ਖ਼ਜ਼ਾਨਾ ਲੈ ਗਏ ਲੁੱਟ ਕੇ ਜੋ ਸਾਡਾ…
ਸੁਸ਼ੀਲ ਦੁਸਾਂਝ
ਅਸੀਂ ਬਹੁਤਾ ਬੱਲੇ-ਬੱਲੇ `ਚ ਯਕੀਨ ਰੱਖਣ ਵਾਲੇ ਲੋਕ ਹਾਂ। ਕੋਈ ਥੋੜ੍ਹੀ ਜਿਹੀ ਤਾਰੀਫ਼ ਕਰੇ ਸਹੀ ਫੁੱਲ-ਫੁੱਲ ਜਾਂਦੇ ਹਾਂ। ਤਾਰੀਫ਼ ਕਰਨ ਵਾਲਾ ਬੰਦਾ ਸਾਨੂੰ ਆਪਣਾ-ਆਪਣਾ ਲੱਗਣ ਲੱਗ ਪੈਂਦਾ ਹੈ। ਅਸੀਂ ਉਹਦੇ ਲਈ ਸਭ ਕੁਝ ਵਾਰਨ ਤੱਕ ਚਲੇ ਜਾਂਦੇ ਹਾਂ; ਇਹ ਦੇਖਿਆਂ ਬਿਨਾ ਹੀ ਕਿ ਉਸ ਵੱਲੋਂ ਕੀਤੀ ਜਾ ਰਹੀ ਤਾਰੀਫ਼ ਦੇ ਪਿੱਛੇ ਉਸਦੀ ਅਸਲੀ ਮਨਸ਼ਾ ਕੀ ਹੈ? ਲੱਖਾਂ ਜੋਤਸ਼ੀ ਵੀ ਸਾਡੀ ਇਸੇ ਕਮਜ਼ੋਰੀ ਦਾ ਖੱਟਿਆ ਖਾਂਦੇ ਹਨ।
ਆਪਣੀ ਤਾਰੀਫ਼ ਸੁਣ ਕੇ ਫੁੱਲ ਜਾਣਾ ਮਨੁੱਖੀ ਫ਼ਿਤਰਤ ਹੈ। ਇਹ ਹੀ ਸਾਡੇ ਮੁਲਕ `ਤੇ ਵੀ ਲਾਗੂ ਹੁੰਦੀ ਹੈ। ਜਿਵੇਂ ਇੱਕ ਗਰੀਬ-ਗੁਰਬਾ ਕਿਸੇ ਜੋਤਸ਼ੀ ਤੋਂ ਇਹ ਸੁਣ ਕੇ ਹੀ ਖੀਵਾ ਹੋਈ ਜਾਂਦਾ ਹੈ ਕਿ ਉਹ ਤਾਂ ਦਿਲ ਦਾ ਬੜਾ ਅਮੀਰ ਹੈ ਤੇ ਉਹਦੀ ਦੋ ਕਰੋੜ ਦੀ ਲਾਟਰੀ ਲੱਗੀ ਕਿ ਲੱਗੀ, ਉਵੇਂ ਹੀ ਹਜ਼ਾਰਾਂ-ਹਜ਼ਾਰ ਮੁਸੀਬਤਾਂ ਨਾਲ ਜੂਝ ਰਹੇ ਸਾਡੇ ਮੁਲਕ ਲਈ ਵੀ ਜਦੋਂ ਅਮਰੀਕਾ ਵਰਗਾ ਮੁਲਕ ਇਹ ਆਖਦਾ ਹੈ ਕਿ ਭਾਰਤ ਤਾਂ ਮਹਾਸ਼ਕਤੀ ਬਣਨ ਜਾ ਰਿਹਾ ਹੈ ਤਾਂ ਅਸੀਂ ਹਵਾ `ਚ ਉੱਡਣ ਲੱਗਦੇ ਹਾਂ।
ਕੀ ਅਮਰੀਕਾ ਜਾਂ ਬਰਤਾਨੀਆ ਦੇ ਕਹਿਣ ਨਾਲ ਹੀ ਭਾਰਤ ਮਹਾਸ਼ਕਤੀ ਬਣ ਜਾਵੇਗਾ। ਅੱਜ ਲੋੜ ਮਹਾਸ਼ਕਤੀ ਦੀ ਪਰਿਭਾਸ਼ਾ ਤਲਾਸ਼ਣ ਦੀ ਵੀ ਹੈ। ਮਹਾਸ਼ਕਤੀ ਅਖਵਾਉਂਦੇ ਅਮਰੀਕਾ ਦਾ ਅਸਲ ਸੱਚ ਵੀ ਬਹੁਤ ਸਾਰੀਆਂ ਕੁਦਰਤੀ/ਆਰਥਕ ਮੁਸੀਬਤਾਂ ਵੇਲੇ ਸਾਹਮਣੇ ਆ ਹੀ ਜਾਂਦਾ ਹੈ। ਤਾਜ਼ਾ ਸਰਕਾਰੀ ਤਾਲਾਬੰਦੀ ਇਸ ਦੀ ਮਿਸਾਲ ਹੈ। ਹੁਣ 2025 ਵਿੱਚ ਵੀ ਜਦੋਂ ਟਰੰਪ ਨੇ ਭਾਰਤੀ ਉਤਪਾਦਾਂ ਤੇ 50 ਫ਼ੀਸਦੀ ਟੈਕਸ ਲਗਾਏ, ਤਾਂ ਉਹਦੀ ਇਹ ‘ਮਹਾਨ’ ਸ਼ਕਤੀ ਵੀ ਬੇਪਰਵਾਹੀ ਨਾਲ ਭਾਰਤ ਨੂੰ ਆਪਣੀ ਵਪਾਰਕ ਤਾਨਾਸ਼ਾਹੀ ਨਾਲ਼ ਹੀ ਖੋਖਲਾ ਕਰਨਾ ਚਾਹੁੰਦੀ ਹੈ।
ਪਿੰਡਾਂ `ਚ ਰਹਿਣ ਵਾਲੇ ਭੈਣਾਂ-ਭਰਾਵਾਂ ਲਈ ਇੱਕ ਆਸਾਨ ਜਿਹਾ ਸਵਾਲ ਹੈ। ਕੀ ਪਿੰਡ ਦੇ ਉਸ ਕਿਸਾਨ ਨੂੰ ਤੁਸੀਂ ‘ਸਭ ਤੋਂ ਤਕੜੇ ਜੱਟ’ ਦਾ ਰੁਤਬਾ ਦੇ ਸਕਦੇ ਹੋ, ਜਿਸਦਾ ਵਾਲ-ਵਾਲ ਕਰਜ਼ੇ `ਚ ਹੋਵੇ ਤੇ ਉਸਦੀ ਜ਼ਮੀਨ ਗਹਿਣੇ ਪੈਂਦੀ ਜਾ ਰਹੀ ਹੋਵੇ? ਜੇ ਨਹੀਂ ਤਾਂ ਫੇਰ ਕਿਸੇ ਵੀ ਕੀਮਤ `ਤੇ ਆਪਣਾ ਮੁਲਕ ਵੀ ਮਹਾਸ਼ਕਤੀ ਨਹੀਂ ਬਣ ਸਕਦਾ। ਅਮਰੀਕਾ ਦੇ ਫ਼ਤਵਿਆਂ `ਤੇ ਕੱਛਾਂ ਵਜਾਉਣ ਵਾਲੇ ਸਾਡੇ ‘ਰਾਹਨੁਮਾ’ ਕੀ ਇਹ ਨਹੀਂ ਜਾਣਦੇ ਕਿ ਮੁਲਕ `ਤੇ ਸਿਰਫ਼ ਵਿਦੇਸ਼ੀ ਕਰਜ਼ਾ ਹੀ ਏਨਾ ਹੈ ਕਿ ਭਾਰਤ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਵੀ ਅੱਖਾਂ ਖੋਲ੍ਹਦਿਆਂ ਸਾਰ ਹੀ ਸਵਾ ਲੱਖ ਰੁਪਏ ਦਾ ਦੇਣਦਾਰ ਹੋ ਜਾਂਦਾ ਹੈ ਅਤੇ ਇਹ ਗੱਲ ਹੁਣ ਵੀ ਸੱਚ ਹੈ– ਜੂਨ 2025 ਤੱਕ ਭਾਰਤ ਦਾ ਵਿਦੇਸ਼ੀ ਕਰਜ਼ਾ 747 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ, ਜੋ ਪਿਛਲੇ ਤਿੰਨ ਮਹੀਨਿਆਂ ਵਿੱਚ ਹੀ 11 ਅਰਬ ਡਾਲਰ ਵਧ ਗਿਆ। ਅਸੀਂ ਹਕੀਕਤਾਂ ਤੋਂ ਅੱਖਾਂ ਕਿਉਂ ਫੇਰ ਲੈਂਦੇ ਹਾਂ? ਜਿਸ ਮੁਲਕ ਦੇ ਕਰੋੜਾਂ ਲੋਕ ਸੜਕਾਂ ਦੀਆਂ ਪਟਰੀਆਂ `ਤੇ ਹੀ ਅੰਬਰ ਦੀ ਛੱਤਰੀ ਤਾਣ ਕੇ ਭੁੱਖੇ ਪੇਟ ਸੌਂ ਜਾਂਦੇ ਹੋਣ, ਜਿਸ ਮੁਲਕ ਵਿੱਚ ਸਭ ਲਈ ਪੀਣ ਵਾਲਾ ਸਾਫ਼ ਪਾਣੀ ਵੀ ਮੁਹੱਈਆ ਨਾ ਹੋਵੇ, ਜਿਸ ਮੁਲਕ `ਚ ਬੱਚੇ ਖੇਡਣ ਤੇ ਪੜ੍ਹਨ ਦੀ ਉਮਰੇ ਢੇਰਾਂ ਤੋਂ ਕੱਚ ਚੁਗਦੇ ਫਿਰ ਰਹੇ ਹੋਣ ਤੇ ਜਿਸ ਮੁਲਕ ਦੇ ਕਿਸਾਨਾਂ ਦੀ ਹੋਣੀ ਖੁਦਕੁਸ਼ੀ ਹੋਵੇ, ਉਸ ਮੁਲਕ ਨੂੰ ਮਹਾਸ਼ਕਤੀ ਬਣਨ ਦੀਆਂ ਫੂਕਾਂ ਛਕਾਉਣ ਦੇ ਅਸਲੀ ਮਨੋਰਥ ਜ਼ਰੂਰ ਹੀ ਤਲਾਸ਼ੇ ਜਾਣੇ ਚਾਹੀਦੇ ਹਨ।
ਦਰਅਸਲ, ਇਹ ਪਹਿਲੀ ਵਾਰ ਨਹੀਂ ਵਾਪਰ ਰਿਹਾ। ਜਦੋਂ ਅੰਗਰੇਜ਼ ਭਾਰਤ ਆਏ, ਉਦੋਂ ਵੀ ਉਨ੍ਹਾਂ ਇਹੀ ਪ੍ਰਚਾਰ ਕੀਤਾ ਸੀ ਕਿ ਭਾਰਤ ਨੂੰ ਜਲਾਲਤ ਵਿੱਚੋਂ ਕੱਢ ਕੇ ਏਸ਼ੀਆ ਦੀ ਇੱਕ ਵੱਡੀ ਤਾਕਤ ਬਣਾਉਣ ਦੇ ਮਨਸ਼ੇ ਨਾਲ ਉਹ ਭਾਰਤ ਆਏ ਹਨ। ਅੱਜ ਬਰਤਾਨੀਆ ਦੀ ਥਾਂ ਅਮਰੀਕਾ ਹੈ ਤੇ ਬਰਤਾਨੀਆ ਵੀ ਉਹਦਾ ਭਾਈਵਾਲ ਹੈ। ਅਸਲ ਵਿੱਚ ਅਮਰੀਕਾ ਦੀ ਅਸਲੀ ਮਨਸ਼ਾ ਏਸ਼ੀਆ ਵਿੱਚ ਚੀਨ ਅਤੇ ਜਾਪਾਨ ਨੂੰ ਰੋਕਣ ਲਈ ਭਾਰਤ ਨੂੰ ਆਪਣਾ ਹਥਠੋਕਾ ਬਣਾਉਣ ਦੀ ਹੈ। ਸੰਸਾਰ ਦੇ ਪ੍ਰਸਿੱਧ ਆਰਥਕ ਅਤੇ ਰਾਜਨੀਤਕ ਮਾਹਿਰਾਂ ਦੀ ਲਗਭਗ ਸਾਂਝੀ ਰਾਏ ਹੈ ਕਿ ਚੀਨ ਅਤੇ ਜਾਪਾਨ ਆਰਥਕਤਾ ਤੇ ਤਕਨੀਕ ਦੇ ਮਾਮਲੇ ਵਿੱਚ ਛੇਤੀ ਹੀ ਅਮਰੀਕਾ ਨੂੰ ਪਛਾੜ ਸਕਦੇ ਹਨ।
ਅਮਰੀਕਾ ਆਪਣੇ ਲਈ ਬਣ ਰਹੇ ਇਨ੍ਹਾਂ ਦੋ ਸੰਭਾਵੀ ਖ਼ਤਰਿਆਂ ਨਾਲ ਸਿੱਝਣ ਦੀ ਮਨਸ਼ਾ ਨਾਲ ਹੀ ਭਾਰਤ ਦੀ ਹਊਮੈ ਨੂੰ ਪੱਠੇ ਪਾ ਕੇ ਆਪਣਾ ਮਕਸਦ ਹੱਲ ਕਰਨਾ ਚਾਹੁੰਦਾ ਹੈ। ਭਾਰਤ ਨੂੰ ਫ਼ੂਕ ਛਕਾ ਕੇ ਉਹ ਨਾਲ ਦੀ ਨਾਲ ਆਪਣਾ ਕਾਰੋਬਾਰ ਵੀ ਚਮਕਾਉਣ ਦੇ ਆਹਰ `ਚ ਹੈ। ਉਸਦੀ ਇਹ ਸਾਫ਼ ਮਨਸ਼ਾ ਹੈ ਕਿ ਭਾਰਤ ਦੇ ਗੁਆਂਢੀ ਮੁਲਕਾਂ ਨਾਲ ਸਬੰਧ ਸੁਖਾਵੇਂ ਨਾ ਹੋਣ, ਇਸੇ ਕਰ ਕੇ ਹੀ ਉਹ ਗਾਹੇ-ਬਗਾਹੇ ਭਾਰਤ-ਪਾਕਿ ਦੇ ਸੁਧਰਦੇ ਰਿਸ਼ਤਿਆਂ ਵਿੱਚ ਕੋਈ ਨਾ ਕੋਈ ਅੱਗ ਦਾ ਗੋਲਾ ਸੁੱਟਦਾ ਹੈ। ਇਸੇ ਲਈ ਹੀ ਉਹ ਇਰਾਨ-ਪਾਕਿ-ਭਾਰਤ ਦੀ ਗੈਸ ਪਾਈਪ ਲਾਈਨ ਵਿੱਚ ਅੜਿੱਕੇ ਡਾਹੁੰਦਾ ਹੈ। ਉਸਨੂੰ ਪਤਾ ਹੈ ਕਿ ਜੇਕਰ ਭਾਰਤ ਦੇ ਗੁਆਂਢੀ ਮੁਲਕਾਂ ਨਾਲ ਸਬੰਧਾਂ ਵਿੱਚ ਕੁੜੱਤਣ ਜਾਰੀ ਰਹੇਗੀ ਤਾਂ ਹੀ ਉਸਦੇ ਹਥਿਆਰਾਂ ਦੀ ਖੂਬ ਵਿਕਰੀ ਹੋਵੇਗੀ। ਇਹ ਵਿਸ਼ਵ ਸੱਤਾ ਦੀਆਂ ਚਾਲਾਂ-ਕੁਚਾਲਾਂ ਹੀ ਹਨ ਕਿ ਕਿਸੇ ਵੇਲੇ ਬੰਗਲਾਦੇਸ਼ ਨੂੰ ਆਜ਼ਾਦੀ ਲੈ ਕੇ ਦੇਣ ਵਾਲਾ ਭਾਰਤ ਅੱਜ ਬੰਗਲਾਦੇਸ਼ ਦੀਆਂ ਨਜ਼ਰਾਂ ਵਿੱਚ ਖ਼ਲਨਾਇਕ ਬਣਦਾ ਜਾ ਰਿਹਾ ਹੈ।
2025 ਵਿੱਚ ਤਾਂ ਇਹ ਚਾਲ ਹੋਰ ਵੀ ਗੰਭੀਰ ਹੋ ਗਈ– ਬਸੰਤ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਅਮਰੀਕਾ ਨੇ ਪਾਕਿਸਤਾਨ ਨਾਲ ਨਵੇਂ ਸਮਝੌਤੇ ਕੀਤੇ ਅਤੇ ਟਰੰਪ ਨੇ ਖੁੱਲ੍ਹ ਕੇ ਪਾਕਿਸਤਾਨ ਨੂੰ ਹਥਿਆਰ ਵੇਚਣ ਦੀ ਗੱਲ ਕੀਤੀ, ਜਿਸ ਨਾਲ ਭਾਰਤ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੱਲ ਇੱਥੇ ਹੀ ਰੁਕਣ ਵਾਲੀ ਨਹੀਂ ਹੈ। ਸੰਸਾਰ ਪੂੰਜੀ ਪੂਰੀ ਤਰ੍ਹਾਂ ਭਾਰਤ ਨੂੰ ਆਰਥਿਕ ਗ਼ੁਲਾਮੀ ਦੇ ਸ਼ਿੰਕਜੇ ਵਿੱਚ ਕੱਸਣ ਦੀ ਤਿਆਰੀ ਵਿੱਚ ਹੈ। ਉਸਦੀ ਸਾਜਿਸ਼ੀ ਵਪਾਰਕ ਬੁੱਧੀ ਭਾਰਤ ਨੂੰ ਆਪਣੀ ਤਕਨੀਕ, ਪੂੰਜੀ ਅਤੇ ਮਸ਼ੀਨਰੀ ਵਿੱਚ ਉਲਝਾਉਂਦੀ ਜਾ ਰਹੀ ਹੈ। ਉਹ ਭਾਰਤ ਨੂੰ ਇਨ੍ਹਾਂ ਖੇਤਰਾਂ ਵਿੱਚ ਆਪਣਾ ਹਿੱਸੇਦਾਰ ਨਹੀਂ, ਦਲਾਲ ਬਣਾਉਣਾ ਚਾਹੁੰਦਾ ਹੈ ਤੇ ਸਾਡੇ ਹੁਕਮਰਾਨ ਉਸਦੇ ਇਸ਼ਾਰਿਆਂ `ਤੇ ਪੂਰੀ ਲੈਅ ਵਿੱਚ ਕਠਪੁਤਲੀ ਨਾਚ ਕਰ ਰਹੇ ਹਨ। ਜਦੋਂ ਕਦੇ ਸਰਕਾਰ ਵਿਰੋਧੀ ਧਿਰਾਂ ਦੇ ਥੋੜ੍ਹੇ ਬਹੁਤੇ ਵਿਰੋਧ ਕਰਕੇ ਅਮਰੀਕਾ ਨੂੰ ਨਾਂਹ-ਨੁੱਕਰ ਦੀ ਪੁਜ਼ੀਸ਼ਨ ਲੈਂਦੀ ਹੈ; ਉਦੋਂ ਹੀ ਅਮਰੀਕਾ ਬਾਂਹ ਮਰੋੜਨ ਦੀ ਭੂਮਿਕਾ ਵਿੱਚ ਆ ਜਾਂਦਾ ਹੈ ਤੇ ਸਾਰਾ ਵਿਰੋਧ ਠੁੱਸ ਹੋ ਕੇ ਰਹਿ ਜਾਂਦਾ ਹੈ।
ਭਾਰਤ ਨੂੰ ਲੁੱਟ ਕੇ ਖਾ ਜਾਣ ਦੀਆਂ ਸਾਜਿਸ਼ਾਂ ਹੀ ਹਨ ਕਿ ਸਰਕਾਰ ਮੁਲਕ ਦਾ ਖੇਤੀ, ਸਨਅਤ, ਬੈਂਕਿੰਗ ਅਤੇ ਸਰਵਿਸ ਸੈਕਟਰ- ਗੱਲ ਕੀ ਹਰ ਖੇਤਰ ਹੀ ਸੰਸਾਰ ਕਾਰਪੋਰੇਟ ਦੇ ਇਸ਼ਾਰੇ `ਤੇ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਦੀ ਜਾ ਰਹੀ ਹੈ। ਇਹ ਸਭ ਕੁਝ ਕਰਦਾ ਹੋਇਆ ਵੀ ਸੰਸਾਰ ਕਾਰਪੋਰੇਟ ਜੇਕਰ ਵੱਡੇ-ਵੱਡੇ ਵਿਚਾਰਕਾਂ ਨੂੰ ਵੀ ਦਿਖਾਈ ਨਹੀਂ ਦਿੰਦਾ ਤਾਂ ਇਹ ਉਸਦੀ ਸੁਪਨੇ ਵੇਚਣ ਦੀ ਮੁਹਾਰਤ ਹੀ ਕਹੀ ਜਾ ਸਕਦੀ ਹੈ।
ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਹਨ; ਉਦੋਂ ਹੀ ਸੈਂਸੇਕਸ 85 ਹਜ਼ਾਰ ਦੇ ਅੰਕੜੇ ਨੂੰ ਛੂਹਣ ਲੱਗਾ ਹੈ। ਕੁਝ ਲੋਕ ਇਸਨੂੰ ਭਾਰਤੀ ਆਰਥਿਕਤਾ ਦੀ ਮਜ਼ਬੂਤੀ ਦਾ ਨਾਂ ਦਿੰਦੇ ਹੋਏ ਭਾਰਤ ਦੇ ਮਹਾਸ਼ਕਤੀ ਬਣਨ ਦੀਆਂ ਭਵਿੱਖਬਾਣੀਆਂ ਕਰਨ ਲੱਗ ਪਏ ਹਨ। ਉਨ੍ਹਾਂ ਲੋਕਾਂ ਨੂੰ ਇਹ ਪੁਛਣਾ ਬਣਦਾ ਹੈ ਕਿ ਸ਼ੇਅਰ ਮਾਰਕੀਟ ਦੇ ਉਤਾਰ-ਚੜ੍ਹਾਅ ਦਾ ਭਲਾ ਮੁਲਕ ਦੇ ਆਮ ਬੰਦੇ ਨਾਲ ਕੀ ਸਬੰਧ ਹੈ? ਉਨ੍ਹਾਂ ਲੋਕਾਂ ਨੂੰ ਇਹ ਦੱਸਣਾ ਬਣਦਾ ਹੈ ਕਿ ਜਿਸ ਤਰ੍ਹਾਂ ਦੀ ਤੇਜ਼ੀ ਉਹ ਅੱਜ ਸ਼ੇਅਰ ਮਾਰਕੀਟ ਵਿੱਚ ਦੇਖ ਰਹੇ ਹਨ; ਬਿਲਕੁਲ ਇਸੇ ਤਰ੍ਹਾਂ ਦੀ ਤੇਜ਼ੀ 1992 ਵਿੱਚ ਦੇਖੀ ਗਈ ਸੀ ਤੇ ਉਦੋਂ ਇਸ ਤੇਜ਼ੀ ਵਿੱਚੋਂ ਹੀ ਹਰਸ਼ਦ ਮਹਿਤਾ ਸ਼ੇਅਰ ਘੁਟਾਲਾ ਸਾਹਮਣੇ ਆਇਆ ਸੀ। ਹੁਣ ਇੱਕ ਨਹੀਂ ਸਗੋਂ ਕਈ-ਕਈ ਹਰਸ਼ਦ ਮਹਿਤੇ ਸਰਗਰਮ ਹਨ ਤੇ ਉਹ ਵੀ ਵਿਦੇਸ਼ੀ ਅਤੇ 2025 ਵਿੱਚ ਤਾਂ ਇਹ ਬੁਲਬੁਲਾ ਫੇਰ ਫਟ ਗਿਆ– ਫ਼ਲੈਸ਼ ਕਰੈਸ਼ ਨੇ ਕਈ ਲੱਖ ਕਰੋੜ ਰੁਪਏ ਮਾਰਕੀਟ ਵਿੱਚੋਂ ਗਾਇਬ ਕਰ ਦਿੱਤੇ ਅਤੇ ਵਿਦੇਸ਼ੀ ਫੰਡਾਂ ਨੇ ਸਾਲ ਭਰ ਵਿੱਚ 15 ਅਰਬ ਡਾਲਰ ਖਿੱਚ ਲਏ।
ਸੋ, ਜ਼ਰਾ ਬੱਚ ਕੇ ਮੋੜ ਤੋਂ। ‘ਰੱਬ’ ਭਲੀ ਕਰੇ। ਹੁਣ ਤੁਸੀਂ ਹੀ ਦੱਸਣੇ ਹਨ ਮਹਾਸ਼ਕਤੀ ਬਾਰੇ ਆਪਣੇ ਵਿਚਾਰ।
ਹਰਦਿਆਲ ਸਾਗਰ ਦੇ ਇਸ ਸ਼ਿਅਰ ਨਾਲ ਗੱਲ ਮੁਕਾਉਂਦੇ ਹਾਂ:
ਖ਼ਜ਼ਾਨਾ ਲੈ ਗਏ ਲੁੱਟ ਕੇ ਜੋ ਸਾਡਾ, ਉਸ ਖ਼ਜ਼ਾਨੇ `ਚੋਂ,
ਜ਼ਮਾਨੇ ਸਾਹਮਣੇ ਸਾਨੂੰ ਉਨ੍ਹਾਂ ਨੇ ਖ਼ੈਰ ਪਾਈ ਹੈ।
