ਡਾ. ਅਰਵਿੰਦਰ ਸਿੰਘ ਭੱਲਾ*
ਫੋਨ:+91-9463062603
ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਮੁਖ਼ਾਤਿਬ ਹੁੰਦੇ ਹੋਏ ਫ਼ੁਰਮਾਇਆ ਕਿ ਚਿੰਤਾ ਮਨ ਦੀ ਸ਼ਾਂਤੀ ਨੂੰ ਨਿਗਲ ਲੈਂਦੀ ਹੈ, ਜਦੋਂ ਕਿ ਬੇਪਰਵਾਹੀ, ਅਡੋਲਤਾ, ਸਹਿਜ ਅਤੇ ਸਬਰ ਮਨ ਨੂੰ ਟਿਕਾਉਣ ਵਿੱਚ ਸਹਾਈ ਹੁੰਦੇ ਹਨ। ਅਤੀਤ ਵਿੱਚ ਫ਼ਸ ਕੇ ਅਤੇ ਮੁਸਤਕਬਿਲ ਬਾਰੇ ਹੱਦੋਂ ਵੱਧ ਸੋਚ-ਸੋਚ ਕੇ ਅਕਸਰ ਮਨੁੱਖ ਆਪਣੇ ਵਰਤਮਾਨ ਨੂੰ ਕੋਸਦਿਆਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਂਦਾ ਹੈ। ਉਹ ਜਿੰਨਾ ਚਿਰ ਬੇਫ਼ਜੂਲ ਸੋਚਾਂ ਦੇ ਘੋੜੇ ਉਤੇ ਸਵਾਰ ਹੋ ਕੇ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਿਹਾ ਹੁੰਦਾ ਹੈ, ਉਹ ਬੇਚੈਨ, ਉਦਾਸ ਅਤੇ ਉਖੜਿਆ ਹੋਇਆ ਰਹਿੰਦਾ ਹੈ। ਚਿੰਤਾਵਾਂ ਮਨੁੱਖ ਦੇ ਚਿਹਰੇ ਦਾ ਨੂਰ, ਦਿਲ ਦਾ ਸਕੂਨ, ਉਸ ਦੇ ਬੇਪਰਵਾਹ ਕਹਿਕਹੇ, ਉਸ ਅੰਦਰਲਾ ਵਿਸਮਾਦ, ਸਹਿਜ, ਨਿਰਛੱਲਤਾ, ਮਾਸੂਮੀਅਤ, ਸਰਲਤਾ ਅਤੇ ਹੋਰ ਪਤਾ ਨਹੀਂ ਕੀ ਕੁੱਝ ਖੋਹ ਲੈਂਦੀਆਂ ਹਨ।
ਮਨੁੱਖ ਆਪਣੇ ਖ਼ਿਆਲਾਂ ਦੀ ਉਧੇੜ-ਬੁਣ ਵਿੱਚ ਉਲਝਿਆ ਇਹ ਸੋਚਦਾ ਹੈ ਕਿ ਜਿਵੇਂ ਉਹ ਆਪਣੀਆਂ ਸੋਚਾਂ ਤੇ ਸਿਆਣਪਾਂ ਸਦਕੇ ਆਪਣੀਆਂ ਸਾਰੀਆਂ ਉਲਝਣਾਂ ਦਾ ਕੋਈ ਸਮਾਧਾਨ ਲੱਭ ਲਵੇਗਾ। ਦਰਅਸਲ ਉਹ ਇਹ ਨਹੀਂ ਸਮਝ ਪਾਉਂਦਾ ਕਿ ਉਸ ਦੇ ਸੋਚਿਆਂ ਜਾਂ ਕੁਝ ਕੀਤਿਆਂ ਜੇਕਰ ਉਹ ਆਪਣੀ ਜ਼ਿੰਦਗੀ ਦੀ ਬੁਝਾਰਤ ਨੂੰ ਸੁਲਝ ਸਕਦਾ ਹੁੰਦਾ ਤਾਂ ਫਿਰ ਘਾਟਾ ਹੀ ਕਿਹੜੀ ਗੱਲ ਦਾ ਸੀ! ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਨਫ਼ੇ-ਨੁਕਸਾਨ ਦੇ ਸਮੀਕਰਨਾਂ ਵਿੱਚ ਉਲਝਿਆ ਹੋਇਆ ਮਨੁੱਖ ਆਪਣੀ ਨਫ਼ਸ ਦਾ ਗੁਲਾਮ ਹੁੰਦਾ ਹੈ। ਉਹ ਹਰ ਵਕਤ ਖੁਦ ਨੂੰ ਦੂਸਰਿਆਂ ਤੋਂ ਬੇਹਤਰ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਆਪਣੀ ਹਯਾਤੀ ਵਿੱਚ ਕਦੇ ਵੀ ਸੁਰਖ਼ੁਰੂ ਨਹੀਂ ਹੋ ਪਾਉਂਦਾ ਹੈ। ਉਸ ਦੇ ਬਹੁਤ ਫਿਕਰਾਂ, ਹੇਰਵਿਆਂ ਅਤੇ ਲਾਲਸਾਵਾਂ ਦਾ ਕੇਂਦਰ ਬਿੰਦੂ ਮਹਿਜ ਇਹ ਹੁੰਦਾ ਹੈ ਕਿ ਜਿਵੇਂ-ਕਿਵੇਂ ਉਹ ਫ਼ਤਿਹ ਦਾ ਪਰਚਮ ਬੁਲੰਦ ਕਰਕੇ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਕਾਮਯਾਬ ਹੋ ਸਕੇ। ਉਹ ਪਰਵਦਗਾਰ ਦੀ ਰਜ਼ਾ ਨੂੰ ਸਮਝਣ ਤੋਂ ਮੁਨਕਰ ਹੋਣ ਦੇ ਨਾਲ-ਨਾਲ ਇਹ ਸਮਝਣ ਤੋਂ ਵੀ ਅਸਮਰਥ ਹੁੰਦਾ ਹੈ ਕਿ ਉਸ ਦੀ ਬੇਸਬਰੀ, ਕਮਜ਼ਰਫੀ, ਬੇਸਮਝੀ ਅਤੇ ਅਗਿਆਨਤਾ ਕਾਰਨ ਹੀ ਉਹ ਆਪਣੇ ਅੰਦਰੋਂ ਅੰਦਰ ਤਪ, ਸੜ ਅਤੇ ਬਲ ਰਿਹਾ ਹੁੰਦਾ ਹੈ।
ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਇਸ ਗੱਲ ਦੀ ਵੀ ਹਦਾਇਤ ਕੀਤੀ ਕਿ ਇਹ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੋ ਕਿ ਬੇਸ਼ਕ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੋਣਾ ਚਾਹੀਦਾ ਹੈ, ਲੇਕਿਨ ਯਾਦ ਰੱਖੋ ਉਸ ਉਦੇਸ਼ ਦੀ ਪੂਰਤੀ ਲਈ ਜੇਕਰ ਜ਼ਿੰਦਗੀ ਦੀ ਤੁਸੀਂ ਕਦਰ ਨਾ ਕਰੋ ਤਾਂ ਇਹ ਹਰਗਿਜ਼ ਮੁਨਾਸਿਬ ਨਹੀਂ ਹੈ। ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਇਸ ਫ਼ਾਨੀ ਸੰਸਾਰ ਦੇ ਬੜੇ ਬਖੇੜੇ ਹਨ, ਲੇਕਿਨ ਇਨ੍ਹਾਂ ਬਖੇੜਿਆਂ ਦੇ ਭੰਵਰ ਵਿੱਚ ਉਲਝੇ ਬਿਨਾ ਹਰ ਬੀਤ ਰਹੇ ਪਲ ਦਾ ਸਕਾਰਾਤਮਕ ਤੇ ਸਿਰਜਣਾਤਮਕ ਸੋਚ ਅਪਣਾਉਂਦਿਆਂ ਲੁਤਫ਼ ਲੈਣਾ ਵੀ ਬੇਹੱਦ ਜ਼ਰੂਰੀ ਹੈ। ਜ਼ਰਾ ਕੁ ਸੋਚੋ ਕਿ ਹਰ ਵਕਤ ਅਧੂਰੇਪਣ ਦੇ ਨਕਾਰਾਤਮਕ ਅਹਿਸਾਸ ਦੇ ਚੱਕਰਵਿਊ ਵਿੱਚ ਉਲਝ ਕੇ ਆਪਣੇ ਲਈ ਆਪਣੇ ਹੱਥੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨਾ ਭਲਾ ਕਿੱਥੋਂ ਤੱਕ ਜਾਇਜ਼ ਹੈ।
ਦੂਸਰਿਆਂ ਦੇ ਮੁਕਾਬਲੇ ਖੁਦ ਨੂੰ ਰੱਖ ਕੇ ਉਦਾਸੀ ਦੇ ਆਲਮ ਵਿੱਚ ਗੁੰਮ ਹੋਣਾ ਕਿੰਨਾ ਕੁ ਵਾਜਿਬ ਹੈ! ਹਰ ਵਕਤ ਦੂਸਰਿਆਂ ਨੂੰ ਸਿਰਫ ਇਸ ਕਰਕੇ ਕੋਸਣਾ, ਕਿਉਂਕਿ ਜ਼ਾਹਰ ਤੌਰ ਉੱਪਰ ਉਹ ਤੁਹਾਡੇ ਤੋਂ ਕੇਵਲ ਕੁਝ ਇੱਕ ਕਦਮ ਅੱਗੇ ਹਨ, ਅਜਿਹੀ ਨਕਾਰਾਤਮਕ ਸੋਚ ਦੱਸੋ ਕਿੱਥੋਂ ਤੱਕ ਦਰੁਸਤ ਹੈ। ਲਿਹਾਜ਼ਾ ਆਪਣੇ ਮਨ ਦੀ ਸ਼ਾਂਤੀ ਨੂੰ ਆਪਣੇ ਅਧੂਰੇਪਣ ਦੇ ਅਹਿਸਾਸ ਦੇ ਪ੍ਰਭਾਵ ਹੇਠ ਭੰਗ ਨਾ ਕਰੋ। ਹਰੇਕ ਹਸਰਤ ਜਿਸ ਦੀ ਤ੍ਰਿਪਤੀ ਲਈ ਤੁਸੀਂ ਇਸ ਕਦਰ ਬੇਚੈਨ ਹੋ, ਸੱਚ ਜਾਣਿਓ ਜਦੋਂ ਤੁਹਾਡੀ ਉਹ ਹਸਰਤ ਵੀ ਪੂਰੀ ਹੋ ਜਾਵੇਗੀ ਤਾਂ ਤੁਸੀਂ ਫਿਰ ਵੀ ਉਦਾਸ ਤੇ ਬੇਚੈਨ ਹੀ ਰਹੋਗੇ, ਕਿਉਂਕਿ ਤੁਸੀਂ ਆਪਣੀਆਂ ਬੇਲਗਾਮ ਖਾਹਿਸ਼ਾਂ ਦੀ ਭੱਠੀ ਨੂੰ ਜਿੰਨਾ ਬੁਝਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡੇ ਅੰਦਰ ਲਾਲਸਾਵਾਂ ਦਾ ਭਾਂਬੜ ਹੋਰ ਮੱਚੇਗਾ।
ਮੁਰਸ਼ਦ ਨੇ ਇਹ ਵੀ ਫ਼ੁਰਮਾਇਆ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਸਹਿਜੇ ਕਿਤੇ ਆਪਣਾ ਸਹਿਜ ਨਾ ਗੁਆਓ। ਇਹ ਮੰਨ ਕੇ ਚੱਲੋ ਕਿ ਜਦੋਂ ਤੱਕ ਤੁਸੀਂ ਹੋ ਇਹ ਫਿਕਰਾਂ ਅਤੇ ਇਹ ਚਿੰਤਾਵਾਂ ਕਦੇ ਨਹੀਂ ਮੁੱਕਣੀਆਂ। ਹਾਂ! ਇਹ ਅਟੱਲ ਸੱਚਾਈ ਹੈ ਕਿ ਜੇਕਰ ਅਸੀਂ ਆਪਣੇ ਜ਼ਾਵੀਏ ਨੂੰ ਦਰੁਸਤ ਨਾ ਕੀਤਾ ਤਾਂ ਇਨ੍ਹਾਂ ਬਿਨਾ ਸਿਰ-ਪੈਰ ਦੇ ਬਖੇੜਿਆਂ, ਚਿੰਤਾਵਾਂ ਤੇ ਫਿਕਰਾਂ ਨੇ ਸਮੇਂ ਤੋਂ ਪਹਿਲਾਂ ਹੀ ਸਾਨੂੰ ਮਾਰ ਮੁਕਾਉਣਾ ਹੈ। ਕੋਸ਼ਿਸ਼ ਕਰੋ ਕਿ ਤੁਸੀਂ ਸਹਿਜ ਸੁਭਾਅ ਤੁਰਦੇ ਰਹੋ, ਕਿਉਂਕਿ ਤੁਹਾਡੀਆਂ ਕੋਸ਼ਿਸ਼ਾਂ, ਤੁਹਾਡੀਆਂ ਨੀਅਤਾਂ, ਤੁਹਾਡੀਆਂ ਕਾਮਨਾਵਾਂ ਅਤੇ ਤੁਹਾਡੇ ਅਮਲਾਂ ਦਾ ਹਰ ਪਲ ਕੋਈ ਹਿਸਾਬ ਰੱਖ ਰਿਹਾ ਹੈ। ਦੁਨੀਆਂ ਦੇ ਬਾਜ਼ਾਰ ਵਿੱਚ ਭਾਵੇਂ ਤੁਹਾਡਾ ਮੁੱਲ ਕੋਈ ਪਾਵੇ ਜਾਂ ਨਾ ਪਾਵੇ, ਲੇਕਿਨ ਉਸ ਸੋਹਣੇ ਰੱਬ ਦੀ ਦਰਗਾਹ ਵਿੱਚ ਹਰੇਕ ਦੇ ਅਮਲਾਂ ਦਾ ਨਿਬੇੜਾ ਹੋਣਾ ਤੈਅ ਹੈ ਅਤੇ ਇਹ ਹੀ ਅੰਤਿਮ ਸੱਚ ਹੈ। ਸੋਚੋ ਜ਼ਰਾ ਜੇਕਰ ਇਹ ਹੀ ਅੰਤਿਮ ਸੱਚ ਹੈ ਤਾਂ ਫਿਰ ਸੋਚਾਂ ਦੀ ਸੂਲੀ ਉੱਪਰ ਖੁਦ ਨੂੰ ਟੰਗਣਾ ਕਿੰਨਾ ਕੁ ਵਾਜਿਬ ਹੈ? ਮੰਜ਼ਿਲ ਦੀ ਪ੍ਰਾਪਤੀ ਲਈ ਕੋਸ਼ਿਸ਼ ਜ਼ਰੂਰ ਕਰੋ, ਪਰ ਸਹਿਜ ਗਵਾ ਕੇ ਨਹੀਂ। ਆਪਣੇ ਖ਼ਵਾਬਾਂ ਦੀ ਤਾਬੀਰ ਲਈ ਕਦਮ ਵਧਾਓ, ਲੇਕਿਨ ਬੇਸਬਰੇ ਹੋ ਕੇ ਨਹੀਂ। ਚਿੰਤਨ ਕਰੋ, ਲੇਕਿਨ ਚਿੰਤਾ ਨਹੀਂ। ਮੰਥਨ ਕਰੋ, ਲੇਕਿਨ ਮਰ-ਮਰ ਕੇ ਜਿਉਂਣ ਦੀ ਆਪਣੀ ਆਦਤ ਛੱਡੋ।
ਮੁਰਸ਼ਦ ਨੇ ਫ਼ੁਰਮਾਇਆ ਕਿ ਮੰਜ਼ਿਲ ਦੀ ਕਸ਼ਿਸ਼ ਵਿੱਚ ਆਪਣੀ ਜ਼ਿੰਦਗੀ ਦਾ ਰਸ ਨਾ ਗੁਆਓ। ਦੂਸਰਿਆਂ ਨਾਲ ਵਿਅਰਥ ਦੇ ਮੁਕਾਬਲੇ ਦੀ ਦੌੜ ਵਿੱਚ ਖੁਦ ਨੂੰ ਹਤਾਸ਼ ਕਦੇ ਨਾ ਕਰੋ। ਇਹ ਸੋਚ-ਸੋਚ ਕੇ ਪ੍ਰੇਸ਼ਾਨ ਨਾ ਰਹੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਣਗੇ, ਖੁਦ ਨੂੰ ਲੋਕਾਂ ਦੇ ਮਾਪਦੰਡਾਂ ਅਨੁਸਾਰ ਢਾਲਦੇ-ਢਾਲਦੇ ਆਪਣਾ ਚੈਨ ਨਾ ਗੁਆਓ। ਤੁਹਾਨੂੰ ਇਸ ਗੱਲ ਦਾ ਬੜੀ ਚੰਗੀ ਤਰ੍ਹਾਂ ਅਹਿਸਾਸ ਹੋਣਾ ਚਾਹੀਦਾ ਹੈ ਕਿ ਚਿੰਤਾਵਾਂ ਦਾ ਸੰਤਾਪ ਤੁਹਾਨੂੰ ਇਕੱਲਿਆਂ ਹੀ ਹੰਢਾਉਣਾ ਪੈਣਾ ਹੈ, ਲਿਹਾਜ਼ਾ ਬੇਲੋੜੀਆਂ ਚਿੰਤਾਵਾਂ ਸਹੇੜ ਕੇ ਆਪਣੇ ਹੱਥੀਂ ਖੁਦ ਆਪਣੇ ਉਤੇ ਤਸ਼ੱਦਦ ਨਾ ਢਾਹੋ। ਆਪਣੀ ਗੰਧਲੀ, ਧੁੰਦਲੀ ਅਤੇ ਨਕਾਰਾਤਮਕ ਸੋਚ ਦਾ ਤਿਆਗ ਕਰਕੇ ਆਪਣੀ ਦੇਹ ਅਤੇ ਆਪਣੀ ਆਤਮਾ ਨੂੰ ਚਿੰਤਾਵਾਂ ਦੇ ਭਾਰ ਤੋਂ ਮੁਕਤ ਕਰੋ। ਸੱਚ ਜਾਣਿਓ! ਤੁਹਾਡੇ ਅੰਦਰ ਜ਼ਿੰਦਗੀ ਦਾ ਗੀਤ ਉਸ ਸਮੇਂ ਗੂੰਜੇਗਾ, ਜਦੋਂ ਤੁਸੀਂ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣ ਪਾਉਗੇ, ਜਦੋਂ ਤੁਸੀਂ ਸਹਿਜ ਸੁਭਾਅ ਜਿਉਂਣ ਦਾ ਹੁਨਰ ਸਿੱਖਣ ਵਿੱਚ ਕਾਮਯਾਬ ਹੋ ਪਾਉਗੇ ਅਤੇ ਜਦੋਂ ਤੁਸੀਂ ਸੋਚਾਂ ਤੇ ਚਿੰਤਾਵਾਂ ਦੇ ਚੱਕਰਵਿਊ ਨੂੰ ਤੋੜ ਕੇ ਰੱਬੀ ਰਜ਼ਾ ਦੀਆਂ ਰਮਜ਼ਾਂ ਨੂੰ ਸਮਝ ਪਾਉਗੇ।
—
*ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ,
ਯਮੁਨਾ ਨਗਰ (ਹਰਿਆਣਾ)
