*ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਰੰਗ ਭੇਦੀ ਬਿਆਨ ‘ਤੇ ਵਿਵਾਦ
*ਤਰਨਤਾਰਨ ਦੀ ਜ਼ਿਮਨੀ ਚੋਣ ਲਈ ਵੋਟਾਂ ਗਿਆਰਾਂ ਨੂੰ
ਪੰਜਾਬੀ ਪਰਵਾਜ਼ ਬਿਊਰੋ
ਜਦੋਂ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਤਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮਰਹੂਮ ਕਾਂਗਰਸੀ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਇੱਕ ਹੋਰ ਵਿਵਾਦ ਗ੍ਰਸਤ ਬਿਆਨ ਦੇ ਦਿੱਤਾ ਹੈ। ਦਲਿਤ ਭਾਈਚਾਰੇ ਨਾਲ ਸੰਬੰਧਤ ਰਹੇ ਕਾਂਗਰਸੀ ਆਗੂ ਬੂਟਾ ਸਿੰਘ ਦੇ ਰੰਗ ਅਤੇ ਜਾਤ ਬਾਰੇ ਟਿੱਪਣੀ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਪਾਰਟੀ ਚੋਣ ਮੁਹਿੰਮ ਨੂੰ ਇੱਕ ਵਾਰ ਫਿਰ ਅਸੁਰੱਖਿਅਤ ਪੁਜੀਸ਼ਨ ਵੱਲ ਧੱਕ ਦਿੱਤਾ ਹੈ।
ਇਸ ਮਾਮਲੇ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਵੇਂ ਮੁਆਫੀ ਮੰਗ ਲਈ ਹੈ, ਪਰ ਵਿਰੋਧੀ ਪਾਰਟੀਆਂ ਵੱਲੋਂ ਇਸ ਮੁੱਦੇ ਨੂੰ ਦਲਿਤ ਭਾਈਚਾਰੇ ਦੇ ਮਾਣ ਸਨਮਾਨ ਨਾਲ ਜੋੜ ਦੇਣ ਕਾਰਨ ਕਾਂਗਰਸ ਪਾਰਟੀ ਨੂੰ ਜਿੰਨਾ ਕੁ ਨੁਕਸਾਨ ਹੋਣਾ ਸੀ, ਹੋ ਚੁੱਕਾ ਹੈ। ਕਮਾਨੋਂ ਨਿਕਲੇ ਤੀਰ ਵਾਂਗੂ ਸ਼ਬਦਾਂ ਦੀ ਮਾਰ ਨੂੰ ਬਾਅਦ ਵਿੱਚ ਦਿੱਤੇ ਸਪਸ਼ਟੀਕਰਨਾਂ ਨਾਲ ਬਹੁਤਾ ਨਹੀਂ ਘਟਾਇਆ ਜਾ ਸਕਦਾ। ਯਾਦ ਰਹੇ, ਸ. ਬੂਟਾ ਸਿੰਘ ਕਾਂਗਰਸ ਸਰਕਾਰ ਵੇਲੇ ਕੇਂਦਰੀ ਗ੍ਰਹਿ ਮੰਤਰੀ ਰਹੇ ਸਨ। ਉਨ੍ਹਾਂ ਨੂੰ ਇੱਕ ਵਾਰ ਬਿਹਾਰ ਦਾ ਗਵਰਨਰ ਵੀ ਬਣਾਇਆ ਗਿਆ ਸੀ। ਰਾਜਾ ਵੜਿੰਗ ਵੱਲੋਂ ਦਿੱਤੇ ਗਏ ਇੱਕ ਵਿਵਾਦਗ੍ਰਸਤ ਬਿਆਨ ਦਾ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ। ਸ਼ਡਿਊਲਡ ਕਾਸਟ ਬਾਰੇ ਨੈਸ਼ਨਲ ਕਮਿਸ਼ਨ ਨੇ ਇਸ ਬਿਆਨ ਦਾ ਆਪਣੇ ਤੌਰ ‘ਤੇ ਨੋਟਿਸ ਲੈਂਦਿਆਂ ਤਰਨਤਾਰਨ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ‘ਤੇ ਕਾਰਵਾਈ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਟੇਟ ਸ਼ਡਿਊਲਡ ਕਾਸਟ ਕਮਿਸ਼ਨ ਨੇ ਵੀ ਮਾਮਲੇ ਦਾ ਆਪਣੇ ਤੌਰ ‘ਤੇ ਨੋਟਿਸ ਲੈਂਦਿਆਂ ਵੜਿੰਗ ਨੂੰ 6 ਨਵੰਬਰ ਨੂੰ ਜਾਤੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਮਿਸ਼ਨ ਦੇ ਨੋਟਿਸ ਵਿੱਚ ਆਇਆ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਰਹੂਮ ਸਾਬਕਾ ਗ੍ਰਹਿ ਮੰਤਰੀ ਦੇ ਰੰਗ ਅਤੇ ਜਾਤ ‘ਤੇ ਟਿੱਪਣੀ ਕੀਤੀ ਹੈ। ਸ. ਬੂਟਾ ਸਿੰਘ ਦੇ ਸਪੁੱਤਰ ਸਰਬਜੋਤ ਸਿੰਘ ਸਿੱਧੂ ਨੇ ਕਪੂਰਥਲਾ ਦੇ ਐਸ.ਐਸ.ਪੀ. ਕੋਲ ਇੱਕ ਸ਼ਿਕਾਇਤ ਦਰਜ ਕਰਵਾ ਕੇ ਮੰਗ ਕੀਤੀ ਹੈ ਕਿ ਰਾਜਾ ਵੜਿੰਗ ਖਿਲਾਫ ਸ਼ਡਿਊਲਡ ਕਾਸਟ ਅਤੇ ਸ਼ਡਿਊਲਡ ਟਰਾਈਬਜ਼ ਐਕਟ (ਪਰਵੈਨਸ਼ਨ ਆਫ ਐਟਰੋਸਾਈਟਸ-1989) ਅਧੀਨ ਕੇਸ ਦਰਜ ਕੀਤਾ ਜਾਵੇ। ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵੜਿੰਗ ਦੀ ਇਹ ਟਿੱਪਣੀ ਇੱਕ ਸਾਧਾਰਨ ਗਲਤੀ ਨਹੀਂ ਹੈ, ਸਗੋਂ ਜਾਤ ਹੰਕਾਰ ਦੀ ਮਾਨਸਿਕਤਾ ਅਧੀਨ ਕੀਤਾ ਗਿਆ ਜ਼ੁਰਮ ਹੈ, ਜਿਸ ਦੀ ਉਨ੍ਹਾਂ ਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੀ ਤਰਨਤਾਰਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਐਸ.ਸੀ./ਐਸ.ਟੀ. ਐਕਟ ਅਧੀਨ ਸ਼ਿਕਾਇਤ ਦਰਜ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸ਼ਡਿਊਲਡ ਕਾਸਟ ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨੇ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਵੜਿੰਗ ਵੱਲੋਂ ਇਹ ਬਿਆਨ ਦਲਿਤ ਭਾਈਚਾਰੇ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਲਈ ਦਿੱਤਾ ਗਿਆ ਹੈ।
ਇਸੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਬਕਾ ਮਰਹੂਮ ਕੇਂਦਰੀ ਮੰਤਰੀ ਦੀ ਕੋਈ ਬੇਇਜ਼ਤੀ ਨਹੀਂ ਕੀਤੀ। ਉਨ੍ਹਾਂ ਦੇ ਬਿਆਨ ਵਿੱਚ ਕੋਈ ਮੰਦਭਾਵਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਫਿਰ ਵੀ ਜੇ ਕਿਸੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਬਿਨਾ ਸ਼ਰਤ ਮੁਆਫੀ ਮੰਗਦੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, “ਮੇਰਾ ਬਿਆਨ ਕਾਂਗਰਸ ਪਾਰਟੀ ਨੂੰ ਸਭਨਾਂ ਦੀ ਨੁਮਾਇੰਦਗੀ ਕਰਨ ਵਾਲੀ ਇਨਕਲਿਊਸਵ ਪਾਰਟੀ ਵਜੋਂ ਪੇਸ਼ ਕਰਨ ਲਈ ਹਾਂਮੁਖੀ ਸੰਦਰਭ ਵਿੱਚ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੇਰੀ ਭਾਵਨਾ ਇਹ ਸੀ ਕਿ ਕਾਂਗਰਸ ਪਾਰਟੀ ਕਿਸੇ ਨਾਲ ਜਾਤੀ, ਨਸਲੀ ਅਤੇ ਧਾਰਮਿਕ ਤੌਰ ‘ਤੇ ਵਿਤਕਰਾ ਨਹੀਂ ਕਰਦੀ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਾਰਨ ਚੁੱਘ ਨੇ ਮੰਗ ਕੀਤੀ ਹੈ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖ਼ੜਗੇ ਇਸ ਮਾਮਲੇ ਵਿੱਚ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦਲਿਤ ਭਾਈਚਾਰੇ ਨੂੰ ਹਮੇਸ਼ਾ ਵੋਟ ਬੈਂਕ ਵਜੋਂ ਵਰਤਿਆ ਹੈ ਅਤੇ ਉਨ੍ਹਾਂ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ, ਵੜਿੰਗ ਦੀ ਟਿੱਪਣੀ ਸਾਰੇ ਮੁਲਕ ਦੀ ਬਦਨਾਮੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਤੋਂ ਪਹਿਲਾਂ ਵੀ ਹਿੰਦੁਸਤਾਨ ਅਤੇ ਖਾਲਿਸਤਾਨ ਵਿਚਕਾਰ ਮੁਕਾਬਲੇ ਵਾਲਾ ਬਿਆਨ ਦੇ ਕੇ ਇੱਕ ਵਿਵਾਦ ਖੜ੍ਹਾ ਕਰ ਲਿਆ ਸੀ। ਯਾਦ ਰਹੇ, ਤਰਨਤਾਰਨ ਇੱਕ ਪੰਥਕ ਸੀਟ ਹੈ, ਜਿਸ ਵਿੱਚ 80 ਫੀਸਦੀ ਵੱਸੋਂ ਸਿੱਖ ਭਾਈਚਾਰੇ ਦੀ ਹੈ।
ਤਰਨਤਾਰਨ ਸੀਟ ‘ਆਪ’ ਐਮ.ਐਲ.ਏ. ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਸੀਟ ‘ਤੇ ਹੁਣ ‘ਆਪ’, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰ ਚੋਣ ਲੜ ਰਹੇ ਹਨ। ਪੰਥਕ ਧਿਰਾਂ ਨੇ ਜੇਲ੍ਹ ਵਿੱਚ ਸੂਬਾ ਸਿੰਘ ‘ਤੇ ਹਮਲਾ ਕਰਨ ਵਾਲੇ ਅਤੇ ਸ਼ਿਵ ਸੈਨਾ ਦੇ ਆਗੂ ਸੂਰੀ ਦਾ ਕਤਲ ਕਰਨ ਵਾਲੇ ਸਨਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਇਹ ਚੋਣ ਅਗਲੀਆਂ ਵਿਧਾਨ ਸਭਾ ਚੋਣ ਦੇ ਸੰਦਰਭ ਵਿੱਚ ਹੁਣ ਵੱਕਾਰ ਦਾ ਸਵਾਲ ਬਣ ਗਈ ਹੈ।
ਤਰਨਤਾਰਨ ਜ਼ਿਮਨੀ ਚੋਣ ਲਈ ਵੋਟਾਂ ਤੋਂ ਪਹਿਲਾਂ ਹੋਣ ਵਾਲਾ ਸਾਰਾ ਲੱਲਾ-ਭੱਬਾ ਹੋ ਚੁੱਕਾ ਹੈ। ਹੁਣ 11 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ 14 ਨਵੰਬਰ ਨੂੰ ਰਿਜ਼ਲਟ ਆ ਜਾਣਾ ਹੈ। ਇਸ ਲਈ ਚੋਣ ਪ੍ਰਚਾਰ ਲਈ ਸਾਰੀਆਂ ਧਿਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗ ਰਿਹਾ ਹੈ। ਇਸ ਪ੍ਰਚਾਰ ਵਿੱਚ ਇੱਕ ਅੱਧ ਨੂੰ ਛੱਡ ਕੇ ਬਾਕੀਆਂ ਨੇ ਛੁੱਟ ਭਲਾਈ ਤੋਂ ਹੋਰ ਸਾਰਾ ਕੁਝ ਕਰਨਾ ਸ਼ੁਰੂ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਤਰਨਤਾਰਨ ਪੁਲਿਸ ਵੱਲੋਂ ਸ਼ਰਾਬ ਸਮੇਤ 57 ਕਰੋੜ ਦਾ ਸਮਾਨ ਅਤੇ ਕੈਸ਼ ਵਗੈਰਾ ਜਬਤ ਕੀਤਾ ਗਿਆ। ਅਗਲੇ 4-5 ਦਿਨਾਂ ਵਿੱਚ ਧਨ ਅਤੇ ਮਾਲ-ਮੱਤੇ ਦੀ ਇਸ ਵੰਡ ਨੇ ਸਿਖ਼ਰਾਂ ਛੂਹਣੀਆਂ ਹਨ। ਖ਼ਾਸ ਕਰਕੇ ਜਦੋਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਘਰ-ਘਰ ਜਾ ਕੇ ਕੀਤਾ ਜਾਣਾ ਹੈ।
ਚੋਣ ਕਮਿਸ਼ਨ ਵੱਲੋਂ ਅਧਿਕਾਰਤ ਤੌਰ ‘ਤੇ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 7 ਅਕਤੂਬਰ ਨੂੰ ਚੋਣ ਜ਼ਾਬਤਾ ਲੱਗਣ ਤੋਂ ਲੈ ਕੇ 3 ਨਵੰਬਰ ਤੱਕ ਪੁਲਿਸ ਅਧਿਕਾਰੀਆਂ ਨੇ 51,429 ਲੀਟਰ ਸ਼ਰਾਬ ਬਰਾਮਦ ਕੀਤੀ ਹੈ। ਇਸ ਦੀ ਕੀਮਤ 32.29 ਲੱਖ ਬਣਦੀ ਹੈ। ਇਸ ਤੋਂ ਇਲਾਵਾ 56.67 ਕਰੋੜ ਦੇ ਹੋਰ ਨਸ਼ੇ ਫੜੇ ਗਏ ਹਨ। 9.73 ਲੱਖ ਦੀ ਨਕਦੀ ਤੋਂ ਇਲਾਵਾ 37.5 ਲੱਖ ਦਾ ਹੋਰ ਸਾਜ਼ੋ ਸਮਾਨ ਫੜਿਆ ਗਿਆ ਹੈ, ਜਿਹੜਾ ਲਾਲਚ ਦੇ ਤੌਰ ‘ਤੇ ਵੋਟਰਾਂ ਨੂੰ ਵੰਡਿਆ ਜਾਣਾ ਸੀ। ਮੁੱਖ ਚੋਣ ਅਫਸਰ ਸਿਬਨ ਸੀ. ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਨਸ਼ੇ, ਕੈਸ਼ ਅਤੇ ਸਾਜ਼ੋ ਸਮਾਨ ਫੜਨ ਲਈ ਚੌਵੀ ਘੰਟੇ ਸੱਤ ਦਿਨ ਨਿਗਰਾਨੀ ਰੱਖਣ ਲਈ ਸਾਰੇ ਚੈਕ ਪੁਆਇੰਟਾਂ ‘ਤੇ ਪਹਿਰਾ ਦੇਣ ਲਈ ਸੀ.ਸੀ.ਟੀ.ਵੀ. ਕੈਮਰੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਕੈਸ਼ ਜਾਂ ਹੋਰ ਵਸਤਾਂ ਵੰਡਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੋਣ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਚੋਣ ਅਧਿਕਾਰੀ ਨੇ ਕਿਹਾ ਕਿ ਤਰਨਤਾਰਨ ਅਸੈਂਬਲੀ ਹਲਕੇ ਵਿੱਚ ਕੁੱਲ 1,92,838 ਵੋਟਾਂ ਹਨ। ਇਨ੍ਹਾਂ ਵਿੱਚ 100933 ਮਰਦਾਂ ਦੀਆਂ ਅਤੇ 91,897 ਔਰਤਾਂ ਦੀਆਂ ਵੋਟਾਂ ਹਨ। ਤੀਸਰੇ ਜੈਂਡਰ ਦੀਆਂ 8 ਵੋਟਾਂ ਹਨ। ਤਰਨਤਾਰਨ ਚੋਣ ਵਿੱਚ ਵੋਟਾਂ ਪਾਉਣ ਲਈ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 162 ਪੇਂਡੂ ਖੇਤਰਾਂ ਵਿੱਚ ਹਨ ਅਤੇ 60 ਸ਼ਹਿਰੀ ਖੇਤਰ ਵਿੱਚ ਹਨ।
