ਬਿਹਾਰ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ

ਸਿਆਸੀ ਹਲਚਲ ਖਬਰਾਂ

*ਪ੍ਰਧਾਨ ਮੰਤਰੀ ਨੇ ਬਿਹਾਰ ਜਿੱਤ ਨੂੰ ਜਮਹੂਰੀਅਤ ਦੀ ਜਿੱਤ ਕਿਹਾ
*ਐਨ.ਡੀ.ਏ. ਦਾ ਅਗਲਾ ਨਿਸ਼ਾਨਾ ਪੱਛਮੀ ਬੰਗਾਲ
ਜਸਵੀਰ ਸਿੰਘ ਮਾਂਗਟ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੈਟਿਕ ਗੱਠਜੋੜ (ਐਨ.ਡੀ.ਏ.) ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਚੋਣ ਅਮਲ ਵਿੱਚ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਦੇ ਇੱਕ ਤਰ੍ਹਾਂ ਨਾਲ ਤੱਪੜ ਰੁਲ ਗਏ ਹਨ।

ਬੀਤੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਦੇ ਜਿਹੜੇ ਥੋੜ੍ਹੇ ਬਹੁਤੇ ਪੈਰ ਲੱਗੇ ਸਨ, ਬਾਅਦ ਵਿੱਚ ਹੋਈਆਂ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਸਮੇਤ ਚਾਰ ਰਾਜਾਂ ਦੀਆਂ ਚੋਣਾਂ ਨੇ ਉਸ ਸਾਰੇ `ਤੇ ਪਾਣੀ ਫੇਰ ਦਿੱਤਾ ਹੈ। ਇਸ ਸਾਰੇ ਕੁਝ ਦੇ ਬਾਵਜੂਦ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੀ ਅਗਵਾਈ ਵਾਲੇ ਮਹਾਂ ਗੱਠਜੋੜ ਦੀਆਂ ਕੁੱਲ ਸੀਟਾਂ 35 ਤੱਕ ਸਿਮਟ ਕੇ ਰਹਿ ਗਈਆਂ। ਇਸ ਵਿੱਚ ਰਾਸ਼ਟਰੀ ਜਨਤਾ ਦਲ ਨੇ 25, ਕਾਂਗਰਸ ਪਾਰਟੀ ਨੇ 6, ਸੀ.ਪੀ.ਆਈ. (ਐਮ.ਐਲ.) ਨੇ 2, ਸੀ.ਪੀ.ਐਮ ਨੇ 1 ਅਤੇ ਆਈ.ਆਈ.ਪੀ. ਨੇ ਇੱਕ ਸੀਟ ਜਿੱਤੀ ਹੈ। ਇਸ ਦੇ ਉਲਟ ਐਨ.ਡੀ.ਏ. ਗੱਠਜੋੜ ਦੇ ਤਹਿਤ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ ਯੂਨਾਈਟਿਡ ਨੇ 85 ਅਤੇ ਭਾਰਤੀ ਜਨਤਾ ਪਾਰਟੀ ਨੇ ਚਾਰ ਵੱਧ, 89 ਸੀਟਾਂ `ਤੇ ਜਿੱਤ ਹਾਸਲ ਕੀਤੀ। ਇਹ ਇਸ ਗੱਠਜੋੜ ਦੀ ਇੱਕ ਤਰ੍ਹਾਂ ਨਾਲ ਇਤਿਹਾਸਕ ਜਿੱਤ ਹੈ। ਯਾਦ ਰਹੇ, ਬਿਹਾਰ ਅਸੈਂਬਲੀ ਦੀਆਂ 243 ਸੀਟਾਂ ਹਨ ਅਤੇ ਬਹੁਸੰਮਤੀ ਲਈ 122 ਸੀਟਾਂ ਦੀ ਲੋੜ ਹੈ, ਜਦਕਿ ਐਨ.ਡੀ.ਏ. 202 ਸੀਟਾਂ ਜਿੱਤ ਚੁੱਕੀ ਹੈ। ਇਸ ਤਰ੍ਹਾਂ ਐਨ.ਡੀ.ਏ. ਗੱਠਜੋੜ ਨੂੰ ਬਿਹਾਰ ਵਿੱਚ ਇੱਕ ਵੱਡਾ ਬਹੁਮਤ ਮਿਲ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਇਸ ਗੱਠਜੋੜ ਨੇ ਬਿਹਾਰ ਵਿਧਾਨ ਸਭਾ ਵਿੱਚ ਏਨੀਆਂ ਸੀਟਾਂ ਜਿੱਤੀਆਂ ਹਨ।
ਅਸਲ ਵਿੱਚ ਨਿਤੀਸ਼ ਕੁਮਾਰ ਵੱਲੋਂ ਚੋਣਾਂ ਦੇ ਐਲਾਨ ਤੋਂ ਬਾਅਦ ਬਿਹਾਰ ਦੀਆਂ ਸਾਰੀਆਂ ਔਰਤਾਂ ਦੇ ਖਾਤਿਆਂ ਵਿੱਚ ਪਾਏ ਦਸ-ਦਸ ਹਜ਼ਾਰ ਰੁਪਏ ਨੇ ਸਮੁੱਚੀ ਸਥਿਤੀ ਪਲਟ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਇੰਡੀਆ ਗੱਠਜੋੜ ਦੀ ਸ਼ਾਨਦਾਰ ਜਿੱਤ ਐਲਾਨਿਆ ਅਤੇ ਕਿਹਾ ਕਿ ਕਾਂਗਰਸ ਪਾਰਟੀ ਭਵਿੱਖ ਵਿੱਚ ਕਦੀ ਵੀ ਸੱਤਾ ਵਿੱਚ ਨਹੀਂ ਆ ਸਕੇਗੀ। ਉਨ੍ਹਾਂ ਕਿਹਾ ਕਿ ਇਹ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਵਾਲੀ ਕਾਂਗਰਸ ਪਾਰਟੀ ਨਹੀਂ ਹੈ, ਸਗੋਂ ਮੁਸਲਿਮ-ਮਾਉਵਾਦੀਆਂ ਦੀ ਕਾਂਗਰਸ ਪਾਰਟੀ ਹੈ। ਉਨ੍ਹਾਂ ਆਪਣੀ ਜਿੱਤ ਦਾ ਫਾਰਮੂਲਾ ਬਿਆਨ ਕਰਦਿਆਂ ਕਿਹਾ ਕਿ ਰਾਸ਼ਟਰੀ ਜਨਤਾ ਦਲ ਦੇ ਐਮ.ਵਾਈ. (ਮੁਸਲਿਮ-ਯਾਦਵ) ਦੇ ਮੁਕਾਬਲੇ ਇਹ ਨਵਾਂ ਐਮ.ਵਾਈ. (ਔਰਤਾਂ ਅਤੇ ਯੂਥ) ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੀ ਚੋਣ ਮੁਹਿੰਮ ਵਿੱਚ ਲਾਲੂ ਪ੍ਰਸਾਦ ਦੇ ‘ਜੰਗਲ ਰਾਜ’ ਨੂੰ ਵੀ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ‘ਜੰਗਲ ਰਾਜ’ ਕਦੀ ਵਾਪਸ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ ਐਨ.ਡੀ.ਏ. ਦੀ ਜਿੱਤ ਨਹੀਂ ਸਗੋਂ ਜਮਹੂਰੀਅਤ ਦੀ ਜਿੱਤ ਹੈ। ਨਰਿੰਦਰ ਮੋਦੀ ਨੇ ਭਵਿੱਖੀ ਸਿਆਸਤ ਵੱਲ ਸੰਕੇਤ ਕਰਦਿਆਂ ਕਿਹਾ ਕਿ ਗੰਗਾ ਬਿਹਾਰ ਤੋਂ ਬੰਗਾਲ ਵੱਲ ਵਗਦੀ ਹੈ। ਜਲਦੀ ਹੀ ਪੱਛਮੀ ਬੰਗਾਲ `ਤੇ ਵੀ ਐਨ.ਡੀ.ਏ. ਕਾਬਜ਼ ਹੋਵੇਗਾ।
ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੂਨਾਈਟਿਡ ਦੇ ਆਗੂ ਨਿਤੀਸ਼ ਕੁਮਾਰ ਨੇ ਕਿਹਾ ਕਿ ਇਹ ਬਿਹਾਰ ਵਿੱਚ ਚੰਗੇ ਸਾਸ਼ਨ ਅਤੇ ਵਿਕਾਸ ਦੀ ਜਿੱਤ ਹੈ। ਯਾਦ ਰਹੇ, ਬਿਹਾਰ ਵਿੱਚ ਹਾਲੇ ਵੀ ਗਰੀਬੀ ਅਤੇ ਬੇਰੁਜ਼ਗਾਰੀ ਵੱਡੀ ਪੱਧਰ ਉਤੇ ਫੈਲੀ ਹੋਈ ਹੈ। ਬਿਹਾਰੀ ਮਜ਼ਦੂਰਾਂ ਨੂੰ ਰੋਜ਼Lੀ ਰੋਟੀ ਲਈ ਦੂਜੇ ਰਾਜਾਂ ਵੱਲ ਪਰਵਾਸ ਕਰਨਾ ਪੈਂਦਾ ਹੈ। ਤੇਜੱਸਵੀ ਤੋਂ ਬਾਅਦ ਇਨ੍ਹਾਂ ਮੁੱਦਿਆਂ `ਤੇ ਇੱਕ ਨਵੀਂ ਪਾਰਟੀ ‘ਜਨ ਸੁਰਾਜ’ ਦੇ ਆਗੂ ਪ੍ਰਸ਼ਾਂਤ ਕਿਸ਼ੋਰ ਨੇ ਤਿੰਨ ਸਾਲ ਜ਼ਬਰਦਸਤ ਪਸੀਨਾ ਵਹਾਇਆ, ਪਰ ਉਸ ਨੂੰ ਇੱਕ ਵੀ ਸੀਟ ਨਹੀਂ ਮਿਲੀ। ਬਿਹਾਰ ਵਿੱਚ ਮਿਲੀ ਇਸ ਵੱਡੀ ਹਾਰ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕ ਤਰ੍ਹਾਂ ਸੁੰਨ ਕਰ ਦਿੱਤਾ ਹੈ। ਇਸ ਸਥਿਤੀ ਵਿੱਚ ਉਹ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਅਤੇ ਵੋਟਾਂ ਵਿੱਚ ਘਪਲੇਬਾਜ਼ੀ ਦੇ ਦੋਸ਼ਾਂ ਤੱਕ ਹੀ ਸੀਮਤ ਹਨ।
ਇੱਥੇ ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੋਟਰ ਲਿਸਟਾਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ‘ਤੇ ਕਾਫੀ ਰੌਲਾ ਰੱਪਾ ਪਿਆ ਸੀ। ਵਿਰੋਧੀ ਧਿਰ ਦਾ ਕਹਿਣਾ ਸੀ ਕਿ ਚੋਣ ਕਮਿਸ਼ਨ ਵਿਰੋਧੀ ਧਿਰਾਂ ਦੇ ਵੋਟਰਾਂ ਨੂੰ ਵੋਟਰ ਲਿਸਟ ਵਿੱਚੋਂ ਹਟਾਉਣ ਅਤੇ ਨਵੀਂ ਲਿਸਟ ਵਿੱਚ ਵੱਡੀ ਪੱਧਰ `ਤੇ ਜਾਅਲੀ ਵੋਟਰ ਸ਼ਾਮਲ ਕਰਨ ਲਈ ਅਜਿਹਾ ਕਰ ਰਿਹਾ ਹੈ। ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਤੱਥਾਂ ਸਮੇਤ ਇਹ ਵਿਖਾਇਆ ਕਿ ਵੱਖ-ਵੱਖ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਤਰ੍ਹਾਂ ਜਾਅਲੀ ਵੋਟ ਬਣਾਏ ਅਤੇ ਪਵਾਏ ਗਏ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਬ੍ਰਾਜ਼ੀਲ ਦੀ ਇੱਕ ਮਾਡਲ ਦੀ ਫੋਟੋ ਵਾਲੀ ਜਾਅਲੀ ਵੋਟ ਕਿਨ੍ਹੀਆਂ ਥਾਵਾਂ `ਤੇ ਪਈ। ਇੱਕ-ਇੱਕ ਅਡਰੈਸ `ਤੇ 200-200 ਵੋਟਾਂ ਬਣਾਈਆਂ ਮਿਲੀਆਂ, ਜਿੱਥੇ ਇਹ ਲੋਕ ਰਹਿੰਦੇ ਹੀ ਨਹੀਂ ਸਨ। ਇਸ ਤਰ੍ਹਾਂ ਲਗਦਾ ਸੀ ਕਿ ਚੋਣ ਅਮਲ ਨੂੰ ਜਾਇਜ਼-ਨਾਜਾਇਜ਼ ਢੰਗ ਨਾਲ ਪ੍ਰਭਾਵਿਤ ਕਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਇਸ ਨੂੰ ਵੋਟ ਚੋਰੀ ਦਾ ਨਾਮ ਦਿੱਤਾ ਅਤੇ ਇਸ ਬਾਰੇ ਬਿਹਾਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇਜੱਸਵੀ ਯਦਵ ਨਾਲ ਮਿਲ ਕੇ ਯਾਤਰਾਵਾਂ ਵੀ ਕੀਤੀਆਂ। ਕਾਂਗਰਸ ਨੇ ‘ਵੋਟ ਚੋਰੀ’ ਦੇ ਮੁੱਦੇ ਨੂੰ ਬਿਹਾਰ ਲੋਕ ਸਭਾ ਚੋਣਾਂ ਲਈ ਮੁੱਖ ਮੱਦਾ ਬਣਾਇਆ; ਜਦਕਿ ਤੇਜੱਸਵੀ ਯਾਦਵ ਨੇ ਆਪਣੀ ਚੋਣ ਮੁਹਿੰਮ ਨੌਜੁਆਨਾਂ ਨੂੰ ਧਿਆਨ ਵਿੱਚ ਰੱਖ ਕੇ ਰੁਜ਼ਗਾਰ ਦੇ ਮਸਲੇ `ਤੇ ਕੇਂਦਰਿਤ ਰੱਖੀ। ਹਰ ਘਰ ਨੂੰ ਇੱਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ। ਬਿਨਾ ਸ਼ੱਕ ਤੇਜਸਵੀ ਯਾਦਵ ਨੇ ਆਪਣੀ ਚੋਣ ਮੁਹਿੰਮ `ਤੇ ਅੰਤਾਂ ਦਾ ਜ਼ੋਰ ਲਗਾਇਆ ਅਤੇ ਬਿਹਾਰ ਦੇ ਨੌਜਵਾਨ ਵਰਗ ਨੂੰ ਉਤਸ਼ਾਹਿਤ ਕਰਨ ਲਈ ਆਪਣੀਆਂ ਚੋਣ ਮੁਹਿੰਮਾਂ ਵਿੱਚ ਹਰ ਰੋਜ਼ ਬਦਲਵੇਂ ਰੰਗਾਂ ਦੀਆਂ ਟੀ. ਸ਼ਰਟਾਂ ਪਹਿਨ ਕੇ ਜਵਾਨੀ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ।
ਇਸ ਦੇ ਉਲਟ ਰਾਸ਼ਟਰੀ ਜਨਤਾ ਦਲ ਜਿਹੜਾ ਮੁੱਖ ਤੌਰ `ਤੇ ਯਾਦਵ ਅਤੇ ਮਸਲਮਾਨਾਂ ਦੇ ਆਪਸੀ ਗੱਠਜੋੜ `ਤੇ ਆਧਾਰਤ ਆਪਣੀ ਸਿਆਸਤ ਕਰ ਰਿਹਾ ਸੀ, ਇਸ ਆਧਾਰ ਨੂੰ ਖੋਰਾ ਲੱਗਾ ਵਿਖਾਈ ਦੇ ਰਿਹਾ ਹੈ। ਯਾਦਵਾਂ ਦਾ ਇੱਕ ਵੱਡਾ ਵੋਟ ਆਧਾਰ ਜਨਤਾ ਦਲ ਯੂਨਾਈਟਡ ਅਤੇ ਭਾਜਪਾ ਵੱਲ ਖਿਸਕ ਗਿਆ ਹੈ। ਭਾਰਤੀ ਮੁਸਲਮਾਨਾਂ ਵਿੱਚ ਭਾਰਤੀ ਚੋਣ ਪ੍ਰਬੰਧ ਪ੍ਰਤੀ ਉਦਾਸੀਨਤਾ ਫੈਲਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇੰਟੈਲੀਜੈਂਸੀਆ ਹਿੰਸਕ ਪ੍ਰਤੀਕਰਮਾਂ ਵੱਲ ਤੁਰ ਰਿਹਾ ਹੈ। ਮੁਸਲਮਾਨਾਂ ਦੇ ਰਾਜਨੀਤਿਕ ਤੌਰ `ਤੇ ਸਰਗਰਮ ਹਿੱਸੇ ਓਵੇਸੀ ਦੀ ਪਾਰਟੀ ਏ.ਆਈ.ਐਮ.ਆਈ.ਐਮ. ਵੱਲ ਖਿਸਕ ਗਏ ਹਨ। ਇਸ ਧਰਮ ਆਧਾਰਤ ਪਾਰਟੀ ਨੇ ਮੁਸਲਿਮ ਬਹੁਗਿਣਤੀ ਵਾਲੇ ਸੀਮਾਂਚਲ ਇਲਾਕੇ ਵਿੱਚੋਂ ਪੰਜ ਸੀਟਾਂ ਜਿੱਤੀਆਂ ਹਨ। ਸੁਣਨ ਵਿੱਚ ਆਇਆ ਹੈ ਕਿ ਓਵੇਸੀ ਕਾਂਗਰਸ ਅਗਵਾਈ ਵਾਲੇ ਮਹਾਂਗਠਬੰਧਨ ਵਿੱਚ ਸ਼ਾਮਲ ਹੋਣ ਲਈ ਤਰਲੇ ਕਰਦਾ ਰਿਹਾ, ਪਰ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਆਗੂ ਉਸ ਨੂੂੂੰ “ਭਾਜਪਾ ਦੀ ‘ਬੀ’ ਟੀਮ” ਆਖਦੇ ਰਹੇ। ਉਸ ਨੇ ਆਪਣਾ ਦਮ ਵਿਖਾਉਂਦਿਆਂ ਪੰਜ ਸੀਟਾਂ ਜਿੱਤ ਲਈਆਂ ਹਨ, ਜਦਕਿ ਕਾਂਗਰਸ ਸਿਰਫ 6 ਸੀਟਾਂ ਜਿੱਤ ਸਕੀ ਹੈ।
ਵੱਡੀ ਗੱਲ ਇਹ ਹੈ ਕਿ ਕੇਂਦਰੀ ਰਾਜਨੀਤੀ ਨੂੰ ਤੈਅ ਕਰਨ ਵਾਲੀ ਇੱਕ ਵੱਡੀ ਹਿੰਦੀ ਬੈਲਟ ਦੀ ਸਟੇਟ ਵਿੱਚ ਭਾਜਪਾ ਨੇ ਮਜਬੂਤੀ ਨਾਲ ਆਪਣੇ ਪੈਰ ਜਮਾ ਲਏ ਹਨ। 89 ਸੀਟਾਂ ਜਿੱਤ ਕੇ ਇਹ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇਸ ਰਾਜ `ਤੇ ਭਾਜਪਾ ਦੀ ਦੇਰ ਤੋਂ ਅੱਖ ਸੀ, ਜਿਹੜਾ ਭਾਜਪਾ ਦੀ ਮੁਸਲਿਮ ਵਿਰੋਧੀ ਰਾਜਨੀਤੀ ਨੂੰ ਲਗਾਤਾਰ ਲੀਹੋਂ ਲਾਹੁੰਦਾ ਆ ਰਿਹਾ ਸੀ। ਉਤਰ ਪ੍ਰਦੇਸ਼ ਪਹਿਲਾਂ ਹੀ ਭਾਜਪਾ ਦੀ ਗ੍ਰਿਫਤ ਵਿੱਚ ਹੈ। ਮੱਧ ਪ੍ਰਦੇਸ਼ ਤੇ ਰਾਜਸਥਾਨ ਵੀ। ਹੁਣ ਉਸ ਨੇ ਬਿਹਾਰ ਵੀ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ। ਭਾਵੇਂ ਕੇਂਦਰ ਵਿੱਚ ਐਨ.ਡੀ.ਏ. ਦੀ ਕੁਲੀਸ਼ਨ ਸਰਕਾਰ ਹੈ, ਪਰ ਦੇਸ਼ ਦੇ ਰਾਜਨੀਤਿਕ ਪੱਖ ਤੋਂ ਮਹੱਤਵਪੂਰਨ ਰਾਜਾਂ ਵਿੱਚ ਭਾਜਪਾ ਆਪਣੀ ਪਕੜ ਲਗਾਤਾਰ ਮਜਬੂਤ ਕਰਦੀ ਜਾ ਰਹੀ ਹੈ। ਅਜਿਹੇ ਵਿੱਚ ਕਾਂਗਰਸ ਦਾ ਇੱਕ ਕੌਮੀ ਪਾਰਟੀ ਵਜੋਂ ਇਨ੍ਹਾਂ ਖਿੱਤਿਆਂ ਵਿੱਚ ਆਧਾਰ ਲਗਾਤਾਰ ਸੁੰਗੜ ਰਿਹਾ ਹੈ। ਬਿਹਾਰ ਚੋਣਾਂ ਵਿੱਚ ਕਾਂਗਰਸ ਦੇ ਸਹਿਯੋਗੀ ਵੀ ਸਿਮਟਦੇ ਵਿਖਾਈ ਦਿੱਤੇ ਹਨ। ਇਸ ਹਾਲਤ ਵਿੱਚ ਵਿਰੋਧੀ ਪਾਰਟੀਆਂ ਨੂੰ ਡੂੰਘੀ ਅੰਤਰਝਾਤ ਮਾਰਨ ਦੀ ਲੋੜ ਹੈ। ਇਸ ਤੋਂ ਇਲਾਵਾ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਨਤਕ ਸੰਘਰਸ਼ ਅਤੇ ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਜਿਹੀਆਂ ਸੰਵਿਧਾਨਕ ਸੰਸਥਾਵਾਂ ਦੀ ਸਰਕਾਰ ਦੀ ਜਕੜ ਤੋਂ ਮੁਕਤੀ ਲਈ ਸੰਘਰਸ਼ ਵੱਲ ਧਿਆਨ ਦੇਣਾ ਹੋਏਗਾ। ਚੋਣ ਅਮਲ ਵਿੱਚ ਪੈਸੇ ਅਤੇ ਰਾਜ ਦੀ ਦੁਰਵਰਤੋਂ ਦਾ ਵੀ ਕੋਈ ਨਾ ਕੋਈ ਹੀਲਾ ਵਸੀਲਾ ਕਰਨਾ ਪਏਗਾ।

Leave a Reply

Your email address will not be published. Required fields are marked *