ਗੁਰੂ ਤੇਗ ਬਹਾਦਰ ਜੀ ਦਾ ਨਿਰਭਉ ਤੇ ਨਿਰਵੈਰ ਸਮਾਜ ਦਾ ਸੰਕਲਪ

ਅਧਿਆਤਮਕ ਰੰਗ

ਡਾ. ਅਰਵਿੰਦਰ ਸਿੰਘ ਭੱਲਾ*
ਫੋਨ:+91-9463062603
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਇਲਾਹੀ ਬਾਣੀ ਅਤੇ ਸਰਵ ਵਿਆਪੀ ਸਿਖਿਆਵਾਂ ਦਾ ਮੁਤਾਲਿਆ ਕਰਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖੀ ਏਕਤਾ, ਇੱਕ-ਦੂਜੇ ਦਾ ਸਤਿਕਾਰ, ਭਾਈਚਾਰਕ ਸਾਂਝ, ਆਪਸੀ ਸਦਭਾਵਨਾ, ਧਾਰਮਿਕ ਸਹਿਣਸ਼ੀਲਤਾ ਅਤੇ ਪਰਸਪਰ ਸਹਿਯੋਗ ਨੂੰ ਵਧਾਉਣ ਦੇ ਮਨੋਰਥ ਨਾਲ ਗੁਰੂ ਜੀ ਨੇ ਇੱਕ ਆਦਰਸ਼ ਸਮਾਜ ਦੀ ਸਿਰਜਣਾ ਕੀਤੀ।

ਅਜਿਹੇ ਆਦਰਸ਼ਕ ਸਮਾਜ ਨੂੰ ਸਿਰਜਣ ਲਈ ਲੋਕਾਂ ਨੂੰ ਲਾਮਬੰਦ ਅਤੇ ਜਾਗਰੂਕ ਕਰਨ ਲਈ ਉਨ੍ਹਾਂ ਆਪਣਾ ਆਪ ਵਾਰ ਕੇ ਅਜਿਹੇ ਨਿਰਾਲੇ ਅਤੇ ਅਜ਼ੀਮੋਸ਼ਾਨ ਪੰਥ ਦੀ ਬੁਨਿਆਦ ਨੂੰ ਮਜਬੂਤ ਕਰਨ ਵਿੱਚ ਲਾਸਾਨੀ ਯੋਗਦਾਨ ਪਾਇਆ ਕਿ ਜਿਸ ਰਾਹੀਂ ਗਫ਼ਲਤ ਅਤੇ ਵਹਿਮਾਂ-ਭਰਮਾਂ ਵਿੱਚ ਭਟਕ ਰਹੇ ਲੋਕਾਂ ਨੂੰ ਜ਼ਹਾਲਤ, ਫਿਰਕਾਪ੍ਰਸਤੀ, ਤੰਗਦਿਲ ਸੋਚ ਅਤੇ ਨਿੱਜੀ ਮੁਫ਼ਾਦ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ। ਗੁਰੂ ਤੇਗ ਬਹਾਦਰ ਜੀ ਦੇ ਅਧਿਆਤਮਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਫ਼ਲਸਫ਼ੇ ਦੇ ਬੁਨਿਆਦੀ ਸਿਧਾਂਤਾਂ ਅਤੇ ਸਰੋਕਾਰਾਂ ਵਿੱਚ ਦੱਬੇ-ਕੁਚਲੇ ਸ਼ੋਸ਼ਿਤ ਲੋਕਾਂ ਪ੍ਰਤੀ ਹਮਦਰਦੀ, ਜ਼ੁਲਮ ਦਾ ਟਾਕਰਾ, ਮਨੁੱਖੀ ਅਧਿਕਾਰਾਂ ਦੀ ਰਾਖੀ, ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਨਸਲੀ ਵਿੰਭਿਨਤਾਵਾਂ ਦਾ ਸਤਿਕਾਰ ਸ਼ਾਮਲ ਹਨ।
ਗੁਰੂ ਜੀ ਨੇ ਲੋਕਾਈ ਨੂੰ ਇੱਕ ਅਜਿਹੀ ਨਿਵੇਕਲੀ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ, ਜਿਸ ਨੂੰ ਅਪਣਾਉਣ ਪਿਛੋਂ ਇਨਸਾਨ ਸਚਿਆਰਾ, ਨਿਮਰ, ਨਿਰਸਵਾਰਥ, ਨਿਰਛਲ, ਨਿਰਭੈ, ਨਿਰਵੈਰ ਅਤੇ ਰਹਿਮਦਿਲ ਰਹਿੰਦੇ ਹੋਏ ਇਸ ਕਾਇਨਾਤ ਦੇ ਜ਼ੱਰੇ-ਜ਼ੱਰੇ ਵਿੱਚੋਂ ਉਸ ਪਰਵਦਗਾਰ ਦੀ ਹੋਂਦ ਨੂੰ ਮਹਿਸੂਸ ਕਰ ਸਕੇ। ਸ਼ਾਂਤਮਈ ਸਹਿਹੋਂਦ ਦੇ ਸੰਕਲਪ ਉੱਪਰ ਆਧਾਰਿਤ ਨਿਆਂਪੂਰਨ ਬਹੁ-ਸੱਭਿਆਚਾਰਕ ਸਮਾਜ ਦੇ ਸੰਕਲਪ ਦੀ ਪੁਰਜ਼ੋਰ ਵਕਾਲਤ ਕਰਦਿਆਂ ਗੁਰੂ ਜੀ ਨੇ ਬਿਹਤਰ, ਸੁਰੱਖਿਅਤ, ਸਥਿਰ ਅਤੇ ਉੱਜਵਲ ਭਵਿੱਖ ਲਈ ਰਾਜਸੀ ਅੱਤਿਆਚਾਰ, ਮਜ਼ਹਬੀ ਮੁਤੱਸਬੀਪੁਣੇ, ਨਾਬਰਾਬਰੀ, ਗੁਲਾਮੀ, ਸੱਭਿਆਚਾਰਕ ਤੇ ਨਸਲੀ ਟਕਰਾਅ ਦੀ ਸਥਿਤੀ ਨਾਲ ਨਜਿੱਠਣ ਲਈ ਸਰਬਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ।
ਗੁਰੂ ਜੀ ਨੇ ਨਜ਼ਰੀਆਤੀ, ਮਜ਼ਹਬੀ, ਨਸਲੀ, ਭਾਸ਼ਾਈ, ਜਾਤੀ, ਨਫ਼ਸੀਆਤੀ, ਸਕਾਫ਼ਤੀ ਅਤੇ ਇਲਾਕਾਈ ਆਧਾਰ ਉੱਪਰ ਮਿਲਦੀ ਕਸ਼ਮਕਸ਼, ਕਸ਼ੀਦਗੀ, ਇਖਤਲਾਫ ਅਤੇ ਆਪਸੀ ਝਗੜਿਆਂ ਨੂੰ ਸਦੀਵੀਂ ਤੌਰ `ਤੇ ਸੁਲਝਾਉਣ ਲਈ ਰਾਹ ਹਮਵਾਰ ਕਰਦਿਆਂ ਇੱਕ ਪੁਰਅਮਨ, ਪੁਰਸਕੂਨ, ਇਨਸਾਫ਼ ਪਸੰਦ, ਖੁਸ਼ਹਾਲ, ਮਾਨਵਤਾਵਾਦੀ ਅਤੇ ਬਹੁਲਵਾਦੀ ਸਮਾਜ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਮੁੱਚੀ ਮਾਨਵਤਾ ਨੂੰ ਆਪਣੀ ਇਲਾਹੀ ਬਾਣੀ ਰਾਹੀਂ ਨਵੀਂ ਸੇਧ ਦਿੱਤੀ। ਅਸਲ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਆਦਰਸ਼ ਸਮਾਜ ਸੁਤੰਤਰਤਾ, ਸਮਾਨਤਾ ਅਤੇ ਭਰਾਤਰੀ ਭਾਵ ਦੇ ਆਦਰਸ਼ਾਂ ਨੂੰ ਸਮਰਪਿਤ ਜਾਤ ਰਹਿਤ, ਸ਼ੋਸ਼ਣ ਰਹਿਤ, ਜ਼ਬਰ ਰਹਿਤ, ਵਰਗ ਰਹਿਤ, ਭੇਦਭਾਵ ਰਹਿਤ ਅਤੇ ਨਿਆਂ ਉੱਪਰ ਆਧਾਰਿਤ ਇੱਕ ਅਜਿਹਾ ਆਦਰਸ਼ ਸਮਾਜ ਹੈ, ਜਿਸ ਵਿੱਚ ਹਰੇਕ ਧਰਮ, ਜਾਤ, ਫ਼ਿਰਕੇ, ਵਰਗ ਜਾਂ ਸ਼੍ਰੇਣੀ ਨਾਲ ਸਬੰਧਤ ਮਰਦ ਤੇ ਔਰਤ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਕਰਨ ਦੇ ਬਰਾਬਰ ਮੌਕੇ ਹਾਸਲ ਹੋਣ ਅਤੇ ਮਨੁੱਖ ਇੱਕ ਖੁਸ਼ਹਾਲ ਤੇ ਸਨਮਾਨਜਨਕ ਜੀਵਨ ਗੁਜ਼ਾਰਨ ਦੇ ਸਮਰੱਥ ਹੋ ਸਕੇ। ਵੱਖ-ਵੱਖ ਜਾਤਾਂ, ਵਰਗਾਂ, ਧਰਮਾਂ, ਭਾਸ਼ਾਵਾਂ, ਕਿੱਤਿਆਂ ਅਤੇ ਖਿੱਤਿਆਂ ਨਾਲ ਸਬੰਧਤ ਲੋਕਾਂ ਲਈ ਗੁਰੂ ਜੀ ਵੱਲੋਂ ਜਿਸ ਨਵੇਂ ਸਮਾਜ ਦੀ ਨੀਂਹ ਰੱਖੀ ਗਈ, ਉਹ ਅੱਜ ਦੇ ਸਮੇਂ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਉੱਪਰ ਆਧਾਰਿਤ ਹੈ।
ਗੁਰੂ ਜੀ ਵੱਲੋਂ ਲੋਕਤੰਤਰੀ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਦੇ ਧਾਰਨੀ ਬਣਨ ਦਾ ਸੰਦੇਸ਼ ਵੀ ਦਿੱਤਾ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਦੋਂ ਤੱਕ ਲੋਕਾਂ ਦਾ ਵਾਸਤਵਿਕ ਨਜ਼ਰੀਆ ਅਤੇ ਵਿਹਾਰ ਨਹੀਂ ਬਦਲਿਆ ਜਾਵੇਗਾ, ਤਦ ਤੱਕ ਨਿਆਂਪੂਰਨ ਤੇ ਲੋਕਤੰਤਰੀ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੋ ਪਾਏਗੀ। ਉਨ੍ਹਾਂ ਨੇ ਸਮਾਜ ਵਿੱਚ ਮਿਲਦੀ ਕਾਣੀ ਵੰਡ, ਜ਼ਬਰ-ਜ਼ੁਲਮ, ਸਮਾਜਿਕ-ਸੱਭਿਆਚਾਰਕ ਭੇਦਭਾਵ ਅਤੇ ਆਰਥਿਕ ਸ਼ੋਸ਼ਣ ਦੇ ਖਿਲਾਫ ਗੁਰੂ ਨਾਨਕ ਸਾਹਿਬ ਦੇ ਦੱਸੇ ਰਾਹ ਉੱਪਰ ਬੇਖੌਫ਼ ਤੁਰਦਿਆਂ ਕੇਵਲ ਜ਼ੋਰਦਾਰ ਆਵਾਜ਼ ਬੁਲੰਦ ਹੀ ਨਹੀਂ ਕੀਤੀ, ਸਗੋਂ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਮਨੁੱਖੀ ਇਤਿਹਾਸ ਵਿੱਚ ਇੱਕ ਮਿਸਾਲ ਪੈਦਾ ਕੀਤੀ।
ਗੁਰੂ ਤੇਗ ਬਹਾਦਰ ਜੀ ਨੇ ਆਪਣੀ ਇਲਾਹੀ ਬਾਣੀ ਰਾਹੀਂ ਇੱਕ ਅਜਿਹੀ ਆਦਰਸ਼ਕ ਸਮਾਜਿਕ ਵਿਵਸਥਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਸਮਾਜ ਦੇ ਦੱਬੇ ਕੁਚਲੇ, ਕਮਜ਼ੋਰ ਤੇ ਸ਼ੋਸ਼ਿਤ ਵਰਗਾਂ ਨੂੰ ਸਵੈਮਾਣ ਦੀ ਭਾਵਨਾ ਨਾਲ ਜਿਉਣ ਲਈ ਬਿਹਤਰ ਪ੍ਰਸਥਿਤੀਆਂ ਪ੍ਰਾਪਤ ਹੋ ਸਕਣ। ਨਿਰਭਉ ਦੇ ਭੈਅ ਵਿੱਚ ਰਹਿੰਦੇ ਹੋਏ ਬਿਨਾਂ ਕਿਸੇ ਵਿਤਕਰੇ ਦੇ ਅਦਲ ਪ੍ਰਦਾਨ ਕਰਨ ਵਾਲੇ ਸ਼ਾਸਕ ਦਾ ਸ਼ਾਸਨ ਹੋਵੇ। ਸੇਵਾ ਤੇ ਸਿਮਰਨ ਦੇ ਰਾਹ ਉੱਪਰ ਚਲਦਿਆਂ ਹੱਕ-ਸੱਚ ਉੱਪਰ ਪਹਿਰਾ ਦੇਣ ਵਾਲੇ ਲੋਕ ਸੱਚੀ ਕਿਰਤ ਕਮਾਉਣ। ਹੱਥੀਂ ਕਿਰਤ ਕਰਨ ਵਾਲਿਆਂ ਦਾ ਸਤਿਕਾਰ ਬਹਾਲ ਹੋਵੇ। ਇਨਸਾਫ਼ ਪਸੰਦ ਮੁਨਸਿਫ਼ ਸੱਚ ਅਤੇ ਝੂਠ ਦਾ ਨਿਤਾਰਾ ਕਰਨ। ਆਪਣੇ ਕਿੱਤੇ ਪ੍ਰਤੀ ਵਫ਼ਾਦਾਰ ਤੇ ਪ੍ਰਤੀਬੱਧ ਲੋਕ ਆਪਣੇ ਫ਼ਰਜ਼ਾਂ ਦੀ ਅਦਾਇਗੀ ਈਮਾਨਦਾਰੀ ਨਾਲ ਕਰਨ। ਦੇਸ਼, ਕੌਮ ਤੇ ਧੀਆਂ-ਭੈਣਾਂ ਦੀ ਇੱਜ਼ਤ ਦੇ ਰਖਵਾਲੇ, ਆਪਣੇ ਦੇਸ਼, ਕੌਮ ਅਤੇ ਅਣਖ਼ ਲਈ ਮਰ ਮਿਟਣ ਵਾਲੇ ਜੁਝਾਰੂ ਅਤੇ ਆਪਣੇ ਰਿਜ਼ਕ ਲਈ ਆਪਣੇ ਰਾਜ਼ਕ ਨੂੰ ਸਦਾ ਰਾਜ਼ੀ ਰੱਖਣ ਵਾਲੇ ਲੋਕ ਸਾਨੂੰ ਚੁਫੇਰੇ ਵਿਚਰਦੇ ਹੋਏ ਦਿਖਾਈ ਦੇਣ। ਵਿਕਾਰਾਂ ਤੋਂ ਦੂਰ ਰਹਿਣ ਨੂੰ ਤਰਜੀਹ ਦਿੰਦੇ ਹੋਏ ਲੋਕ ਸਾਫ਼ਗੋਈ, ਸਦਾਕਤ, ਦਿਆਨਤਦਾਰੀ, ਸਬਰ, ਸ਼ੁਕਰ, ਸੰਜਮ, ਸਹਿਜ ਅਤੇ ਸੰਤੋਖ ਦੇ ਰਾਹ ਨੂੰ ਅਪਣਾਉਣ।
ਗੁਰੂ ਜੀ ਨੇ ਵਿਅਕਤੀਗਤ ਸੁਤੰਤਰਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਾਤਿਲ, ਜਾਬਰ ਅਤੇ ਮਗ਼ਰੂਰ ਹਾਕਮ ਔਰੰਗਜ਼ੇਬ ਦੀ ਈਨ ਮੰਨਣ ਤੋਂ ਇਨਕਾਰ ਕਰਦਿਆਂ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਰਬਾਨ ਕਰ ਦਿੱਤਾ। ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ `ਤੇ ਚੱਲਦੇ ਹੋਏ ਸਾਹਿਬ-ਏ-ਕਮਾਲ ਤੇ ਸਰਬੰਸਦਾਨੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਹੁਕਮ ਅਧੀਨ ਨਾ ਕੇਵਲ ਇਸ ਮੁਲਕ ਤੋਂ ਆਪਣਾ ਸਰਬੰਸ ਵਾਰਿਆ ਸਗੋਂ ਆਦਰਸ਼ ਸਮਾਜ ਅਤੇ ਆਦਰਸ਼ ਮਨੁੱਖ ਦੇ ਸੰਕਲਪ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਂਦੇ ਹੋਏ ਖਾਲਸਾ ਪੰਥ ਦੀ ਬੁਨਿਆਦ ਰੱਖੀ। ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਅਤੇ ਅਣਗਿਣਤ ਸਿੰਘਾਂ ਤੇ ਸਿੰਘਣੀਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਆਦਰਸ਼ਾਂ ਨੂੰ ਹਕੀਕੀ ਰੂਪ ਦੇਣ ਲਈ ਸ਼ਹਾਦਤ ਦਾ ਜ਼ਾਮ ਪੀਤਾ।
ਅਜੋਕੇ ਸਮੇਂ ਵਿੱਚ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸਮੁੱਚੀ ਮਾਨਵ ਜਾਤੀ ਨੂੰ ਭੂਗੋਲਿਕ, ਨਸਲੀ, ਭਾਸ਼ਾਈ, ਧਾਰਮਿਕ, ਜਾਤੀ ਜਾਂ ਸੱਭਿਆਚਾਰਕ ਵਲਗਣਾਂ ਤੋਂ ਨਿਜ਼ਾਤ ਦਿਵਾਉਣ ਲਈ ਗੁਰੂ ਤੇਗ ਬਹਾਦਰ ਜੀ ਦੇ ਅਦੁੱਤੀ ਫ਼ਲਸਫ਼ੇ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣ ਦੀ ਬੇਹੱਦ ਲੋੜ ਹੈ। ਅਜੋਕੇ ਸਮੇਂ ਵਿੱਚ ਅਸੀਂ ਲੋਕ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਗੁਰੂ ਤਾਂ ਮੰਨਦੇ ਹਾਂ, ਪਰ ਅਫ਼ਸੋਸ ਵਿਹਾਰਕ ਤੌਰ `ਤੇ ਅਸੀ ਗੁਰੂ ਜੀ ਦੀ ਕਿਸੇ ਵੀ ਸਿੱਖਿਆ ਨੂੰ ਆਪਣੇ ਅਮਲੀ ਜੀਵਨ ਦਾ ਬੁਨਿਆਦੀ ਹਿੱਸਾ ਬਣਾਉਣ ਤੋਂ ਮੁਨਕਰ ਹਾਂ। ਜੇਕਰ ਅਸੀਂ ਆਪਣੇ ਅਮਲਾਂ ਨੂੰ ਗੁਰੂ ਜੀ ਦੇ ਦੱਸੇ ਰਾਹ ਅਨੁਸਾਰ ਦਰੁਸਤ ਕੀਤਾ ਹੁੰਦਾ ਤਾਂ ਮੌਜੂਦਾ ਸਥਿਤੀ ਨਿਸ਼ਚਿਤ ਤੌਰ `ਤੇ ਕੁਝ ਹੋਰ ਹੁੰਦੀ। ਵਰਤਮਾਨ ਪ੍ਰਸਥਿਤੀਆਂ ਉੱਪਰ ਗੌਰ ਕਰਦਿਆਂ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਾਡੀ ਵਿਅਕਤੀਗਤ ਅਤੇ ਸਮੂਹਿਕ ਤੌਰ ਉੱਪਰ ਇੱਕ ਬਹੁਤ ਵੱਡੀ ਅਸਫ਼ਲਤਾ ਤੇ ਤ੍ਰਾਸਦੀ ਇਹ ਹੈ ਕਿ ਅਸੀਂ ਅਗਿਆਨਤਾ ਵੱਸ ਗੁਰੂ ਤੇਗ ਬਹਾਦਰ ਜੀ ਦੀਆਂ ਵਿਸ਼ਵਵਿਆਪੀ ਸਿੱਖਿਆਵਾਂ ਅਤੇ ਉਨ੍ਹਾਂ ਦੇ ਸਰੋਕਾਰਾਂ ਨੂੰ ਇੱਕ ਵਿਸ਼ੇਸ਼ ਖਿੱਤੇ, ਭਾਸ਼ਾ, ਕੌਮ, ਸੱਭਿਆਚਾਰ ਜਾਂ ਧਾਰਮਿਕ ਸਮੂਹ ਤੱਕ ਸੀਮਤ ਸਮਝਣ ਦੀ ਭੁੱਲ ਕਰਦੇ ਹੋਏ, ਉਨ੍ਹਾਂ ਦੀਆਂ ਰੂਹਾਨੀ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਫੈਲਾਉਣ ਅਤੇ ਅਮਲ ਵਿੱਚ ਲਿਆਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਾਂ।

*ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ,
ਯਮੁਨਾ ਨਗਰ (ਹਰਿਆਣਾ)

Leave a Reply

Your email address will not be published. Required fields are marked *