ਅਮਰੀਕਾ ਯੂਕਰੇਨ ਨੂੰ ਸੁਰੱਖਿਆ ਗਾਰੰਟੀਆਂ ਦੇਣ ਲਈ ਤਿਆਰ!

ਸਿਆਸੀ ਹਲਚਲ ਖਬਰਾਂ

ਕੀ ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਦੇ ਆਸਾਰ ਬਣਨਗੇ?
ਪੰਜਾਬੀ ਪਰਵਾਜ਼ ਬਿਊਰੋ
ਬੀਤੇ ਐਤਵਾਰ ਵਾਲੇ ਦਿਨ ਫਲੋਰੀਡਾ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗ੍ਰਹਿ ‘ਮਾਰ-ਏ-ਲਾਗੋ’ ਵਿਖੇ ਦੋਹਾਂ ਆਗੂਆਂ ਵਿੱਚ ਹੋਈ ਮੀਟਿੰਗ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੰਸਕੀ ਨੇ ਕਿਹਾ ਕਿ ਅਮਰੀਕਾ ਯੂਕਰੇਨ ਨੂੰ 15 ਸਾਲ ਤੱਕ ਤਕੜੀਆਂ ਸੁਰੱਖਿਆ ਗਾਰੰਟੀਆਂ ਦੇਣ ਲਈ ਤਿਆਰ ਹੈ। ਦੋਹਾਂ ਆਗੂਆਂ ਵੱਲੋਂ ਕੀਤੀ ਗਈ ਇੱਕ ਸਾਂਝੀ ਪੈ੍ਰਸ ਕਾਨਫਰੰਸ ਵਿੱਚ ਬੋਲਦਿਆਂ ਵਲਾਦੀਮੀਰ ਜੇਲੰਸਕੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਮਰੀਕੀ ਕਾਂਗਰਸ ਅਤੇ ਯੂਕਰੇਨੀ ਪਾਰਲੀਮੈਂਟ ਦੀ ਸਾਂਝੇ ਤੌਰ `ਤੇ ਵੋਟਿੰਗ ਕਰਵਾਈ ਜਾਵੇਗੀ।

ਅਮਰੀਕਾ ਵੱਲੋਂ ਕੀਤੇ ਗਏ ਵਾਅਦਿਆਂ ਦਾ ਵਿਸਥਾਰ ਭਾਵੇਂ ਹਾਲੇ ਸਾਹਮਣੇ ਨਹੀਂ ਆਇਆ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੰਗ ਲੜ ਰਹੇ ਦੋਹਾਂ ਮੁਲਕਾਂ ਵਿਚਕਾਰ ਸਮਝੌਤਾ ਹੁਣ ਕਾਫੀ ਨਜ਼ਦੀਕ ਹੈ। ਉਨ੍ਹਾਂ ਕਿਹਾ ਕਿ ਤਕਰੀਬਨ 95 ਫੀਸਦੀ ਮਸਲੇ ਹੱਲ ਕਰ ਲਏ ਗਏ ਹਨ। ਇਹ ਪੁੱਛਣ `ਤੇ ਕਿ ਇਸ ਨੂੰ ਕਿੰਨਾ ਕੁ ਸਮਾਂ ਲੱਗ ਸਕਦਾ ਹੈ, ਤਾਂ ਉਨ੍ਹਾਂ ਕਿਹਾ ਮੈਨੂੰ ਆਸ ਹੈ ਕਿ ਅਗਲੇ ਕੁਝ ਹਫਤੇ ਵਿੱਚ ਇਸ ਜੰਗ ਬਾਰੇ ਕੋਈ ਫੈਸਲਾ ਹੋ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬਹੁਤ ਗੁੰਝਲਦਾਰ ਮਸਲਾ ਹੈ ਅਤੇ ਸਾਡੀਆਂ ਟੀਮਾਂ ਇਸ ਨੂੰ ਹੱਲ ਕਰਨ ਲਈ ਸਿਰਤੋੜ ਯਤਨ ਕਰ ਰਹੀਆਂ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਦਿਹਾੜੇ ਜੰਗ ਦਾ ਖਾਜਾ ਬਣ ਰਹੀਆਂ ਜਾਨਾਂ ਦਾ ਫਿਕਰ ਹੈ। ਉਨ੍ਹਾਂ ਕਿਹਾ ਕਿ ਮੁੱਢ ਵਿੱਚ ਇਹ ਜੰਗਬੰਦੀ 60 ਦਿਨਾਂ ਲਈ ਹੋ ਸਕਦੀ ਹੈ।
ਬੀਤੇ ਕੁਝ ਦਿਨਾਂ ਤੋਂ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਭਾਵੇਂ ਵਧੇਰੇ ਭਿਆਨਕ ਹੋਣ ਦੇ ਸੰਕੇਤ ਦੇ ਰਹੀ ਹੈ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਝੌਤਾ ਸਿਰੇ ਚਾੜ੍ਹਨ ਦੇ ਮਾਮਲੇ ਵਿੱਚ ਦਮ ਹਾਲੇ ਟੁੱਟਿਆ ਨਹੀਂ ਹੈ। ਗਾਜ਼ਾ ਜੰਗ ਬੰਦ ਕਰਵਾਉਣ ਦੇ ਮਾਮਲੇ ਵਿੱਚ ਵੀ ਟਰੰਪ ਨੇ ਅਜਿਹਾ ਹੀ ਦਮ-ਖਮ ਵਿਖਾਇਆ ਸੀ। ਭਾਵੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸਵੀਕਾਰ ਨਹੀਂ ਕੀਤਾ, ਪਰ ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨ ਚੱਲੀ ਜੰਗ ਨੂੰ ਉਨ੍ਹਾਂ ਨੇ ਹੀ ਰੁਕਵਾਇਆ ਸੀ। ਵੈਂਨੇਜ਼ੂਏਲਾ ਦੀ ਘੇਰਾਬੰਦੀ ਅਤੇ ਇਰਾਨ `ਤੇ ਬੰਬਾਰੀ ਭਾਵੇਂ ਇਹ ਦਰਸਾਉਂਦੀ ਹੈ ਕਿ ਅਮਰੀਕਾ ਨੇ ਆਪਣਾ ਜੰਗਬਾਜ਼ ਸੁਭਾਅ ਹਾਲੇ ਵੀ ਤਿਆਗਿਆ ਨਹੀਂ ਹੈ, ਪਰ ਅਮਰੀਕੀ ਰਾਸ਼ਟਰਪਤੀ ਨੇ ਇਹ ਜ਼ਰੂਰ ਸਿੱਧ ਕੀਤਾ ਹੈ ਕਿ ‘ਡੀਲ ਮੇਕਿੰਗ’ ਦੇ ਮਾਮਲੇ ਵਿੱਚ ਉਨ੍ਹਾਂ ਦਾ ਸੱਚ-ਮੁੱਚ ਕੋਈ ਸਾਨੀ ਨਹੀਂ ਹੈ।
ਯਾਦ ਰਹੇ, ਯੂਕਰੇਨ ਦੇ ਖ਼ੁਫੀਆ ਦਸਤਿਆਂ ਨੇ ਬੀਤੇ ਦਿਨੀਂ ਰੂਸ ਦੇ ਇੱਕ ਵੱਡੇ ਜਰਨੈਲ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਹਰਖੇL ਹੋਏ ਰੂਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮਿਜ਼ਾਈਲ ਅਤੇ ਡਰੋਨ ਯੂਕਰੇਨ `ਤੇ ਸੁੱਟੇ, ਜਿਸ ਨਾਲ ਇਸ ਮੁਲਕ ਦੇ ਊਰਜਾ ਸੈਕਟਰ ਦਾ ਭਾਰੀ ਨੁਕਸਾਨ ਹੋਇਆ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਅੱਤਿ ਦੀ ਠੰਡ ਵਿੱਚ ਬਿਜਲੀ ਤੋਂ ਬਿਨਾ ਠੰਡ ਅਤੇ ਹਨੇਰੇ ਨਾਲ ਖਹਿਬੜਦਿਆਂ ਦਿਨ ਕੱਟਣੇ ਪਏ। ਇਸ ਮਾਮਲੇ ਵਿੱਚ ਸਾਰਾ ਯੂਰਪ ਸਮੇਤ ਇੰਗਲੈਂਡ ਅਤੇ ਕੈਨੇਡਾ ਦੇ, ਯੂਕਰੇਨ ਦੀ ਪਿੱਠ ਥਾਪੜ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਸ `ਤੇ ਲਗਾਤਾਰ ਦਬਾਅ ਪਾ ਰਿਹਾ ਹੈ ਕਿ ਉਹ ਵੀਹ ਫੀਸਦੀ ਇਲਾਕਾ ਰੂਸ ਨੂੰ ਛੱਡ ਦਿੱਤਾ ਜਾਵੇ, ਜਿਸ `ਤੇ ਉਸ ਨੇ ਕਬਜ਼ਾ ਕੀਤਾ ਹੋਇਆ। ਟਰੰਪ ਜੇਲੰਸਕੀ ਨੂੰ ਇਹ ਵੀ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਜੇ ਉਸ ਨੇ ਸਮਝੌਤਾ ਨਾ ਕੀਤਾ ਤਾਂ ਰੂਸ ਦੀਆਂ ਫੌਜਾਂ ਕੋਲ ਉਹ ਹੋਰ ਵੱਡਾ ਇਲਾਕਾ ਹਾਰ ਜਾਣਗੇ। ਟਰੰਪ ਵੱਲੋਂ ਇਹ ਜ਼ੋਰ ਰੂਸ ਅਤੇ ਯੂਕਰੇਨ ਦੀ ਫੌਜੀ ਸਮਰੱਥਾ ਵਿਚਲੇ ਫਰਕ ਨੂੰ ਵੇਖਦਿਆਂ ਦਿੱਤਾ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਅਨੁਸਾਰ ਹੁਣ ਰੱਟੇ ਵਾਲੇ ਇਲਾਕਿਆਂ ਵਿੱਚ ਰਾਇਸ਼ੁਮਾਰੀ ਕਰਵਾਏ ਜਾਣ ਬਾਰੇ ਵੀ ਗੱਲਬਾਤ ਤੁਰੀ ਹੈ। ਜੇਲੰਸਕੀ ਅਨੁਸਾਰ ਯੂਕਰੇਨ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਫੋਰਸ ਦੀ ਤਾਇਨਾਤੀ ਸਭ ਤੋਂ ਬਿਹਤਰ ਕਦਮ ਹੋਏਗੀ। ਕਲੇਸ਼ ਵਾਲੇ ਸਰਹੱਦੀ ਖੇਤਰ ਨੂੰ ਬਫਰ ਜੋਨ ਬਣਾਏ ਜਾਣ ਬਾਰੇ ਵੀ ਵਿਚਾਰ ਕੀਤੀ ਗਈ ਹੈ। ਜੇਲੰਸਕੀ ਦਾ ਪੈਂਤੜਾਂ ਪਹਿਲਾਂ ਇਹ ਰਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦਾ ਰੂਸ ਨਾਲ ਸਮਝੌਤਾ ਤਦ ਹੀ ਹੋ ਸਕਦਾ ਹੈ, ਜੇ ਹਮਲਾਵਰ ਮੁਲਕ ਯੂਕਰੇਨ ਦੇ ਜਿੱਤੇ ਹੋਏ ਇਲਾਕਿਆਂ ਵਿੱਚੋਂ ਆਪਣੀ ਫੌਜ ਨੂੰ ਵਾਪਸ ਬੁਲਾਵੇ। ਜਦਕਿ ਰੂਸ ਇਨ੍ਹਾਂ ਇਲਾਕਿਆਂ ਨੂੰ ਕਤੱਈ ਛੱਡਣ ਲਈ ਤਿਆਰ ਨਹੀਂ ਹੈ; ਪਰ ਹੁਣ ਦੋਵੇਂ ਧਿਰਾਂ ਕੁਝ ਨਰਮ ਪੈਂਦੀਆਂ ਵਿਖਾਈ ਦੇ ਰਹੀਆਂ ਹਨ।
ਤਮਾਮ ਔਕੜਾਂ ਦੇ ਬਾਵਜੂਦ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਇਹ ਹੈ ਕਿ ਰੂਸ-ਯੂਕਰੇਨ ਸਮਝੌਤਾ ਆਖਰੀ ਸਟੇਜ `ਤੇ ਹੈ। ਵਲਾਦੀਮੀਰ ਜੇਲੰਸਕੀ ਨਾਲ ਬੀਤੇ ਦਿਨੀਂ ਹੋਈ ਮੁਲਾਕਤ ਤੋਂ ਪਹਿਲਾਂ ‘ਮਾਰ-ਏ-ਲਾਗੋ’ ਵਿੱਚ ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੜ ਰਹੇ ਦੋਹਾਂ ਮੁਲਕਾਂ (ਯੂਕਰੇਨ ਅਤੇ ਰੂਸ) ਵਿਚਕਾਰ ਜੰਗ ਆਖਰੀ ਸਟੇਜ `ਤੇ ਹੈ। ਅਮਰੀਕੀ ਰਾਸ਼ਟਰਪਤੀ ਨੇ ਜੇਲੰਸਕੀ ਨਾਲ ਗੱਲਬਾਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਟੈਲੀਫੋਨ `ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਰੂਸ ਨੂੰ ਅਸੀਂ ਐਵੇਂ ਹਊਆ ਬਣਾ ਰੱਖਿਆ ਹੈ, ਜਦਕਿ ਸਮਝੌਤੇ ਤੋਂ ਬਾਅਦ ਪੂਤਿਨ ਯੂਕਰੇਨ ਨਾਲ ਊਰਜਾ ਸਮੇਤ ਬਹੁਤ ਸਾਰੇ ਖੇਤਰਾਂ ਵਿੱਚ ਵਪਾਰ ਕਰਨਾ ਚਾਹੁੰਦਾ ਹੈ। ਟਰੰਪ ਨੇ ਕਿਹਾ, “ਅਸੀਂ ਜੰਗ ਬੰਦ ਕਰਵਾਉਣ ਵਾਲੇ ਪਾਸੇ ਬੜੀ ਤੇਜ਼ੀ ਨਾਲ ਵਧ ਰਹੇ ਹਾਂ। ਦੋਵੇਂ ਆਗੂ ਜੰਗ ਖਤਮ ਕਰਨ ਲਈ ਰਾਜ਼ੀ ਹਨ। ਸਮਝੌਤੇ ਲਈ ਤਿਆਰ ਕੀਤੇ ਗਏ 28 ਨੁਕਤਿਆਂ ਵਾਲੇ ਡਰਾਫਟ ਦੇ 95 ਫੀਸਦੀ ਨੁਕਤਿਆਂ `ਤੇ ਦੋਨੋਂ ਲੀਡਰ ਸਹਿਮਤ ਹਨ।” ਪੂਤਿਨ ਨਾਲ ਸਵਾ ਘੰਟਾ ਲੰਮੀ ਗੱਲਬਾਤ ਦੇ ਤੱਤ ਸਾਰ ਬਾਰੇ ਟਰੰਪ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਸਮਝੌਤੇ ਲਈ ਬੇਹੱਦ ਗੰਭੀਰ ਹਨ।
ਉਂਝ ਇੱਥੇ ਇਹ ਪੱਖ ਵੀ ਧਿਆਨ ਦੇਣ ਯੋਗ ਹੈ ਕਿ ਅਲਾਸਕਾ ਵਿੱਚ ਪੂਤਿਨ ਨਾਲ ਹੋਈ ਗੱਲਬਾਤ ਵੇਲੇ ਅਮਰੀਕਾ ਨੇ ਉਸ ਦਾ ਰੈਡ ਕਾਰਪੈਟ ਵਿਛਾ ਕੇ ਸ਼ਾਹੀ ਸੁਆਗਤ ਕੀਤਾ ਸੀ; ਪਰ ਜੇਲੰਸਕੀ ਨਾਲ ਟਰੰਪ ਨੇ ਵਪਾਰੀ ਤਰਜ਼ ਦੀ ਮਿਲਣੀ ਨਾਲ ਹੀ ਬੁਤਾ ਸਾਰ ਲਿਆ। ਯੂਕਰੇਨ ਦੇ ਇੱਕ ਸਾਬਕਾ ਸਫੀਰ ਮਾਰੀਆ ਡਰੂਟਸਕਾ ਨੇ ਕਿਹਾ ਕਿ ਪੂਤਿਨ ਗੱਲਬਾਤ ਨੂੰ ਸਾਬੋਤਾਜ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਜੇਲੰਸਕੀ ਨਾਲ ਗੱਲਬਾਤ ਤੋਂ ਪਹਿਲਾਂ ਟਰੰਪ ਨਾਲ ਇੱਕ ਵਾਰਤਾ ਵੀ ਕੀਤੀ। ਦੋਹਾਂ ਆਗੂਆਂ ਦੀ ਵ੍ਹਾਈਟ ਹਾਊਸ ਵਿੱਚ ਹੋਈ ਪਹਿਲੀ ਮੀਟਿੰਗ ਤੋਂ ਬਾਅਦ ਰੂਸ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਟੌਮੋਹੌਕ ਮਿਜ਼ਾਈਲ ਦੀ ਸਪਲਾਈ ਰੋਕ ਦਿੱਤੀ ਸੀ। ਰੂਸੀ ਰਾਸ਼ਟਰਪਤੀ ਚਾਹੁੰਦਾ ਹੈ ਕਿ ਯੂਕਰੇਨ ਡੋਨੈਸਕ ਦਾ ਇਲਾਕਾ ਵੀ ਰੂਸ ਦੇ ਹਵਾਲੇ ਕਰ ਦੇਵੇ, ਜਿਸ ਨੂੰ ਜਿੱਤਣ ਵਿੱਚ ਉਹ ਹਾਲੇ ਵੀ ਅਸਫਲ ਰਹੇ ਹਨ। ਜਦਕਿ ਜੇਲੰਸਕੀ ਰੂਸ ਵੱਲੋਂ ਜਿੱਤੇ ਗਏ ਇਲਾਕੇ ਵੀ ਵਾਪਸ ਲੈਣ `ਤੇ ਜ਼ੋਰ ਪਾ ਰਿਹਾ ਹੈ।
ਟਰੰਪ ਨਾਲ ਮਿਲਣ ਤੋਂ ਪਹਿਲਾਂ ਜੇਲੰਸਕੀ ਨੇ ਕੈਨੇਡਾ ਦੇ ਰਾਸ਼ਟਰਪਤੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਕੈਨੇਡਾ ਨੇ ਯੂਕਰੇਨ ਲਈ ਢਾਈ ਅਰਬ ਡਾਲਰ ਦੀ ਮਦਦ ਦੇਣ ਦਾ ਵਾਅਦਾ ਵੀ ਕੀਤਾ। ਟਰੰਪ ਅਤੇ ਜੇਲੰਸਕੀ ਦੀ ਗੱਲਬਾਤ ਤੋਂ ਪਹਿਲਾਂ 500 ਡਰੋਨਾਂ ਅਤੇ ਬਲਿਸਟਿਕ ਮਿਜ਼ਾਈਲਾਂ ਨਾਲ ਕੀਤੇ ਗਏ ਹਮਲੇ `ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਜੇਲੰਸਕੀ ਨੇ ਕਿਹਾ ਕਿ ਸਾਡੇ ਵੱਲੋਂ ਅਮਨ ਲਈ ਕੀਤੀ ਜਾ ਰਹੀ ਵਾਰਤਾ ਨੂੰ ਪੂਤਿਨ ਦਾ ਇਹ ਜਵਾਬ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਦੌਰਾਨ ਰੂਸ ਵੱਲੋਂ ਕੀਤੇ ਗਏ ਹਮਲੇ ਨੂੰ ਜੰਗਲੀ ਪੁਣਾ (ਬਾਰਬੈਰਿਕ) ਕਿਹਾ। ਮਾਰਕ ਕਾਰਨੀ ਨੇ ਕਿਹਾ ਕਿ ਸਾਨੂੰ ਗੱਲਬਾਤ ਦੀ ਮੇਜ਼ `ਤੇ ਲਿਆਉਣ ਲਈ ਰੂਸ `ਤੇ ਦਬਾਅ ਬਣਾਉਣ ਦੀ ਲੋੜ ਹੈ।
ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਵੱਲੋਂ ਕੀਤੇ ਗਏ ਤਾਜ਼ਾ ਹਮਲਿਆਂ `ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਟਰੰਪ ਨੇ ਸਗੋਂ ਕਿਹਾ ਕਿ ਯੂਕਰੇਨ ਨੇ ਹਾਲ ਹੀ ਵਿੱਚ ਰੂਸ `ਤੇ ਤਕੜੇ ਹਮਲੇ ਕੀਤੇ ਹਨ। ਉਨ੍ਹਾਂ ਦਾ ਇਹ ਇਸ਼ਾਰਾ ਰੂਸ ਦੇ ਇੱਕ ਵੱਡੇ ਜਰਨੈਲ ਦੀ ਹੱਤਿਆ ਵੱਲ ਸੀ। ਇੱਥੇ ਜ਼ਿਕਰਯੋਗ ਹੈ ਕਿ ਜੇਲੰਸਕੀ ਨੇ ਬਰਤਾਨੀਆ ਦੇ ਇੱਕ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਅਮਰੀਕੀ ਰਾਸ਼ਟਰਪਤੀ ਤੋਂ ਡਰਦੇ ਨਹੀਂ ਹਨ। ਅਮਰੀਕੀ ਰਾਸ਼ਟਰਪਤੀ ਅਨੁਸਾਰ ਦੋਨੋਂ ਮੁਲਕ ਸਰਹੱਦ `ਤੇ ਬਫਰ ਜ਼ੋਨ ਬਣਾਉਣ ਲਈ ਤਿਆਰ ਹਨ। ਜੇਲੰਸਕੀ ਨੇ ਟਰੰਪ ਨਾਲ ਗੱਲਬਾਤ ਤੋਂ ਪਹਿਲਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਕੀਤੀ ਅਤੇ ਲੜਾਈ ਦੇ ਫਰੰਟ `ਤੇ ਬਣ ਰਹੀ ਸਥਿਤੀ ਬਾਰੇ ਦੱਸਿਆ। ਗੱਲਬਾਤ ਲਈ ਡੈਲੀਗੇਟਾਂ ਵਿੱਚ ਯੂਕਰੇਨ ਦੀ ਸੁਰੱਖਿਆ ਬਾਰੇ ਕੌਂਸਲ ਦੇ ਮੁਖੀ ਰੁਸਤਮ ਉਮੇਰੋਵ, ਡਿਪਟੀ ਵਿਦੇਸ਼ ਮੰਤਰੀ ਸਰਗੇਈ ਕਿਸਲਿਸਟਿਸੀਆ ਅਤੇ ਵਾਸ਼ਿੰਗਟਨ ਵਿੱਚ ਯੂਕਰੇਨ ਦੇ ਨਵੇਂ ਰਾਜਦੂਤ ਉਲਾ ਸਟੇਫੈਨਿਸ਼ਨਾ ਸ਼ਾਮਲ ਸਨ। ਦੂਜੇ ਪਾਸੇ ਅਮਰੀਕਾ ਵੱਲੋਂ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਤੋਂ ਇਲਾਵਾ ਟਰੰਪ ਦੇ ਜਵਾਈ ਜਾਰਡ ਕੁਸ਼ਨੇਰ, ਅਮਰੀਕਾ ਦੇ ਸਟੇਟ ਸਕੱਤਰ ਮਾਰਕੋ ਰੂਬੀਉ, ਸੁਰੱਖਿਆ ਸਕੱਤਰ ਪੀਟ ਹੇਸਥ, ਸੁਸੀ ਵੇਲਜ਼, ਰਾਸ਼ਟਰਪਤੀ ਦੇ ਚੀਫ ਆਫ ਸਟਾਫ ਅਤੇ ਜੁਆਇੰਟ ਚੀਫ ਆਫ ਸਟਾਫ ਸ਼ਾਮਲ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਸ ਹੈ ਕਿ ਨਵੇਂ ਸਾਲ ਨੂੰ ਇਸ ਜੰਗ ਦੇ ਖਾਤਮੇ ਨਾਲ ਸਲਾਮੀ ਦਿੱਤੀ ਜਾਵੇਗੀ। ਯੂਰਪੀ ਆਗੂ ਇਸ ਗੱਲਬਾਤ ਵਿੱਚ ਵੀਡੀਉ ਕਾਨਫਰੰਸ ਰਾਹੀਂ ਹਿੱਸਾ ਲੈਣਗੇ।

Leave a Reply

Your email address will not be published. Required fields are marked *