“ਗੁਰੁ ਲਾਧੋ ਰੇ” ਵਾਲੇ ਬਾਬਾ ਮੱਖਣ ਸ਼ਾਹ

ਅਦਬੀ ਸ਼ਖਸੀਅਤਾਂ

ਡਾ. ਆਸਾ ਸਿੰਘ ਘੁੰਮਣ, ਨਡਾਲਾ (ਕਪੂਰਥਲਾ)
ਫੋਨ:+91-9779853245
ਮਾਰਚ 1964 ਵਿੱਚ ਜਦ ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਵਿਖੇ ਚੇਚਕ ਦੀ ਬਿਮਾਰੀ ਨਾਲ ਨਿਢਾਲ ਹੋ ਗਏ ਤਾਂ ਆਲੇ-ਦੁਆਲੇ ਦੇ ਜ਼ਿੰਮੇਵਾਰ ਸਿੱਖਾਂ ਨੇ ਚਿੰਤਤ ਹੋ ਕੇ ਅਨਹੋਣੀ ਹੋ ਜਾਣ ਦੀ ਸੂਰਤ ਵਿੱਚ ਅਗਲੇ ਗੁਰੂ ਬਾਰੇ ਜਾਨਣਾ ਚਾਹਿਆ। ਗੁਰੂ ਜੀ ਨੇ ਸਭ ਦੀ ਸਲਾਹ ਨਾਲ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ ਇਹ ਸੋਚਿਆ ਕਿ ਬੇਹਤਰੀਨ ਇਹ ਰਹੇਗਾ ਕਿ ਪਿਛਲੇ ਵੀਹ ਸਾਲ ਤੋਂ ਆਪਣੇ ਨਾਨਕੇ ਪਿੰਡ ਬਕਾਲੇ ਬੈਠੇ ਬਾਬਾ ਤੇਗ ਬਹਾਦੁਰ ਜੀ ਨੂੰ ਗੁਰੂ ਥਾਪਿਆ ਜਾਵੇ।

ਹਾਲਾਂਕਿ ਗੁਰੂ ਹਰਿਕ੍ਰਿਸ਼ਨ ਜੀ ਵੱਲੋਂ ਜਾਨਸ਼ੀਨੀ ਸਪਸ਼ਟ ਸ਼ਬਦਾਂ ਵਿੱਚ ਪ੍ਰਗਟਾਈ ਗਈ ਸੀ ਅਤੇ ਗੁਰੂਤਾ-ਪ੍ਰਦਾਨਤਾ ਦੀਆਂ ਨਿਸ਼ਾਨੀਆਂ ਆਪਣੇ ਹੱਥੀਂ ਮੁਹਤਬਰ ਸਿੱਖਾਂ ਨੂੰ ਸੌਂਪੀਆਂ ਗਈਆਂ ਸਨ, ਪਰ ਕਿਉਂਕਿ ਗੁਰੂ-ਘਰ ਅਤੇ ਸਰਕਾਰੇ-ਦਰਬਾਰੇ ਹਾਲਾਤ ਬੜੇ ਪ੍ਰਤੀਕੂਲ ਚੱਲ ਰਹੇ ਸਨ, ਇਸ ਲਈ ਇਸ ਸੰਬੰਧੀ ਜਾਣ-ਬੁੱਝ ਕੇ ਕਈ ਕਿਸਮ ਦੇ ਭੰਬਲਭੂਸੇ ਖੜੇ ਕਰ ਦਿੱਤੇ ਗਏ।
ਸਮੇਂ ਦਾ ਹਾਕਮ ਮਹਿਸੂਸ ਕਰ ਰਿਹਾ ਸੀ ਕਿ ਸਿੱਖ-ਗੁਰੂਆਂ ਵੱਲੋਂ ਕੀਤੇ ਜਾਂਦੇ ਉਪਦੇਸ਼ ਸਮੁੱਚੇ ਸਮਾਜ ਨੂੰ ਜਿਵੇਂ ਪ੍ਰਭਾਵਿਤ ਕਰ ਰਹੇ ਸਨ, ਉਹ ਉਸ ਦੇ ਮੁਸਲਿਮ-ਪ੍ਰਸਾਰ ਏਜੰਡੇ ਸਾਹਮਣੇ ਰੋੜਾ ਬਣ ਰਹੇ ਸਨ, ਕਿਉਂਕਿ ਸਿੱਖ-ਗੁਰੂਆਂ ਵੱਲੋਂ ਸਥਾਪਤ ਸਮਾਜ ਪੂਰੀ ਤਰ੍ਹਾਂ ਰਾਜਨੀਤਕ-ਚੇਤੰਨ ਸੀ। ਗੁਰੂ ਹਰਿ ਰਾਏ ਜੀ ਦੇ ਵੱਡੇ ਪੁੱਤਰ ਨੂੰ ਪਹਿਲਾਂ ਹੀ ਔਰੰਗਜ਼ੇਬ ਨੇ ਆਪਣੇ ਪ੍ਰਭਾਵ ਥੱਲੇ ਰੱਖਿਆ ਹੋਇਆ ਸੀ ਅਤੇ ਉਸਨੂੰ ਜਗੀਰ ਬਖਸ਼ ਕੇ ਉਸਦਾ ਡੇਰਾ ਡੇਹਰਾਦੂਨ ਵਿਖੇ ਸਥਾਪਤ ਕਰ ਦਿੱਤਾ ਸੀ। ਕੁਝ ਸਿੱਖ-ਸਰੋਤਾਂ ਅਨੁਸਾਰ ਧੀਰ-ਮੱਲ ਵੀ ਮੁਗਲ-ਹਕੂਮਤ ਤੋਂ ਧਰਮ-ਅਰਥ ਜਗੀਰ ਪ੍ਰਾਪਤ ਕਰਕੇ ਆਪਣੀ ਗੱਦੀ ਕਰਤਾਰਪੁਰ ਜਮਾਈ ਬੈਠਾ ਸੀ। ਮੀਣੇ ਕਹੇ ਜਾਂਦੇ ਹਰਿ ਜੀ ਪਹਿਲਾਂ ਹੀ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ `ਤੇ ਆਪਣਾ ਕਬਜ਼ਾ ਜਮਾ ਕੇ ਆਪਣੇ ਆਪ ਨੂੰ ਸਮਰੱਥ ਸਮਝਦੇ ਸਨ। ਗੁਰੂ-ਘਰ ਵਿੱਚੋਂ ਇੱਕੋ ਤੇਗ ਬਹਾਦਰ ਹੀ ਸਨ, ਜੋ ਗੁਰੂ-ਪੁੱਤਰ ਹੋਣ ਨਾਤੇ ਆਪਣੀਆਂ ਗੁਰ-ਉਪਦੇਸ਼ਕ ਯਾਤਰਾਵਾਂ ਰਾਹੀਂ ਕੌਮੀ ਪੱਧਰ `ਤੇ ਸਿੱਖ-ਸੰਗਤ ਵਿੱਚ ਗੁਰੂ ਨਾਨਾਕ ਅਨੁਸਾਰੀ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ।
ਸਿੱਖ-ਸਰੋਤਾਂ ਤੋਂ ਸਾਨੂੰ ਇਹ ਤਾਂ ਸਪਸ਼ਟ ਨਹੀਂ ਹੁੰਦਾ ਕਿ ਔਰੰਗਜ਼ੇਬ ਨੇ ਗੁਰਿਆਈ ਧਾਰਨ ਕਰ ਲੈਣ ਤੋਂ ਪਹਿਲਾਂ ਤੇਗ ਬਹਾਦਰ ਜੀ ਨੂੰ ਅਗਲਾ ਜਾਨਸ਼ੀਨ ਸਮਝ ਕੇ ਉਸ ਤੱਕ ਕਿਸੇ ਕਿਸਮ ਦੀ ਪਹੁੰਚ ਕੀਤੀ ਹੋਵੇ ਜਾਂ ਨਾ, ਜਾਂ ਉਨ੍ਹਾਂ `ਤੇ ਕੋਈ ਸ਼ੱਕੀ ਨਜ਼ਰ ਰੱਖੀ ਹੋਵੇ ਜਾਂ ਨਾ, ਪਰ ਗੁਰਿਆਈ-ਵਸਤਾਂ ਦਾ ਬਕਾਲੇ ਵਿਖੇ ਦੇਰੀ ਨਾਲ ਪਹੁੰਚਣ ਦਾ ਇੱਕ ਕਾਰਨ ਜ਼ਰੂਰੀ ਤੌਰ `ਤੇ ਸਰਕਾਰੀ ਹਕੂਮਤ ਦਾ ਲੁਕਵਾਂ ਹੱਥ ਹੋ ਸਕਦਾ ਹੈ।
ਬਾਬਾ ਮੱਖਣ ਸ਼ਾਹ ਦਾ ਸਭ ਤੋਂ ਪਹਿਲਾ ਜ਼ਿਕਰ ਕਵੀ ਕੰਕਨ ਦੀ ਕ੍ਰਿਤ “ਦਸ ਗੁਰ-ਕਥਾ” ਵਿੱਚ ਮਿਲਦਾ ਹੈ, ਭਾਵੇਂ ਕਿ ਉਹ ਉਸਨੂੰ ਕੇਵਲ ‘ਨਾਇਕ’ ਹੀ ਲਿਖਦਾ ਹੈ। ਕੰਕਨ ਅਨੁਸਾਰ ਗੁਰੂ ਤੇਗ ਬਹਾਦਰ ਨੂੰ ਗੁਰਿਆਈ ਦਾ ਟਿੱਕਾ ਲਾਉਣ ਵਾਲਿਆਂ ਵਿੱਚ (ਬਾਬਾ) ਮੱਖਣ ਸ਼ਾਹ ਖ਼ੁਦ ਵੀ ਸ਼ਾਮਲ ਸੀ:
ਨਾਯਕ ਹਾਥ ਸੋਂ ਟੀਕਾ ਲਵਾਯਕੈ
ਭਾਨ ਸਮਾਨ ਭਯਾ ਗੁਰ ਭਾਰਾ।
ਪਰ ਬਾਅਦ ਦੇ ਇਤਿਹਾਸਕ ਸਰੋਤਾਂ ਵਿੱਚ ਮੱਖਣ ਸ਼ਾਹ ਗੁਰੂਤਾ-ਰਸਮ ਤੋਂ ਕਾਫੀ ਦੇਰ ਬਅਦ ਬਕਾਲੇ ਵਿਖੇ ਆਉਂਦੇ ਹਨ। ਇਨ੍ਹਾਂ ਸਰੋਤਾਂ ਅਨੁਸਾਰ ਭਾਈ ਦਰਗਾਹ ਮੱਲ ਆਪਣੇ ਭਤੀਜਿਆਂ ਸਤੀ ਦਾਸ ਤੇ ਮਤੀ ਦਾਸ ਅਤੇ ਹੋਰ ਅਹਿਮ ਸਿੱਖ ਸ਼ਖ਼ਸੀਅਤਾਂ ਸਮੇਤ ਅਗਸਤ ਮਹੀਨੇ ਬਕਾਲੇ ਵਿਖੇ ਪਹੁੰਚਦੇ ਹਨ ਤੇ ਖੁੱਲ੍ਹੇ ਪੰਡਾਲ ਵਿੱਚ ਮਾਤਾ ਨਾਨਕੀ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਤਾਜਪੋਸ਼ੀ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਇਹ ਦਿਹਾੜਾ ਪੁੰਨਿਆ ਦਾ ਸੀ ਜਾਂ ਨਹੀਂ, ਪਰ ਮੌਜੂਦਾ ਨਗਰ ਬਾਬਾ ਬਕਾਲੇ ਵਿਖੇ ਇਹ ਮੌਕਾ ਰੱਖੜ-ਪੁੰਨਿਆ ਵਾਲੇ ਦਿਨ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਬਹੁਤੇ ਥਾਈਂ ਲੁਬਾਣਾ–ਸਮਾਜ ਵੱਲੋਂ ਰੱਖੜ-ਪੁੰਨਿਆਂ ‘ਗੁਰੂ ਲਾਧੋ ਰੇ ਦਿਵਸ’ ਦੇ ਤੌਰ `ਤੇ ਮਨਾਇਆ ਜਾਂਦਾ ਹੈ।
ਧੀਰ ਮੱਲ ਕਈ ਦਿਨਾਂ ਤੋਂ ਬਕਾਲੇ ਢੇਰਾ ਲਾਈ ਬੈਠਾ ਸੀ, ਪਰ ਗੁਰੂਤਾ ਤੋਂ ਬਾਅਦ ਤਾਂ ਧੀਰ ਮੱਲ ਬੁਖਲਾ ਹੀ ਉਠਿਆ ਅਤੇ ਆਪਣੇ ਸਹਿਯੋਗੀਆਂ ਦਾ ਇਕੱਠ ਵਧਾਉਣ ਦੇ ਆਹਰ ਵਿੱਚ ਜੁਟ ਗਿਆ। ਉਹ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਹੋਣ ਕਰਕੇ ਆਪਣੇ ਆਪ ਨੂੰ ‘ਬਾਬਾ’ ਹੋਣ ਦਾ ਜਨਮ-ਸਿੱਧ ਅਧਿਕਾਰੀ ਸਮਝਦਾ ਸੀ। ਹਕੂਮਤ ਤਾਂ ਸਿੱਧੇ/ਅਸਿੱਧੇ ਢੰਗ ਨਾਲ ਉਹਦੀ ਪਿੱਠ ਪਿੱਛੇ ਹੈ ਹੀ ਸੀ। ਗੁਰੂ ਗ੍ਰੰਥ ਸਾਹਿਬ ਦੀ ਹੱਥ-ਲਿਖਤ ਵੀ ਉਸ ਪਾਸ ਸੀ। ਭਾਵੇਂਕਿ ਫੁਰਮਾਨ ਜਾਂ ਹੁਕਮਨਾਮੇ ਲਿਖਣ ਦਾ ਰਿਵਾਜ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਸ਼ੁਰੂ ਹੋ ਹੀ ਗਿਆ ਸੀ, ਪਰ ਇਸ ਮਾਮਲੇ ਵਿੱਚ ਗੁਰੂ ਹਰਿ ਕ੍ਰਿਸ਼ਨ ਜੀ ਨੇ ਕੋਈ ਹੱਥ-ਲਿਖਤ ਫੁਰਮਾਨ ਤਾਂ ਕੀਤਾ ਨਹੀਂ ਸੀ, ਉਨ੍ਹਾਂ ਦਾ ਕਥਨ ਗਵਾਹੀ-ਆਧਾਰਿਤ ਹੀ ਸੀ। ਪਹਿਲੇ ਗੁਰੂ ਤਾਂ ਆਪਣੇ ਜਿਉਂਦੇ ਜੀਅ ਗੁਰੂ ਥਾਪ ਦੇਂਦੇ ਸਨ, ਇਸ ਲਈ ਇਹ ਫੈਸਲਾ ਚਸ਼ਮਦੀਦ ਗਵਾਹਾਂ `ਤੇ ਨਿਰਭਰ ਨਹੀਂ ਸੀ ਕਰਦਾ। ਇਸ ਲਈ ਗੁਰਗੱਦੀ ਦੇ ਹੱਕਦਾਰ ਹੋਣ ਲਈ ਰੌਲਾ ਪਾਇਆ ਜਾ ਸਕਦਾ ਸੀ।
ਉਧਰ ਗੁਰੂ ਤੇਗ ਬਹਾਦਰ ਜੀ ਪਹਿਲਾਂ ਹੀ ਗੁਰਗੱਦੀ ਦੇ ਦਾਅਵਿਆਂ ਤੋਂ ਦੂਰ ਬੈਠੇ ਸਨ। ਹੁਣ ਵੀ ਇਸ ਜ਼ਿੰਮੇਵਾਰੀ ਦਾ ਟਿੱਕਾ ਲਗਵਾ ਲੈਣ ਤੋਂ ਬਾਅਦ ਵੀ ਉਹ ਸਰਗਰਮ ਹੋਣ ਲਈ ਅਨੁਚਿਤ ਸਮੇਂ ਦੀ ਉਡੀਕ ਕਰ ਰਹੇ ਸਨ, ਉਂਝ ਯਤਨਸ਼ੀਲ ਵੀ ਸਨ। ਉਨ੍ਹਾਂ ਨੇ ਆ ਰਹੀ ਦੀਵਾਲੀ ਵਾਸਤੇ ਸੰਗਤਾਂ ਨੂੰ ਹੁੰਮ-ਹੁਮਾ ਕੇ ਆਉਣ ਲਈ ਹੁਕਮਨਾਮੇ ਭੇਜਣੇ ਸ਼ੁਰੂ ਕਰ ਦਿੱਤੇ ਸਨ। ਭਾਈ ਬਠਾ ਵਰਗੇ ਸ਼ਰਧਾਲੂਆਂ ਨੂੰ ‘ਸਰਬਤ ਸੰਗਤ’ ਸਮੇਤ ਪਹੁੰਚਣ ਦੇ ਅਦੇਸ਼ ਦਿੱਤੇ ਗਏ ਸਨ।
ਕਰਮ ਸਿੰਘ ਹਿਸਟੋਰੀਅਨ ਅਨੁਸਾਰ ਮੱਖਣ ਸ਼ਾਹ ਗੁਜਰਾਤ (ਭਾਰਤ) ਦੇ ਇਲਾਕੇ ਦੇ ਮਸੰਦ ਸਨ ਅਤੇ ਹਰ ਸਾਲ ਦੀਵਾਲੀ-ਵਿਸਾਖੀ `ਤੇ ਗੁਰੂ-ਘਰ ਦੀ ਕਾਰ-ਸੇਵਾ ਭੇਟ ਕਰਨ ਗੁਰੂ ਜੀ ਕੋਲ ਆਉਂਦੇ ਸਨ। ਕੁਝ ਲੇਖਕਾਂ ਦਾ ਖਿਆਲ ਹੈ ਕਿ ਉਹ ਬੜੇ ਵੱਡੇ ਧਨਾਢ ਸਨ ਤੇ ਉਨ੍ਹਾਂ ਦਾ ਜੱਦੀ-ਘਰ ਮੁਜ਼ਫਰਾਬਾਦ (ਕਸ਼ਮੀਰ) ਵਿਖੇ ਸੀ ਅਤੇ ਉਹ ਹਰ ਸਾਲ ਪਰਿਵਾਰ ਸਮੇਤ ਗੁਰੂ ਜੀ ਨੂੰ ਮੱਥਾ ਟੇਕਣ ਆਉਂਦੇ ਸਨ ਤੇ ਅੰਮ੍ਰਿਤਸਰ ਵਿਖੇ ਇਸ਼ਨਾਨ ਕਰਕੇ ਅੱਗੇ ਮੁਜ਼ਫਰਾਬਾਦ ਨੂੰ ਨਿਕਲਦੇ ਸਨ। ਬਹੁ-ਪ੍ਰਚੱਲਿਤ ਅਤੇ ਸਥਾਪਿਤ ਪਰੰਪਰਾ ਅਨੁਸਾਰ ਉਹ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦੀ ਭਾਲ ਵਿੱਚ ਇਸ ਕਰਕੇ ਨਿਕਲੇ ਸਨ, ਕਿਉਂਕਿ ਗੁਰੂ ਜੀ ਨੇ ਉਨ੍ਹਾਂ ਦੇ ਘਟਨਾ-ਗ੍ਰਸਤ ਜਹਾਜ਼ ਨੂੰ ਬਚਾਉਣ ਵਿੱਚ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਇਸ ਸੰਬੰਧ ਵਿੱਚ ਆਪਣੀ ਸੁੱਖੀ ਸੁੱਖਣਾ ਉਤਾਰਨੀ ਸੀ।
ਗੁਰੂ ਤੇਗ ਬਹਾਦਰ ਜੀ ਦੀ ਗੁਰ-ਸਥਾਪਤੀ ਵਿੱਚ ਬਾਬਾ ਮੱਖਣ ਸ਼ਾਹ ਵੱਲੋਂ ਕੀਤੇ ਗਏ ਰੋਲ ਦਾ ਤਕਰੀਬਨ ਸਭ ਇਤਿਹਾਸਕਾਰ (ਕੇਸਰ ਸਿੰਘ ਛਿੱਬਰ ਤੋਂ ਬਿਨਾ) ਕਿਸੇ ਨਾ ਕਿਸੇ ਰੂਪ ਵਿੱਚ ਉਲੇਖ ਕਰਦੇ ਹਨ। ਬਿਨਾ ਸ਼ੱਕ, ਮੱਖਣ ਸ਼ਾਹ ਵੱਡਾ ਵਿਉਪਾਰੀ ਸੀ ਅਤੇ ਗੁਰੂ-ਘਰ ਦਾ ਪਿਤਾ-ਪੁਰਖੀ ਅਨਿੰਨ ਭਗਤ ਸੀ। ਉਹ ਆਪਣੇ ਪਰਿਵਾਰ ਅਤੇ ਵੱਡੀ ਗਿਣਤੀ ਵਿੱਚ ਸੰਗਤ ਸਮੇਤ ਬਕਾਲੇ ਪਹੁੰਚਿਆ ਸੀ (ਕੁਝ ਸਰੋਤ ਇਹ ਗਿਣਤੀ 300 ਦੱਸਦੇ ਹਨ, ਕੁਝ 500)। ਚੋਖੀ ਗਿਣਤੀ ਵਿੱਚ ਸ਼ਸਤਰ-ਬੰਦ ਅਮਲਾ ਉਨ੍ਹਾਂ ਦੇ ਨਾਲ ਅਕਸਰ ਰਹਿੰਦਾ ਸੀ, ਕਿਉਂਕਿ ਸਰਕਾਰੀ ਫੌਜਾਂ ਨੂੰ ਰਸਦ ਵਗੈਰਾ ਦੀ ਸਪਲਾਈ ਅਜਿਹੇ ਵਣਜਾਰੇ-ਵਪਾਰੀਆਂ ਵੱਲੋਂ ਕੀਤੀ ਜਾਂਦੀ ਸੀ, ਜਿਸ ਲਈ ਕਾਰਵਾਂ ਰਾਤ-ਬਰਾਤੇ ਚੱਲਦੇ ਰਹਿੰਦੇ ਸਨ। ਮੱਖਣ ਸ਼ਾਹ ਨਾਮਵਰ ਸਿੱਖਾਂ ਵਿੱਚ ਵੀ ਜਾਣੀ-ਪਛਾਣੀ ਹਸਤੀ ਸੀ। ਸੰਗਤਾਂ ਉਸਦੇ ਕਿਰਦਾਰ ਤੋਂ ਖੂਬ ਵਾਕਫ ਸਨ ਅਤੇ ਉਹ ਵੀ ਧੀਰ ਮੱਲ ਵਰਗਿਆਂ ਨੂੰ ਨਿੱਜੀ ਤੌਰ `ਤੇ ਜਾਣਦਾ ਸੀ। ਜੇ ਉਹ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੂੰ ਨਾਂ ਵੀ ਜਾਣਦਾ ਹੋਵੇ ਤਾਂ ਵੀ ਆਪਣੀ ਪਰਖ ਅਤੇ ਨਿੱਜੀ ਅਨੁਭਵ ਤੋਂ ਉਸਨੇ ਇਹ ਨਤੀਜਾ ਕੱਢ ਲਿਆ ਸੀ ਕਿ ਇਸ ਗੱਦੀ ਦੇ ਅਸਲ ਵਾਰਿਸ ਗੁਰੂ ਤੇਗ ਬਹਾਦਰ ਜੀ ਹੀ ਹੋਣੇ ਚਾਹੀਦੇ ਹਨ।
ਦੀਵਾਲੀ ਦੇ ਮੌਕੇ `ਤੇ ਬਕਾਲਾ ਵਿਖੇ ਧੀਰ ਮੱਲ ਦੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਅਲੱਗ ਅਲੱਗ ਅਗਵਾਈ ਵਿੱਚ ਵੱਡੇ ਜੋੜ-ਮੇਲੇ ਅਯੋਜਿਤ ਕੀਤੇ ਗਏ। ਬਾਬਾ ਮੱਖਣ ਸ਼ਾਹ ਨੇ ਉੱਚੇ ਸਥਾਨ `ਤੇ ਚੜ੍ਹ ਕੇ ਧੀਰ ਮੱਲ ਦੀ ਸੰਗਤ ਨੂੰ ਸੰਬੋਧਨ ਕਰਦਿਆਂ ਉੱਚੇ ਆਵਾਜ਼ੇ ਲਗਾ ਦਿੱਤੇ ਕਿ ਅਸਲੀ ਅਤੇ ਸੱਚਾ ਗੁਰੂ ਤਾਂ ਏਧਰ ਬੈਠਾ ਹੈ। ਗੁਰੂ ਉਹ ਹੀ ਹੁੰਦਾ, ਜਿਸਨੂੰ ਪਹਿਲਾ ਗੁਰੂ ਆਪਣੀ ਜੋਤ ਬਖਸ਼ ਜਾਵੇ, ਨਾ ਕਿ ਉਹ ਜਿਸ ਕੋਲ ਹੱਥ-ਲਿਖਤ ਗ੍ਰੰਥ ਸਾਹਿਬ ਹੋਵੇ ਜਾਂ ਜੋ ਹਰਿਮੰਦਰ ਸਾਹਿਬ `ਤੇ ਕਾਬਜ਼ ਹੋਵੇ। ਉਸਨੇ ਗੁਰੂ ਜੀ ਪ੍ਰਤੀ ਆਪਣਾ ਨਿੱਜੀ ਅਨੁਭਵ ਵੀ ਸਾਂਝਾ ਕੀਤਾ। ਬੱਸ ਧੀਰ ਮੱਲ ਦੇ ਵੇਂਹਦਿਆਂ-ਵਂੇਹਦਿਆਂ ਹੀ ਸਿੱਖ-ਸੰਗਤ ਗੁਰੂ ਤੇਗ ਬਹਾਦਰ ਜੀ ਵੱਲ ਆਉਣੀ ਸ਼ੁਰੂ ਹੋ ਗਈ। ਰਾਤ ਨੂੰ ਖੂਬ ਦੀਪਾ-ਵਲੀ ਕੀਤੀ ਗਈ।
ਕਾਰੋਬਾਰੀ, ਵਿਉਪਾਰੀ ਆਮ ਤੌਰ `ਤੇ ਹਕੂਮਤ ਦੀਆਂ ਇੱਛਾਵਾਂ ਦੇ ਉਲਟ ਘੱਟ ਹੀ ਚੱਲਦੇ ਹਨ, ਉਹ ਵੀ ਜੋ ਸਰਕਾਰ ਨੂੰ ਮਾਲ-ਸਵਾਬ ਮਹੱਈਆ ਕਰਦੇ ਹੋਣ, ਪਰ ਬਾਬਾ ਮੱਖਣ ਸ਼ਾਹ ਸ਼ਰਧਾਵੱਸ ਇਨ੍ਹਾਂ ਗੱਲਾਂ ਤੋਂ ਉੱਪਰ ਉੱਠ ਗਏ ਸਨ। ਇਹ ਤਾਂ ਹੋ ਨਹੀਂ ਸਕਦਾ ਕਿ ਹਕੂਮਤ ਮੱਖਣ ਸ਼ਾਹ ਬਾਰੇ ਜਾਣਦੀ ਨਾ ਹੋਵੇ ਅਤੇ ਇਹ ਵੀ ਨਹੀਂ ਹੋ ਸਕਦਾ ਕਿ ਬਾਬਾ ਮੱਖਣ ਸ਼ਾਹ ਧੀਰ ਮੱਲੀਆਂ ਪ੍ਰਤੀ ਸਰਕਾਰੀ ਰੁਖ ਤੋਂ ਅਣਭੋਲ਼ ਅਤੇ ਅਨਜਾਣ ਹੋਣ।
ਖ਼ੈਰ! ਬਾਬਾ ਮੱਖਣ ਸ਼ਾਹ ਬਾਰੇ ਕੁਝ ਸੁਆਲਾਂ ਦੇ ਜੁਆਬ ਖੋਜ ਦੇ ਮੁਹਤਾਜ਼ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਗੁਰਿਆਈ ਮੌਕੇ ਏਡਾ ਵੱਡਾ ਰੋਲ ਅਦਾ ਕਰਨ ਵਾਲੇ ਸ਼ਖਸ ਦਾ ਗੁਰੂ ਜੀ ਵੱਲੋਂ ਗੁਰਿਆਈ ਉਪਰੰਤ ਕਿਸੇ ਵੀ ਹੁਕਮਨਾਮੇ ਵਿੱਚ ਜ਼ਿਕਰ ਨਹੀਂ, ਨਾ ਹੀ ਕਿਤੇ ਉਨ੍ਹਾਂ ਨਾਲ ਮੇਲ-ਮਿਲਾਪ ਦਾ ਜ਼ਿਕਰ ਹੀ ਆਉਂਦਾ ਹੈ। ਗੁਰੂ ਜੀ ਦੀ ਗ੍ਰਿਫਤਾਰੀ ਜਾਂ ਸ਼ਹਾਦਤ ਮੌਕੇ ਉਹ ਕਿੱਥੇ ਸੀ? ਇਤਿਹਾਸ ਇਸ ਬਾਰੇ ਮੁਕੰਮਲ ਚੁੱਪ ਹੈ। ਜਿਹੜਾ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਅਤੇ ਧੀਰ ਮੱਲ- ਦੋਹਾਂ ਨੂੰ ਗ੍ਰਿਫਤਾਰ ਕਰਕੇ ਖ਼ਤਮ ਕਰਾ ਦੇਂਦਾ ਹੈ, ਉਸਦਾ ਬਾਬਾ ਮੱਖਣ ਸ਼ਾਹ ਪ੍ਰਤੀ ਕੀ ਵਤੀਰਾ ਰਿਹਾ ਹੋਵੇਗਾ? ਉਸਦੇ ਪਰਿਵਾਰ-ਕਾਰੋਬਾਰ ਪ੍ਰਤੀ ਹਕੂਮਤ ਨੇ ਕੀ ਰੁਖ ਅਖ਼ਤਿਆਰ ਕੀਤਾ ਹੋਵੇਗਾ? ਬੜੇ ਉਤਸੁਕਤਾ ਵਾਲੇ ਸੁਆਲ ਹਨ, ਜਿਨ੍ਹਾਂ ਬਾਰੇ ਇਤਿਹਾਸ ਵਿੱਚ ਕੋਈ ਉਲੇਖ ਨਹੀਂ।

Leave a Reply

Your email address will not be published. Required fields are marked *