*ਅਕਾਲੀਆਂ ਲਈ ਸੰਕਟ ਭਰੋਸੇਯੋਗਤਾ ਦਾ
*ਕਾਂਗਰਸੀਆਂ ਦੀ ਪਾਟੋਧਾੜ ਜਾਰੀ
ਜਸਵੀਰ ਸਿੰਘ ਮਾਂਗਟ
ਪੰਜਾਬ ਵਿੱਚ ਕੇਂਦਰ ਦੀ ਡੋਰ ਨਾਲ ਬੱਝੇ ਪੁਤਲਿਆਂ ਦਾ ‘ਸਿਆਸੀ ਖੇਲ’ ਲਗਾਤਾਰ ਚਲ ਰਿਹਾ ਹੈ। ਪੰਜਾਬ ਦੇ ਲੋਕਾਂ ਦੀ ਕਿਸਮਤ ਲਈ ਲੜੀ ਜਾਣ ਵਾਲੀ ਫੈਸਲਾਕੁੰਨ ਲੜਾਈ ਦੇ ਕਿਰਦਾਰ ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਭਾਵੇਂ ਹਾਲ ਦੀ ਘੜੀ ਨਾਦਾਰਦ ਹਨ, ਪਰ ਪੁਤਲਿਆਂ ਦੇ ਖੇਲ੍ਹ ਨੇ ਅਖਾੜਾ ਮਘਾਇਆ ਹੋਇਆ ਹੈ। ਪੰਜਾਬ ਦੀ ਸਮਾਜਿਕ ਬਣਤਰ ਤੇ ਸੱਭਿਆਚਾਰਕ ਹਸਤੀ ਦੀ ਰਾਖੀ, ਆਰਥਿਕ-ਸਿਆਸੀ ਪੁਨਰ ਉਥਾਨ ਦਾ ਕੋਈ ਵੀ ਭਵਿੱਖ-ਖਾਕਾ (ਬਲੂ ਪਰਿੰਟ) ਪੱਲੇ ਨਾ ਹੋਣ ਦੇ ਬਾਵਜੂਦ ਸਿਆਸੀ ਪੁਤਲਿਆਂ ਨੇ ਆਪਣੀ ਸਰਗਰਮੀ ਨਾਲ ਗਾਹ ਪਾਇਆ ਪਿਆ ਹੈ।
ਸਿਆਸੀ ਪੁਤਲਿਆਂ ਦੀ ਉਡਾਈ ਇਸ ਧੂੜ ਨੂੰ ਵੇਖ ਕੇ ਕਈ ਵਾਰ ਲੋਕਾਂ ਲਈ ਇਹ ਬੁਝਾਰਤ ਗੁੰਝਲਦਾਰ ਬਣ ਜਾਂਦੀ ਹੈ ਕਿ ਇਸ ਘਮਸਾਨ ਵਿੱਚ ਉਨ੍ਹਾਂ ਦੀਆਂ ਰੀਝਾਂ/ਹਸਰਤਾਂ ਨੂੰ ਖੰਭ ਲਾਉਣ ਵਾਲਾ ਕੋਈ ਨਾਇਕ ਵੀ ਮੌਜੂਦ ਹੈ ਜਾਂ ਨਹੀਂ? ਇਸ ਭੰਬਲਭੂਸੇ ਵਿੱਚ ਲੋਕ ਪੰਜਾਬ ਦੇ ਹਿੱਤਾਂ ਦਾ ਸਭ ਤੋਂ ਸੋਹਣਾ ਰੋਣਾ ਰੋਣ ਵਾਲੇ ਨੂੰ ਆਪਣਾ ਨਾਇਕ ਚੁਣ ਲੈਂਦੇ ਹਨ। ਪਰ ਅਖੀਰ ਨੂੰ ਇਨ੍ਹਾਂ ਖਿਡਾਉਣਿਆਂ ਦੀ ਅਸਲੀਅਤ ਪੰਜਾਬ ਦੇ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਾਉਂਦੀ ਹੈ। ਇੰਝ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਸੰਕਟ ਮੂਲ ਰੂਪ ਵਿੱਚ ਯੋਗ ਸਿਆਸੀ ਅਗਵਾਈ ਦਾ ਸੰਕਟ ਹੀ ਹੈ; ਕਿਉਂਕਿ ਸਮੁੱਚੇ ਰੂਪ ਵਿੱਚ ਕਿਸੇ ਕੌਮੀਅਤ ਦੇ ਹਿੱਤਾਂ ਨੂੰ ਭਰੋਸੇਯੋਗ ਸਿਆਸਤ ਨੇ ਹੀ ਅਗਵਾਈ ਦੇਣੀ ਹੁੰਦੀ ਹੈ।
ਪੰਜਾਬ ਲਈ ਇਹ ਸੰਕਟ 1947 ਤੋਂ ਬਾਅਦ ਆਮ ਕਰਕੇ ਅਤੇ 1990 ਤੋਂ ਬਾਅਦ ਖਾਸ ਕਰਕੇ ਬੇਹੱਦ ਡੂੰਘਾ ਹੋ ਗਿਆ ਹੈ। 1980-81 ਤੋਂ 1992 ਤੱਕ ਪੰਜਾਬ ਵਿੱਚ ਚੱਲੀ ਖਾੜਕੂ ਸਿੱਖ ਲਾਹਿਰ ਨੂੰ ਦਬਾਉਣ ਲਈ ਕੇਂਦਰ ਨੇ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਦਸਤਿਆਂ `ਤੇ ਜੋ ਪੈਸਾ ਖਰਚਿਆ, ਉਹ ਲੋਕਾਂ ਦੀ ਸੁਰੱਖਿਆ ਦੇ ਬਹਾਨੇ ਪੰਜਾਬ ਦੇ ਸਿਰ ਹੀ ਪਾ ਦਿੱਤਾ ਗਿਆ ਸੀ। ਇਸ ਕਰਜ਼ੇ ਨੇ ਆਜ਼ਾਦੀ ਤੋਂ ਬਾਅਦ ਸਰਪਲੱਸ ਵਿੱਚ ਰਹੀ ਪੰਜਾਬ ਦੀ ਆਰਥਿਕਤਾ ਨੂੰ ਗੈਰ-ਉਪਜਾਊ ਕਰਜ਼ੇ ਦੇ ਭਾਰ ਹੇਠ ਦੱਬਿਆ। ਇਸ ਤੋਂ ਬਾਅਦ ਪੰਜਾਬ ਵਿੱਚ ਪੰਜਾਬ ਦੇ ਵਿਕਾਸ ਦਾ ਰੋਣਾ-ਰੋਅ ਕੇ ਕਈ ਅਕਾਲੀ-ਕਾਂਗਰਸੀ (ਹੁਣ ‘ਆਪ’ ਦੀ) ਸਰਕਾਰਾਂ ਹੋਂਦ ਵਿੱਚ ਆਈਆਂ। ਆਪਣੇ ਇਸ ਪਿੱਟ ਸਿਆਪੇ ਦੀ ਓਟ ਵਿੱਚ ਇਨ੍ਹਾਂ ਦੇ ਭ੍ਰਿਸ਼ਟ ਅਤੇ ਨਾਲਾਇਕ ਆਗੂਆਂ ਨੇ ਆਪਣੇ ਨਿੱਜੀ ਹਿੱਤ ਤਾਂ ਸਾਧੇ ਅਤੇ ਕੱਖਾਂ ਤੋਂ ਕਰੋੜਾਂ-ਅਰਬਾਂ ਦੇ ਮਾਲਕ ਹੋ ਗਏ, ਪਰ ਪੰਜਾਬ ਗਰੀਬ ਹੁੰਦਾ ਰਿਹਾ, ਰਾਜ ਦੇ ਸਿਰ ਲਗਾਤਾਰ ਕਰਜ਼ਾ ਚੜ੍ਹਦਾ ਰਿਹਾ। ਜਿਹੜਾ ਹੁਣ ਸਾਢੇ ਚਾਰ ਲੱਖ ਕਰੋੜ ਦੇ ਕਰੀਬ ਹੋ ਚੁੱਕਾ ਹੈ। ਪੰਜਾਬ ਲੋਕਾਂ ਦੀ ਆਰਥਿਕ, ਸਮਾਜਿਕ, ਮਨੋਵਿਗਿਆਨਕ (ਖੁਦਕਸ਼ੀਆਂ, ਨਸ਼ੇ, ਉਦਾਸੀ ਰੋਗ) ਅਤੇ ਸੱਭਿਆਚਾਰਕ ਹਸਤੀ ਕਮਜ਼ੋਰ ਹੁੰਦੀ ਗਈ। ਕੌਮੀਅਤਾਂ ਜਾਂ ਕੌਮੀ ਬਣਤਰਾਂ ਵਿੱਚ ਧਰਮ ਦੀ ਭੂਮਿਕਾ ਹਮੇਸ਼ਾ ਮਹੱਤਵਪੂਰਨ ਹੁੰਦੀ ਹੈ, ਪਰ ਇਹ ਸਮੁੱਚੇ ਤੌਰ `ਤੇ ਸੱਭਿਆਚਾਰਕ ਹਸਤੀ ਦਾ ਹਿੱਸਾ ਜਾਂ ਕਹੋਂ ਇਸ ਦਾ ਆਧਾਰ ਹੁੰਦੀ ਹੈ। ਇਸ ਲਈ ਸਾਡੇ ਲੋਕਾਂ ਵਿੱਚ ਧਾਰਮਿਕ ਅਤੇ ਇਖਲਾਕੀ ਗਿਰਾਵਟ ਉਪਰੋਕਤ ਸਮੁੱਚੇ ਵਰਤਾਰੇ ਦਾ ਹੀ ਅੰਗ ਹੈ, ਜਿਸ ਵਿੱਚ ਪੰਜਾਬ ਕੇਂਦਰ ਸਰਕਾਰ ਦੀ ਇੱਕ ਬਸਤੀ ਦਾ ਹੀ ਰੂਪ ਧਾਰਦਾ ਜਾ ਰਿਹਾ ਹੈ।
ਦੋ ਕੁ ਸਾਲ ਪਹਿਲਾਂ ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦੀ ਸਰਗਰਮੀ ਨਾਲ ਮਾਹੌਲ ਵਿੱਚ ਗਰਮੀ ਆਉਣ ਲੱਗੀ ਸੀ, ਪਰ ਕੇਂਦਰ ਅਤੇ ਰਾਜ ਸਰਕਾਰ ਨੇ ਇਸ ਨਾਲ ਜੁੜੇ ਕਥਿੱਤ ਤੌਰ `ਤੇ ਅਣਚਾਹੇ ਸਿਆਸੀ ਅਨਸਰਾਂ ਨੂੰ ਪੰਜਾਬ ਵਿੱਚੋਂ ਚੁੱਕ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਸੀ। ਅੰਮ੍ਰਿਤਪਾਲ ਦੀ ਟੀਮ ਦੇ ਕੁਝ ਸਰਗਰਮ ਸਾਥੀ ਵੀ ਉਸ ਦੇ ਨਾਲ ਹੀ ਜੇਲ੍ਹ ਵਿੱਚ ਬੰਦ ਹਨ। ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਣ ਵਿਰੁਧ ਉੱਠੀ ਪੰਜਾਬ ਦੇ ਵਿਦਿਆਰਥੀ ਨੌਜਵਾਨਾਂ ਦੀ ਆਵਾਜ਼ ਕੇਂਦਰ ਸਰਕਾਰ ਦੇ ਪੈਰ ਪਿੱਛੇ ਖਿੱਚੇ ਜਾਣ ਪਿੱਛੋਂ ਹਾਲ ਦੀ ਘੜੀ ਮੱਧਮ ਪੈ ਗਈ ਹੈ। ਕਿਸਾਨਾਂ ਅਤੇ ਵਿਦਿਆਰਥੀਆਂ ਵੱਲੋਂ ਪੰਜਾਬ/ਕਿਸਾਨਾਂ ਦੇ ਹਿੱਤਾਂ ਹੱਕਾਂ ਲਈ ਲੜੇ ਗਏ ਸੰਘਰਸ਼ ਦਾ ਪੰਜਾਬ ਦੀ ਰਾਜਨੀਤਿਕ ਮਾਨਸਿਕਤਾ `ਤੇ ਲਾਜ਼ਮੀ ਹੀ ਦੂਰ-ਰਸ ਅਸਰ ਰਹੇਗਾ, ਪਰ ਇਨ੍ਹਾਂ ਸੰਘਰਸ਼ਾਂ ਵਿੱਚੋਂ ਉਸ ਲੀਡਰਸ਼ਿਪ ਦੇ ਝਲਕਾਰੇ (ਗਲਿੰਪਸਸ) ਜ਼ਰੂਰ ਮਿਲੇ ਹਨ, ਜਿਸ ਕਿਸਮ ਦੀ ਸਿਆਸੀ ਲੀਡਰਸ਼ਿੱਪ ਦੀ ਪੰਜਾਬ ਨੂੰ ਲੋੜ ਹੈ; ਪਰ ਤਤਕਾਲੀ ਸਿਆਸੀ ਦ੍ਰਿਸ਼ ਉਤੇ ਇਨ੍ਹਾਂ ਸਹੀ ਰਾਜਨੀਤਿਕ ਕਿਰਦਾਰਾਂ ਦੀ ਗੈਰ-ਮੌਜੂਦਗੀ ਪੰਜਾਬ ਦੇ ਲੋਕਾਂ ਦੀ ਉਡੀਕ/ਉਮੀਦ ਨੂੰ ਲੰਮੀ ਜ਼ਰੂਰ ਕਰ ਰਹੀ ਹੈ। ਇੱਥੋਂ ਤੱਕ ਕਿ ‘ਆਪ’ ਦੀ ਪੰਜਾਬ ਵਿੱਚ ਬੇਹੱਦ ਨਿਗੁਣੀ ਜਿਹੀ ਪੜਤ ਰਹਿ ਜਾਣ ਦੇ ਬਾਵਜੂਦ ਵਿਰੋਧੀ ਪਾਰਟੀਆਂ ਕੋਲ ਉਨ੍ਹਾਂ ਨਾਲ ਨਿਪਟਣ ਲਈ ਕੋਈ ਪੰਜਾਬ ਦੇ ਲੋਕਾਂ ਵਿੱਚ ਮਕਬੂਲ ਅਤੇ ਧੜੱਲੇਦਾਰ ਲੀਡਰਸ਼ਿੱਪ ਮੌਜੂਦ ਨਹੀਂ ਹੈ। ਆਪਣੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਦੇ ਬਾਵਜੂਦ 1947 ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ, ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਕੋਲ ਆਪਣੇ ਲੋਕਾਂ ਨੂੰ ਨਾਲ ਤੋਰਨ ਦੀ ਇੱਕ ਸਮਰੱਥਾ ਸੀ। ਮਤਲਬ ਕੇਂਦਰ ਸਰਕਾਰ ਦੇ ਤਾਬੇਦਾਰ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਦਾ ਵੱਲ ਸੀ। ਇਹ ਦਵੱਲੀ ਸਿਆਸੀ ਹੇਰਾ-ਫੇਰੀ ਹੀ ਉਨ੍ਹਾਂ ਦੀ ਤਾਕਤ ਸੀ; ਪਰ ਪੰਜਾਬ ਵਿੱਚ ਅੱਜ ਮੌਜੂਦ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਿੱਚ ਇਸ ਕਿਸਮ ਦੀ ਸਮਰੱਥਾ ਵੀ ਨਹੀਂ ਹੈ। ਇਸ ਦੇ ਬਾਵਜੂਦ ਕਾਂਗਰਸ ਦਾ ਹਰ ਦਿਸਦਾ ਲੀਡਰ ਮੁੱਖ ਮੰਤਰੀ ਬਣਨਾ ਚਹੁੰਦਾ ਹੈ। ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਵਿੱਚ ਆਪਣਾ ਕੋਈ ਸ਼ਰੀਕ ਰਹਿਣ ਹੀ ਨਹੀਂ ਦਿੱਤਾ ਹੈ, ਜਦਕਿ ‘ਆਪ’ ਵਿੱਚ ਭਗਵੰਤ ਮਾਨ ਆਪਣੀ ਪਹਿਲਾਂ ਵਾਲੀ ਭਰੋਸੇਯੋਗਤਾ ਗਵਾ ਚੁੱਕਾ ਹੈ। ਬਾਕੀ ਪੰਜਾਬੀ ਆਗੂਆਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਦਿਸਦਾ, ਜਿਸ ਦੀ ਪੰਜਾਬ ਦੇ ਸਾਰੇ ਤਬਕਿਆਂ ਵਿੱਚ ਅਪੀਲ ਹੋਵੇ। ਪਾਰਟੀ ਦੀ ਕਾਰਗੁਜ਼ਾਰੀ ਪੰਜਾਬ ਵਿੱਚ ਚੰਗੀ ਰਹਿੰਦੀ ਤਾਂ ‘ਆਪ’ ਦੇ ਦੂਜੇ ਪੰਜਾਬੀ ਲੀਡਰਾਂ ਵਿੱਚੋਂ ਵੀ ਕੋਈ ਇਸ ਹਾਲਤ ਦਾ ਲਾਹਾ ਲੈ ਕੇ ਉਭਰ ਸਕਦਾ ਸੀ; ਪਰ ਹੁਣ ਇਹ ਵੀ ਨਹੀਂ ਹੈ। ਕਾਂਗਰਸੀ ਆਗੂਆਂ ਵਿੱਚ ਆਪਣੇ ਅੰਦਰ ਹੀ ਧਮੱਚੜ ਮੱਚਿਆ ਹੋਇਆ ਹੈ। ਜਿੱਥੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚੋਂ ਬਦਜਨ ਹੋ ਕੇ ਮੁੜ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਲਈ ਆਪਣਾ ਪੱਤਾ ਅੱਗੇ ਵਧਾ ਰਹੇ ਹਨ, ਉਥੇ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਦੌੜ ਵਿੱਚ ਹਨ। ਚਰਨਜੀਤ ਸਿੰਘ ਚੰਨੀ, ਪ੍ਰਗਟ ਸਿੰਘ ਵੀ ਇਸ ਰੇਸ ਵਿੱਚ ਬਹੁਤੀ ਦੂਰ ਨਹੀਂ ਹਨ। ਸਭ ਤੋਂ ਜ਼ਿਆਦਾ ਕਾਹਲਾ ਨਵਜੋਤ ਸਿੰਘ ਸਿੱਧੂ ਦਾ ਟੱਬਰ ਹੈ। ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀਂ ਦੋਸ਼ ਲਾਏ ਕਿ ਮੁੱਖ ਮੰਤਰੀ ਦੀ ਗੱਦੀ ਹਾਸਲ ਕਰਨ ਲਈ 500 ਕਰੋੜ ਦੀ ਥੈਲੀ ਦੇਣੀ ਪੈਂਦੀ ਹੈ, ਪਰ ਉਨ੍ਹਾਂ ਕੋਲ ਕਾਲਾ ਧਨ ਨਹੀਂ ਹੈ। ਉਨ੍ਹਾਂ ਕਿਹਾ, “ਅਸੀਂ ਤਾਂ ਪੰਜਾਬ ਦੇ ਹਾਲਤ ਸੁਧਾਰਨ ਵਿੱਚ ਹੀ ਆਪਣੀ ਕਾਰਗੁਜ਼ਾਰੀ ਵਿਖਾ ਸਕਦੇ ਹਾਂ।” ਡਾ. ਨਵਜੋਤ ਕੌਰ ਸਿੱਧੂ ਨੇ ਤਾਂ ਪੰਜਾਬ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੋਰਾਂ ਦੀ ਕਤਾਰ ਵਿੱਚ ਖੜ੍ਹੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਸਥਾਨ ਵਿੱਚ ਪੈਸੇ ਲੈ ਕੇ ਟਿਕਟਾਂ ਵੰਡੀਆਂ ਅਤੇ ਇਹ ਸਮਗਲਿੰਗ ਦਾ ਧੰਦਾ ਕਰਦਾ ਹੈ। ਉਸ ਨੇ ਕਿਹਾ ਕਿ ਉਹ ਇਸ ਕਿਸਮ ਦੇ ਚੋਰਾਂ ਨਾਲ ਨਹੀਂ ਤੁਰ ਸਕਦੇ। ਵੜਿੰਗ ਨੇ ਬੀਬੀ ਸਿੱਧੂ ਨੂੰ ਜਦੋਂ ਲੀਗਲ ਨੋਟਿਸ ਭੇਜਿਆ ਤਾਂ ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਨੂੰ ਆਪਣਾ ਆਗੂ ਮੰਨਣੋਂ ਵੀ ਇਨਕਾਰ ਕਰ ਦਿੱਤਾ। ਯਾਦ ਰਹੇ, ਕੁਝ ਦਿਨ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਤਦ ਹੀ ਕਾਂਗਰਸ ਪਾਰਟੀ ਵਿੱਚ ਸਰਗਰਮ ਹੋਣਗੇ, ਜੇ ਉਨ੍ਹਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਬਣਾਇਆ ਜਾਵੇਗਾ। ਇਹ ਬੋਲਬਾਣੀ ਸਾਬਤ ਕਰਦੀ ਹੈ ਕਿ ਪੰਜਾਬ ਕਾਂਗਰਸ ਦੇ ਅੰਦਰਲੇ ਪ੍ਰਮੁੱਖ ਆਗੂਆਂ ਦਾ ਕਲੇਸ਼ ਨਾ ਮੁੱਕਦਾ ਵੇਖ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਅਗਵਾਈ ਲਈ ਫਿਰ ਆਪਣੀ ਦਾਅਵੇਦਾਰੀ ਪੇਸ਼ ਕਰਨ ਲੱਗੇ ਹਨ। ਕਾਂਗਰਸ ਹਾਈਕਮਾਂਡ ਕੈਪਟਨ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਰਾਜ਼ੀ ਹੋ ਜਾਵੇ ਅਤੇ ਆਵਾਜ਼ ਮਾਰ ਲਵੇ ਤਾਂ ਉਹ ਬਿੰਦ ਨਹੀਂ ਲਾਉਣਗੇ। ਨਵਜੋਤ ਸਿੰਘ ਸਿੱਧੂ ਦਾ ਗੁਣਾ ਪੈਣਾ ਤਾਂ ਹੋਰ ਵੀ ਆਸਾਨ ਹੈ, ਪਰ ਪੰਜਾਬ ਕਾਂਗਰਸ ਪਾਰਟੀ ਦੀ ਮੌਜੂਦਾ ਲੀਡਰਸ਼ਿੱਪ ਇਸ ਕਿਸਮ ਦੀ ਤਬਦੀਲੀ ਨੂੰ ਕਿੰਨਾ ਕੁ ਸਵੀਕਾਰ ਕਰਦੀ ਹੈ, ਇਹ ਵੇਖਣ ਵਾਲਾ ਮਾਮਲਾ ਹੋਵੇਗਾ। ਉਂਝ ਕੈਪਟਨ ਨੇ ਆਪਣੇ ਲਈ ਸਾਰੀਆਂ ਸੰਭਾਵਨਾਵਾਂ ਖੁੱਲ੍ਹੀਆਂ ਰੱਖੀਆਂ ਹੋਈਆਂ ਹਨ। ਉਹ ਸੋਨੀਆ ਗਾਂਧੀ ਦੇ ਸੁਨੇਹੇ ਦੀ ਉਡੀਕ ਵਿੱਚ ਵੀ ਹੈ। ਸੁਖਬੀਰ ਸਿੰਘ ਬਾਦਲ ਨਾਲ ਗਾਟ੍ਹੀ ਪਾਉਣ ਲਈ ਵੀ ਤਿਆਰ ਹੈ ਅਤੇ ਭਾਜਪਾ ਵੱਲੋਂ ਅੱਗੇ ਵਧਣ ਲਈ ਵੀ ਰਾਜ਼ੀ ਹੈ, ਬਸ਼ਰਤੇ ਮੁੱਖ ਮੰਤਰੀ ਦਾ ਅਹੁਦਾ ਉਹਦੇ ਲਈ ਰੱਖਵਾਂ ਹੋਵੇ। ਇੰਜ ਪੰਜਾਬ ਦੇ ਹਰ ਸਿਰ ਕੱਢਵੇਂ ਆਗੂ ਦੀ ‘ਮੈਂ’ ਸਰਬਵਿਅਕ ਹੋ ਗਈ ਹੈ, ਜਿਸ ਨੂੰ ਸਿਰਫ ਮੁੱਖ ਮੰਤਰੀ ਦੀ ਕੁਰਸੀ ਦਿਸਦੀ ਹੈ, ਬਾਕੀ ਸਾਰੇ ਪੰਜਾਬ ਦੀਆਂ ਗਲੀਆਂ ਭਾਵੇਂ ਸੁੰਨੀਆਂ ਕਿਉਂ ਨਾ ਹੋ ਜਾਣ!
