ਸ਼ਿਕਾਗੋ: ਕੁਨੈਕਸ ਵੱਲੋਂ ਗੁਰੂ ਤੇਗ਼ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਇੱਕ ਸੈਮੀਨਾਰ ਗੁਰਦੁਆਰਾ ਸਾਹਿਬ ਪੈਲਾਟਾਈਨ ਵਿੱਚ ‘ਸ਼ਹਾਦਤ: ਸਬਰ, ਸਿਦਕ ਤੇ ਸ਼ਮਸ਼ੀਰ’ ਵਿਸ਼ੇ ਉਤੇ ਲੰਘੇ ਦਿਨੀਂ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹਾਦਤਾਂ ਨੂੰ ਕਿਸੇ ਦੁਨਿਆਵੀ ਭੂਗੋਲਿਕ ਇਕਾਈ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ
ਅਤੇ ਨਾ ਹੀ ਕਿਸੇ ਖਾਸ ਮੱਤ ਜਾਂ ਖਾਸ ਫਿਰਕੇ ਦੀ ਕੇਵਲ ਰੱਖਿਆ ਤੱਕ ਸੀਮਤ ਕੀਤਾ ਜਾ ਸਕਦਾ ਹੈ। ਇਸ ਮੌਕੇ ਨੌਵੇਂ ਪਾਤਸ਼ਾਹ ਦੀ ਨਿਰਸਵਾਰਥ ਕੁਰਬਾਨੀ ਨੂੰ ਯਾਦ ਕਰਦਿਆਂ ਵਿਚਾਰ ਪ੍ਰਗਟਾਏ ਗਏ ਕਿ ਗੁਰੂ ਜੀ ਦੀ ਕੁਰਬਾਨੀ ਹਮੇਸ਼ਾ ਮਾਨਵਤਾ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਤੇ ਉਨ੍ਹਾਂ ਦੀ ਬਾਣੀ ਦਾ ਜਾਪ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
ਸੈਮੀਨਾਰ ਦੇ ਮੁੱਢ ਵਿਚ ਬੋਲਦਿਆਂ ਡਾ. ਸਵਰਨਜੀਤ ਸਿੰਘ ਨੇ ਕਿਹਾ ਕਿ ਸਾਡੀ ਤਵਾਰੀਖ ਦੇ ਪੰਨੇ ਸ਼ਹਾਦਤਾਂ ਦੇ ਦੌਰ ਨਾਲ ਸਰਸਾਰ ਹਨ। ਸ਼ਹਾਦਤ ਇਬਾਦਤ ਵਿੱਚੋਂ ਪੈਦਾ ਹੁੰਦੀ ਹੈ। ਬੰਦਗੀ ਬਖ਼ਸ਼ਿਸ਼ ਨਾਲ ਮਿਲਦੀ ਹੈ ਅਤੇ ਬਖਸ਼ਿਸ਼ ਸਬਰ ਨੂੰ ਜਨਮ ਦਿੰਦੀ ਹੈ। ਸਬਰ ਅੰਤਰ ਆਤਮਾ ਨੂੰ ਕੁਦਰਤ ਦੇ ਖਾਲਸ ਰਾਹਾਂ ਨਾਲ ਜੋੜਦਾ ਮਨੁੱਖ ਅੰਦਰ ਵਿਸ਼ਮਾਦ ਦੇ ਅਕਾਲ ਪਰਖ ਦੇ ਰੰਗ ਵਿੱਚ ਰੰਗੇ ਗੁਰਮਖ ਦੇ ਨਕਸ਼ ਨੂੰ ਸਿਰਜਦਾ ਹੈ। ਸਬਰ ਦੇ ਰੰਗ ਵਿੱਚ ਰੱਤੀਆਂ ਰੂਹਾਨੀ ਰੂਹਾਂ ਵਕਤ ਦੀ ਨਜ਼ਾਕਤ ਦੀ ਹਿੱਕ `ਤੇ ਕਾਲ ਅਤੇ ਅਕਾਲ ਦੇ ਜਗਤ ਵਿੱਚ ਆਪਣੇ ਅਕਾਲ ਪੁਰਖ ਨਾਲ ਜੁੜੇ ਹੋਣ ਦੀ ਗਵਾਹੀ ਦਿੰਦੀਆਂ ਸਿਦਕ ਦੇ ਰਾਹਾਂ ਦਾ ਆਗਾਜ਼ ਕਰਦੀਆਂ ਹਨ। ਇਸ ਗਵਾਹੀ ਦੀ ਪਰਖ ਦਾ ਰਾਹ ਭਾਵੇਂ ਅਮਨਪੂਰਵਕ ਵਾਲਾ ਹੋਵੇ, ਚਾਹੇ ਸ਼ਮਸ਼ੀਰਾਂ ਦੇ ਵਜਦ ਨੂੰ ਪਰਖਣ ਵਾਲਾ ਜੰਗ ਦਾ ਮੈਦਾਨ ਹੋਵੇ। ਅਮਨਪੂਰਵਕ ਸ਼ਹਾਦਤ ਜਾਲਮ ਦੀਆਂ ਸ਼ਮਸ਼ੀਰਾਂ ਅੱਗੇ ਆਪਣੇ ਸਿਦਕ ਨੂੰ ਕਾਇਮ ਰੱਖਦੀਆਂ ਹਨ ਅਤੇ ਜੰਗ ਦੇ ਮੈਦਾਨ ਵਿੱਚ ਜਾਲਮ ਦੀਆਂ ਤਲਵਾਰਾਂ ਦਾ ਰੁਖ ਸ਼ਮਸ਼ੀਰਾਂ ਨਾਲ ਮੋੜ ਕੇ ਕਿਰਪਾਨ ਦਾ ਜਗਤ ਏਕ ਨੂਰ ਦੀ ਸਥਾਪਨਾ ਵਿੱਚ ਉਸਾਰਦੀਆਂ ਹਨ।
ਗੁਰੂ ਤੇਗ਼ ਬਹਾਦੁਰ ਸਾਹਿਬ ਦੀ ਸ਼ਹਾਦਤ ਦੇ ਚਾਰ ਪੜਾਅ- ਕਰਤਾਰਪੁਰ ਸਾਹਿਬ ਦੀ ਜੰਗ, ਬੰਦਗੀ, ਯਾਤਰਾਵਾਂ ਅਤੇ ਸ਼ਹੀਦੀ ਹਨ। ਸ਼ਹੀਦੀ ਦੇ ਆਖ਼ਰੀ ਪਲਾਂ ਵਿੱਚ ਉਨ੍ਹਾਂ ਦੀ ਸ਼ਹਾਦਤ ਤੋਂ ਪਹਿਲਾਂ ਸ਼ਹਾਦਤ ਦੇ ਰਾਹਾਂ ਨੂੰ ਸਿਜਦਾ ਕਰਨ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਗੁਜ਼ਰਦੇ ਹਨ। ਗੁਰੂ ਸਾਹਿਬ ਦੀ ਸ਼ਹਾਦਤ ਸ਼ਿ੍ਰਸ਼ਟੀ ਦੇ ਖਾਲਸ ਰੂਪ ਦੀ ਨੁਹਾਰ ਨੂੰ ਕਾਇਮ ਰੱਖਣ ਵਾਲੇ ਨਿਰਭਉ ਤੇ ਨਿਰਵੈਰ ਰੂਪੀ ਜਗਤ ਹੈ ਅਤੇ ਇਸ ਜਗਤ ਦਾ ਵਾਲੀ ਸੱਚਾ ਪਾਤਸ਼ਾਹ ਹੈ, ਨਾ ਕਿ ਦੁਨਿਆਵੀ ਲੁੱਟ ਅਤੇ ਆਪਣੇ ਹੀ ਦੀਨ ਤੋਂ ਕੋਰੇ ਦੁਨੀਆਦਾਰ ਬਾਦਸ਼ਾਹ।
ਅਕਾਲ ਪੁਰਖ ਦੇ ਬਖਸ਼ੇ ਸਿੱਖੀ ਦੇ ਇਨ੍ਹਾਂ ਰਾਹਾਂ ਨੂੰ ਸਿਜਦਾ ਕਰਦੇ ਹੋਏ ਅਨੇਕਾਂ ਹੀ ਨੇ ਇਨ੍ਹਾਂ ਰਾਹਾਂ `ਤੇ ਤੁਰਦਿਆਂ ਸ਼ਹਾਦਤਾਂ ਦੇ ਸੈਲਾਬ ਨੂੰ ਜਨਮ ਦਿੱਤਾ।
ਗੁਰਦੁਆਰਾ ਸਾਹਿਬ ਦੀ ਧਾਰਮਿਕ ਕਮੇਟੀ ਦੇ ਚੇਅਰਮੈਨ ਸਤਿੰਦਰ ਸਿੰਘ ਸੁਸਾਣਾ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਸ਼ਹਾਦਤ, ਸਬਰ, ਸਿਦਕ ਅਤੇ ਸ਼ਮਸ਼ੀਰ- ਚਾਰ ਵੱਖਰੀਆਂ ਧਾਰਨਾਵਾਂ ਨਹੀਂ, ਸਗੋਂ ਇੱਕ ਸੰਪੂਰਨ ਜੀਵਨ ਫਲਸਫੇ ਦੇ ਪੜਾਅ ਹਨ। ਸਭ ਤੋਂ ਪਹਿਲਾਂ ਸਿਦਕ ਮਨੁੱਖ ਨੂੰ ਸੱਚੇ ਰਾਹ `ਤੇ ਖੜ੍ਹੇ ਹੋਣ ਦੀ ਪ੍ਰੇਰਨਾ ਦਿੰਦਾ ਹੈ; ਫਿਰ ਸਬਰ ਉਸ ਨੂੰ ਜ਼ੁਲਮ ਸਹਿਣ ਦਾ ਬਲ ਬਖਸ਼ਦਾ ਹੈ; ਜੇਕਰ ਸਬਰ ਕੰਮ ਨਾ ਕਰੇ, ਤਾਂ ਸ਼ਹਾਦਤ ਕੁਰਬਾਨੀ ਦੇ ਕੇ ਜ਼ਾਲਮ ਨੂੰ ਸ਼ਰਮਸਾਰ ਕਰਦੀ ਹੈ; ਅਤੇ ਅੰਤ ਵਿੱਚ ਜੇ ਸਭ ਕੁਝ ਨਾਕਾਮ ਹੋ ਜਾਵੇ, ਤਾਂ ਸ਼ਮਸ਼ੀਰ ਨਿਆਂ ਦੀ ਸਥਾਪਨਾ ਲਈ ਇੱਕ ਆਖਰੀ ਸਾਧਨ ਬਣ ਜਾਂਦਾ ਹੈ। ਇਹ ਸਿਧਾਂਤ ਸਾਨੂੰ ਸਿਖਾਉਂਦੇ ਕਿ ਸਿਦਕ ਨਿਸਚੇ ਦਾ ਅਟੱਲ ਪਹਾੜ ਹੈ ਅਤੇ ਸਬਰ ਆਤਿਮਕ ਬਲ ਤੇ ਸਹਿਣਸ਼ੀਲਤਾ ਦਾ ਨਾਂ ਹੈ। ਸ਼ਹਾਦਤ ਸਿਦਕ ਦੀ ਅੰਤਿਮ ਪ੍ਰੀਖਿਆ ਅਤੇ ਸ਼ਮਸ਼ੀਰ ਨਿਆਂ ਦੀ ਆਖਰੀ ਢਾਲ ਹੈ।
ਗੁਰੂ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ, ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦਾ ਟਾਕਰਾ ਕਰਨ ਲਈ ਸ਼ਮਸ਼ੀਰ (ਤਲਵਾਰ) ਚੁੱਕਣ ਦਾ ਰਾਹ ਅਪਣਾਇਆ। ਗੁਰੂ ਜੀ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਮਨੁੱਖੀ ਅਧਿਕਾਰਾਂ ਅਤੇ ਸਿਧਾਂਤਾਂ ਦੀ ਰਾਖੀ ਲਈ ਸਾਨੂੰ ਹਮੇਸ਼ਾ ਸਿਦਕ ਨਾਲ ਸਬਰ ਕਰਦੇ ਹੋਏ, ਲੋੜ ਪੈਣ `ਤੇ ਸ਼ਹਾਦਤ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਓਂਕਾਰ ਸਿੰਘ ਢਿੱਲੋਂ ਨੇ ਇਨ੍ਹਾਂ ਲਾਸਾਨੀ ਸ਼ਹਾਦਤਾਂ ਨੂੰ ਵੇਦਨਾਮਈ ਲਹਿਜੇ ਵਿੱਚ ਬਿਆਨ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਵੇਲੇ ਦੇ ਸਿੱਖਾਂ ਵਰਗੇ ਬਣਨਾ ਚਾਹੀਦਾ ਹੈ। ਗੁਰਬਾਣੀ ਦਾ ਵਾਸ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ ਹੈ। ਅਸੀ ਅੱਜ ਗੁਰਬਾਣੀ ਨਾਲੋਂ ਟੁੱਟੇ ਹੋਏ ਹਾਂ ਤੇ ਜ਼ਿੰਦਗੀ ਵਿੱਚ ਖੁਆਰ ਹੋ ਰਹੇ ਹਾਂ।
ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਜੁਆਇੰਟ ਸਕੱਤਰ ਡਾ. ਬਲਵਿੰਦਰ ਸਿੰਘ ਸੋਹਲ ਨੇ ਗੁਰੂ ਸਾਹਿਬ ਨਾਲ ਜੁੜੀਆਂ ਇਤਿਹਾਸਕ ਥਾਂਵਾਂ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਾਵਿਕ-ਅੰਦਾਜ਼ ਵਿੱਚ ਬਿਆਨ ਕੀਤਾ।
ਸਤਨਾਮ ਸਿੰਘ ਔਲਖ ਨੇ ਨਿਸ਼ਕਾਮ ਸੇਵਾ ਵਜੋਂ ਕੀਤੇ ਕਾਰਜਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਣ ਕਰਨ ਦੀ ਗੱਲ ਕਰਦਿਆਂ ਰੁੱਖਾਂ ਦੀ ਮਹਾਨਤਾ ਬਾਰੇ ਗੱਲ ਕੀਤੀ ਅਤੇ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਕੱਤਰ ਤਰਲੋਚਨ ਸਿੰਘ ਮੁਲਤਾਨੀ ਨੇ ਇਸ ਕਾਰਜ ਵਿੱਚ ਸਟੇਜ ਸਕੱਤਰ ਦੀ ਸੇਵਾ ਨਿਭਾਈ।
ਸੈਮੀਨਾਰ ਦਾ ਇੱਕ ਅਹਿਮ ਪੱਖ ਨੌਜਵਾਨ ਵਰਗ ਦੀ ਸ਼ਮੂਲੀਅਤ ਦਾ ਹੋਣਾ ਸੀ। ਬੀਬੀ ਨਵਰੂਪ ਕੌਰ ਨੇ ਆਪਣੀ ਤਕਰੀਰ ਰਾਹੀਂ ਤਵਾਰੀਖ ਵਿਚਲੇ ਸ਼ਹਾਦਤਾਂ ਦੇ ਦੌਰ ਨੂੰ ਸੰਕੇਤਕ ਤੌਰ `ਤੇ ਵਰਤਦਿਆਂ ਗੁਰੂ ਸਾਹਿਬ ਦੀ ਸ਼ਹਾਦਤ ਦੀ ਅਹਿਮੀਅਤ ਨੂੰ ਉਜਾਗਰ ਕੀਤਾ। ਹਰਕੀਰਤ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਨਾਲ ਸਬੰਧਤ ਪ੍ਰਸ਼ਨਾਂ ਨੂੰ ਸਾਹਮਣੇ ਲਿਆਂਦਾ, ਜਿਸ ਦਾ ਹਾਜ਼ਰ ਸੰਗਤ ਮੈਂਬਰਾਂ ਨੇ ਜਵਾਬ ਦੇਣ ਲਈ ਆਪੋ-ਆਪਣੇ ਵਿਚਾਰ ਰੱਖੇ।
ਇਹ ਕਾਰਜ ਸੈਮੀਨਾਰ ਨੂੰ ਇੱਕ ਗੋਸ਼ਟ ਦੇ ਰੂਪ ਵਿਚ ਸਮੇਟਣ ਵਾਲਾ ਕਾਰਜ ਸੀ, ਜੋ ਸਬਰ ਦੇ ਨਾਲ ਨਾਲ ਕੌਮ ਵਿੱਚ ਗੁਰਬਾਣੀ ਤੇ ਇਤਿਹਾਸ ਨੂੰ ਸ਼ਿੱਦਤ ਨਾਲ ਵਿਚਾਰਨ ਦੇ ਰਾਹਾਂ ਨੂੰ ਸਿਰਜਦਾ ਹੈ।
