ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ ਅਤੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਹਥਲੀ ਲਿਖਤ ਵਿੱਚ ਪੰਜਾਬੀਆਂ ਦੀ ਅਫ਼ਰੀਕੀ ਮੁਲਕ ਘਾਨਾ ਨਾਲ ਸਾਂਝ ਦਾ ਸੰਖੇਪ ਜ਼ਿਕਰ ਹੈ। ਹਾਲਾਂ ਕਿ ਇੱਥੇ ਪੰਜਾਬੀ ਕੋਈ ਵੱਡੀ ਗਿਣਤੀ ਵਿੱਚ ਨਹੀਂ ਵੱਸਦੇ, ਪਰ ਜੋ ਹੈਨ ਵੀ, ਉਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬੀਅਤ ਨੂੰ ਰੌਸ਼ਨ ਕੀਤਾ ਹੈ। ਘਾਨਾ ਦੀ ਖੇਤੀਬਾੜੀ, ਉਦਯੋਗਾਂ ਅਤੇ ਕਾਰੋਬਾਰ ਨੂੰ ਵਿਕਾਸ ਦੇ ਮਾਰਗ ’ਤੇ ਤੋਰਨ ਵਿੱਚ ਪੰਜਾਬੀਆਂ ਦੇ ਵਿਲੱਖਣ ਯੋਗਦਾਨ ਲਈ ਸਮੂਹ ਘਾਨਾ ਵਾਸੀ ਆਪਣੇ ਆਪ ਨੂੰ ਪੰਜਾਬੀਆਂ ਦੇ ਸ਼ੁਕਰਗੁਜ਼ਾਰ ਤੇ ਰਿਣੀ ਮਹਿਸੂਸ ਕਰਦੇ ਹਨ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਘਾਨਾ ਇੱਕ ਅਫ਼ਰੀਕੀ ਮੁਲਕ ਹੈ ਅਤੇ ਇਹ ਪੱਛਮੀ ਅਫ਼ਰੀਕੀ ਖਿੱਤੇ ਵਿੱਚ ਸਥਿਤ ਹੈ। ਇਸ ਖਿੱਤੇ ਦਾ ਇਹ ਸਭ ਤੋਂ ਵੱਧ ਆਬਾਦੀ ਵਾਲਾ ਦੂਜਾ ਮੁਲਕ ਹੈ। ਸਾਲ 2025 ਵਿੱਚ ਇਸ ਮੁਲਕ ਦੀ ਅਨੁਮਾਨਿਤ ਜਨਸੰਖਿਆ 3.50 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਇਸ ਦੇਸ਼ ਦਾ ਕੁੱਲ ਖੇਤਰਫ਼ਲ 2,39,567 ਵਰਗ ਕਿਲੋਮੀਟਰ ਹੈ, ਜਿਸ ਕਰਕੇ ਇੱਥੇ ਵੱਸੋਂ ਦੀ ਘਣਤਾ 151 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਕਰੀਬ ਬਣਦੀ ਹੈ। ਇਹ ਮੁਲਕ ਬਰਤਾਨਵੀ ਸ਼ਾਸਨ ਤੋਂ ਸੰਨ 1957 ਵਿੱਚ ਮੁਕਤ ਹੋਇਆ ਸੀ। ਇਸ ਮੁਲਕ ਦੀ ਰਾਜਧਾਨੀ ਅਕਰਾ ਹੀ ਇੱਥੋਂ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇੱਥੋਂ ਦੀ 71 ਫ਼ੀਸਦੀ ਆਬਾਦੀ ਈਸਾਈ ਮਤ ਦੀ ਪੈਰੋਕਾਰ ਹੈ, ਜਦੋਂ ਕਿ ਇਸਲਾਮ ਨੂੰ ਅਤੇ ਹੋਰਨਾਂ ਧਰਮਾਂ ਨੂੰ ਮੰਨਣ ਵਾਲਿਆਂ ਦੀ ਸੰਖਿਆ ਕੁੱਲ ਆਬਾਦੀ ਦਾ ਕ੍ਰਮਵਾਰ 19.9 ਫ਼ੀਸਦੀ ਅਤੇ 4.5 ਫ਼ੀਸਦੀ ਹੈ। ਇੱਥੇ 1.1 ਫ਼ੀਸਦੀ ਉਹ ਲੋਕ ਵੀ ਵੱਸਦੇ ਹਨ, ਜੋ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਨ।
ਘਾਨਾ ਆਉਣ ਵਾਲੇ ਪਹਿਲੇ ਭਾਰਤੀਆਂ ਵਿੱਚ ਇੰਡੋ-ਆਰੀਅਨ ਅਤੇ ਸਿੰਧੀ ਸਮਾਜ ਦੇ ਲੋਕ ਸ਼ਾਮਿਲ ਸਨ, ਜੋ ਸ਼ੁਰੂਆਤੀ ਦੌਰ ਵਿੱਚ ਇੱਥੇ ਵਪਾਰੀ ਜਾਂ ਦੁਕਾਨਦਾਰ ਦੇ ਰੂਪ ਵਿੱਚ ਆਏ ਸਨ। ਭਾਈ ਭੂਲ ਚੰਦ ਨਾਮਕ ਪਹਿਲਾ ਸਿੰਧੀ ਵਪਾਰੀ ਇੱਥੇ ਸੰਨ 1890 ਦੇ ਆਸ-ਪਾਸ ਪੁੱਜਿਆ ਸੀ ਤੇ ਠੀਕ 20 ਕੁ ਸਾਲ ਬਾਅਦ ਇੱਥੇ ਪਹਿਲੀ ਸਿੰਧੀ ਕੰਪਨੀ ਤਾਰਾ ਚੰਦ ਜੱਸੂਮੱਲ ਦਾਸਵਾਨੀ ਅਤੇ ਮੇਥਾਰਾਮ ਜੱਸੂਮੱਲ ਦਾਸਵਾਨੀ ਨਾਮੀਂ ਦੋ ਭਰਾਵਾਂ ਨੇ ਸਥਾਪਿਤ ਕੀਤੀ ਸੀ। ਉਨ੍ਹਾਂ ਨੇ ਉਸ ਵਕਤ ਇਸ ਮੁਲਕ ਦੀ ਰਾਜਧਾਨੀ ਆਖੇ ਜਾਂਦੇ ਸ਼ਹਿਰ ‘ਕੇਪ ਕੋਸਟ’ ਦੇ ਮੁੱਖ ਬਾਜ਼ਾਰ ਵਿਖੇ ਆਪਣਾ ਸਟੋਰ ਚਾਲੂ ਕੀਤਾ ਸੀ। ਕੁਝ ਵਰਿ੍ਹਆਂ ਵਿੱਚ ਹੀ ਉਨ੍ਹਾਂ ਦਾ ਕਾਰੋਬਾਰ ਵਿਕਸਿਤ ਹੋ ਗਿਆ ਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਦੀਆਂ ਸ਼ਾਖ਼ਾਵਾਂ ਅਕਰਾ ਅਤੇ ਕੁਮਾਸੀ ਨਾਮੀਂ ਸ਼ਹਿਰਾਂ ਵਿੱਚ ਵੀ ਖੋਲ੍ਹ ਦਿੱਤੀਆਂ ਸਨ। ਹੌਲ਼ੀ-ਹੌਲ਼ੀ ਇੱਥੇ ਹੋਰ ਕਾਰੋਬਾਰੀ ਵੀ ਆ ਕੇ ਵੱਸਣੇ ਸ਼ੁਰੂ ਹੋ ਗਏ ਅਤੇ ਇਸੇ ਆਮਦ ਵਿੱਚ ਪੰਜਾਬੀਆਂ ਨੇ ਵੀ ਇੱਥੇ ਆ ਕਦਮ ਰੱਖਿਆ ਤੇ ਆਪਣੀ ਕੰਪਨੀ ‘ਪੰਜਾਬੀ ਬ੍ਰਦਰਜ਼’ ਦੇ ਨਾਂ ਹੇਠ ਚਲਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਜ਼ਿਕਰਯੋਗ ਹੈ ਕਿ ਭਾਰਤੀ ਬੈਂਕ ‘ਬੈਂਕ ਆਫ਼ ਬੜੌਦਾ’ ਦੀ ਇੱਕ ਸ਼ਾਖ਼ਾ ਘਾਨਾ ਵਿਖੇ ਵੀ ਮੌਜੂਦ ਹੈ। ਉਂਜ 2021 ਦੀ ਜਨਗਣਨਾ ਸਮੇਂ ਇੱਥੇ ਵੱਸਦੇ ਭਾਰਤੀਆਂ ਦੀ ਸੰਖਿਆ 30 ਹਜ਼ਾਰ ਦੇ ਕਰੀਬ ਸੀ, ਪਰ ਜ਼ਿਕਰਯੋਗ ਹੈ ਕਿ ਇੱਥੇ ਪੰਜਾਬੀ ਸਿੱਖਾਂ ਦੀ ਸੰਖਿਆ ਕੋਈ ਬਹੁਤ ਜ਼ਿਆਦਾ ਨਹੀਂ ਹੈ।
ਘਾਨਾ ਵਿਖੇ ਵੱਸ ਰਹੇ ਪੰਜਾਬੀ ਕੋਈ ਨਵੇਂ ਨਹੀਂ ਹਨ, ਸਗੋਂ ਕਈ ਪੀੜ੍ਹੀਆਂ ਤੋਂ ਇੱਥੇ ਰਹਿ ਰਹੇ ਹਨ। ਇੱਥੇ ਵੱਸਦੇ ਪੰਜਾਬੀਆਂ ਦੇ ਮੁੱਖ ਕਾਰੋਬਾਰ ਕੱਪੜਾ ਉਦਯੋਗ, ਭੋਜਨ ਉਦਯੋਗ ਅਤੇ ਕੁਝ ਹੋਰ ਸਥਾਨਕ ਉਦਯੋਗਾਂ ਨਾਲ ਸਬੰਧਿਤ ਹਨ। ਘਾਨਾ, ਕਿਉਂਕਿ ਕੁਦਰਤੀ ਸਰੋਤਾਂ ਨਾਲ ਮਾਲਾਮਾਲ ਦੇਸ਼ ਹੈ, ਇਸ ਲਈ ਪੰਜਾਬੀਆਂ ਨੇ ਇੱਥੇ ਖੇਤੀਬਾੜੀ ਅਤੇ ਖੇਤੀ ਆਧਾਰਿਤ ਉਦਯੋਗਾਂ ਵੱਲ ਖ਼ਾਸੀ ਤਵੱਜੋ ਦਿੱਤੀ ਹੈ। ਲੋਕ ਭਲਾਈ ਦੇ ਕਾਰਜਾਂ ਵਿੱਚ ਸਦਾ ਹੀ ਮੋਹਰੀ ਰਹਿਣ ਵਾਲੇ ਪੰਜਾਬੀ ਔਰਤਾਂ ਨੇ ਇੱਥੇ ‘ਇੰਡੀਅਨ ਵਿਮੈਨਜ਼ ਐਸੋਸੀਏਸ਼ਨ’ ਦੇ ਝੰਡੇ ਹੇਠ ਲੋਕ ਭਲਾਈ ਦੇ ਅਨੇਕਾਂ ਸਾਰਥਕ ਕਾਰਜ ਕੀਤੇ ਹਨ, ਜਿਨ੍ਹਾਂ ਦੀ ਘਾਨਾਵਾਸੀ ਭਰਪੂਰ ਪ੍ਰਸ਼ੰਸਾ ਕਰਦੇ ਹਨ। ਪੰਜਾਬੀਆਂ ਨੇ ਇੱਥੇ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਇਲਾਜ ਤੇ ਜਾਗਰੂਕਤਾ ਸਬੰਧੀ ਯਤਨ ਕਰਨ, ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧਾਂ ਅਤੇ ਸਿੱਖਿਆ ਸੰਸਥਾਵਾਂ ਦੇ ਸੁਚੱਜੇ ਪ੍ਰਬੰਧਨ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਘਾਨਾਵਾਸੀਆਂ ਦੀ ਸਮੇਂ ਸਿਰ ਅਤੇ ਲੋੜੀਂਦੀ ਮਦਦ ਕੀਤੀ ਹੈ ਤੇ ਹੁਣ ਵੀ ਕਰਦੇ ਹਨ।
ਪੰਜਾਬੀਆਂ ਨੇ ਇੱਥੇ ਆ ਕੇ ਵੀ ਆਪਣਾ ਵਿਰਸਾ ਤੇ ਸੱਭਿਆਚਾਰ ਨਹੀਂ ਭੁਲਾਇਆ ਹੈ। ਸ੍ਰੀਮਤੀ ਸੁਰਿੰਦਰ ਕੌਰ ਚੀਮਾ ਇੱਥੇ ਵੱਸਣ ਵਾਲੀ ਇੱਕ ਅਜਿਹੀ ਸਤਿਕਾਰਤ ਹਸਤੀ ਹੈ, ਜਿਸਨੇ ਘਾਨਾ ਦੇ ਵੱਖ-ਵੱਖ ਖਿੱਤਿਆਂ ਵਿੱਚ ਰੈਸਟੋਰੈਂਟ ਅਤੇ ਢਾਬੇ ਖੋਲ੍ਹ ਕੇ ਘਾਨਾਵਾਸੀਆਂ ਨੂੰ ਪੰਜਾਬੀ ਖਾਣਿਆਂ ਦੇ ਦੀਵਾਨੇ ਬਣਾ ਲਿਆ ਹੈ। ਇੱਥੇ ਵੱਸਦੇ ਪੰਜਾਬੀਆਂ ਦੀ ਵਰਤਮਾਨ ਪੀੜ੍ਹੀ ਨੂੰ ਚੌਥੀ ਪੀੜ੍ਹੀ ਹੋਣ ਦਾ ਸ਼ਰਫ਼ ਹਾਸਿਲ ਹੈ। ਘਾਨਾ ਦੀ ਕੇਂਦਰ ਸਰਕਾਰ ਨੇ ਭਾਰਤ ਸਰਕਾਰ ਨਾਲ ਤੇ ਖ਼ਾਸ ਕਰਕੇ ਪੰਜਾਬ ਸਰਕਾਰ ਨਾਲ ਮਿਲ ਕੇ ਖੇਤੀਬਾੜੀ, ਵਪਾਰ ਅਤੇ ਨਿਰਯਾਤ ਵਧਾਉਣ ਦੇ ਨਿਰੰਤਰ ਯਤਨ ਕੀਤੇ ਹਨ ਤੇ ਉਸ ਵੱਲੋਂ ਦਿੱਤੀਆਂ ਜਾ ਰਹੀਆਂ ਵਪਾਰਕ ਰਿਆਇਤਾਂ ਅਤੇ ਸਸਤੀਆਂ ਜ਼ਮੀਨਾਂ ਦਾ ਨਤੀਜਾ ਇਹ ਹੈ ਕਿ ਕੁਝ ਨਵੇਂ ਪੰਜਾਬੀ ਕਿਸਾਨ ਅਤੇ ਕਾਰੋਬਾਰੀ ਵੀ ਘਾਨਾ ਦਾ ਰੁਖ਼ ਕਰ ਹੀ ਗਏ ਹਨ।
ਸਾਲ 2014 ਵਿੱਚ ਘਾਨਾ ਦੇ ਊਰਜਾ ਅਤੇ ਪੈਟਰੋਲੀਅਮ ਰਾਜ ਮੰਤਰੀ ਸ੍ਰੀ ਬੈਂਜਾਮਿਨ ਦਾਗਾੜੂ ਆਪਣਾ ਇੱਕ ਪ੍ਰਤੀਨਿਧੀ ਮੰਡਲ ਲੈ ਕੇ ਪੰਜਾਬ ਗਏ ਸਨ ਤੇ ਉਨ੍ਹਾਂ ਨੇ ਉਸ ਵੇਲੇ ਦੇ ਉਪ-ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਘਾਨਾ ਵਿਖੇ ਜਾ ਕੇ ਖੇਤੀਬਾੜੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਪ੍ਰਤੀ ਸ. ਬਾਦਲ ਨੇ ਹਾਂ-ਪੱਖੀ ਹੁੰਗਾਰਾ ਭਰਿਆ ਸੀ ਤੇ ਭਰੋਸਾ ਦੁਆਇਆ ਸੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ, ਵਿਗਿਆਨੀਆਂ ਅਤੇ ਪੰਜਾਬ ਸਰਕਾਰ ਦੇ ਅਫ਼ਸਰਾਂ ਦਾ ਇੱਕ ਵਫ਼ਦ ਘਾਨਾ ਵਿਖੇ ਜਾ ਕੇ ਪੰਜਾਬੀ ਕਿਸਾਨਾਂ ਨੂੰ ਵਸਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏਗਾ। ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਵਿੱਚ ਘਾਨਾ ਦੀ 20 ਤੋਂ 25 ਹਜ਼ਾਰ ਏਕੜ ਭੂਮੀ ਉੱਤੇ ਖੇਤੀਬਾੜੀ ਲਈ ਪੰਜਾਬ ਦੇ ਕਿਸਾਨਾਂ ਨੂੰ ਘਾਨਾ ਭੇਜਣ ਦਾ ਭਰੋਸਾ ਵੀ ਦੁਆਇਆ ਸੀ। ਉਂਜ ਪਹਿਲਾਂ ਦੱਸੇ ਅਨੁਸਾਰ ਘਾਨਾ ਅੰਦਰ ਵੱਸਦੇ ਪੰਜਾਬੀਆਂ ਦੀ ਕੁੱਲ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ ਹੈ, ਪਰ ਫਿਰ ਵੀ ਇਨ੍ਹਾਂ ਦੀ ਸੂਝ, ਸਬਰ, ਮਿਹਨਤ ਅਤੇ ਸੇਵਾ ਭਾਵਨਾ ਲਈ ਹਰੇਕ ਘਾਨਾਵਾਸੀ ਇਨ੍ਹਾਂ ਦੀ ਸਿਫ਼ਤ ਹੀ ਕਰਦਾ ਹੈ।
ਇੱਥੇ ਅਕਰਾ ਵਿਖੇ ਇੱਕ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ, ਜਿਸਦੇ ਮੁੱਖ ਸੇਵਾਦਾਰ ਸ. ਮੋਹਿੰਦਰਬੀਰ ਸਿੰਘ ਸਚਦੇਵਾ ਹਨ। ਇਸ ਗੁਰੂਘਰ ਵਿੱਚ ਐਤਵਾਰ ਦੇ ਦਿਨ 150 ਤੋਂ ਵੱਧ ਪੰਜਾਬੀ ਇਕੱਤਰ ਹੁੰਦੇ ਹਨ। ਕੁਮਾਸੀ ਵਿਖੇ ਵੀ ਇੱਕ ਗੁਰਦੁਆਰਾ ਸਾਹਿਬ ਮੌਜੂਦ ਹੋਣ ਬਾਰੇ ਵੀ ਜਾਣਕਾਰੀ ਮਿਲੀ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਘਾਨਾ ਦੇ ਵਸਨੀਕਾਂ ਦੀ ਖ਼ਾਸੀਅਤ ਹੈ ਕਿ ਉਹ ਗੁਰਬਾਣੀ ਨੂੰ ਅਤੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਖ਼ੂਬ ਸਤਿਕਾਰ ਵੀ ਦਿੰਦੇ ਹਨ। ਘਾਨਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਸਾਰੇ ਦੇ ਸਾਰੇ ਧਾਰਮਿਕ ਸਮਾਗਮ ਪੂਰਨ ਗੁਰ-ਮਰਿਆਦਾ ਸਹਿਤ ਕੀਤੇ ਜਾਂਦੇ ਹਨ। ਕਈ ਵਾਰ ਤਾਂ ਘਾਨਾ ਦੇ ਕੁਝ ਮੂਲ ਨਿਵਾਸੀਆਂ ਨੂੰ ਵੀ ਗੁਰਦੁਆਰਾ ਸਾਹਿਬ ਅੰਦਰ ਸਿੱਖ ਸੰਗਤਾਂ ਨਾਲ ਰਲ੍ਹ ਕੇ ਸ਼ਬਦ-ਗੁਰਬਾਣੀ ਗਾਇਨ ਕਰਦਿਆਂ ਵੇਖਿਆ ਗਿਆ ਹੈ। ਇਹ ਵੀ ਯਾਦ ਰੱਖਣਯੋਗ ਹੈ ਕਿ ਦੱਖਣੀ ਏਸ਼ੀਆ ਨਾਲ ਸਬੰਧਿਤ ਜਿੰਨੇ ਵੀ ਵਧੀਆ ਬੁਲਾਰੇ ਘਾਨਾ ਵਿਖੇ ਮੌਜੂਦ ਹਨ, ਉਨ੍ਹਾਂ ਵਿੱਚੋਂ ਪੰਜਾਬੀ ਸਿਰਕੱਢਵਾਂ ਸਥਾਨ ਰੱਖਦੇ ਹਨ। ਅੰਤ ਵਿੱਚ ਇਹ ਕਹਿਣਾ ਤਾਂ ਬਣਦਾ ਹੀ ਹੈ ਕਿ ਪੰਜਾਬੀਆਂ ਨੇ ਘਾਨਾਵਾਸੀਆਂ ਦੇ ਜੀਵਨ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਸੁਆਰਨ, ਸੁਧਾਰਨ ਅਤੇ ਤਰੱਕੀ ਦੇ ਰਾਹ ’ਤੇ ਤੋਰਨ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਘਾਨਾ ਦੀ ਖੇਤੀਬਾੜੀ, ਉਦਯੋਗਾਂ ਅਤੇ ਕਾਰੋਬਾਰ ਨੂੰ ਵਿਕਾਸ ਦੇ ਮਾਰਗ ’ਤੇ ਤੋਰਨ ਵਿੱਚ ਪੰਜਾਬੀਆਂ ਦੇ ਵਿਲੱਖਣ ਯੋਗਦਾਨ ਲਈ ਸਮੂਹ ਘਾਨਾਵਾਸੀ ਆਪਣੇ ਆਪ ਨੂੰ ਪੰਜਾਬੀਆਂ ਦੇ ਸ਼ੁਕਰਗੁਜ਼ਾਰ ਤੇ ਰਿਣੀ ਮਹਿਸੂਸ ਕਰਦੇ ਹਨ।
