ਵਿਚਾਲੜਾ ਕਾਲਮ
ਬਖ਼ਸ਼ਿੰਦਰ
ਕਿਸੇ ਜ਼ਮਾਨੇ ਵਿਚ, ਕੇਂਦਰ ਸਰਕਾਰ ਦੇ ਇਕ ਮਹਿਕਮੇ ਵਿਚ ਪੱਤਰਕਾਰੀ ਵਰਗਾ ਹੀ ਕੰਮ ਕਰਦੇ ਮੇਰੇ ਮਰਹੂਮ ਦੋਸਤ ਗੁਰਮੇਲ ਸਰਾ ਵੱਲੋਂ ਲਿਖੀ ਗਈ ਇਕ ਲੇਖ-ਮਾਲ਼ਾ, ਇਕ ਹਫ਼ਤਾਵਾਰੀ ਕਾਲਮ ਵਜੋਂ ਛਾਪਣ ਖ਼ਾਤਰ ਮੈਂ ਉਸ ਕਾਲਮ ਦੀ ਜ਼ਿਮਨੀ ਸੁਰਖ਼ੀ ਯਾਨੀ ਉਪ ਸਿਰਲੇਖ ‘ਜ਼ੀਰੋ ਕਾਲਮ’ ਰੱਖਿਆ ਸੀ ਤੇ ਇਸ ਦੀ ਵਿਆਖਿਆ ਇਹ ਕੀਤੀ ਸੀ ਕਿ ਅਖ਼ਬਾਰ ਦੇ ਅੱਠਾਂ ਕਾਲਮਾਂ ਵਿਚ ਛਪਦੀ ਸਮੱਗਰੀ ਦੇ ਸਬੰਧ ਵਿਚ ਟਿੱਪਣੀ ਕਰਨ ਲਈ ਲਿਖੀ-ਛਾਪੀ ਜਾਣ ਵਾਲ਼ੀ ਉਹ ਸਮੱਗਰੀ, ਅਖ਼ਬਾਰ ਦੇ ਅੱਠਾਂ ਕਾਲਮਾਂ ਵਿਚ ਤਾਂ ਕਿਤੇ ਸਮਾਅ ਨਹੀਂ ਸਕਦੀ,
ਜਿਸ ਕਰ ਕੇ ਉਸ ਕਾਲਮ ਦਾ ਸਿਰਲੇਖ ‘ਪਹਿਲਾ ਕਾਲਮ’ ਜਾਂ ‘ਆਖ਼ਰੀ ਕਾਲਮ’ ਲਿਖਣ ਦੀ ਥਾਂ, ਸਕੂਲਾਂ ਵਿਚ ਪੜ੍ਹਾਈ ਦੇ ਅਸਲੀ ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ, ਬੱਚਿਆਂ ਨੂੰ ਪੜ੍ਹਾਉਣ ਖ਼ਾਤਰ ਦਿੱਤੇ ਜਾਂਦੇ ਸਮੇਂ ਨੂੰ ‘ਜ਼ੀਰੋ ਪੀਰੀਅਡ’ ਕਿਹਾ ਜਾਣ ਦੀ ਰੀਸੇ ਉਸ ਕਾਲਮ ਦਾ ਨਾਂ ‘ਜ਼ੀਰੋ ਕਾਲਮ’ ਰੱਖਣ ਦਾ ਫ਼ੈਸਲਾ ਕੀਤਾ ਸੀ। ਮੇਰੇ ਇਸ ਲੇਖ ਦੇ ਸਿਰਲੇਖ ਨਾਲ ਲਿਖਿਆ ਹੋਇਆ ਫਲਿੱਕਰ ਸਿਰਲੇਖ ‘ਵਿਚਾਲੜਾ ਕਾਲਮ’ ਵੀ ਉਸੇ ਹੀ ਪ੍ਰਥਾਏ ਘੜਿਆ ਗਿਆ ਸਮਝਿਆ ਜਾਵੇ ਜੀ। ‘ਕਾਹਲ਼ੀ-ਕਾਹਲ਼ੀ ਲਿਖੇ ਗਏ ਇਸ ਲੇਖ’ ਦਾ ਵਿਸ਼ਾ ਸਾਹਿਤ ਨਹੀਂ, ਪੱਤਰਕਾਰੀ ਹੈ ਤੇ ਇਸ ਸਿਰਲੇਖ ਤੋਂ ਇਸ ਦੇ ਇਹੋ ਅਰਥ ਕੱਢੇ ਜਾਣ ਜੀ, ਕਿਉਂ ਕਿ ਪੱਤਰਕਾਰੀ ਦੀ ਪੜ੍ਹਾਈ-ਸਿਖਲਾਈ ਦੌਰਾਨ ਪੱਤਰਕਾਰੀ ਦੀਆਂ ਪ੍ਰੀਭਾਸ਼ਾਵਾਂ ਦੱਸਦਿਆਂ ਇਹ ਵੀ ਸਮਝਾਇਆ ਜਾਂਦਾ ਹੁੰਦਾ ਸੀ ਕਿ ‘ਪੱਤਰਕਾਰੀ ਵੀ ਕਾਹਲ਼ੀ ਵਿਚ ਲਿਖਿਆ ਸਾਹਿਤ’ ਹੀ ਹੁੰਦੀ ਹੈ।
ਅਖ਼ਬਾਰਾਂ ਦੇ ਨਿਊਜ਼ਰੂਮਾਂ ਵਿਚ ਕਲਮਾਂ ਚਲਾਉਣ ਵਾਲ਼ੇ ਕਲਮਕਾਰਾਂ ਵਿਚੋਂ ਕਈਆਂ ਨੂੰ ਅਖ਼ਬਾਰਾਂ ਵਿਚ ਲਿਖਤਾਂ ਕੱਟਣ-ਤਰਾਸ਼ਣ ਤੋਂ ਇਲਾਵਾ ਸਾਹਿਤ ਲਿਖਣ ਦਾ ਭੁਸ ਵੀ ਹੁੰਦਾ ਹੈ। ਕਦੇ-ਕਦੇ ਕੁੱਝ ਲੋਕਾਂ ਨੂੰ, ਅਖ਼ਬਾਰਾਂ ਵਿਚ ਕੰਮ ਕਰਦਿਆਂ ਹੀ, ਕਵਿਤਾ-ਕਹਾਣੀ ਲਿਖਣ ਵਾiਲ਼ਆਂ ਨੂੰ ਲੇਖਕ ਸਮਝਣਾ ਬਹੁਤ ਔਖਾ ਲੱਗਦਾ ਰਹਿੰਦਾ ਹੁੰਦਾ ਸੀ। ਉਂਝ ਕਈ ਵਾਰੀ ਕੁੱਝ ਲੋਕ, ਕਵਿਤਾਵਾਂ-ਕਹਾਣੀਆਂ ਲਿਖਣ ਦੀ ਵਜ੍ਹਾ ਨਾਲ਼ ਹੀ ਅਖ਼ਬਾਰਾਂ ਵਿਚ ਕੰਮ ਕਰਨ ਲਈ ਰੱਖ ਲਏ ਜਾਂਦੇ ਸਨ। ਫੇਰ ਅਖ਼ਬਾਰਾਂ ਦੇ ਸਾਹਿਤਕ ਐਡੀਸ਼ਨ ਕੱਢੇ ਜਾਣ ਨਾਲ਼ ਤਾਂ ਪੱਤਰਕਾਰਾਂ ਤੇ ਲੇਖਕਾਂ ਵਿਚਾਲੜਾ ਫ਼ਾਸਲਾ ਹੋਰ ਵੀ ਘਟ ਕੇ, ਮਿਟਦਾ-ਮਿਟਦਾ, ਮਿਟ ਹੀ ਗਿਆ। ਪਿਛਲੇ ਕੁੱਝ ਅਰਸੇ ਤੋਂ ਪੱਤਰਕਾਰੀ ਤੇ ਸਾਹਿਤ ਵਿਚਾiਲ਼ਓਂ ਮਿਟਾਈ ਹੋਈ ਇਹ ਮੋਟੀ ਸਾਰੀ ਲੀਕ ਫਿਰ ਉੱਘੜ ਆਈ ਹੈ। ਇਸ ਦਾ ਦਸਤਾਵੇਜ਼ੀ ਸਬੂਤ, ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਲਿਖੀ ਹੋਈ ਅਤੇ ਸਾਲ 2022 ਵਿਚ ‘ਲੋਕਗੀਤ ਪ੍ਰਕਾਸ਼ਨ’ ਵੱਲੋਂ ਪ੍ਰਕਾਸ਼ਤ ਕਿਤਾਬ ‘ਪੱਤਰਕਾਰੀ ਕਿ ਤਰਕਾਰੀ’ ਆਉਣ ਨਾਲ਼ ਸਾਹਮਣੇ ਆਇਆ ਹੈ।
ਤਕਰੀਬਨ ਸਾਢੇ ਤਿੰਨ ਦਹਾਕੇ, ਪੰਜਾਬ ਦੇ ਤਿੰਨ ਪੰਜਾਬੀ ਅਖ਼ਬਾਰਾਂ ਦੇ ਨਿਊਜ਼ਰੂਮਾਂ ਵਿਚ ਕੰਮ ਕਰਦੇ ਰਹਿਣ ਮਗਰੋਂ ਰਿਟਾਇਰ ਹੋਣ ਬਾਅਦ, ਇਨ੍ਹਾਂ ਤੇਹਾਂ ਹੀ ਅਖ਼ਬਾਰਾਂ ਵਿਚ ਕੰਮ ਕਰਦਿਆਂ, ਹੋਏ ਭਾਂਤ-ਸੁਭਾਂਤੇ ਤਜਰਬਿਆਂ ਦੇ ਆਧਾਰ ’ਤੇ ਲਿਖੀ ਗਈ ਇਹ ਕਿਤਾਬ, ਆਪਣੀ ਸ਼ੈਲੀ ਦੀ ਵਜ੍ਹਾ ਨਾਲ਼ ਪਾਠਕਾਂ ਨੂੰ ਸਾਹਿਤਕ ਸੁਆਦ ਦੇਣ ਦੇ ਨਾਲ਼-ਨਾਲ਼ ਪੱਤਰਕਾਰੀ ਦੇ ਵਿਦਿਆਰਥੀਆਂ ਅਤੇ ਖੋਜੀਆਂ ਨੂੰ ਪੱਤਰਕਾਰੀ ਦੇ ਕਸਬ ਬਾਰੇ ਵੀ ਕਈ ਅਹਿਮ ਨੁਕਤੇ ਦੱਸਦੀ ਹੈ।
ਇਸ ਕਿਤਾਬ ਤੋਂ, 1978 ਤੋਂ 2009 ਤਕ, ਇਨ੍ਹਾਂ ਅਖ਼ਬਾਰਾਂ (ਨਵਾਂ-ਜ਼ਮਾਨਾ, ਜੱਗ-ਬਾਣੀ, ਪੰਜਾਬੀ ਟ੍ਰਿਬਿਊਨ) ਦੇ ਸਰੂਪ ਅੰਦਰ ਆਈਆਂ ਰੂਪਕ ਅਤੇ ਤਕਨੀਕੀ ਤਬਦੀਲੀਆਂ ਦਾ ਇਤਿਹਾਸ ਖੋਜਣ ਵਿਚ ਬਹੁਤ ਮਦਦ ਮਿਲ਼ ਸਕਦੀ ਹੈ। ਇਨ੍ਹਾਂ ਵਿਚੋਂ ਕੁੱਝ ਅਖ਼ਬਾਰਾਂ ਦੇ ਛਾਪਾਖ਼ਾਨਿਆਂ ਵਿਚ ਕੰਮ ਕਰਦੇ ਕੁੱਝ ਤਕਨੀਸ਼ੀਅਨਾਂ ਨੇ ਤਾਂ ਛਾਪੇਖ਼ਾਨੇ ਬਾਰੇ, ਦੇਸੀ ਜਿਹੇ ਢੰਗਾਂ ਨਾਲ਼ ਕਈ ਖੋਜਾਂ ਹੀ ਨਹੀਂ ਕੀਤੀਆਂ, ਸਗੋਂ ਉਨ੍ਹਾਂ ਖੋਜਾਂ ਦੇ ਆਧਾਰ ’ਤੇ ਬਣਾਏ ਕਈ ਜੁਗਾੜ ਵਰਤ ਕੇ, ਉਨ੍ਹਾਂ ਤੋਂ ਚੰਗੇ ਨਤੀਜੇ ਵੀ ਕੱਢੇ ਹੋਏ ਹਨ। ਮੈਂ ਦਾਅਵੇ ਨਾਲ਼ ਕਹਿ ਸਕਦਾ ਹਾਂ ਕਿ ਇਹ ਜਾਣਕਾਰੀ, ‘ਪੱਤਰਕਾਰੀ ਕਿ ਤਰਕਾਰੀ’ ਛਪ ਕੇ ਆਉਣ ਤੋਂ ਪਹਿਲਾਂ, ਕਿਸੇ ਲੇਖ ਜਾਂ ਕਿਤਾਬ ਵਿਚ ਦਰਜ ਨਹੀਂ ਕੀਤੀ ਹੋਈ ਸੀ। ਇਸ ਕਰ ਕੇ ਵੀ ਇਹ ਕਿਤਾਬ, ਛਪਾਈ ਦੀ ਤਕਨੀਕ ਦੇ ਸਬੰਧ ਵਿਚ ਖੋਜ ਕਾਰਜ ਕਰਨ ਲਈ ਵੀ ਲਾਹੇਵੰਦ ਹੈ।
ਭਾਵੇਂ ਅੱਜ-ਕੱਲ੍ਹ ਭਾਸ਼ਾ ਦੇ ਗਿਆਨ ਤੋਂ ਸੱਖਣੇ ਲੋਕ ਵੀ ਪੱਤਰਕਾਰੀ ਦੇ ਖੇਤਰ ਵਿਚ ਖ਼ਲੀਫ਼ੇ ਬਣੇ ਦਿਸਦੇ ਹਨ, ਪਰ ਇਹ ਕਿਤਾਬ ਦਰਸਾਉਂਦੀ ਹੈ ਕਿ ਭਾਸ਼ਾ, ਪੱਤਰਕਾਰੀ ਦੀ ਗੱਡੀ ਹੈ। ਸ਼ਬਦਾਂ ਨੂੰ ਚੰਗੀ ਤੇ ਸਹੀ ਭਾਸ਼ਾ ਦੀ ਸਵਾਰੀ ਕਰਾ ਕੇ ਹੀ ਪੱਤਰਕਾਰੀ ਦੀ ਕਲਾ ਦੇ ਜੌਹਰ ਦਿਖਾਏ ਜਾ ਸਕਦੇ ਹਨ। ਭਾਸ਼ਾ ਦੇ ਗਿਆਨ ਦੀ ਅਣਹੋਂਦ ਵਿਚ ਪੱਤਰਕਾਰੀ ਮਖ਼ੌਲ਼ ਹੀ ਬਣ ਕੇ ਰਹਿ ਚੱਲੀ ਹੈ। ਭਾਸ਼ਾ ਦੀਆਂ ਬਾਰੀਕੀਆਂ ਵੱਲ ਵੀ ਇਹ ਕਿਤਾਬ ਝਾਤੀਆਂ ਪੁਆਉਂਦੀ ਹੈ।
‘ਕਾਹਲ਼ੀ-ਕਾਹਲ਼ੀ ਲਿਖਿਆ ਹੋਇਆ ਇਹ ਲੇਖ’ ਇਸ ਪਰਚੇ ਵਿਚ ਛਪਾ ਕੇ, ਵਿਸ਼ੇਸ਼ ਤੌਰ ’ਤੇ ਦੱਸਣ ਵਾਲ਼ੀ ਗੱਲ਼ ਇਹ ਵੀ ਹੈ ਕਿ ਇਹ ਲੇਖ ਛਪਣ ਵੇਲ਼ੇ ਤਕ, ਇਹ ਕਿਤਾਬ ਪ੍ਰਕਾਸ਼ਤ ਹੋਈ ਨੂੰ 5 ਸਾਲ ਹੋ ਜਾਣਗੇ। ਪੰਜਾਬੀ ਦੇ ਆਲੋਚਕਾਂ, ਸਮੀਖਿਅਕਾਂ ਜਾਂ ਵਿਆਖਿਆਕਾਰਾਂ ਨੇ ਇਹ ਕਿਤਾਬ ਪੜ੍ਹੀ ਤਾਂ ਸ਼ਾਇਦ ਜ਼ਰੂਰ ਹੋਵੇ, ਪਰ ਇਸ ਬਾਰੇ ਕੋਈ ਛੋਟਾ-ਮੋਟਾ ਲੇਖ ਨਹੀਂ ਲਿਖਿਆ, ਕੋਈ ਲਿਖਤੀ ਟਿੱਪਣੀ ਨਹੀਂ ਕੀਤੀ। ਕੀ ਇਸ ਦੀ ਵਜ੍ਹਾ ਇਹ ਤਾਂ ਨਹੀਂ ਕਿ ਕਿਤੇ ਇਸ ਕਿਤਾਬ ਬਾਰੇ ਕੋਈ ਲੇਖ ਲਿਖਣ ਵਾiਲ਼ਆਂ ਨੂੰ, ਇਸ ਕਿਤਾਬ ਵਿਚ ਜ਼ਾਹਰ ਕੀਤੀਆਂ ਹੋਈਆਂ ਕੁੱਝ ਕੌੜੀਆਂ ਸੱਚਾਈਆਂ ਦੇ ਹਮਾਇਤੀ ਸਮਝ ਲਏ ਜਾਣ ਦਾ ਡਰ ਹੋਵੇ?
ਕਿਸੇ ਪੱਤਰਕਾਰ ਵੱਲੋਂ ਬਹੁਤ ਮਿਹਨਤ ਕਰ ਕੇ ਅਤੇ ਬਹੁਤ ਬੇਬਾਕੀ ਨਾਲ਼ ਲਿਖੀ ਇਕ ਕਿਤਾਬ (ਪੱਤਰਕਾਰੀ ਕਿ ਤਰਕਾਰੀ) ਬਾਰੇ ਨਿਰਪੱਖਤਾ ਨਾਲ਼ ਆਪਣੀ ਰਾਇ ਜ਼ਾਹਰ ਕਰਨ ਬਾਰੇ ਹੀ ਇੰਨਾ ਡਰਨ ਵਾਲ਼ੀ ਪੱਤਰਕਾਰ ਸੈਨਾ, ਕਿਸੇ ਮਜ਼ਲੂਮ ਦੀ ਦਾਸਤਾਨ ਲਿਖਣ ਲਈ ਕਿੰਨੀ ਕੁ ਨਿਰਪੱਖ ਤੇ ਦਲੇਰ ਹੋਵੇਗੀ, ਇਸ ਦਾ ਅਨੁਮਾਨ ਲਾਉਣਾ ਔਖਾ ਨਹੀਂ ਹੈ।
ਇਸ ਤਰ੍ਹਾਂ ਦੀ ਕਿਤਾਬ, ਗੁਰਮੁਖੀ ਵਿਚ ਪਹਿਲਾਂ ਕਦੇ ਨਹੀਂ ਲਿਖੀ ਗਈ। ਹਾਂ, ਅੰਗਰੇਜ਼ੀ ਭਾਸ਼ਾ ਦੇ ਇਕ ਅਮਰੀਕੀ ਪੱਤਰਕਾਰ ਮੌਰਟ ਰੋਜ਼ਨਬਲੱਮ (ੰੋਰਟ ੍ਰੋਸੲਨਬਲੁਮ) ਨੇ ‘ਕੂਜ਼ ਐਂਡ ਅਰਥਕਏਕਸ’ (ਛੋੁਪਸ ੳਨਦ ਓਅਰਟਹਤੁਅਕੲਸ) ਸਿਰਲੇਖ ਹੇਠ ਇਕ ਕਿਤਾਬ ਜ਼ਰੂਰ ਲਿਖੀ ਹੋਈ ਹੈ। ਮੈਂ ਉਹ ਕਿਤਾਬ ਦੋ ਵਾਰ ਖਰੀਦੀ ਤੇ ਪੜ੍ਹੀ ਹੈ। ‘ਇਸ ਕਿਤਾਬ ਦੀ ਕੀ ਲੋੜ ਸੀ!’ ਸਿਰਲੇਖ ਅਧੀਨ ‘ਪੱਤਰਕਾਰੀ ਕਿ ਤਰਕਾਰੀ’ ਦੀ ‘ਆਦਿਕਾ’ ਵਿਚ ਮੈਂ ਰੋਜ਼ਨਬਲੱਮ ਦੀ ਕਿਤਾਬ ਦੇ ਹਵਾਲੇ ਨਾਲ਼ ਇਸ ਤਰ੍ਹਾਂ ਲਿਖਿਆ ਹੋਇਆ ਹੈ:
“ਉਹ ਕਿਤਾਬ ਪੜ੍ਹ ਕੇ ਮੈਂ, ਆਪਣੇ-ਆਪ ਨਾਲ਼ ਇਕ ਇਕਰਾਰ ਕੀਤਾ ਸੀ ਕਿ ਜੇ ਕਦੇ ਮੈਂ ਆਪਣੀ ਅਖ਼ਬਾਰੀ ਜ਼ਿੰਦਗ਼ੀ ਬਾਰੇ ਕੋਈ ਕਿਤਾਬ ਲਿਖੀ ਤਾਂ ਮੈਂ ਉਹ ਕਿਤਾਬ ਲਿਖਦਿਆਂ, ਇਹ ਕਿਤਾਬ ਆਪਣੇ ਜ਼ਿਹਨ ਵਿਚ ਰੱਖਾਂਗਾ। ਮੇਰੀ ਕਿਤਾਬ ਦੇ ਜਿਨ੍ਹਾਂ ਪਾਠਕਾਂ ਨੇ ‘ਛੋੁਪਸ ੳਨਦ ਓਅਰਟਹਤੁਅਕੲਸ’ ਨਾਂ ਦੀ ਇਹ ਕਿਤਾਬ ਪੜ੍ਹੀ ਹੋਵੇਗੀ, ਉਹ ਮੇਰੀ ਕਿਤਾਬ ਪੜ੍ਹ ਕੇ ਵੀ ਨਿਰਾਸ਼ ਨਹੀਂ ਹੋਣਗੇ, ਇਹ ਮੇਰਾ ਦਾਅਵਾ ਹੈ…।”
ਇਸ ਕਿਤਾਬ ਦੀ ਆਦਿਕਾ ਦਾ ਅੰਤ ਕਰਨ ਤੋਂ ਪਹਿਲਾਂ ਖਾਕਸਾਰ ਨੇ ਕੁੱਝ ਇਸ ਤਰ੍ਹਾਂ ਵੀ ਅਰਜ਼ ਕੀਤਾ ਹੋਇਆ ਹੈ, “ਜੇ ਤੁਸੀਂ ਪੱਤਰਕਾਰੀ ਦੇ ਰਵਾਇਤੀ ਕਿਰਦਾਰ ਦੇ ਵਾਰੇ-ਵਾਰੇ ਜਾਣ ਲਈ ਤਿਆਰ ਰਹਿੰਦੇ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਅਖ਼ਬਾਰ ਦਾ ਮਾਲਕ, ਜੋ ਆਮ ਤੌਰ ’ਤੇ ਹੀ ਉਸ ਅਖ਼ਬਾਰ ਦਾ ਸੰਪਾਦਕ ਵੀ ਹੁੰਦਾ ਹੈ, ਸਮਾਜ ਸੇਵਾ ਦਾ ਥੰਮ ਹੈ, ਇਨਸਾਫ਼ ਦਾ ਰਾਖਾ ਹੈ ਤਾਂ ਤੁਸੀਂ ਇਸ ਕਿਤਾਬ ਦੇ ਸਹੀ ਪਾਠਕ ਹੋ। ਇਹ ਕਿਤਾਬ ਪੜ੍ਹ ਕੇ, ਪੱਤਰਕਾਰੀ ਦੇ ਸਬੰਧ ਵਿਚ ਤੁਹਾਨੂੰ ਪਏ ਹੋਏ ਬਹੁਤ ਸਾਰੇ ਭਰਮ-ਭੁਲੇਖੇ ਟੁੱਟਣਗੇ ਹੀ ਨਹੀਂ, ਟੁੱਟ ਕੇ ਚਕਨਾਚੂਰ ਵੀ ਹੋ ਜਾਣਗੇ…।”
ਇਸੇ ਹੀ ਕਿਤਾਬ ਦੇ ਪਲੇਠੇ ਲੇਖ ‘ਅਖ਼ਬਾਰ ਨਾਲ਼ ਪਿਆ ਪਹਿਲਾ ਵਾਹ’ ਦੇ ਆਖ਼ਰੀ ਪੈਰੇ ਵਿਚ ਲਿਖੇ ਕੁੱਝ ਵਾਕ ਪੱਤਰਕਾਰੀ ਦੇ ਸਿਖਿਆਰਥੀਆਂ ਤੇ ਖੋਜਾਰਥੀਆਂ ਦੇ ਕੰਨ ਖੜ੍ਹੇ ਕਰਨ ਲਈ ਕਾਫ਼ੀ ਹਨ। ਇਹ ਵਾਕ ਇਸ ਤਰ੍ਹਾਂ ਹਨ, “ਯਾਦ ਨਹੀਂ ਕਿਸ ਸਾਲ ਦੀ ਗੱਲ ਹੈ ਕਿ ‘ਨਵਾਂ ਜ਼ਮਾਨਾ’ ਵਿਚ ਇਕ ਡੱਬੀ ਛਪੀ, ਜਿਸ ਵਿਚ ‘ਪੱਤਰਕਾਰੀ ਦਾ ਕੋਰਸ’ ਕਰਾਉਣ ਦੀ ਗੱਲ ਕੀਤੀ ਹੋਈ ਸੀ। ਉਸ ਵੇਲ਼ੇ, ਕਿਸੇ ਹੋਰ ਸੂਬੇ ਦਾ ਤਾਂ ਇਲਮ ਨਹੀਂ, ਪੰਜਾਬ ਦੇ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿਚ ‘ਪੱਤਰਕਾਰੀ ਦੀ ਪੜ੍ਹਾਈ’ ਯਾਨੀ ‘ਪੱਤਰਕਾਰੀ ਦਾ ਕੋਰਸ’ ਨਹੀਂ ਕਰਾਇਆ ਜਾਂਦਾ ਸੀ। ਇਸ ਤਰ੍ਹਾਂ ‘ਨਵਾਂ ਜ਼ਮਾਨਾ’ ਪੰਜਾਬੀ ਪੱਤਰਕਾਰੀ ਦਾ ਪਹਿਲਾ ਕਾਲਜ ਵੀ ਬਣ ਗਿਆ। ਉਹ ਡੱਬੀ ਪੜ੍ਹ ਕੇ ਮੇਰੇ ਮਨ ਵਿਚ ‘ਕੁਆਲੀਫਾਈਡ ਜਰਨਲਿਸਟ’ ਬਣਨ ਦੀ ਰੀਝ ਜਾਗ ਪਈ ਸੀ।”
‘ਆਦਿਕਾ’ ਦੇ ਹੀ 13ਵੇਂ ਸਫ਼ੇ ਦੇ ਸਿਖ਼ਰ ਛਪੀਆਂ ਇਹ ਸਤਰਾਂ ਵੀ ਗੌਲਣ ਯੋਗ ਹਨ: “ਭਾਵੇਂ ਅਚਾਨਕ ਹੀ ਚੱਲੀ ਹੋਵੇ, ਗੋਲੀ ਚੱਲਣ ਦੀ ਖ਼ਬਰ, ਹਰ ਅਖ਼ਬਾਰ ਲਈ ਬਹੁਤ ਅਹਿਮ ਹੁੰਦੀ ਹੈ, ਪਰ ਕਿਸੇ ਅਖ਼ਬਾਰ ਦੇ ਦਫ਼ਤਰ ਅੰਦਰ, ਮਾਲਕਾਂ ਵਿਚੋਂ ਕਿਸੇ ਤੋਂ ਗੋਲੀ ਚੱਲ ਜਾਵੇ ਤਾਂ ਉਹ ਖ਼ਬਰ ਵੀ ਨਹੀਂ ਰਹਿ ਜਾਂਦੀ। ਦੁਨੀਆਂ ਭਰ ਦੇ ਅਦਾਰਿਆਂ ਦੇ ਮੁਲਾਜ਼ਮ, ਆਪਣੀਆਂ ਮੰਗਾਂ ਦੇ ਹੱਕ ਵਿਚ ਰੈਲੀਆਂ-ਮੁਜ਼ਾਹਿਰੇ ਕਰਨ ਤਾਂ ਉਨ੍ਹਾਂ ਦੀਆਂ ਰੈਲੀਆਂ ਤੇ ਮੁਜ਼ਾਹਰਿਆਂ ਦੀਆਂ ਖ਼ਬਰਾਂ ਤੇ ਤਸਵੀਰਾਂ ਅਖ਼ਬਾਰਾਂ ਵਿਚ ਛਪਿਆ ਕਰਦੀਆਂ ਹਨ, ਪਰ ਸਭ ਦੇ ਹੱਕਾਂ ਲਈ ਹੁੰਦੇ ਮੁਜ਼ਾਹਰਿਆਂ ਅਤੇ ਰੈਲੀਆਂ ਦੀਆਂ ਖ਼ਬਰਾਂ ਛਾਪਣ ਵਾਲ਼ੇ ਪੱਤਰਕਾਰ, ਆਪਣੇ ਹੱਕਾਂ ਦੇ ਸਬੰਧ ਵਿਚ ਇਕ ‘ਹੋਕਾ’ ਵੀ ਨਹੀਂ ਦੇ ਸਕਦੇ, ਇਕ ‘ਹਾਕ’ ਵੀ ਨਹੀਂ ਮਾਰ ਸਕਦੇ। ਜੇ ਕਿਤੇ ਕੋਈ ਪੱਤਰਕਾਰ ਆਪਣੀ ਕਿਸੇ ਹੱਕੀ ਮੰਗ ਦੇ ਸਬੰਧ ਵਿਚ ਅਵਾਜ਼ ਉਠਾ ਹੀ ਬੈਠੇ ਤਾਂ ਉਸ ਨੂੰ ਇਸ ਸਬੰਧੀ ਵਜ੍ਹਾ ਬਿਆਨ ਕਰਨ ਦਾ ਨੋਟਿਸ ਮਿਲ ਸਕਦਾ ਹੈ ਤੇ ਇਸੇ ਹੀ ਗੱਲੋਂ ਉਸ ਦੀ ਨੌਕਰੀ ਖ਼ਤਰੇ ਵਿਚ ਪੈ ਸਕਦੀ ਹੈ।…”
ਲੋਕਾਂ ਦੇ ਬਹੁਤ ਸਾਰੇ ਮਸਲੇ ਹੱਲ ਕਰਾਉਣ ਲਈ ਅਵਾਜ਼ ਉਠਾਉਣ ਖ਼ਾਤਰ ਮੰਚ ਬਣਦਾ ‘ਪ੍ਰੈੱਸ’, ਜੋ ਹੁਣ ‘ਮੀਡੀਆ’ ਕਹਾ ਕੇ ਬਹੁਤ ਇਤਰਾਉਂਦਾ ਹੈ, ਆਪ ਕਿੰਨੇ ਮਸਲੇ ਪੈਦਾ ਕਰਦਾ ਹੈ, ਇਸ ਗੱਲ ਖੁਲਾਸਾ ਕਰਨ ਦਾ ਹੀਲਾ ਕਰ ਰਹੀ ਹੈ, ਇਹ ਕਿਤਾਬ।
