ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ। ਇਸੇ ਸਾਂਝ ਤਹਿਤ ਚਿਲੀ ਨੇ ਸਿੱਖ ਧਰਮ ਨੂੰ ਮਾਨਤਾ ਦੇ ਕੇ ਪੰਜਾਬੀਆਂ ਦਾ ਮਾਣ ਵਧਾਇਆ। ਚਿਲੀ ਵਿਖੇ ਭਾਰਤੀਆਂ ਦਾ ਆਗਮਨ ਉਂਜ ਤਾਂ ਸੰਨ 1904 ਦੇ ਆਸ-ਪਾਸ ਹੋਇਆ ਸੀ, ਪਰ ਸੰਨ 1980 ਤੋਂ ਬਾਅਦ ਆਏ ਭਾਰਤੀ ਤਾਂ ਕੇਵਲ ਵੱਡੇ ਆਰਥਿਕ ਲਾਭ ਕਮਾਉਣ ਹਿਤ ਇੱਥੇ ਪੁੱਜੇ ਸਨ। ਪੰਜਾਬੀਆਂ ਦੀ ਚਿਲੀ ਵਿਖੇ ਆਮਦ ਉੱਨੀਵੀਂ ਸਦੀ ਦੇ ਅਰੰਭ ਵਿੱਚ ਹੀ ਹੋ ਗਈ ਸੀ, ਜੋ ਚਿਲੀ ਨੂੰ ਬੋਲੀਵਿਆ ਨਾਲ ਜੋੜਨ ਵਾਲੀ ਰੇਲਵੇ ਲਾਈਨ ਸਬੰਧੀ ਕੰਮ ਕਰਨ ਹਿਤ ਪੁੱਜੇ ਸਨ। ਪੇਸ਼ ਹੈ, ਇਸ ਸਾਂਝ ਦਾ ਸੰਖੇਪ ਵੇਰਵਾ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਉੱਤਰੀ ਅਮਰੀਕਾ ਦੇ ਪੱਛਮ ਵਿੱਚ ਸਥਿਤ ਚਿਲੀ ਨਾਮੀਂ ਦੇਸ਼ ਕਈ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ। ਇਹ ਸੰਸਾਰ ਦੇ ਦੱਖਣੀ ਹਿੱਸੇ ਵਿੱਚ ਸਥਿਤ ਲਗਪਗ ਆਖ਼ਰੀ ਮੁਲਕ ਹੈ ਅਤੇ ਇਹ ਅੰਟਾਰਟਿਕਾ ਦੇ ਬੇਹੱਦ ਨਜ਼ਦੀਕ ਹੈ। ਇਹ ਮੁਲਕ ਇੱਕ ਜ਼ਮੀਨ ਦੀ ਇੱਕ ਪਤਲੀ ਤੇ ਲੰਮੀ ਪੱਟੀ ’ਤੇ ਵੱਸਿਆ ਹੋਇਆ ਹੈ, ਜੋ ਕਿ ਪ੍ਰਸ਼ਾਂਤ ਮਹਾਂਸਾਗਰ ਅਤੇ ਐਂਡਸ ਪਰਬਤ ਦੇ ਦਰਮਿਆਨ ਸਥਿਤ ਹੈ। ਇਸ ਮੁਲਕ ਦਾ ਕੁੱਲ ਰਕਬਾ 7,56,102 ਵਰਗ ਕਿਲੋਮੀਟਰ ਹੈ ਅਤੇ ਸਾਲ 2023 ਵਿੱਚ ਇੱਥੋਂ ਦੀ ਆਬਾਦੀ ਅੰਦਾਜ਼ਨ 1 ਕਰੋੜ 96 ਲੱਖ ਦੇ ਕਰੀਬ ਸੀ। ਇੱਥੋਂ ਦੀ ਜਨਸੰਖਿਆ ਘਣਤਾ 24 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਕਰੀਬ ਬਣਦੀ ਹੈ। ਇਸ ਸੁੰਦਰ ਮੁਲਕ ਨੂੰ ਉੱਤਰ ਵਾਲੇ ਪਾਸਿਉਂ ਪੇਰੂ, ਉੱਤਰ-ਪੂਰਬ ਵੱਲੋਂ ਬੋਲੀਵਿਆ ਅਤੇ ਪੂਰਬ ਦਿਸ਼ਾ ਵੱਲੋਂ ਅਰਜਨਟੀਨਾ ਆਦਿ ਜਿਹੇ ਖ਼ੂਬਸੂਰਤ ਮੁਲਕਾਂ ਦੀਆਂ ਸਰਹੱਦਾਂ ਲੱਗਦੀਆਂ ਹਨ। ਇਹ ਮੁਲਕ ਅੰਟਾਰਟਿਕਾ ਦੇ 12,50,000 ਵਰਗ ਕਿਲੋਮੀਟਰ ਭਾਗ ਨੂੰ ‘ਚਿਲੀਅਨ ਅੰਟਾਰਟਿਕਾ ਟੈਰੇਟਰੀ’ ਭਾਵ ‘ਅੰਟਾਰਟਿਕਾ ਦਾ ਚਿਲੀ ਦੇ ਕਬਜ਼ੇ ਹੇਠਲਾ ਭਾਗ’ ਤਸਲੀਮ ਕਰਦਾ ਹੈ। ਇੱਥੋਂ ਦੀ ਭਾਸ਼ਾ ਸਪੈਨਿਸ਼ ਹੈ ਅਤੇ ਇਸ ਦੇਸ਼ ਦੀ ਰਾਜਧਾਨੀ ਦਾ ਨਾਂ ‘ਸੇਂਟਿਆਗੋ’ ਹੈ।
ਚਿਲੀ ਵਿਖੇ ਭਾਰਤੀਆਂ ਦਾ ਆਗਮਨ ਉਂਜ ਤਾਂ ਸੰਨ 1904 ਦੇ ਆਸ-ਪਾਸ ਹੋਇਆ ਸੀ, ਪਰ 1980 ਦੇ ਦਹਾਕੇ ਦੌਰਾਨ ਕੇਵਲ ਭਾਰਤ ਤੋਂ ਹੀ ਨਹੀਂ ਸਗੋਂ ਸਪੇਨ, ਹਾਂਗਕਾਂਗ, ਪਨਾਮਾ, ਫ਼ਿਲੀਪੀਨਜ਼, ਸਿੰਘਾਪੁਰ ਅਤੇ ਨਾਈਜੀਰੀਆ ਆਦਿ ਮੁਲਕਾਂ ਤੋਂ ਵੀ ਭਾਰਤੀ ਲੋਕ ਚੱਲ ਕੇ ਚਿਲੀ ਪਹੁੰਚੇ ਸਨ। ਸ਼ੁਰੂਆਤੀ ਦੌਰ ਵਿੱਚ ਇੱਥੇ ਪੁੱਜੇ ਭਾਰਤੀ ਲੋਕ ਅਸਲ ਵਿੱਚ ਖੇਤੀਬਾੜੀ, ਰੇਲਵੇ ਨਿਰਮਾਣ ਅਤੇ ਖਣਿਜਾਂ ਦੀਆ ਖਾਣਾਂ ਵਿੱਚ ਕੰਮ ਕਰਨ ਹਿਤ ਆਏ ਸਨ, ਪਰ ਸੰਨ 1980 ਤੋਂ ਬਾਅਦ ਆਏ ਭਾਰਤੀ ਤਾਂ ਕੇਵਲ ਵੱਡੇ ਆਰਥਿਕ ਲਾਭ ਕਮਾਉਣ ਹਿਤ ਇੱਥੇ ਪੁੱਜੇ ਸਨ। ਇੱਥੇ ਆਉਣ ਵਾਲੇ ਭਾਰਤੀਆਂ ਦਾ ਪਹਿਲਾ ਦਲ ਸਿੰਧੀ ਪਰਿਵਾਰਾਂ ਨਾਲ ਜੁੜਿਆ ਹੋਇਆ ਸੀ ਤੇ ਸੰਨ 1904 ਵਿੱਚ ਵਪਾਰਕ ਕਾਰਨਾਂ ਕਰਕੇ ਇੱਥੇ ਆਇਆ ਸੀ। ਇਸ ਸਿੰਧੀ ਦਲ ਦੇ ਮੈਂਬਰ ਹੌਲੀ-ਹੌਲੀ ਇੱਥੋਂ ਦੀ ਰਾਜਧਾਨੀ ਸੇਂਟਿਆਗੋ ਤੋਂ ਇਲਾਵਾ ਹੋਰਨਾਂ ਇਲਾਕਿਆਂ ਵਿੱਚ ਵੀ ਵੱਸਦੇ ਗਏ। ਸੰਨ 1980 ਤੋਂ ਬਾਅਦ ਇੱਥੇ ਆਏ ਭਾਰਤੀਆਂ ਨੇ ਹੀ ਇੱਥੇ ‘ਇੰਡੀਅਨ ਐਸੋਸੀਏਸ਼ਨ ਆਫ਼ ਸੇਂਟਿਆਗੋ’ ਨਾਮਕ ਸੰਗਠਨ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਭਾਰਤੀਆਂ ਵਿੱਚੋਂ ਜ਼ਿਆਦਾਤਰ ਭਾਰਤੀ ਲੋਕ ਇੰਜੀਨੀਅਰ ਜਾਂ ਫਿਰ ਬਹੁਰਾਸ਼ਟਰੀ ਕੰਪਨੀਆਂ ਦੇ ਕਰਮਚਾਰੀ ਸਨ। ਇੱਥੇ ਪੰਦਰਾਂ ਸੌ ਦੇ ਕਰੀਬ ਭਾਰਤੀਆਂ ਦਾ ਨਿਵਾਸ ਮੰਨਿਆ ਜਾਂਦਾ ਹੈ।
ਪੰਜਾਬੀਆਂ ਦੀ ਚਿਲੀ ਵਿਖੇ ਆਮਦ ਉੱਨੀਵੀਂ ਸਦੀ ਦੇ ਅਰੰਭ ਵਿੱਚ ਹੀ ਹੋ ਗਈ ਸੀ। ਉਹ ਪੰਜਾਬੀ ਲੋਕ ਇੱਥੇ ਚਿਲੀ ਨੂੰ ਬੋਲੀਵਿਆ ਨਾਲ ਜੋੜਨ ਵਾਲੀ ਰੇਲਵੇ ਲਾਈਨ ਸਬੰਧੀ ਕੰਮ ਕਰਨ ਹਿਤ ਪੁੱਜੇ ਸਨ। ਇੱਥੇ ਮੌਜੂਦ ਪੰਜਾਬੀਆਂ ਦੀ ਗਿਣਤੀ ਸਿੰਧੀ ਸਮਾਜ ਦੇ ਮੰਨਣ ਵਾਲਿਆਂ ਦੀ ਬਨਿਸਪਤ ਕਾਫੀ ਘੱਟ ਸੀ, ਪਰ ਉੱਤਰੀ ਅਮਰੀਕਾ ਵਿਖੇ ਸਿੱਖ ਧਰਮ ਦਾ ਖ਼ੂਬ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ‘ਕੁੰਡਲਿਨੀ ਯੋਗ’ ਦੇ ਸੰਚਾਲਕ ਸ. ਹਰਭਜਨ ਸਿੰਘ ਯੋਗੀ ਦੇ ਪ੍ਰਭਾਵ ਸਦਕਾ ਇੱਥੇ ਪੰਜਾਬੀ ਸਿੱਖਾਂ ਦੀ ਸੰਖਿਆ ਕੁਝ ਵਧੀ ਸੀ। ਚਿਲੀ ਵਿਖੇ ਦੋ ਸੁੰਦਰ ਗੁਰਦੁਆਰਾ ਸਾਹਿਬਾਨ ਵੀ ਸੁਸ਼ੋਭਿਤ ਹਨ, ਜਿਨ੍ਹਾਂ ਵਿੱਚੋਂ ਇੱਕ ਲਿਕੇਕ ਵਿਖੇ ਅਤੇ ਦੂਜਾ ਵਿਨਾ ਡੈਲਮਰ ਨਾਮੀਂ ਸਥਾਨ ’ਤੇ ਸਥਿਤ ਹੈ। ਲਿਕੇਕ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਿਲਕੁਲ ਨਾਲ ਇੱਕ ਹਿੰਦੂ ਮੰਦਿਰ ਵੀ ਸਥਿਤ ਹੈ, ਜਦੋਂ ਕਿ ਵਿਨਾ ਡੈਲਮਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਦਾ ਨਾਂ ‘ਗੁਰਦੁਆਰਾ ਗੁਰੂ ਰਾਮਦਾਸ ਆਸ਼ਰਮ’ ਹੈ ਤੇ ਇੱਥੇ 9 ਅਕਤੂਬਰ 2019 ਨੂੰ ਪਹਿਲੀ ਵਾਰ ਸਿੱਖੀ ਦੀ ਸ਼ਾਨ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਸ੍ਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ। ਸਮੂਹ ਪੰਜਾਬੀਆਂ ਲਈ ਬੜੇ ਹੀ ਫ਼ਖ਼ਰ ਦੀ ਗੱਲ ਹੈ ਕਿ ਇਸ ਮੁਲਕ ਵਿੱਚ ਵੀ ‘ਸਿੱਖ ਧਰਮ ਚਿਲੀ’ ਅਤੇ ‘ਲੰਗਰ ਚਿਲੀ’ ਨਾਂ ਪੰਜਾਬੀਆਂ ਨੇ ਸਥਾਪਿਤ ਕੀਤੇ ਹਨ ਅਤੇ ਸਿੱਖੀ ਦੀ ਵਡਮੁੱਲੀ ਲੰਗਰ ਪ੍ਰਥਾ ਤੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਇੱਥੇ ਵੀ ਬੁਾਖ਼ੂਬੀ ਚਲਾਇਆ ਤੇ ਫ਼ੈਲਾਇਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਗੁਜ਼ਰੇ ਸਮਿਆਂ ਅੰਦਰ ਚੱਲੀਆਂ ਉੱਤਰੀ ਅਮਰੀਕਾ ਦੀਆਂ ਏਸ਼ੀਅਨ-ਵਿਰੋਧੀ ਇਮੀਗ੍ਰੇਸ਼ਨ ਨੀਤੀਆਂ ਸਦਕਾ ਬਹੁਤ ਸਾਰੇ ਸਿੱਖ ਪਰਿਵਾਰ ਚਿਲੀ ਵਿਖੇ ਆ ਕੇ ਵੱਸ ਗਏ ਸਨ ਤੇ ਬਾਅਦ ਵਿੱਚ ਉਨ੍ਹਾਂ ’ਚੋਂ ਕੁਝ ਪਰਿਵਾਰ ਅਰਜਨਟੀਨਾ ਵਿਖੇ ਚਲੇ ਗਏ ਸਨ। ਇੱਥੇ ਵੱਸਦੇ ਪੰਜਾਬੀਆਂ ਦੀ ਗਿਣਤੀ ਅੰਦਾਜ਼ਨ ਪੰਜ ਕੁ ਸੌ ਤੋਂ ਵੱਧ ਦੱਸੀ ਜਾਂਦੀ ਹੈ। ਇਹ ਪੰਜਾਬੀ ਲੋਕ ਲਿਕੇਕ, ਵਿਨਾ ਡੈਲਮਰ ਅਤੇ ਸੇਂਟਿਆਗੋ ਨਾਮੀਂ ਸ਼ਹਿਰਾਂ ਵਿੱਚ ਵੱਸੇ ਹੋਏ ਹਨ।
ਸੰਨ 2010 ਵਿੱਚ ਚਿਲੀ ਦੇ ਇੱਕ ਫ਼ਿਲਮਕਾਰ ਨੇ ਇੱਥੇ ਵੱਸਦੇ ਸਿੱਖਾਂ ’ਤੇ ਆਧਾਰਿਤ ਇੱਕ ਦਸਤਾਵੇਜ਼ੀ ਫ਼ਿਲਮ ਵੀ ਤਿਆਰ ਕੀਤੀ ਸੀ, ਜਿਸਦਾ ਸਿਰਲੇਖ ਸੀ- ‘ਸਿੱਖਜ਼ ਇਨ ਸੇਂਟਿਆਗੋ’ ਭਾਵ ‘ਸੇਂਟਿਆਗੋ ਵਿਖੇ ਵੱਸਦੇ ਸਿੱਖ।’ ਇਸ ਫ਼ਿਲਮ ਰਾਹੀਂ ਚਿਲੀ ਵਿਖੇ ਵੱਸਦੇ ਪਗੜੀਧਾਰੀ ਸਿੱਖਾਂ ਨੂੰ ਇੱਥੇ ਆਪਣੇ ਧਾਰਮਿਕ ਚਿੰਨ੍ਹਾਂ ਦੇ ਕਾਰਨ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦੇ ਰੂਬਰੂ ਹੁੰਦਿਆਂ ਵਿਖਾਇਆ ਗਿਆ ਸੀ। ਸੰਨ 2016 ਵਿੱਚ ਚਿਲੀ ਦੀ ਸਰਕਾਰ ਵੱਲੋਂ ‘ਸਿੱਖ ਧਰਮ’ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰ ਦਿੱਤੀ ਗਈ ਸੀ, ਜਿਸਦੇ ਤਹਿਤ ਸਿੱਖਾਂ ਨੂੰ ਕਿਰਪਾਨ ਪਹਿਨਣ, ਆਪਣੇ ਧਾਰਮਿਕ ਕਰਮਕਾਂਡ ਕਰਨ ਅਤੇ ਦਾਨ ਆਦਿ ਹਾਸਿਲ ਕਰਨ ਦੀ ਪੂਰਨ ਆਗਿਆ ਹਾਸਿਲ ਹੋ ਗਈ ਸੀ। ਆਪਣੀ ਇਸ ਪ੍ਰਾਪਤੀ ’ਤੇ ਫ਼ਖ਼ਰ ਮਹਿਸੂਸ ਕਰਦਿਆਂ ਉਸ ਵੇਲੇ ਚਿਲੀ ਦੀ ਨਿਵਾਸੀ ਸਰਦਾਰਨੀ ਰੁਪਿੰਦਰ ਕੌਰ ਖ਼ਾਲਸਾ ਨੇ ਕਿਹਾ ਸੀ, “ਹੁਣ ਅਸੀਂ ਜ਼ਿਆਦਾ ਸੁਰੱਖਿਅਤ ਹਾਂ। ਹੁਣ ਸਾਨੂੰ ਨੌਕਰੀ ਪੱਖੋਂ, ਸਿਹਤ ਸੇਵਾਵਾਂ ਅਤੇ ਸਿਆਸੀ ਪੱਖੋਂ ਵਧੇਰੇ ਸੁਰੱਖਿਆ ਹਾਸਿਲ ਹੋ ਗਈ ਹੈ। ਇਹ ਸਾਡੀ ਕੌਮ ਲਈ ਚੰਗੀ ਖ਼ਬਰ ਹੈ। ਹੁਣ ਸਾਨੂੰ ਜਨਤਕ ਸਥਾਨਾਂ ’ਤੇ ਇਕੱਠ ਕਰਨ ਦਾ ਹੱਕ ਹਾਸਿਲ ਹੋ ਗਿਆ ਹੈ।”
ਇੱਥੇ ਇਹ ਵੀ ਵਿਸ਼ੇਸ਼ ਤੌਰ ’ਤੇ ਯਾਦ ਰੱਖਣਯੋਗ ਹੈ ਕਿ ਸਿੱਖ ਧਰਮ ਨੂੰ ਮਾਨਤਾ ਪ੍ਰਦਾਨ ਕਰਨ ਵਾਲਾ ਇਹ ਉੱਤਰੀ ਅਮਰੀਕਾ ਦਾ ਪਹਿਲਾ ਮੁਲਕ ਹੈ। ਸੰਨ 2005 ਦੀ 20 ਜਨਵਰੀ ਨੂੰ ਉਸ ਵੇਲੇ ਦੇ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਚਿਲੀ ਦੇ ਸਾਬਕਾ ਰਾਸ਼ਟਰਪਤੀ ਰਿਕਾਰਡੋ ਲਾਗੋਸ ਨਾਲ ਮੁਲਾਕਾਤ ਕੀਤੀ ਸੀ ਤੇ ਚਿਲੀ ਦੇ ਕਿਸੇ ਵੱਡੇ ਸਿਆਸਤਦਾਨ ਨਾਲ ਮੁਲਾਕਾਤ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਤੇ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਸਨ।
