ਵੈਨੇਜ਼ੂਏਲਾ ਵਿੱਚ ਆਹਮੋ-ਸਾਹਮਣੇ ਹੋਏ ਰੂਸ ਅਤੇ ਅਮਰੀਕਾ

ਸਿਆਸੀ ਹਲਚਲ ਖਬਰਾਂ

*ਰਾਸ਼ਟਰਪਤੀ ਮਦੂਰੋ ਦੇ ਸਿਰ ‘ਤੇ 50 ਮਿਲੀਅਨ ਡਾਲਰ ਦਾ ਇਨਾਮ
*ਵੈਨੇਜ਼ੂਏਲਾ ‘ਤੇ ਅਮਰੀਕਾ ਦੇ ਹਵਾਈ ਹਮਲੇ ਦੀਆਂ ਹਵਾਈਆਂ
ਪੰਜਾਬੀ ਪਰਵਾਜ਼ ਬਿਊਰੋ
ਦੱਖਣੀ ਅਮਰੀਕਾ ਦੇ ਮੁਲਕ ਵੈਨੇਜ਼ੂਏਲਾ ਦੀ ਪਿਛਲੇ ਕੁਝ ਸਮੇਂ ਤੋਂ ਅਮਰੀਕੀ ਫੌਜਾਂ ਘੇਰਾਬੰਦੀ ਕਰੀਂ ਖੜੀਆਂ ਹਨ। ਕੈਰੀਬੀਅਨ ਸਮੁੰਦਰੀ ਖੇਤਰ ਵਿੱਚ ਅਮਰੀਕੀ ਬੇੜੇ ਅਤੇ 10,000 ਫੌਜੀ ਤਿਆਰ-ਬਰ-ਤਿਆਰ ਖੜ੍ਹੇ ਹਨ। ਇਸ ਦੌਰਾਨ ਅਮਰੀਕੀ ਫੌਜਾਂ ਨੇ 15 ਵੈਂਜੂਏਲਨ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਸ ਵਿੱਚ ਤਕਰੀਬਨ 60 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਮਰੀਕਾ ਦਾ ਆਖਣਾ ਹੈ ਕਿ ਇਹ ਕਿਸ਼ਤੀਆਂ ਨਸ਼ਿਆਂ ਦੀ ਸਪਲਾਈ ਕਰ ਰਹੀਆਂ ਹਨ।

ਇਸ ਵਿਚਕਾਰ ਰੂਸੀ ਫੌਜ ਅਤੇ ਰੂਸੀ ਹਵਾਈ ਫੌਜ ਦੇ ਮਾਲਵਾਹਕ ਜਹਾਜ਼ ਵੈਨੇਜ਼ੂਏਲਾ ਦੇ ਫੇਰੇ ਮਾਰਨ ਲੱਗੇ ਹਨ। ਰੂਸ ਨੇ 200 ਤੋਂ ਵੱਧ ਫੌਜੀ (ਮਰਸਿਨਰੀ ਗਰੁੱਪ) ਵੀ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਦੀ ਰਾਖੀ ਲਈ ਭੇਜੇ ਹਨ। ਇਸ ਤਰ੍ਹਾਂ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਤੋਂ ਇਲਾਵਾ ਇੱਕ ਹੋਰ ਖਿੱਤਾ ਵੱਡੀਆਂ ਤਾਕਤਾਂ ਵਿਚਕਾਰ ਕਲ੍ਹਾ ਦਾ ਕੇਂਦਰ ਬਣਦਾ ਜਾ ਰਿਹਾ ਹੈ। ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਇਸ ਦਰਮਿਆਨ ਖਦਸ਼ਾ ਪ੍ਰਗਟ ਕੀਤਾ ਹੈ ਕਿ ਅਮਰੀਕਾ ਉਸ ਦੀ ਸਰਕਾਰ ਦਾ ਤਖ਼ਤਾ ਪਲਟਣ ਦਾ ਯਤਨ ਕਰ ਰਿਹਾ ਹੈ, ਜਦਕਿ ਬਹਾਨਾ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਦਾ ਬਣਾਇਆ ਜਾ ਰਿਹਾ ਹੈ। ਉਂਝ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੱਖਣੀ ਅਮਰੀਕਾ ਦੇ ਕਈ ਮੁਲਕ ਕੋਕੇਨ ਵਰਗੇ ਨਸ਼ੇ ਦੀ ਸਪਲਾਈ ਦਾ ਮਾਰਗ ਬਣੇ ਹੋਏ ਹਨ; ਪਰ ਵੈਨੇਜ਼ੂਏਲਾ ਦੀ ਸਰਕਾਰ ‘ਤੇ ਖੱਬੇ-ਪੱਖੀ ਠੱਪਾ ਹੋਣ ਕਾਰਨ ਇੱਥੇ ਅਮਰੀਕਾ ਵੱਲੋਂ ਮਦੂਰੋ ਦੀ ਸਰਕਾਰ ਦਾ ਤਖਤਾ ਪਲਟਣ ਦੇ ਯਤਨਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਵੱਡਾ ਰੌਲਾ ਵੈਨੇਜ਼ੂਏਲਾ ਦੇ ਤੇਲ ਸੋਮਿਆਂ ਦਾ ਜਾਪਦਾ ਹੈ, ਜਿਸ ‘ਤੇ ਅਮਰੀਕਾ ਸਮੇਤ ਕਈ ਮੁਲਕਾਂ ਦੀ ਅੱਖ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਕਹੇ ਜਾਣ ਤੋਂ ਪਿੱਛੋਂ ਕਿ ਉਨ੍ਹਾਂ ਨੇ ਵੈਨੇਜ਼ੂਏਲਾ ਵਿੱਚ ਸੀ.ਆਈ.ਏ. ਨੂੰ ਆਪਣਾ ਉਪਰੇਸ਼ਨ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਨਾਲ ਨਾ ਸਿਰਫ ਦੋਹਾਂ ਮੁਲਕਾਂ ਵਿਚਕਾਰ ਸਗੋਂ ਦੁਨੀਆਂ ਦੇ ਮੁਲਕਾਂ ਦੇ ਦੋ ਵਿਰੋਧੀ ਕੈਂਪਾਂ ਵਿਚਕਾਰ ਤਣਾਅ ਤਿੱਖਾ ਹੋ ਗਿਆ ਹੈ। ਸੁਣਨ ਵਿੱਚ ਆਇਆ ਹੈ ਕਿ ਚੀਨ ਇਰਾਨ, ਕਿਊਬਾ ਅਤੇ ਉੱਤਰੀ ਕੋਰੀਆ ਵਰਗੇ ਮੁਲਕ ਵੀ ਵੈਨੇਜ਼ੂਏਲਾ ਦੇ ਪੱਖ ਵਿੱਚ ਡੱਕਾ ਸੁੱਟ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਸਰਕਾਰ ਨੇ ਵੈਨੇਜ਼ੂਏਲਾ ਵਿੱਚ ਆਪਣੇ ਟਿਕਾਣੇ ਟਿੱਕ ਲਏ ਹਨ, ਜਿਨ੍ਹਾਂ ‘ਤੇ ਹਮਲੇ ਕੀਤੇ ਜਾਣੇ ਹਨ। ਇਨ੍ਹਾਂ ਵਿੱਚ ਸੰਭਾਵਤ ਤੌਰ ‘ਤੇ ਵੈਨੇਜ਼ੂਏਲਾ ਦੇ ਫੌਜੀ ਕੰਟਰੋਲ ਹੇਠ ਰੱਖੀਆਂ ਗਈਆਂ ਬੰਦਰਗਾਹਾਂ ਅਤੇ ਹਵਾਈ ਅੱਡੇ ਸ਼ਾਮਲ ਹਨ, ਜਿਨ੍ਹਾਂ ਤੋਂ ਕਥਿੱਤ ਤੌਰ ‘ਤੇ ਨਸ਼ੀਲੀ ਸਮਗਰੀ ਐਕਸਪੋਰਟ ਕੀਤੀ ਜਾਂਦੀ ਹੈ। ਅਮਰੀਕਨ ਫੌਜ ਵੱਲੋਂ ਕੀਤਾ ਜਾਣ ਵਾਲਾ ਇਸ ਕਿਸਮ ਦਾ ਹਮਲਾ ਵੈਨੇਜ਼ੂਏਲਾ ਖਿਲਾਫ ਜੰਗ ਦਾ ਐਲਾਨ ਹੀ ਸਮਝਿਆ ਜਾਵੇਗਾ। ਉਪਰੋਕਤ ਕਿਸਮ ਦੀਆਂ ਰਿਪੋਰਟਾਂ ਵਾਲ ਸਟਰੀਟ ਜਰਨਲ ਸਮੇਤ ਕਈ ਲੋਕਲ ਅਮਰੀਕੀ ਅਖ਼ਬਾਰਾਂ ਵਿੱਚ ਛਪੀਆਂ ਹਨ। ਉਂਝ ਅਮਰੀਕਾ ਦੇ ਸਰਕਾਰੀ ਨੁਮਾਇੰਦੇ ਨੇ ਇਸ ਕਿਸਮ ਦੀਆਂ ਰਿਪੋਰਟਾਂ ਦੀ ਸੱਚਾਈ ਤੋਂ ਇਨਕਾਰ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਵੈਨੇਜ਼ੂਏਲਾ ਦੀ ਕੁੱਲ ਆਬਾਦੀ 28 ਮਿਲੀਅਨ ਦੇ ਕਰੀਬ ਹੈ ਅਤੇ ਇਸ ਦੀਆਂ ਫੌਜੀ ਫੋਰਸਾਂ ਦੀ ਗਿਣਤੀ ਸਵਾ ਲੱਖ ਦੇ ਕਰੀਬ ਹੈ। ਇਸ ਤਰ੍ਹਾਂ ਦੱਖਣੀ ਅਮਰੀਕਾ ਦਾ ਇਹ ਮੁਲਕ ਛੋਟਾ ਹੋਣ ਦੇ ਬਾਵਜੂਦ ਫੌਜੀ ਅਰਥਾਂ ਵਿੱਚ ਛੋਟਾ ਨਹੀਂ ਹੈ। ਵਿਰੋਧੀ ਮੁਲਕਾਂ ਵੱਲੋਂ ਕੀਤੀ ਜਾਣ ਵਾਲੀ ਹਥਿਆਰਾਂ ਦੀ ਸਪਲਾਈ ਵੀ ਅਮਰੀਕਾ ਨੂੰ ਲੰਮੇ ਸਮੇਂ ਲਈ ਉਲਝਾਅ ਸਕਦੀ ਹੈ।
ਅਮਰੀਕਾ ਵੱਲੋਂ ਵੈਨੇਜ਼ੂਏਲਾ ‘ਤੇ ਹਵਾਈ ਹਮਲਿਆਂ ਦੀਆਂ ਕਿਆਸਅਰਾਈਆਂ ਬਾਰੇ ਗੱਲ ਕਰਦਿਆਂ ਵਾਈਟ ਹਾਊਸ ਦੀ ਸਪੋਕਸਪਰਸਨ ਅੰਨਾ ਕੈਲੀ ਨੇ ਕਿਹਾ, “ਕੁਝ ਮੀਡੀਆ ਦੇ ਕਥਿਤ ਗੁਪਤ ਸੂਤਰਾਂ ਨੂੰ ਪਤਾ ਨਹੀਂ ਹੈ ਕਿ ਉਹ ਕਾਹਦੇ ਬਾਰੇ ਬੋਲ ਰਹੇ ਹਨ।” ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵੈਨੇਜ਼ੂਏਲਾ ‘ਤੇ ਹਵਾਈ ਹਮਲਿਆਂ ਦੀ ਕਿਸੇ ਯੋਜਨਾ ਤੋਂ ਇਨਕਾਰ ਕੀਤਾ ਹੈ।
ਉਂਝ ਇਹ ਪੱਖ ਵੀ ਧਿਆਨ ਵਿੱਚ ਰੱਖਣ ਵਾਲਾ ਹੈ ਕਿ ਅਮਰੀਕਾ ਅਤੇ ਵੈਨੇਜ਼ੂਏਲਾ ਵਿਚਕਾਰ ਖਿੱਚੋਤਾਣ ਨਵੀਂ ਨਹੀਂ ਹੈ। ਮਦੂਰੋ ਜੋ ਤੰਗੀ ਤੁਰਸ਼ੀ ਦੇ ਦਿਨਾਂ ਵਿੱਚ ਇੱਕ ਟਰੱਕ ਡਰਾਈਵਰ ਰਿਹਾ ਹੈ, ਆਪਣੇ ਤੋਂ ਪਹਿਲੇ ਵੈਨੇਜ਼ੂਏਲਾ ਦੇ ਹਾਕਮ ਹਿਊਗੋ ਛਾਵੇਜ ਦਾ ਉੱਤਰਾਧਿਕਾਰੀ ਬਣ ਕੇ ਉਭਰਿਆ। ਛਾਵੇਜ ਦੀ ਕੈਂਸਰ ਦੇ ਇਲਾਜ ਦੌਰਾਨ ਕਿਊਬਾ ਵਿੱਚ ਮੌਤ ਹੋ ਗਈ ਸੀ। ਰਾਸ਼ਟਰਪਤੀ ਛਾਵੇਜ ਵੇਲੇ ਵੀ ਅਮਰੀਕਾ ਅਤੇ ਵੈਨੇਜ਼ੂਏਲਾ ਦੇ ਸੰਬੰਧ ਤਣਾਅ ਪੂਰਨ ਰਹੇ। ਉਸ ਨੇ ਇੱਕ ਵਾਰ ਕਿਹਾ ਸੀ ਕਿ ਅਮਰੀਕਾ ਨੇ 2002 ਵਿੱਚ ਉਸ ਦੀ ਸਰਕਾਰ ਦਾ ਤਖਤਾ ਪਲਟਣ ਦੀ ਅਸਫਲ ਕੋਸ਼ਿਸ਼ ਕੀਤੀ। ਰਾਸ਼ਟਰਪਤੀ ਹਿਊਗੋ ਛਾਵੇਜ ਨੇ ਵੈਨੇਜ਼ੂਏਲਾ ਦੇ ਤੇਲ ਦੇ ਸੋਮਿਆਂ ਦਾ ਕੌਮੀਕਰਨ ਕਰ ਦਿੱਤਾ ਸੀ। ਅਮਰੀਕੀ ਤੇਲ ਕੰਪਨੀਆਂ ਉਸ ਦੇ ਇਸ ਫੈਸਲੇ ਤੋਂ ਕਾਫੀ ਔਖੀਆਂ ਸਨ। ਮਦੂਰੋ ਛਾਵੇਜ ਦੇ ਮੁਕਾਬਲੇ ਘੱਟ ਪੜ੍ਹਿਆ-ਲਿਖਿਆ ਅਤੇ ਜ਼ਿਆਦਾ ਤਾਨ੍ਹਾਸ਼ਾਹੀ ਰੁਚੀਆਂ ਦਾ ਮਾਲਕ ਸਾਬਤ ਹੋਇਆ। ਕੁਝ ਅਮਰੀਕੀ ਤਖਤਾ ਪਲਟ ਦੇ ਡਰ ਨੇ ਵੀ ਉਸ ਨੂੰ ਇਸ ਪਾਸੇ ਵੱਲ ਧੱਕਿਆ। ਪਿਛਲੇ ਸਾਲ ਵੈਨੇਜ਼ੂਏਲਾ ਦੀਆਂ ਆਮ ਚੋਣਾਂ ਵਿੱਚ ਉਸ ਉਪਰ ਵੋਟਾਂ ਦਾ ਘਪਲਾ ਕਰਨ ਦੇ ਦੋਸ਼ ਵੀ ਲੱਗੇ। ਫਿਰ ਵੀ ਉਸ ਨੇ ਰਾਸ਼ਟਰਪਤੀ ਦੀ ਚੋਣ ਵਿੱਚ 56 ਫੀਸਦੀ ਵੋਟਾਂ ਹਾਸਲ ਕੀਤੀਆਂ। ਮਦੂਰੋ ਦੇ ਵਿਰੋਧੀ ਇਸੇ ਕਾਰਨ ਉਸ ਨੂੰ ਇੱਕ ਸਖਤ ਤਾਨ੍ਹਾਸ਼ਾਹ ਦਾ ਦਰਜਾ ਦਿੰਦੇ ਹਨ। ਜਿਹੜਾ ਖੱਬੇ ਪੱਖੀ ਝੁਕਾਅ ਰੱਖਣ ਵਾਲੇ ਸਾਬਕਾ ਰਾਸ਼ਟਰਪਤੀ ਛਾਵੇਜ ਤੋਂ ਵੀ ਕਈ ਕੋਹਾਂ ਅਗਾਂਹ ਚਲਿਆ ਗਿਆ ਹੈ; ਪਰ ਮਦੂਰੋ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕਰਦਾ ਹੈ। ਉਸ ਦਾ ਆਖਣਾ ਹੈ ਕਿ ਇਹ ਅਮਰੀਕਾ ਅਤੇ ਉਸ ਦਾ ਪੱਖ ਪੂਰਨ ਵਾਲੇ ਲੋਕਾਂ ਦਾ ਪ੍ਰਾਪੇਗੰਡਾ ਹੈ। ਧਿਆਨ ਰਹੇ, ਦੁਨੀਆਂ ਦੇ ਤਕਰੀਬਨ 50 ਮੁਲਕ ਵੈਨੇਜ਼ੂਏਲਾ-ਅਮਰੀਕਾ ਕਲੇਸ਼ ਵਿੱਚ ਅਮਰੀਕਾ ਦਾ ਪੱਖ ਪੂਰ ਰਹੇ ਹਨ। ਅਮਰੀਕਾ ਨੇ ਮਦੂਰੋ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਲੇ ਨੂੰ 50 ਮਿਲੀਅਨ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੋਇਆ ਹੈ। ਟਰੰਪ ਪ੍ਰਸ਼ਾਸਨ ਮਦੂਰੋ ਸਰਕਾਰ ‘ਤੇ ਫੈਂਟਾਨਿਲ ਜਿਹੇ ਨਸ਼ੇ ਦੀ ਸਪਲਾਈ ਦਾ ਦੋਸ਼ ਲਾਉਂਦਾ ਹੈ; ਪਰ ਇਸ ਵਿੱਚ ਬਹੁਤੀ ਸੱਚਾਈ ਨਹੀਂ ਜਾਪਦੀ। ਕੋਕੇਨ ਦੀ ਸਪਲਾਈ ਜ਼ਰੂਰ ਵੈਨੇਜ਼ੂਏਲਾ ਵਿੱਚ ਦੀ ਹੋ ਕੇ ਲੰਘਦੀ ਹੋ ਸਕਦੀ ਹੈ।
ਵੈਨੇਜ਼ੂਏਲਾ ਦੇ ਲੋਕਾਂ ਦਾ ਅਮਰੀਕਾ ਵੱਲ ਪਰਵਾਸ ਵੀ ਟਰੰਪ ਪ੍ਰਸ਼ਾਸਨ ਲਈ ਸਿਦਰਦੀ ਬਣਿਆ ਹੋਇਆ ਹੈ। ਹਾਲ ਹੀ ਵਿੱਚ ਟਰੰਪ ਨੇ ਵੈਨੇਜ਼ੂਏਲਾ ਦੇ ਅਮਰੀਕੀ ਪਰਵਾਸੀਆਂ ਖਿਲਾਫ ਐਲਾਈਨ ਐਨੀਮੀਜ਼ ਐਕਟ ਲਾਗੂ ਕਰਨ ਦੀ ਵੀ ਗੱਲ ਤੋਰੀ ਸੀ। ਟਰੰਪ ਦੀ ਰਾਸ਼ਟਰਪਤੀ ਵਜੋਂ ਆਮਦ ਤੋਂ ਬਾਅਦ ਪਰਵਾਸੀਆਂ ਖਿਲਾਫ ਕੀਤੀ ਗਈ ਸਖਤੀ ਅਮਰੀਕਾ ਲਈ ਵਿਵਾਦਗ੍ਰਸਤ ਬਣੀ ਹੋਈ ਹੈ। ਭਾਰਤੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਵਿੱਚ ਵੀ ਟਰੰਪ ਪ੍ਰਸ਼ਾਸਨ ਨੇ ਬੇਹੱਦ ਸਖਤੀ ਤੋਂ ਕੰਮ ਲਿਆ ਹੈ। ਕਈਆਂ ਨੂੰ ਹਥਕੜੀਆਂ ਅਤੇ ਬੇੜੀਆਂ ਲਾ ਕੇ ਭਾਰਤ ਵੱਲ ਡਿਪੋਰਟ ਕੀਤਾ ਗਿਆ। ਅਮਰੀਕਾ ਜਿਹੜਾ ਮੂਲ ਰੂਪ ਵਿੱਚ ਰੈਡ ਇੰਡੀਅਨਜ਼ ਦਾ ਮੁਲਕ ਹੈ, ਹੁਣ ਪਰਵਾਸੀਆਂ ਨਾਲ ਹੀ ਭਰਿਆ ਪਿਆ ਹੈ। ਆਲੋਚਕ ਇਹ ਵੀ ਸੁਆਲ ਕਰਦੇ ਹਨ ਕਿ ਅਮਰੀਕਾ ਗੋਰਿਆਂ ਦੇ ਪਿਓ ਦਾ ਮੁਲਕ ਨਹੀਂ। ਉਹ ਵੀ ਇੱਥੇ ਪਰਵਾਸ ਕਰਕੇ ਹੀ ਆਏ ਹਨ। ਇਸੇ ਤਰ੍ਹਾਂ ਵੈਨੇਜ਼ੂਏਲਾ ਦੇ ਪਰਵਾਸੀਆਂ ਨੂੰ ਜ਼ਬਰੀ ਡਿਪੋਰਟ ਕਰਨਾ ਵੀ ਉਨ੍ਹਾਂ ਦੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ। ਅਮਰੀਕੀ ਪ੍ਰਸ਼ਾਸਨ ਦੀ ਦਲੀਲ ਹੈ ਕਿ ਵੈਨੇਜ਼ੂਏਲਾ ਦੀ ਸਰਕਾਰ ਵੱਲੋਂ ਪ੍ਰਮੋਟ ਕੀਤਾ ਜਾਂਦਾ ਇੱਕ ਗੈਂਗ ‘ਟਰੇਨ ਡੀ ਆਰਗੂਆ’ ਉਨ੍ਹਾਂ ਲਈ ਸਿਰਦਰਦੀ ਬਣਿਆ ਹੋਇਆ ਹੈ; ਪਰ ਅਮਰੀਕੀ ਲਿਬਰਲ ਧਿਰਾਂ ਇਸ ਦਾ ਵਿਰੋਧ ਕਰਦੀਆਂ ਹਨ। ਉਨ੍ਹਾਂ ਅਨੁਸਾਰ ਆਪਣੀ ਤਾਕਤ ਵਧਾਉਣ ਲਈ ਟਰੰਪ ਪ੍ਰਸ਼ਾਸਨ ਵੱਲੋਂ ਘੜਿਆ ਗਿਆ ਇਹ ਬਹਾਨਾ ਮਾਤਰ ਹੈ।
ਵੈਨੇਜ਼ੂਏਲਾ ਦੇ ਰਾਸ਼ਟਰਪਤੀ ਮਦੂਰੋ ਨੇ ਆਪਣੇ ਦੇਸ਼ ਦੀ ਰਾਖੀ ਲਈ 40 ਲੱਖ ਸਿਵਲ ਮਲੀਸ਼ਆ ਤਾਇਨਾਤ ਕਰਨ ਦੀ ਦਲੀਲ ਦਿੱਤੀ ਹੈ।ਉਸ ਦਾ ਆਖਣਾ ਹੈ ਕਿ ਉਹ ਆਪਣੇ ਦੇਸ਼ ਦੀ ਜ਼ਮੀਨ ਦੇ ਇੱਕ-ਇੱਕ ਇੰਚ ਦੀ ਰਾਖੀ ਕਰਨਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਦੂਰੋ ਨੇ ਅਮਰੀਕਾ ਨਾਲ ਤਣਾਅ ਘੱਟ ਕਰਨ ਲਈ ਬੀਤੇ ਮਹੀਨੇ ਤੇਲ ਅਤੇ ਖਣਿੱਜ ਪਦਾਰਥਾਂ ਦੀ ਖੋਜ ਅਤੇ ਵਪਾਰ ਵਿੱਚ ਕਾਫੀ ਵੱਡੀ ਖੁੱਲ੍ਹ ਦੇਣ ਦੀ ਤਜਵੀਜ਼ ਦਿੱਤੀ ਸੀ, ਪਰ ਅਮਰੀਕਾ ਨੇ ਇਹ ਤਜਵੀਜ਼ ਸਵਿਕਾਰ ਨਹੀਂ ਕੀਤੀ।

Leave a Reply

Your email address will not be published. Required fields are marked *