦੀ ਸਾਧ ਸੰਗਤ ਨਾਲ ਜਾਣਕਾਰੀ ਸਾਂਝੀ ਕਰਨਾ ਅਤੇ ਨਿਸ਼ਕਾਮ ਸੇਵਾਵਾਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਬਾਬਾ ਜੀ ਦੀ ਅਦੁੱਤੀ ਸੇਵਾ ਉਜਾਗਰ ਕਰਨਾ ਹੈ ਤਾਂ ਜੋ ਸਾਡੇ ਵਿੱਚ ਨਿਸ਼ਕਾਮ ਸੇਵਾ ਦੀ ਭਾਵਨਾ ਪੈਦਾ ਹੋਵੇ ਤੇ ਅਸੀਂ ਵੀ ਇਨ੍ਹਾਂ ਰਾਹਾਂ ‘ਤੇ ਤੁਰ ਸਕੀਏ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿੱਚ ਜੋ ਉਪਦੇਸ਼ਿਆ, ਉਸ ਨੂੰ ਪਹਿਲਾਂ ਖੁਦ ਕਮਾਇਆ ਅਤੇ ਸਮੂਹ ਜਗਤ ਨੂੰ ਨੇਕ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਉਪਦੇਸ਼ ਦਿੱਤਾ।
ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾ. ਬਲਵਿੰਦਰ ਸਿੰਘ ਸੋਹਲ ਨੇ ਬਾਬਾ ਬੁੱਢਾ ਜੀ ਦੇ ਜੀਵਨ ਵੇਰਵਿਆਂ ਨੂੰ ਕਾਵਿਕ ਅੰਦਾਜ਼ ਵਿੱਚ ਵਰਨਣ ਕੀਤਾ, ਜਿਹੜਾ ਅਠਾਰਵੀਂ ਸਦੀ ਵਿੱਚ ਲਿਖੇ ਗਏ ਕਲਾਸੀਕਲ ਇਤਿਹਾਸ ਦੀ ਪਰੰਪਰਾ ਨੂੰ ਅੱਗੇ ਤੋਰਨ ਵਾਲਾ ਹੋ ਨਿਬੜਿਆ। ਕਾਵਿਕ ਅੰਦਾਜ਼ ਵਿੱਚ ਬਾਬਾ ਬੁੱਢਾ ਜੀ ਨੂੰ ‘ਸਿੱਖੀ ਦੇ ਬੂਟੇ ਨੂੰ ਪੁੰਗਰਨ ਤੋਂ ਫਲਣ ਤੀਕ ਦਾ ਮਾਲੀ’ ਬਿਆਨ ਕੀਤਾ ਗਿਆ।
ਡਾ. ਸਵਰਨਜੀਤ ਸਿੰਘ ਨੇ ਕਿਹਾ ਕਿ ਬਾਬਾ ਬੁੱਢਾ ਜੀ ਅਕਾਲ ਪੁਰਖ ਨਾਲ ਜੁੜੀ ਦੂਰ-ਅੰਦੇਸ਼ੀ ਰੂਹ ਸਨ, ਜਿਨ੍ਹਾਂ ਨੇ ਅੰਦਰੂਨੀ ਤੇ ਬਾਹਰੀ ਹਮਲਿਆਂ ਤੋਂ ਸਿੱਖ ਬਣਤਰ ਨੂੰ ਮਹਿਫੂਜ਼ ਰੱਖਣ ਲਈ ਇੱਕ ਢਾਲ ਦਾ ਕਾਰਜ ਕੀਤਾ ਅਤੇ ਧਾਰਮਿਕ ਤੇ ਸਿਆਸੀ ਮੁਹਾਜ ਨੂੰ ਸਿਰਜਣ ਲਈ ਇੱਕ ਅਹਿਮ ਕੜੀ ਦਾ ਕਾਰਜ ਕੀਤਾ। ‘ਬਾਬਾ’, ‘ਸ਼ੇਰ’ ਅਤੇ ‘ਬਾਜ’ ਸ਼ਬਦਾਂ ਨੂੰ ਉਨ੍ਹਾਂ ਨੇ ਤਵਾਰੀਖ ਦੇ ਸੰਦਰਭ ਵਿੱਚ ਉਜਾਗਰ ਕਰਦਿਆਂ ‘ਸਿੱਖ’ ਸ਼ਬਦ ਨੂੰ ਪ੍ਰਭਾਸ਼ਿਤ ਕੀਤਾ। ਉਨ੍ਹਾਂ ਕਿਹਾ ਕਿ ਬਹੁ-ਪਰਤੀ ਰਾਵਾਂ ਦਾ ਹੋਣਾ ਕੁਦਰਤੀ ਹੈ, ਜੋ ਅਪੂਰਨਤਾ ਤੋਂ ਸੰਪੂਰਨਤਾ ਦੇ ਰਾਹ ਨੂੰ ਸਿਰਜਦੀ ਹੋਈ ਤਕਰਾਰ ਦੀ ਥਾਂ ਰਲ-ਮਿਲ ਕੇ ਗੋਸ਼ਟਿ ਦਾ ਆਗਾਜ਼ ਕਰਦੀ ਹੈ।
ਕਾਰ ਸੇਵਾ ਜਥੇ ਦੇ ਇੱਕ ਹੋਰ ਮੈਂਬਰ ਸ. ਓਂਕਾਰ ਸਿੰਘ ਢਿੱਲੋਂ ਨੇ ਆਪਣੀ ਭਾਵੁਕ ਤਕਰੀਰ ਵਿੱਚ ਬਾਬਾ ਬੁੱਢਾ ਜੀ ਦੀ ਜ਼ਿੰਦਗੀ ਦੀਆਂ ਘਾਲਣਾਵਾਂ ਤੋਂ ਪ੍ਰੇਰਿਤ ਹੋ ਕੇ ਗੁਰਬਾਣੀ ਨਾਲ ਜੁੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਜਾਪ ਕਰਨਾ, ਸਮਝਣਾ ਤੇ ਗੁਰਬਾਣੀ ਦੇ ਰੰਗ ਵਿੱਚ ਜੀਵਨ ਨੂੰ ਰੰਗਣਾ ਹੀ ਸਾਡਾ ਕਾਰਜ ਹੋਣਾ ਚਾਹੀਦਾ ਹੈ। ਸ. ਹਰਿੰਦਰਪਾਲ ਸਿੰਘ ਨੇ ਬਾਬਾ ਬੁੱਢਾ ਜੀ ਦੀਆਂ ਘਾਲਣਾਵਾਂ ਦੱਸਦਿਆਂ ਬਾਬਾ ਜੀ ਨਾਲ ਸਬੰਧਤ ਦਰਸ਼ਨ ਕੀਤੀਆਂ ਥਾਵਾਂ ਨੂੰ ਸੰਜੀਦਗੀ ਨਾਲ ਸਾਂਝਾ ਕੀਤਾ।
ਗੁਰਦੁਆਰਾ ਪੈਲਾਟਾਈਨ ਦੇ ਧਾਰਮਿਕ ਸਕੱਤਰ ਸ. ਤਰਲੋਚਨ ਸਿੰਘ ਮੁਲਤਾਨੀ ਨੇ ਲਿੰਕ ੲਨੱਕਿਪਿੲਦiਅ।ੋਰਗ ਅਨੁਸਾਰ ਖੁਲਾਸਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸ਼ਾਸ਼ਤਰ ਵਿਦਿਆ ਦੀ ਸਿਖਲਾਈ ਦਿੱਤੀ ਅਤੇ ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦੁਰ ਜੀ ਹੋਰਾਂ ਨੂੰ ਬਚਪਨ ਵਿੱਚ ਮਾਰਸ਼ਲ ਆਰਟ ਦੀ ਵਿੱਦਿਆ ਦਿੱਤੀ। ਉਨ੍ਹਾਂ ਦੱਸਿਆ ਕਿ ਬਾਬਾ ਬੁੱਢਾ ਜੀ ਨੇ ਆਪਣੀ ਹਯਾਤੀ ਵਿੱਚ ਪਹਿਲੇ ਛੇ ਗੁਰੂ ਸਾਹਿਬਾਨ ਨਾਲ ਸੇਵਾ ਕੀਤੀ ਅਤੇ ਅੱਠ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਕੀਰਤ ਸਿੰਘ ਸੰਧੂ ਨੇ ਇਸ ਸੈਮੀਨਾਰ ਤੇ ਬੁਲਾਰਿਆਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਪਹਿਲਾਂ ਹੋਣੇ ਚਾਹੀਦੇ ਸਨ, ਪਰ ਦੇਰ ਆਏ ਦਰੁਸਤ ਆਏ। ਇੱਕ ਹੋਰ ਬੁਲਾਰੇ ਸ. ਕਰਮਜੀਤ ਸਿੰਘ ਭਟਨੂਰਾ ਰੁਝੇਵੇਂ ਕਾਰਨ ਪਹੁੰਚ ਨਾ ਸਕੇ, ਪਰ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਭਰਾ ਸ. ਸੰਤੋਖ ਸਿੰਘ ਭਟਨੂਰਾ ਨੇ ਬਾਬਾ ਬੁੱਢਾ ਜੀ ਦੀਆਂ ਮੁੱਖ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਸ. ਸਤਨਾਮ ਸਿੰਘ ਔਲਖ ਨੇ ਸੈਮੀਨਾਰ ਵਿੱਚ ਆਏ ਬੁਲਾਰਿਆਂ, ਸਰੋਤਿਆਂ ਅਤੇ ਲੋੜੀਂਦਾ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅਗਲੇ ਸਾਲ 2026 ਵਿੱਚ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਮੌਕੇ ਸੈਮੀਨਾਰ ਸਬੰਧੀ ਅਗਾਊਂ ਮਿਤੀ ਐਲਾਨਣ ਤੇ ਰੂਪਰੇਖਾ ਬਣਾਉਣ ਵਾਸਤੇ ਮੌਜੂਦਾ ਧਾਰਮਿਕ ਸਕੱਤਰ ਅਤੇ ਧਾਰਮਿਕ ਕਮੇਟੀ ਦੇ ਚੇਅਰਮੈਨ ਨੂੰ ਬੇਨਤੀ ਕੀਤੀ ਹੈ।
ਇਸ ਤੋਂ ਇਲਾਵਾ ਸ਼ਿਕਾਗੋਲੈਂਡ ਦੀ ਸਾਧ ਸੰਗਤ ਅਤੇ ਰੰਧਾਵਾ ਪਰਿਵਾਰਾਂ ਦੇ ਸਹਿਯੋਗ ਨਾਲ ਬਾਬਾ ਬੁੱਢਾ ਜੀ ਦੀ ਜਨਮ ਸ਼ਤਾਬਦੀ ਅਤੇ ਬਾਬਾ ਬੁੱਢਾ ਜੀ ਦੀਆਂ ਸੇਵਾਵਾਂ ਸਬੰਧੀ ਅਖੰਡ ਪਾਠ ਕਰਵਾਇਆ ਗਿਆ। ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀ ਅਤੁੱਟ ਸੇਵਾ ਹੁੰਦੀ ਰਹੀ ਅਤੇ ਐਤਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ ਤੇ ਕਥਾਵਾਚਕ ਨੇ ਬਾਬਾ ਬੁੱਢਾ ਜੀ ਦਾ ਸੰਖੇਪ ਵਿੱਚ ਜੀਵਨ ਵੇਰਵੇ ਦੀ ਸਾਂਝ ਪਾਈ। ਇਸ ਸਾਲਾਨਾ ਧਾਰਮਿਕ ਸਮਾਗਮ ਵਿੱਚ ਸੰਗਤਾਂ ਨੇ ਬਹੁਤ ਯੋਗਦਾਨ ਪਾਇਆ।

Leave a Reply

Your email address will not be published. Required fields are marked *