*ਸਾਰੇ ਕੇਸਾਂ ਵਿੱਚ ਜ਼ਮਾਨਤ ਮਿਲੀ
*ਲੀਡਰ ਬਣ ਕੇ ਉਭਰੀ ਕੰਚਨਪ੍ਰੀਤ ਕੌਰ
ਜਸਵੀਰ ਸਿੰਘ ਸ਼ੀਰੀ
ਹਾਲ ਹੀ ਵਿੱਚ ਹੋਈ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਉਮੀਦਵਾਰ ਬਣੀ ਅਤੇ ਦੂਜੇ ਸਥਾਨ `ਤੇ ਰਹੀ ਬੀਬੀ ਸੁਖਵਿੰਦਰ ਕੌਰ ਦੀ ਬੇਟੀ ਕੰਚਨਪ੍ਰੀਤ ਕੌਰ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਇਸ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੇ ਜਿਸ ਤਰ੍ਹਾਂ ‘ਆਪ’ ਉਮੀਦਵਾਰ ਦਾ ਪਿੱਛਾ ਕੀਤਾ ਹੈ, ਉਸ ਨੇ ਆਮ ਆਦਮੀ ਪਾਰਟੀ ਲਈ ਇਹ ਖਦਸ਼ਾ ਖੜ੍ਹਾ ਕਰ ਦਿੱਤਾ ਹੈ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਤਿਲਕਵਾਂ ਵੋਟ ਆਧਾਰ ਖੁੱਸ ਵੀ ਸਕਦਾ ਹੈ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇਸੇ ਕਰਕੇ ਪੰਜਾਬ ਸਰਕਾਰ ਆਪਣੇ ਵੋਟ ਬੇਸ ਬਾਰੇ ਪੰਜਾਬ ਵਿੱਚ ਇੱਕ ਸਰਵੇਖਣ ਕਰਵਾ ਰਹੀ ਹੈ।
ਜਿੱਥੋਂ ਤੱਕ ਕੰਚਨਪ੍ਰੀਤ ਦੇ ਮਸਲੇ ਦਾ ਸੁਆਲ ਹੈ, ਇਸ ਨੇ ਸਰਕਾਰ ਦੀ ਭੁਰਪੁਰੀ (ਫਰੇਜ਼ਾਈਲ) ਹਾਲਤ ਨੂੰ ਨਸ਼ਰ ਕਰ ਦਿੱਤਾ ਹੈ। ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਚੋਣ ਜਿੱਤ ਹੀ ਲਈ ਸੀ ਤਾਂ ਕੰਚਨਪ੍ਰੀਤ ਦੇ ਖਿਲਾਫ ਕੇਸ ਕਰਨ ਦੀ ਕੋਈ ਲੋੜ ਸੀ? ਪਰ ਲਗਦਾ ਹੈ, ਸਥਾਨਕ ਸਿਆਸਤ ਇਸ ਮਾਮਲੇ ਵਿੱਚ ਭਾਰੂ ਹੋ ਗਈ ਅਤੇ ਬਦਲਾਖੋਰੀ ਦੀ ਸਿਆਸਤ ਵਿੱਚ ਉਲਝ ਗਈ ਹੈ। ਤਰਨਤਾਰਨ ਵਿੱਚ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੇ ਬਜ਼ੁਰਗ ਹੋਣ ਕਾਰਨ ਉਨ੍ਹਾਂ ਦੀ ਚੋਣ ਮੁਹਿੰਮ ਦਾ ਸਾਰਾ ਕਾਰਜਭਾਰ ਬੇਟੀ ਕੰਚਨਪ੍ਰੀਤ ਕੌਰ ਨੇ ਹੀ ਸੰਭਾਲਿਆ ਸੀ। ‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਅੰਦਰ ਇਹ ਭੈਅ ਕਰ ਗਿਆ ਲਗਦਾ ਹੈ ਕਿ ਜੇ ਇਹ ਕੁੜੀ ਇਸੇ ਤਰ੍ਹਾਂ ਸਿਆਸੀ ਖੇਤਰ ਵਿੱਚ ਵਿਚਰਦੀ ਰਹੀ ਤਾਂ ਉਹਦੇ ਲਈ ਸਮੱਸਿਆ ਬਣ ਸਕਦੀ ਹੈ।
ਯਾਦ ਰਹੇ, ਬੀਬੀ ਸੁਖਵਿੰਦਰ ਕੌਰ ਦੇ ਪਤੀ ਅਤੇ ਕੰਚਨਪ੍ਰੀਤ ਕੌਰ ਦੇ ਪਿਤਾ ਧਰਮੀ ਫੌਜੀਆਂ ਵਿੱਚੋਂ ਸਨ ਅਤੇ ਹੁਣ ਉਹ ਇਸ ਸੰਸਾਰ ਵਿੱਚ ਨਹੀਂ ਹਨ। ਕੰਚਨਪ੍ਰੀਤ ਹੋਰੀਂ ਤਿੰਨ ਭੈਣਾਂ ਹਨ ਅਤੇ ਤਿੰਨੋ ਵਿਆਹੀਆਂ ਹੋਈਆਂ ਹਨ। ਕੰਚਨਪ੍ਰੀਤ `ਤੇ ਅਸਲ ਵਿੱਚ ਦੋਸ਼ ਇਹ ਲਾਏ ਗਏ ਹਨ ਕਿ ਉਸ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਵਿਦੇਸ਼ ਵਿੱਚ ਵੱਸਦੇ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਬਾਠ (ਮੀਆਂਪੁਰ) ਤੋਂ ਵੋਟਰਾਂ ਨੂੰ ਧਮਕੀਆਂ ਦੁਆਈਆਂ। ਪੁਲਿਸ ਇਹ ਵੀ ਆਖ ਰਹੀ ਹੈ ਕਿ ਕੰਚਨਪ੍ਰੀਤ ਕੌਰ ਆਪਣੇ ਪਤੀ ਵੱਲੋਂ ਚਲਾਏ ਜਾ ਰਹੇ ਗੈਂਗਸਟਰਵਾਦ ਵਿੱਚ ਸਹਿਯੋਗੀ ਹੈ। ਪੁਲਿਸ ਨੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਪਾਏ ਕੇਸਾਂ ਵਿੱਚ ਕੰਚਨਪ੍ਰੀਤ ਕੌਰ ਨੂੰ ਅੰਮ੍ਰਿਤਪਾਲ ਸਿੰਘ ਦੀ ਸਹਾਇਕ, ਐਸੋਸੀਏਟ ਦਰਸਾਇਆ ਹੈ। ਇਨ੍ਹਾਂ ਕੇਸਾਂ ਵਿੱਚ ਕੁਝ ਦਿਨ ਆਸੇ ਪਾਸੇ ਰਹਿਣ ਤੋਂ ਬਾਅਦ ਸਥਾਨਕ ਅਦਾਲਤ ਨੇ ਕੰਚਨਪ੍ਰੀਤ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ; ਪਰ ਪੁਲਿਸ ਨੇ ਫਿਰ ਉਸ ਨੂੰ ਪੁੱਛਗਿੱਛ ਲਈ ਮਜੀਠਾ ਥਾਣੇ ਬੁਲਾ ਲਿਆ। ਜਦੋਂ ਉਹ ਆਪਣੇ ਸਾਥੀਆਂ ਸਮੇਤ ਮਜੀਠਾ ਥਾਣੇ ਗਈ ਤਾਂ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਸ ਦੇ ਖਿਲਾਫ ਇੱਕ ਪਹਿਲਾਂ ਦਰਜ ਕੇਸ ਵਿੱਚ ਧਾਰਾ 111 ਜੋੜ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਝਬਾਲ ਥਾਣੇ ਵਿੱਚ ਭੇਜ ਦਿੱਤਾ। ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਦਮ ਉਠਾਉਂਦਿਆਂ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਅਤੇ ਉਸ ਦੇ ਸਾਥੀਆਂ ਨੇ ਹਾਈਕੋਰਟ ਵਿੱਚ ਹੈਬੀਅਸ ਕਾਰਪਸ ਅਧੀਨ ਪਟੀਸ਼ਨ ਦਰਜ ਕਰ ਦਿੱਤੀ। ਇਸ `ਤੇ ਹਾਈਕੋਰਟ ਨੇ ਸਥਾਨਕ ਅਦਾਲਤ ਨੂੰ ਹੁਕਮ ਦੇ ਦਿੱਤਾ ਕਿ ਕੰਚਨਪ੍ਰੀਤ ਕੌਰ ਨੂੰ ਪਲਿਸ ਹਿਰਾਸਤ ਵਿੱਚੋਂ ਨਿਆਇਂਕ ਹਿਰਾਸਤ ਵਿੱਚ ਲੈ ਲਿਆ ਜਾਵੇ ਅਤੇ ਮਾਮਲੇ ਦੀ ਤੁਰੰਤ ਸੁਣਵਾਈ ਕੀਤੀ ਜਾਵੇ। 30 ਨਵੰਬਰ ਦੀ ਰਾਤ ਨੂੰ ਇਸ ਕੇਸ ਦੀ ਤਰਨਤਾਰਨ ਵਿੱਚ ਰਾਤ ਦੋ ਵਜੇ ਤੱਕ ਸੁਣਵਾਈ ਚੱਲੀ। ਦੋਹਾਂ ਧਿਰਾਂ ਵੱਲੋਂ ਸੀਨੀਅਰ ਵਕੀਲ ਪੇਸ਼ ਹੋਏ ਅਤੇ ਅੰਤਿ ਸਵੇਰੇ ਚਾਰ ਵਜੇ ਅਦਾਲਤ ਨੇ ਕੰਚਨਪ੍ਰੀਤ ਨੂੰ ਨਵੇਂ ਕੇਸ ਵਿੱਚ ਵੀ ਜ਼ਮਾਨਤ ਦੇ ਦਿੱਤੀ। ਜਿਸ ਤਰ੍ਹਾਂ ਅਤੇ ਜਿਸ ਕਾਹਲੀ ਨਾਲ ਇਹ ਕੇਸ ਦਰਜ ਕੀਤਾ ਗਿਆ ਸੀ, ਉਸ ਤੋਂ ਅਦਾਲਤ ਨੂੰ ਸ਼ੱਕ ਹੋ ਗਿਆ ਕਿ ਇਹ ਮਾਮਲਾ ਨਾਜਾਇਜ਼ ਦਰਜ ਕੀਤਾ ਗਿਆ ਹੈ। ਯਾਦ ਰਹੇ, ਨਵਾਂ ਕੇਸ ਗੁਰਮੀਤ ਕੌਰ ਪਤਨੀ ਨਰਵਿੰਦਰ ਸਿੰਘ ਵਾਸੀ ਪਿੰਡ ਪੱਧਰੀ ਕਲਾਂ ਦੀ ਸ਼ਿਕਾਇਤ `ਤੇ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਚਨਪ੍ਰੀਤ ਕੌਰ ਅਤੇ ਉਸ ਦੇ ਪਤੀ ਅੰਮ੍ਰਿਤਪਾਲ ਸਿੰਘ ਬਾਠ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਸਨ।
ਤਰਨਤਾਰਨ ਜ਼ਿਮਨੀ ਚੋਣ ਦੇ ਪਿਛੋਕੜ ਵਿੱਚ ਕੰਚਨਪ੍ਰੀਤ ਦੇ ਮਾਮਲੇ ਵਿੱਚ ਕੇਸ ਦਰਜ ਕਰਨੇ, ਉਹਨੂੰ ਥਾਣਿਆਂ ਵਿੱਚ ਖੱਜਲ ਖੁਆਰ ਕਰਨਾ ਅਤੇ ਫਿਰ ਵੀ ਕੰਚਨਪ੍ਰੀਤ ਕੌਰ ਨੂੰ ਹਿਰਾਸਤ ਵਿੱਚ ਨਾ ਰੱਖ ਸਕਣਾ- ਇਹ ਸਭ ਕੁਝ ਆਮ ਆਦਮੀ ਪਾਰਟੀ ਦੇ ਉਲਟ ਭੁਗਤ ਰਿਹਾ ਹੈ। ਇਸ ਸਾਰੇ ਕੁਝ ਨਾਲ ਆਮ ਆਦਮੀ ਪਾਰਟੀ ਦੇ ਹਾਲ ਹੀ ਵਿੱਚ ਹੋਈ ਤਰਨਤਾਰਨ ਜ਼ਿਮਨੀ ਚੋਣ `ਚ ਸੱਜਰੇ ਸ਼ਰੀਕ ਬਣ ਕੇ ਉਭਰੇ ਅਕਾਲੀ ਦਲ (ਬਾਦਲ) ਨੂੰ ਆਕਸੀਜਨ ਮਿਲਣ ਲੱਗੀ ਹੈ। ਇਸ ਨਾਲ ਅਕਾਲੀ ਲੀਡਰਸ਼ਿਪ ਦੀ ਆਪਣੇ ਵਰਕਰਾਂ ਪ੍ਰਤੀ ਵਫਾਦਾਰ ਰਹਿਣ ਦੀ ਭਰੋਸੇਯੋਗਤਾ ਨੂੰ ਵੀ ਤਾਕਤ ਮਿਲ ਰਹੀ ਹੈ। ਇਸ ਤੋਂ ਉਤਸ਼ਾਹਿਤ ਹੋ ਕੇ ਅਕਾਲੀ ਦਲ (ਬਾਦਲ) ਵੱਖ-ਵੱਖ ਮਸਲਿਆਂ `ਤੇ ਆਪਣੀ ਪੁਜੀਸ਼ਨਾਂ ਚੱਜ ਨਾਲ ਪੇਸ਼ ਕਰਨ ਲੱਗਾ ਹੈ ਅਤੇ ਆਪਣੀ ਸੰਗਠਨਾਤਮਕਤਾ ਨੂੰ ਪੱਕੇ ਪੈਰੀਂ ਕਰਨ ਲੱਗ ਪਿਆ ਹੈ। ਇਸ ਪੱਖ ਤੋਂ ਆਉਣ ਵਾਲੀਆਂ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵੀ ਅਕਾਲੀ ਦਲ ਲਈ ਇੱਕ ਵੱਡਾ ਟੈਸਟ ਹੋਣਗੀਆਂ। ਉਂਝ ਜ਼ਿਮਨੀ ਚੋਣਾਂ ਵਾਂਗ ਹੀ ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਪਾਰਟੀਆਂ ਆਪਣੇ ਵੱਧ ਸੋਮਿਆਂ/ਸਾਧਨਾਂ ਕਾਰਨ ਭਾਰੂ ਰਹਿੰਦੀਆਂ ਹਨ, ਪਰ ਪੰਜਾਬ ਵਿੱਚ ਬਾਕੀ ਪਾਰਟੀਆਂ ਵੱਲੋਂ ਇਨ੍ਹਾਂ ਚੋਣਾਂ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਉਹ ਇੱਕ ਤਰ੍ਹਾਂ ਨਾਲ ਚੋਣ ਸਰਵੇਖਣ ਹੀ ਹੋਏਗਾ। ਦੋਹਾਂ ਅਕਾਲੀ ਦਲਾਂ ਸਮੇਤ ਵਿਰੋਧੀ ਪਾਰਟੀਆਂ ਵਿੱਚੋਂ ਜਿਹੜੀ ਵਧੇਰੇ ਚੰਗਾ ਪ੍ਰਦਰਸ਼ਨ ਕਰੇਗੀ, ਉਹਦੇ ਨਾਲ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮੁੱਖ ਟੱਕਰ ਹੋਣੀ ਤੈਅ ਹੋਵੇਗੀ।
ਉਪਰ ਇੰਟਰੋ ਵਿੱਚ ‘ਆਪ’ ਦਾ ਤਿਲਕਵਾਂ ਵੋਟ ਆਧਾਰ ਇਸ ਕਰਕੇ ਕਿਹਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਆਪਣਾ ਪੱਕਾ ਵੋਟ ਬੈਂਕ ਨਹੀਂ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਹੜੀ ਉਨ੍ਹਾਂ ਨੂੰ ਜਿੱਤ ਮਿਲੀ ਹੈ, ਉਹ ਬਾਕੀ ਸਾਰੀਆਂ ਪਾਰਟੀਆਂ ਦੇ ਵੋਟ ਆਧਾਰ ਦਾ ਪੁਰਾਣਿਆਂ ਤੋਂ ਅੱਕ ਕੇ ਆਮ ਆਦਮੀ ਪਾਰਟੀ ਵੱਲ ਸਵਿੰਗ ਹੋ ਜਾਣਾ ਸੀ। ਕਿਸਾਨ ਸੰਘਰਸ਼ ਦੀ ਹਵਾ ਵੀ ਇਸ ਵਿੱਚ ਇੱਕ ਫੈਕਟਰ ਸੀ। ਆਮ ਆਦਮੀ ਪਾਰਟੀ ਕੋਈ ਜਚਦਾ ਫਬਦਾ ਪ੍ਰਸ਼ਾਸਨ ਦੇਣ ਵਿੱਚ ਤਾਂ ਅਸਫਲ ਰਹੀ ਹੀ, ਸਗੋਂ ਇਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਕਰਨ ਤੋਂ ਵੀ ਕਿਨਾਰਾ ਕਰੀ ਰੱਖਿਆ। ਕੇਂਦਰ ਸਰਕਾਰ ਨਾਲ ਕੋਈ ਯੋਗ ਤਾਲਮੇਲ ਨਾ ਹੋਣ ਕਾਰਨ ਸਰਕਾਰ ਕਰਜ਼ੇ ਚੁੱਕ ਕੇ ਡੰਗ ਟਪਾਉਣ ਲਈ ਮਜਬੂਰ ਹੈ। ਪੇਂਡੂ ਸੜਕਾਂ, ਸਕੂਲਾਂ ਅਤੇ ਸਿਹਤ ਸੰਸਥਾਵਾਂ ਬੁਰੇ ਹਾਲੀਂ ਵਿਖਾਈ ਦੇ ਰਹੀਆਂ ਹਨ। ਇੱਥੋਂ ਤੱਕ ਕਿ ਸ਼ਹਿਰਾਂ ਦੇ ਪੋਸ਼ ਖੇਤਰਾਂ ਵਿੱਚ ਵੀ ਸੜਕਾਂ ਟੁੱਟ ਗਈਆਂ। ਉਧਰ ਕੇਂਦਰ ਸਰਕਾਰ ਪੰਜਾਬ ਦਾ ਪੇਂਡੂ ਵਿਕਾਸ ਅਤੇ ਜੀ.ਐਸ.ਟੀ. ਦੱਬੀਂ ਬੈਠੀ ਹੈ। ਇਸ ਮਸਲੇ ਨੂੰ ਕੇਂਦਰ ਕੋਲ ਚੁਕਣ ਦਾ ਵੀ ਕੋਈ ਖਾਸ ਯਤਨ ਹੋ ਨਹੀਂ ਰਿਹਾ।
