*ਇਕੱਲੇ ਟਾਟਾ ਗਰੁੱਪ ਨੇ ਦਿੱਤੇ 757 ਕਰੋੜ
ਪੰਜਾਬੀ ਪਰਵਾਜ਼ ਬਿਊਰੋ
ਭਾਜਪਾ ਨੂੰ 2024-25 ਵਿੱਚ ਵੱਖ-ਵੱਖ ਚੋਣਾਵੀਂ ਬਾਂਡਾਂ ਤੋਂ 959 ਕਰੋੜ ਰੁਪਏ ਦਾ ਰਾਜਨੀਤਿਕ ਚੰਦਾ ਮਿਲਿਆ, ਜਿਸ ਵਿੱਚੋਂ ਲਗਭਗ 757 ਕਰੋੜ ਰੁਪਏ, ਜੋ ਇਸ ਪਾਰਟੀ ਨੂੰ ਮਿਲੇ ਕੁੱਲ ਚੰਦੇ ਦਾ 83 ਫ਼ੀਸਦੀ ਹੈ, ਟਾਟਾ ਗਰੁੱਪ ਦੇ ਪ੍ਰੋਗ੍ਰੈਸਿਵ ਇਲੈਕਟੋਰਲ ਟਰੱਸਟ ਤੋਂ ਪ੍ਰਾਪਤ ਹੋਏ।
ਦਿਲਚਸਪ ਗੱਲ ਇਹ ਹੈ ਕਿ ‘ਸਕ੍ਰੌਲ’ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਇੱਕ ਪੜ੍ਹਤਾਲ ਤੋਂ ਪਤਾ ਚੱਲਿਆ ਹੈ ਕਿ ਟਾਟਾ ਗਰੁੱਪ ਨੂੰ ਇਹ ਚੰਦਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਗਰੁੱਪ ਦੀਆਂ ਦੋ ਸੈਮੀਕੰਡਕਟਰ ਨਿਰਮਾਣ ਇਕਾਈਆਂ– ਇੱਕ ਅਸਮ ਅਤੇ ਦੂਜੀ ਗੁਜਰਾਤ ਵਿੱਚ; ਲਈ 44,000 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦੇ ਐਲਾਨ ਦੇ ਕੁਝ ਹਫ਼ਤੇ ਬਾਅਦ ਮਿਲਿਆ ਸੀ। ਦੋਵੇਂ ਹੀ ਭਾਜਪਾ ਸ਼ਾਸਿਤ ਰਾਜ ਹਨ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ 2024-25 ਵਿੱਚ ਚੋਣਾਵੀਂ ਬਾਂਡਾਂ ਰਾਹੀਂ ਦਿੱਤੇ ਗਏ ਸਾਰੇ ਚੰਦੇ ਨਾਲ ਜੁੜੇ ਦਸਤਾਵੇਜ਼ ਅਪਲੋਡ ਕਰ ਦਿੱਤੇ ਹਨ।
ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਪੀ.ਈ.ਟੀ. ਵੱਲੋਂ ਭਾਜਪਾ ਨੂੰ ਦਿੱਤਾ ਗਿਆ ਚੰਦਾ ਅਪ੍ਰੈਲ 2024 ਵਿੱਚ ਆਮ ਚੋਣਾਂ ਤੋਂ ਕੁਝ ਦਿਨ ਪਹਿਲਾਂ ਅਤੇ ਕੇਂਦਰ ਸਰਕਾਰ ਵੱਲੋਂ ਭਾਰਤ ਨੂੰ ਇੱਕ ਡਿਜੀਟਲ ਨਿਰਮਾਣ ਹੱਬ ਬਣਾਉਣ ਦੀ ਦਿਸ਼ਾ ਵਿੱਚ ਤਿੰਨ ਸੈਮੀਕੰਡਕਟਰ ਇਕਾਈਆਂ ਦੀ ਸਥਾਪਨਾ ਦੇ ਐਲਾਨ ਦੇ ਕੁਝ ਹਫ਼ਤੇ ਬਾਅਦ ਦਿੱਤਾ ਗਿਆ ਸੀ।
ਪਤਾ ਰਹੇ ਕਿ ਫਰਵਰੀ 2024 ਵਿੱਚ ਸੁਪਰੀਮ ਕੋਰਟ ਨੇ ਰਾਜਨੀਤਿਕ ਪਾਰਟੀਆਂ ਤੋਂ ਚੰਦਾ ਸਵੀਕਾਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਇਲੈਕਟੋਰਲ ਬਾਂਡ ਦੀ ਨਵੀਂ ਵਿਵਸਥਾ ਨੂੰ ਅਸੰਵਿਧਾਨਕ ਅਤੇ ਅਪਾਰਦਰਸ਼ੀ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਸੀ।
ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਭਾਜਪਾ `ਤੇ ਇਸ ਦਾ ਕੋਈ ਅਸਰ ਨਹੀਂ ਪਿਆ, ਕਿਉਂਕਿ ਉਹ ਇਲੈਕਟੋਰਲ ਟਰੱਸਟ ਦੀ ਮੌਜੂਦਾ ਵਿਵਸਥਾ ਵਿੱਚ ਵੀ; ਜੋ ਰਾਜਨੀਤਿਕ ਚੰਦਾ ਸਵੀਕਾਰ ਕਰਨ ਲਈ ਬਾਂਡ ਤੋਂ ਕਿਤੇ ਵੱਧ ਪਾਰਦਰਸ਼ੀ ਵਿਵਸਥਾ ਹੈ– ਸਭ ਤੋਂ ਵੱਡੀ ਲਾਭਪਾਤਰੀ ਹੈ।
ਚੋਣ ਕਮਿਸ਼ਨ ਦੇ ਦਸਤਾਵੇਜ਼ਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸੁਪਰੀਮ ਕੋਰਟ ਵੱਲੋਂ ਇਸ ਵਿਵਸਥਾ ਨੂੰ ਰੱਦ ਕਰਨ ਤੋਂ ਪਹਿਲਾਂ ਭਾਜਪਾ ਨੂੰ 2023-24 ਵਿੱਚ ਬਾਂਡ ਤੋਂ 1,685 ਕਰੋੜ ਰੁਪਏ ਦੀ ਭਾਰੀ ਰਕਮ ਪ੍ਰਾਪਤ ਹੋਈ ਸੀ। ਉਦੋਂ ਵੀ ਭਾਜਪਾ ਰਾਜਨੀਤਿਕ ਚੰਦੇ ਦੀ ਸਭ ਤੋਂ ਵੱਡੀ ਲਾਭਪਾਤਰੀ ਬਣੀ ਸੀ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੋਂ ਕਿਤੇ ਅੱਗੇ ਸੀ।
ਚੋਣ ਕਮਿਸ਼ਨ ਵੱਲੋਂ ਅਪਲੋਡ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ, ਭਾਜਪਾ ਨੂੰ 2024-25 ਵਿੱਚ ਚੋਣਾਵੀਂ ਬਾਂਡਾਂ ਤੋਂ ਕੁੱਲ 959 ਕਰੋੜ ਰੁਪਏ ਮਿਲੇ। ਇਸ ਵਿੱਚ ਟਾਟਾ ਗਰੁੱਪ ਦੀ ਮਾਲਕੀ ਵਾਲੇ ਪੀ.ਈ.ਟੀ. ਨੇ 757.6 ਕਰੋੜ ਰੁਪਏ ਦਾ ਚੰਦਾ ਦਿੱਤਾ।
‘ਟਾਈਮਜ਼ ਆਫ਼ ਇੰਡੀਆ’ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮਹਿੰਦਰਾ ਗਰੁੱਪ ਦੀ ਨਿਊ ਡੈਮੋਕ੍ਰੈਟਿਕ ਈ.ਟੀ. ਨੇ ਭਾਜਪਾ ਨੂੰ 150 ਕਰੋੜ ਰੁਪਏ ਦਿੱਤੇ, ਜਦਕਿ ਹਾਰਮੋਨੀ ਈ.ਟੀ. ਤੋਂ ਸੱਤਾਧਾਰੀ ਪਾਰਟੀ ਨੂੰ 30.1 ਕਰੋੜ ਰੁਪਏ, ਟ੍ਰਾਇੰਫ ਈ.ਟੀ. ਤੋਂ 21 ਕਰੋੜ ਰੁਪਏ, ਜਨ ਕਲਿਆਣ ਤੋਂ 9.5 ਲੱਖ ਰੁਪਏ ਅਤੇ ਆਇੰਜ਼ੀਗਾਰਟਿਕ ਈ.ਟੀ. ਤੋਂ 7.75 ਲੱਖ ਰੁਪਏ ਮਿਲੇ।
ਯਾਦ ਰਹੇ, ਪੀ.ਈ.ਟੀ. ਟਾਟਾ ਗਰੁੱਪ ਦੀਆਂ ਵਿਭਿੰਨ ਕੰਪਨੀਆਂ ਤੋਂ ਚੰਦਾ ਪ੍ਰਾਪਤ ਕਰਦਾ ਹੈ ਅਤੇ ਲੋਕ ਸਭਾ ਚੋਣ ਸਾਲ ਵਿੱਚ ਉਸ ਨੂੰ ਵੰਡਦਾ ਹੈ। 2018-19 ਵਿੱਚ ਵੀ ਭਾਜਪਾ ਨੂੰ ਇਸ ਦਾ ਚੰਦਾ ਸਭ ਤੋਂ ਵੱਧ ਮਿਲਿਆ ਸੀ।
ਟਰੱਸਟ ਨੇ ਪਹਿਲਾਂ ਵੀ ਭਾਜਪਾ ਨੂੰ ਚੰਦੇ ਵਜੋਂ ਵੱਡਾ ਯੋਗਦਾਨ ਦਿੱਤਾ ਹੈ
ਟਰੱਸਟ ਨੇ 2018-19 ਵਿੱਚ ਆਪਣੇ ਕੁੱਲ 454 ਕਰੋੜ ਰੁਪਏ ਦੇ ਖਜ਼ਾਨੇ ਦਾ ਲਗਭਗ 75% ਭਾਜਪਾ ਨੂੰ ਦਿੱਤਾ ਸੀ, ਜਿਸ ਦੀ ਕੁੱਲ ਰਕਮ 356 ਕਰੋੜ ਰੁਪਏ ਸੀ। ਇਸ ਦੇ ਮੁਕਾਬਲੇ ਕਾਂਗਰਸ ਨੂੰ ਪੀ.ਈ.ਟੀ. ਤੋਂ ਸਿਰਫ਼ 55.6 ਕਰੋੜ ਰੁਪਏ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੂੰ ਮਾਤਰ 43 ਕਰੋੜ ਰੁਪਏ ਦਾ ਚੰਦਾ ਮਿਲਿਆ।
ਜ਼ਿਕਰਯੋਗ ਹੈ ਕਿ ਬੀਤੇ ਕਈ ਸਾਲਾਂ ਤੋਂ ਰਾਜਨੀਤਿਕ ਦਲਾਂ ਨੂੰ ਸਭ ਤੋਂ ਵੱਡਾ ਚੰਦਾ ਦੇਣ ਵਾਲਿਆਂ ਵਿੱਚ ਪਰੂਡੈਂਟ ਈ.ਟੀ. ਮੁੱਖ ਰਿਹਾ ਹੈ, ਪਰ ਸਾਲ 2024-25 ਵਿੱਚ ਇਸ ਦੇ ਚੰਦੇ ਦਾ ਵੇਰਵਾ ਅਜੇ ਤੱਕ ਚੋਣ ਆਯੋਗ ਵੱਲੋਂ ਅਪਲੋਡ ਨਹੀਂ ਕੀਤਾ ਗਿਆ ਹੈ, ਇਸ ਲਈ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਹਾਲਾਂਕਿ, ਪਹਿਲਾਂ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਪਰੂਡੈਂਟ ਈ.ਟੀ. ਨੇ 2023-24 ਵਿੱਚ ਭਾਜਪਾ ਨੂੰ 724 ਕਰੋੜ ਰੁਪਏ ਦਾ ਚੰਦਾ ਦਿੱਤਾ ਸੀ, ਜੋ ਭਾਜਪਾ ਨੂੰ 2023-24 ਵਿੱਚ ਟਰੱਸਟਾਂ ਰਾਹੀਂ ਪ੍ਰਾਪਤ 856.4 ਕਰੋੜ ਰੁਪਏ ਦੀ ਰਕਮ ਦਾ ਵੱਡਾ ਹਿੱਸਾ ਹੈ।
ਇਸੇ ਤਰ੍ਹਾਂ ਭਾਜਪਾ 2018-19 ਅਤੇ 2024-25 ਦੋਹਾਂ ਵਿੱਚ ਟਾਟਾ ਦੇ ਪੀ.ਈ.ਟੀ. ਦੀ ਸਭ ਤੋਂ ਵੱਡੀ ਲਾਭਪਾਤਰੀ ਰਹੀ।
ਇਸ ਦੀ ਤੁਲਨਾ ਵਿੱਚ ਕਾਂਗਰਸ ਨੂੰ 2024-24 ਵਿੱਚ ਪੀ.ਈ.ਟੀ. ਤੋਂ 77.3 ਕਰੋੜ ਰੁਪਏ, ਨਿਊ ਡੈਮੋਕ੍ਰੈਟਿਕ ਈ.ਟੀ. ਤੋਂ 5 ਕਰੋੜ ਰੁਪਏ ਅਤੇ ਜਨ ਕਲਿਆਣ ਈ.ਟੀ. ਤੋਂ 9.5 ਲੱਖ ਰੁਪਏ ਮਿਲੇ।
ਕਾਂਗਰਸ ਨੇ ਆਪਣੇ ਦਸਤਾਵੇਜ਼ਾਂ ਵਿੱਚ ਦੱਸਿਆ ਹੈ ਕਿ ਉਸ ਨੂੰ 2024-25 ਵਿੱਚ ਪਰੂਡੈਂਟ ਈ.ਟੀ. ਤੋਂ 216.33 ਕਰੋੜ ਰੁਪਏ ਅਤੇ ਏ.ਬੀ. ਜਨਰਲ ਈ.ਟੀ. ਤੋਂ 15 ਕਰੋੜ ਰੁਪਏ ਮਿਲੇ।
ਕਾਂਗਰਸ ਨੇ ਆਪਣੇ ਦਸਤਾਵੇਜ਼ਾਂ ਵਿੱਚ ਇਹ ਵੀ ਕਿਹਾ ਹੈ ਕਿ ਉਸ ਨੂੰ ਈ.ਟੀ. ਰਾਹੀਂ ਮਿਲੇ ਕੁੱਲ 517 ਕਰੋੜ ਰੁਪਏ ਦੇ ਯੋਗਦਾਨ ਵਿੱਚੋਂ 313 ਕਰੋੜ ਰੁਪਏ ਮਿਲੇ।
2024-25 ਵਿੱਚ ਇਸ ਸਭ ਤੋਂ ਪੁਰਾਣੀ ਪਾਰਟੀ ਦਾ ਯੋਗਦਾਨ 2023-24 ਵਿੱਚ ਚੋਣਾਵੀਂ ਬਾਂਡਾਂ ਰਾਹੀਂ ਪ੍ਰਾਪਤ 828 ਕਰੋੜ ਰੁਪਏ ਤੋਂ ਕਾਫ਼ੀ ਘੱਟ ਸੀ, ਪਰ 2022-23, ਜੋ ਇੱਕ ਗੈਰ-ਆਮ ਚੋਣ ਸਾਲ ਹੈ, ਦੇ 171 ਕਰੋੜ ਰੁਪਏ ਤੋਂ ਵੱਧ ਸੀ।
ਗੌਰਤਲਬ ਹੈ ਕਿ ਟੀ.ਐੱਮ.ਸੀ., ਵਾਈ.ਐੱਸ.ਆਰ. ਕਾਂਗਰਸ, ਸ਼ਿਵਸੈਨਾ, ਬੀਜੂ ਜਨਤਾ ਦਲ, ਭਾਰਤ ਰਾਸ਼ਟਰ ਸਮਿਤੀ, ਜਨਤਾ ਦਲ (ਯੂਨਾਈਟਡ), ਦ੍ਰਵੀੜ ਮੁਨੇਤਰ ਕੜਗਮ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੂੰ ਵੀ ਪੀ.ਈ.ਟੀ. ਤੋਂ 10-10 ਕਰੋੜ ਰੁਪਏ ਮਿਲੇ।
