*ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਬਾਰੇ ਰਹੱਸ ਬਰਕਰਾਰ
ਜਸਵੀਰ ਸਿੰਘ ਮਾਂਗਟ
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਦੀ ਹਾਲਤ ਬਾਰੇ ਰਹੱਸ ਹਾਲੇ ਵੀ ਬਣਿਆ ਹੋਇਆ ਹੈ। ਭਾਵੇਂ ਕਿ ਖੁਦ ਪੀ.ਟੀ.ਆਈ. ਦੇ ਆਗੂਆਂ ਤੇ ਸਰਕਾਰੀ ਸੂਤਰਾਂ ਦਾ ਆਖਣਾ ਹੈ ਕਿ ਇਮਰਾਨ ਖ਼ਾਨ ਬਿਲਕੁਲ ਤੰਦਰੁਸਤ ਹੈ ਅਤੇ ਜੇਲ੍ਹ ਵਿੱਚ ਉਸ ਦੀ ਸਿਹਤ, ਖੁਰਾਕ ਤੇ ਰਿਹਾਇਸ਼ ਦਾ ਹਰ ਪੱਖੋਂ ਖਿਆਲ ਰੱਖਿਆ ਜਾ ਰਿਹਾ ਹੈ। ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਦੇ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਮਰਾਨ ਖਾਨ ਦੀ ਭੈਣ ਅਲੀਮਾ ਖਾਨਮ ਨੇ ਉਸ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ। ਲਗਭਗ 27 ਦਿਨਾਂ ਬਾਅਦ ਇਹ ਮੁਲਾਕਾਤ ਸੰਭਵ ਹੋ ਸਕੀ। ਕੋਈ ਵੀਹ ਮਿੰਟ ਮੁਲਾਕਾਤ ਚੱਲੀ। ਅਲੀਮਾ ਖਾਨਮ ਨੇ ਦੱਸਿਆ ਕਿ ਇਮਰਾਨ ਸਰੀਰਕ ਤੌਰ `ਤੇ ਤੰਦਰੁਸਤ ਹਨ, ਪਰ ਉਨ੍ਹਾਂ ਨੂੰ ਮਾਨਸਿਕ ਤਸੀਹੇ ਦਿੱਤੇ ਜਾ ਰਹੇ ਹਨ।
ਯਾਦ ਰਹੇ, ਪਿਛਲੇ 2 ਸਾਲ ਤੋਂ ਇਮਰਾਨ ਖਾਨ ਤੇ ਉਸ ਦੀ ਪਤਨੀ ਬੁਸ਼ਰਾ ਬੀਬੀ ਨੂੰ ਪਾਕਿਸਤਾਨੀ ਹਕੂਮਤ ਨੇ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਅਤੇ ਲੰਘੇ ਕੋਈ ਚਾਰ ਹਫਤਿਆਂ ਤੋਂ ਉਹਦੇ ਵਕੀਲਾਂ ਤੇ ਭੈਣਾਂ ਸਮੇਤ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਅਦਿਆਲਾ ਜੇਲ੍ਹ ਦੇ ਸਾਹਮਣੇ ਧਰਨਾ ਦੇ ਰਹੀਆਂ ਇਮਰਾਨ ਖਾਨ ਦੀ ਭੈਣਾਂ ਵਿੱਚੋਂ ਅਲੀਮਾ ਖਾਨਮ ਦੀ ਸੁਰੱਖਿਆ ਦਸਤਿਆਂ ਨੇ ਜ਼ਬਰਦਸਤ ਕੁੱਟ ਮਾਰ ਕੀਤੀ ਸੀ। ਅੱਧੀ ਰਾਤ ਵੇਲੇ ਜੇਲ੍ਹਾਂ ਦੀਆਂ ਬਾਹਰਲੀਆਂ ਬੱਤੀਆਂ ਬੁਝਾ ਕੇ ਜੇਲ੍ਹ ਦੇ ਬਾਹਰ ਧਰਨਾ ਦੇ ਰਹੇ ਇਮਾਰਨ ਖਾਨ ਦੇ ਰਿਸ਼ਤੇਦਾਰਾਂ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਵਰਕਰਾਂ `ਤੇ ਹਮਲਾ ਕਰ ਦਿੱਤਾ ਗਿਆ ਸੀ।
ਪਾਕਿਸਤਾਨ ਦੀਆਂ 2024 ਵਿੱਚ ਹੋਈਆਂ ਆਮ ਚੋਣਾਂ ਵਿੱਚ ਇਮਰਾਨ ਖਾਨ ਦੀ ਪਾਰਟੀ ਨੇ ਵੱਡੀ ਲੀਡ ਹਾਸਲ ਕੀਤੀ ਸੀ, ਇਸ ਦੇ ਬਾਵਜੂਦ ਮੁਸਲਿਮ ਲੀਗ, ਪਾਕਿਸਤਾਨ ਪੀਪਲ ਪਾਰਟੀ ਅਤੇ ਫੌਜ ਦੀ ਮੱਦਦ ਨਾਲ ਇਮਰਾਨ ਦੀ ਪਾਰਟੀ ਨੂੰ ਸੱਤਾ ਤੋਂ ਮਰਹੂਮ ਰੱਖਿਆ ਗਿਆ। ਮਹੀਨਾ ਕੁ ਪਹਿਲਾਂ ਤੱਕ ਮੰਗਲਵਾਰ ਤੇ ਵੀਰਵਾਰ ਵਾਲੇ ਦਿਨ ਇਮਰਾਨ ਨੂੰ ਉਨ੍ਹਾਂ ਦੇ ਵਕੀਲਾਂ ਅਤੇ ਰਿਸ਼ਤੇਦਾਰਾਂ ਨਾਲ ਮਿਲਣ ਦਿੱਤਾ ਜਾ ਰਿਹਾ ਸੀ, ਪਰ ਪਿਛਲੇ ਚਾਰ ਹਫਤੇ ਤੋਂ ਉਨ੍ਹਾਂ ਨੂੰ ਕਿਸੇ ਨੂੰ ਨਹੀਂ ਮਿਲਣ ਦਿੱਤਾ ਗਿਆ। ਇਸ ਦਰਮਿਆਨ ਅਫਗਾਨਿਸਤਾਨ ਦੇ ਇੱਕ ਅਖ਼ਬਾਰ ਵਿੱਚ ਇਹ ਖ਼ਬਰ ਛਪੀ ਕਿ ਇਮਰਾਨ ਨੂੰ ਜੇਲ੍ਹ ਵਿੱਚ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਹ ਮਾਮਲਾ ਭਾਰਤੀ ਚੈਨਲਾਂ ਨੇ ਰੱਜ ਕੇ ਉਛਾਲਿਆ। ਪਰ ਨਾ ਤੇ ਅਦਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਇਨ੍ਹਾਂ ਖਬਰਾਂ ਦੀ ਕੋਈ ਪੁਸ਼ਟੀ ਕੀਤੀ ਅਤੇ ਨਾ ਹੀ ਪਾਕਿਸਤਾਨ ਸਰਕਾਰ ਵੱਲੋਂ ਕੁਝ ਕਿਹਾ ਗਿਆ। ਅਦਿਆਲਾ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਸਗੋਂ ਇਹ ਕਿਹਾ ਜਾ ਰਿਹਾ ਹੈ ਕਿ ਇਮਰਾਨ ਸਹੀ ਸਲਾਮਤ ਹੈ ਅਤੇ ਉਸ ਨੂੰ ਇੱਕ ਸਾਬਤ ਦੇਸੀ ਮੁਰਗਾ ਹਰ ਰੋਜ਼ ਖਾਣ ਨੂੰ ਦਿੱਤਾ ਜਾ ਰਿਹਾ ਹੈ। ਅਦਿਆਲਾ ਜੇਲ੍ਹ ਦੇ ਦੁਆਲੇ ਇਕੱਠੇ ਹੋਏ ਪਾਰਟੀ ਦੇ ਕਾਰਕੁੰਨਾਂ, ਆਗੂਆਂ ਅਤੇ ਰਿਸ਼ਤੇਦਾਰਾਂ ਵਿੱਚੋਂ ਕਿਸੇ ਨੂੰ ਵੀ ਇਮਰਾਨ ਦੀ ਝਲਕ ਨਹੀਂ ਦਿਖਾਈ ਗਈ। ਪਾਰਟੀ ਆਗੂ ਅਤੇ ਇਮਾਰਨ ਖ਼ਾਨ ਦੀਆਂ ਏਥੇ ਬੈਠੀਆਂ ਤਿੰਨ ਭੈਣਾਂ ਮੰਗ ਕਰ ਰਹੀਆਂ ਸਨ ਕਿ ਸਾਨੂੰ ਸਹੀ ਸਲਾਮਤ ਇਮਰਾਨ ਦੀ ਕੋਈ ਵੀਡੀਓ ਵਗੈਰਾ ਹੀ ਵਿਖਾ ਦਿੱਤੀ ਜਾਵੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਇਸ ਦੌਰਾਨ ਆਪਣੇ ਨਿੱਜੀ ਦੌਰੇ ਉੱਤੇ ਬਰਤਾਨੀਆਂ ਚਲੇ ਗਏ ਹਨ।
ਯਾਦ ਰਹੇ, ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਪਾਕਿਸਤਾਨੀ ਚੋਣ ਪ੍ਰਬੰਧਕਾਂ `ਤੇ ਵੋਟਾਂ ਦੇ ਮਾਮਲੇ ਵਿੱਚ ਸ਼ਰੇਆਮ ਵੱਡੀ ਘਪਲੇਬਾਜ਼ੀ ਕਰਨ ਦੇ ਦੋਸ਼ ਲੱਗੇ ਸਨ। ਕੁਝ ਸੀਨੀਅਰ ਅਫਸਰਾਂ ਨੇ ਇਸ ਕਾਰਨ ਨੌਕਰੀਆਂ ਵੀ ਛੱਡੀਆਂ ਸਨ। ਸਰਕਾਰੀ ਧੱਕੇ ਦੇ ਬਵਜੂਦ ਪੀ.ਟੀ.ਆਈ. ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਇਮਾਰਨ ਖਾਨ ਦੀ ਪਾਰਟੀ ਵੱਲੋਂ ਇਸ ਘਪਲੇਬਾਜ਼ੀ ਖਿਲਾਫ ਵੱਡੇ ਪ੍ਰਦਰਸ਼ਨ ਵੀ ਕੀਤੇ ਗਏ ਸਨ। ਪੀ.ਟੀ.ਆਈ. ਵੱਲੋਂ ਫੌਜ ਅਤੇ ਦੂਜੀਆਂ ਦੋ ਪਾਰਟੀਆਂ `ਤੇ ਚੋਣਾਂ ਹਾਈਜੈਕ ਕਰਨ ਦੇ ਇਲਜ਼ਾਮ ਵੀ ਲਾਏ ਗਏ। ਪਰ ਬਾਅਦ ਵਿੱਚ ਇਮਰਾਨ ਖਾਨ ਦੀ ਪਾਰਟੀ ਅਤੇ ਉਸ ਦੇ ਕਾਰਕੁੰਨਾਂ ਦੀ ਆਵਾਜ਼ ਦਬ ਕੇ ਰਹਿ ਗਈ। ਇਸੇ ਸਾਲ 30 ਸਤੰਬਰ ਨੂੰ ਕਾਮਨਵੈਲਥ ਮੁਲਕਾਂ ਦੇ ਚੋਣ ਅਬਜ਼ਰਵਰਾਂ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਨੇ ਵੀ ਇਹ ਮੰਨਿਆ ਹੈ ਕਿ ਕੁਝ ਘਟਨਾਵਾਂ ਇਸ ਕਿਸਮ ਦੀਆਂ ਵਾਪਰੀਆਂ ਹਨ, ਜਿਨ੍ਹਾਂ ਕਾਰਨ ਲਗਦਾ ਹੈ ਕਿ ਚੋਣ ਅਮਲ ਪਾਰਦਰਸ਼ੀ ਅਤੇ ਨਿਰਪੱਖ ਨਹੀਂ ਸੀ। ਕਾਮਨਵੈਲਥ ਅਬਜ਼ਰਵਰ ਗਰੁੱਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ, “ਹੋਰ ਗੱਲਾਂ ਦੇ ਨਾਲ-ਨਾਲ ਚੋਣ ਅਮਲ ਦੌਰਾਨ ਮਨੁੱਖੀ ਬੁਨਿਆਦੀ ਅਧਿਕਾਰਾਂ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਨੇ ਕਿਸੇ ਪਾਰਟੀ ਵੱਲੋਂ ਨਿਰਪੱਖ ਚੋਣਾਂ ਲੜਨ ਦੀ ਸਮਰੱਥਾ ਨੂੰ ਸੀਮਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇਹ ਵੀ ਸਵਾਲ ਉਠਾਇਆ ਗਿਆ ਕਿ ਚੋਣਾਂ ਵਾਲੀ ਰਾਤ ਨੂੰ ਮੋਬਾਈਲ ਸੇਵਾਵਾਂ ਬੰਦ ਕਿਉਂ ਕਰ ਦਿੱਤੀਆਂ ਗਈਆਂ ਸਨ? ਇਸ ਨਾਲ ਪਾਰਦਰਸ਼ਤਾ ਅਤੇ ਨਤੀਜਿਆਂ `ਤੇ ਅਸਰ ਪਿਆ।”
ਯਾਦ ਰਹੇ, ਪਾਕਿਸਤਾਨੀ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਦੀ ਨਿਰਪੱਖਤਾ ਯਕੀਨੀ ਬਣਾਉਣ ਲਈ ਵੋਟ ਅਮਲ ਸਮੇਂ ਨਿਰਪੱਖ ਕਾਮਨਵੈਲਥ ਅਬਜ਼ਰਵਰਾਂ ਨੂੰ ਚੋਣ ਨਿਰੀਖਕ ਵਜੋਂ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ ਸੀ। ਇੱਥੇ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਇਮਰਾਨ ਖਾਨ ਸਮੇਂ ਆਪਣੇ ਵਿਕਾਸ ਨੂੰ ਅੱਗੇ ਤੋਰਨ ਲਈ ਪਾਕਿ ਦਾ ਚੀਨ ਵੱਲ ਝੁਕਾਅ ਵਧ ਗਿਆ ਸੀ, ਜਿਸ ਕਾਰਨ ਪੱਛਮੀ ਦੇਸ਼ ਖਾਸ ਕਰਕੇ ਅਮਰੀਕਾ ਅਤੇ ਯੂਰਪ ਵਾਲੇ ਇਮਰਾਨ ਦੇ ਹੱਕ ਵਿੱਚ ਨਹੀਂ ਹਨ; ਜਦਕਿ ਪਾਕਿਸਤਾਨੀ ਫੌਜ ਦੇ ਮੁਖੀ ਅਸੀਮ ਮੁਨੀਰ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਖਾਸੀ ਨੇੜਤਾ ਹੈ। ਇੱਕ ਪੱਖ ਇਹ ਵੀ ਹੈ ਕਿ ਇਮਾਰਨ ਨੇ ਆਪਣੇ ਰਾਜਕਾਲ ਵੇਲੇ ਅਸੀਮ ਮੁਨੀਰ ਨੂੰ ਆਈ.ਐਸ.ਆਈ. ਦਾ ਮੁਖੀ ਨਿਯੁਕਤ ਕੀਤਾ ਸੀ, ਪਰ ਆਪਣੀ ਪਤਨੀ ਦੀ ਜਾਸੂਸੀ ਕਰਨ ਬਦਲੇ ਉਸ ਨੂੰ ਅੱਠ ਕੁ ਮਹੀਨੇ ਬਾਅਦ ਇਸ ਅਹੁਦੇ ਤੋਂ ਹਟਾ ਦਿੱਤਾ ਸੀ। ਇਸੇ ਕਾਰਨ ਇੱਕ ਨਿੱਜੀ ਰੰਜਿਸ਼ ਵੀ ਦੋਹਾਂ ਵਿਚਕਾਰ ਚੱਲ ਰਹੀ ਹੈ। ਭਾਰਤੀ ਫੌਜ ਦੇ ਮੁਖੀ ਰਹੇ ਇੱਕ ਪੰਜਾਬੀ ਜਨਰਲ ਨੇ ਕਿਹਾ ਕਿ ਉਂਝ ਤੇ ਪਾਕਿਸਤਾਨ ਵਿੱਚ ਕੁਝ ਵੀ ਹੋ ਸਕਦਾ ਹੈ, ਪਰ ਇਮਾਰਨ ਖ਼ਾਨ ਕਿਉਂਕਿ ਬਹੁਤ ਵੱਡੀ ਸ਼ਖਸੀਅਤ ਹਨ, ਇਸ ਲਈ ਉਨ੍ਹਾਂ ਖਿਲਾਫ ਕੋਈ ਜਾਨਲੇਵਾ ਕਦਮ ਚੁਕਣਾ ਸੌਖਾ ਨਹੀਂ। “ਇਮਰਾਨ ਕੌਮਾਂਤਰੀ ਪੱਧਰ `ਤੇ ਵੀ ਅਤੇ ਪਾਕਿਸਤਾਨ ਦੇ ਲੋਕਾਂ ਵਿੱਚ ਵੀ ਮਕਬੂਲ ਹੈ। ਇਸ ਲਈ ਜਾਨੀ ਨੁਕਸਾਨ ਪਹੁੰਚਾ ਸਕਣ ਵਾਲੀ ਹਾਲਤ ਨਹੀਂ ਲਗਦੀ; ਪਰ ਜੇ ਇਮਰਾਨ ਦੀ ਥਾਂ ਕੋਈ ਹੋਰ ਵਿਅਕਤੀ ਇਸ ਸ਼ਿਕੰਜੇ ਵਿੱਚ ਆਇਆ ਹੁੰਦਾ ਤਾਂ ਅਸੀਮ ਮੁਨੀਰ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ।”
ਇਸ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੂੰ ਇਮਾਰਨ ਖਾਨ ਨੇ ਖੁਦ ਹੀ ਖੜ੍ਹੀ ਕੀਤਾ ਹੈ। ਪਾਕਿਸਤਾਨ ਵਰਗੇ ਮੁਲਕ ਵਿੱਚ ਨਵੀਂ ਪਾਰਟੀ ਖੜ੍ਹੀ ਕਰਨਾ ਅਤੇ ਫਿਰ ਉਸ ਨੂੰ ਸੱਤਾ ਵਿੱਚ ਲੈ ਆਉਣਾ ਅਸਾਨ ਨਹੀਂ ਹੈ। ਇਹ ਕੰਮ ਇਮਰਾਨ ਖਾਨ ਵਰਗਾ ਮਾਲਦਾਰ ਬੰਦਾ ਹੀ ਕਰ ਸਕਦਾ ਸੀ। ਇਸ ਲਈ ਪਾਕਿਸਤਾਨ ਚੀਫ-ਆਫ-ਆਰਮੀ ਸਟਾਫ ਅਸੀਮ ਮੁਨੀਰ ਦਾ ਪੰਗਾ ਕਸੂਤੇ ਥਾਂ ਪਿਆ ਹੋਇਆ ਹੈ। ਇਹ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲਾ ਹਿਸਾਬ ਹੈ, ਖਾਂਦਾ ਕੋਹੜੀ, ਛੱਡਦਾ ਕਲੰਕੀ। ਇਮਾਰਨ ਖਾਨ ਜੇ ਇਸ ਸੰਕਟ ਵਿੱਚੋਂ ਬਚ ਨਿਕਲਦਾ ਹੈ ਤਾਂ ਪਾਕਿਸਤਾਨ ਵਿੱਚ ਜਮਹੂਰੀ ਅਮਲ ਦੇ ਕੁਝ ਅੱਗੇ ਵਧਣ ਦੀ ਆਸ ਕੀਤੀ ਜਾ ਸਕਦੀ ਹੈ। ਇਹ ਖੁਦ ਪਾਕਿਸਤਾਨ ਦੇ ਆਮ ਅਵਾਮ ਲਈ ਵੀ ਚੰਗਾ ਹੋਏਗਾ ਅਤੇ ਹਿੰਦੁਸਤਾਨ ਤੇ ਹੋਰ ਗੁਆਂਢੀ ਮੁਲਕਾਂ ਲਈ ਵੀ। ਪਾਕਿਸਤਾਨ ਦੀ ਫੌਜੀ ਤੇ ਸਿਵਲ ਅਫਸਰਸ਼ਾਹੀ ਅਤੇ ਸਿਆਸੀ ਜਮਾਤ ਹੀ ਦੇਸ਼ ਦੇ ਸਾਰੇ ਸੋਮਿਆਂ `ਤੇ ਕਬਜ਼ਾ ਕਰੀ ਬੈਠੇ ਹਨ; ਤੇ ਆਮ ਲੋਕਾਂ ਨੂੰ ਧਾਰਮਿਕ ਕੱਟੜਤਾ ਦੇ ਨਸ਼ੇ ਵਿੱਚ ਬੇਸੁਰਤ ਕਰੀ ਰੱਖਦੇ ਹਨ। ਹੁਣ ਤੇ ਅਸੀਮ ਮੁਨੀਰ ਨੇ ਪਾਕਿਸਤਾਨੀ ਸੁਪਰੀਮ ਕੋਰਟ ਦੇ ਸਮਾਨੰਤਰ ਇੱਕ ਫੈਡਰਲ ਸੁਪਰੀਮ ਕੋਰਟ ਬਣਾ ਦਿੱਤੀ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਾਲੀ ਜੋ ਨਵੀਂ ਕਮੇਟੀ ਬਣਾਈ ਗਈ ਹੈ, ਉਸ ਦਾ ਮੁਖੀ ਵੀ ਖੁਦ ਆਪ ਹੀ ਬਣ ਗਿਆ ਹੈ।
ਦੂਜੇ ਪਾਸੇ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਇਮਾਰਨ ਦੀਆਂ ਭੈਣਾਂ ਨੂੰ ਆਪਣੇ ਭਰਾ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਮਾਰਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਨੂੰ ਵੀ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ। ਇਹ ਔਰਤ ਪਾਕਿਸਤਾਨੀ ਪੰਜਾਬ ਦੀ ਰਹਿਣ ਵਾਲੀ ਹੈ, ਜਦਕਿ ਇਮਾਰਨ ਖਾਨ ਖੁਦ ਪਠਾਣ ਪਿਛੋਕੜ ਵਿੱਚੋਂ ਹੈ। ਇਹ ਇੱਕ ਤਰ੍ਹਾਂ ਨਾਲ ਪਠਾਣਾਂ ਅਤੇ ਪੰਜਾਬੀ ਮੁਸਲਮਾਨਾਂ ਵਿਚਕਾਰ ਲੜਾਈ ਵੀ ਹੈ। ਅਫਗਾਨਿਸਤਾਨ ਲਗਦੇ ਸੂਬੇ ਖੈਬਰ ਪਖਤੂਨਵਾ ਵਿੱਚ ਇਮਾਰਨ ਦੀ ਪਾਰਟੀ ਹੀ ਸੱਤਾ ਵਿੱਚ ਹੈ ਅਤੇ ਉਸ ਦੇ ਮੁੱਖ ਮੰਤਰੀ ਨੂੰ ਵੀ ਇਮਰਾਨ ਖਾਨ ਨੂੰ ਮਿਲਣ ਨਹੀਂ ਦਿੱਤਾ ਗਿਆ। ਇਮਾਰਨ ਦੀਆਂ ਤਿੰਨੋ ਭੈਣਾਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਦੇ ਬਾਹਰ ਧਰਨਾ ਲਾਈਂ ਬੈਠੀਆਂ ਸਨ। ਉਨ੍ਹਾਂ ਦਾ ਆਖਣਾ ਸੀ ਕਿ ਜੇ ਇਮਰਾਨ ਖਾਨ ਦਾ ਜੇਲ੍ਹ ਵਿੱਚ ਵਾਲ ਵੀ ਵਿੰਗਾ ਹੋਇਆ ਤਾਂ ਪਾਕਿਸਤਾਨ ਵਿੱਚ ਤਰਥੱਲੀ ਮੱਚ ਜਾਵੇਗੀ। ਫਿਰ ਨਾ ਪਾਕਿ ਫੌਜ ਬਚੇਗੀ, ਨਾ ਸਰਕਾਰ; ਕਿਉਂਕਿ ਇਮਰਾਨ ਕੋਲ ਇੱਕ ਵੱਡੀ ਕਾਡਰ ਆਧਾਰਤ ਕੌਮੀ ਪਾਰਟੀ ਹੈ, ਜਿਹੜੀ ਗਲੀਆਂ ਬਾਜ਼ਾਰਾਂ ਅਤੇ ਸੜਕਾਂ `ਤੇ ਉਤਰਨ ਦੀ ਤਾਕਤ ਰੱਖਦੀ ਹੈ।
ਇਮਾਰਨ ਦੀ ਹਾਲਤ ਕੀ ਹੈ? ਇਸ ਦਾ ਸੱਚ ਬਹੁਤੇ ਦਿਨ ਲਕੋਇਆ ਨਹੀਂ ਜਾ ਸਕਦਾ; ਕਿਉਂਕਿ ਇੱਕ ਕੌਮਾਂਤਰੀ ਦਬਾਅ ਵੀ ਪਾਕਿਸਤਾਨੀ ਹਕੂਮਤ `ਤੇ ਬਣ ਰਿਹਾ ਹੈ। ਊਠ ਕਿਸੇ ਵੀ ਕਰਵਟ ਬੈਠ ਸਕਦਾ ਹੈ, ਕਿਉਂਕਿ ਪਾਕਿਸਤਾਨ ਵਿੱਚ ਜਰਨੈਲਾਂ ਵੱਲੋਂ ਸਿਆਸਤਦਾਨਾਂ ਨੂੰ ਫਾਹੇ ਲਾਉਣ ਦੀ ਰੀਤ ਮੌਜੂਦ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਜੁਲਫਿਕਾਰ ਅਲੀ ਭੁੱਟੋ ਨੂੰ ਆਪੂੰ ਬਣਾਏ ਫੌਜ ਦੇ ਜਰਨੈਲ ਜ਼ੀਆ-ਉਲ-ਹੱਕ ਨੇ ਫਾਹੇ ਲਗਵਾ ਦਿੱਤਾ ਸੀ ਅਤੇ ਆਪ ਭੇਦ ਭਰੇ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਆਸਿਫ ਅਲੀ ਜ਼ਰਦਾਰੀ ਵੱਲ ਵੀ ਉਂਗਲ ਉੱਠੀ ਸੀ ਕਿ ੳਹਨੇ ਆਪਣੀ ਪਤਨੀ ਬੇਨਜ਼ੀਰ ਭੁੱਟੋ ਨੂੰ ਖੁਦ ਹੀ ਮਰਵਾ ਦਿੱਤਾ ਸੀ। ਮੁਗਲ ਸਾਮਰਾਜ ਵਾਂਗੂੰ ਪਾਕਿਸਤਾਨ ਦੇ ਹਾਕਮ ਇੱਕ-ਦੂਜੇ ਨੂੰ ਮਾਰ-ਮਰਾ ਕੇ ਹੀ ਅੱਗੇ ਵਧਦੇ ਹਨ।
