ਵਿਲੱਖਣ ਤੇ ਵਧੀਆ ਉਪਰਾਲਾ ਸੀ ‘ਫਿੱਟ ਪੰਜਾਬੀ’ ਪ੍ਰੋਗਰਾਮ

ਖਬਰਾਂ ਗੂੰਜਦਾ ਮੈਦਾਨ

ਕੁਲਜੀਤ ਦਿਆਲਪੁਰੀ
ਸ਼ਿਕਾਗੋ: ‘ਭੰਗੜਾ ਰਾਈਮਜ਼’ ਦੇ ਅਮਨ ਕੁਲਾਰ ਵੱਲੋਂ ਪਿਛਲੇ ਦਿਨੀਂ ਕਰਵਾਇਆ ਗਿਆ ‘ਫਿੱਟ ਪੰਜਾਬੀ’ ਪ੍ਰੋਗਰਾਮ ਇੱਕ ਵਿਲੱਖਣ ਤੇ ਵਧੀਆ ਉਪਰਾਲਾ ਹੋ ਨਿਬੜਿਆ। ਇਹ ਪ੍ਰੋਗਰਾਮ ਭਾਈਚਾਰੇ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣ ਅਤੇ ਸਰਗਰਮ ਰਹਿਣ ਦੇ ਨਜ਼ਰੀਏ ਤੋਂ ਮੁਕਾਬਲਿਆਂ ਦੇ ਰੂਪ ਵਿੱਚ ਕਰਵਾਇਆ ਗਿਆ ਸੀ। ਹਾਲਾਂਕਿ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਘੱਟ ਗਿਣਤੀ ਵਿੱਚ ਸਨ, ਪਰ ਉਨ੍ਹਾਂ ਜਿਸ ਉਤਸ਼ਾਹ ਨਾਲ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਆਪਣੀ ਸਰੀਰਕ ਸਮਰੱਥਾ ਅਤੇ ਤਕਨੀਕ ਰਾਹੀਂ ਜ਼ੋਰ ਅਜ਼ਮਾਈ ਦਾ ਪ੍ਰਦਰਸ਼ਨ ਕੀਤਾ, ਉਹ ਪ੍ਰਭਾਵਸ਼ਾਲੀ ਸੀ। ਹਿੱਸਾ ਲੈਣ ਵਾਲੇ ਖਾਸਕਰ ਮਿਲਵਾਕੀ ਅਤੇ ਸ਼ਿਕਾਗੋ ਤੋਂ ਸਨ।

‘ਫਿੱਟ ਪੰਜਾਬੀ’ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਮਿੱਥੇ ਸਮੇਂ `ਤੇ ਪਹੁੰਚ ਗਏ ਸਨ ਅਤੇ ਗਰਮਜੋਸ਼ੀ ਨਾਲ ਕਸਰਤੀ ਅਭਿਆਸ ਕਰਨ ਵਿੱਚ ਰੁੱਝ ਗਏ ਸਨ। ਜਿਉਂ ਜਿਉਂ ਔਰਤਾਂ ਤੇ ਮਰਦਾਂ ਦੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲੇ ਹੁੰਦੇ ਗਏ, ਤਿਉਂ ਤਿਉਂ ਜਿੱਤ ਦਾ ਮੈਡਲ ਪ੍ਰਾਪਤ ਕਰਨ ਦੀ ਚਾਹਤ ਨਾਲ ਪ੍ਰਤੀਯੋਗੀਆਂ ਵਿੱਚ ਮੁਕਾਬਲੇਬਾਜ਼ੀ ਦਾ ਅਮਲ ਵਧਦਾ ਦਿਖਾਈ ਦਿੱਤਾ। ਵੱਖ-ਵੱਖ ਰਾਊਂਡਾਂ ਦੌਰਾਨ ਆਪਣੀ ਸਮਰਥਾ ਤੋਂ ਵੱਧ ਜ਼ੋਰ ਲਾ ਕੇ ਘੱਟ ਤੋਂ ਘੱਟ ਸਮੇਂ ਵਿੱਚ ਮੁਕੰਮਲ ਕਰਨ ਦੀ ਇੱਕ ਤਰ੍ਹਾਂ ਦੀ ਦੌੜ ਲੱਗ ਗਈ ਸੀ। ਮੁੜ੍ਹਕੋ-ਮੁੜ੍ਹਕੀ ਤੇ ਸਾਹੋ-ਸਾਹ ਹੋਏ ਪ੍ਰਤੀਯੋਗੀ ਸਰੀਰਕ ਫੁਰਤੀ ਦਾ ਪ੍ਰਦਰਸ਼ਨ ਕਰ ਕੇ ਜਿੱਤ ਵੱਲ ਨੂੰ ਕਦਮ ਵਧਾਉਂਦੇ ਜਾ ਰਹੇ ਸਨ।
ਮੁਕਾਬਲਿਆਂ ਦੌਰਾਨ ਮਰਦਾਂ ਦੇ ਅੰਡਰ-40 ਮੁਕਾਬਲੇ ਵਿੱਚ ਪਹਿਲੇ ਸਥਾਨ `ਤੇ ਸੱਤਿਆ (ਸ਼ਿਕਾਗੋ), ਦੂਜੇ ਸਥਾਨ `ਤੇ ਰਾਜਿੰਦਰ ਸਿੰਘ ਸਿੱਧੂ (ਵਿਨੀਪੈਗ, ਕੈਨੇਡਾ) ਅਤੇ ਤੀਜੇ ਸਥਾਨ `ਤੇ ਹਰਬੀਰ ਸਿੰਘ ਮਾਹਲ (ਮਿਲਵਾਕੀ) ਰਹੇ। ਇਸੇ ਤਰ੍ਹਾਂ ਔਰਤਾਂ ਦੇ ਅੰਡਰ-40 ਮੁਕਾਬਲੇ ਵਿੱਚ ਮਿਲਵਾਕੀ ਦੀ ਰਾਜਬੀਰ ਕੌਰ ਪਹਿਲੇ, ਸ਼ਿਕਾਗੋ ਦੀ ਗੁਰਪ੍ਰੀਤ ਕੌਰ ਧਾਮੀ ਦੂਜੇ ਅਤੇ ਮਿਲਵਾਕੀ ਦੀ ਜਸਲੀਨ ਕੌਰ ਸੰਧਾਵਾਲੀਆ ਤਿੰਨੇ ਨੰਬਰ ਉਤੇ ਰਹੀ।
ਇਸ ਮੌਕੇ ਚਾਲੀ ਸਾਲ ਤੋਂ ਵੱਧ ਉਮਰ ਦੇ ਮਰਦਾਂ ਦੇ ਮੁਕਾਬਲੇ ਵਿੱਚ ਸ਼ਿਕਾਗੋ ਦੇ ਮਨਦੀਪ ਕੁਮਾਰ ਦੀ ਮਿਹਨਤ ਨੂੰ ਫਲ ਲੱਗਿਆ ਤੇ ਉਹ ਪਹਿਲਾ ਇਨਾਮ ਜਿੱਤਣ ਵਿੱਚ ਕਾਮਯਾਬ ਰਿਹਾ। ਆਖਰੀ ਰਾਊਂਡ ਵਿੱਚ ਉਹ ਜਿਸ ਫੁਰਤੀ ਤੇ ਜ਼ੋਰ ਨਾਲ ਪ੍ਰਦਰਸ਼ਨ ਕਰ ਰਿਹਾ ਸੀ, ਉਹ ਨਜ਼ਾਰਾ ਦੇਖਿਆਂ ਹੀ ਬਣਦਾ ਸੀ। ਇਸ ਮੁਕਾਬਲੇ ਵਿੱਚ ਸ਼ਿਕਾਗੋ ਦਾ ਹੀ ਸੋਨਲ ਸੂਦ ਦੂਜਾ ਇਨਾਮ ਪ੍ਰਾਪਤ ਕਰਨ ਵਿੱਚ ਸਫਲ ਰਿਹਾ। ਦਿਲਚਸਪ ਇਹ ਵੀ ਰਿਹਾ ਕਿ ਇਸ ਵਰਗ ਵਿੱਚ ਔਰਤਾਂ ਦੇ ਮੁਕਾਬਲੇ ਦੌਰਾਨ ਮਿਲਵਾਕੀ ਦੀਆਂ ਬੀਬੀਆਂ ਜੋਸ਼ਨਾ ਮਾਨ ਅਤੇ ਮਹਿਕ ਗਿੱਲ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਉਤੇ ਰਹੀਆਂ, ਜਦਕਿ ਪੰਜਾਹ ਸਾਲ ਤੋਂ ਉਪਰ ਬੀਬੀਆਂ ਦੇ ਮੁਕਾਬਲੇ ਵਿੱਚ ਸ਼ਿਕਾਗੋ ਦੀਆਂ ਰਾਧਿਕਾ ਅਤੇ ਮਨਪ੍ਰੀਤ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰ ਕੇ ਜੇਤੂ ਮੈਡਲ ਆਪਣੇ ਗਲੀਂ ਪੁਆਇਆ।
ਇਸ ਤੋਂ ਇਲਾਵਾ ‘ਫਿੱਟ ਪੰਜਾਬੀ’ ਮੁਕਾਬਲਿਆਂ ਵਿੱਚ ਸ਼ਿਕਾਗੋ ਦੇ ਨਵਜੋਤ ਸਿੰਘ, ਬਲਰਾਜ ਸਿੰਘ ਸੋਹੀ, ਮਿੰਟੂ ਰੰਗੀ ਅਤੇ ਗੁਰਬੀਰ ਸਿੰਘ ਨੇ ਵੀ ਜ਼ੋਰ-ਅਜ਼ਮਾਈ ਦਾ ਵਧੀਆ ਪ੍ਰਦਰਸ਼ਨ ਕੀਤਾ। ਇੱਕ ਰਾਊਂਡ ਵਿੱਚ ਤਾਂ ਨਵਜੋਤ ਸਿੰਘ ਨੇ ਆਪਣੇ ਪ੍ਰਦਰਸ਼ਨ ਰਾਹੀਂ ਘੱਟ ਸਮਾਂ ਲੈਂਦਿਆਂ ਸਭ ਨੂੰ ਹੈਰਾਨ ਕਰ ਦਿੱਤਾ, ਪਰ ਹੋਰਨਾਂ ਦੇ ਮੁਕਾਬਲੇ ਉਹ ਫਾਈਨਲ ਰਾਊਂਡ ਵਿੱਚ ਜਾਣੋਂ ਰਹਿ ਗਿਆ। ਪ੍ਰਤੀਯੋਗੀਆਂ ਨੂੰ ਹੌਸਲਾ ਅਫਜ਼ਾਈ ਵਜੋਂ ਪ੍ਰਮਾਣ ਪੱਤਰ ਦਿੱਤੇ ਗਏ। ਹਰ ਰਾਊਂਡ ਵਿੱਚ `ਕੱਲੇ-`ਕੱਲੇ ਪ੍ਰਤੀਯੋਗੀ ਦੀ ਨਜ਼ਰਸਾਨੀ ਕਰਨ ਲਈ ਇੱਕ ਇੱਕ ਵਾਲੰਟੀਅਰ ਮੌਜੂਦ ਰਿਹਾ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਵੀ ਆਪੋ-ਆਪਣੇ ਤੌਰ `ਤੇ ਦੇਖੋ-ਦੇਖੀ ਕਸਰਤੀ ਅਭਿਆਸ ਕੀਤੇ ਜਾ ਰਹੇ ਸਨ। ਇੰਜ ਲੱਗ ਰਿਹਾ ਸੀ, ਜਿਵੇਂ ਅਗਲੀ ਵਾਰ ਬੱਚਿਆਂ ਦੇ ਮੁਕਾਬਲਿਆਂ ਦਾ ਇੱਕ ਪੂਰ ਤਿਆਰ ਹੋ ਜਾਵੇਗਾ।
ਇਸ ਮੌਕੇ ਹਾਜ਼ਰ ਸਥਾਨਕ ਭਾਈਚਾਰਕ ਪਤਵੰਤਿਆਂ- ਜੈਦੇਵ ਸਿੰਘ (ਸੱਤੀ) ਭੱਠਲ, ਪਰਮਿੰਦਰ ਸਿੰਘ ਵਾਲੀਆ, ਡਾ. ਹਰਜਿੰਦਰ ਸਿੰਘ ਖਹਿਰਾ, ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ ਸਾਬਕਾ ਪ੍ਰਧਾਨ ਲੱਕੀ ਸਹੋਤਾ, ਮੈਂਬਰ ਹਰਦੀਪ ਸਿੰਘ ਗਿੱਲ, ‘ਪੰਜਾਬੀ ਪਰਵਾਜ਼’ ਦੇ ਬੋਰਡ ਮੈਂਬਰ ਬਿਕਰਮ ਸਿੰਘ ਸਿੱਧੂ, ਤੇ ਸ. ਗਰੇਵਾਲ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਜਾਣ-ਪਛਾਣ ਕਰਵਾਈ ਗਈ। ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਨੁਮਾਇੰਦੇ ਅੰਮ੍ਰਿਤਪਾਲ ਮਾਂਗਟ, ਗੁਰਮੁੱਖ ਸਿੰਘ ਭੁੱਲਰ, ਅਮਰੀਕਪਾਲ ਸਿੰਘ, ‘ਢੋਲ ਰੇਡੀਓ’ ਦੇ ਸੁਖਪਾਲ ਗਿੱਲ ਅਤੇ ਮਿਲਵਾਕੀ ਤੋਂ ਆਏ ਪਤਵੰਤਿਆਂ ਨੇ ਸਹਿਯੋਗੀ ਸੇਵਾਵਾਂ ਨਿਭਾਈਆਂ।
ਇਸ ਮੌਕੇ ਬੋਲਦਿਆਂ ਪ੍ਰਬੰਧਕ ਅਮਨ ਕੁਲਾਰ ਨੇ ਕਿਹਾ ਕਿ ਅਜਿਹੇ ਸਮਾਗਮ ਭਾਈਚਾਰਕ ਸ਼ਖਸੀਅਤਾਂ ਦੇ ਸਹਿਯੋਗ ਨਾਲ ਹੀ ਕਰਵਾਏ ਜਾਂਦੇ ਹਨ। ਉਨ੍ਹਾਂ ਇਖਲਾਕੀ ਤੌਰ `ਤੇ ਸਹਿਯੋਗ ਕਰਨ ਵਾਲੇ ਸੱਜਣਾਂ ਅਤੇ ‘ਫਿੱਟ ਪੰਜਾਬੀ’ ਮੁਕਾਬਲੇ ਮੌਕੇ ਹਾਜ਼ਰ ਸਭ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਅਮਨ ਕੁਲਾਰ ਨੇ ਦੱਸਿਆ ਕਿ ਇਸ ਪਹਿਲੇ ‘ਫਿੱਟ ਪੰਜਾਬੀ’ ਸਮਾਗਮ ਲਈ ਲੋਕਾਂ ਨੂੰ ਨਿੱਜੀ ਤੌਰ `ਤੇ ਸੱਦਾ ਦਿੱਤਾ ਗਿਆ ਸੀ, ਜਦਕਿ ਅਗਲੀ ਵਾਰ ਇਸ ਵਿੱਚ ਮੁਕਾਬਲਿਆਂ ਅਤੇ ਮਹਿਮਾਨਾਂ ਦਾ ਦਾਇਰਾ ਵਧਾਇਆ ਜਾਵੇਗਾ; ਇਹ ਪਹਿਲਾ ਤਜਰਬਾ ਸੀ, ਜੋ ਉਮੀਦ ਮੁਤਾਬਕ ਸਫਲ ਰਿਹਾ।
ਇਸ ਮੌਕੇ ਪਰਮਿੰਦਰ ਸਿੰਘ ਵਾਲੀਆ ਤੇ ਡਾ. ਹਰਜਿੰਦਰ ਸਿੰਘ ਖਹਿਰਾ ਨੇ ਸੰਖੇਪ ਸ਼ਬਦਾਂ ਵਿੱਚ ਅਮਨ ਕੁਲਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ‘ਫਿੱਟ ਪੰਜਾਬੀ’ ਮੁਕਾਬਲਿਆਂ ਨੂੰ ਇੱਕ ਵਿਲੱਖਣ ਕੋਸ਼ਿਸ਼ ਕਰਾਰ ਦਿੱਤਾ ਅਤੇ ਭਾਈਚਾਰੇ ਨੂੰ ਅਜਿਹੇ ਸਮਾਗਮਾਂ ਨੂੰ ਹੋਰ ਹੁਲਾਰਾ ਦੇਣ ਦੀ ਗੱਲ ਆਖੀ। ਅਖੀਰ ਵਿੱਚ ਜੇਤੂਆਂ ਨੂੰ ਪ੍ਰਬੰਧਕ ਅਮਨ ਕੁਲਾਰ ਵੱਲੋਂ ਮੈਡਲ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਤੀਯੋਗੀਆਂ ਲਈ ਫਲਾਂ, ਐਨਰਜੀ ਬਾਰ ਆਦਿ ਅਤੇ ਮਹਿਮਾਨਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ।

Leave a Reply

Your email address will not be published. Required fields are marked *