ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ। ਪੇਰੂ ਅਤੇ ਐਕੁਆਡੋਰ- ਇਨ੍ਹਾਂ ਦੋਹਾਂ ਮੁਲਕਾਂ ਵਿੱਚ ਪੰਜਾਬੀਆਂ ਦੀ ਆਬਾਦੀ ਲਗਪਗ ਨਾਮਾਤਰ ਹੈ, ਪਰ ਫਿਰ ਵੀ ਪੰਜਾਬੀਆਂ ਨੇ ਇੱਥੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਆਓ, ਇਨ੍ਹਾਂ ਮੁਲਕਾਂ ਅੰਦਰ ਵੱਸਦੇ ਪੰਜਾਬੀਆਂ ਦੀ ਗੱਲ ਕਰੀਏ, ਜੋ ਦੱਖਣ ਅਮਰੀਕੀ ਖਿੱਤੇ ਵਿੱਚ ਪੈਂਦੇ ਹਨ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਦੱਖਣੀ ਅਮਰੀਕਾ ਦੇ ਪੱਛਮੀ ਖਿੱਤੇ ਵਿੱਚ ਪੈਂਦੇ ਦੇਸ਼ ਪੇਰੂ ਦੀ ਰਾਜਧਾਨੀ ਲੀਮਾ ਹੈ ਤੇ ਇੱਥੋਂ ਦੀ ਆਬਾਦੀ ਸਾਲ 2024 ਵਿੱਚ 3.42 ਕਰੋੜ ਸੀ। ਇਸ ਮੁਲਕ ਨੂੰ ਉੱਤਰ ਦਿਸ਼ਾ ਵਿੱਚ ਐਕੁਆਡੋਰ ਅਤੇ ਕੋਲੰਬੀਆ, ਦੱਖਣ ਵਿੱਚ ਚਿਲੀ, ਦੱਖਣ-ਪੂਰਬ ਵਿੱਚ ਬੋਲੀਵਿਆ ਅਤੇ ਪੂਰਬ ਵਿੱਚ ਬ੍ਰਾਜ਼ੀਲ ਦੀਆਂ ਹੱਦਾਂ ਛੂੰਹਦੀਆਂ ਹਨ। ਦੋ ਦਿਸ਼ਾਵਾਂ ਤੋਂ ਪ੍ਰਸ਼ਾਂਤ ਮਹਾਂਸਾਗਰ ਵੀ ਇਸ ਕੁਦਰਤੀ ਖ਼ੂਬਸੂਰਤੀ ਨਾਲ ਮਾਲਾਮਾਲ ਮੁਲਕ ਨੂੰ ਛੂੰਹਦਾ ਹੈ। ਇਸਦੇ ਕੋਲ ਮੈਦਾਨੀ ਇਲਾਕਾ ਵੀ ਹੈ, ਐਂਡਸ ਪਰਬਤ ਲੜੀ ਵੀ ਹੈ ਤੇ ਐਮਾਜ਼ੌਨ ਦਰਿਆ ਦੇ ਨਾਲ ਨਾਲ ਐਮਾਜ਼ੌਨ ਜੰਗਲਾਂ ਦੀ ਛੋਹ ਵੀ ਹਾਸਿਲ ਹੈ। ਕੁੱਲ 12,85,216 ਵਰਗ ਕਿਲੋਮੀਟਰ ਖੇਤਰਫ਼ਲ ਨਾਲ ਇਹ ਮੁਲਕ ਦੱਖਣੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਮੁਲਕ ਹੈ।
ਪੇਰੂ ਵਿਖੇ ਵੱਸਦੇ ਭਾਰਤੀਆਂ ਦੀ ਕੁੱਲ ਸੰਖਿਆ 450 ਦੇ ਲਗਪਗ ਹੈ ਤੇ ਪੰਜਾਬੀਆਂ ਦੀ ਗਿਣਤੀ ਤਾਂ ਇੱਥੇ ਸਿਰਫ ਦਰਜਨ ਭਰ ਹੀ ਹੈ, ਜੋ ‘ਆਟੇ ਵਿੱਚ ਲੂਣ ਦੇ ਬਰਾਬਰ’ ਕਹੀ ਜਾ ਸਕਦੀ ਹੈ; ਪਰ ਇੱਥੇ ਇਹ ਬੜੇ ਹੀ ਫ਼ਖ਼ਰ ਨਾਲ ਦੱਸਣਾ ਬਣਦਾ ਹੈ ਕਿ ਇੱਥੇ ਹਾਜ਼ਰ ਇੱਕ ਪੰਜਾਬੀ ਵੀ ਸਵਾ ਲੱਖ ਪੰਜਾਬੀਆਂ ਦੇ ਬਰਾਬਰ ਕੰਮ ਕਰ ਰਿਹਾ ਹੈ ਤੇ ਘੱਟ ਗਿਣਤੀ ਦੇ ਬਾਵਜੂਦ ਪੰਜਾਬੀਆਂ ਦਾ ਨਾਂ ਰੌਸ਼ਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਪੰਜਾਬੀਆਂ ਵੱਲੋਂ ਆਪਣੀ ਫ਼ਿਤਰਤ ਅਨੁਸਾਰ ਪੇਰੂ ਦੀ ਰਾਜਧਾਨੀ ਲੀਮਾ ਵਿਖੇ ਚਲਾਇਆ ਜਾ ਰਿਹਾ ‘ਲੰਗਰ ਪੇਰੂ’ ਨਾਮਕ ਪ੍ਰਾਜੈਕਟ ਲੋੜਵੰਦਾਂ ਨੂੰ ਭੋਜਨ ਉਪਲਬਧ ਕਰਾਉਣ ਦੀ ਸੇਵਾ ਨਿਭਾਅ ਰਿਹਾ ਹੈ। ਮੁੱਖ ਸੇਵਾਦਾਰ ਸ. ਕ੍ਰਿਸ਼ਨ ਸ਼ਿਵਾ ਸਿੰਘ ਵੱਲੋਂ ਚਲਾਏ ਜਾ ਰਹੇ ਇਸ ਲੰਗਰ ਦੀ ਚਰਚਾ ਕੋਵਿਡ-19 ਦੇ ਵੇਲੇ ਦੇਸ਼-ਵਿਦੇਸ਼ ਵਿੱਚ ਹੋਈ ਸੀ ਤੇ ਪੰਜਾਬੀਆਂ ਵੱਲੋਂ ਇੱਥੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਆਪਣੇ ਗੁਰੂਆਂ ਦੇ ਦਰਸਾਏ ‘ਸਰਬੱਤ ਦਾ ਭਲਾ’ ਦੇ ਮਾਰਗ ’ਤੇ ਚੱਲਣ ਦਾ ਪ੍ਰਮਾਣ ਪੇਸ਼ ਕਰ ਗਈ ਸੀ।
ਇੱਥੇ ਹੀ ਬਸ ਨਹੀਂ! ਸੰਨ 2025 ਦੇ ਸਤੰਬਰ ਮਹੀਨੇ ਇੰਸਟਾਗ੍ਰਾਮ ’ਤੇ ‘ਪੇਰੂ ਵਿੱਚ ਦੋ ਪੰਜਾਬੀ ਭਰਾ’ ਨਾਂ ਦੀ ਪੋਸਟ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਦੋ ਪੰਜਾਬੀ ਭਰਾਵਾਂ ਨੂੰ ‘ਕਸਕੋ’ ਨਾਮਕ ਪਹਾੜੀ ਖਿੱਤੇ ਵਿੱਚ ਟ੍ਰੈਕਿੰਗ ਕਰਦੇ ਵਿਖਾਇਆ ਗਿਆ ਸੀ। ਇਸੇ ਤਰ੍ਹਾਂ ਇੱਕ ਹੋਰ ਪੋਸਟ ਵਿੱਚ ਇੱਕ ਸ਼ਖ਼ਸ ਨੂੰ ਲੀਮਾ ਵਿਖੇ ਸਿੱਖ ਵਿਰਾਸਤ ਦੀ ਖੋਜ ਕਰਦਿਆਂ ਦਰਸਾਇਆ ਗਿਆ ਸੀ। ਇੱਥੇ ਵੱਸਣ ਵਾਲੇ ਪੰਜਾਬੀ ਲੋਕ ਗਾਹੇ-ਬਗਾਹੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕਰਦੇ ਹੀ ਰਹਿੰਦੇ ਹਨ। ਇਸ ਸਾਰੇ ਬਿਰਤਾਂਤ ਦਾ ਭਾਵ ਹੈ ਕਿ ਪੰਜਾਬੀ ਇੱਥੇ ਭਾਵੇਂ ਘੱਟ ਗਿਣਤੀ ਵਿੱਚ ਹਨ, ਪਰ ‘ਪੰਜਾਬੀਆਂ ਦੀ ਗੱਲ’ ਪੇਰੂ ਵਿੱਚ ਵੀ ਅਕਸਰ ਹੁੰਦੀ ਹੀ ਰਹਿੰਦੀ ਹੈ। ਉਂਜ ਪੇਰੂ ਦੇ ਟੂਰਿਜ਼ਮ ਵਿਭਾਗ ਨੇ ਇਸੇ ਸਾਲ ਭਾਰਤੀ ਟਰੈਵਲ ਇੰਡਸਟਰੀ ਨਾਲ ਮੇਲ-ਜੋਲ ਵਧਾਉਂਦਿਆਂ ਇੱਥੇ ਬਤੌਰ ਟੂਰਿਸਟ ਆਉਣ ਵਾਲੇ ਭਾਰਤੀਆਂ ਤੇ ਪੰਜਾਬੀਆਂ ਦੀ ਸੰਖਿਆ ਦੁੱਗਣੀ ਕਰਨ ਦੀ ਪੇਸ਼ਕਸ਼ ਕੀਤੀ ਸੀ। ਇੱਥੇ ਇੱਕ ਸੱਭਿਆਚਾਰਕ ਸਮਾਗਮ ਦੌਰਾਨ ਪੰਜਾਬੀਆਂ ਦੁਆਰਾ ਭੰਗੜਾ ਪਾਏ ਜਾਣ ਦੀ ਵੀਡੀਓ ਵੀ ਉਪਲਬਧ ਹੈ।
ਪੰਜਾਬੀ ਪੱਤਰਕਾਰਾਂ ਵੱਲੋਂ ਵੀ ਇੱਥੇ ਵੱਸਦੇ ਪੰਜਾਬੀਆਂ ਦੁਆਰਾ ਕੀਤੇ ਜਾਣ ਵਾਲੇ ਧਾਰਮਿਕ ਅਤੇ ਸੱਭਿਅਚਾਰਕ ਵਰਤਾਰਿਆਂ ਦੀਆਂ ਖ਼ਬਰਾਂ ਅਕਸਰ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇੱਥੇ ਸਥਿਤ ‘ਯੂਨਾਇਟਡ ਸਿੱਖ’ ਨਾਮੀਂ ਜਥੇਬੰਦੀ ਦੇ ਸਹਿਯੋਗ ਨਾਲ ਭਾਰਤ ਵਿੱਚ ਇੱਕ ਪਰਿਵਾਰ ਦੇ ਮੁੜ ਵਸੇਬੇ ਲਈ ਮਾਲੀ ਮਦਦ ਵੀ ਕੀਤੀ ਜਾ ਚੁੱਕੀ ਹੈ। ਇਥੇ ਵੱਸਦੇ ਸ. ਪ੍ਰਤਾਪ ਸਿੰਘ ਇੱਕ ਪੂਰਨ ਗੁਰਸਿੱਖ ਪਰਿਵਾਰ ਦੇ ਮੁਖੀ ਹਨ। ਉਨ੍ਹਾਂ ਨੇ ਇੱਥੇ ਆ ਕੇ ਇੱਕ ਸਥਾਨਕ ਮਹਿਲਾ ਨਾਲ ਵਿਆਹ ਕੀਤਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪੇਰੂ ਦੇ ਆਜ਼ਾਦੀ ਸਮਾਗਮ ਦੇ ਜਸ਼ਨਾਂ ਸਮੇਂ ਸ. ਪ੍ਰਤਾਪ ਸਿੰਘ ਨੂੰ ਪੇਰੂ ਦਾ ਕੌਮੀ ਝੰਡਾ ਫੜ੍ਹ ਕੇ ਪਰੇਡ ਵਿੱਚ ਭਾਗ ਲੈਣ ਦਾ ਮਾਣ ਦਿੱਤਾ ਗਿਆ ਸੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਪੇਰੂ ਵਿਖੇ ਇੱਕ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਨਹੀਂ ਹੈ, ਜਦੋਂ ਕਿ ਪੰਜਾਬੀਆਂ ਵੱਲੋਂ ਇਸ ਕਾਰਜ ਲਈ ਯਤਨ ਜਾਰੀ ਹਨ।
ਦੱਖਣੀ ਅਮਰੀਕਾ ਦੇ ਘੇਰੇ ਅੰਦਰ ਹੀ ਸਥਿਤ ਐਕੁਆਡੋਰ ਇੱਕ ਹੋਰ ਅਜਿਹਾ ਮੁਲਕ ਹੈ, ਜਿੱਥੇ ਪੰਜਾਬੀਆਂ ਦੀ ਵੱਸੋਂ ਬਹੁਤ ਹੀ ਘੱਟ ਹੈ। ਇਹ ਮੁਲਕ ਦੱਖਣੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਸਦੀ ਰਾਜਧਾਨੀ ‘ਕੋਇਟੋ’ ਹੈ ਤੇ ਇਸ ਮੁਲਕ ਦਾ ਕੁੱਲ ਰਕਬਾ 2,83,561 ਵਰਗ ਕਿਲੋਮੀਟਰ ਹੈ। ਸਾਲ 2023 ਦੀ ਜਨਗਣਨਾ ਅਨੁਸਾਰ ਇੱਥੋਂ ਦੀ ਆਬਾਦੀ 1.75 ਕਰੋੜ ਦੇ ਕਰੀਬ ਸੀ। ਇੱਥੇ ਜਨਸੰਖਿਆ ਘਣਤਾ 69 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ਤੇ ਕਰੰਸੀ ਪੱਖੋਂ ਇੱਥੇ ਅਮਰੀਕੀ ਡਾਲਰ ਚੱਲਦਾ ਹੈ। ਇੱਥੋਂ ਦੀ 89 ਫ਼ੀਸਦੀ ਆਬਾਦੀ ਈਸਾਈ ਧਰਮ ਨੂੰ ਮੰਨਦੀ ਹੈ, ਜਦੋਂ ਕਿ ਇੱਥੋਂ ਦੇ 8.9 ਫ਼ੀਸਦੀ ਨਿਵਾਸੀ ਕਿਸੇ ਵੀ ਧਰਮ ਵਿੱਚ ਆਸਥਾ ਨਹੀਂ ਰੱਖਦੇ ਹਨ।
ਐਕੁਆਡੋਰ ਇੱਕ ਅਜਿਹਾ ਮੁਲਕ ਹੈ, ਜਿੱਥੇ ਵੱਸਦੇ ਪੰਜਾਬੀਆਂ ਦੀ ਸੰਖਿਆ ਸਿਰਫ 6 ਹੈ। ਉਂਜ ਵੱਖ-ਵੱਖ ਸਰੋਤਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਬੀਤੇ ਕੁਝ ਵਰਿ੍ਹਆਂ ਵਿੱਚ ਅਮਰੀਕਾ ਵਿਖੇ ਲਿਜਾ ਕੇ ਵਸਾਉਣ ਦਾ ਝਾਂਸਾ ਦੇ ਕੇ ਕੁਝ ਇੱਕ ਪੰਜਾਬੀਆਂ ਨੂੰ ਐਕੁਆਡੋਰ ਲਿਆਂਦਾ ਗਿਆ ਸੀ ਤੇ ਠੱਗ ਲਿਆ ਗਿਆ ਸੀ। ਪੰਜਾਬੀ ਸਿੱਖਾਂ ਦੇ ਇੱਕ ਵਰਗ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਸੰਨ 1985 ਵਿੱਚ ‘ਕੁਇਟੋ’ ਵਿਖੇ ‘ਅੰਬੈਸੀ ਆੱਫ਼ ਖ਼ਾਲਿਸਤਾਨ’ ਦੀ ਸਥਾਪਨਾ ਕੀਤੀ ਗਈ ਸੀ ਤਾਂ ਕਿ ਪੰਜਾਬ ਅੰਦਰ ਵੱਸਦੇ ਸਿੱਖ ਕਿਸਾਨਾਂ ਨੂੰ ਐਕੁਆਡੋਰ ਵਿਖੇ ਲਿਆਂਦਾ ਜਾ ਸਕੇ, ਪਰ ‘ਸਿੱਖ ਗਲੋਬਲ ਵਿਲੇਜ’ ਦੁਆਰਾ ਜਾਰੀ ਇੱਕ ਰਿਪੋਰਟ ਅਨੁਸਾਰ ਸਥਾਨਕ ਪ੍ਰਸ਼ਾਸਨ ਜਾਂ ਸਰਕਾਰ ਨੇ ਉਸ ਵਕਤ ਇੱਥੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਅੰਬੈਸੀ ਦੀ ਹੋਂਦ ਤੋਂ ਇਨਕਾਰ ਕੀਤਾ ਹੈ। ਉਂਜ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਅਜਿਹੀਆਂ ਕੁਝ ਖ਼ਬਰਾਂ ਜ਼ਰੂਰ ਸਾਹਮਣੇ ਆਈਆਂ ਸਨ ਕਿ ਐਕੁਆਡੋਰ ਦੀ ਸਰਕਾਰ ਦੇ ਨੁਮਾਇੰਦਿਆਂ ਅਤੇ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਸਿੱਖ ਆਗੂਆਂ ਦਰਮਿਆਨ ਅਗਸਤ 1985 ਵਿੱਚ ਲੰਦਨ ਵਿਖੇ ਗੱਲਬਾਤ ਹੋਈ ਸੀ। ਇਸ ਗੱਲਬਾਤ ਦੌਰਾਨ ਖ਼ਾਲਿਸਤਾਨ ਪੱਖੀਆਂ ਵੱਲੋਂ ਆਪਣੇ ਮੁੱਖ ਆਗੂ ਜਗਜੀਤ ਸਿੰਘ ਚੌਹਾਨ ਸਹਿਤ ਐਕੁਆਡੋਰ ਦੇ ਸਾਬਕਾ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਇਸ ਗੱਲ ’ਤੇ ਵਿਸਥਾਰ ਸਹਿਤ ਚਰਚਾ ਹੋਈ ਸੀ ਕਿ ਐਕੁਆਡੋਰ ਨੂੰ ‘ਸਿੱਖ ਰਾਜ’ ਜਾਂ ਖ਼ਾਲਿਸਤਾਨ ਦੀ ਕਰਮਭੂਮੀ ਵਜੋਂ ਵਰਤਿਆ ਜਾ ਸਕਦਾ ਹੈ। ਐਕੁਆਡੋਰ ਵੱਲੋਂ ਇਸ ਗੱਲਬਾਤ ਲਈ ਭੇਜੇ ਗਏ ਆਗੂਆਂ ਵਿੱਚ ਸਥਾਨਕ ਨਾਗਰਿਕ ਤੋਂ ਸਿੱਖੀ ਵਿੱਚ ਪਰਵਰਤਿਤ ਹੋਏ ਸ. ਆਤਮਾ ਸਿੰਘ ਖ਼ਾਲਸਾ ਵੀ ਸ਼ਾਮਿਲ ਸੀ, ਜਿਸਨੂੰ ਕਿ ਐਕੁਆਡੋਰ ਦਾ ਸਭ ਤੋਂ ਪਹਿਲਾ ਸਿੱਖ ਹੋਣ ਦਾ ਸ਼ਰਫ਼ ਦਿੱਤਾ ਗਿਆ ਸੀ। ਐਕੁਆਡੋਰ ਤੋਂ ਆਏ ਇਸ ਦਲ ਨੇ ਵੀ ਐਕੁਆਡੋਰ ਵਿਖੇ ਸਿੱਖ ਹੋਮਲੈਂਡ ਸਥਾਪਿਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।
ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਬਾਅਦ ਵਿੱਚ ਐਕੁਆਡੋਰ ਦੀ ਸਰਕਾਰ ਨੇ ਉਕਤ ਵਿਸ਼ੇ ਅਤੇ ਗੱਲਬਾਤ ਤੋਂ ਆਪਣੇ ਆਪ ਨੂੰ ਪਿੱਛੇ ਹਟਾਉਂਦਿਆਂ ਇਹ ਐਲਾਨ ਕੀਤਾ ਸੀ ਕਿ ਸਰਕਾਰ ਕਿਸੇ ਵੀ ਸਿੱਖ ਵੱਖਵਾਦੀ ਸੰਗਠਨ ਦਾ ਸਮਰਥਨ ਨਹੀਂ ਕਰਦੀ ਹੈ ਤੇ ਨਾ ਹੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਕਤ ਮੁੱਦੇ ’ਤੇ ਕਿਸੇ ਵੀ ਸਿੱਖ ਸੰਗਠਨ ਨਾਲ ਕੋਈ ਗੱਲਬਾਤ ਕੀਤੀ ਸੀ। ਉਧਰ ਦੂਜੇ ਪਾਸੇ ਜਗਜੀਤ ਸਿੰਘ ਚੌਹਾਨ ਨੇ ਉਕਤ ਸਾਰੀ ਗੱਲਬਾਤ ਦੇ ਵਾਪਰਨ ਦੀ ਹਾਮੀ ਭਰੀ ਸੀ ਤੇ ਇਹ ਵੀ ਦੱਸਿਆ ਸੀ ਕਿ ਉਸਨੂੰ ਐਕੁਆਡੋਰ ਦੀ ਸਰਕਾਰ ਵੱਲੋਂ ਦਸੰਬਰ 1985 ਵਿੱਚ ਐਕੁਆਡੋਰ ਆਉਣ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਉਸਨੇ ਇਹ ਵੀ ਦਾਅਵਾ ਕੀਤਾ ਸੀ ਕਿ ਚੰਦ ਹੀ ਮਹੀਨਿਆਂ ਵਿੱਚ ਕਈ ਸਾਰੇ ਸਿੱਖ ਐਕੁਆਡੋਰ ਅੰਦਰ ਪ੍ਰਵੇਸ਼ ਵੀ ਪ੍ਰਾਪਤ ਕਰ ਗਏ ਸਨ।
