ਛੋਟੀ ਉਮਰ ਦੀ ਵੱਡੀ ਦਾਸਤਾਨ
ਡਾ. ਜਸਬੀਰ ਸਿੰਘ ਸਰਨਾ
ਗੁਰੂ ਗੋਬਿੰਦ ਸਿੰਘ ਜੀ ਇਨਕਲਾਬ ਦੀ ਸਾਕਾਰ ਮੂਰਤ, ਸਮੁੱਚੇ ਸੰਸਾਰ ਦਾ ਨੂਰ, ਤੇਜੱਸਵੀ ਹੁਸੀਨ ਆਤਮਾ, ਬੇਮਿਸਾਲ ਕਾਰਨਾਮਿਆਂ ਦਾ ਲਿਸ਼ਕਾਰਾ, ਨਿਡਰਤਾ, ਚੜ੍ਹਦੀ ਕਲਾ, ਸੰਸਾਰ ਦੇ ਇਤਿਹਾਸ ਵਿੱਚ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਉਨ੍ਹਾਂ ਸਾਰਾ ਸਰਬੰਸ ਹੀ ਮਨੁੱਖੀ ਆਜ਼ਾਦੀ ਲਈ, ਲੋਕਾਂ ਦੀ ਮਾਨਸਿਕ ਗੁਲਾਮੀ ਨੂੰ ਪਾਸ਼ ਪਾਸ਼ ਕਰਨ ਲਈ ਦਲੇਰੀ ਭਰੇ ਸੰਗਰਾਮ ਹੀ ਨਹੀਂ ਲੜੇ ਸਗੋਂ ਮੁਜੱਸਮ-ਦ੍ਰਿੜ ਸੰਕਲਪ ਦਾ ਨਵਾਂ ਪਾਠ ਇਤਿਹਾਸ ਵਿੱਚ ਆਣ ਜੋੜਿਆ।
ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿੜ੍ਹਤਾ, ਸਵੈ-ਵਿਸ਼ਵਾਸ, ਹੌਸਲੇ ਤੇ ਕੁਰਬਾਨੀ ਦੀ ਸਪਿਰਿਟ ਨੇ ਸਰਬ ਸਮਿਆਂ ਲਈ ਨਿਰਭਉ ਅਤੇ ਨਿਰਵੈਰ ਹੋ ਕੇ ਜੀਵਨ ਸੰਗਰਾਮ ਵਿੱਚ ਜੂਝਣ ਦੀਆਂ ਪੈੜਾਂ ਉਲੀਕ ਦਿੱਤੀਆਂ। ਗੁਰੂ ਸਾਹਿਬ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਕੌਤਕ, ਕਰਤੱਬ ਤੇ ਬਖ਼ਸ਼ਿਸ਼ਾਂ ਕਰ ਕੇ ਮੁਰਦਾ ਕੌਮ ਵਿੱਚ ਅਜਿਹੀ ਰੂਹ ਫੂਕੀ, ਜੋ ਸੰਸਾਰ ਦੀ ਤਵਾਰੀਖ਼ ਦਾ ਇੱਕ ਅਦਭੁਤ ਕ੍ਰਿਸ਼ਮਾ ਸੀ। ਕਲਗੀਧਰ ਪਾਤਸ਼ਾਹ ਦੀ ਜ਼ਿੰਦਗੀ ਵਿੱਚ ਅਜਿਹੇ ਸਮੇਂ ਵੀ ਆਏ, ਜਦੋਂ ਉਨ੍ਹਾਂ ਨੂੰ ਭੁੱਖਾਂ ਕੱਟਣੀਆਂ ਪਈਆਂ, ਪੈਰਾਂ ਵਿੱਚ ਕੰਡੇ ਵੀ ਚੁਭਵਾਏ, ਧੁੱਪਾਂ ਵਿੱਚ ਵੀ ਸੜੇ ਅਤੇ ਅਨੇਕਾਂ ਮੁਸੀਬਤਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ, ਪਰ ਆਪਣੇ ਮਿਸ਼ਨ ਵਿੱਚ ਕਦਮ-ਬ-ਕਦਮ ਅੱਗੇ ਹੀ ਤੁਰਦੇ ਗਏ। ਅਜਿਹੇ ਮਰਦ ਅਗੰਮੜੇ ਲਈ ਹੀ ਕਿਸੇ ਲਿਖਿਆ ਹੈ:
ਏਕ ਵੋਹ ਹੈਂ ਜੋ ਚਲਤੇ ਹੈਂ ਜ਼ਮਾਨੇ ਕੇ ਸਾਥ ਸਾਥ
ਮਰਦ ਵੋਹ ਹੈਂ ਜੋ ਜ਼ਮਾਨੇ ਕੋ ਬਦਲ ਦੇਤੇ ਹੈਂ।
5 ਅਤੇ 6 ਦਸੰਬਰ 1705 ਦੀ ਤਾਰੀਕ ਹੈ। ਆਨੰਦਪੁਰ ਸਾਹਿਬ ਨੂੰ ਮੁਗ਼ਲਾਂ, ਪਹਾੜੀ ਰੰਘੜਾਂ ਤੇ ਗੁਜਰਾਂ ਨੇ ਘੇਰਿਆ ਹੋਇਆ ਹੈ। ਆਨੰਦਪੁਰ ਸਾਹਿਬ ਦੇ ਹਾਲਾਤ ਬੜੀ ਸ਼ਿੱਦਤ ਨਾਲ ਦਰਦਨਾਕ ਸਥਿਤੀ ਅਖਤਿਆਰ ਕਰ ਚੁੱਕੇ ਹਨ। ਕਿਲੇ ਅੰਦਰ ਰਾਸ਼ਨ-ਪਾਣੀ ਆਉਣ ਦੇ ਸਾਰੇ ਸਾਧਨ ਦੁਸ਼ਮਣ ਫੌਜਾਂ ਨੇ ਬੰਦ ਕਰ ਦਿੱਤੇ। ਕਿਲੇ ਅੰਦਰ 460 ਦੇ ਕਰੀਬ ਸਿੰਘ, ਸਿੰਘਣੀਆਂ ਤੇ ਮਾਸੂਮ ਬੱਚੇ ਹਨ। ਸਿੰਘ ਰੁੱਖਾਂ ਦੇ ਪੱਤਿਆਂ, ਛਿੱਲੜਾਂ `ਤੇ ਗੁਜ਼ਾਰਾ ਕਰ ਕੇ ਵੀ ਆਪਣਾ ਸਿਦਕ ਬਲਵਾਨ ਰੱਖ ਰਹੇ ਹਨ। ਤੋਹਫ਼ੇ ਵਜੋਂ ਮਿਲਿਆ ਪਰਸਾਈ ਹਾਥੀ ਵੀ ਭੁੱਖਮਰੀ ਨਾਲ ਮਰ ਚੁੱਕਾ ਸੀ। ਸਿੰਘਾਂ ਕੋਲੋਂ ਹੁਣ ਹੋਰ ਭੁੱਖ ਬਰਦਾਸ਼ਤ ਨਹੀਂ ਸੀ ਹੋ ਰਹੀ। ਸਿੰਘ ਆਨੰਦਪੁਰ ਕਿਲ੍ਹੇ ਨੂੰ ਛੱਡ ਕੇ ਨਿਕਲ ਜਾਣਾ ਚਾਹੁੰਦੇ ਸਨ। ਕੁਝ ਸਿੰਘਾਂ ਨੇ ਮਾਤਾ ਗੁਜਰੀ ਜੀ ਅੱਗੇ ਫ਼ਰਿਆਦ ਕੀਤੀ। ਕਲਗੀਧਰ ਪਿਤਾ ਨੇ ਪ੍ਰਮੁੱਖ ਸਿੰਘਾਂ ਨਾਲ ਵਿਚਾਰ ਕਰ ਕੇ ਆਨੰਦਪੁਰ ਸਾਹਿਬ ਨੂੰ ਆਖਰੀ ਅਲਵਿਦਾ ਕਰਨ ਦਾ ਫੈਸਲਾ ਸੁਣਾ ਦਿੱਤਾ।
ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਔਰੰਗਜ਼ੇਬ ਵੱਲੋਂ ਆਈ ਚਿੱਠੀ ਪੜ੍ਹੀ| ਗੁਰੂ ਸਾਹਿਬ ਨੇ ਸਾਰਿਆਂ ਨੂੰ ਸਮਝਾ ਦਿੱਤਾ ਸੀ ਕਿ ਸਾਰੇ ਪੈਦਲ, ਇਕੱਠੇ ਜਾਣਗੇ ਅਤੇ ਰਸਤੇ ਵਿੱਚ ਕੋਈ ਨਹੀਂ ਰੁਕੇਗਾ। ਹਥਿਆਰਾਂ ਤੋਂ ਬਗੈਰ ਹੋਰ ਸਾਜ਼ੋ-ਸਾਮਾਨ ਨਾਲ ਲੈ ਜਾਣ ਦੀ ਸਖਤ ਮਨਾਹੀ ਸੀ।
“ਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਕੋ ਦੱਖਣ ਦੇਸ਼ ਮੇਂ ਭੇਜੀ ਪਤ੍ਰਕਾ ਕੀ ਉਡੀਕ ਮੇਂ ਸਨ। ਸਾਲ ਸਤਰਾਂ ਸੈ ਬਾਸਠ ਪੋਖ ਮਾਸੇ ਦਿਹ ਪੱਚ ਗਏ ਦੱਖਣ ਦੇਸ਼ ਸੇ ਬਾਦਸ਼ਾਹ ਕਾ ਜਾ ਸ਼ਾਹੀ ਪ੍ਰਵਾਨਾ ਕੁਰਾਨ ਕੀ ਜਿਲਦ ਤੇ ਲਿਖਾ ਹੂਆ ਕਾਜ਼ੀ ਲੈ ਕੇ ਅਨੰਦਪੁਰ ਮੇਂ ਆਏ ਗਇਆ। ਗੁਰੂ ਜੀ ਨੇ ਉਦੈ ਸਿੰਘ ਆਦਿ ਮੁਖੀ ਸਿੰਘਾਂ ਸਾਥ ਵਿਚਾਰ ਕਰਕੇ ਫ਼ੈਸਲਾ ਕੀਆ ਕਿ ਅੱਜ ਰਾਤ ਕੇ ਸਮੇਂ ਕਿਲਾ ਅਨੰਦਪੁਰ ਤਿਆਗ ਦੇਣਾ ਚਾਹੀਏ।” (ਗੁਰੂ ਦੀਆਂ ਸਾਖੀਆ ਸਰੂਪ ਸਿੰਘ ਕੋਸ਼ਿਸ਼)
ਪਹਾੜੀਆਂ ਤੇ ਮੁਗ਼ਲਾਂ ਨੇ ਗਊ ਅਤੇ ਕੁਰਾਨ ਦੀਆਂ ਕਸਮਾਂ ਚੁੱਕੀਆਂ ਸਨ ਕਿ ਬਾਹਰ ਜਾਣ ਸਮੇਂ ਕੋਈ ਰੁਕਾਵਟ ਨਹੀਂ ਪਾਉਣਗੇ| ਕਕਰਾਲੀ ਰਾਤ ਦਾ ਹਨੇਰਾ, ਸਿਆਲ ਦੀ ਰੁੱਤ, ਮੋਸਲੇਧਾਰ ਬਾਰਸ਼, ਇਹੋ ਜਿਹੇ ਵਾਤਾਵਰਨ ਵਿੱਚ ਦੁਸ਼ਮਣ ਫ਼ੌਜਾਂ ਦੇ ਘੇਰੇ ਵਿੱਚੋਂ ਬਾਹਰ ਨਿਕਲਣਾ ਬੜਾ ਢੁਕਵਾਂ ਸਮਾਂ ਸੀ। ਔਰੰਗਜ਼ੇਬ ਬਾਦਸ਼ਾਹ ਵੱਲੋਂ ਆਈ ਚਿੱਠੀ ਦਾ ਜ਼ਿਕਰ ਗੁਰੂ ਸਾਹਿਬ ਨੇ ‘ਜ਼ਫ਼ਰਨਾਮਾ’ ਵਿੱਚ ਵੀ ਕੀਤਾ ਹੈ:
ਨਵਿਸ਼ਤਾ ਰਸੀਦ ਬ ਗੁਫ਼ਤਾ ਜ਼ਬਾਂ
ਬ ਬਾਯਦ ਕਿ ਈਂ ਕਾਰ ਰਾਹਤ ਰਸਾਂ।
ਇੱਕ ਪਾਸੇ ਦੁਸ਼ਮਣ ਫ਼ੌਜਾਂ ਦੀ ਘੇਰਾਬੰਦੀ, ਬਿਖੜੇ ਤੇ ਭਿਆਨਕ ਰਸਤੇ, ਜੰਗਲ ਤੇ ਮੋਹਲੇਧਾਰ ਬਾਰਿਸ਼, ਕਕਰਾਲੀ ਕਾਲੀ ਘੁੱਪ ਹਨੇਰੀ ਰਾਤ ਤੇ ਸ਼ੂਕਦੀ ਸਰਸਾ ਨਦੀ ਅਤੇ ਦੂਜੇ ਪਾਸੇ ਕਲਗੀਆਂ ਵਾਲੇ ਦੀ ਦ੍ਰਿੜਤਾ, ਸਵੈ-ਵਿਸ਼ਵਾਸ, ਲੋਹ-ਸੰਕਲਪ ਤੇ ਕੁਰਬਾਨੀ ਨਾਲ ਲਟ ਲਟ ਬਦਲੇ ਹੌਸਲਿਆਂ ਨਾਲ ਲਬਰੇਜ਼ ਮੁੱਠੀ ਭਰ ਸਿੰਘ, ਸਿੰਘਣੀਆਂ ਤੇ ਮਾਸੂਮ ਬੱਚੇ। ਇਸ ਕਾਫ਼ਲੇ ਵਿੱਚ ਤਕਰੀਬਨ 460 ਸਿੰਘ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ, ਬੀਬੀ ਸੁਭਿੱਖੀ ਸ਼ਾਮਲ ਸਨ। ਇਨ੍ਹਾਂ ਵਿੱਚੋਂ 40 ਸਿੰਘ ਅਜਿਹੇ ਸਨ, ਜਿਨ੍ਹਾਂ ਗੁਰੂ ਸਾਹਿਬ ਦੇ ਅੰਗ-ਸੰਗ ਰਹਿ ਕੇ ਜਾਨਾਂ ਵਾਰਨ ਦਾ ਹਲਫਨਾਮਾ ਲਿਆ ਸੀ।
ਇਹ ਸਾਰਾ ਕਾਫ਼ਲਾ ਕੀਰਤਪੁਰ ਸਾਹਿਬ ਤੱਕ ਚੁਪਚਾਪ ਤੁਰਦਾ ਰਿਹਾ। ਕੀਰਤਪੁਰ ਤੋਂ ਬਿਲਾਸਪੁਰ ਜਾਣ ਵਾਲਾ ਮੋੜ ਲੰਘ ਕੇ ਸਰਸਾ ਨਦੀ ਵੱਲ ਜਾ ਰਿਹਾ ਸੀ ਕਿ ਕਿਸੇ ਪਹਾੜੀਏ ਨੇ ਇਸ ਕਾਫ਼ਲੇ ਨੂੰ ਦੇਖ ਲਿਆ ਅਤੇ ਜਾ ਕੇ ਫ਼ੌਜਾਂ ਨੂੰ ਸੂਹ ਦਿੱਤੀ। ਸਿੰਘਾਂ ਨੂੰ ਪਹਾੜੀ ਫੌਜਾਂ ਦੇ ਮਗਰ ਆਉਣ ਦੀ ਇਤਲਾਹ ਝੱਖੀਆਂ ਪਿੰਡ ਕੋਲ ਆ ਕੇ ਮਿਲੀ। ਇਹ ਖ਼ਬਰ ਮਿਲਦਿਆਂ ਹੀ ਗੁਰੂ ਸਾਹਿਬ ਨੇ ਜਾਨਬਾਜ਼ ਸਿੰਘਾਂ ਨੂੰ ਖ਼ਾਸ ਪੁਜੀਸ਼ਨ ਲੈਣ ਵਾਸਤੇ ਹਦਾਇਤਾਂ ਕੀਤੀਆਂ। ਭਾਈ ਉਦੈ ਸਿੰਘ ਨੂੰ 50 ਸਿੰਘਾਂ ਦਾ ਜਥਾ ਦੇ ਕੇ ਮੋਰਚਾ ਲਾਉਣ ਲਈ ਹੁਕਮ ਕੀਤਾ। ਭਾਈ ਜੀਵਨ ਸਿੰਘ (ਜੈਤਾ) ਨੂੰ 100 ਸਿੰਘ ਦੇ ਕੇ ਝੱਖੀਆਂ ਪਿੰਡ ਦੇ ਲਾਗੇ ਸਰਸਾ ਨਦੀ ਦੇ ਕਿਨਾਰੇ ਮੋਰਚਾ ਲਾਉਣ ਦੀ ਹਦਾਇਤ ਕੀਤੀ। ਇੱਕ ਸੌ ਸਿੰਘਾਂ ਦਾ ਤੀਜਾ ਜਥਾ ਭਾਈ ਬਚਿੱਤਰ ਸਿੰਘ ਦੀ ਕਮਾਣ ਹੇਠ ਰੋਪੜ ਤੋਂ ਆ ਰਹੀ ਨਵਾਬ ਸਰਹਿੰਦ ਦੀ ਫੌਜ ਨੂੰ ਰੋਕਣ ਲਈ ਹੁਕਮ ਕੀਤਾ। ਗੁਰੂ ਸਾਹਿਬ ਨੇ ਭਾਈ ਉਦੈ ਸਿੰਘ ਨੂੰ ਹਦਾਇਤ ਦਿੱਤੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਬੁਢਾ ਸਿੰਘ ਦੇ ਜਥੇ ਨੂੰ ਇਤਲਾਹ ਦੇਣੀ ਕਿ ਉਹ ਸਰਸਾ ਨਦੀ ਪਾਰ ਕਰ ਕੇ ਕੋਟਲਾ ਪਿੰਡ ਵਿੱਚ ਭਾਈ ਨਿਹੰਗ ਖਾਂ ਦੇ ਕਿਲੇ ਵਿੱਚ ਪੁੱਜ ਜਾਣ। ਇਸੇ ਸਮੇਂ ਦੌਰਾਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ, ਉਨ੍ਹਾਂ ਦੇ ਦੋ ਸੇਵਕ ਭਾਈ ਸੁੰਨਾ ਸਿੰਘ ਤੇ ਬੀਬੀ ਸੁਭਿੱਖੀ ਸਰਸਾ ਨਦੀ ਪਾਰ ਕਰ ਕੇ ਚਮਕੌਰ ਵੱਲ ਚਲੇ ਗਏ। ਮਾਤਾ ਗੁਜਰੀ ਜੀ ਤੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ (ਰਸੋਈਆ) ਆਪਣੇ ਪਿੰਡ ਖੇੜੀ ਲੈ ਗਿਆ। ਉਸ ਨੇ ਮਾਤਾ ਗੁਜਰੀ ਜੀ ਤੇ ਮਾਸੂਮ ਬੱਚਿਆਂ ਨੂੰ ਸਰਹਿੰਦ ਦੇ ਨਵਾਬ ਕੋਲ ਗ੍ਰਿਫ਼ਤਾਰ ਕਰਾ ਕੇ ਵੱਡੇ ਇਨਾਮ ਪ੍ਰਾਪਤ ਕੀਤੇ।
ਗੁਰੂ ਸਾਹਿਬ ਅਤੇ ਸਿੰਘਾਂ ਨੇ ਸਰਸਾ ਨਦੀ ਦੇ ਹੜ੍ਹਿਆਲੇ ਪਾਣੀਆਂ ਨੂੰ ਪਾਰ ਕੀਤਾ, ਕੁਝ ਸਿੰਘ ਰੁੜ੍ਹ ਵੀ ਗਏ। ਗੁਰੂ ਸਾਹਿਬ ਤੇ ਕੁਝ ਸਿੰਘ ਦਰਿਆ ਸਤਲੁਜ ਦੇ ਕਿਨਾਰੇ ਕਿਨਾਰੇ ਠੰਡੇ ਤੇ ਲੰਧੀ ਮਾਜਰਾ ਪਿੰਡਾਂ ਦੀ ਸਰਜ਼ਮੀਨ `ਚੋਂ ਹੁੰਦੇ ਹੋਏ ਨਿਹੰਗ ਖਾਂ ਦੀ ਗੜ੍ਹੀ ਪੁੱਜੇ ਸਨ। ਦੂਜੇ ਪਾਸੇ ਬਚਿਤ੍ਰ ਸਿੰਘ ਤੇ ਉਸ ਦੇ ਜਥੇ ਦੀ ਰੋਪੜ ਨੂੰ ਜਾਂਦਿਆਂ ਮਲਕਪੁਰ ਦੇ ਰੰਘੜਾਂ ਅਤੇ ਰੋਪੜ ਦੇ ਪਠਾਣਾਂ ਨਾਲ ਗਹਿਗੱਚ ਲੜਾਈ ਹੋਈ। ਇਸ ਵਿੱਚ ਬਚਿਤ੍ਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋਏ। ਸਾਹਿਬਜ਼ਾਦਾ ਅਜੀਤ ਸਿੰਘ ਤੇ ਹੋਰ ਸਿੰਘ ਰਸਤੇ ਵਿੱਚ ਪਏ ਜ਼ਖ਼ਮੀ ਬਚਿਤ੍ਰ ਸਿੰਘ ਨੂੰ ਚੁੱਕ ਕੇ ਨਿਹੰਗ ਦੀ ਗੜ੍ਹੀ ਵਿੱਚ ਲੈ ਆਏ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘ ਉਡੀਕ ਕਰ ਰਹੇ ਸਨ।
ਗੁਰ ਸਾਹਿਬ ਤੇ ਸਿੰਘ ਸਾਰਾ ਦਿਨ 6 ਦਸੰਬਰ 1705 ਨੂੰ ਨਿਹੰਗ ਖਾਂ ਦੀ ਗੜ੍ਹੀ ਵਿੱਚ ਠਹਿਰੇ। ਜ਼ਖ਼ਮੀ ਭਾਈ ਬਚਿਤ੍ਰ ਸਿੰਘ ਨੂੰ ਇਲਾਜ ਲਈ ਉਥੇ ਛੱਡ, ਸਾਰੇ ਸਿੰਘ ਤੇ ਗੁਰੂ ਸਾਹਿਬ ਰਾਤ ਸਮੇਂ ਲਖਮੀਪੁਰ ਵੱਲ ਨਿਕਲ ਤੁਰੇ। ਨਿਹੰਗ ਖਾਂ ਦੀ ਸੇਵਾ ਤੋਂ ਖ਼ੁਸ਼ ਹੋ ਕੇ ਉਸ ਨੂੰ ਇੱਕ ਕਟਾਰ ਤੇ ਢਾਲ ਬਖ਼ਸ਼ੀ। ਗੁਰੂ ਸਾਹਿਬ ਨੇ ਕੋਟਲਾ ਨਿਹੰਗ ਖਾਂ ਤੋਂ ਬੂਰ ਮਾਜਰਾ, ਮਾਛੀਵਾੜੇ ਆਦਿ ਦਿਸ਼ਾ ਵੱਲ ਜਾਣਾ ਸੀ। ਬੂਰ ਮਾਜਰਾ ਪਿੰਡ ਕੋਲ ਗੁਰੂ ਸਾਹਿਬ ਨੂੰ ਸੂਚਨਾ ਮਿਲੀ ਕਿ ਦੁਸ਼ਮਣ ਫੌਜਾਂ ਪਿੱਛਾ ਕਰ ਰਹੀਆਂ ਹਨ। ਗੁਰੂ ਸਾਹਿਬ ਨੇ ਉਸ ਸਮੇਂ ਚਮਕੌਰ ਵੱਲ ਜਾਣ ਦਾ ਫੈਸਲਾ ਕੀਤਾ। ਦੁਸ਼ਮਣਾਂ ਦੀ ਫ਼ੌਜ ਬੜੀ ਰਫ਼ਤਾਰ ਨਾਲ ਪਿੱਛੇ ਆ ਰਹੀ ਸੀ ਅਤੇ ਚਮਕੌਰ ਨੂੰ ਸਾਰੀਆਂ ਦਿਸ਼ਾਵਾਂ ਵੱਲੋਂ ਘੇਰ ਲਿਆ। ਗੁਰੂ ਸਾਹਿਬ ਨੇ ਬੁੱਧੀ ਚੰਦ ਦੀ ਹਵੇਲੀ (ਚਮਕੌਰ ਦੀ ਗੜ੍ਹੀ) ਵਿੱਚ ਰਹਿ ਕੇ ਬੇਮਿਸਾਲ ਦਲੇਰੀ ਨਾਲ ਜਿਵੇਂ ਦੁਸ਼ਮਣ ਫ਼ੌਜਾਂ ਦਾ ਮੁਕਾਬਲਾ ਕੀਤਾ, ਉਹ ਸੰਸਾਰ ਦੀ ਜੰਗੀ-ਤਵਾਰੀਖ਼ ਦਾ ਇੱਕ ਅਹਿਮ ਸੁਨਹਿਰੀ ਵਰਕਾ ਹੈ।
ਇੱਥੇ ਇਹ ਬਾਤ ਗ਼ੌਰਤਲਬ ਹੈ ਕਿ ਆਨੰਦਪੁਰ ਸਾਹਿਬ ਦੇ ਚਾਲੀ ਮੁਕਤਿਆਂ ਵਿੱਚੋਂ ਚਮਕੌਰ ਪੁੱਜਣ ਤੱਕ 37 ਸਿੰਘ ਰਹਿ ਗਏ ਸਨ। ਭਾਈ ਜੀਵਨ ਸਿੰਘ, ਉਦੈ ਸਿੰਘ ਤੇ ਬਚਿੱਤ੍ਰ ਸਿੰਘ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। ਜਦੋਂ ਗੁਰੂ ਸਾਹਿਬ ਚਮਕੌਰ ਪੁੱਜੇ ਸਨ, ਉਸ ਸਮੇਂ ਹੋਰ ਸਿੰਘ ਵੀ ਨਾਲ ਸ਼ਾਮਲ ਹੋ ਚੁੱਕੇ ਸਨ, ਜਿਨ੍ਹਾਂ ਦੀ ਗਿਣਤੀ 47 ਹੋ ਚੁੱਕੀ ਸੀ ( 37 ਅਨੰਦਪੁਰੀ ਮੁਕਤੇ, 8 ਨਵੇਂ ਸਿੰਘ ਅਤੇ 2 ਵੱਡੇ ਸਾਹਿਬਜ਼ਾਦੇ)। ਇਸ ਲੜਾਈ ਬਾਰੇ ‘ਬਚਿੱਤਰ ਨਾਟਕ’ ਵਿੱਚ ਵੀ ਜ਼ਿਕਰ ਆਉਂਦਾ ਹੈ।
ਚਮਕੌਰ ਦੀ ਗੜ੍ਹੀ ਵਿੱਚ ਮੁੱਠੀ ਭਰ ਸਿੰਘਾਂ ਨੇ ਬੜੀ ਬਹਾਦਰੀ ਨਾਲ ਜੰਗ ਲੜੀ, ਜਿਸ ਵਿੱਚ 37 ਸਿੰਘਾਂ ਸਮੇਤ ਦੋ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਰਾਤ ਸਮੇਂ (7 ਦਸੰਬਰ 1705) ਤੱਕ ਗੁਰੂ ਸਾਹਿਬ ਤੇ ਪੰਜ ਸਿੰਘ ਗੜ੍ਹੀ ਵਿੱਚ ਰਹਿ ਗਏ ਸਨ। ਰਾਤ ਸਮੇਂ ਪੰਜਾਂ ਸਿੰਘ ਨੇ ਗੁਰਮਤਾ ਕੀਤਾ, ਜਿਸ ਨੂੰ ਗੁਰੂ ਸਾਹਿਬ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਪਿਆ। 7 ਦਸੰਬਰ 1705 ਦੀ ਰਾਤ ਨੂੰ ਗੁਰੂ ਸਾਹਿਬ ਤੇ ਤਿੰਨ ਸਿੰਘ, ਨਬੀ ਖਾਂ ਅਤੇ ਗਨੀ ਖਾਂ ਦੀ ਸਹਾਇਤਾ ਨਾਲ ਗੜ੍ਹੀ ਤੋਂ ਬਾਹਰ ਨਿਕਲ ਕੇਵਲ ਦੋ ਸਿੰਘ ਭਾਈ ਸੰਤ ਸਿੰਘ ਬੰਗੇਸ਼ਰੀ ਅਤੇ ਭਾਈ ਸੰਗਤ ਸਿੰਘ ਅਰੋੜਾ ਹੀ ਗੜ੍ਹੀ ਵਿੱਚ ਰਹੇ, ਜਿਨ੍ਹਾਂ ਵਿੱਚ ਭਾਈ ਸੰਗਤ ਸਿੰਘ ਕਰਤਾ ਨੂੰ ਗੁਰੂ ਸਾਹਿਬ ਨੇ ਆਪਣੀ ਕਲਗੀ, ਲਿਬਾਸ ਆਦਿ ਪਹਿਨਾਏ| 8 ਦਸੰਬਰ ਦੀ ਸਵੇਰ ਨੂੰ ਗੜ੍ਹੀ `ਤੇ ਦੁਸ਼ਮਣਾਂ ਵੱਲੋਂ ਇੱਕ ਜ਼ਬਰਦਸਤ ਹਮਲਾ ਹੋਇਆ, ਜਿਸ ਵਿੱਚ ਇਹ ਦੋਵੇਂ ਸਿੰਘ ਲੜਦੇ-ਲੜਦੇ ਸ਼ਹੀਦੀ ਪ੍ਰਾਪਤ ਕਰ ਗਏ।
ਸਾਹਿਬਜ਼ਾਦਾ ਅਜੀਤ ਸਿੰਘ: ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ 26 ਜਨਵਰੀ 1687 ਨੂੰ ਪਾਉਂਟਾ ਸਾਹਿਬ ਵਿਖੇ ਹੋਇਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਸਾਹਿਬਜ਼ਾਦੇ ਕਰ ਕੇ ਯਾਦ ਕੀਤਾ ਜਾਂਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਬਚਪਨ ਤੋਂ ਹੀ ਬੜੇ ਜ਼ਹੀਨ, ਗੁਰਬਾਣੀ ਨਾਲ ਸਰਸ਼ਾਰ ਅਤੇ ਫੁਰਤੀਲੇ ਸਨ। ਛੋਟੀ ਉਮਰ ਵਿੱਚ ਹੀ ਘੋੜ ਸਵਾਰੀ, ਗਤਕੇਬਾਜ਼ੀ ਅਤੇ ਬੰਦੂਕ ਚਲਾਉਣ ਵਿੱਚ ਮੁਹਾਰਤ ਹਾਸਲ ਕਰ ਲਈ ਸੀ। 23 ਮਈ 1699 ਨੂੰ ਇੱਕ ਸੌ ਸਿੰਘਾਂ ਦੇ ਜਥੇ ਦੀ ਕਮਾਨ ਕਰਦੇ ਹੋਏ ਨੇੜਲੇ ਪਿੰਡ ਰੰਘੜਾਂ ਦੀ ਚੰਗੀ ਭੁਗਤ ਸਵਾਰੀ, ਜਿਨ੍ਹਾਂ ਇੱਕ ਵੇਰ ਆਨੰਦਪੁਰ ਸਾਹਿਬ ਵੱਲ ਆ ਰਹੀ ਪੋਠੋਹਾਰ ਦੀ ਸੰਗਤ ਨੂੰ ਲੁੱਟ ਲਿਆ ਸੀ। 15 ਮਾਰਚ 1700 ਨੂੰ ਬਜਰੂਤ ਪਿੰਡ ਦੇ ਗੁਜਰਾਂ `ਤੇ ਹਮਲਾ ਕੀਤਾ, ਜਿਨ੍ਹਾਂ ਇੱਕ ਵੇਰ ਦੜਪ ਦੀ ਸੰਗਤ ਨੂੰ ਲੁੱਟ ਲਿਆ ਸੀ। 29 ਅਗਸਤ 1700 ਨੂੰ ਤਾਰਾਗੜ੍ਹ ਕਿਲ੍ਹੇ `ਤੇ ਪਹਾੜੀ ਰਾਜਿਆਂ ਹਮਲਾ ਕੀਤਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਸਿੰਘਾਂ ਸਮੇਤ ਬਹਾਦਰੀ ਨਾਲ ਹਮਲਾ ਪਛਾੜ ਦਿੱਤਾ। ਇਸੇ ਤਰ੍ਹਾਂ ਅਕਤੂਬਰ 1700 ਨੂੰ ਦੁਬਾਰਾ ਪਹਾੜੀ ਫੌਜਾਂ ਨੇ ਨਿਰਮੋਹਗੜ੍ਹ `ਤੇ ਹਮਲਾ ਕੀਤਾ ਤਾਂ ਸਾਹਿਬਜ਼ਾਦਾ ਮੋਹਰੀ ਹੋ ਕੇ ਤਨਦੇਹੀ ਨਾਲ ਲੜਿਆ ਅਤੇ ਅਨੇਕਾਂ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇੱਕ ਵਾਰ ਬ੍ਰਾਹਮਣ ਦਵਾਰਕਾ ਦਾਸ ਦੀ ਪਤਨੀ ਨੂੰ ਬਸੀ ਕਲਾਂ ਦਾ ਹਾਕਮ ਚੁੱਕ ਕੇ ਲੈ ਗਿਆ। 7 ਮਾਰਚ 1703 ਨੂੰ ਭਾਈ ਉਦੈ ਸਿੰਘ ਦੇ ਨਾਲ ਇੱਕ ਸੌ ਸਿੰਘਾਂ ਦੇ ਜਥੇ ਨਾਲ ਸਾਹਿਬਜ਼ਾਦੇ ਨੇ ਬਸੀ ਕਲਾਂ ਤੋਂ ਬ੍ਰਾਹਮਣ ਦੀ ਪਤਨੀ ਛੁਡਾ ਕੇ ਬ੍ਰਾਹਮਣ ਦੇ ਹਵਾਲੇ ਕੀਤੀ। ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣੀ ਉਮਰ ਦਾ ਬਹੁਤਾ ਸਮਾਂ ਆਨੰਦਪੁਰ ਸਾਹਿਬ ਦੀ ਧਰਤੀ `ਤੇ ਹੀ ਗੁਜ਼ਾਰਿਆ। ਮਈ 1705 ਵਿੱਚ ਜਦੋਂ ਆਨੰਦਪੁਰ ਸਾਹਿਬ ਨੂੰ ਪਹਾੜੀ ਤੇ ਮੁਗ਼ਲ ਫ਼ੌਜਾਂ ਨੇ ਘੇਰਾ ਪਾਇਆ ਸੀ ਤਾਂ ਆਪ ਵੀ ਉਥੇ ਸਨ। ਦੋਵੇਂ ਵੱਡੇ ਸਾਹਿਬਜ਼ਾਦੇ ਆਨੰਦਪੁਰ ਸਾਹਿਬ ਛੱਡਣ ਸਮੇਂ ਕਲਗੀਧਰ ਪਿਤਾ ਦੇ ਨਾਲ ਸਨ। ਜਦੋਂ ਚਮਕੌਰ ਦੀ ਗੜ੍ਹੀ ਵਿੱਚ ਚਾਲੀ ਸਿੰਘਾਂ ਨੇ ਇੱਕ ਜ਼ਬਰਦਸਤ ਲੜਾਈ ਲੜੀ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਸਿੰਘ ਗਰਜ ਨਾਲ ਮੈਦਾਨ-ਜੰਗ ਵਿੱਚ ਜਾ ਕੇ ਜੰਗੀ ਕਰਤੱਬ ਦਿਖਾਏ ਅਤੇ ਵੈਰੀਆਂ ਨੂੰ ਮਾਰ ਮੁਕਾਇਆ ਤਾਂ ਸਾਰੇ ਦੁਸ਼ਮਣ ਖ਼ੁਦਾ-ਖ਼ੁਦਾ ਅਲਾਪਣ ਲੱਗੇ।
ਸ਼ਹੀਦੀ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ 18 ਸਾਲ, 11 ਮਹੀਨੇ 19 ਦਿਨ ਸੀ।
ਸਾਹਿਬਜ਼ਾਦਾ ਜੁਝਾਰ ਸਿੰਘ: ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ 14 ਮਾਰਚ 1691 ਨੂੰ ਆਨੰਦਪੁਰ ਸਾਹਿਬ ਵਿੱਚ ਹੋਇਆ। ਬਚਪਨ ਤੋਂ ਹੀ ਉਹ ਬੜੇ ਬੁੱਧੀਮਾਨ, ਗੁਰਬਾਣੀ ਦੇ ਗਿਆਤਾ, ਘੋੜਸਵਾਰ ਤੇ ਤੇਗਬਾਜ਼ੀ ਵਿੱਚ ਨਿਪੁੰਨ ਹੋ ਚੁੱਕੇ ਸਨ। ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਵੱਲੋਂ ਚਾਲੇ ਪਾਏ ਤਾਂ ਉਹ ਵੀ ਨਾਲ ਹਮਸਫ਼ਰ ਸਨ। ਚਮਕੌਰ ਦੀ ਜੰਗ ਸਮੇਂ ਗੜ੍ਹੀ `ਚੋਂ ਨਿਕਲ ਕੇ ਜੈਕਾਰੇ ਛੱਡਦੇ ਆਹਮੋ-ਸਾਹਮਣੀ ਲੜਾਈ ਲੜੀ। ਬਹੁਤ ਸਾਰੇ ਦੁਸ਼ਮਣ ਸਿਪਾਹੀਆਂ ਨੂੰ ਮਾਰ ਕੇ ਆਪ ਵੀ ਸ਼ਹੀਦੀ ਪ੍ਰਾਪਤ ਕੀਤੀ।
ਇਸ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਪਰੰਪਰਾ ਤੋਂ ਜਾਣੂ ਕਰਾਇਆ:
ਹੇ ਸੁਤ ਤੁਮ ਹਮ ਕੇ ਹੋ ਪਿਯਾਰੇ।
ਤੁਰਕ ਨਾਸ ਹਿਤ ਤੁਮ ਤਨ ਧਾਰੇ
ਜੇ ਆਪਨੇ ਸਿਰ ਰਣ ਮੈਂ ਲਾਗੇ।
ਤਾਂ ਕਰ ਲਾਸ ਮਲੇਛ ਸੁਭਾਗੇ।
ਤੇ ਤੇ ਯਾ ਸਮ ਸਮਾ ਨ ਕੋਈ
ਤੁਮ ਦੋਹਹੁ ਸੰਘਰ ਭਲ ਕੋਈ।
(ਗੁਰਬਿਲਾਸ ਪਾਤਸ਼ਾਹੀ ਦਸਵੀਂ)
ਸਿਖਰ ਦੁਪਹਿਰ ਸ਼ੁਰੂ ਹੋਈ ਇਹ ਲੜਾਈ ਸੂਰਜ ਅਲੋਪ ਹੋਣ ਤੱਕ ਹੁੰਦੀ ਰਹੀ। ਇਸ ਜੰਗ ਦਾ ਜ਼ਿਕਰ ਗੁਰੂ ਸਾਹਿਬ ਨੇ ‘ਜ਼ਫਰਨਾਮੇ’ ਵਿੱਚ ਵੀ ਕੀਤਾ ਹੈ। ‘ਭਟਵਹੀ ਮੁਲਤਾਨੀ ਸਿੰਧੀ’ ਵਿੱਚ ਇਸ ਲੜਾਈ ਦੀ ਤਫਸੀਲ ਵੀ ਮਿਲਦੀ ਹੈ: “ਜੁਝਾਰ ਸਿੰਘ ਬੇਟਾ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮੇਂ ਕਾ… ਸੰਮਤ ਸਤਰਾਂ ਸੈ ਬਾਸਠ, ਪੇਖ ਮਾਸੇ ਸੁਦੀ ਤੀਕ ਵੀਰਵਾਰ ਦਿਹ… ਮੁਕਾਮ ਚਮਕੌਰ ਪਰਗਣਾ ਰੋਪੜ, ਤੁਰਕ ਫ਼ੌਜ ਗੈਲ ਸਾਮੇ, ਮਾਤੇ ਜੂਝ ਕੇ ਸ਼ਹਾਦਤਾਂ ਪਾਇ ਗਏ। ਆਗੂ ਗੁਰੂ ਕੀ ਗਤਿ ਗੁਰੂ ਜਾਣੇ।”
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀ ਕਾ’ ਦਾ ਕਰਤਾ ਲਿਖਦਾ ਹੈ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਨਾਲ ਪੰਝੀ ਸਿੰਘ ਮੈਦਾਨੇ-ਜੰਗ ਵਿੱਚ ਨਾਲ ਆਏ ਸਨ। ਸ਼ਾਮ ਤੱਕ ਇਸ ਲੜਾਈ ਵਿੱਚੋਂ ਕੇਵਲ ਪੰਜ ਸਿੰਘ ਹੀ ਬਚੇ ਸਨ। ਰਾਤ ਸਮੇਂ ਗੁਰੂ ਸਾਹਿਬ ਗੜ੍ਹੀ `ਚੋਂ ਤਿੰਨ ਸਿੰਘਾਂ ਨਾਲ ਨਿਕਲ ਗਏ। ਦੋ ਸਿੰਘ 8 ਦਸੰਬਰ 1705 ਦੀ ਸਵੇਰ ਨੂੰ ਲੜਦੇ ਲੜਦੇ ਸ਼ਹੀਦੀ ਪਾ ਗਏ। ਇਸ ਦਾ ਜ਼ਿਕਰ ‘ਆਹਿਕਾਮਿ-ਆਲਮਗੀਰੀ’ ਦੇ ਸਫ਼ਾ 11 `ਤੇ ਮਿਰਜ਼ਾ ਇਨਾਇਤੁਲਾ ਖਾਂ ਇਸਮੀ ਨੇ ਵੀ ਕੀਤਾ ਹੈ। ਸਾਹਿਬਜ਼ਾਦਾ ਜੁਝਾਰ ਸਿੰਘ ਦੀ ਸ਼ਹੀਦੀ ਸਮੇਂ ਕੁੱਲ ਉਮਰ 14 ਸਾਲ, 9 ਮਹੀਨੇ ਅਤੇ 7 ਦਿਨ ਸੀ।
ਸਾਹਿਬਜ਼ਾਦਾ ਜ਼ੋਰਾਵਰ ਸਿੰਘ: ਜ਼ੋਰਾਵਰ ਸਿੰਘ ਦਾ ਜਨਮ 17 ਨਵੰਬਰ 1696 ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ। ਛੋਟੀ ਉਮਰ ਤੋਂ ਹੀ ਉਨ੍ਹਾਂ ਦਾ ਹਿਰਦਾ ਸਿੱਖੀ ਸਪਿਰਿਟ ਨਾਲ ਲਟ ਲਟ ਬਲਦਾ ਸੀ। ਜਦੋਂ ਗੁਰੂ ਸਾਹਿਬ ਨੇ 5-6 ਦਸੰਬਰ 1705 ਨੂੰ ਆਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕੀਤਾ ਤਾਂ ਇਹ ਵੀ ਉਨ੍ਹਾਂ ਦੇ ਨਾਲ ਸੀ। ਦੋਵੇਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਹਮਸਫ਼ਰ ਹੋਏ ਸਨ।
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੇ ਸ਼ੂਕਦੀ ਸਰਸਾ ਨਦੀ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਪਾਰ ਕੀਤੀ ਤਾਂ ਇਹ ਬਾਕੀ ਕਾਫ਼ਲੇ ਨਾਲੋਂ ਵਿਛੜ ਗਏ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ:
ਲਖ਼ਤਿ ਜਿਗਰ ਹਜ਼ੂਰ ਕੇ ਜਿਸ ਦਮ ਵਿਛੜ ਗਏ।
ਪਾਉ ਵਹੀ ਵਫੂਹਿ ਮੁਹੱਬਤ ਸੇ ਗੜਵ ਗਏ।
ਜ਼ੋਰਾਵਰ ਔਰ ਫ਼ਤਿਹ ਕਾ, ਇਸ ਦਮ ਬਿਆਂ ਸੁਣੋ।
ਪਹੁੰਚੇ ਬਿਛੜ ਕੇ ਹਾਇ| ਕਹਾਂ ਸੇ ਕਹਾਂ ਸੁਨੋ।
ਸਰਸਾ ਨਦੀ ਦੇ ਕੰਢੇ ਜੋ ਉਦੈ ਸਿੰਘ ਦੇ ਜਥੇ ਨੇ ਵੈਰੀਆਂ ਨਾਲ ਲੜਾਈ ਲੜੀ, ਉਸ ਦਾ ਜ਼ਿਕਰ ਗੁਰੂ ਸਾਹਿਬ ਨੇ ਆਪ ਕੀਤਾ ਹੈ:
ਸ਼ਾਹੀ ਟਿੱਬੀ ਆਣਿ ਕੈ ਖੜੇ ਤਏ ਤਿਹ ਥਾਨੁ॥
ਰਾਜਾ ਅਰੁ ਤੁਰਕਾਨ ਸਬ ਨਿਕਿਟ ਪਹੁੰਚੇ ਆਨ॥
ਉਦੈ ਸਿੰਘ ਲਲਕਾਰ ਕੇ ਖੁਸ਼ੀ ਕਰੀ ਕਰਤਾਰ॥
ਸਫਲ ਜਨਮ ਇਹ ਭਾਂਤ ਕਹਿ ਦੂਤਨ ਕਰੋ ਸੰਘਾਰ॥
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰਸੋਈਆ ਗੰਗੂ ਬ੍ਰਾਹਮਣ ਆਪਣੇ ਨਾਲ ਪਿੰਡ ਸਹੇੜੀ ਲੈ ਗਿਆ। ਉਸ ਨੇ ਇਨ੍ਹਾਂ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ। ਸਵੇਰ ਹੁੰਦਿਆਂ ਹੀ ਗੰਗੂ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਸੂਬੇਦਾਰ ਵਜ਼ੀਰ ਖਾਂ ਸਰਹਿੰਦ ਦੇ ਹਵਾਲੇ ਕਰ ਦਿੱਤਾ, ਤੇ ਸਾਰੇ ਸ਼ਾਹੀ ਕੈਦੀਆਂ ਨੂੰ ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ।
ਦੂਜੇ ਦਿਨ ਸੂਬੇਦਾਰ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰਨ ਲਈ ਲੈ ਗਏ। ਜਦੋਂ ਸਾਹਿਬਜ਼ਾਦੇ ਕਚਹਿਰੀ ਵਿੱਚ ਪੇਸ਼ ਹੋਏ ਤਾਂ ਇਨ੍ਹਾਂ ਨੇ ਗੱਜ ਕੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਬੁਲਾਈ। ਪਹਿਲਾਂ ਇਨ੍ਹਾਂ ਦੋਹਾਂ ਮਾਸੂਮ ਬੱਚਿਆਂ ਨੂੰ ਵਾਅਦੇ ਅਤੇ ਵਰਗਲਾ ਕੇ ਮੁਸਲਮਾਨ ਧਰਮ ਕਬੂਲ ਕਰਨ ਦੀ ਪੇਸ਼ਕਤ ਕੀਤੀ ਗਈ। ਜਦੋਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਤਾਂ ਤਸੀਹੇ ਅਤੇ ਧਮਕੀਆਂ ਦੇਣ ਦੇ ਹਥਕੰਡੇ ਵਰਤੇ ਗਏ। ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਮਾਸੂਮ ਬੱਚਿਆਂ ਨੂੰ ਮਾਰਨ ਤੋਂ ਸੂਬੇਦਾਰ ਵਜ਼ੀਰ ਖਾਂ ਨੂੰ ਵਰਜਿਆ। ਕਚਹਿਰੀ ਵਿੱਚ ਹੀ ਮੌਜੂਦ ਸੂਬੇਦਾਰ ਦੇ ਦੀਵਾਨ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਮਾਰਨ ਲਈ ਵਜ਼ੀਰ ਖਾਂ ਨੂੰ ਉਕਸਾਇਆ।
ਸੂਬੇਦਾਰ ਵਜ਼ੀਰ ਖਾਂ ਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਜ਼ਿੰਦਾ ਚਿਣਾਉਣ ਦਾ ਆਦੇਸ਼ ਦਿੱਤਾ। ਕੁਝ ਘੰਟਿਆਂ ਬਾਅਦ ਜਦੋਂ ਦੀਵਾਰ ਮੋਢਿਆਂ ਉਪਰ ਆ ਗਈ ਤਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਸ਼ਹੀਦੀ ਸਮੇਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਕੁੱਲ ਉਮਰ 9 ਸਾਲ, ਇੱਕ ਮਹੀਨਾ ਤੇ ਪੰਜ ਦਿਨ ਸੀ।
ਸਾਹਿਬਜ਼ਾਦਾ ਫ਼ਤਹਿ ਸਿੰਘ: ਇਨ੍ਹਾਂ ਦਾ ਜਨਮ 26 ਫਰਵਰੀ 1699 ਨੂੰ ਆਨੰਦਪੁਰ ਸਾਹਿਬ ਵਿੱਚ ਹੋਇਆ। ਮਾਤਾ ਜੀਤ ਕੌਰ ਦਾ ਦੇਹਾਂਤ 6 ਦਸੰਬਰ 1700 ਨੂੰ ਹੋਇਆ। ਉਸ ਸਮੇਂ ਫ਼ਤਹਿ ਸਿੰਘ ਦੀ ਉਮਰ ਇੱਕ ਸਾਲ ਦਸ ਮਹੀਨੇ ਦੀ ਸੀ। ਇਸ ਲਈ ਇਨ੍ਹਾਂ ਦੋਵੇਂ ਛੋਟੇ ਵੀਰਾਂ ਦੀ ਪਰਵਰਿਸ਼ ਦਾਦੀ ਮਾਤਾ ਗੁਜਰੀ ਜੀ ਦੀ ਦੇਖ-ਰੇਖ ਹੇਠ ਪ੍ਰਵਾਨ ਚੜ੍ਹੀ। 5-6 ਦਸੰਬਰ 1705 ਨੂੰ ਮਾਤਾ ਗੁਜਰੀ ਜੀ ਤੇ ਵੱਡੇ ਵੀਰ ਸਿੰਘ ਵੀ ਕਿਲੇ `ਚ ਬਾਹਰ ਇਕੱਠੇ ਨਿਕਲੇ ਸਨ। ਬਾਅਦ ਵਿੱਚ ਸਰਸਾ ਨਦੀ ਪਾਰ ਕਰ ਕੇ ਗੰਗੂ ਬ੍ਰਾਹਮਣ ਨੇ ਸਰਹਿੰਦ ਦੇ ਸੂਬੇਦਾਰ ਕੋਲੋਂ ਸ਼ਹੀਦ ਕਰਵਾ ਛੱਡ ਸਨ।
ਮਾਸੂਮ ਬੱਚਿਆਂ ਨੂੰ ਬੜੇ ਲੋਭ, ਲਾਲਚ ਦਿੱਤੇ ਗਏ ਪਰ ਇਨ੍ਹਾਂ ਹਰ ਤਰ੍ਹਾਂ ਦੇ ਤਸੀਹੇ ਛੱਡ ਕੇ ਸ਼ਹਾਦਤ ਦਾ ਜਾਮ ਪੀਤਾ, ਜੋ ਸੰਸਾਰ ਦੀ ਤਵਾਰੀਖ਼ ਵਿੱਚ ਅਨੋਖੀ ਅਤੇ ਬੇਮਿਸਾਲ ਹੈ। ਆਪਣੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਅਤੇ ਪੜਦਾਦਾ ਗੁਰੂ ਹਰਿਗੋਬਿੰਦ ਸਾਹਿਬ ਦੇ ਮਨੋਭਾਵਾਂ, ਧਰਮ ਦੀ ਵਿਚਾਰਧਾਰਾ `ਤੇ ਚੱਟਾਨ ਵਾਂਗ ਖੜ੍ਹੇ ਰਹੇ ਅਤੇ ਜ਼ਾਲਮੀ ਹਾਕਮਾਂ ਦੇ ਮਨਸੂਬੇ ਚਕਨਾਚੂਰ ਕੀਤੇ। ਸੰਸਾਰ ਦੇ ਇਤਿਹਾਸ ਵਿੱਚ ਇੰਝ ਪਹਿਲੀ ਵਾਰ ਹੋਇਆ ਕਿ ਮਾਸੂਮ ਬੱਚਿਆਂ ਨੂੰ ਭਵਿੱਖ ਦੇ ਸੁਖ, ਤਸੀਹੇ ਦੀਆਂ ਧਮਕੀਆਂ ਅਤੇ ਮੌਤ ਦੇ ਡਰ ਉਨ੍ਹਾਂ ਨੂੰ ਆਪਣਾ ਗੌਰਵਮਈ ਧਰਮ ਛੱਡਣ ਲਈ ਫੁਸਲਾ ਨਾ ਸਕੇ। ਇੰਝ ਮਾਸੂਮ ਬੱਚਿਆਂ ਨੇ ਆਪਣੇ ਧਰਮ ਤੇ ਸੁਤੰਤਰਤਾ ਲਈ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ। ਸ਼ਹੀਦੀ ਸਮੇਂ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਉਮਰ 6 ਸਾਲ, 10 ਮਹੀਨੇ ਤੇ 14 ਦਿਨ ਸੀ।
ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮੇ ਵਿੱਚ ਲਿਖਿਆ ਕਿ ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਪਰ ਅਜੇ ਕੁੰਡਲੀਦਾਰ ਨਾਗ ਰੂਪੀ ਖ਼ਾਲਸਾ ਉਂਜ ਦਾ ਉਂਜ ਹੈ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਅਦ ਮਾਤਾ ਗੁਜਰੀ ਜੀ ਨੂੰ ਵੀ ਸੂਬੇਦਾਰ ਦੇ ਸਿਪਾਹੀਆਂ ਨੇ ਤਸੀਹੇ ਦੇ ਕੇ ਠੰਢੇ ਬੁਰਜ ਵਿੱਚ ਮਾਰ ਦਿੱਤਾ। ਬਾਅਦ ਵਿੱਚ ਸਰਹਿੰਦ ਦੇ ਹੀ ਇੱਕ ਵਪਾਰੀ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖ਼ਰੀਦੀ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਇੱਥੇ ਹੀ ਹੁਣ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ। ਸੰਸਾਰ ਦੇ ਇਤਿਹਾਸ ਵਿੱਚ ਇਹ ਸਭ ਤੋਂ ਕੀਮਤੀ ਜ਼ਮੀਨ ਮੰਨੀ ਜਾਂਦੀ ਹੈ| ਅੱਲਾ ਯਾਰ ਖਾਂ ਜੋਗੀ ਸੰਸਾਰ ਵਿੱਚ ਇਸ ਅਨੋਖੀ ਸ਼ਹਾਦਤ ਨੂੰ ਸਿੱਖ ਸਲਤਨਤ ਦਾ ਨੀਂਹ ਪੱਥਰ ਕਰਾਰ ਦਿੰਦਾ ਹੈ:
ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ।
ਸਿੱਖੀ ਕੀ ਨੀਂਵ ਹਮ ਹੈਂ ਸਰ ਪਰ ਉਠਾ ਚਲੇ।
ਗੁਰਿਆਈ ਕਾ ਹੈ ਕਿਸਾ ਜਹਾਂ ਮੈਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ।
