ਆਧੁਨਿਕ ਪੰਜਾਬੀ ਸਹਿਤ ਦੇ ਪਿਤਾਮਾ ਭਾਈ ਵੀਰ ਸਿੰਘ

ਸਾਹਿਤਕ ਤੰਦਾਂ

ਡਾ. ਰੂਪ ਸਿੰਘ
ਫੋਨ:+91-9814637979
ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ: ਨੂੰ ਇੱਕ ਸਨਮਾਨਿਤ ਸਿੱਖ ਪਰਿਵਾਰ ਵਿੱਚ ਹੋਇਆ। ਭਾਈ ਸਾਹਿਬ ਦੇ ਪਿਤਾ ਡਾ. ਚਰਨ ਸਿੰਘ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ ‘ਸਿੰਘ ਸਭਾ ਲਹਿਰ’ ਦੇ ਆਗੂਆਂ ਵਿੱਚੋਂ ਸਨ। ਡਾ. ਚਰਨ ਸਿੰਘ ਹਿੰਦੀ ਤੇ ਬ੍ਰਿਜ ਭਾਸ਼ਾ ਦੇ ਵਿਦਿਵਾਨ ਲਿਖਾਰੀ ਅਤੇ ਅੰਗਰੇਜ਼ੀ-ਫਾਰਸੀ ਭਾਸ਼ਾ ਦੇ ਚੰਗੇ ਵਾਕਫ਼ਕਾਰ ਸਨ। ਗਿਆਨੀ ਹਜ਼ਾਰਾ ਸਿੰਘ ਵੀ ਸਥਾਪਤ ਅਨੁਵਾਦਕ ਤੇ ਕਵੀ ਸਨ, ਜਿਨ੍ਹਾਂ ਨੇ ਉਰਦੂ-ਫਾਰਸੀ ਦੀਆਂ ਬਹੁਤ ਸਾਰੀਆਂ ਪੁਸਤਕਾਂ ਦਾ ਅਨੁਵਾਦ ਮਾਤ-ਭਾਸ਼ਾ ਵਿੱਚ ਕੀਤਾ।

ਗਿਆਨੀ ਹਜ਼ਾਰਾ ਸਿੰਘ ਨੇ ਵਿਸ਼ਵ-ਪ੍ਰਸਿੱਧ ਪੁਸਤਕਾਂ ‘ਗੁਲਸਤਾਂ’ ਅਤੇ ‘ਬੋਸਤਾਂ’ ਦਾ ਪੰਜਾਬੀ ਕਾਵਿ ਰੂਪ ਵਿੱਚ ਅਨੁਵਾਦ ਵੀ ਕੀਤਾ। ਭਾਈ ਸਾਹਿਬ ਦਾ ਬਚਪਨ ਗਿਆਨੀ ਹਜ਼ਾਰਾ ਸਿੰਘ ਪਾਸ ਬੀਤਿਆ। ਇੱਕ ਦਿਨ ਗਿਆਨੀ ਜੀ ਕਿਸੇ ਪੁਸਤਕ ਦਾ ਅਨੁਵਾਦ ਕਰ ਰਹੇ ਸਨ ਤਾਂ ਭਾਈ ਵੀਰ ਸਿੰਘ ਨੇ ਉਨ੍ਹਾਂ ਨੂੂੰ ਕਿਹਾ, ਤੁਸੀਂ ਲੋਕਾਂ ਦੀਆਂ ਰਚਨਾਵਾਂ ਦਾ ਉਲਥਾ ਕਰਦੇ ਰਹਿੰਦੇ ਹੋ, ਆਪਣੀ ਕੋਈ ਨਵੀਂ ਰਚਨਾ ਕਿਉਂ ਨਹੀਂ ਕਰ ਲੈਂਦੇ? ਗਿਆਨੀ ਜੀ ਨੇ ਸਹਿਜ ਸੁਭਾਅ ਕਿਹਾ, “ਬਰਖ਼ੁਰਦਾਰ! ਮੈਂ ਤਾਂ ਨਹੀਂ ਕਰ ਸਕਿਆ, ਪਰ ਤੂੰ ਜ਼ਰੂਰ ਕਰੇਂਗਾ!” ਸਮੇਂ ਦੇ ਬੀਤਣ ਨਾਲ ਗਿਆਨੀ ਜੀ ਦਾ ਇਹ ਵਾਕ ਇੰਨ-ਬਿੰਨ ਪੂਰਾ ਹੋਇਆ।
ਇਸ ਤਰ੍ਹਾਂ ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਦਾ ਵਿਕਾਸ ਧਾਰਮਿਕ ਵਾਤਾਵਰਨ ਤੇ ਵਿਦਵਾਨਾਂ ਦੀ ਸੰਗਤ ਵਿੱਚ ਹੋਇਆ। ਭਾਈ ਸਾਹਿਬ ਨੂੰ ਵਿਦਿਆ ਸਮੇਂ ਅਨੁਸਾਰੀ ਦਿਵਾਉਣ ਦਾ ਪ੍ਰਬੰਧ ਕੀਤਾ ਗਿਆ। ਉਰਦੂ-ਫ਼ਾਰਸੀ ਦੀ ਜਾਣਕਾਰੀ ਇੱਕ ਮੁੱਲਾਂ ਪਾਸੋਂ ਪ੍ਰਾਪਤ ਕਰ, ਪੰਜਾਬੀ ਭਾਸ਼ਾ ਦਾ ਗਿਆਨ, ਗਿਆਨੀ ਹਰਭਜਨ ਸਿੰਘ ਪਾਸੋਂ ਹਾਸਲ ਕੀਤਾ। ਅੱਠ ਸਾਲ ਦੀ ਉਮਰ ਵਿੱਚ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਮੁਕੰਮਲ ਕੀਤਾ। 1891 ਈ: ਵਿੱਚ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ’ਚੋਂ ਐਂਟਰੈਂਸ ਦਾ ਇਮਤਿਹਾਨ ਜ਼ਿਲੇ ਭਰ ਵਿੱਚੋਂ ਅੱਵਲ ਰਹਿ ਪਾਸ ਕੀਤਾ। ਅਜੇ ਭਾਈ ਸਾਹਿਬ ਸਕੂਲੀ ਵਿਦਿਆ ਹੀ ਪ੍ਰਾਪਤ ਕਰ ਰਹੇ ਸਨ ਕਿ ਉਨ੍ਹਾਂ ਦਾ ਵਿਆਹ 1896 ਈ: ਵਿੱਚ ਸ. ਨਰਾਇਣ ਸਿੰਘ ਦੀ ਸਪੁੱਤਰੀ ਬੀਬੀ ਚਤਰ ਕੌਰ ਨਾਲ ਕਰ ਦਿੱਤਾ ਗਿਆ। ਦਸਵੀਂ ਜਮਾਤ ਕਰ ਲੈਣ ਤੇ ਮਾਤਾ-ਪਿਤਾ ਨੂੰ ਇਨ੍ਹਾਂ ਦੇ ਰੋਜ਼ਗਾਰ ਦਾ ਫ਼ਿਕਰ ਹੋਇਆ। ਦੋ-ਤਿੰਨ ਥਾਵਾਂ ਤੋਂ ਨੌਕਰੀ ਦੇ ਸੱਦਾ-ਪੱਤਰ ਵੀ ਪ੍ਰਾਪਤ ਹੋਏ, ਪਰ ਭਾਈ ਸਾਹਿਬ ਆਜ਼ਾਦ ਤਬੀਅਤ ਦੇ ਮਾਲਕ ਸਨ, ਸੋ ਕਿਸੇ ਦੀ ਨੌਕਰੀ ਕਰਨੀ ਮੁਨਾਸਬ ਨਾ ਸਮਝੀ ਤੇ ਸ. ਵਜ਼ੀਰ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਵਿੱਚ ਹੀ ‘ਵਜ਼ੀਰ ਹਿੰਦ ਪ੍ਰੈਸ’ ਲਗਵਾ ਲਿਆ। ਪਹਿਲਾਂ ਇੱਕ ਪੱਥਰ ਛਪਾਈ ਲਈ ਕਿਰਾਏ ’ਤੇ ਲਿਆ ਗਿਆ। ਭਾਈ ਵੀਰ ਸਿੰਘ ਨੇ ਆਪਣੀ ਲਗਨ, ਸਖ਼ਤ ਮਿਹਨਤ, ਸਿਦਕਦਿਲੀ ਸਦਕਾ ਪ੍ਰੈਸ ਨੂੰ ਇੰਨਾ ਕਾਮਯਾਬ ਕੀਤਾ ਕਿ ਦੂਰੋਂ-ਦੂਰੋਂ ਇਸ ਪ੍ਰੈਸ ਨੂੰ ਲੋਕ ਦੇਖਣ ਆਉਣ ਲੱਗੇ।
1890 ਈ: ਵਿੱਚ ਭਾਈ ਵੀਰ ਸਿੰਘ ਨੇ ‘ਖਾਲਸਾ ਸਮਾਚਾਰ’ ਨਾਂ ਦਾ ਹਫ਼ਤਾਵਾਰੀ ਅਖ਼ਬਾਰ ਜਾਰੀ ਕੀਤਾ, ਜੋ ਨਿਰੰਤਰ ਜਾਰੀ ਹੈ। 1893 ਈ: ਵਿੱਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰੱਖੀ ਗਈ, ਜਿਸ ਨੇ ਮਾਸਿਕ ਪਰਚਾ ‘ਨਿਰਗੁਣੀਆਰਾ’ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ, ਜੋ 1993 ਈ: ਵਿੱਚ ਸ਼ਤਾਬਦੀ ਪੂਰੀ ਕਰ ਗਿਆ। ਸ਼ਾਇਦ ਪੰਜਾਬੀ ਦਾ ਇਹ ਪਹਿਲਾ ਮਾਸਿਕ ਪਰਚਾ ਹੈ, ਜੋ ਨਿਰਵਿਘਨ ਪ੍ਰਕਾਸ਼ਤ ਹੋ ਰਿਹਾ ਹੈ। ਭਾਵਂੇ ਕਿ ਇਸ ਵਿੱਚ ਕੋਈ ਨਵੀਨਤਾ ਨਹੀਂ ਆਈ, ਵਾਰ-ਵਾਰ ਭਾਈ ਵੀਰ ਸਿੰਘ ਦੇ ਲੇਖਾਂ ਨੂੰ ਹੀ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।
ਭਾਈ ਵੀਰ ਸਿੰਘ ‘ਸਿੰਘ ਸਭਾ ਲਹਿਰ’ ਦੇ ਪੈਦਾ ਕੀਤੇ ਵਿਦਵਾਨਾਂ-ਸਾਹਿਤਕਾਰਾਂ ਵਿੱਚੋਂ ਸਿਰਮੌਰ ਹਨ। ਕੌਮ ਨੂੰ ਪੂਰੀ ਤਰ੍ਹਾਂ ਜਾਗ੍ਰਿਤ ਕਰਨ ਤੇ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਲਈ ਦੋ ਆਦਰਸ਼ ਨਿਯਤ ਕੀਤੇ ਗਏ- ਪਹਿਲਾ, ਵਿਦਿਆ ਦਾ ਪ੍ਰਚਾਰ-ਪ੍ਰਸਾਰ ਅਤੇ ਦੂਸਰਾ, ਮਾਂ-ਬੋਲੀ ਵਿੱਚ ਸਾਹਿਤ ਸਿਰਜਣਾ, ਤਾਂ ਜੋ ‘ਬੋਲੀ ਅਵਰ ਤੁਮਾਰੀ’ ਤੋਂ ਨਿਜਾਤ ਪ੍ਰਾਪਤ ਹੋ ਸਕੇ। ਪਹਿਲੇ ਆਦਰਸ਼ ਨੂੰ ਪ੍ਰਾਪਤ ਕਰਨ ਲਈ ਐਜੂਕੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੂੰ ਸਫ਼ਲ ਕਰਨ ਲਈ ਭਾਈ ਵੀਰ ਸਿੰਘ ਨੇ ਆਪਣੇ ਸਾਰੇ ਨਿੱਜੀ ਰੁਝੇਵਿਆਂ ਦਾ ਤਿਆਗ ਕਰ, ਦਿਨ-ਰਾਤ ਇੱਕ ਕਰ ਦਿੱਤਾ। ਇਸ ਕਮੇਟੀ ਦੀ ਸਫਲਤਾ ਦਾ ਅੰਦਾਜ਼ਾ ਚੀਫ਼ ਖਾਲਸਾ ਦੀਵਾਨ ਵੱਲੋਂ ਚਲਾਈਆ ਜਾ ਰਹੀਆਂ ਵਿਦਿਅਕ ਸੰਸਥਾਵਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਕਮੇਟੀ ਦੇ ਇੱਥੋਂ ਤਕ ਪਹੁੰਚਣ ਪਿੱਛੇ ਭਾਈ ਸਾਹਿਬ ਦਾ ਹੀ ਹੱਥ ਸੀ।
ਕੌਮ ਨੂੰ ਜਾਗ੍ਰਿਤ ਕਰਨ ਤੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਭਾਈ ਸਾਹਿਬ ਨੇ ਸਾਰਾ ਜੀਵਨ ਸਾਹਿਤ ਸਿਰਜਣਾ ਹਿਤ ਲਗਾ ਦਿੱਤਾ। ਹਮੇਸ਼ਾ ਹਾਰੀਆਂ ਹੋਈਆਂ ਕੌਮਾਂ ਤੇ ਬੁਜ਼ਦਿਲ ਹੋ ਚੁਕੇ ਲੋਕਾਂ ਨੂੰ ਅਮੀਰ ਸਾਹਿਤ ਨੇ ਨਵ-ਜੀਵਨ ਪ੍ਰਦਾਨ ਕੀਤਾ ਹੈ। ਭਾਈ ਸਾਹਿਬ ਦੀਆਂ ਸਾਹਿਤਕ ਕਿਰਤਾਂ ਨੇ ਇਸ ਕਾਰਜ ਨੂੰ ਕਰਨ ਲਈ ਭਰਪੂਰ ਹਿੱਸਾ ਪਾਇਆ। ਭਾਈ ਸਾਹਿਬ ਦੀਆਂ ਸਾਹਿਤਕ ਕਿਰਤਾਂ ਦੀ ਵਰਗ-ਵੰਡ ਇਸ ਤਰ੍ਹਾਂ ਕਰ ਸਕਦੇ ਹਾਂ:
ਜੀਵਨੀ
1. ਗੁਰੂ ਨਾਨਕ ਚਮਤਕਾਰ (ਦੋ ਭਾਗ)
2. ਅਸ਼ਟ ਗੁਰ ਚਮਤਕਾਰ
3. ਕਲਗੀਧਰ ਚਮਤਕਾਰ

ਨਾਵਲ
1. ਸੁੰਦਰੀ
2. ਵਿਜੈ ਸਿੰਘ
3. ਸਤਵੰਤ ਕੌਰ
4. ਬਾਬਾ ਨੌਧ ਸਿੰਘ

ਖੋਜ ਤੇ ਵਿਆਖਿਆ
1. ਸ੍ਰੀ ਗੁਰੂ ਗ੍ਰੰਥ ਕੋਸ਼
2. ਗੁਰ ਪ੍ਰਤਾਪ ਸੂਰਜ ਗ੍ਰੰਥ

ਸੰਪਾਦਨ
1. ਪੁਰਾਤਨ ਜਨਮ ਸਾਖੀ
2. ਭਾਈ ਗੁਰਦਾਸ ਵਾਰਾਂ ਕਬਿੱਤ-ਸਵੱਯੇ

ਟੈ੍ਰਕਟ ਰਚਨਾ
1891 ਤੋਂ 1957 ਤਕ ਲੱਗਭਗ 200 ਟ੍ਰੈਕਟਾਂ ਦੀ ਰਚਨਾ।
ਬਹੁਤ ਸਾਰੀਆਂ ਪੰਥਕ ਸੰਸਥਾਵਾਂ ਦੇ ਭਾਈ ਵੀਰ ਸਿੰਘ ਸੰਸਥਾਪਕ ਸੰਚਾਲਕ ਤੇ ਮੈਂਬਰ ਸਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਖਾਲਸਾ ਟ੍ਰੈਕਟ ਸੁਸਾਇਟੀ (1893), ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ (1901), ਸੈਂਟਰਲ ਖਾਲਸਾ ਯਤੀਮਖਾਨਾ (1904), ਸਿੱਖ ਐਜੂਕੇਸ਼ਨ ਕਮੇਟੀ ਤੇ ਸੈਂਟਰਲ ਖਾਲਸਾ ਵਿਦਿਆਲਾ ਤਰਨਤਾਰਨ (1908), ਗੁਰਦੁਆਰਾ ਹੇਮਕੁੰਟ ਟਰੱਸਟ (1926), ਸੈਂਟਰਲ ਸੂਰਮਾ ਸਿੰਘ ਆਸ਼ਰਮ (1935), ਫਰੀ ਹੋਮਿਓਪੈਥਿਕ ਹਸਪਤਾਲ (1943) ਆਦਿ ਪੰਥਕ ਸੰਸਥਾਵਾਂ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਪੰਥਕ ਪ੍ਰਬੰਧ ਵਿੱਚ ਲਿਆਉਣ ਤੇ ਪੰਜਾਬ ਐਂਡ ਸਿੰਧ ਬੈਂਕ ਅਰੰਭ ਕਰਨ ਵਿੱਚ ਪ੍ਰਮੁੱਖ ਹੱਥ ਭਾਈ ਸਾਹਿਬ ਦਾ ਹੀ ਸੀ।
ਭਾਈ ਵੀਰ ਸਿੰਘ ਦੀ ਕਲਮੀ ਸੇਵਾ, ਸਾਹਿਤਕ ਕਿਰਤਾਂ ਨੂੰ ਪੰਜਾਬੀਆਂ ਤੇ ਪੰਜਾਬੀ ਪ੍ਰੇਮੀਆਂ ਨੇ ਭਰਪੂਰ ਹੁੰਗਾਰਾ ਦਿੱਤਾ। ਬਹੁਤ ਸਾਰੀਆਂ ਲਿਖਤਾਂ ਦਾ ਹਿੰਦੀ ਤੇ ਅੰਗਰੇਜ਼ੀ ’ਚ ਉਲਥਾ ਹੋਇਆ। ‘ਲਹਿਰਾਂ ਦੇ ਹਾਰ’ ਤੇ ਕੁਝ ਹੋਰ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਪ੍ਰਸਿੱਧ ਦਾਰਸ਼ਨਿਕ ਕਵੀ ਪ੍ਰੋ. ਪੂਰਨ ਸਿੰਘ ਨੇ ਕੀਤਾ। ‘ਮੇਰੇ ਸਾਈਆਂ ਜੀਓ’ ਨੂੰ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋਇਆ। 1949 ਈ: ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਨੂੰ ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਦੇ ਸਤਿਕਾਰ ਵਜੋਂ ‘ਡਾਕਟਰ ਆਫ਼ ਓਰੀਐਂਟਲ ਲਿਟਰੇਚਰ’ ਦੀ ਡਿਗਰੀ ਪ੍ਰਦਾਨ ਕੀਤੀ ਗਈ। 1952 ਈ: ਵਿੱਚ ਬੰਬਈ ਵਿੱਚ ਹੋਈ ਸਰਬ ਹਿੰਦ ਸਿੱਖ ਵਿਦਿਅਕ ਕਾਨਫਰੰਸ ਸਮੇਂ ਇਨ੍ਹਾਂ ਨੂੰ ‘ਅਭਿਨੰਦਨ ਗ੍ਰੰਥ’ ਭੇਟ ਕੀਤਾ ਗਿਆ। ਇਸੇ ਹੀ ਸਾਲ ਇਨ੍ਹਾਂ ਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਸਰਕਾਰੀ ਤੌਰ ’ਤੇ ਮੈਂਬਰ ਨਾਮਜ਼ਦ ਕੀਤਾ ਗਿਆ। ਭਾਈ ਵੀਰ ਸਿੰਘ ਨੂੰ 1956 ਈ: ਵਿੱਚ ਗਣਰਾਜ ਦਿਵਸ ’ਤੇ ਭਾਰਤ ਸਰਕਾਰ ਵੱਲੋਂ “ਪਦਮ ਭੂਸ਼ਨ” ਨਾਲ ਸਨਮਾਨਿਤ ਕੀਤਾ ਗਿਆ।
ਜੂਨ 1957 ਈ: ਦੇ ਪਹਿਲੇ ਹਫਤੇ ਭਾਈ ਸਾਹਿਬ ਨੂੰ ਬੁਖਾਰ ਹੋ ਗਿਆ, ਜੋ ਲਗਾਤਾਰ ਜਾਰੀ ਰਿਹਾ ਤੇ ਓੜਕ ਜਾਨ-ਲੇਵਾ ਸਾਬਤ ਹੋਇਆ। ਸਿਹਤ ਦਿਨੋ-ਦਿਨ ਕਮਜ਼ੋਰ ਹੁੰਦੀ ਗਈ, ਪਰ ਆਲਸ ਜਾਂ ਸੁਸਤੀ ਜੀਵਨ ਭਰ ਇਨ੍ਹਾਂ ਦੇ ਨੇੜੇ ਨਹੀਂ ਸੀ ਲੱਗੀ। ਡਾਕਟਰਾਂ, ਮਿੱਤਰਾਂ, ਸੱਜਣਾਂ, ਸਨੇਹੀਆਂ ਨੇ ਉਨ੍ਹਾਂ ਨੂੰ ਮੁਕੰਮਲ ਅਰਾਮ ਕਰਨ ਦੀ ਸਲਾਹ ਦਿੱਤੀ, ਪਰ ਜਿਹੜੇ ਲੋਕਾਂ ਨੂੰ ‘ਇਹ’ ਉਪਦੇਸ਼ ਕਰਦੇ ਹੋਣ, ਉਹ ਆਪ ਕਿਵੇਂ ਅਰਾਮ ਕਰ ਸਕਦੇ ਹਨ:
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ।
ਅੰਤ 10 ਜੂਨ 1957 ਈ: ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ, ਕਾਦਰ ਦੀ ਕੁਦਰਤ ਦਾ ਕਵੀ ਸਭ ਨੂੰ ਸਦਾ ਲਈ ਅਲਵਿਦਾ ਕਹਿ ਗਿਆ, ਪਰ ਆਪਣੀਆਂ ਸਾਹਿਤਕ ਕਿਰਤਾਂ ਸਦਕਾ ਹਮੇਸ਼ਾਂ-ਹਮੇਸ਼ਾਂ ਲਈ ਅਮਰ ਹੋ ਗਿਆ।
ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਚੁੰਬਕੀ ਸ਼ਕਤੀ ਰੱਖਦੀ ਸੀ। ਉਨ੍ਹਾਂ ਲਈ ਕੋਈ ਮੇਰ-ਤੇਰ ਨਹੀਂ ਸੀ। ਉਹ ਜਿਸ ਨੂੰ ਮਿਲੇ, ਉਸ ਨੂੰ ਹੀ ਆਪਣਾ ਬਣਾ ਲਿਆ। ਕੌਮੀ ਜਾਗ੍ਰਿਤੀ ਲਿਆਉਣ, ਮਾਂ-ਬੋਲੀ ਨੂੰ ਸਤਿਕਾਰ ਦਿਵਾਉਣ ਤੇ ਧਰਮ ਪ੍ਰਚਾਰ-ਪ੍ਰਸਾਰ ਹਿੱਤ ਜੋ ਹਿੱਸਾ ਭਾਈ ਸਾਹਿਬ ਨੇ ਪਾਇਆ, ਉਹ ਇੱਕ ਲੇਖ ਵਿੱਚ ਲਿਖ ਸਕਣਾ ਅਸੰਭਵ ਹੈ। ਬਹੁਤ ਸਾਰੇ ਵਿਅਕਤੀ ਉਨ੍ਹਾਂ ਦੇ ਜੀਵਨ ਤੇ ਰਹਿਣੀ-ਬਹਿਣੀ ਤੋਂ ਪ੍ਰਭਾਵਿਤ ਹੋ ‘ਨਾਨਕ ਨਿਰਮਲ ਪੰਥ’ ਦੇ ਪਾਂਧੀ ਬਣੇ। ਭਾਈ ਵੀਰ ਸਿੰਘ ਦੀ ‘ਸ਼ਖ਼ਸੀਅਤ’ ਅਤੇ ‘ਸਾਹਿਤ’ ਤੋਂ ਪ੍ਰਭਾਵਿਤ ਦੋ ‘ਸ਼ਖ਼ਸੀਅਤਾਂ’ ਦੀ ਉਦਾਹਰਣ ਨਾਲ ਇਸ ਲੇਖ ਨੂੰ ਅਸੀਂ ਪੂਰਾ ਕਰਦੇ ਹਾਂ:
ਪਹਿਲੀ ਸ਼ਖ਼ਸੀਅਤ ਹਨ, ਮਾਸਟਰ ਤਾਰਾ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਜੋਂ ਸਿੱਖ ਕੌਮ ਦੀ ਲੱਗਭਗ 50 ਸਾਲ ਅਗਵਾਈ ਕਰਦੇ ਰਹੇ, ਜਿਹੜੇ ਕਿ ਪਹਿਲਾਂ ਸਿੱਖੀ ਸਰੂਪ ਵਿੱਚ ਨਹੀਂ ਸਨ। ਜਦ ਉਨ੍ਹਾਂ ਭਾਈ ਵੀਰ ਸਿੰਘ ਦੀ ਪਹਿਲੀ ਗਲਪ ਰਚਨਾ “ਸੁੰਦਰੀ” ਪੜ੍ਹੀ ਤਾਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਸਿੱਖੀ ਸਰੂਪ ਧਾਰਨ ਕਰ ਲਿਆ।
ਦੂਸਰੀ ਉਦਾਹਰਣ ਪ੍ਰਸਿੱਧ ਦਾਰਸ਼ਨਿਕ, ਲੇਖਕ, ਕਵੀ ਪ੍ਰੋ. ਪੂਰਨ ਸਿੰਘ ਦੀ ਹੈ। ਪ੍ਰੋ. ਪੂਰਨ ਸਿੰਘ ਉੱਚ ਵਿਦਿਆ ਦੀ ਪ੍ਰਾਪਤੀ ਹਿਤ ਜਪਾਨ ਗਏ, ਜਿਥੇ ਆਪਣੇ ਅਮੋਲ ਵਿਰਸੇ ‘ਸਿੱਖੀ’ ਤੋਂ ਵੀ ਦੂਰ ਹੋ ਸੰਨਿਆਸ ਧਾਰਨ ਕਰ ਲਿਆ। ਦੇਸ਼ ਪਰਤਣ ’ਤੇ ਭਾਈ ਵੀਰ ਸਿੰਘ ਦੀ ਸੰਗਤ ਦਾ ਹੀ ਚਮਤਕਾਰ ਸੀ ਕਿ ਫਿਰ ਗੁਰਸਿੱਖ ਸਜ ਗਏ।
ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਤੇ ਸਾਹਿਤਕ ਪ੍ਰਤਿਭਾ ਨੂੰ ਸਨਮੁਖ ਰੱਖਦਿਆਂ ਡਾ. ਰਤਨ ਸਿੰਘ ਜੱਗੀ ਨੇ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਭਾਈ ਗੁਰਦਾਸ ਕਿਹਾ ਹੈ। ਭਾਵੇਂ ਕਿ ਇਹ ਮੁਕਾਬਲਾ ਕਰਨਾ ਵੀ ਠੀਕ ਨਹੀਂ ਪਰ ਅਸੀਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਤੋਂ ਪਿੱਛੋਂ ਭਾਈ ਵੀਰ ਸਿੰਘ ਦਾ ਹੀ ਨਾਮ ਆਉਂਦਾ ਹੈ।

Leave a Reply

Your email address will not be published. Required fields are marked *