ਸੱਚ, ਨਿਡਰਤਾ ਤੇ ਕੁਰਬਾਨੀ ਦੇ ਪ੍ਰਤੀਕ – ਗੁਰੂ ਤੇਗ਼ ਬਹਾਦਰ ਜੀ

ਅਦਬੀ ਸ਼ਖਸੀਅਤਾਂ

350 ਸਾਲਾ ਸ਼ਤਾਬਦੀ ਨੂੰ ਸਮਰਪਿਤ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
ਗੁਰੂ ਤੇਗ਼ ਬਹਾਦਰ ਜੀ ਸਿੱਖ ਇਤਿਹਾਸ ਦੀ ਉਹ ਮਹਾਨ ਸ਼ਖਸੀਅਤ ਹਨ, ਜਿਨ੍ਹਾਂ ਨੇ ਮਨੁੱਖੀ ਹੱਕਾਂ ਅਤੇ ਧਰਮ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਦਾ ਜੀਵਨ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਪ੍ਰੇਰਣਾਦਾਇਕ ਹੈ। ਗੁਰੂ ਜੀ ਦਾ ਜਨਮ 1 ਅਪ੍ਰੈਲ 1621 ਨੂੰ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਦੇ ਘਰ ਹੋਇਆ। ਉਹ ਬਾਲ ਅਵਸਥਾ ਤੋਂ ਹੀ ਸ਼ਾਂਤ, ਧਿਆਨ-ਮਗਨ ਅਤੇ ਗਹਿਰੇ ਚਿੰਤਨ ਵਾਲੇ ਸੁਭਾਅ ਦੇ ਮਾਲਿਕ ਸਨ। ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਸਾਨੂੰ ਨਾਮ ਸਿਮਰਨ, ਨਿਰਵੈਰਤਾ, ਨਿਡਰਤਾ ਤੇ ਸਰਬ ਸਾਂਝੀ ਸੇਵਾ ਦੀਆਂ ਅਮੋਲ ਸਿੱਖਿਆਵਾਂ ਦੀ ਦੱਸ ਪਾਉਂਦਾ ਹੈ।

ਨਾਮ ਸਿਮਰਨ ਅਤੇ ਪ੍ਰਭੂ-ਪਿਆਰ
ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖੀ ਜੀਵਨ ਦਾ ਕੇਂਦਰ ‘ਨਾਮ ਸਿਮਰਨ’ ਨੂੰ ਦੱਸਿਆ ਹੈ। ਧਿਆਨ ਤੇ ਨਾਮ ਸਿਮਰਨ ਗੁਰੂ ਜੀ ਲਈ ਕੇਵਲ ਧਾਰਮਿਕ ਕਿਰਿਆ ਨਹੀਂ ਸੀ, ਸਗੋਂ ਮਨੁੱਖੀ ਮਨ ਨੂੰ ਵਿਸ਼ਾਲਤਾ, ਦਇਆ ਤੇ ਅਹੰਕਾਰ-ਮੁਕਤੀ ਵੱਲ ਲਿਜਾਣ ਵਾਲਾ ਮਾਰਗ ਸੀ। ਉਨ੍ਹਾਂ ਦਾ ਫੁਰਮਾਨ ਹੈ ਕਿ ਜੋ ਮਨੁੱਖ ਅਹੰਕਾਰ, ਮੋਹ ਤੇ ਮਾਇਆ ਤਿਆਗ ਕੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਸਿਮਰਨ ਨਾਲ ਜੋੜ ਲੈਂਦਾ ਹੈ, ਉਸ ਦਾ ਚਿੱਤ ਸਾਫ ਅਤੇ ਸ਼ਾਂਤ ਹੋ ਜਾਂਦਾ ਹੈ। ਗੁਰੂ ਜੀ ਦਾ ਕਥਨ ਹੈ:
ਤਜਿ ਅਭਿਮਾਨ ਮੋਹ ਮਾਇਆ ਫੁਨਿ
ਭਜਨ ਰਾਮ ਚਿਤੁ ਲਾਵਉ॥ (ਪੰਨਾ 219)
ਗੁਰੂ ਤੇਗ ਬਹਾਦਰ ਜੀ ਦਾ ਇਹ ਉਪਦੇਸ਼ ਮਨੁੱਖੀ ਜੀਵਨ ਦੀ ਦਿਸ਼ਾ ਤੈਅ ਕਰਦਾ ਹੈ। ਗੁਰੂ ਜੀ ਦਾ ਉਪਦੇਸ਼ ਸਾਫ ਹੈ- ਪਹਿਲਾਂ ਮਨੁੱਖ ਨੂੰ ਆਪਣੀ ਅੰਦਰਲੀ ਮਲੀਨਤਾ, ਹੰਕਾਰ, ਮੋਹ ਤੇ ਮਾਇਆ ਨੂੰ ਦੂਰ ਕਰਨਾ ਚਾਹੀਦਾ ਹੈ। ਫਿਰ ਉਸ ਖਾਲੀ ਚਿੱਤ ਨੂੰ ਪਰਮਾਤਮਾ ਦੇ ਨਾਮ ਨਾਲ ਭਰਨਾ ਚਾਹੀਦਾ ਹੈ। ਜਦ ਚਿੱਤ ਨਾਮ ਵਿੱਚ ਲੀਨ ਹੋ ਜਾਂਦਾ ਹੈ, ਤਦ ਜੀਵਨ ਵਿੱਚ ਅਸਲੀ ਸ਼ਾਂਤੀ, ਗਿਆਨ ਅਤੇ ਅਮਰਤਾ ਪ੍ਰਗਟ ਹੁੰਦੀ ਹੈ।

ਨਿਡਰਤਾ ਅਤੇ ਸੱਚਾਈ ਲਈ ਕੁਰਬਾਨੀ
ਗੁਰੂ ਤੇਗ਼ ਬਹਾਦਰ ਜੀ ਦੀ ਸਭ ਤੋਂ ਮਹੱਤਵਪੂਰਨ ਸਿੱਖਿਆ ਹੈ- ਸੱਚ ਤੇ ਮਨੁੱਖੀ ਹੱਕਾਂ ਲਈ ਕੁਰਬਾਨੀ। ਜਦੋਂ ਔਰੰਗਜ਼ੇਬ ਦੇ ਜ਼ੁਲਮ ਹੇਠ ਹਿੰਦੂਆਂ ਨੂੰ ਜਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਸੀ, ਤਦ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਸਹਾਇਤਾ ਲਈ ਆਏ। ਗੁਰੂ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੇ ਜੀਵਨ ਦੀ ਕੁਰਬਾਨੀ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਦਾ ਕਥਨ ਹੈ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (ਪੰਨਾ 1427)
ਗੁਰੂ ਜੀ ਦੱਸਦੇ ਹਨ ਕਿ ਜੋ ਮਨੁੱਖ ਸੱਚੇ ਗਿਆਨ ਨਾਲ ਭਰਪੂਰ ਹੈ, ਉਹ ਕਿਸੇ ਉੱਤੇ ਜ਼ੁਲਮ ਨਹੀਂ ਕਰਦਾ, ਕਿਸੇ ਨੂੰ ਡਰਾਉਂਦਾ ਨਹੀਂ। ਉਸ ਦੇ ਅੰਦਰ ਨਾ ਹੰਕਾਰ ਹੈ, ਨਾ ਹੀ ਸੱਤਾ ਦਾ ਮਾਣ। ਗੁਰੂ ਜੀ ਸਾਨੂੰ ਸਿਖਾਉਂਦੇ ਹਨ ਕਿ ਜਦ ਤਕ ਅਸੀਂ ਕਿਸੇ ਤੋਂ ਡਰਦੇ ਰਹਿੰਦੇ ਹਾਂ, ਅਸੀਂ ਮਾਇਆ ਦੇ ਵੱਸ ਵਿੱਚ ਹਾਂ; ਅਤੇ ਜਦ ਤਕ ਅਸੀਂ ਕਿਸੇ ਨੂੰ ਡਰਾਉਂਦੇ ਹਾਂ, ਅਸੀਂ ਅਹੰਕਾਰ ਦੇ ਗੁਲਾਮ ਹਾਂ। ਇਹ ਦੋਵੇਂ ਹਾਲਤਾਂ ਵਿੱਚ ਮਨੁੱਖੀ ਆਤਮਾ ਅਸਲੀ ਆਜ਼ਾਦੀ ਹਾਸਲ ਨਹੀਂ ਕਰ ਸਕਦੀ।
ਅੱਜ ਦੇ ਸਮਾਜ ਵਿੱਚ ਜਿੱਥੇ ਡਰ, ਹਿੰਸਾ ਅਤੇ ਸੱਤਾ ਦਾ ਦਬਾਅ ਹਰ ਪਾਸੇ ਹੈ, ਇਹ ਗੁਰੂ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਧਰਮ ਅਤੇ ਗਿਆਨ ਦਾ ਮਤਲਬ ਹੈ- ਨਿਰਭਉ ਹੋ ਕੇ ਸੱਚ ਦੇ ਪੱਖ ਵਿੱਚ ਖੜ੍ਹਾ ਰਹਿਣਾ, ਤੇ ਨਾਲ ਹੀ ਕਿਸੇ ਹੋਰ ਜੀਵ ਨੂੰ ਡਰਾਉਣ ਜਾਂ ਦੁੱਖ ਪਹੁੰਚਾਉਣ ਤੋਂ ਬਚਣਾ।
ਗੁਰੂ ਤੇਗ ਬਹਾਦੁਰ ਜੀ ਦੀ ਕੁਰਬਾਨੀ ਇਸੇ ਸਿਧਾਂਤ ਦੀ ਪੁਸ਼ਟੀ ਦਾ ਪ੍ਰਤੀਕ ਹੈ। ਉਨ੍ਹਾਂ ਦੀ ਇਹ ਕੁਰਬਾਨੀ ਸਿਰਫ਼ ਧਾਰਮਿਕ ਆਜ਼ਾਦੀ ਲਈ ਨਹੀਂ ਸੀ, ਸਗੋਂ ਮਨੁੱਖਤਾ ਦੇ ਮੂਲ ਸਿਧਾਂਤਾਂ- ਸੁਤੰਤਰ ਵਿਚਾਰ, ਧਾਰਮਿਕ ਅਧਿਕਾਰ ਅਤੇ ਅੰਤਰਾਤਮਾ ਦੀ ਆਜ਼ਾਦੀ ਦੀ ਰੱਖਿਆ ਲਈ ਸੀ। ਉਹ ਇਸ ਧਰਤੀ ਦੇ ਪਹਿਲੇ ਸ਼ਹੀਦ ਹਨ, ਜਿਨ੍ਹਾਂ ਨੇ ਆਪਣੇ ਧਰਮ ਲਈ ਨਹੀਂ, ਪਰ ਦੂਜੇ ਦੇ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।

ਸਰਬੱਤ ਦਾ ਭਲਾ – ਸਮਾਨਤਾ ਦੀ ਸਿੱਖਿਆ
ਗੁਰੂ ਜੀ ਦੀ ਬਾਣੀ ਮਨੁੱਖੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਿਖਾਇਆ ਕਿ ਰੱਬ ਇੱਕ ਹੈ, ਪਰ ਮਨੁੱਖ ਨੇ ਉਸ ਨੂੰ ਧਰਮਾਂ ਅਤੇ ਜਾਤਾਂ ਵਿੱਚ ਵੰਡ ਦਿੱਤਾ ਹੈ। ਉਹ ਫੁਰਮਾਉਂਦੇ ਹਨ:
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ (ਪੰਨਾ 1427)
ਇਹ ਬਾਣੀ ਦਾ ਕੇਂਦਰੀ ਸੁਨੇਹਾ ਹੈ- ਰੱਬ ਕਿਸੇ ਇੱਕ ਥਾਂ, ਮੰਦਰ, ਮਸਜਿਦ ਜਾਂ ਧਰਮ ਤਕ ਸੀਮਤ ਨਹੀਂ। ਉਹ ਤਾਂ ਹਰ ਘਟ (ਸਰੀਰ), ਹਰ ਪ੍ਰਾਣੀ, ਹਰ ਅੰਸ਼ ਵਿੱਚ ਵੱਸਦਾ ਹੈ। ਇਹ ਵਿਚਾਰ ਮਨੁੱਖ ਨੂੰ ਸਿਖਾਉਂਦੀ ਹੈ ਕਿ ਜਦ ਰੱਬ ਸਭ ਅੰਦਰ ਵੱਸਦਾ ਹੈ, ਤਾਂ ਕਿਸੇ ਨਾਲ ਘ੍ਰਿਣਾ ਕਰਨਾ, ਕਿਸੇ ਨੂੰ ਦੁੱਖ ਦੇਣਾ ਰੱਬ ਨਾਲ ਵਿਸਾਹਘਾਤ ਕਰਨ ਦੇ ਬਰਾਬਰ ਹੈ। ਇਸ ਤਰ੍ਹਾਂ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਮਨੁੱਖਤਾ ਦੇ ਸਮਾਨਤਾ ਦਾ ਸਦਾ-ਥਿਰ ਸੰਦੇਸ਼ ਦਿੱਤਾ। ਜਿਹੜਾ ਮਨੁੱਖ ਸੱਚਾ ਹੈ, ਉਹ ਰੱਬ ਦੇ ਨੇੜੇ ਹੈ, ਚਾਹੇ ਉਸ ਦਾ ਧਰਮ ਜਾਂ ਜਾਤ ਜੋ ਮਰਜ਼ੀ ਹੋਵੇ।

ਸੰਸਾਰੀ ਤਿਆਗ ਤੇ ਅਸਲੀ ਧਨ ਦੀ ਪਹਿਚਾਣ
ਗੁਰੂ ਤੇਗ਼ ਬਹਾਦਰ ਜੀ ਨੇ ਜੀਵਨ ਦੀ ਅਸਥਿਰਤਾ ਤੇ ਮੋਹ ਮਾਇਆ ਦੇ ਜੰਜਾਲ ਨੂੰ ਬਾਖੂਬੀ ਸਮਝਾਇਆ ਹੈ। ਉਹ ਫੁਰਮਾਉਂਦੇ ਹਨ ਕਿ ਧਨ-ਦੌਲਤ ਤੇ ਅਹੰਕਾਰ ਅਸਥਾਈ ਹਨ, ਆਤਮਿਕ ਗਿਆਨ ਹੀ ਸੱਚਾ ਧੰਨ ਹੈ। ਗੁਰੂ ਜੀ ਦਾ ਕਥਨ ਹੈ:
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ॥ (ਪੰਨਾ 219)
ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਜਗਤ ਵਿੱਚ ਜੋ ਕੁਝ ਸਾਡੀਆਂ ਅੱਖਾਂ ਨੂੰ ਦਿੱਸਦਾ ਹੈ- ਧਨ, ਮਕਾਨ, ਰੂਪ, ਸ਼ਕਤੀ, ਰਾਜ, ਪਰਿਵਾਰ -ਇਹ ਸਭ ਇੱਕ ਦਿਨ ਨਾਸ ਹੋ ਜਾਣ ਵਾਲੇ ਹਨ। ਸੰਸਾਰ ਮਿਥਿਆ ਇਸ ਲਈ ਹੈ, ਕਿਉਂਕਿ ਇਹ ਸਦਾ ਇਕੋ ਜਿਹਾ ਨਹੀਂ ਰਹਿੰਦਾ। ਅੱਜ ਜੋ ਹੈ, ਕੱਲ ਨਹੀਂ ਹੋਵੇਗਾ। ਗੁਰੂ ਜੀ ਦਾ ਕਥਨ ਹੈ ਕਿ ਅਸਥਿਰ ਜਗਤ ਵਿੱਚ ਸਥਿਰਤਾ ਸਿਰਫ ਨਾਮ ਵਿੱਚ ਹੈ। ਅਸਲੀ ਟਿਕਾਅ, ਸੱਚਾ ਆਰਾਮ ਤੇ ਅਮਰਤਾ, ਸਿਰਫ ਪਰਮਾਤਮਾ ਦੀ ਸ਼ਰਨ ਵਿੱਚ ਹੈ। ਉਸੇ ਦੀ ਯਾਦ ਹੀ ਜੀਵਨ ਦਾ ਸੱਚਾ ਆਧਾਰ ਹੈ।

ਸਬਰ ਤੇ ਸਹਿਜਤਾ ਭਰਪੂਰ ਜੀਵਨ
ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਅਤਿ ਸਬਰ ਤੇ ਸਹਿਜਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਈ ਮੁਸ਼ਕਲਾਂ ਦੇ ਬਾਵਜੂਦ ਕਦੇ ਸਬਰ ਅਤੇ ਸਹਿਜਤਾ ਦਾ ਪੱਲਾ ਨਹੀਂ ਛੱਡਿਆ, ਨਾ ਹੀ ਆਪਣੇ ਵਿਰੋਧੀਆਂ ਲਈ ਬਦਲਾ ਲੈਣ ਦੀ ਭਾਵਨਾ ਰੱਖੀ। ਜਦ ਉਹ ਗ੍ਰਿਫ਼ਤਾਰ ਕੀਤੇ ਗਏ, ਤਦ ਵੀ ਉਹ ਸ਼ਾਂਤ ਰਹੇ। ਇਹ ਅੰਦਰਲੀ ਸ਼ਕਤੀ ਉਨ੍ਹਾਂ ਦੇ ਗਹਿਰੇ ਧਿਆਨ ਤੇ ਆਤਮਕ ਉੱਚਤਾ ਦਾ ਨਤੀਜਾ ਸੀ। ਉਨ੍ਹਾਂ ਦਾ ਇਹ ਸੁਘੜ ਸੁਭਾਅ ਸਾਨੂੰ ਸਿਖਾਉਂਦਾ ਹੈ ਕਿ ਅਸਲੀ ਸ਼ਕਤੀ ਅੰਦਰਲੇ ਸਹਿਜ ਤੇ ਆਤਮਿਕ ਵਿਸ਼ਵਾਸ ਵਿੱਚ ਹੈ।

ਪਰਿਵਾਰ ਤੇ ਸਮਾਜ ਲਈ ਸੇਵਾ ਦੀ ਪ੍ਰੇਰਣਾ
ਗੁਰੂ ਤੇਗ਼ ਬਹਾਦਰ ਜੀ ਨੇ ਚੱਕ ਨਾਨਕੀ (ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋਇਆ) ਦੀ ਸਥਾਪਨਾ ਕੀਤੀ, ਜੋ ਇੱਕ ਸ਼ਾਂਤ, ਧਾਰਮਿਕ ਅਤੇ ਸਿੱਖਿਆ ਦੇ ਕੇਂਦਰ ਵਜੋਂ ਪ੍ਰਫੁਲਿਤ ਹੋਇਆ। ਉਨ੍ਹਾਂ ਨੇ ਕਈ ਲੋੜਵੰਦਾਂ ਦੀ ਸਹਾਇਤਾ ਕੀਤੀ ਅਤੇ ਲੋਕਾਂ ਨੂੰ ਸਿੱਖਿਆ, ਦਾਨ ਤੇ ਸੇਵਾ ਦਾ ਪਾਠ ਪੜ੍ਹਾਇਆ। ਉਨ੍ਹਾਂ ਦੀ ਪਤਨੀ ਮਾਤਾ ਗੁਜਰੀ ਜੀ ਤੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਦਾ ਜੀਵਨ ਆਦਰਸ਼ ਪਰਿਵਾਰਕ ਮੁੱਲਾਂ ਦਾ ਪ੍ਰਤੀਕ ਸੀ। ਗੁਰੂ ਜੀ ਨੇ ਸਿਖਾਇਆ ਕਿ ਸੇਵਾ ਸਿਰਫ਼ ਧਾਰਮਿਕ ਨਹੀਂ, ਮਨੁੱਖੀ ਜ਼ਿੰਮੇਵਾਰੀ ਵੀ ਹੈ।

ਸ਼ਹੀਦੀ – ਮਨੁੱਖਤਾ ਦੀ ਸੁਰੱਖਿਆ ਦਾ ਸੁਨੇਹਾ
ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਵਿੱਚ ਧਰਮ ਪਰਿਵਰਤਨ ਕਰਨ ਲਈ ਮਜਬੂਰ ਕੀਤਾ, ਕਸ਼ਮੀਰੀ ਪੰਡਿਤਾਂ ਨੇ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਰੱਖਿਆ ਕਰਨ। ਗੁਰੂ ਜੀ ਨੇ ਇਹ ਫੁਰਮਾਇਆ ਕਿ ਜੇ ਕੋਈ ਧਰਮ ਦਾ ਮਹਾਨ ਆਗੂ ਆਪਣੀ ਜਾਨ ਕੁਰਬਾਨ ਕਰੇ, ਤਾਂ ਲੱਖਾਂ ਲੋਕਾਂ ਦੀ ਆਜ਼ਾਦੀ ਬਚ ਸਕਦੀ ਹੈ।
11 ਨਵੰਬਰ 1675 ਨੂੰ ਗੁਰੂ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਗਿਆ। ਬੇਸ਼ਕ ਉਨ੍ਹਾਂ ਦਾ ਸਿਰ ਕੱਟਿਆ ਗਿਆ, ਪਰ ਉਨ੍ਹਾਂ ਆਪਣਾ ਸਿਰ ਝੁਕਾਇਆ ਨਹੀਂ। ਉਨ੍ਹਾਂ ਦੀ ਸ਼ਹੀਦੀ ਨਾਲ ਦੇਸ਼ ਭਰ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਲਈ ਜਾਗ੍ਰਿਤੀ ਦੀ ਨਵੀਂ ਲਹਿਰ ਜਾਗ ਪਈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਫੁਰਮਾਇਆ: “ਤਿਲਕ ਜੰਞੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿ ਸਾਕਾ। (ਬਚਿੱਤਰ ਨਾਟਕ)”
ਗੁਰੂ ਤੇਗ ਬਹਾਦਰ ਜੀ ਨੂੰ ਪਰਮਾਤਮਾ ਨੇ ਤਿਲਕ ਤੇ ਜਨੇਊ ਦੀ ਰਾਖੀ ਲਈ ਚੁਣਿਆ; ਅਰਥਾਤ ਧਰਮ, ਅਧਿਆਤਮ ਤੇ ਮਨੁੱਖਤਾ ਦੀ ਰੱਖਿਆ ਲਈ। ਕਲਿਯੁਗ ਵਿੱਚ ਜਦੋਂ ਧਰਮ ਦੀ ਲਾਜ ਖਤਰੇ ਵਿੱਚ ਸੀ, ਤਦ ਗੁਰੂ ਜੀ ਨੇ ਆਪਣੀ ਜਾਨ ਕੁਰਬਾਨ ਕਰਕੇ ਸਾਰੀ ਮਨੁੱਖਤਾ ਨੂੰ ਧਰਮ ਦੀ ਆਜ਼ਾਦੀ ਦਾ ਅਮਰ ਸੁਨੇਹਾ ਦਿੱਤਾ। ਇਹ ਸ਼ਹੀਦੀ ਸਿੱਖ ਸੰਸਾਰ ਲਈ ਹਿੰਮਤ, ਅਹਿੰਸਾ ਤੇ ਧਰਮ ਨਿਭਾਉਣ ਦੀ ਸਭ ਤੋਂ ਵੱਡੀ ਮਿਸਾਲ ਬਣੀ। ਇਸੇ ਲਈ ਉਨ੍ਹਾਂ ਨੂੰ “ਹਿੰਦ ਦੀ ਚਾਦਰ” ਕਿਹਾ ਜਾਂਦਾ ਹੈ।
ਉਪਰੋਕਤ ਪੰਕਤੀ ਦਾ ਅਰਥ ਸਿਰਫ਼ ਹਿੰਦੂ ਧਰਮ ਦੀ ਰੱਖਿਆ ਤੱਕ ਸੀਮਿਤ ਨਹੀਂ। ਇਸ ਵਿੱਚ ਇਹ ਸੁਨੇਹਾ ਹੈ ਕਿ ਜੋ ਮਨੁੱਖ ਸੱਚ, ਨਿਆਂ ਅਤੇ ਆਜ਼ਾਦੀ ਦੀ ਰੱਖਿਆ ਲਈ ਆਪਣਾ ਆਪ ਤਿਆਗ ਦਿੰਦਾ ਹੈ, ਉਹ ਸੱਚਮੁੱਚ ਪ੍ਰਭੂ ਦਾ ਚੁਣਿਆ ਹੋਇਆ ਸੇਵਕ ਹੁੰਦਾ ਹੈ। ਗੁਰੂ ਜੀ ਨੇ ਦਿਖਾਇਆ ਕਿ ਸੱਚੀ ਆਰਾਧਨਾ ਸ਼ਬਦਾਂ ਨਾਲ ਨਹੀਂ, ਪਰ ਕਿਰਿਆ ਨਾਲ ਹੁੰਦੀ ਹੈ। ਜਦੋਂ ਮਨੁੱਖਤਾ ਖਤਰੇ ਵਿੱਚ ਹੋਵੇ, ਤਾਂ ਜੀਵਨ ਦੀ ਕੁਰਬਾਨੀ ਵੀ ਪ੍ਰਭੂ ਭਗਤੀ ਦਾ ਹਿੱਸਾ ਬਣ ਜਾਂਦੀ ਹੈ।

ਆਤਮਿਕ ਸਾਧਨਾ ਤੇ ਧਾਰਮਿਕ ਸਹਿਭਾਵਨਾ
ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਆਤਮਕ ਚਿੰਤਨ ਦਾ ਸਰੋਤ ਹੈ। ਉਨ੍ਹਾਂ ਦਾ ਕਥਨ ਹੈ:
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ (219)
ਆਮ ਜੀਵਨ ਵਿੱਚ ਇਸ ਪੰਕਤੀ ਦਾ ਸੰਦੇਸ਼ ਇਹ ਹੈ ਕਿ ਸਾਨੂੰ ਦਿਨ-ਰਾਤ ਲੋਕਾਂ ਦੀਆਂ ਰਾਇਆਂ ਘੇਰਦੀਆਂ ਹਨ। ਕੋਈ ਸਾਡੀ ਤਾਰੀਫ਼ ਕਰਦਾ ਹੈ, ਕੋਈ ਆਲੋਚਨਾ। ਪਰ ਜੇ ਅਸੀਂ ਹਰ ਵਾਰ ਉਨ੍ਹਾਂ ਦੇ ਅਨੁਸਾਰ ਆਪਣੀ ਖੁਸ਼ੀ ਜਾਂ ਦੁੱਖ ਬਦਲਦੇ ਰਹੇ, ਤਾਂ ਸਾਡੀ ਸ਼ਾਂਤੀ ਕਦੇ ਵੀ ਕਾਇਮ ਨਹੀਂ ਰਹਿ ਸਕਦੀ। ਇਸ ਲਈ ਗੁਰੂ ਜੀ ਫੁਰਮਾਉਂਦੇ ਹਨ- ਸੱਚਾ ਆਧਿਆਤਮਿਕ ਮਨੁੱਖ ਉਹ ਹੈ, ਜੋ ਆਪਣੀ ਸੂਝ ਅਤੇ ਸੱਚ ਨਾਲ ਜੁੜਿਆ ਰਹੇ, ਭਾਵੇਂ ਲੋਕ ਉਸ ਦੀ ਤਾਰੀਫ਼ ਕਰਨ ਜਾਂ ਨਿੰਦਾ। ਇਸ ਤਰ੍ਹਾਂ ਇਹ ਪੰਕਤੀ ਮਨ ਦੀ ਸੰਤੁਲਿਤ ਹਾਲਤ ਦਾ ਵਰਨਣ ਕਰਦੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਨਿਰਬਾਣ ਅਵਸਥਾ ਤਦ ਮਿਲਦੀ ਹੈ, ਜਦ ਮਨ ਵਿੱਚ ਕਿਸੇ ਵੀ ਪ੍ਰਕਾਰ ਦਾ ਦੁਵੈਤ (ਦੁਅਲਿਸਮ) ਨਹੀਂ ਰਹਿੰਦਾ; ਨਾ ਪ੍ਰਸ਼ੰਸਾ ਨਾਲ ਖੁਸ਼ੀ, ਨਾ ਨਿੰਦਾ ਨਾਲ ਦੁੱਖ। ਇਹ ਉਹ ਅਵਸਥਾ ਹੈ, ਜਿਥੇ ਮਨੁੱਖ ਹਰ ਘਟਨਾ ਨੂੰ ਪ੍ਰਭੂ ਦੀ ਰਜ਼ਾ ਸਮਝ ਕੇ ਸਵੀਕਾਰ ਕਰਦਾ ਹੈ। ਅਜਿਹਾ ਵਿਅਕਤੀ ਹੀ ਸੱਚਾ ਸੰਤ ਅਤੇ ਗਿਆਨੀ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ:
ਸਾਧੋ ਰਚਨਾ ਰਾਮ ਬਨਾਈ ॥ (ਪੰਨਾ 219)
ਇਹ ਪੰਕਤੀ ਸਾਨੂੰ ਸਿਖਾਉਂਦੀ ਹੈ ਕਿ ਸਾਰਾ ਜਗਤ ਪ੍ਰਭੂ ਦਾ ਘਰ ਹੈ, ਹਰ ਜੀਵ ਉਸ ਦੀ ਹੀ ਜੋਤ ਦਾ ਅੰਸ਼ ਹੈ। ਜਦੋਂ ਅਸੀਂ ਕਿਸੇ ਨੂੰ ਨਫ਼ਰਤ ਨਾਲ ਦੇਖਦੇ ਹਾਂ ਜਾਂ ਕਿਸੇ ਜੀਵ ਨਾਲ ਬੁਰਾ ਕਰਦੇ ਹਾਂ, ਤਾਂ ਅਸੀਂ ਅਸਲ ਵਿੱਚ ਉਸ ਪਰਮਾਤਮਾ ਦੀ ਰਚਨਾ ਨਾਲ ਹੀ ਅਨਾਦਰ ਕਰ ਰਹੇ ਹੁੰਦੇ ਹਾਂ। ਗੁਰੂ ਜੀ ਦੀ ਸਿੱਖਿਆ ਹੈ ਕਿ ਜਗਤ ਨੂੰ ਤਿਆਗਣਾ ਨਹੀਂ, ਜਗਤ ਵਿੱਚ ਰਹਿ ਕੇ ਪ੍ਰਭੂ ਨੂੰ ਪਛਾਣਨਾ ਹੈ। ਸੱਚਾ ਧਰਮੀ ਉਹ ਨਹੀਂ ਜੋ ਸੰਸਾਰ ਛੱਡ ਜਾਵੇ, ਪਰ ਉਹ ਜੋ ਸੰਸਾਰ ਦੇ ਹਰ ਜੀਵ ਵਿੱਚ ਪ੍ਰਭੂ ਨੂੰ ਵੇਖੇ। ਗੁਰੂ ਜੀ ਨੇ ਕਿਸੇ ਵੀ ਧਰਮ ਦੀ ਨਿੰਦਾ ਨਹੀਂ ਕੀਤੀ, ਸਗੋਂ ਸਭ ਧਰਮਾਂ ਦੀ ਅਸਲ ਭਾਵਨਾ ਦੀ ਕਦਰ ਕੀਤੀ। ਉਨ੍ਹਾਂ ਦਾ ਜੀਵਨ ਧਾਰਮਿਕ ਸਹਿਭਾਵਨਾ ਤੇ ਆਦਰ-ਭਾਵ ਦਾ ਪ੍ਰਤੀਕ ਹੈ।

ਨੈਤਿਕਤਾ ਤੇ ਆਤਮ-ਸੰਯਮ ਦੀ ਸਿੱਖਿਆ
ਗੁਰੂ ਜੀ ਦੀ ਬਾਣੀ ਵਿੱਚ ਅਹੰਕਾਰ, ਮੋਹ, ਕਾਮ ਤੇ ਕ੍ਰੋਧ ਤੋਂ ਦੂਰ ਰਹਿਣ ਦਾ ਉਪਦੇਸ਼ ਹੈ। ਉਹ ਫੁਰਮਾਉਂਦੇ ਹਨ:
ਸਾਧੋ ਮਨ ਕਾ ਮਾਨੁ ਤਿਆਗਉ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥ (ਪੰਨਾ 219)
ਇਹ ਸ਼ਲੋਕ ਸਾਨੂੰ ਸਿਖਾਉਂਦਾ ਹੈ ਕਿ ਸਫਲਤਾ, ਅਹੁਦੇ ਜਾਂ ਗਿਆਨ ਨਾਲ ਅਹੰਕਾਰ ਨਾ ਆਵੇ। ਕਾਮਨਾ ਤੇ ਕ੍ਰੋਧ ਤੇ ਕਾਬੂ ਪਾਓ, ਇਹ ਦੋਵੇਂ ਮਨੁੱਖ ਦੀ ਸ਼ਾਂਤੀ ਨੂੰ ਨਸ਼ਟ ਕਰਦੇ ਹਨ। ਬੁਰੀ ਸੰਗਤ ਤੋਂ ਬਚੋ, ਕਿਉਂਕਿ ਮਨ ਉਹੋ ਜਿਹਾ ਹੀ ਬਣਦਾ ਹੈ, ਜਿਸ ਦੀ ਸੰਗਤ ਵਿੱਚ ਉਹ ਰਹਿੰਦਾ ਹੈ। ਗੁਰੂ ਜੀ ਦਾ ਇਹ ਉਪਦੇਸ਼ ਮਨੁੱਖ ਨੂੰ ਸੰਤੁਲਨ, ਨਿਮਰਤਾ ਤੇ ਪਵਿੱਤਰਤਾ ਦਾ ਰਾਹ ਦਿਖਾਂਦਾ ਹੈ। ਜਦ ਮਨੁੱਖ ਆਪਣਾ ਅਹੰਕਾਰ ਤਿਆਗ ਕੇ, ਵਿਕਾਰਾਂ ਤੋਂ ਦੂਰ ਹੋ ਕੇ, ਸਤਿਸੰਗਤ ਨਾਲ ਜੁੜਦਾ ਹੈ, ਉਹ ਅੰਦਰੋਂ ਰੱਬੀ ਚਾਨਣ ਨਾਲ ਭਰ ਜਾਂਦਾ ਹੈ। ਇਸ ਸ਼ਲੋਕ ਰਾਹੀਂ ਉਹ ਸਾਨੂੰ ਦੱਸਦੇ ਹਨ ਕਿ ਮਨੁੱਖ ਦਾ ਸਭ ਤੋਂ ਵੱਡਾ ਜੰਗ ਆਪਣੇ ਆਪ ਨਾਲ ਹੈ। ਜਿਹੜਾ ਮਨੁੱਖ ਆਪਣੇ ਮਨ ਤੇ ਇੰਦ੍ਰਿਆਂ `ਤੇ ਕਾਬੂ ਪਾ ਲੈਂਦਾ ਹੈ, ਉਹੀ ਸੱਚਾ ਜੇਤੂ ਹੈ।

ਗੁਰੂ ਜੀ ਦੀ ਵਿਰਾਸਤ – ਅੱਜ ਦੇ ਸੰਦਰਭ ਵਿੱਚ
ਅੱਜ ਦੇ ਸਮੇਂ ਵਿੱਚ ਜਦੋਂ ਮਨੁੱਖਤਾ ਫਿਰ ਹਿੰਸਾ, ਅਸਹਿਨਸ਼ੀਲਤਾ ਅਤੇ ਅਨਿਆਏ ਦੇ ਸੰਘਰਸ਼ ਵਿੱਚ ਲਿਪਤ ਹੈ, ਗੁਰੂ ਤੇਗ਼ ਬਹਾਦਰ ਜੀ ਦੀ ਸਿੱਖਿਆ ਹੋਰ ਵੀ ਪ੍ਰਸੰਗਿਕ ਹੋ ਗਈ ਹੈ। ਉਹ ਸਾਨੂੰ ਸਿਖਾਉਂਦੇ ਹਨ ਕਿ ਆਤਮਿਕ ਜੀਵਨ, ਨੈਤਿਕਤਾ, ਸੱਚਾਈ ਅਤੇ ਦਇਆ ਹੀ ਮਨੁੱਖਤਾ ਦੀ ਅਸਲੀ ਧਰੋਹਰ ਹੈ। ਧਰਮ ਦਾ ਮਤਲਬ ਕਿਸੇ ਮਜ਼ਹਬ ਨੂੰ ਉੱਚਾ ਜਾਂ ਨੀਵਾਂ ਦਿਖਾਉਣਾ ਨਹੀਂ, ਸਗੋਂ ਸਾਰੇ ਧਰਮਾਂ ਦਾ ਆਦਰ ਕਰਨਾ ਹੈ। ਉਨ੍ਹਾਂ ਦੀ ਕੁਰਬਾਨੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਮਨੁੱਖਤਾ ਦੀ ਰੱਖਿਆ ਲਈ ਕਈ ਵਾਰ ਆਪਣੇ ਸੁਖ-ਚੈਨ ਦਾ ਤਿਆਗ ਕਰਨਾ ਪੈਂਦਾ ਹੈ। ਉਨ੍ਹਾਂ ਦੀ ਬਾਣੀ ਦਾ ਕੇਂਦਰੀ ਧੁਰਾ ਹੈ: ਨਿਡਰ ਜੀਵਨ, ਸੱਚ ਦੀ ਰਾਹ `ਤੇ ਚਲਣਾ ਅਤੇ ਰੱਬ ਨਾਲ ਪਿਆਰ।
ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਮਨੁੱਖੀ ਆਦਰਸ਼ਾਂ ਦਾ ਪ੍ਰਤੀਕ ਹੈ। ਉਨ੍ਹਾਂ ਦੀ ਸਿੱਖਿਆ ਧਰਮਾਂ ਤੋਂ ਉੱਪਰ ਉਠ ਕੇ ਸਾਰਿਆਂ ਲਈ ਰੌਸ਼ਨੀ ਦਾ ਚਾਨਣ ਮੁਨਾਰਾ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਵਿਰਾਸਤ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ: ਸੱਚ ਬੋਲਣ, ਨਿਡਰ ਜੀਵਨ ਜਿਉਣ ਅਤੇ ਸਭ ਨਾਲ ਪ੍ਰੇਮ ਕਰਨ ਲਈ। ਉਨ੍ਹਾਂ ਦਾ ਜੀਵਨ ਅਮਰ ਹੈ, ਉਨ੍ਹਾਂ ਦੀ ਬਾਣੀ ਅਵਿਨਾਸ਼ੀ ਹੈ, ਤੇ ਉਨ੍ਹਾਂ ਦੀ ਕੁਰਬਾਨੀ ਮਨੁੱਖਤਾ ਨੂੰ ਉੱਚਾ ਕਰਨ ਵਾਲੀ ਸਦੀਵੀ ਪ੍ਰੇਰਨਾ ਹੈ।

Leave a Reply

Your email address will not be published. Required fields are marked *