ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਚੌਥੀ ਕਿਸ਼ਤ, ਜਿਸ ਵਿੱਚ ਗੁਰਦੁਆਰਾ ਸੱਚਾ ਸੌਦਾ, ਜੰਡਿਆਲਾ ਸ਼ੇਰ ਖ਼ਾਂ ਅਤੇ ਪੰਜਾ ਸਾਹਿਬ (ਹਸਨ ਅਬਦਾਲ) ਫੇਰੀ ਦਾ ਸੰਖੇਪ ਵੇਰਵਾ ਦਰਜ ਹੈ…
ਰਵਿੰਦਰ ਸਹਿਰਾਅ
ਸ੍ਰੀ ਨਨਕਾਣਾ ਸਾਹਿਬ ਤੋਂ ਕੋਈ ਵੀਹ ਕੁ ਕਿਲੋਮੀਟਰ ਦੀ ਦੂਰੀ ’ਤੇ ਹੈ, ਗੁਰੂਘਰ ਸੱਚਾ ਸੌਦਾ (ਚੂਹੜਕਾਣਾ, ਫ਼ਾਰੂਕਾਬਾਦ)। ਨਨਕਾਣਾ ਸਾਹਿਬ ਤੋਂ ਸਾਨੂੰ ਪਿੰਡਾਂ ਵਿੱਚੋਂ ਹੋ ਕੇ ਜਾਣਾ ਪਿਆ, ਪਰ ਇਸ ਬਹਾਨੇ ਅਸੀਂ ਏਧਰਲੇ ਪਿੰਡਾਂ ਦੀ ਹਾਲਤ ਵੀ ਦੇਖ ਲਈ। ਬਿਲਕੁਲ ਮਾਲਵੇ ਜਾਂ ਮਾਝੇ ਦੇ ਪੁਰਾਣੇ ਪਿੰਡਾਂ ਵਰਗੇ। ਰਾਹਾਂ ਕੰਢੇ ਕੂੜੇ ਦੇ ਢੇਰ, ਪਾਥੀਆਂ, ਛੱਪੜ, ਠੇਲ੍ਹੇ, ਨੰਗ-ਧੜੰਗੇ ਖੇਡਦੇ ਬੱਚੇ ਤੇ ਡੌਰ-ਭੌਰ ਜਿਹੇ ਬਜ਼ੁਰਗ ਅਤੇ ਬਜ਼ੁਰਗ ਔਰਤਾਂ। ਸਾਡਾ ਦਿਲ ਕਰੇ ਉਤਰ ਕੇ ਉਨ੍ਹਾਂ ਨਾਲ਼ ਗੱਲਾਂ ਕਰੀਏ, ਪਰ ਵਕਤ ਦੀ ਮਜਬੂਰੀ ਵੀ ਸੀ ਅਤੇ ਦੂਜੇ ਸਿਕਿਓਰਿਟੀ ਦੀ ਸਮੱਸਿਆ ਸੀ, ਕਿਉਂਕਿ ਇੱਕ ਗੁਰੂਘਰ ਤੋਂ ਤੁਰਨ ਸਮੇਂ ਤੁਹਾਨੂੰ ਪੁਲਿਸ ਵਾਲਿਆਂ ਕੋਲ਼ ਲਿਖਵਾਉਣਾ ਪੈਂਦਾ ਕਿ ਅੱਗੇ ਕਿੱਥੇ ਜਾ ਰਹੇ ਹੋ। ਉਹ ਪਹਿਲਾਂ ਹੀ ਤੁਹਾਡੇ ਅਗਲੇ ਪੜਾਅ ’ਤੇ ਆਪਣੇ ਬੰਦੇ ਭੇਜ ਦਿੰਦੇ ਹਨ। ਕਈ ਵੇਰ ਉਹ ਸਿਵਲ ਕੱਪੜਿਆਂ ’ਚ ਹੁੰਦੇ ਹਨ। ਜੇ ਪਹਿਲਾਂ ਹੀ ਉਥੇ ਪੁਲਿਸ ਟੁਕੜੀ ਤਾਇਨਾਤ ਹੋਵੇ ਤਾਂ ਉਨ੍ਹਾਂ ਨੂੰ ਸੁਨੇਹਾ ਲਾ ਦਿੰਦੇ ਹਨ।
ਅਸੀਂ ਕੋਈ ਪੌਣੇ ਘੰਟੇ ਵਿੱਚ ਗੁਰੂਘਰ ਅੱਗੇ ਉਤਰੇ। ਬਹੁਤ ਹੀ ਸੁੰਦਰ ਇਮਾਰਤ ਬਾਹਰੋਂ ਹੀ ਦਿਸ ਰਹੀ ਸੀ। ਦਰਵਾਜ਼ੇ ’ਚੋਂ ਲੰਘਦਿਆਂ ਖੁੱਲ੍ਹੇ ਲਾਅਨ ਵਿੱਚ ਬੜੇ ਸਲੀਕੇ ਨਾਲ਼ ਫੁੱਲ ਬੂਟੇ ਲਾਏ ਹੋਏ। ਦੱਸਦੇ ਹਨ ਕਿ ਦੂਜੇ ਬਹੁਤੇ ਗੁਰੂਘਰਾਂ ਦੀ ਤਰ੍ਹਾਂ ਇਸ ਦੀ ਉਸਾਰੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ’ਤੇ ਕਰਵਾਈ ਗਈ ਸੀ। ਫਿਰ 1947 ਤੱਕ ਇਹ ਬੰਦ ਰਿਹਾ। ਬਾਹਰ ਵਿਹੜੇ ਵਿੱਚ ਸਦੀਆਂ ਪੁਰਾਣਾ ਉਹ ਵਣ ਰੁੱਖ ਵੀ ਹੈ, ਜਿਸ ਥੱਲੇ ਦੱਸਿਆ ਜਾਂਦਾ ਹੈ ਕਿ ਏਥੇ ਨਾਨਕ ਨੇ ਭੁੱਖੇ ਸਾਧੂਆਂ ਨੂੰ ਬਾਪ ਵੱਲੋਂ ਵਿਉਪਾਰ ਕਰਨ ਲਈ ਦਿੱਤੇ ਵੀਹ ਰੁਪਏ ਖ਼ਰਚ ਕੇ ਉਨ੍ਹਾਂ ਨੂੰ ਲੰਗਰ ਛਕਾ ਦਿੱਤਾ ਸੀ। ਇਹ ਇੱਕ ਸਾਖੀ ਵਿੱਚ ਲਿਖਿਆ ਮਿਲਦਾ ਹੈ; ਪਰ ਬਹੁਤੇ ਵਿਦਵਾਨ ਖ਼ਾਸ ਕਰਕੇ ਡਾ. ਹਰਜਿੰਦਰ ਸਿੰਘ ਦਿਲਗੀਰ ਇਸ ਨੂੰ ਸਹੀ ਨਹੀਂ ਮੰਨਦੇ। ਉਹ ਦੱਸਦੇ ਹਨ ਕਿ ਉਸ ਸਮੇਂ ਵੀਹ ਰੁਪਈਆਂ ਨਾਲ਼ ਕੁਝ ਕੁ ਸਾਧੂਆਂ ਨੂੰ ਨਹੀਂ, ਸਗੋਂ ਕਈ ਹਜ਼ਾਰ ਭੁੱਖਿਆਂ ਨੂੰ ਖਾਣਾ ਖੁਆਇਆ ਜਾ ਸਕਦਾ ਸੀ। ਉਂਜ ਵੀ ਇਹ ਸਾਖੀ ਸਿਰਫ਼ ਬਾਲੇ ਵਾਲੀ ਸਾਖੀਆਂ ਵਿੱਚ ਹੀ ਮਿਲਦੀ ਦੱਸੀ ਗਈ ਹੈ। ਬਹੁਤੇ ਵਿਦਵਾਨਾਂ ਦਾ ਮੱਤ ਹੈ ਕਿ ਬਾਲੇ ਦਾ ਕਿਰਦਾਰ ਬਾਬੇ ਦੀ ਜ਼ਿੰਦਗੀ ਵਿੱਚ ਹੋਇਆ ਈ ਨਹੀਂ। ਭਾਈ ਮਰਦਾਨਾ ਹੀ ਉਨ੍ਹਾਂ ਦੇ ਅੰਤਲੇ ਦਮ ਤਕ ਸਾਥੀ ਰਹੇ। ਇਸ ਗੁਰੂਘਰ ਦੇ ਨਾਂ 250 ਵਿੱਘੇ ਜ਼ਮੀਨ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਲੁਆਈ ਦੱਸੀ ਜਾਂਦੀ ਹੈ। ਪਹਿਲਾਂ ਇਸਦਾ ਪ੍ਰਬੰਧ ਉਦਾਸੀ ਸਾਧਾਂ ਕੋਲ ਸੀ। ਜਥੇਦਾਰ ਕਰਤਾਰ ਸਿੰਘ ਝੱਬਰ ਨੇ 30 ਦਸੰਬਰ 1920 ਨੂੰ ਇਸਨੂੰ ਆਜ਼ਾਦ ਕਰਵਾਇਆ। ਅੱਜ ਕੱਲ੍ਹ ਹੋਰ ਗੁਰਦਵਾਰਿਆਂ ਵਾਂਗ ਇਹਦਾ ਪ੍ਰਬੰਧ ਵੀ ਵਕਫ਼ ਬੋਰਡ ਪਾਕਿਸਤਾਨ ਕੋਲ ਹੈ।
ਅਸੀਂ ਗੁਰੂਘਰ ਦੇ ਦਰਬਾਰ ਵਿੱਚ ਦਾਖ਼ਲ ਹੋਏ ਤਾਂ ਵਕਫ਼ ਬੋਰਡ ਦੇ ਇੱਕ ਨੌਜੁਆਨ ਮੁਲਾਜ਼ਮ ਨੇ ਸਾਡਾ ਸਵਾਗਤ ਕੀਤਾ। ਭਾਈ ਸਾਹਿਬ ਅਜੇ ਉੱਥੇ ਨਹੀਂ ਸਨ। ਉਹ ਆਪਣੀ ਰਿਹਾਇਸ਼ (ਜੋ ਗੁਰਦਵਾਰੇ ਦੇ ਅੰਦਰ ਹੀ ਸੀ) ’ਤੇ ਤਿਆਰ ਹੋ ਰਹੇ ਸਨ। ਉਨ੍ਹਾਂ ਆ ਕੇ ਅਰਦਾਸ ਕੀਤੀ ਤੇ ਸਾਨੂੰ ਸਿਰੋਪਾਓ ਦਿੱਤਾ।
ਥੋੜ੍ਹੀ ਦੇਰ ਬਾਅਦ ਅਸੀਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ। ਭਾਈ ਸਾਹਿਬ ਨੇ ਰਵਾਇਤੀ ਕਿਸਮ ਦੇ ਪ੍ਰਵਚਨ ਕੀਤੇ। ਅਸੀਂ ਸਤਿਬਚਨ ਕਹਿ ਕੇ ਸੁਣੀ ਜਾ ਰਹੇ ਸਾਂ। ਭਾਈ ਸਾਹਿਬ ਨੇ ਕਿਤੇ ਹੋਰ ਜਾਣਾ ਸੀ ਤੇ ਸਾਡੇ ਕੋਲੋਂ ਵਿਦਾਈ ਲਈ। ਉਂਜ ਕਾਹਲ ਸਾਨੂੰ ਵੀ ਸੀ, ਕਿਉਂਕਿ ਅਸੀਂ ਅੱਗੇ ਜੰਡਿਆਲਾ ਸ਼ੇਰ ਖ਼ਾਂ ਰੁਕਣਾ ਸੀ। ਉੱਠਣ ਲੱਗੇ ਤਾਂ ਵਕਫ਼ ਬੋਰਡ ਦਾ ਨੌਜਵਾਨ ਮੁਲਾਜ਼ਮ ਸਾਨੂੰ ਪੁੱਛਦਾ ਕਿ ਕਿਹੜੇ ਕੰਟਰੀ ਤੋਂ ਆਏ ਹੋ। ਮੈਂ ਦੱਸਿਆ ਕਿ ਅਮੈਰਿਕਾ ਤੋਂ। ਉਸਦੇ ਅਗਲੇ ਸਵਾਲ ਨੇ ਮੈਨੂੰ ਹੈਰਾਨੀ ਭਰੀ ਖ਼ੁਸ਼ੀ ਦਿੱਤੀ। ਉਸ ਪੁੱਛਿਆ ਕਿ ਤੁਸੀਂ ਇੱਕ ਅਮਰੀਕਨ ਨਾਵਲਕਾਰ ਹੈਮਿੰਗਵੇ ਦਾ ਨਾਵਲ ‘ਓਲਡ ਮੈਨ ਐਂਡ ਦ ਸੀ’ ਪੜ੍ਹਿਆ ਹੈ? ਮੈਂ ਦੱਸਿਆ ਕਿ ਗੁਰਮੁਖੀ ਤੇ ਅੰਗਰੇਜ਼ੀ- ਦੋਹਾਂ ’ਚ ਹੀ ਪੜ੍ਹਿਆ ਹੈ। ਇਹ ਨਾਵਲ ਉਹਨੇ ਕਿਊਬਾ ’ਚ ਲਿਖਿਆ ਸੀ ਅਤੇ ਇਸਨੇ ਨੋਬਲ ਪ੍ਰਾਈਜ਼ ਵੀ ਜਿੱਤਿਆ ਸੀ; ਪਰ ਅਮੈਰਿਕਾ ਆ ਕੇ ਹੈਮਿੰਗਵੇ ਨੇ ਖ਼ੁਦਕੁਸ਼ੀ ਕਰ ਲਈ ਸੀ। ਸਾਡਾ ਦਿਲ ਕਰਦਾ ਸੀ ਕਿ ਉਸ ਨਾਲ਼ ਹੋਰ ਗੱਲਾਂ ਕਰੀਏ। ਬਿਨਾਂ ਸ਼ੱਕ ਉਹਨੇ ਹੋਰ ਵੀ ਸਾਹਿਤ ਜ਼ਰੂਰ ਪੜ੍ਹਿਆ ਹੋਵੇਗਾ, ਪਰ ਸਾਨੂੰ ਸੁਖ਼ਨ ਦੇ ਵਾਰਿਸ ਦਾ ਪਿੰਡ ਜੰਡਿਆਲਾ ਸ਼ੇਰ ਖ਼ਾਂ ਉਡੀਕ ਰਿਹਾ ਸੀ।
ਅਸੀਂ ਵਿਦਾਇਗੀ ਲਈ ਤੇ ਸਿਰੋਪਿਆਂ ਲਈ ਧੰਨਵਾਦ ਕੀਤਾ। ਭਾਵੇਂ ਧਰਮ ਪ੍ਰਤੀ ਸਾਡਾ ਵੱਖਰਾ ਨਜ਼ਰੀਆ ਹੈ, ਪਰ ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਨਾ ਤਾਂ ਅਸੀਂ ਸਿਰੋਪਿਆਂ ਨੂੰ ਨਾਂਹ ਕੀਤੀ ਅਤੇ ਨਾ ਹੀ ਕਿਸੇ ਬਹਿਸ ਵਿੱਚ ਪੈਣਾ ਚਾਹੁੰਦੇ ਸੀ। ਸਰਬ-ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਬਾਬਾ ਨਾਨਕ ਨੂੰ ਯਾਦ ਕਰਦਿਆਂ ਅਗਾਂਹ ਚਲਦੇ ਹਾਂ।
ਜੰਡਿਆਲਾ ਸ਼ੇਰ ਖ਼ਾਂ
ਜੰਡਿਆਲਾ ਸ਼ੇਰ ਖ਼ਾਂ ਜ਼ਿਲ੍ਹਾ ਸ਼ੇਖੂਪੁਰ ਵਿੱਚ ਪੈਂਦਾ ਹੈ। ਪੰਜਾਬੀ ਦੇ ਮਹਿਬੂਬ ਸ਼ਾਇਰ ਵਾਰਿਸ ਸ਼ਾਹ ਦੀ ਜੰਮਣ ਭੂਮੀ; ਜਿਸ ਬਾਰੇ ਮੀਆਂ ਮੁਹੰਮਦ ਬਖ਼ਸ਼ ਨੇ ਇੱਕ ਜਗ੍ਹਾ ਲਿਖਿਆ ਹੈ:
ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ, ਨਿੰਦੇ ਕੌਣ ਉਨ੍ਹਾਂ ਨੂੰ,
ਹਰਫ਼ ਉਹਦੇ ’ਤੇ ਉਂਗਲ ਧਰਨੀ, ਨਾਹੀਂ ਕਦਰ ਅਸਾਂ ਨੂੰ।
ਵਾਰਿਸ ਸ਼ਾਹ ਦਾ ਜਨਮ 23 ਜਨਵਰੀ 1722 ਦਾ ਦੱਸਦੇ ਹਨ, ਮਲਿਕਾ ਹਾਂਸ ਨਾਂ ਦੇ ਕਸਬੇ ਵਿੱਚ ਜਿੱਥੇ ਉਨ੍ਹਾਂ ਨੇ ਹੀਰ ਮੁਕੰਮਲ ਕੀਤੀ। ਉਨ੍ਹਾਂ ਦੀ ਮੌਤ 1798 ਈ. ਵਿੱਚ ਹੋਈ। ਦੱਸਿਆ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਦਾ ਇੱਕ ਟਹਿਲਦਾਰ ਸ਼ੇਰ ਖਾਂ ਖੋਖਰ ਸੀ। ਅਕਬਰ ਨੇ ਉਹਨੂੰ ਜਗੀਰ ਬਖ਼ਸ਼ੀ, ਜਿਸ ਵਿੱਚ ਜੰਡਾਂ ਦੇ ਦਰਖ਼ਤਾਂ ਦੀ ਭਰਮਾਰ ਸੀ। ਉਸੇ ਕਾਰਨ ਇਹਦਾ ਨਾਂ ਜੰਡਿਆਲਾ ਤੇ ਫਿਰ ਜੰਡਿਆਲਾ ਸ਼ੇਰ ਖ਼ਾ ਪੈ ਗਿਆ।
ਚੂਹੜਕਾਣਾ ਤੋਂ ਤੁਰਨ ਸਮੇਂ ਦਿਲ ਵਿੱਚ ਅਜੀਬ ਕਿਸਮ ਦਾ ਚਾਅ ਸੀ। ਇਨ੍ਹੀਂ ਦਿਨੀਂ ਵਾਰਿਸ ਸ਼ਾਹ ਦੀ ਸੌਵੀਂ ਜਨਮ ਸ਼ਤਾਬਦੀ ਵੀ ਮਨਾਈ ਜਾ ਰਹੀ ਸੀ। ਚੜ੍ਹਦੇ ਪੰਜਾਬ ਵਿੱਚ ਬੜੇ ਪ੍ਰੋਗਰਾਮ ਉਲੀਕੇ ਗਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉਚੇਚੇ ਪ੍ਰੋਗਰਾਮ ਦਾ ਸਿਲਸਿਲਾ ਚਲਦਾ ਰਿਹਾ। ਲਹਿੰਦੇ ਪੰਜਾਬ ਤੋਂ ਕਿੰਨੇ ਹੀ ਅਦੀਬਾਂ ਨੂੰ ਸੱਦਾ ਪੱਤਰ ਵੀ ਭੇਜੇ ਗਏ, ਪਰ ਵੀਜ਼ਾ ਨਾ ਲੱਗਣ ਕਾਰਨ ਕੋਈ ਵੀ ਨਹੀਂ ਪਹੁੰਚ ਸਕਿਆ। ਤਾਹਿਰ ਦੱਸਦਾ ਸੀ ਕਿ ਉਹਨੇ, ਬਾਬਾ ਨਜ਼ਮੀ ਅਤੇ ਡਾ. ਨਬੀਲਾ ਨੇ ਵੀ ਆਉਣਾ ਸੀ ਪਰ ਵੀਜ਼ੇ ਕਰਕੇ ਨਹੀਂ ਆ ਸਕੇ। ਮਨ ਦੁਖੀ ਵੀ ਹੁੰਦਾ ਹੈ ਕਿ ਸਾਡੇ ਏਡੇ ਵੱਡੇ ਸ਼ਾਇਰ ਦੀ ਜਨਮ ਸ਼ਤਾਬਦੀ ਹੋਵੇ ਤੇ ਉਹਦੀ ਜੰਮਣ ਭੋਂ ਵਾਲੇ ਪਾਸਿਉਂ ਕੋਈ ਸ਼ਿਰਕਤ ਹੀ ਨਾ ਕਰ ਸਕੇ। ਪਤਾ ਨਹੀਂ ਸਾਡੀਆਂ ਹਕੂਮਤਾਂ ਨੂੰ ਹੁਣ ਸ਼ਾਇਰਾਂ, ਅਦੀਬਾਂ ਕੋਲੋਂ ਕਿੳਂੁ ਡਰ ਲੱਗਣ ਲੱਗ ਪਿਆ ਹੈ! ਇਨ੍ਹਾਂ ਭਲੇ ਲੋਕਾਂ ਨੇ ਕਿਹੜਾ ਕਿਸੇ ਹਕੂਮਤ ਦੀ ਜਾਸੂਸੀ ਕਰਨੀ ਹੁੰਦੀ ਹੈ। ਜਿਹੜੇ ਅਜਿਹੀਆਂ ਹਰਕਤਾਂ ਕਰਦੇ ਹਨ, ਉਹ ਤਾਂ ਇਨ੍ਹਾਂ ਤੋਂ ਸਾਂਭੇ ਨਹੀਂ ਜਾ ਰਹੇ। ਦੋਵੇਂ ਪਾਸਿਆਂ ਦੀਆਂ ਸਰਕਾਰਾਂ ਜੇਕਰ ਸੱਭਿਆਚਾਰਕ ਸਾਂਝ ਵਧਾਉਣ ਲਈ ਵੀਜ਼ੇ ਵਿੱਚ ਢਿੱਲ ਦੇ ਦੇਣ ਤਾਂ ਮੁਹੱਬਤ ਹੀ ਵਧੇਗੀ। ਦਿਮਾਗ਼ਾਂ ਵਿੱਚ ਧੁਖ਼ਦੀ ਅੱਗ ਉੱਪਰ ਪਾਣੀ ਦੇ ਛੱਟੇ ਹੀ ਪੈਣਗੇ, ਪਰ ਇਹ ਸਭ ਸਾਡੇ ਵੱਸ ਦੀ ਗੱਲ ਹੈ ਨਹੀਂ, ਅਸੀਂ ਤਾਂ ਸਿਰਫ਼ ਕੋਸ਼ਿਸ਼ਾਂ ਹੀ ਕਰ ਸਕਦੇ ਹਾਂ।
ਰਸਤੇ ’ਚ ਪੁੱਛਦੇ-ਪੁਛਾਉਂਦੇ ਹੁਣ ਅਸੀਂ ਵਾਰਿਸ ਸ਼ਾਹ ਦੀ ਮਜ਼ਾਰ ਅੱਗੇ ਖੜ੍ਹੇ ਹਾਂ। ਗੇਟ ਦੇ ਨਾਲ਼ ਫੁੱਲਾਂ ਦੀਆਂ ਦੁਕਾਨਾਂ ਹਨ। ਲੋਕੀਂ ਮਜ਼ਾਰ ਉਪਰ ਚੜ੍ਹਾਉਣ ਲਈ ਫੁੱਲ-ਪੱਤੀਆਂ ਖ਼ਰੀਦ ਰਹੇ ਸਨ। ਅਸੀਂ ਵੀ ਖ਼ਰੀਦੀਆਂ। ਇੱਧਰ ਆ ਕੇ ਮੈਂ ਇੱਕ ਗੱਲ ਦੇਖੀ ਕਿ ਕਿਵੇਂ ਲੋਕੀਂ ਆਪਣੇ ਪੀਰਾਂ-ਫ਼ਕੀਰਾਂ ਤੇ ਸ਼ਾਇਰਾਂ ਨੂੰ ਅਕੀਦਤ ਪੇਸ਼ ਕਰਦਿਆਂ ਫੁੱਲ-ਪੱਤੀਆਂ ਉਨ੍ਹਾਂ ਦੀ ਮਜ਼ਾਰ ਉਪਰ ਬਖੇਰਦੇ ਹਨ। ਇਹ ਉਨ੍ਹਾਂ ਦੇ ਸਤਿਕਾਰ ਦਾ ਇੱਕ ਢੰਗ ਹੀ ਕਿਹਾ ਜਾ ਸਕਦਾ ਹੈ।
ਮੁੱਖ ਦਰਵਾਜ਼ੇ ’ਚੋਂ ਲੰਘ ਕੇ ਬਹੁਤ ਥੋੜ੍ਹੀ ਜਿਹੀ ਵਿੱਥ ’ਤੇ ਇੱਕ ਛੋਟੀ ਜਿਹੀ ਖ਼ੂਬਸੂਰਤ ਇਮਾਰਤ ਵਿੱਚ ਸਾਡਾ ਸ਼ਾਇਰ ਸੁੱਤਾ ਪਿਆ ਹੈ। ਅਸੀਂ ਪੋਲੇ ਜਿਹੇ ਪੈਰੀਂ ਉਸ ਕੋਲ ਖੜ੍ਹ ਗਏ। ਫੁੱਲ-ਪੱਤੀਆਂ ਨਾਲ਼ ਅਕੀਦਤ ਪੇਸ਼ ਕਰਦਿਆਂ ਮਨ ਹੀ ਮਨ ਉਸਦੀ ਮਹਿਮਾ ਕੀਤੀ। ਡਰ ਵੀ ਸੀ ਕਿ ਸਾਡਾ ਇਹ ਮਹਾਨ ਸ਼ਾਇਰ ਕਿਤੇ ਜਾਗ ਨਾ ਜਾਵੇ, ਜਾਣੀ ਉਹਦੀ ਨੀਂਦ ਨਾ ਉੱਖੜ ਜਾਵੇ।
ਬੁੱਲ੍ਹੇ ਦੇ ਦਰਬਾਰ ਵਾਂਗ ਏਥੇ ਵੀ ਮਜ਼ਾਰ ਦੁਆਲ਼ੇ ਕਾਫ਼ੀ ਖੁੱਲ੍ਹੀ ਜਗ੍ਹਾ ਹੈ। ਆਲ਼ੇ-ਦੁਆਲ਼ੇ ਬਰਾਂਡੇ ਹਨ। ਬਾਹਰ ਮੱਠੀ-ਮੱਠੀ ਧੁੱਪ ਸੀ; ਨਵੰਬਰ ਦੀ ਤੀਹ ਤਰੀਕ। ਲੋਕੀਂ ਸਾਡੇ ਵੱਲ ਬੜੀ ਉਤਸੁਕਤਾ ਨਾਲ਼ ਦੇਖ ਰਹੇ ਸਨ। ਬਾਹਰ ਧੁੱਪ ਵਿੱਚ ਦਰੀ ਵਿਛਾਅ ਕੇ ਇੱਕ ਫ਼ਕੀਰ ਹੀਰ ਦਾ ਗਾਇਨ ਕਰ ਰਿਹਾ ਸੀ। ਕੁਝ ਲੋਕ ਉਸ ਦੁਆਲ਼ੇ ਜੁੜ ਬੈਠੇ ਹਨ ਤੇ ਅਸੀਂ ਵੀ ਜਾ ਕੇ ਬਹਿ ਗਏ। ਸ਼ਾਹਜੇਬ ਤੇ ਅਜਾਜ ਵੀ ਮੇਰੇ ਨਾਲ਼ ਬਹਿ ਗਏ। ਬਹੁਤ ਆਨੰਦ ਆਇਆ। ਮੈਂ ਉਸ ਫ਼ਕੀਰ ਨੂੰ ਆਪਣੀ ਮਰਜ਼ੀ ਦੇ ਬੰਦ ਜਦੋਂ ਮੱਝਾਂ ਘਾਹ ਖਾਣ ਤੋਂ ਨਾਂਹ ਕਰਦੀਆਂ ਹਨ ਤਾਂ ਹੀਰ ਦਾ ਬਾਪ ਫਿਰ ਰਾਂਝੇ ਨੂੰ ਮੋੜ ਲਿਆਉਂਦਾ ਹੈ, ਦਾ ਗਾਇਨ ਕਰਨ ਦੀ ਅਰਜ਼ ਕੀਤੀ। ਪਲ ਵਿੱਚ ਹੀ ਉਹ ਗਾਉਣ ਲੱਗਿਆ। ਥੋੜ੍ਹੀ ਦੇਰ ਬੈਠਣ ਤੋਂ ਬਾਅਦ ਅਸੀਂ ਉਸਦੀ ਝੋਲੀ ਵਿੱਚ ਤਿਲ-ਫੁੱਲ ਪਾ ਕੇ ਵਿਦਾ ਲੈ ਲਈ। ਇਹ ਫ਼ਕੀਰ ਵੀਹ ਸਾਲਾਂ ਤੋਂ ਹਰ ਰੋਜ਼ ਇੱਥੇ ਗਾਉਂਦਾ ਆ ਰਿਹਾ ਹੈ।
ਪੰਜਾ ਸਾਹਿਬ (ਹਸਨ ਅਬਦਾਲ)
ਪਹਿਲੀ ਦਸੰਬਰ 2022 ਦਾ ਦਿਨ ਅਸੀਂ ਹਸਨ ਅਬਦਾਲ ਜ਼ਿਲ੍ਹਾ ਅੱਟਕ ਲਈ ਰੱਖਿਆ ਹੋਇਆ ਸੀ। ਪੰਜਾ ਸਾਹਿਬ ਗੁਰੂਘਰ ਏਥੇ ਹੀ ਹੈ। ਦਰਅਸਲ ਅਸੀਂ ਕਿਤੇ ਵੀ ਦੂਰ ਜਾਂ ਨੇੜੇ ਜਾ ਕੇ ਮੁੜ ਰਾਤ ਨੂੰ ਲਾਹੌਰ ਹੋਟਲ ਵਿੱਚ ਆ ਕੇ ਰਹਿੰਦੇ ਸੀ। ਇੱਕ ਦਿਨ ਪਹਿਲਾਂ ਜਾਂ ਸ਼ਾਮ ਨੂੰ ਅਗਲੇ ਦਿਨ ਦਾ ਪ੍ਰੋਗਰਾਮ ਉਲੀਕਦੇ ਸੀ। ਤਾਹਿਰ ਸੰਧੂ ਜਾਂ ਮੁਸ਼ਤਾਕ ਸੂਫ਼ੀ ਨੂੰ ਵੀ ਇਸ ਦੀ ਜਾਣਕਾਰੀ ਹੁੰਦੀ ਸੀ। ਉਂਜ ਅੱਜ ਕੱਲ੍ਹ ਤਾਹਿਰ ਦਾ ਭਾਣਜਾ ਸ਼ਾਹਜੇਬ ਸਾਡੇ ਨਾਲ਼ ਸੀ।
ਪੰਜਾ ਸਾਹਿਬ ਸਾਡੇ ਲਈ ਬੜਾ ਰਹੱਸਮਈ ਸੀ। ਛੋਟੇ ਹੁੰਦੇ ਸੁਣਦੇ ਆ ਰਹੇ ਸੀ ਕਿ ਇਸ ਜਗ੍ਹਾ ਜਦੋਂ ਮਰਦਾਨੇ ਨੂੰ ਪਿਆਸ ਲੱਗੀ ਤਾਂ ਬਾਬੇ ਨਾਨਕ ਕਿਹਾ ਕਿ ਔਹ ਉਪਰ ਪਹਾੜੀ ਉੱਪਰ ਵਲੀ ਕੰਧਾਰੀ ਕੋਲ ਪਾਣੀ ਹੈ, ਉੱਥੋਂ ਜਾ ਕੇ ਪੀ ਆ। ਵਲੀ ਕੰਧਾਰੀ ਇੱਕ-ਦੋ ਵੇਰ ਨਾਂਹ ਕਰਦਾ ਹੈ, ਪਰ ਜਦੋਂ ਮਰਦਾਨਾ ਫਿਰ ਜਾ ਕੇ ਅਰਜ਼ ਕਰਦਾ ਹੈ ਤਾਂ ਗੁੱਸੇ ’ਚ ਆਇਆ ਵਲੀ ਕੰਧਾਰੀ ਉਪਰੋਂ ਭਾਰੀ ਪੱਥਰ ਰੋੜ੍ਹ ਦਿੰਦਾ ਹੈ। ਜਿਸ ਨੂੰ ਬਾਬਾ ਨਾਨਕ ਪੰਜੇ ਨਾਲ਼ ਰੋਕ ਲੈਂਦੇ ਹਨ। ਹੈ ਨਾ ਕਰਾਮਾਤ! ਬਾਬਾ ਨਾਨਕ ਜੋ ਕਰਾਮਾਤਾਂ ਦੇ ਵਿਰੁੱਧ ਸੀ, ਸਾਖ਼ੀਕਾਰਾਂ ਨੇ ਬਾਬੇ ਨੂੰ ਦੂਜੇ ਪੈਗ਼ੰਬਰਾਂ ਦੇ ਮੁਕਾਬਲੇ ਦਾ ਸਿੱਧ ਕਰਨ ਲਈ ਇਹ ਵੀ ਕਰ ਵਿਖਾਇਆ, ਪਰ ਅਸੀਂ ਇਹ ਅੱਖੀਂ ਦੇਖਣਾ ਚਾਹੁੰਦੇ ਸੀ।
ਲਾਹੌਰ ਤੋਂ ਮੋਟਰਵੇ ਰਾਹੀਂ ਤਕਰੀਬਨ 410 ਕਿਲੋਮੀਟਰ ਦਾ ਇਹ ਸਫ਼ਰ ਪੰਜ ਸਾਢੇ ਪੰਜ ਘੰਟੇ ਦਾ ਹੈ। ਜੀ.ਟੀ. ਰੋਡ ਰਾਹੀਂ ਦੋ ਘੰਟੇ ਜ਼ਿਆਦਾ ਲੱਗਦੇ ਹਨ। ਸਾਨੂੰ ਤਾਹਿਰ ਵਾਰ-ਵਾਰ ਕਹਿ ਰਿਹਾ ਸੀ ਕਿ ਇਨ੍ਹੀਂ ਦਿਨੀਂ ਧੁੰਦ ਪੈ ਜਾਵੇ ਤਾਂ ਫਿਰ ਮੋਟਰਵੇ ਬੰਦ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਥੋਂ ਦੇ ਮੋਟਰਵੇ ਜ਼ਮੀਨੀ ਧਰਾਤਲ ਤੋਂ ਉੱਚੇ ਬਣਾਏ ਹੋਏ ਹਨ। ਇਸ ਕਰਕੇ ਧੁੰਦ ਵੀ ਜ਼ਿਆਦਾ ਪੈਂਦੀ ਹੈ। ਫਿਰ ਧੁੰਦ ਖਿੰਡਣ ਤੋਂ ਬਾਅਦ ਹੀ ਖੋਲ੍ਹੇ ਜਾਂਦੇ ਹਨ। ਸਾਡੇ ਹੋਟਲ ਵਿੱਚ ਨਾਸ਼ਤਾ ਸਵੇਰੇ ਸੱਤ ਵਜੇ ਸ਼ੁਰੂ ਹੋ ਜਾਂਦਾ ਸੀ, ਪਰ ਉਸ ਦਿਨ ਅਸੀਂ ਨਾਸ਼ਤਾ ਕੀਤੇ ਬਗ਼ੈਰ ਹੀ ਤੁਰਨ ਦਾ ਫ਼ੈਸਲਾ ਕੀਤਾ ਤਾਂ ਕਿ ਟਾਈਮ ਬਚ ਸਕੇ। ਸਾਡਾ ਡਰਾਈਵਰ ਅਜਾਜ, ਤਾਹਿਰ ਦੇ ਘਰੋਂ ਸ਼ਾਹਜੇਬ ਨੂੰ ਲੈ ਕੇ ਸੱਤ ਵਜੇ ਤੋਂ ਪਹਿਲਾਂ ਹੀ ਹੋਟਲ ਪਹੁੰਚ ਗਿਆ। ਲਾਹੌਰ ਵਿੱਚ ਅਸੀਂ ਦੇਖਿਆ ਕਿ ਅੱਧੀ ਰਾਤ ਤਕ ਪੂਰੀ ਚਹਿਲ-ਪਹਿਲ ਹੁੰਦੀ ਹੈ ਅਤੇ ਸਵੇਰੇ ਗਿਆਰਾਂ ਵਜੇ ਤਕ ਇਵੇਂ ਲੱਗਦਾ ਜਿਵੇਂ ਕੋਈ ਵਸਦਾ ਈ ਨਾ ਹੋਵੇ। ਦੁਕਾਨਾਂ ਵੀ ਬਹੁਤ ਲੇਟ ਖੁਲ੍ਹਦੀਆਂ ਹਨ। ਸੋ ਅਸੀਂ ਪੰਜ-ਦਸ ਮਿੰਟਾਂ ਵਿੱਚ ਹੀ ਉਸ ਜਗ੍ਹਾ ਪਹੁੰਚ ਗਏ, ਜਿੱਥੋਂ ਮੋਟਰਵੇ ਲੈਣਾ ਸੀ। ਆਹ ਤੇ ਓਹੀ ਗੱਲ ਹੋਈ ਮੋਟਰਵੇ ਬੰਦ। ਹੁਣ ਕੀ ਕੀਤਾ ਜਾਵੇ! ਅਜਾਜ ਸਾਡੇ ਨਾਲ਼ ਕਾਫ਼ੀ ਘੁਲ-ਮਿਲ ਗਿਆ ਸੀ। ਕਹਿੰਦਾ, ‘ਸਰਦਾਰ ਜੀ ਫ਼ਿਕਰ ਨਾ ਕਰੋ, ਆਪਾਂ ਜੀ.ਟੀ. ਰੋਡ ਲੈ ਲੈਨੇ ਆਂ।’ ਲਉ ਜੀ ਗੱਡੀ ਪਾ ਲਈ ਉਹਨੇ ਜੀ.ਟੀ. ਰੋਡ ਉੱਪਰ। ਅਸੀਂ ਨਾਸ਼ਤਾ ਤਾਂ ਕਰਕੇ ਨਹੀਂ ਸੀ ਆਏ ਸੋ ਉਹਨੂੰ ਕਿਹਾ ਕਿ ਜਿੱਥੇ ਵੀ ਕੋਈ ਚੰਗਾ ਜਿਹਾ ਢਾਬਾ ਮਿਲੇ, ਗੱਡੀ ਰੋਕ ਲਈਂ; ਪਰ ਇੱਕ ਘੰਟਾ, ਦੋ ਘੰਟਾ, ਤੀਜਾ ਘੰਟਾ ਵੀ ਗੁਜ਼ਰ ਗਿਆ, ਸਾਨੂੰ ਕੋਈ ਢਾਬਾ ਖੁੱਲ੍ਹਾ ਨਾ ਮਿਲਿਆ। ਜੇਕਰ ਕੋਈ ਖੁੱਲ੍ਹਾ ਵੀ ਸੀ ਤਾਂ ਬਹਿਣ ਦੇ ਕਾਬਲ ਨਹੀਂ ਸੀ।
ਅਸੀਂ ਗੁੱਜਰਾਂਵਾਲਾ, ਗੱਖੜ, ਵਜ਼ੀਰਾਬਾਦ, ਗੁਜਰਾਤ, ਲਾਲਾ ਮੂਸਾ, ਖਾਰੀਆਂ, ਸਰਾਏ ਆਲਮਗੀਰ ਵੀ ਲੰਘ ਗਏ। ਹੁਣ ਭੁੱਖ ਸਹਿਣੀ ਔਖੀ ਹੋ ਰਹੀ ਸੀ। ਅੱਗੇ ਜੇਹਲਮ ਆਉਣ ਵਾਲਾ ਸੀ। ਸ਼ਾਹਜੇਬ ਨੂੰ ਯਾਦ ਆਇਆ ਕਿ ਜੇਹਲਮ ਦੇ ਕਿਨਾਰੇ ਇੱਕ ਬਹੁਤ ਖ਼ੂਬਸੂਰਤ ਰਿਜ਼ੋਰਟ ਹੈ। ਉਥੇ ਬਹੁਤ ਹੀ ਸੋਹਣਾ ਰੈਸਟੋਰੈਂਟ ਵੀ ਹੈ ਤੇ ਨਾਂ ਵੀ ਉਹਦਾ ‘ਕਿਨਾਰਾ’ ਹੈ। ਬੱਸ ਪੰਦਰਾਂ-ਵੀਹ ਮਿੰਟਾਂ ਵਿੱਚ ਅਸੀਂ ਜੇਹਲਮ ਦੇ ਕਿਨਾਰੇ ਬਣੇ ‘ਕਿਨਾਰਾ’ ਵਿੱਚ ਸੀ। ਮਾੜੀ ਕਿਸਮਤ ਬ੍ਰੇਕਫਾਸਟ ਦੀ ਹੁਣ ਰਹਿੰਦ-ਖੂੰਹਦ ਹੀ ਬਚੀ ਸੀ ਉਨ੍ਹਾਂ ਕੋਲ, ਕਿਉਂਕਿ ਗਿਆਰਾਂ ਸਾਢੇ ਗਿਆਰਾਂ ਵੱਜ ਚੁੱਕੇ ਸਨ। ਅਸੀਂ ਮੈਨੇਜਰ ਨੂੰ ਫ਼ਤਹਿ ਬੁਲਾ ਕੇ ਤੁਰਨ ਹੀ ਲੱਗੇ ਸੀ ਕਿ ਉਹ ਕਹਿੰਦਾ, ‘ਸਰਦਾਰ ਜੀ ਬੱਸ ਪੰਦਰਾਂ-ਵੀਹ ਮਿੰਟ ਦਿਉ ਮੈਂ ਤੁਹਾਡੇ ਲਈ ਸਪੈਸ਼ਲ ਤਿਆਰ ਕਰਵਾ ਦਿੰਦਾ ਹਾਂ।’ ਅਸੀਂ ਸੁੱਖ ਦਾ ਸਾਹ ਲਿਆ। ਅਜਾਜ ਤੇ ਸ਼ਾਹਜੇਬ ਕਹਿੰਦੇ, ‘ਸਰਦਾਰ ਜੀ ਤੁਹਾਡੀ ਪਗੜੀ ਦਾ ਕਮਾਲ ਹੈ ਇਹ। ਅਸੀਂ ਰੈਸਟੋਰੈਂਟ ਦੇ ਮੈਨੇਜਰ ਦਾ ਸ਼ੁਕਰੀਆ ਅਦਾ ਕੀਤਾ ਅਤੇ ਅਗਾਂਹ ਸਫ਼ਰ ਲਈ ਤੁਰ ਪਏ।
ਜੇਹਲਮ ਤੋਂ ਬਾਅਦ ਕਸਬਾ ਦੀਨਾ, ਸੁਹਾਵਾ, ਗੁੱਜਰਖਾਨ ਮੰਦਰਾ, ਰਵਾਤ, ਰਾਵਲਪਿੰਡੀ, ਟੈਕਸਲਾ, ਵਾਹ ਕੈਂਟ ਤੇ ਆਖ਼ਰ ਅਸੀਂ ਹਸਨ ਅਬਦਾਲ ਪਹੁੰਚ ਹੀ ਗਏ। ਫਿਰ ਗਲੀਆਂ ’ਚੋਂ ਹੁੰਦੇ ਹੋਏ ਇੱਕ ਗਲੀ ਮੂਹਰੇ ਪੰਜਾ ਸਾਹਿਬ ਗੁਰੂਘਰ ਦਾ ਮੁੱਖ ਦਰਵਾਜ਼ਾ ਸੀ। ਅਜਾਜ ਨੇ ਸਾਹਮਣੇ ਪਾਰਕਿੰਗ ਲਾਟ ਵਿੱਚ ਗੱਡੀ ਖੜ੍ਹੀ ਕੀਤੀ ਤੇ ਸਾਡੇ ਨਾਲ਼ ਆ ਕੇ ਅੰਦਰ ਜਾਣ ਲਈ ਰਲ਼ ਗਿਆ। ਪੁਲਿਸ ਨੇ ਸਾਡੇ ਪਾਸਪੋਰਟ ਤੇ ਵੀਜੇ ਚੈੱਕ ਕੀਤੇ। ਉਨ੍ਹਾਂ ਸ਼ਾਹਜੇਬ ਨੂੰ ਤਾਂ ਸਾਡੇ ਨਾਲ਼ ਅੰਦਰ ਜਾਣ ਦਿੱਤਾ, ਪਰ ਅਜਾਜ ਨੂੰ ਨਾਂਹ ਕਰ ਦਿੱਤੀ। ਉਨ੍ਹਾਂ ਏਨਾ ਹੀ ਪੁੱਛਿਆ ਕਿ ਇਹ ਕੌਣ ਹੈ? ਜੀ ਸਾਡਾ ਡਰਾਈਵਰ ਹੈ। ਵਕਫ਼ ਬੋਰਡ ਦੇ ਮੁਲਾਜ਼ਮਾਂ ਮੈਨੂੰ ਕਿਹਾ ਅਸੀਂ ਤੁਹਾਡੇ ਨਾਲ਼ ਬਾਅਦ ’ਚ ਗੱਲ ਕਰਦੇ ਆਂ। ਅਜਾਜ ਦੇ ਜਾਣ ਬਾਅਦ ਉਨ੍ਹਾਂ ਦੱਸਿਆ ਕਿ ਇਹ ਡਰਾਈਵਰ ਲੋਕ ਸਿਗਰਟਨੋਸ਼ੀ ਅਤੇ ਹੋਰ ਈ ਤਰ੍ਹਾਂ ਦੇ ਨਸ਼ੇ ਕਰਦੇ ਹਨ। ਅਸੀਂ ਨਹੀਂ ਚਾਹੁੰਦੇ ਕਿ ਗੁਰੂਘਰ ਦੀ ਬੇਅਦਬੀ ਹੋਵੇ। ਮੈਂ ਕਿਹਾ ਕਿ ਡਰਾਈਵਰ ਦੀ ਚੋਣ ਵੇਲੇ ਸਾਡੀ ਪਹਿਲੀ ਸ਼ਰਤ ਸੀ ਕਿ ਸਾਡੇ ਨਾਲ਼ ਸਫ਼ਰ ਵਿੱਚ ਉਹ ਕਿਸੇ ਕਿਸਮ ਦਾ ਨਸ਼ਾ ਜਾਂ ਸਿਗਰਟ ਨਹੀਂ ਪੀਏਗਾ; ਪਰ ਨਹੀਂ…!
ਅਸੀਂ ਗੁਰੂਘਰ ਵਿੱਚ ਨਤਮਸਤਕ ਹੋਏ। ਇੱਕ ਹੋਰ ਪਰਿਵਾਰ ਅਮੈਰਿਕਾ ਤੋਂ ਸਾਡੇ ਨਾਲ਼ ਹੀ ਦਾਖ਼ਿਲ ਹੋਇਆ। ਕੈਲੀਫੋਰਨੀਆ ਤੋਂ ਸੀ ਉਹ ਪਰਿਵਾਰ। ਹਰ ਗੁਰੂਘਰ ਦੀ ਤਰ੍ਹਾਂ ਸਾਡਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਸੀਂ ਪੰਜਾ ਜਿੱਥੇ ਲੱਗਿਆ ਹੋਇਆ ਹੈ, ਉਹ ਪੱਥਰ ਦੇਖਿਆ। ਥੱਲੇ ਇੱਕ ਸਾਫ਼ ਪਾਣੀ ਦਾ ਚਸ਼ਮਾ ਵਗਦਾ ਹੈ। ਗੋਡੇ-ਗੋਡੇ ਪਾਣੀ ਵਿੱਚ ਤੁਸੀਂ ਥੱਲੇ ਉਤਰ ਕੇ ਪੰਜੇ ਦੇ ਨਿਸ਼ਾਨ ਉਪਰ ਪੰਜਾ ਰੱਖ ਕੇ ਦੇਖਿਆ। ਸਾਨੂੰ ਸੇਵਾਦਾਰ ਨੇ ਦੱਸਿਆ ਕਿ ਇਸ ਪੰਜੇ ਦੇ ਨਿਸ਼ਾਨ ਉਪਰ ਹਰ ਛੋਟਾ ਵੱਡਾ ਪੰਜਾ ਪੂਰਾ ਆ ਜਾਂਦਾ ਹੈ।
ਅਸੀਂ ਸੇਵਾਦਾਰਾਂ ਅਤੇ ਸਰਕਾਰੀ ਅਮਲੇ ਦਾ ਸ਼ੁਕਰੀਆ ਅਦਾ ਕੀਤਾ ਅਤੇ ਵਿਦਾਇਗੀ ਲਈ। ਜਾਣਾ ਤਾਂ ਅਸੀਂ ਪੰਜਾ ਸਾਹਿਬ (ਹਸਨ ਅਬਦਾਲ) ਦੇ ਰੇਲਵੇ ਸਟੇਸ਼ਨ ਚਾਹੁੰਦੇ ਸੀ, ਜਿੱਥੇ ਗੱਡੀ ਰੋਕ ਕੇ ਸਿੰਘਾਂ ਨੂੰ ਪ੍ਰਸ਼ਾਦੇ ਛਕਾਏ ਜਾਣ ਦੀ ਮੰਗ ਨਾ ਮੰਨਣ ’ਤੇ ਸਿੰਘਾਂ ਨੇ ਗੱਡੀ ਅੱਗੇ ਲੇਟ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਦੇਖਣਾ ਤਾਂ ਅਸੀਂ ਵਲੀ ਕੰਧਾਰੀ ਦਾ ਡੇਰਾ ਵੀ ਸੀ, ਜੋ ਇੱਕ ਉੱਚੀ ਜਗ੍ਹਾ ਬਣਿਆ ਹੋਇਆ ਸੀ ਪਰ ਸਵੇਰੇ ਮੋਟਰਵੇ ਬੰਦ ਹੋਣ ਕਾਰਨ ਜੀ.ਟੀ. ਰੋਡ ਰਾਹੀਂ ਆਉਣ ’ਤੇ ਸਾਡੇ ਤਿੰਨ ਘੰਟੇ ਖ਼ਰਾਬ ਹੋ ਗਏ ਸਨ। ਅਸੀਂ ਇਹ ਥਾਵਾਂ ਕਿਤੇ ਅਗਲੀ ਵੇਰ ਲਈ ਛੱਡ ਕੇ ਲਾਹੌਰ ਵਾਪਸੀ ਲਈ ਚੱਲ ਪਏ। ਰਾਤੀਂ ਸਾਡੇ ਦਸ ਕੁ ਵਜੇ ਅਸੀਂ ਵਾਇਆ ਮੋਟਰਵੇ (ਜੋ ਹੁਣ ਖੁੱਲ੍ਹ ਚੁੱਕਾ ਸੀ) ਆਪਣੇ ਹੋਟਲ ਪਹੁੰਚ ਗਏ। ਸ਼ਾਹਜੇਬ ਨੂੰ ਡਰਾਈਵਰ ਉਹਦੇ ਘਰ ਛੱਡ ਆਇਆ।
