*ਘੱਟਗਿਣਤੀਆਂ, ਪਰਵਾਸੀ ਕਾਮਿਆਂ ਦਾ ਜੀਣਾ ਮੁਹਾਲ ਹੋਇਆ
*ਕੌਮੀ ਰਾਜਾਂ ਵਿੱਚ ਘੱਟਗਿਣਤੀਆਂ ਦੇ ਮਸਲੇ ਗੁੰਝਲਦਾਰ ਬਣੇ
ਜਸਵੀਰ ਸਿੰਘ ਮਾਂਗਟ
ਬੰਗਲਾ ਦੇਸ਼, ਭਾਰਤ ਅਤੇ ਨਿਊਜ਼ੀਲੈਂਡ ਵਿੱਚ ਕ੍ਰਮਵਾਰ ਹਿੰਦੂਆਂ, ਇਸਾਈਆਂ ਅਤੇ ਸਿੱਖਾਂ ਖਿਲਾਫ ਕੁਝ ਇਸ ਕਿਸਮ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਅੱਜ ਸੰਸਾਰ ਵਿੱਚ ਧਾਰਮਿਕ ਅਤੇ ਨਸਲੀ ਘੱਟਗਿਣਤੀਆਂ ਖਿਲਾਫ ਮਾਹੌਲ ਨੂੰ ਬੇਹੱਦ ਖ਼ਤਰਨਾਕ ਬਣਾ ਦਿੱਤਾ ਹੈ। ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਬੀਤੇ ਦਿਨੀਂ ਸੇLਖ ਹਸੀਨਾ ਵਿਰੋਧੀ ਇੱਕ ਸੀਨੀਅਰ ਵਿਦਿਆਰਥੀ ਆਗੂ ਸ਼ਰੀਫ ਉਸਮਾਨ ਹਾਦੀ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆ ਬਾਰੇ ਬੰਗਲਾਦੇਸ਼ ਵਿੱਚ ਗੱਦੀਓਂ ਲੱਥੀ ਸ਼ੇਖ ਹਸੀਨਾ ਵਿਰੋਧੀ ਧਿਰਾਂ ਨੇ ਇਹ ਪ੍ਰਚਾਰ ਆਰੰਭ ਕਰ ਦਿੱਤਾ ਕਿ ‘ਹਾਦੀ’ ਦੇ ਕਾਤਲ ਭਾਰਤ ਵਿੱਚ ਦਾਖਲ ਹੋ ਗਏ ਹਨ। ਇਸ ਤਰ੍ਹਾਂ ਭਾਰਤ ਵਿਰੋਧੀ ਪ੍ਰਦਰਸ਼ਨ ਬੰਗਲਾਦੇਸ਼ ਵਿੱਚ ਹੋਣੇ ਸ਼ੁਰੂ ਹੋ ਗਏ।
ਇਸ ਘਟਨਾਕ੍ਰਮ ਤੋਂ ਬਾਅਦ ਦੋਹਾਂ ਧਿਰਾਂ ਨੇ ਇੱਕ-ਦੂਜੇ ਦੇ ਰਾਜਦੂਤਾਂ ਨੂੰ ਬੁਲਾ ਕੇ ਆਪੋ-ਆਪਣੇ ਇਤਰਾਜ਼ ਵੀ ਦਰਜ ਕਰਵਾਏ। ਇਸ ਦੌਰਾਨ ਬੰਗਲਾਦੇਸ਼ੀ ਭੀੜ ਵੱਲੋਂ ਇੱਕ ਹਿੰਦੂ ਮੂਲ ਦੇ ਵਿਅਕਤੀ ਦੀਪੂ ਚੰਦਰ ਦਾਸ ਦੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਨੂੰ ਦਰਖਤ ਨਾਲ ਬੰਨ੍ਹ ਕੇ ਸਾੜ ਦਿੱਤਾ। ਇਸ ਤੋਂ ਪਿਛੋਂ ਬੀਤੇ ਹਫਤੇ ਬੇਕਾਬੂ ਹੋਈਆਂ ਬੰਗਲਾਦੇਸ਼ੀ ਭੀੜਾਂ ਨੇ ‘ਸਮਰਾਟ’ ਨਾਮੀ ਇੱਕ ਹੋਰ ਹਿੰਦੂ ਮੂਲ ਦੇ ਵਿਅਕਤੀ ਦੀ ਵੀ ਹੱਤਿਆ ਕਰ ਦਿੱਤੀ। ਕੁੱਟਮਾਰ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਇਸ ਵਿਅਕਤੀ ਨੂੰ ਪੁਲਿਸ ਨੇ ਭੀੜ ਹੱਥੋਂ ਛੁਡਾ ਲਿਆ ਸੀ, ਪਰ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇੱਕ ਹੋਰ ਬੰਗਲਾ ਵਿਦਿਆਰਥੀ ਦੀ ਵੀ ਇਸ ਦਰਮਿਆਨ ਹੱਤਿਆ ਕੀਤੀ ਗਈ। ਇਨ੍ਹਾਂ ਘਟਨਾਵਾਂ ਦਾ ਭਾਰਤ ਵਿੱਚ ਤਿੱਖਾ ਪ੍ਰਤੀਕਰਮ ਹੋਇਆ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਜਿਹੀਆਂ ਕੱਟੜ ਹਿੰਦੂ ਜਥੇਬੰਦੀਆਂ ਨੇ ਬੰਗਲਾਦੇਸ਼ ਵਿੱਚ ਹੋਈ ਹਿੰਸਾ ਖਿਲਾਫ ਪ੍ਰਦਰਸ਼ਨ ਕੀਤੇ। ਦਿੱਲੀ, ਕੋਲਕਾਤਾ, ਮੁੰਬਈ ਅਤੇ ਹੈਦਰਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਗਏ।
ਇਸੇ ਤਰ੍ਹਾਂ ਵਿਕਸਤ ਸਮਝੇ ਜਾਂਦੇ ਮੁਲਕ ਨਿਊਜ਼ੀਲੈਂਡ ਵਿੱਚ ਇੱਕ ਕੱਟੜ ਇਸਾਈ ਤਬਕੇ ਦੇ ਕਾਰਕੁੰਨਾਂ ਨੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਆਯੋਜਤ ਕੀਤੇ ਜਾ ਰਹੇ ਇੱਕ ਨਗਰ ਕੀਰਤਨ ਨੂੰ ਜ਼ਬਰਦਸਤੀ ਰੋਕਣ ਦਾ ਯਤਨ ਕੀਤਾ, ਪਰ ਪੁਲਿਸ ਦੇ ਦਖਲ ਕਾਰਨ ਸਥਿਤੀ ਹਿੰਸਕ ਹੋਣ ਤੋਂ ਟਲ ਗਈ। ਇਸੇ ਤਰ੍ਹਾਂ ਇਸ ਵਾਰ ਕ੍ਰਿਸਮਸ ਦੇ ਤਿਉਹਾਰ ਮੌਕੇ ਹਿੰਦੂ ਕੱਟੜਪੰਥੀਆਂ ਨੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸਾਈਆਂ `ਤੇ ਹਮਲੇ ਕੀਤੇ। ਇਨ੍ਹਾਂ ਸ਼ਰਮਨਾਕ ਹਮਲਿਆਂ ਖਿਲਾਫ ਸਾਡੀਆਂ ਸਰਕਾਰਾਂ ਅਤੇ ਮੰਤਰੀ ਲਗਪਗ ਚੁੱਪ ਰਹੇ ਹਨ। ਕਾਂਗਰਸ ਸਮੇਤ ਵਿਰੋਧੀ ਸਿਆਸੀ ਧਿਰਾਂ ਨੇ ਜ਼ਰੂਰ ਇਸ ਖਿਲਾਫ ਪ੍ਰਤੀਕਰਮ ਪ੍ਰਗਟ ਕੀਤੇ ਹਨ।
ਘੱਟਗਿਣਤੀ ਅਤੇ ਮੁਕਾਬਲਤਨ ਛੋਟੀਆਂ, ਕਮਜ਼ੋਰ ਕੌਮਾਂ ਦੇ ਜੀਣ-ਥੀਣ ਅਤੇ ਆਪਣੀ ਆਜ਼ਾਦੀ ਬਰਕਰਾਰ ਰੱਖਣ ਦਾ ਮਸਲਾ ਅੱਜ ਦੁਨੀਆਂ ਵਿੱਚ ਪ੍ਰਮੁੱਖ ਮਸਲਾ ਬਣ ਗਿਆ ਹੈ। ਇਸ ਦੇ ਨਾਲ ਹੀ ਘੱਟ ਵਿਕਸਤ ਦੇਸ਼ਾਂ ਵੱਲੋਂ ਵਿਕਸਤ ਮੁਲਕਾਂ ਵੱਲ ਜਾਂਦੇ ਹੁਨਰੀ ਅਤੇ ਗੈਰ-ਹੁਨਰੀ ਕਾਮਿਆਂ ਦਾ ਗੈਰਤ ਨਾਲ ਰੋਜ਼ੀ ਰੋਟੀ ਕਮਾਉਣ ਦਾ ਮਸਲਾ ਵੀ ਸਾਹਮਣੇ ਆ ਗਿਆ ਹੈ। ਇਹ ਮਸਲਾ ਵੀ ਇੱਕ ਜਾਂ ਦੂਜੇ ਤਰੀਕੇ ਨਾਲ ਕਿਸੇ ਮੁਲਕ ਵਿੱਚ ਵੱਸਦੀਆਂ ਧਾਰਮਿਕ ਅਤੇ ਨਸਲੀ ਘੱਟਗਿਣਤੀਆਂ ਨਾਲ ਜੁੜਿਆ ਹੋਇਆ ਹੈ।
ਇੱਥੇ ਭਾਰਤ ਵਿੱਚ 1947 ਤੋਂ ਤੁਰੰਤ ਬਾਅਦ ਹੀ ਘੱਟਗਿਣਤੀਆਂ ਦਾ ਮਸਲਾ ਉੱਠ ਖੜ੍ਹਾ ਹੋਇਆ ਸੀ। ਖਾਸ ਕਰਕੇ ਸਿੱਖਾਂ, ਮੁਸਲਮਾਨਾਂ ਅਤੇ ਇਸਾਈ ਭਾਈਚਾਰੇ ਦੇ ਖਿਲਾਫ ਵੱਖ-ਵੱਖ ਰਾਜ ਸਰਕਾਰਾਂ ਜਾਂ ਕੇਂਦਰ ਸਰਕਾਰ ਦੀ ਸ਼ਹਿ `ਤੇ ਹਿੰਸਾ ਜਥੇਬੰਦ ਕੀਤੀ ਜਾਂਦੀ ਰਹੀ ਹੈ। ਮਸਲਨ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕੇਂਦਰ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਵੱਲੋਂ ਪੂਰੇ ਯੋਜਨਾਬੰਦ ਢੰਗ ਨਾਲ ਸਿੱਖਾਂ ਖਿਲਾਫ ਫਿਰਕੂ ਹਿੰਸਾ ਜਥੇਬੰਦ ਕੀਤੀ ਗਈ। ਇਸ ਤੋਂ ਇਲਾਵਾ ਗੁਜਰਾਤ ਵਿੱਚ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸੀ, ਤਾਂ ਗੋਧਰਾ ਕਾਂਡ ਵਾਪਰਨ ਤੋਂ ਬਾਅਦ ਸਟੇਟ ਦੀ ਰਾਜ ਸ਼ਕਤੀ ਦੀ ਮਦਦ ਨਾਲ ਹਿੰਸਾ ਜਥੇਬੰਦ ਕੀਤੀ ਗਈ ਅਤੇ ਹਜ਼ਾਰਾਂ ਮੁਸਲਮਾਨ ਮਾਰ ਦਿੱਤੇ ਗਏ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ- ਦੋਹਾਂ ਦੀ ਮਿਲੀਭੁਗਤ ਨਾਲ ਬਾਬਰੀ ਮਸਜਿਦ ਨੂੰ ਢਾਹਿਆ ਗਿਆ। ਇਸ ਤੋਂ ਇਲਾਵਾ ਹਾਲ ਹੀ ਦੇ ਸਾਲਾਂ ਵਿੱਚ ਦਿੱਲੀ ਵਿੱਚ ਮੁਸਲਮਾਨਾਂ ਖਿਲਾਫ ਇੱਕ ਭਿਆਨਕ ਹਿੰਸਾ ਨੂੰ ਪੁਲਿਸ ਅਤੇ ਸੁਰੱਖਿਆ ਦਸਤਿਆਂ ਦੀ ਮਦਦ ਨਾਲ ਜਥੇਬੰਦ ਕੀਤਾ ਗਿਆ।
ਕਿਸੇ ਧਾਰਮਿਕ ਜਾਂ ਨਸਲੀ ਘੱਟਗਿਣਤੀ ਦੇ ਖਿਲਾਫ ਸਟੇਟ ਦੀ ਮਿਲੀ ਭੁਗਤ ਨਾਲ ਹਿੰਸਾ ਨੂੰ ਜਥੇਬੰਦ ਕੀਤੇ ਜਾਣਾ ਇੱਕ ਬਾਕਾਇਦਾ ਫਾਸ਼ੀ ਵਰਤਾਰਾ ਹੈ। ਇਸੇ ਲਈ ਤਕਰੀਬਨ ਸਾਰੀਆਂ ਹੀ ਕੌਮੀ ਪਾਰਟੀਆਂ ਵੱਲੋਂ ਘੱਟਗਿਣਤੀਆਂ ਖਿਲਾਫ ਸਟੇਟ ਦੀ ਮਦਦ ਨਾਲ ਬਹੁਗਿਣਤੀ ਭਾਈਚਾਰੇ ਵੱਲੋਂ ਕੀਤੀ ਜਾਂਦੀ ਹਿੰਸਾ ਨੂੰ ਕਦੀ ਵੀ ਇੱਕ ਪਲੜੇ ਵਿੱਚ ਰੱਖ ਕੇ ਨਹੀਂ ਤੋਲਿਆ ਜਾ ਸਕਦਾ। ਸਟੇਟ ਜਿਸ ਵੀ ਧਾਰਮਿਕ ਨਸਲੀ ਧਿਰ ਦਾ ਪੱਖ ਪੂਰਦੀ ਹੈ, ਉਹ ਲਾਜ਼ਮੀ ਹੀ ਜ਼ਲਾਮ ਹੋ ਜਾਂਦੀ ਹੈ। ਜਦਕਿ ਰਾਜ ਹੀਣ ਘੱਟਗਿਣਤੀਆਂ ਆਮ ਤੌਰ `ਤੇ ਨਿਹੱਥੀਆਂ ਹੁੰਦੀਆਂ ਹਨ। ਸਾਡੇ ਆਪਣੇ ਇੱਥੇ ਦੱਖਣੀ ਏਸ਼ੀਆ ਦੇ ਦੋ ਮੁਲਕਾਂ- ਭਾਰਤ ਅਤੇ ਬੰਗਲਾਦੇਸ਼ ਵਿੱਚ ਅਜਿਹਾ ਵਰਤਾਰਾ ਸਾਫ ਰੂਪ ਵਿੱਚ ਵਾਪਰਦਾ ਵੇਖਿਆ ਜਾ ਸਕਦਾ ਹੈ।
ਭਾਰਤ ਵਿੱਚ ਹਰ ਨਿੱਕੀ ਮੋਟੀ ਚੋਣ ਵੇਲੇ ਭਾਰਤੀ ਜਨਤਾ ਪਾਰਟੀ ਮੁਸਲਮਾਨਾਂ ਖਿਲਾਫ ਰੱਜ ਕੇ ਨਫਰਤ ਫੈਲਾਉਂਦੀ ਹੈ। ਆਮ ਚੋਣਾਂ ਜਿੱਤਣ ਲਈ ਭਾਜਪਾ ਵੱਲੋਂ ਮੁਸਲਮਾਨਾਂ ਖਿਲਾਫ ਨਫਰਤ ਨੂੰ ਇੱਕ ਤਰ੍ਹਾਂ ਨਾਲ ਹਥਿਆਰ ਬਣਾਇਆ ਜਾਂਦਾ। ਇਹ ਇਸ ਲਈ ਕਿ ਮੁਸਲਮਾਨਾਂ ਖਿਲਾਫ ਨਫਰਤ ਫੈਲਾ ਕੇ ਹਿੰਦੂਆਂ ਦੀ ਵੋਟ ਨੂੰ ਆਪਣੇ ਪੱਖ ਵਿੱਚ ਕਨਸੌਲੀਡੇਟ ਕੀਤਾ ਜਾ ਸਕੇ। ਪਿਛਲੇ ਦਸ ਬਾਰਾਂ ਸਾਲਾਂ ਦਾ ਭਾਰਤੀ ਜਨਤਾ ਪਾਰਟੀ ਦਾ ਰਾਜ ਮੁਸਲਮਾਨਾਂ ਖਿਲਾਫ ਹਿੰਸਾ ਭੜਕਾਉਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਜ਼ਲੀਲ ਕਰਨ ਦਾ ਸਾਧਨ ਬਣਿਆ ਹੋਇਆ ਹੈ। ਰਾਜ ਪ੍ਰਾਪਤ ਕਰਨ ਲਈ ਵੀ ਮੁਸਲਮਾਨ ਹੀ ਨਿਸ਼ਾਨੇ `ਤੇ ਹੁੰਦੇ ਹਨ ਅਤੇ ਅੱਗੇ ਰਾਜ ਹੱਥ ਆ ਜਾਣ ਤੋਂ ਬਾਅਦ ਧਾਰਮਿਕ ਘੱਟਗਿਣਤੀਆਂ ਨੂੰ ਖੂੰਜੇ ਲਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਕਰਦਿਆਂ-ਕਰਾਉਂਦਿਆਂ ਭਾਰਤੀ ਜਨਤਾ ਪਾਰਟੀ ਨੇ ਇਹ ਕਦੀ ਨਹੀਂ ਸੋਚਿਆ ਕਿ ਉਸ ਵੱਲੋਂ ਜਿਹੜੇ ਕਾਰੇ ਇਸ ਮੁਲਕ ਵਿੱਚ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਅਸਰ ਦੂਜੇ ਮੁਲਕਾਂ ਵਿੱਚ ਭਾਰਤੀ ਘੱਟਗਿਣਤੀਆਂ ਖਿਲਾਫ ਪ੍ਰਤੀਕਰਮ ਵਿੱਚ ਵੀ ਹੋ ਸਕਦਾ।
ਹੁਣ ਜਦੋਂ ਬੰਗਲਾਦੇਸ਼ ਵਿੱਚ ਉਸੇ ਤਰ੍ਹਾਂ ਦਾ ਵਰਤਾਵ ਹਿੰਦੂਆਂ ਨਾਲ ਕੀਤਾ ਜਾਣ ਲੱਗਾ ਹੈ, ਜਿਸ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਇੱਥੇ ਮੁਸਲਮਾਨਾਂ ਨਾਲ ਕਰਦੀ ਹੈ, ਤਾਂ ਮੌਜੂਦਾ ਕੇਂਦਰ ਸਰਕਾਰ ਨੂੰ ਤਕਲੀਫ ਹੋਣ ਲੱਗੀ ਹੈ। ਇਸ `ਤੇ ਵੱਖ-ਵੱਖ ਕੇਂਦਰੀ ਮੰਤਰੀਆਂ ਵੱਲੋਂ ਦੇਸੀ-ਵਿਦੇਸ਼ੀ ਮੀਡੀਏ ਵਿੱਚ ਲੰਮੇ ਚੌੜੇ ਬਿਆਨ ਜਾਰੀ ਕੀਤੇ ਜਾਣ ਲੱਗੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਇਸ ਵਰਤਾਰੇ ਬਾਰੇ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਬੰਗਲਾਦੇਸ਼ ਵਿੱਚ ਬੀਤੇ ਦਿਨਾਂ ਵਿੱਚ ਹੋਈ ਹਿੰਸਾ ਨੂੰ ਸਿਆਸੀ ਹਿੰਸਾ ਆਖ ਕੇ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਹਮਲਿਆਂ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਮੁਹੰਮਦ ਯੂਨਿਸ ਦੀ ਅੰਤ੍ਰਿਮ ਸਰਕਾਰ ਬਣਨ ਤੋਂ ਪਿੱਛੋਂ ਤਕਰੀਬਨ 35 ਹਿੰਦੂਆਂ ਦੀ ਹੱਤਿਆ ਕੀਤੀ ਗਈ ਹੈ ਅਤੇ ਘੱਟਗਿਣਤੀਆਂ ਖਿਲਾਫ ਹਿੰਸਾ ਦੇ 2900 ਮਾਮਲੇ ਸਾਹਮਣੇ ਆਏ ਹਨ। ਇੱਥੇ ਦਿਲਚਸਪ ਤੱਥ ਇਹ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਨਿਊਜ਼ੀਲੈਂਡ ਵਿੱਚ ਇੱਕ ਸਿੱਖ ਨਗਰ ਕੀਰਤਨ ਨੂੰ ਕੱਟੜ ਇਸਾਈਆਂ ਵੱਲੋਂ ਡੱਕਣ ਖਿਲਾਫ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ।
ਯਾਦ ਰਹੇ, ਦੂਜੀ ਸੰਸਾਰ ਜੰਗ ਵਿੱਚ ਯਹੂਦੀਆਂ ਦੇ ਕਤਲੇਆਮ ਤੋਂ ਬਾਅਦ ਅਤੇ ਯੂ.ਐਨ.ਓ. ਦੇ ਹੋਂਦ ਵਿੱਚ ਆ ਜਾਣ ਮਗਰੋਂ ਧਾਰਮਿਕ ਘੱਟਗਿਣਤੀਆਂ ਨੂੰ ਜਮਹੂਰੀ ਅਧਿਕਾਰ ਦੇਣ ਅਤੇ ਇਨ੍ਹਾਂ ਦੀ ਬਾਕਾਇਦਾ ਰਾਖੀ ਕਰਨ ਦੀ ਇੱਕ ਰਵਾਇਤ ਰਹੀ ਹੈ। ਖਾਸ ਕਰਕੇ ਯੂਰਪੀਅਨ ਮੁਲਕਾਂ, ਅਮਰੀਕਾ ਅਤੇ ਕੈਨੇਡਾ ਵਿਚ; ਪਰ ਪਿਛਲੇ ਕੁਝ ਸਮੇਂ ਤੋਂ ਪੈਦਾ ਹੋਏ ਆਰਥਿਕ-ਸਿਆਸੀ ਸੰਕਟ ਨੇ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ ਤਾਂ ਗਲੋਬਲ ਪਿੰਡ ਬਣ ਗਈ ਦੁਨੀਆਂ ਮੁੜ ਅੱਤਿ ਕੱਟੜ ਕੌਮੀ ਮੁਹੱਲਿਆਂ ਵਿੱਚ ਵਟ ਗਈ ਹੈ। ਇਨ੍ਹਾਂ ਕੌਮੀ ਮੁਹੱਲਿਆਂ ਵਿੱਚ ਵਸਦੇ ਪਰਵਾਸੀਆਂ ਖਿਲਾਫ ਨਫਰਤ ਦੀ ਹਨੇਰੀ ਚਲਾਈ ਜਾ ਰਹੀ ਹੈ। ਅਜਿਹੀਆਂ ਹਾਲਤਾਂ ਵਿੱਚ ਸਿੱਖਾਂ ਵਾਂਗ ਉਨ੍ਹਾਂ ਪਰਵਾਸੀਆਂ ਦਾ ਬੜਾ ਕੁਝ ਦਾਅ `ਤੇ ਲੱਗਾ ਹੋਇਆ ਹੈ, ਜਿਨ੍ਹਾਂ ਦੀ ਆਪਣੀ ਕੋਈ ਸਟੇਟ ਨਹੀਂ ਹੈ ਜਾਂ ਜਿਨ੍ਹਾਂ ਖਿਲਾਫ ਵਾਪਰਨ ਵਾਲੀ ਹਿੰਸਾ ਖਿਲਾਫ ਉਨ੍ਹਾਂ ਦੀ ਪੇਰੈਂਟ ਸਟੇਟ ਕੋਈ ਵੀ ਉਪਾਅ ਨਹੀਂ ਕਰਦੀ।
ਇਸੇ ਕਿਸਮ ਦਾ ਮਸਲਾ ਨਿਊਜ਼ੀਲੈਂਡ ਵਿੱਚ ਉਦੋਂ ਸਾਹਮਣੇ ਆਇਆ, ਜਦੋਂ ਸਿੱਖਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਨੂੰ ਕੱਟੜ ਇਸਾਈਆਂ ਦੇ ਇੱਕ ਤਬਕੇ ਨੇ ਘੇਰ ਕੇ ਰੋਕ ਲਿਆ ਤੇ ਬੁਰਾ ਭਲਾ ਕਿਹਾ। ਇਸ ਨਗਰ ਕੀਰਤਨ ਨੂੰ ਤਾਮਕੀ ਨਾ ਦੇ ਇੱਕ ਕੱਟੜ ਇਸਾਈ ਧਾਰਮਿਕ ਆਗੂ ਨਾਲ ਸੰਬੰਧਤ ‘ਡੈਸਟਿਨੀ ਚਰਚ’ ਦੇ ਕਾਰਕੁੰਨਾਂ ਨੇ ਰੋਕ ਕੇ ਅਗਰੈਸਿਵ ਕਿਸਮ ਦੇ ਹਾਕਾ ਡਾਂਸ ਰਾਹੀਂ ਵਿਰੋਧ ਕੀਤਾ। ‘ਟਰੂ ਪੈਟਰੀਆਟ ਆਫ ਨਿਊਜ਼ੀਲੈਂਡ’ ਨਾਮੀ ਇਸ ਸੰਗਠਨ ਦਾ ਵਿਰੋਧ ਇੰਨਾ ਹਮਲਾਵਰ ਅਤੇ ਭੜਕਾਊ ਸੀ ਕਿ ਜੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਸਾਰਥਕ ਦਖ਼ਲ ਨਾ ਦਿੱਤਾ ਹੁੰਦਾ ਤਾਂ ਇਹ ਹਿੰਸਾ ਵੀ ਹੋ ਸਕਦੀ ਸੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕੋਈ ਚੱਜ ਦਾ ਬਿਆਨ ਤੱਕ ਨਹੀਂ ਸਰਿਆ। ਇਹ ਵਰਤਾਰਾ ਦਰਸਾਉਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਭਾਰਤ ਵਿੱਚ ਵੱਸਦੀਆਂ ਧਾਰਮਿਕ ਘੱਟਗਿਣਤੀਆਂ ਨੂੰ ਆਪਣੇ ਸ਼ਹਿਰੀ ਨਹੀਂ ਸਮਝਦੀ।
ਲਗਪਗ ਇਸੇ ਕਿਸਮ ਦੀ ਹਾਲਤ ਪਾਕਿਸਤਾਨ ਵਿੱਚ ਹੈ। ਇੱਕ ਖਾਸ ਬਹੁਗਿਣਤੀ ਦੇ ਆਧਾਰ `ਤੇ ਬਣੀਆਂ ਸੰਸਾਰ ਦੀਆਂ ਸਾਰੀਆਂ ਹੀ ਕੌਮੀ ਸਟੇਟਾਂ ਵਿੱਚ ਧਾਰਮਿਕ ਨਸਲੀ ਘੱਟਗਿਣਤੀਆਂ ਦਾ ਮਸਲਾ ਇੱਕ ਸਿਆਸੀ ਗੁੰਝਲ ਬਣਿਆ ਹੋਇਆ ਹੈ। ਦੁਨੀਆਂ ਦੇ ਵੱਡੇ ਮੁਲਕਾਂ- ਖਾਸ ਕਰਕੇ ਅਮਰੀਕਾ, ਭਾਰਤ, ਇੰਗਲੈਂਡ, ਜਰਮਨੀ, ਇਟਲੀ ਅਤੇ ਰੂਸ ਜਿਹੇ ਮੁਲਕਾਂ ਵਿੱਚ ਸਰਕਾਰਾਂ ਦੀ ਸੌੜੀ ਸੋਚ ਨੇ ਆਪੋ-ਆਪਣੇ ਮੁਲਕਾਂ ਵਿੱਚ ਧਾਰਮਿਕ ਘੱਟਗਿਣਤੀਆਂ ਦਾ ਜੀਣਾ-ਥੀਣਾ ਹੋਰ ਮੁਹਾਲ ਕੀਤਾ ਹੋਇਆ ਹੈ। ਆਰਥਕ ਤੌਰ `ਤੇ ਇੱਕ-ਦੂਜੇ ਨਾਲ ਪੀਡੀ ਤਰ੍ਹਾਂ ਬੱਝ ਗਏ ਸੰਸਾਰ ਨੇ ਸ਼ਾਇਦ ਇੱਕ-ਦੂਜੇ ਦੀ ਵੱਖਰੀ ਹੋਂਦ ਹਸਤੀ ਨੂੰ ਸਵੀਕਾਰ ਕਰਨਾ ਹਾਲੇ ਸਿੱਖਣਾ ਹੈ। ਬਿਲਕੁਲ ਇਹੋ ਦੌਰ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਵੰਨ-ਸੁਵੰਨਤਾ ਨੂੰ ਇੱਕ ਆਦਰਸ਼ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।
