*ਅਮਰੀਕੀ ਡਾਲਰ ਮੁਕਾਬਲੇ 90 ਰੁਪਏ ਤੱਕ ਡਿੱਗ ਸਕਦੈ ਰੁਪਿਆ
ਪੰਜਾਬੀ ਪਰਵਾਜ਼ ਬਿਊਰੋ
ਇਸ ਸਾਲ (ਜਨਵਰੀ ਤੋਂ ਨਵੰਬਰ 2025) ਅਮਰੀਕੀ ਡਾਲਰ (ਯੂ.ਐਸ.ਡੀ.) ਨਾਲ ਮੁਕਾਬਲੇ ਵਿੱਚ 4.3% ਦੀ ਤੇਜ਼ ਗਿਰਾਵਟ ਨਾਲ ਭਾਰਤੀ ਰੁਪਿਆ ਏਸ਼ੀਆ ਦੀ ਸਭ ਤੋਂ ਖਰਾਬ ਕੰਮ ਕਰਨ ਵਾਲੀ ਮੁਦਰਾ ਬਣ ਗਈ ਹੈ। ਪਿਛਲੇ 25 ਸਾਲਾਂ ਵਿੱਚ ਰੁਪਿਆ ਅਮਰੀਕੀ ਡਾਲਰ ਨਾਲੋਂ 43 ਰੁਪਏ ਤੋਂ ਵਧ ਕੇ 85 ਰੁਪਏ ਤੋਂ ਉਪਰ ਹੋ ਗਿਆ ਹੈ, ਜੋ ਕਿ ਲਗਾਤਾਰ ਗਿਰਾਵਟ ਨੂੰ ਦਰਸਾਉਂਦਾ ਹੈ ਅਤੇ ਵਿਸ਼ਵੀ ਆਰਥਿਕ ਪ੍ਰਭਾਵਾਂ ਨੂੰ ਵਿਖਾਉਂਦਾ ਹੈ।
ਵਿਦੇਸ਼ੀ ਮੁਦਰਾ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ-ਅਮਰੀਕਾ ਵਪਾਰ ਸਮਝੌਤਾ ਜਲਦੀ ਨਹੀਂ ਹੋਇਆ ਤਾਂ ਰੁਪਿਆ ਹੋਰ ਡਿੱਗ ਕੇ ਇੱਕ ਡਾਲਰ ਨਾਲ 90 ਰੁਪਏ ਤੱਕ ਪਹੁੰਚ ਸਕਦਾ ਹੈ। ਇਸ ਗਿਰਾਵਟ ਨਾਲ ਦਰਾਮਦ ਮਹਿੰਗੀ ਹੋ ਜਾਂਦੀ ਹੈ, ਜਿਸ ਨਾਲ ਪੈਟਰੋਲ, ਡੀਜ਼ਲ ਤੇ ਇਲੈਕਟ੍ਰਾਨਿਕਸ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਹਨ ਅਤੇ ਭਾਰਤੀ ਆਰਥਿਕਤਾ ’ਤੇ ਦਬਾਅ ਵੱਧਦਾ ਹੈ, ਜੋ ਮੁਦਰਾ ਦਰ (ਇਨਫਲੇਸ਼ਨ) ਵਧਾ ਸਕਦੀ ਹੈ।
‘ਦ ਹਿੰਦੂ’ ਅਖ਼ਬਾਰ ਦੀ ਰਿਪੋਰਟ ਅਨੁਸਾਰ ‘ਚਾਇਸ ਵੈਲਥ’ ਦੇ ਅਕਸ਼ਤ ਗਰਗ ਨੇ ਕਿਹਾ, “ਰੁਪਿਆ ਚੀਨੀ ਯੁਆਨ ਅਤੇ ਇੰਡੋਨੇਸ਼ੀਆਈ ਰੁਪਿਆ ਵਰਗੀਆਂ ਮੁਦਰਾਵਾਂ ਨਾਲੋਂ ਕਮਜ਼ੋਰ ਰਿਹਾ ਹੈ। ਹਾਲਾਂਕਿ ਇਹ ਅਜੇ ਵੀ ਜਾਪਾਨੀ ਯੇਨ ਅਤੇ ਕੋਰੀਆਈ ਵੋਨ ਵਰਗੀਆਂ ਕੁਦਰਤੀ ਤੌਰ ’ਤੇ ਕਮਜ਼ੋਰ ਮੁਦਰਾਵਾਂ ਨਾਲੋਂ ਬਿਹਤਰ ਕੰਮ ਕਰ ਰਿਹਾ ਹੈ।” ਉਨ੍ਹਾਂ ਨੇ ਹੋਰ ਕਿਹਾ, “ਕੁੱਲ ਮਿਲਾ ਕੇ ਹੁਣ ਰੁਪਏ ਦੀ ਦਿਸ਼ਾ ਘਰੇਲੂ ਆਰਥਿਕਤਾ ਨਾਲੋਂ ਵਧੇਰੇ ਵਿਸ਼ਵੀ ਡਾਲਰ ਦੀ ਮਜਬੂਤੀ ’ਤੇ ਨਿਰਭਰ ਕਰਦੀ ਹੈ।” ਇਸ ਤਰ੍ਹਾਂ ਦੀ ਗਿਰਾਵਟ 2025 ਵਿੱਚ ਰੁਪਏ ਦਾ ਔਸਤ ਪੱਧਰ 84.40 ਰੁਪਏ ਤੱਕ ਰੱਖ ਸਕਦੀ ਹੈ, ਪਰ ਅਸਲ ਵਿੱਚ ਇਹ 89 ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ।
ਐਕਸਿਸ ਬੈਂਕ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਬਿਜ਼ਨਸ ਅਤੇ ਆਰਥਿਕ ਖੋਜ) ਤਨਯ ਦਲਾਲ ਨੇ ਕਿਹਾ ਕਿ ਰੁਪਏ ’ਤੇ ਕਈ ਮਹੀਨਿਆਂ ਤੋਂ ਗਿਰਾਵਟ ਦਾ ਦਬਾਅ ਬਣਿਆ ਹੋਇਆ ਹੈ। ਇਹ ਦਬਾਅ ਵਪਾਰਕ ਖਾਤੇ (ਕਰੰਟ ਅਕਾਊਂਟ) ਕਾਰਨ ਨਹੀਂ, ਬਲਕਿ ਪੂੰਜੀ ਨਿਕਾਸੀ (ਕੈਪੀਟਲ ਅਊਟਫਲੋਜ਼) ਕਾਰਨ ਹੈ। ਉਨ੍ਹਾਂ ਅਨੁਸਾਰ, “ਰੁਪਿਆ ਏਸ਼ੀਆਈ ਮੁਦਰਾਵਾਂ ਨਾਲੋਂ ਕਮਜ਼ੋਰ ਹੋਇਆ ਹੈ, ਖਾਸ ਕਰ ਕੇ ਉਨ੍ਹਾਂ ਦੇਸ਼ਾਂ ਨਾਲੋਂ ਜਿਨ੍ਹਾਂ ਦਾ ਕਰੰਟ ਅਕਾਊਂਟ ਫਾਇਦੇ ਵਿੱਚ ਹੈ। ਅੱਜ ਤੱਕ ਕੈਲੰਡਰ ਸਾਲ 2025 ਵਿੱਚ ਰੁਪਿਆ 4 ਫ਼ੀਸਦੀ ਡਿਗਿਆ ਹੈ, ਜਦਕਿ ਇੰਡੋਨੇਸ਼ੀਆਈ ਰੁਪਿਆ 2.9 ਫ਼ੀਸਦੀ ਅਤੇ ਫਿਲੀਪੀਨਸ ਪੈਸੋ 1.3 ਫ਼ੀਸਦੀ ਕਮਜ਼ੋਰ ਹੋਇਆ ਹੈ।” ਦਲਾਲ ਨੇ ਕਿਹਾ ਕਿ ਏਸ਼ੀਆ ਦੀਆਂ ਬਾਕੀ ਮੁਦਰਾਵਾਂ ਵਿੱਚ ਮਜਬੂਤੀ ਦੇਖੀ ਗਈ ਹੈ, ਜੋ ਮੁੱਖ ਤੌਰ ’ਤੇ ਚੀਨੀ ਯੁਆਨ ਕਾਰਨ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਨੇ ਰੁਪਏ ਨੂੰ ਸਮਰਥਨ ਦੇਣ ਲਈ ਅਕਸਰ ਦਖਲ ਦਿੱਤਾ ਹੈ, ਪਰ ਇਨ੍ਹੀਂ ਦਿਨੀਂ ਪੂੰਜੀ ਨਿਕਾਸੀ ਅਤੇ ਵਪਾਰ ਚਿੰਤਾਵਾਂ ਕਾਰਨ ਇਹ ਨਵਾਂ ਰਿਕਾਰਡ ਨੀਵਾਂ ਪੱਧਰ ਪਾਰ ਕਰ ਗਿਆ ਹੈ। ਆਰ.ਬੀ.ਆਈ. ਨੇ ਡਾਲਰ ਵੇਚ ਕੇ ਰੁਪਏ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਹੈ।
21 ਨਵੰਬਰ ਨੂੰ ਰੁਪਿਆ ਡਾਲਰ ਮੁਕਾਬਲੇ ਨਵੇਂ ਅਤੇ ਇਤਿਹਾਸਕ ਪੱਧਰ ’ਤੇ ਪਹੁੰਚ ਗਿਆ ਸੀ। ਇਹ 88.8 ਦੇ ਪੱਧਰ ਨੂੰ ਪਾਰ ਕਰ ਕੇ 89.66 ਤੱਕ ਡਿੱਗ ਗਿਆ। ਹਾਲਾਂਕਿ ਇਸ ਤੋਂ ਬਾਅਦ ਰੁਪਏ ਨੇ ਥੋੜ੍ਹੀ ਰਿਕਵਰੀ ਕੀਤੀ ਅਤੇ 26 ਨਵੰਬਰ 2025 ਨੂੰ ਡਾਲਰ ਮੁਕਾਬਲੇ 89.23 ’ਤੇ ਰਿਹਾ।
ਅਕਿਊਟ ਰੇਟਿੰਗਸ ਐਂਡ ਰਿਸਰਚ ਦੇ ਐੱਮ.ਡੀ. ਅਤੇ ਸੀ.ਈ.ਓ. ਸ਼ੰਕਰ ਚਕਰਵਰਤੀ ਨੇ ਕਿਹਾ, “ਪਿਛਲੇ ਦੋ ਮਹੀਨਿਆਂ ਦੌਰਾਨ ਡਾਲਰ ਵਿੱਚ 3.6 ਫ਼ੀਸਦੀ ਦੀ ਮਜਬੂਤੀ ਨੇ ਜ਼ਿਆਦਾਤਰ ਮੁਦਰਾਵਾਂ ’ਤੇ ਦਬਾਅ ਪਾਇਆ ਹੈ, ਜਿਸ ਵਿੱਚ ਰੁਪਿਆ ਵੀ ਸ਼ਾਮਲ ਹੈ। ਭਾਰਤ ਦੋਹਰੀ ਬਾਹਰੀ ਚੁਣੌਤੀਆਂ ਨਾਲ ਲੜ ਰਿਹਾ ਹੈ- ਇੱਕ ਅਮਰੀਕਾ ਵੱਲੋਂ ਵਧੇ ਹੋਏ ਟੈਰਿਫ਼ ਅਤੇ ਦੂਜਾ ਕੀਮਤੀ ਧਾਤੂਆਂ ਦੀਆਂ ਕੀਮਤਾਂ ਵਿੱਚ ਵਾਧਾ। ਇਨ੍ਹਾਂ ਹਲਾਤਾਂ ਦਾ ਅਸਰ ਭਾਰਤ ਦੇ ਵਪਾਰ ਘਾਟੇ ’ਤੇ ਪੈ ਰਿਹਾ ਹੈ।”
ਡਾ. ਵਿਜਯਕੁਮਾਰ ਅਨੁਸਾਰ ਸ਼ੇਅਰ ਬਾਜ਼ਾਰ ਵਿੱਚ ਵਿਦੇਸ਼ੀ ਨਿਵੇਸ਼ਕਾਂ (ਐਫ.ਆਈ.ਆਈ.) ਵੱਲੋਂ ਲਗਾਤਾਰ ਵਿਕਰੀ ਨਾਲ ਵੀ ਰੁਪਏ ’ਤੇ ਦਬਾਅ ਪਿਆ ਹੈ। ਭਾਰਤ-ਅਮਰੀਕਾ ਵਪਾਰ ਸਮਝੌਤੇ ਵਿੱਚ ਦੇਰੀ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਕਮਜ਼ੋਰ ਕੀਤਾ ਹੈ। ਡਾ. ਵਿਜਯਕੁਮਾਰ ਅਨੁਸਾਰ, “ਜੇਕਰ ਇਹ ਵਪਾਰ ਸਮਝੌਤਾ ਜਲਦੀ ਹੋ ਜਾਂਦਾ ਹੈ ਅਤੇ ਭਾਰਤ ’ਤੇ ਟੈਰਿਫ਼ ਦਰਾਂ ਘੱਟ ਹੁੰਦੀਆਂ ਹਨ, ਤਾਂ ਰੁਪਏ ਵਿੱਚ ਮਜਬੂਤ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ।” ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਰੁਪਿਆ ਪਹਿਲਾਂ 90 ਦੇ ਪੱਧਰ ਤੱਕ ਡਿੱਗ ਸਕਦਾ ਹੈ ਅਤੇ ਫਿਰ 2026 ਦੀ ਪਹਿਲੀ ਚੌਥਾਈ ਵਿੱਚ 88.50 ਦੇ ਨੇੜੇ ਵਾਪਸ ਆ ਸਕਦਾ ਹੈ।
ਅਕਸ਼ਤ ਗਰਗ ਨੇ ਕਿਹਾ ਕਿ “ਭਾਰਤ ’ਤੇ ਟੈਰਿਫ਼ ਦਾ ਅਸਰ ਇਸ ਲਈ ਵਧੇਰੇ ਪਿਆ, ਕਿਉਂਕਿ ਹਾਲ ਦੇ ਹਫ਼ਤਿਆਂ ਵਿੱਚ ਵਪਾਰ ਘਾਟਾ ਵਧਿਆ ਹੈ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿਕਰੀ ਵੀ ਲਗਾਤਾਰ ਜਾਰੀ ਹੈ। ਆਰ.ਬੀ.ਆਈ. ਨੇ ਦਖ਼ਲ ਦਿੱਤਾ, ਪਰ ਜਦੋਂ ਰੁਪਿਆ ਮਨੋਵਿਗਿਆਨਕ ਪੱਧਰਾਂ ਤੋਂ ਹੇਠਾਂ ਡਿੱਗਾ ਤਾਂ ਗਿਰਾਵਟ ਹੋਰ ਤੇਜ਼ ਹੋ ਗਈ।”
ਇਹ ਸਭ ਇਹ ਦੱਸਦਾ ਹੈ ਕਿ ਰੁਪਏ ਦੀ ਹਾਲਤ ਨਾ ਸਿਰਫ਼ ਵਿਸ਼ਵੀ ਘਟਨਾਵਾਂ ਨਾਲ ਜੁੜੀ ਹੈ, ਬਲਕਿ ਭਵਿੱਖ ਵਿੱਚ ਵਪਾਰ ਸਮਝੌਤੇ ਅਤੇ ਨਿਵੇਸ਼ਕਾਂ ਦੇ ਭਰੋਸੇ ਨਾਲ ਹੀ ਸੁਧਾਰ ਸੰਭਵ ਹੈ।
